ਡਾæ ਗੁਰਨਾਮ ਕੌਰ, ਕੈਨੇਡਾ
ਪਿਆਰੇ ਖਾਲਸਾ ਜੀ ਖ਼ਬਰਦਾਰ ਹੋ ਜਾਓ,
ਏਹ ਫਰੰਗੀ ਨਾ ਕਿਸੇ ਦਾ ਯਾਰ ਹੋਸੀ।
ਇਹ ਕਾਵਿ ਸਤਰ ਗਿਆਨੀ ਭਗਵਾਨ ਸਿੰਘ ਦੀ ‘ਗ਼ਦਰੀ ਗੂੰਜਾਂ’ ਵਿਚ ਛਪੀ ਕਵਿਤਾ ‘ਬੈਂਤ: ਕਦੋਂ ਉਠਾਂਗੇ’ ਵਿਚੋਂ ਹੈ। ਗਿਆਨੀ ਭਗਵਾਨ ਸਿੰਘ ਦਾ ਜ਼ਿਕਰ ਪਿਛਲੇ ਲੇਖਾਂ ਵਿਚ ਹੋ ਚੁੱਕਾ ਹੈ। ਜਿਸ ਢੰਗ ਨਾਲ ਗ਼ਦਰੀ ਸਿੰਘ ਕੈਨੇਡਾ-ਅਮਰੀਕਾ ਵਿਚ ਰਹਿ ਰਹੇ ਭਾਈਚਾਰੇ ਨੂੰ ਮੁਲਕ ਦੀ ਆਜ਼ਾਦੀ ਵਾਸਤੇ ਤਿਆਰ ਕਰ ਰਹੇ ਸਨ, ਉਸ ਵੱਲ ਵਿਸ਼ੇਸ਼ ਧਿਆਨ ਦੇਣਾ ਬਣਦਾ ਹੈ। ਮੁਲਕ ਦੀ ਆਜ਼ਾਦੀ ਲਈ ਪ੍ਰਚਾਰ ਦਾ ਕੇਂਦਰ ਗੁਰਦੁਆਰੇ ਸਨ ਜਿਥੇ ਹਿੰਦੂ, ਸਿੱਖ, ਮੁਸਲਮਾਨ ਸਾਰੇ ਧਰਮਾਂ ਦੇ ਹਿੰਦੁਸਤਾਨੀ ਇਕੱਠੇ ਰਲ ਬੈਠਦੇ। ਸੋਹਣ ਸਿੰਘ ਪੂੰਨੀ ਨੇ ਬੜੀ ਮਿਹਨਤ ਨਾਲ ਵੱਖ ਵੱਖ ਇਤਿਹਾਸਕ ਸੋਮਿਆਂ ਦੇ ਆਧਾਰ ਉਤੇ ਕੈਨੇਡਾ ਨਾਲ ਸਬੰਧਤ ਗ਼ਦਰੀਆਂ ਦੇ ਜੀਵਨ ‘ਤੇ ਚਾਨਣਾ ਪਾਇਆ ਹੈ। ਸਿੱਖ-ਸਿਧਾਂਤਾਂ ਵਿਚਲੇ ਆਦਰਸ਼ ਦੀ ਪ੍ਰਾਪਤੀ ਲਈ ਜੂਝਣ ਅਤੇ ਮਰ-ਮਿਟਣ ਦੇ ਜਜ਼ਬੇ ਤਹਿਤ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਫਰੰਗੀ ਦੀ ਗ਼ੁਲਾਮੀ ਦੀਆਂ ਜੰਜ਼ੀਰਾਂ ਕੱਟਣ ਲਈ ਪ੍ਰੇਰਿਆ। ਗ਼ਦਰੀ ਸ਼ੇਰ ‘ਸ਼ਹੀਦ ਭਾਈ ਭਾਗ ਸਿੰਘ’ ਦਾ ਜ਼ਿਕਰ ਕਰਦਿਆਂ ਸੋਹਣ ਸਿੰਘ ਪੂੰਨੀ ਨੇ ਲਿਖਿਆ ਹੈ ਕਿ ਕੈਨੇਡਾ ਆ ਕੇ ਵੱਸਣ ਵਾਲੇ ਹਿੰਦੁਸਤਾਨੀ ਆਵਾਸੀਆਂ ਵਿਚ ਬਹੁਤੀ ਗਿਣਤੀ ਪੰਜਾਬ ਦੇ ਸਿੱਧੇ-ਸਾਦੇ ਸਿੱਖਾਂ ਦੀ ਸੀ ਜੋ ਖੇਤੀ-ਬਾੜੀ ਦਾ ਧੰਦਾ ਕਰਦੇ ਜਾਂ ਅੰਗਰੇਜ਼ਾਂ ਦੀ ਫੌਜ ਵਿਚ ਨੌਕਰੀ ਕਰਦੇ ਆਏ ਸਨ। ਕੈਨੇਡਾ ਵਿਚ ਵੱਸ ਜਾਣ ਤੋਂ ਪਹਿਲਾਂ ਉਨ੍ਹਾਂ ਵਿਚ ਕੋਈ ਰਾਜਸੀ ਚੇਤੰਨਤਾ ਵੀ ਨਹੀਂ ਸੀ। ਇਥੇ ਆ ਕੇ ਜਦੋਂ ਉਨ੍ਹਾਂ ਨੂੰ ਆਪਣੇ ਨਾਲ ਹੁੰਦੇ ਵਿਤਕਰਿਆਂ ਦਾ ਸਾਹਮਣਾ ਕਰਨਾ ਪਿਆ ਤਾਂ ਉਨ੍ਹਾਂ ਅੰਦਰ ਆਪਣੇ ਮੁਲਕ ਦੇ ਅੰਗਰੇਜ਼ਾਂ ਦਾ ਗ਼ੁਲਾਮ ਹੋਣ ਦਾ ਅਹਿਸਾਸ ਜਾਗਿਆ ਅਤੇ ਉਹ ਆਪਣੇ ਧਾਰਮਿਕ ਅਤੇ ਪ੍ਰਾਂਤਕ ਵਖਰੇਵਿਆਂ ਹਿੰਦੂ, ਸਿੱਖ, ਮੁਸਲਮਾਨ ਜਾਂ ਪੰਜਾਬੀ, ਬੰਗਾਲੀ, ਗੁਜਰਾਤੀ ਆਦਿ ਹੋਣ ਨੂੰ ਭੁਲਾ ਕੇ ਸਿਰਫ ਤੇ ਸਿਰਫ ਆਪਣੇ ਆਪ ਨੂੰ ਹਿੰਦੁਸਤਾਨੀ ਸਮਝਣ ਲੱਗੇ।
ਇਸ ਚੇਤਨਾ ਨੇ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਘੋਲ ਕਰਨਾ ਸਿਖਾਇਆ ਅਤੇ ਉਨ੍ਹਾਂ ਅੰਦਰ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਹਥਿਆਰਬੰਦ ਸੰਘਰਸ਼ ਕਰਨ ਦੀ ਪ੍ਰੇਰਨਾ ਪੈਦਾ ਕੀਤੀ। ਸੋਹਣ ਸਿੰਘ ਪੂੰਨੀ ਨੇ ਲਿਖਿਆ ਹੈ, “ਕਨੇਡਾ ਦੇ ਸਿੱਖਾਂ ਨੂੰ ਰਾਜਨੀਤਕ ਤੌਰ ‘ਤੇ ਜਾਗ੍ਰਿਤ ਕਰਨ ਅਤੇ ਉਨ੍ਹਾਂ ਨੂੰ ਦੇਸ਼ ਦੀ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਦੇ ਰਾਹ ਪਾਉਣ ਵਿਚ ਜਿਨ੍ਹਾਂ ਲੀਡਰਾਂ ਨੇ ਰੋਲ ਨਿਭਾਇਆ ਸੀ, ਉਨ੍ਹਾਂ ਵਿਚ ਭਾਈ ਭਾਗ ਸਿੰਘ ਦਾ ਨਾਂ ਸਭ ਤੋਂ ਉਪਰਲੀ ਕਤਾਰ ਵਿਚ ਆਉਂਦਾ ਹੈ। ਭਾਈ ਭਾਗ ਸਿੰਘ ਦਾ ਜਨਮ 1872 ਈæ ਵਿਚ ਲਾਹੌਰ ਜ਼ਿਲ੍ਹੇ (ਹੁਣ ਤਰਨਤਾਰਨ) ਦੇ ਪਿੰਡ ਭਿੱਖੀਵਿੰਡ ਵਿਚ ਹੋਇਆ ਸੀ। ਭਾਈ ਭਾਗ ਸਿੰਘ ਦੇ ਬਾਪ ਦਾ ਨਾਂ ਨਰਾਇਣ ਸਿੰਘ ਸੰਧੂ ਅਤੇ ਮਾਂ ਦਾ ਮਾਨ ਕੌਰ ਸੀ।” (ਪੰਨਾ 24) ਕੈਨੇਡਾ ਆਉਣ ਵਾਲੇ ਬਹੁਤੇ ਪੰਜਾਬੀਆਂ ਦੀ ਤਰ੍ਹਾਂ ਭਾਈ ਭਾਗ ਸਿੰਘ ਵੀ ਖੇਤੀ ਕਰਨ ਵਾਲੇ ਪਰਿਵਾਰ ਵਿਚੋਂ ਅਤੇ ਸਾਬਕਾ ਫੌਜੀ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਲਈ ਯੁੱਧ ਕੀਤੇ। ਵੀਹ ਸਾਲ ਦੀ ਉਮਰ ਤੱਕ ਖੇਤੀ ਦਾ ਕਿੱਤਾ ਕਰਦਿਆਂ ਪੰਜਾਬੀ ਵੀ ਪੜ੍ਹਨੀ-ਲਿਖਣੀ ਸਿੱਖੀ ਅਤੇ ਪਿੱਛੋਂ ਫੌਜ ਵਿਚ ਭਰਤੀ ਹੋ ਕੇ ਪੰਜ ਸਾਲ ਤੱਕ ਫੌਜ ਦੀ ਨੌਕਰੀ ਕੀਤੀ। ਇਸ ਪਿੱਛੋਂ ਹਾਂਗਕਾਂਗ ਜਾ ਕੇ ਡੇਢ ਕੁ ਸਾਲ ਪੁਲਿਸ ਦੀ ਨੌਕਰੀ ਕੀਤੀ ਅਤੇ ਚੀਨ ਦੇ ਸ਼ਹਿਰ ਸ਼ੰਘਾਈ ਵਿਚ ਢਾਈ ਸਾਲ ਤੱਕ ਮਿਉਂਸਪਲ ਪੁਲਿਸ ਦੀ ਨੌਕਰੀ ਕੀਤੀ। ਸੰਨ 1906 ਵਿਚ ਕੈਨੇਡਾ ਦਾ ਰਸਤਾ ਫੜ ਲਿਆ ਜਿਸ ਦੌਰਾਨ ਜਪਾਨ ਦੀ ਬੰਦਰਗਾਹ ਕੋਬੇ ‘ਤੇ ਇਨ੍ਹਾਂ ਦਾ ਮੇਲ ਭਾਈ ਸੁੰਦਰ ਸਿੰਘ (ਵਰਿਆਮ ਸਿੰਘ) ਨਾਲ ਹੋਇਆ ਜਿਨ੍ਹਾਂ ਦੀ ਸੰਗਤ ਸਦਕਾ ਸ਼ਰਾਬ ਪੀਣੀ ਛੱਡ ਦਿੱਤੀ ਅਤੇ ਦੇਸ਼-ਕੌਮ ਲਈ ਕੁੱਝ ਕਰਨ ਅਤੇ ਮਰਨ ਦਾ ਜਜ਼ਬਾ ਪੈਦਾ ਹੋਇਆ।
ਉਦੋਂ ਕੈਨੇਡਾ ਆਉਣ ਵਾਲੇ ਹਿੰਦੁਸਤਾਨੀਆਂ ਦੇ ਮਨਾਂ ਅੰਦਰ ਇੱਕ ਖਿਆਲ ਸਮਾਇਆ ਹੋਇਆ ਸੀ ਕਿ ਅੰਗਰੇਜ਼ ਹਕੂਮਤ ਦੀ ਸਲਤਨਤ ਹੋਣ ਦੇ ਨਾਤੇ ਅੰਗਰੇਜ਼ਾਂ ਦੀਆਂ ਸਾਰੀਆਂ ਕਲੋਨੀਆਂ ਵਿਚ ਉਨ੍ਹਾਂ ਨੂੰ ਵੀ ਬਰਾਬਰ ਦਾ ਅਧਿਕਾਰ ਪ੍ਰਾਪਤ ਹੈ ਪਰ ਕੈਨੇਡਾ ਆ ਕੇ ਜਦੋਂ ਕੈਨੇਡਾ ਸਰਕਾਰ ਵੱਲੋਂ ਕੀਤੇ ਜਾਂਦੇ ਵਿਤਕਰਿਆਂ ਦਾ ਸਾਹਮਣਾ ਕਰਨਾ ਪਿਆ ਅਤੇ ਗੋਰਿਆਂ ਹੱਥੋਂ ਵੈਨਕੂਵਰ ਦੀਆਂ ਸੜਕਾਂ ‘ਤੇ ਤੁਰਦਿਆਂ ਬੇਇਜ਼ਤੀ ਸਹਿਣੀ ਪਈ ਤਾਂ ਉਨ੍ਹਾਂ ਨੂੰ ਹਿੰਦੁਸਤਾਨ ਦੀ ਗ਼ੁਲਾਮੀ ਦਾ ਅਹਿਸਾਸ ਹੋਇਆ। ਕੈਨੇਡਾ ਵਿਚ ਤਿੰਨ ਸਾਲ ਰਹਿਣ ਤੋਂ ਬਾਅਦ ਹਿੰਦੁਸਤਾਨੀ ਨੂੰ ਵੋਟ ਦਾ ਅਧਿਕਾਰ ਮਿਲ ਜਾਂਦਾ ਸੀ ਪਰ ਬ੍ਰਿਟਿਸ਼ ਕੋਲੰਬੀਆ ਦੀ ਕੰਜ਼ਰਵੇਟਿਵ ਸਰਕਾਰ ਨੇ 1907 ਵਿਚ ਇੱਕ ਬਿਲ ਪਾਸ ਕਰਕੇ ਉਨ੍ਹਾਂ ਕੋਲੋਂ ਵੋਟ ਦਾ ਹੱਕ ਖੋਹ ਲਿਆ। ਕੁੱਟ-ਮਾਰ ਅਤੇ ਨਸਲੀ ਦੰਗਿਆਂ ਦਾ ਵੀ ਸਾਹਮਣਾ ਕਰਨਾ ਪਿਆ। ਭਾਈ ਭਾਗ ਸਿੰਘ ਅੰਦਰ ਰਾਜਨੀਤਕ ਜਾਗ੍ਰਤੀ ਪੈਦਾ ਕਰਨ ਦਾ ਸਬੱਬ ਬੰਗਾਲੀ ਇਨਕਲਾਬੀ ਬਾਬੂ ਤਾਰਕ ਨਾਥ ਦਾਸ ਅਤੇ ਜੀæਡੀæ ਕੁਮਾਰ ਨਾਲ ਮੇਲ ਬਣਿਆ। ਇਨ੍ਹਾਂ ਸਾਰੇ ਦੇਸ਼ ਭਗਤਾਂ ਅੰਦਰ ਇਹ ਵਿਚਾਰ ਚੰਗੀ ਤਰ੍ਹਾਂ ਘਰ ਕਰ ਗਿਆ ਕਿ ਹਿੰਦੁਸਤਾਨ ਨੂੰ ਆਜ਼ਾਦ ਹਥਿਆਰਬੰਦ ਸੰਘਰਸ਼ ਰਾਹੀਂ ਹੀ ਕਰਾਇਆ ਜਾ ਸਕਦਾ ਹੈ।
ਭਾਈ ਭਾਗ ਸਿੰਘ ਨੇ ਪਹਿਲ-ਕਦਮੀ ਕਰਦਿਆਂ ਕੈਨੇਡਾ ਦੇ ਸਿੱਖ ਆਵਾਸੀਆਂ ਨੂੰ ਇਸ ਸੰਘਰਸ਼ ਲਈ ਤਿਆਰ ਕਰਨ ਵਾਸਤੇ ਜਾਗ੍ਰਿਤ ਕਰਨ ਲਈ ਪ੍ਰਚਾਰ ਸ਼ੁਰੂ ਕਰ ਦਿੱਤਾ। ਉਨ੍ਹਾਂ ਆਪਣੇ ਸਾਥੀਆਂ ਨਾਲ ਮਿਲ ਕੇ ਉਤਰੀ ਅਮਰੀਕਾ ਦੇ ਸਭ ਤੋਂ ਪਹਿਲੇ ਗੁਰਦੁਆਰੇ ਦੀ ਉਸਾਰੀ ਵੈਨਕੂਵਰ ਵਿਚ ਕੀਤੀ ਅਤੇ 1908 ਵਿਚ ਖੁਲ੍ਹਣ ਵਾਲਾ ਇਹ ਗੁਰਦੁਆਰਾ ਧਾਰਮਿਕ ਸਥਾਨ ਹੋਣ ਦੇ ਨਾਲ ਨਾਲ ਹਿੰਦੁਸਤਾਨੀਆਂ ਦੀਆਂ ਸਮਾਜਿਕ ਅਤੇ ਰਾਜਨੀਤਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ। ਇਥੇ ਹਿੰਦੁਸਤਾਨੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਕੀਤੀ ਜਾਂਦੀ ਅਤੇ ਰਾਜਨੀਤਕ ਮੀਟਿੰਗਾਂ ਹੁੰਦੀਆਂ ਜਿਸ ਵਿਚ ਸਾਰੇ ਹਿੰਦੁਸਤਾਨੀ-ਪੰਜਾਬੀ, ਬੰਗਾਲੀ ਅਤੇ ਗੁਜਰਾਤੀ ਆਦਿ ਇਕੱਠੇ ਹੁੰਦੇ। ਸਿੱਖ ਭਾਈਚਾਰਾ ਦੋ ਧੜਿਆਂ-ਕੇਸਾਧਾਰੀ ਅਤੇ ਮੋਨੇ ਸਿੱਖਾਂ ਵਿਚ ਵੰਡਿਆ ਹੋਇਆ ਸੀ। ਭਾਈ ਭਾਗ ਸਿੰਘ ਨੇ ਆਪ 28 ਜੂਨ 1908 ਨੂੰ ਵੈਨਕੂਵਰ ਦੇ ਗੁਰਦੁਆਰੇ ਵਿਚ ਅੰਮ੍ਰਿਤ ਛਕਿਆ ਪਰ ਉਨ੍ਹਾਂ ਨੇ ਦੋਹਾਂ ਧੜਿਆਂ ਵਿਚ ਏਕਾ ਕਰਾਇਆ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣੇ ਗਿਲੇ-ਸ਼ਿਕਵੇ ਮਿਟਾ ਕੇ ਇੱਕ ਹੋ ਕੇ ਚੱਲਣ ਦੀ ਪ੍ਰੇਰਨਾ ਕੀਤੀ। ਇਹੀ ਕਾਰਨ ਸੀ ਕਿ ਬਾਬੂ ਹਰਨਾਮ ਸਿੰਘ ਸਾਹਰੀ ਵਰਗੇ ਮੋਨੇ ਸਿੱਖਾਂ ਨਾਲ ਭਾਈ ਭਾਗ ਸਿੰਘ, ਭਾਈ ਮੇਵਾ ਸਿੰਘ ਅਤੇ ਭਾਈ ਬਲਵੰਤ ਸਿੰਘ ਵਰਗੇ ਅੰਮ੍ਰਿਤਧਾਰੀ ਸਿੱਖਾਂ ਦੀ ਬਹੁਤ ਨੇੜਤਾ ਸੀ। ਵੈਨਕੂਵਰ ਵਿਚ ਗੁਰਦੁਆਰਾ ਬਣਾਉਣ ਲਈ ਕਮੇਟੀ 22 ਜੁਲਾਈ 1906 ਨੂੰ ਬਣਾਈ ਗਈ ਸੀ ਅਤੇ ਸਿੱਖਾਂ ਦੀ ਇਹ ਧਾਰਮਿਕ ਜਥੇਬੰਦੀ ‘ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ’ ਦੇ ਨਾਂ ਥੱਲੇ 13 ਮਾਰਚ 1909 ਨੂੰ ਰਜਿਸਟਰ ਕਰਵਾਈ ਗਈ। ਭਾਈ ਭਾਗ ਸਿੰਘ ਪਹਿਲਾਂ ਮੁੱਖ ਸਕੱਤਰ ਅਤੇ ਫਿਰ ਖਜ਼ਾਨਚੀ ਬਣੇ ਅਤੇ 1910 ਤੋਂ ਬਾਅਦ ਪ੍ਰਧਾਨ ਰਹੇ। ਭਾਈ ਭਾਗ ਸਿੰਘ ਇੱਕ ਸੱਚੇ-ਸੁੱਚੇ ਗੁਰਸਿੱਖ ਹੋਣ ਨਾਤੇ ਕਿਰਤ ਕਰਨਾ, ਵੰਡ ਛਕਣਾ, ਸਰਬੱਤ ਦਾ ਭਲਾ ਮੰਗਣ ਅਤੇ ਸਮਾਜਿਕ ਬਰਾਬਰੀ ਤੇ ਸਾਂਝੀਵਾਲਤਾ ਦੇ ਅਸੂਲਾਂ ਨੂੰ ਪ੍ਰਣਾਏ ਹੋਏ ਸਨ। ਉਨ੍ਹਾਂ ਨੂੰ ਸੋਸ਼ਲਿਸਟ ਫਿਲਾਸਫੀ ਵਿਚ ਵੀ ਅਜਿਹੇ ਹੀ ਅਸੂਲ ਨਜ਼ਰ ਆਏ ਜਿਸ ਕਰਕੇ ਉਹ ਸੋਸ਼ਲਿਸਟ ਵਿਚਾਰਧਾਰਾ ਵਾਲੀ ‘ਹਿੰਦੁਸਤਾਨ ਐਸੋਸੀਏਸ਼ਨ’ ਦੇ ਵੀ ਪ੍ਰਧਾਨ ਰਹੇ। ਸੰਨ 1911 ਵਿਚ ‘ਹਿੰਦੁਸਤਾਨ ਐਸੋਸੀਏਸ਼ਨ’ ਟੁੱਟ ਗਈ ਜਿਸ ਤੋਂ ਬਾਅਦ ਹੁਸੈਨ ਰਹੀਮ ਨੇ ‘ਯੂਨਾਈਟਡ ਇੰਡੀਆ ਲੀਗ’ ਬਣਾ ਲਈ ਅਤੇ ਭਾਈ ਭਾਗ ਸਿੰਘ ਇਸ ਦੀ ਐਗਜ਼ੈਕਟਿਵ ਦੇ ਪ੍ਰਮੁੱਖ ਮੈਂਬਰ ਬਣ ਗਏ। (ਸੋਮਾ: ਸੋਹਣ ਸਿੰਘ ਪੂੰਨੀ-ਕਨੇਡਾ ਦੇ ਗਦਰੀ ਯੋਧੇ)
ਇੱਕ ਪਾਸੇ ਕੈਨੇਡਾ ਸਰਕਾਰ ਨੇ ਹਿੰਦੁਸਤਾਨੀ ਆਵਾਸੀਆਂ ਕੋਲੋਂ ਵੋਟ ਦਾ ਹੱਕ ਖੋਹ ਲਿਆ ਅਤੇ ਹਿੰਦੁਸਤਾਨੀਆਂ ਦਾ ਦਾਖਲਾ ਰੋਕਣ ਲਈ 1908 ਵਿਚ ਕਾਨੂੰਨ ਪਾਸ ਕਰ ਕਰਕੇ ਇਮੀਗਰੇਸ਼ਨ ਲਈ ‘ਸਿੱਧਾ ਸਫ਼ਰ’ ਅਤੇ ‘ਜੇਬ ਵਿਚ ਦੋ ਸੌ ਡਾਲਰ’ ਦੀ ਸ਼ਰਤ ਰੱਖ ਦਿੱਤੀ ਜਦ ਕਿ ਉਦੋਂ ਹਿੰਦੁਸਤਾਨ ਤੋਂ ਕੋਈ ਵੀ ਜਹਾਜ਼ ਸਿੱਧਾ ਕੈਨੇਡਾ ਨਹੀਂ ਸੀ ਆਉਂਦਾ। ਦੂਜੇ ਪਾਸੇ ਸਰਕਾਰ ਨੇ ਸੰਨ 1908 ਵਿਚ ਕੈਨੇਡਾ ਰਹਿੰਦੇ ਸਾਰੇ ਹਿੰਦੁਸਤਾਨੀਆਂ ਨੂੰ ਇਥੋਂ ਕੱਢਣ ਲਈ ਸੈਂਟਰਲ ਅਮਰੀਕਾ ਦੀ ਬ੍ਰਿਟਿਸ਼ ਕਾਲੋਨੀ ਹਾਂਡੂਰਾਸ ਵਿਚ ਵਸਾਉਣ ਦੀ ਸਕੀਮ ਬਣਾਈ ਅਤੇ ਹਿੰਦੁਸਤਾਨੀ ਅਵਾਸੀਆਂ ਉਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਸੰਤ ਤੇਜਾ ਸਿੰਘ ਅਤੇ ਕਮਿਊਨਿਟੀ ਦੇ ਦੂਸਰੇ ਮੈਂਬਰਾਂ ਨੇ ਰਲ ਕੇ ਸਭ ਦੀ ਅਗਵਾਈ ਕੀਤੀ ਅਤੇ ਇਸ ਤਜ਼ਵੀਜ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਹਿੰਦੁਸਤਾਨੀਆਂ ਨੂੰ ਕੈਨੇਡਾ ਤੋਂ ਉਜੜਨ ਤੋਂ ਬਚਾ ਲਿਆ।
ਜਿਵੇਂ ਪਹਿਲਾਂ ਵੀ ਜ਼ਿਕਰ ਹੋ ਚੁੱਕਾ ਹੈ ਕਿ ਕੈਨੇਡਾ-ਅਮਰੀਕਾ ਆਉਣ ਵਾਲੇ ਹਿੰਦੁਸਤਾਨੀਆਂ ਵਿਚ ਬਹੁ-ਗਿਣਤੀ ਸਾਬਕਾ ਫੌਜੀ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਲਈ ਲੜਾਈਆਂ ਕੀਤੀਆਂ ਅਤੇ ਸਨਮਾਨ ਪ੍ਰਾਪਤ ਕੀਤੇ। ਇਹ ਫੌਜੀ ਆਪਣੀਆਂ ਵਰਦੀਆਂ ਪਾ ਕੇ ਅਤੇ ਮੈਡਲ ਸਜਾ ਕੇ ਵੈਨਕੂਵਰ ਦੀਆਂ ਸੜਕਾਂ ‘ਤੇ ਨਿਕਲਦੇ। ਭਾਈ ਭਾਗ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਪ੍ਰਚਾਰ ਸਦਕਾ ਇਨ੍ਹਾਂ ਫੌਜੀਆਂ ਅੰਦਰ ਨਵੀਂ ਚੇਤਨਾ ਦਾ ਪ੍ਰਵਾਹ ਚੱਲਿਆ ਅਤੇ ਇਹ ਅਹਿਸਾਸ ਜਾਗਿਆ ਕਿ ਉਨ੍ਹਾਂ ਨੇ ਅੰਗਰੇਜ਼ਾਂ ਦੀ ਦੂਸਰੀਆਂ ਕੌਮਾਂ ਨੂੰ ਗ਼ੁਲਾਮ ਬਣਾਉਣ ਵਿਚ ਮਦਦ ਕੀਤੀ ਹੈ। 3 ਅਕਤੂਬਰ 1909 ਨੂੰ ਵੈਨਕੂਵਰ ਦੇ ਗੁਰਦੁਆਰੇ ਵਿਚ ਇੱਕ ਅਨੋਖੀ ਘਟਨਾ ਵਾਪਰੀ। ਭਾਈ ਨੱਥਾ ਸਿੰਘ ਬਿਲਗਾ ਜੋ ਕਿ ਭਾਈ ਭਾਗ ਸਿੰਘ ਦਾ ਦੋਸਤ ਅਤੇ ‘ਹਿੰਦੁਸਤਾਨ ਐਸੋਸੀਏਸ਼ਨ’ ਦਾ ਸਰਗਰਮ ਮੈਂਬਰ ਸੀ, ਨੇ ਸੰਗਤ ਵਿਚ ਖੜ੍ਹੇ ਹੋ ਕੇ ਹਿੰਦੁਸਤਾਨੀਆਂ ਨੁੰ ਉਨ੍ਹਾਂ ਦੀ ਦੁਰਦਸ਼ਾ ਅਤੇ ਗੁਲਾਮੀ ਦਾ ਅਹਿਸਾਸ ਕਰਾਉਣ ਵਾਲਾ ਭਾਵਪੂਰਤ ਵਿਖਿਆਨ ਦਿੱਤਾ। ਇਸ ਤੋਂ ਪ੍ਰਭਾਵਤ ਹੋ ਕੇ ਭਾਈ ਭਾਗ ਸਿੰਘ ਸਮੇਤ ਬਹੁਤ ਸਾਰੇ ਫੌਜੀਆਂ ਨੇ ਆਪਣੀਆਂ ਵਰਦੀਆਂ ਅਤੇ ਆਨਰੇਬਲ ਡਿਸਚਾਰਜ ਸਰਟੀਫਿਕੇਟਾਂ ਤੇ ਮੈਡਲਾਂ ਨੂੰ ਅੱਗ ਲਾ ਦਿੱਤੀ। ਦੂਜੀ ਮਹੱਤਵਪੂਰਨ ਘਟਨਾ ਸਤੰਬਰ 1912 ਦੀ ਹੈ ਜਦੋਂ ਬਰਤਾਨੀਆ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਜਸ਼ਨ ਮਨਾਏ ਜਾ ਰਹੇ ਸਨ। ਕੈਨੇਡਾ ਦਾ ਗਵਰਨਰ ਜਨਰਲ ਬ੍ਰਿਟਿਸ਼ ਕੋਲੰਬੀਆ ਦੇ ਦੌਰੇ ਉਤੇ ਸੀ ਅਤੇ ਵੈਨਕੂਵਰ ਦੇ 19 ਸਤੰਬਰ ਵਾਲੇ ਜਸ਼ਨ ਦਾ ਉਹ ਮੁੱਖ ਮਹਿਮਾਨ ਸੀ। ਇਸ ਸਮਾਰੋਹ ਦੀ ਫੌਜੀ ਪਰੇਡ ਵਿਚ ਸ਼ਾਮਲ ਹੋਣ ਲਈ ਵੈਨਕੂਵਰ ਦੇ ਮੇਅਰ ਨੇ ਸਾਬਕਾ ਸਿੱਖ ਫੌਜੀਆਂ ਨੂੰ ਸਮੇਤ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਦੇ, ਸੱਦਾ ਦਿੱਤਾ। ਭਾਈ ਭਾਗ ਸਿੰਘ ਨੇ ਸੁਸਾਇਟੀ ਦੇ ਮੈਂਬਰਾਂ ਦੀ ਸਲਾਹ ਨਾਲ ਨਾ ਸਿਰਫ ਇਹ ਸੱਦਾ-ਪੱਤਰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਸਗੋਂ ਵੈਨਕੂਵਰ ਦੇ ਮੇਅਰ ਨੂੰ ਲਿਖਤੀ ਜੁਆਬ ਦਿੱਤਾ ਕਿ ਬ੍ਰਿਟਿਸ਼ ਇੰਡੀਆ ਆਰਮੀ ਦੇ ਸਾਬਕਾ ਫੌਜੀ ਇਸ ਸਵਾਗਤੀ ਸਮਾਰੋਹ ਅਤੇ ਪਰੇਡ ਵਿਚ, “ਬਹੁਤ ਸਾਰੇ ਉਨ੍ਹਾਂ ਕਾਰਨਾਂ ਕਰਕੇ ਸ਼ਾਮਲ ਨਹੀਂ ਹੋ ਸਕਦੇ, ਜਿਨ੍ਹਾਂ ਨੂੰ ਸ਼ਹਿਰ ਦੇ ਸਰਕਾਰੀ ਅਫਸਰ ਅਤੇ ਇਮੀਗਰੇਸ਼ਨ ਮਹਿਕਮੇ ਵਾਲੇ ਪਹਿਲਾਂ ਹੀ ਜਾਣਦੇ ਹਨ।” (ਸੋਮਾ: ਸੋਹਣ ਸਿੰਘ ਪੂੰਨੀ- ਕਨੇਡਾ ਦੇ ਗਦਰੀ ਯੋਧੇ)
ਕੈਨੇਡਾ ਵਿਚ ਉਸ ਵੇਲੇ ਹਿੰਦੁਸਤਾਨੀ ਭਾਈਚਾਰੇ ਦੇ ਤਿੰਨ ਧੜੇ ਸਰਗਰਮ ਸਨ। ਨਰਮ ਧੜੇ ਦੇ ਸਿੱਖ ਡੈਪੂਟੇਸ਼ਨਾਂ, ਅਰਜ਼ੀਆਂ/ਅਪੀਲਾਂ ਵਿਚ ਯਕੀਨ ਰੱਖਦੇ ਸਨ ਅਤੇ ਇਨ੍ਹਾਂ ਦੀ ਅਗਵਾਈ ਸੰਤ ਤੇਜਾ ਸਿੰਘ, ਡਾæ ਸੁੰਦਰ ਸਿੰਘ, ਕਰਤਾਰ ਸਿੰਘ ਹੁੰਦਲ ਅਤੇ ਬਾਬੂ ਕਪੂਰ ਸਿੰਘ ਖੜੌਦੀ ਕਰ ਰਹੇ ਸਨ। ਦੂਸਰਾ ਧੜਾ ਗਰਮ ਖਿਆਲੀਆਂ ਦਾ ਸੀ ਜਿਹੜੇ ‘ਖਾਲਸਾ ਦੀਵਾਨ ਸੁਸਾਇਟੀ’ ਅਤੇ ‘ਯੂਨਾਈਟਡ ਇੰਡੀਆ ਲੀਗ’ ਦੇ ਮੈਂਬਰ ਸਨ ਅਤੇ ਸਮਝਦੇ ਸਨ ਕਿ ਹਿੰਦੁਸਤਾਨੀਆਂ ਦੀਆਂ ਸਮੱਸਿਆਵਾਂ ਦਾ ਅਸਲ ਕਾਰਨ ਗੁਲਾਮੀ ਹੈ ਅਤੇ ਹਥਿਆਰਬੰਦ ਸੰਘਰਸ਼ ਨੂੰ ਹਿੰਦੁਸਤਾਨ ਦੀ ਆਜ਼ਾਦੀ ਦਾ ਰਸਤਾ ਮੰਨਦੇ ਸਨ। ਭਾਈ ਭਾਗ ਸਿੰਘ ਇਸ ਧੜੇ ਦੇ ਮੈਂਬਰ ਸਨ। ਤੀਸਰਾ ਧੜਾ ਅੰਗਰੇਜ਼-ਪਿੱਠੂਆਂ ਦਾ ਸੀ ਜਿਸ ਦੀ ਅਗਵਾਈ ਵਿਲੀਅਮ ਹਾਪਕਿਨਸਨ ਕਰਦਾ ਸੀ ਜੋ ਕਲਕੱਤਾ ਪੁਲਿਸ ਦੀ ਨੌਕਰੀ ਕਰਦਾ ਸੀ (ਹਾਪਕਿਨਸਨ ਦਾ ਜ਼ਿਕਰ ਪਹਿਲਾਂ ਵੀ ਹੋ ਚੁੱਕਾ ਹੈ)। ਇਸ ਧੜੇ ਵਿਚ ਬੇਲਾ ਸਿੰਘ ਜਿਆਣ, ਗੰਗਾ ਰਾਮ ਬਾੜੀਆਂ (ਸਹੋਤਾ ਜੱਟ) ਅਤੇ ਬਾਬੂ ਸਿੰਘ ਲਿੱਤਰਾਂ ਵਰਗੇ ਹਿੰਦੁਸਤਾਨੀ ਸਨ।
ਸ਼ ਜਗਜੀਤ ਸਿੰਘ ਨੇ ਵੀ ਜ਼ਿਕਰ ਕੀਤਾ ਹੈ ਕਿ ‘ਗ਼ਦਰ ਲਹਿਰ’ ਤਾਂ ‘ਗ਼ਦਰ ਪਾਰਟੀ’ ਬਣਨ ਤੋਂ ਬਹੁਤ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ। ਸੋਹਣ ਸਿੰਘ ਪੂੰਨੀ ਦੇ ਦਿੱਤੇ ਵੇਰਵਿਆਂ ਅਨੁਸਾਰ ਅਪ੍ਰੈਲ 1913 ਵਿਚ ਗ਼ਦਰ ਪਾਰਟੀ ਬਣੀ ਅਤੇ 1 ਨਵੰਬਰ 1913 ਨੂੰ ਪਾਰਟੀ ਨੇ ‘ਗ਼ਦਰ’ ਨਾਂ ਦਾ ਅਖ਼ਬਾਰ ਸੈਨ ਫਰਾਂਸਿਸਕੋ ਤੋਂ ਕੱਢਣਾ ਸ਼ੁਰੂ ਕੀਤਾ ਜੋ ਪਿੱਛੋਂ ਉਰਦੂ ਦੇ ਨਾਲ ਨਾਲ ਪੰਜਾਬੀ ਵਿਚ ਵੀ ਛਪਣ ਲੱਗਾ ਜਿਸ ਨੂੰ ਵੱਖ ਵੱਖ ਮੁਲਕਾਂ ਵਿਚ ਰਹਿ ਰਹੇ ਹਿੰਦੁਸਤਾਨੀਆਂ ਤੱਕ ਪਹੁੰਚਾਇਆ ਜਾਂਦਾ। ਭਾਈ ਭਾਗ ਸਿੰਘ ‘ਗ਼ਦਰ ਪਾਰਟੀ’ ਦੇ ਮੈਂਬਰ ਬਣ ਗਏ ਅਤੇ ‘ਖਾਲਸਾ ਦੀਵਾਨ ਸੁਸਾਇਟੀ’ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਵੈਨਕੂਵਰ ਗੁਰਦੁਆਰੇ ਦੀ ਬੇਸਮੈਂਟ ਵਿਚ ਹੋਣ ਵਾਲੀਆਂ ਰਾਜਨੀਤਕ ਮੀਟਿੰਗਾਂ ਵਿਚ ਗ਼ਦਰ ਅਖਬਾਰ ਸਾਰਿਆਂ ਨੂੰ ਪੜ੍ਹ ਕੇ ਸੁਣਾਉਂਦੇ। ਭਾਈ ਸਾਹਿਬ ਦੀ ਪ੍ਰੇਰਨਾ ਸਦਕਾ ਸੈਂਕੜੇ ਆਵਾਸੀ ਹਿੰਦੁਸਤਾਨੀ ਗ਼ਦਰ ਪਾਰਟੀ ਦੇ ਮੈਂਬਰ ਬਣ ਗਏ ਅਤੇ ਹਜ਼ਾਰਾਂ ਡਾਲਰ ਫੰਡ ਇਕੱਠਾ ਕਰਕੇ ਪਾਰਟੀ ਦੇ ਮੁੱਖ ਕੇਂਦਰ ਸੈਨ ਫਰਾਂਸਿਸਕੋ ਭੇਜਿਆ। 23 ਮਈ 1914 ਨੂੰ ਗੁਰਦਿੱਤ ਸਿੰਘ ਸਰਹਾਲੀ ਜਦੋਂ ਕਾਮਾਗਾਟਾ ਮਾਰੂ ਜਹਾਜ਼ ਨਾਲ 376 ਹਿੰਦੁਸਤਾਨੀ ਮੁਸਾਫਰਾਂ ਨੂੰ ਲੈ ਕੇ ਕੈਨੇਡਾ ਆ ਗਿਆ ਤਾਂ ਜਹਾਜ਼ ਨੁੰ ਇਮੀਗਰੇਸ਼ਨ ਵਿਭਾਗ ਨੇ ਕੰਢੇ ‘ਤੇ ਨਾ ਲੱਗਣ ਦਿੱਤਾ ਅਤੇ ਮੁਸਾਫਰਾਂ ਨੂੰ ਉਤਰਨ ਦੀ ਆਗਿਆ ਨਾ ਦਿੱਤੀ। ਜਹਾਜ਼ ਦੇ ਮੁਸਾਫਰਾਂ ਦਾ ਕੇਸ ਲੜਨ ਲਈ ਭਾਈ ਸਾਹਿਬ ਨੇ ‘ਸੋਸ਼ਲਿਸਟ ਪਾਰਟੀ’ ਦਾ ਮਸ਼ਹੂਰ ਵਕੀਲ ਐਡਵਰਡ ਬਰਡ ਕੀਤਾ ਅਤੇ ਜਹਾਜ਼ ਦਾ ਪਟਾ ਜਹਾਜ਼ ਲਿਆਉਣ ਵਾਲੇ ਗੁਰਦਿੱਤ ਸਿੰਘ ਤੋਂ ਆਪਣੇ ਨਾਮ ਕਰਵਾਇਆ। ਹਿੰਦੁਸਤਾਨੀ ਭਾਈਚਾਰੇ ਨੇ ਜਹਾਜ਼ ਦੇ ਮੁਸਾਫਰਾਂ ਦੀ ਜੀਅ-ਜਾਨ ਨਾਲ ਮਾਇਕ ਸਹਾਇਤਾ ਕੀਤੀ। ਪਰ ਸਰਕਾਰ ਨੇ ਆਪਣੇ ਹੀ ਕਾਨੂੰਨ ਦੀ ਉਲੰਘਣਾ ਕਰਦਿਆਂ ਜਹਾਜ਼ ਵਾਪਸ ਭੇਜ ਦਿੱਤਾ।
ਭਾਈ ਭਾਗ ਸਿੰਘ ਇਹ ਵੀ ਚਾਹੁੰਦੇ ਸਨ ਕਿ ਜੇ ਜਹਾਜ਼ ਵਾਪਸ ਜਾਂਦਾ ਹੈ ਤਾਂ ਇਸ ਦੇ ਮੁਸਾਫਿਰ ਵਾਪਸ ਜਾ ਕੇ ਹਿੰਦੁਸਤਾਨ ਦੀ ਆਜ਼ਾਦੀ ਲਈ ਹੋ ਰਹੇ ਗ਼ਦਰ ਵਿਚ ਹਿੱਸਾ ਲੈਣ ਅਤੇ ਆਪਣੇ ਨਾਲ ਹਥਿਆਰ ਲੈ ਕੇ ਜਾਣ। ਇਸ ਮਕਸਦ ਲਈ ਉਹ ਆਪਣੇ ਸਾਥੀਆਂ ਭਾਈ ਬਲਵੰਤ ਸਿੰਘ, ਭਾਈ ਮੇਵਾ ਸਿੰਘ ਅਤੇ ਬਾਬੂ ਹਰਨਾਮ ਸਿੰਘ ਸਾਹਰੀ ਨਾਲ ਸਰਹੱਦ ਪਾਰ ਕਰਕੇ ਅਮਰੀਕਾ ਤੋਂ ਹਥਿਆਰ ਖਰੀਦਣ ਗਏ ਪਰ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਮਰੀਕਾ ਦੀ ਜੇਲ ਵਿਚ ਸੁੱਟ ਦਿੱਤਾ ਗਿਆ। ਜਹਾਜ਼ ਵਾਪਸ ਜਾਣ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਅਗਸਤ 1914 ਵਿਚ ਪਹਿਲਾ ਸੰਸਾਰ ਯੁੱਧ ਸ਼ੁਰੂ ਹੋ ਗਿਆ ਸੀ। ਗ਼ਦਰ ਪਾਰਟੀ ਲਹਿਰ ਦੇ ਪ੍ਰੋਗਰਾਮ ਅਨੁਸਾਰ ਗ਼ਦਰ ਵਿਚ ਹਿੱਸਾ ਲੈਣ ਲਈ ਹਿੰਦੁਸਤਾਨੀਆਂ ਨੇ ਮੁਲਕ ਵੱਲ ਵਹੀਰਾਂ ਘੱਤ ਲਈਆਂ। ਭਾਈ ਸਾਹਿਬ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਨੂੰ ਆਪਣੇ ਬੱਚਿਆਂ ਦਾ ਪ੍ਰਬੰਧ ਕਰਦਿਆਂ ਕੁੱਝ ਸਮਾਂ ਲੱਗ ਗਿਆ। ਦੂਸਰੇ ਪਾਸੇ ਗੱਦਾਰ ਧੜਾ ਨਹੀਂ ਸੀ ਚਾਹੁੰਦਾ ਕਿ ਦੇਸ਼ ਭਗਤ ਵਾਪਸ ਜਾ ਕੇ ਗ਼ਦਰ ਵਿਚ ਹਿੱਸਾ ਲੈਣ। 5 ਸਤੰਬਰ 1914 ਦੀ ਸ਼ਾਮ ਨੂੰ ਬੇਲਾ ਸਿੰਘ ਜਿਆਣ ਨੇ ਵੈਨਕੂਵਰ ਗੁਰਦੁਆਰੇ ਵਿਚ ਆ ਕੇ ਅੰਧਾਧੁੰਦ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਜਿਸ ਵਿਚ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ। ਭਾਈ ਭਾਗ ਸਿੰਘ ਦੇ ਪਿੱਛਿਓਂ ਗੋਲੀਆਂ ਮਾਰੀਆਂ। ਭਾਈ ਸਾਹਿਬ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਬੇਲਾ ਸਿੰਘ ਨੂੰ ਗ੍ਰਿਫਤਾਰ ਕਰ ਕੇ ਹਸਪਤਾਲ ਸ਼ਨਾਖਤ ਕਰਾਉਣ ਲਿਆਈ ਤਾਂ ਭਾਈ ਸਾਹਿਬ ਨੇ ਪਛਾਣ ਲਿਆ। ਦੋਸਤ ਤੇ ਸਨੇਹੀ ਮਿਲਣ ਆਏ ਪਰ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਅਤੇ ਉਨ੍ਹਾਂ ਸਭ ਨੂੰ ਕਿਹਾ, “ਮਨ ਦੀ ਚਾਹ ਸੀ ਕਿ ਆਜ਼ਾਦੀ ਦੇ ਮੈਦਾਨੇ ਜੰਗ ਵਿਚ ਜੂਝ ਕੇ ਸ਼ਹੀਦ ਹੁੰਦਾ ਪਰ ਭਾਣਾ ਅਮਿੱਟ ਹੈ, ਅੱਜ ਬਿਸਤਰੇ ਪਰ ਸਰੀਰ ਛੱਡਣਾ ਪੈ ਰਿਹਾ ਹੈ।” ਅਤੇ ਸਵਾਸ ਛੱਡ ਦਿੱਤੇ।
Leave a Reply