ਹਿੰਦੂ ਸਾਮਰਾਜ ਬਾਰੇ ਦੁਰਲੱਭ ਖੋਜ ਕਾਰਜ ਦਾ ਤਰਜਮਾ

ਕੇਰਲ ਦੇ ਜੰਮਪਲ ਪਰਮੇਸ਼ਵਰ ਮੈਨਨ ਤੋਂ ਸਵਾਮੀ ਧਰਮ ਤੀਰਥ ਬਣੇ ਇਸ ਵਿਦਵਾਨ ਨੇ ਭਰਪੂਰ ਖੋਜ ਤੋਂ ਬਾਅਦ ‘ਹਿਸਟਰੀ ਆਫ ਹਿੰਦੂ ਇੰਪੀਰੀਲਿਜ਼ਮ’ 1941 ਵਿਚ ਛਪਵਾਈ ਸੀ। ਪੂਰੇ 25 ਕਾਂਡਾਂ ਦੇ ਰੂਪ ਵਿਚ 400 ਸਫਿਆਂ ਉਤੇ ਫੈਲੀ ਇਸ ਕਿਤਾਬ ਵਿਚ ਲੇਖਕ ਨੇ ਬ੍ਰਾਹਮਣਵਾਦ ਬਾਰੇ ਨਿੱਠ ਕੇ ਚਰਚਾ ਕੀਤੀ ਹੈ।

ਕਿਤਾਬ ਵਿਚ ਸਿੱਖ ਧਰਮ ਦਾ ਬ੍ਰਾਹਮਣਵਾਦ ਨਾਲੋਂ ਬੁਨਿਆਦੀ ਨਿਆਰੇਪਣ ਦਾ ਮਸਲਾ ਵੀ ਬਾਕਾਇਦਾ ਵਿਚਾਰਿਆ ਗਿਆ ਹੈ। ਇਸ ਕਿਤਾਬ ਦਾ ਤਰਜਮਾ ਅਮਰੀਕਾ ਵੱਸਦੇ ਪੰਜਾਬੀ ਸੋਢੀ ਸੁਲਤਾਨ ਸਿੰਘ ਨੇ ਕੀਤਾ ਹੈ। -ਸੰਪਾਦਕ

-ਸੋਢੀ ਸੁਲਤਾਨ ਸਿੰਘ
‘ਹਿੰਦੂ ਸਾਮਰਾਜਵਾਦ ਦਾ ਇਤਿਹਾਸ’ ਸਵਾਮੀ ਧਰਮ ਤੀਰਥ (1893-1978) ਰਚਿਤ ਬਹੁ-ਮੁੱਲਾ ਖੋਜ-ਕਾਰਜ ਹੈ। ਕੇਰਲ ਦੇ ਇਕ ਕੱਟੜ, ਆਹਲਾ ਤਾਲੀਮਯਾਫ਼ਤਾ ਹਿੰਦੂ ਪਰਿਵਾਰ ਵਿਚ ਪੈਦਾ ਹੋਏ ਪਰਮੇਸ਼ਵਰ ਮੈਨਨ ਨੇ ਖ਼ੁਦ ਉਚ ਤਾਲੀਮ ਲੈ ਕੇ ਥੋੜ੍ਹਾ ਵਕਤ ਰਿਆਸਤੀ ਰਾਜ ਦੀ ਨੌਕਰੀ ਕੀਤੀ। ਫਿਰ ਐਲ਼ਐਲ਼ਬੀæ ਕੀਤੀ, ਕੁਝ ਵਕਤ ਵਕਾਲਤ ਵੀ ਕੀਤੀ, ਇਕੋ ਵਕਤ ਦੋ ਅਗਾਂਹਵਧੂ ਰਸਾਲਿਆਂ ਦਾ ਸੰਪਾਦਨ ਕੀਤਾ ਅਤੇ ਆਖ਼ਿਰ ਆਪਣੀ ਪੂਰੀ ਹਯਾਤੀ ਮੁਕੰਮਲ ਤੌਰ ‘ਤੇ ਸਮਾਜਕ ਤਬਦੀਲੀ ਦੇ ਯਤਨਾਂ ਦੇ ਲੇਖੇ ਲਾ ਦਿੱਤੀ। 34 ਸਾਲ ਦੀ ਉਮਰ ਵਿਚ ਦੱਖਣੀ ਭਾਰਤ ਦੇ ਮਸ਼ਹੂਰ ਸਮਾਜ-ਸੁਧਾਰਕ ਨਰਾਇਣ ਗੁਰੂ (ਤਫ਼ਸੀਲ 22ਵਾਂ ਕਾਂਡ) ਦੀ ਮਿਕਨਾਤੀਸੀ ਸ਼ਖਸੀਅਤ ਅਤੇ ਉਸ ਦੇ ‘ਇਕ ਨਸਲ, ਇਕ ਧਰਮ ਤੇ ਇਕ ਇਨਸਾਨ ਲਈ ਸਿਰਫ਼ ਇਕ ਹੀ ਪਰਮਾਤਮਾ’ ਦੇ ਪੈਗ਼ਾਮ ਵਾਲੇ ਸਮਾਜ ਸੁਧਾਰਾਂ ਦੇ ਉਦਮ ਤੋਂ ਪ੍ਰਭਾਵਿਤ ਹੋ ਕੇ ਇਸੇ ਮਿਸ਼ਨ ਦਾ ਹੋ ਰਹਿ ਗਿਆ, ਬੋਧੀ ਭਿਕਸ਼ੂ ਬਣ ਗਿਆ ਅਤੇ ਆਪਣੀ ਜ਼ਿੰਦਗੀ ਦੇ ਨਵੇਂ ਸਾਰਥਕ ਉਦੇਸ਼ ਨੂੰ ਪ੍ਰਣਾ ਕੇ ਨਵੀਂ ਪਛਾਣ ਸਵਾਮੀ ਧਰਮ ਤੀਰਥ ਨਾਂ ਨਾਲ ਨਾਮਣਾ ਖੱਟਿਆ। ਇਸੇ ਮਿਸ਼ਨ ਦੇ ਪ੍ਰਚਾਰ-ਪ੍ਰਸਾਰ ਲਈ ਥਾਂ-ਥਾਂ ਘੁੰਮਦਿਆਂ ਉਸ ਨੇ ਭਾਰਤੀ ਸਮਾਜ ਦੇ ਦੱਬੇ-ਕੁਚਲੇ ਆਵਾਮ ਨਾਲ ਹਿੰਦੂਵਾਦ ਦੇ ਅਕਹਿ ਤੇ ਅਸਹਿ ਜ਼ੁਲਮ ਬਹੁਤ ਨੇੜਿਓਂ ਡਿੱਠੇ। ਉਸ ਦੀਆਂ ਅਮੁੱਕ ਧਾਰਮਿਕ ਯਾਤਰਾਵਾਂ ‘ਹਿੰਦੂ ਸਾਮਰਾਜਵਾਦ’ ਦੇ ਡੂੰਘੇ ਮੁਤਾਲਿਆ ਦਾ ਸਬੱਬ ਹੋ ਨਿੱਬੜੀਆਂ। ਓੜਕ ਉਸ ਨੇ ਹਿੰਦੂ ਧਰਮ ਨਾਲੋਂ ਮੁਕੰਮਲ ਤੋੜ-ਵਿਛੋੜਾ ਕਰ ਕੇ ਜਿਸ ਨਿਹਚਾ ਨਾਲ ਇਸ ਸਮਾਜੀ-ਰਾਜਸੀ ਵਰਤਾਰੇ ਦੀ ਡੂੰਘੀ ਛਾਣ-ਬੀਣ ਕਰ ਕੇ ਹਥਲਾ ਇਤਿਹਾਸਕ ਵਿਸ਼ਲੇਸ਼ਣ ਪੇਸ਼ ਕੀਤਾ, ਉਹ ਉਸ ਦੇ ਇਨਸਾਨੀਅਤ ਨਾਲ ਦਿਲੀ ਮੋਹ ਅਤੇ ਬ੍ਰਾਹਮਣਵਾਦ ਦੀ ਘਿਨਾਉਣੀ ਵਿਚਾਰਧਾਰਾ ਪ੍ਰਤੀ ਘੋਰ ਨਫ਼ਰਤ ਦਾ ਪੁਰਜ਼ੋਰ ਇਜ਼ਹਾਰ ਹੈ ਜੋ ਸਾਡੇ ਇਸ ਸਮਾਜ ਨੂੰ ਹਜ਼ਾਰਾਂ ਸਾਲਾਂ ਤੋਂ ਸਮਾਜੀ ਕੋਹੜ ਬਣ ਕੇ ਚਿੰਬੜੀ ਹੋਈ ਹੈ।
ਇਹ ਵਿਸ਼ਲੇਸ਼ਣ ਕਿਤਾਬੀ ਸ਼ਕਲ ਵਿਚ ਪਹਿਲੀ ਦਫ਼ਾ ਅੰਗਰੇਜ਼ ਰਾਜ ਦੌਰਾਨ 1941 ਵਿਚ ‘ਹਿੰਦੂ ਸਾਮਰਾਜਵਾਦ ਦੇ ਭਿਆਨਕ ਖ਼ਤਰੇ’ ਅਨੁਵਾਨ ਹੇਠ ਲਾਹੌਰ ਤੋਂ ਛਪਿਆ। ਬਾਅਦ ਵਿਚ 1946, 1969 ਅਤੇ 1978 ਵਿਚ ਇਸ ਦੇ ਅਗਲੇ ਐਡੀਸ਼ਨ ਛਪੇ। ਉਸ ਵਕਤ ਦੇ ਚੋਟੀ ਦੇ ਅਖ਼ਬਾਰਾਂ/ਰਸਾਲਿਆਂ ਵਿਚ ਇਸ ਖੋਜ ਦੇ ਜੋ ਰੀਵਿਊ ਛਪੇ, ਉਨ੍ਹਾਂ ਵਿਚ ਇਸ ਨੂੰ ਬੇਖ਼ੌਫ਼, ਅਸਾਧਾਰਨ ਤੇ ਅਦਭੁੱਤ ਕਿਤਾਬ ਬਿਆਨ ਕੇ ਇਸ ਨੂੰ ਹਰ ਚਿੰਤਨਸ਼ੀਲ ਇਨਸਾਨ ਨੂੰ ਲਾਜ਼ਮੀ ਪੜ੍ਹਨ ਦੀ ਪੁਰਜ਼ੋਰ ਸਿਫ਼ਾਰਸ਼ ਕੀਤੀ ਗਈ ਸੀ। ਡਾæ ਅੰਬੇਦਕਰ ਦੇ ਲਫ਼ਜ਼ਾਂ ਵਿਚ, “ਇਹ ਕਿਤਾਬ ਖ਼ਾਸ ਚਰਚਿਤ ਮਜ਼ਮੂਨ ਨੂੰ ਲੈ ਕੇ ਲਿਖੀ ਗਈ ਹੈ ਜਿਸ ਦੀ ਮੈਂ ਬੇਹੱਦ ਪ੍ਰਸ਼ੰਸਾ ਕਰਦਾ ਹਾਂ।æææਕਿਤਾਬ ਮੇਰੇ ਲਈ ਸਵਾਗਤਯੋਗ ਕਿਤਾਬ ਹੈ।”
ਲੇਖਕ ਅਨੁਸਾਰ ਇਸ ਖੋਜ ਦਾ ਮਨੋਰਥ ਭਾਰਤੀ ਆਵਾਮ ਦੀ ਇੰਨੀ ਲੰਮੀ ਗ਼ੁਲਾਮੀ ਦੇ ਕਾਰਨਾਂ ਨੂੰ ਖੋਜਣਾ, ਇਸ ਦੀ ਗਤੀ ਦਾ ਸੁਰਾਗ਼ ਲਾਉਣਾ ਅਤੇ ਇਸ ਜ਼ਰੀਏ ਸਾਰੇ ਵਰਗਾਂ ਦੀ ਜ਼ਮੀਰ ਨੂੰ ਝੰਜੋੜ ਕੇ ਜਗਾਉਣਾ ਹੈ। ਉਸ ਨੇ ਹਿੰਦੂਵਾਦ/ਬ੍ਰਾਹਮਣਵਾਦ ਦਾ ਡੂੰਘਾ ਵਿਸ਼ਲੇਸ਼ਣ ਕੀਤਾ। ਉਸ ਮੁਤਾਬਕ ਹਿੰਦੂਵਾਦ ਚਾਲਬਾਜ਼ ਬ੍ਰਾਹਮਣ ਪੁਜਾਰੀ ਵਰਗ ਵਲੋਂ ਪੇਸ਼ ਕੀਤਾ ਗਿਆ ਸਮਾਜਕ, ਆਰਥਿਕ, ਰਾਜਨੀਤਕ, ਧਾਰਮਿਕ ਅਤੇ ਬੌਧਿਕ ਸਾਮਰਾਜਵਾਦ ਹੈ ਜਿਸ ਨੂੰ ਭਾਰਤੀ ਸਮਾਜ ਅੱਗੇ ਪਰੋਸ ਕੇ ਸਮਾਜ ਉਪਰ ਥੋਪ ਦਿੱਤਾ ਗਿਆ ਹੈ। ਇਸ ਸਾਮਰਾਜਵਾਦ ਵੱਲੋਂ ਮੂਲ ਭਾਰਤੀਆਂ ਨੂੰ ਉਨ੍ਹਾਂ ਦੀ ਹੀ ਆਪਣੀ ਸਰਜ਼ਮੀਨ ਉਪਰ ਅਛੂਤ ਅਤੇ ਐਨੇ ਨਿਸੱਤੇ ਤੇ ਨਿਤਾਣੇ ਬਣਾ ਦਿੱਤਾ ਗਿਆ ਕਿ ਉਹ ਇਸ ਅਣਮਨੁੱਖੀ ਜ਼ਿੰਦਗੀ ਦਾ ਬੋਝ ਢੋਣ ਤੋਂ ਇਲਾਵਾ ਕੁਝ ਸੋਚਣ-ਵਿਚਾਰਨ ਦੀ ਹਾਲਤ ਵਿਚ ਹੀ ਨਹੀਂ ਰਹੇ। ਲੇਖਕ ਦਾ ਵਿਸ਼ਵਾਸ ਹੈ ਕਿ ਸਮੁੱਚੀ ਭਾਰਤੀ ਨਸਲ ਦੀਆਂ ਗੋਡਣੀਆਂ ਲਵਾਉਣ ਵਾਲੇ ਹਿੰਦੂਆਂ ਦੇ ਧਰਮ ਸ਼ਾਸਤਰ ਵਿਦੇਸ਼ੀ ਸਾਮਰਾਜਵਾਦ ਨਾਲੋਂ ਕਿਤੇ ਵੱਧ ਸ਼ੈਤਾਨੀ ਨਾਲ ਭਰੇ ਹੋਏ ਹਨ ਅਤੇ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਇਨ੍ਹਾਂ ਨੂੰ ਤਬਾਹ ਕਰਨਾ ਬੇਹੱਦ ਜ਼ਰੂਰੀ ਹੈ। ਇਹ ਤੈਅ ਹੈ ਕਿ ਭਾਰਤ ਸਹੀ ਮਾਅਨਿਆਂ ‘ਚ ਉਦੋਂ ਤਾਈਂ ਆਜ਼ਾਦ ਨਹੀਂ ਹੋ ਸਕਦਾ ਜਦ ਤਾਈਂ ਇਥੇ ਜੜ੍ਹਾਂ ਜਮਾਈ ਬੈਠੇ ਹਿੰਦੂਵਾਦੀ-ਬ੍ਰਾਹਮਣਵਾਦੀ ਢਾਂਚੇ ਨੂੰ ਨੇਸਤੋਨਾਬੂਦ ਨਹੀਂ ਕਰ ਦਿੱਤਾ ਜਾਂਦਾ ਜੋ ਨਵੇਂ ਹਾਲਾਤ ਵਿਚ ਲਗਾਤਾਰ ਆਪਣੇ ਰੂਪ ਬਦਲਦਾ ਜਾਂਦਾ ਹੈ। ਇਸ ਕੌੜੀ ਹਕੀਕਤ ਨੂੰ ਭਾਰਤ ਦੀ ਕਮਿਊਨਿਸਟ ਲਹਿਰ ਬੁੱਝਣ-ਸਮਝਣ ਤੋਂ ਲੰਮਾ ਸਮਾਂ ਆਰੀ ਰਹੀ।
ਪੰਝੀ ਕਾਂਡਾਂ ਦੇ ਰੂਪ ਵਿਚ ਚਾਰ ਸੌ ਸਫ਼ਿਆਂ ਵਿਚ ਫੈਲੀ ਇਹ ਡੂੰਘੀ ਇਤਿਹਾਸਕ ਖੋਜ ਜ਼ੋਰ ਦਿੰਦੀ ਹੈ ਕਿ ਭਾਰਤ ਦੇ ਮਹਾਨ ਲੋਕ ਅਧੀਨ, ਗ਼ੁਲਾਮ ਇਨਸਾਨਾਂ ਦੇ ਨੀਵੇਂ ਪੱਧਰ ਤੱਕ ਕਿਵੇਂ ਡਿੱਗ ਗਏ, ਇਸ ਲਈ ਜ਼ਿੰਮੇਵਾਰ ਬ੍ਰਾਹਮਣਵਾਦ ਦੀਆਂ ਪੈਰੋਕਾਰ ਤਾਕਤਾਂ ਦੀ ਸਪਸ਼ਟ ਸ਼ਨਾਖ਼ਤ ਕਰਨੀ ਬਹੁਤ ਜ਼ਰੂਰੀ ਹੈ। ਲੇਖਕ ਮੁੱਢ ਕਦੀਮੀ ਭਾਰਤੀ ਧਾਰਮਿਕ ਮਾਨਤਾਵਾਂ, ਸਮਾਜੀ ਵਿਵਸਥਾ ਤੋਂ ਆਪਣੀ ਖੋਜ ਦਾ ਆਗਾਜ਼ ਕਰ ਕੇ ਬੁੱਧ ਧਰਮ ਦੇ ਆਗਮਨ, ਇਸ ਦੀ ਚੜ੍ਹਤ, ਤੇ ਓੜਕ ਇਸ ਦੇ ਪਤਨ ਨਾਲ ਬ੍ਰਾਹਮਣਵਾਦੀ ਸਾਮਰਾਜਵਾਦ ਦੀ ਚੜ੍ਹ ਮੱਚਣ, ਵੱਖੋ-ਵੱਖਰੇ ਰਿਆਸਤੀ ਰਾਜਾਂ ਤੇ ਸਾਮਰਾਜਾਂ ਦੇ ਹੋਂਦ ਵਿਚ ਆਉਣ ਅਤੇ ਉਨ੍ਹਾਂ ਦੇ ਪਤਨ, ਧੜਵੈਲ ਹਿੰਦੂ ਮੰਦਰਾਂ ਦੀ ਧੜਾਧੜ ਤਾਮੀਰ, ਭਗਤੀ ਲਹਿਰ ਨਾਲ ਆਈ ਸੀਮਤ ਤਬਦੀਲੀ, ਹਿੰਦੂਵਾਦ ਦੇ ਉਲਟ ਇਸਲਾਮ ਧਰਮ ਦੀ ਸਾਰਥਿਕਤਾ, ਸਿੱਖ ਧਰਮ ਦੀ ਬ੍ਰਾਹਮਣਵਾਦ ਨਾਲੋਂ ਬੁਨਿਆਦੀ ਅਲਹਿਦਗੀ, ਯੂਰਪੀਨ ਧਾੜਵੀਆਂ ਦੀ ਆਮਦ ਅਤੇ ਅੰਗਰੇਜ਼ ਰਾਜ ਦੇ ਬ੍ਰਾਹਮਣਵਾਦ ਨਾਲ ਗੱਠਜੋੜ, ਅੰਗਰੇਜ਼ ਰਾਜ ਦੀ ਦੋਹਰੀ ਭੂਮਿਕਾ, ਹਿੰਦੂ ਰਾਸ਼ਟਰਵਾਦ ਦੇ ਮੁੜ ਉਭਾਰ, ਹਿੰਦੂ-ਮੁਸਲਮਾਨ ਫ਼ਸਾਦਾਂ ਵਿਚ ਹਿੰਦੂਵਾਦ ਦੀ ਮੁੱਖ ਭੂਮਿਕਾ, ਕਸ਼ਮੀਰ ਦੇ ਸਵਾਲ ਤੱਕ ਦੇ ਹਰ ਗਿਣਨਯੋਗ ਇਤਿਹਾਸਕ ਵਰਤਾਰੇ ਦੀ ਭਰਵੀਂ ਤਫ਼ਸੀਲ ਪੇਸ਼ ਕਰਦਾ ਹੈ। ਇਨ੍ਹਾਂ ਵਰਤਾਰਿਆਂ ਦੀ ਭਰਵੀਂ ਚੀਰ-ਫਾੜ ਕਰਦਿਆਂ ਲੇਖਕ ਇਨ੍ਹਾਂ ਦੀ ਤਹਿ ਹੇਠ ਕਾਰਜਸ਼ੀਲ ਕਾਰਨਾਂ ਦੀ ਨਿਸ਼ਾਨਦੇਹੀ ਕਰਦਾ ਹੋਇਆ ਸਥਾਪਤ ਮਿੱਥਾਂ ਤੇ ਧਾਰਨਾਵਾਂ ਤੋਂ ਲੀਹੋਂ ਹਟਵੇਂ ਨਿਚੋੜ ਪੇਸ਼ ਕਰਦਾ ਹੈ। ਮਸਲਨ, “ਕਈ ਵਾਰ ਮੰਦਰਾਂ ਦੇ ਇਸ ਵੱਡੇ ਚੜ੍ਹਾਵੇ ਨੂੰ ਵੇਖ ਕੇ ਧਨ ਦੇ ਲਾਲਚੀ ਸ਼ਹਿਜ਼ਾਦੇ, ਖ਼ਾਸ ਕਰ ਕੇ ਮੁਸਲਮਾਨ ਹੁਕਮਰਾਨਾਂ ਦੇ ਸ਼ਹਿਜ਼ਾਦੇ ਵੀ ਸਰਗਰਮੀ ਫੜ ਲੈਂਦੇ ਸਨ ਅਤੇ ਆਪਣਾ ਹਿੱਸਾ ਮੰਗਦੇ ਸਨ। ਦਰਅਸਲ ਕੰਪਨੀ ਦੇ ਅੰਗਰੇਜ਼ ਹਾਕਮਾਂ, ਕਰਮਚਾਰੀਆਂ ਅਤੇ ਬ੍ਰਾਹਮਣਾਂ ਦਰਮਿਆਨ ਇੰਨੀ ਗੂੜ੍ਹੀ ਦਿਲੀ ਨੇੜਤਾ ਤੇ ਇਕਸੁਰਤਾ ਹੋਰ ਕਿਸੇ ਵੀ ਮਾਮਲੇ ਵਿਚ ਨਹੀਂ ਰਹੀ, ਜਿੰਨੀ ਧਨਵਾਨ ਹਿੰਦੂ ਮੰਦਰਾਂ ਦੇ ਇੰਤਜ਼ਾਮਾਂ ਦੇ ਮਾਮਲੇ ਵਿਚ ਰਹੀ।æææ19ਵੀਂ ਸਦੀ ਦੇ ਮੱਧ ਵਿਚ ਬਣੇ ਮੰਦਰ ਅਸਲ ਵਿਚ ਗੋਰਿਆਂ ਦੀ ਜਿਸਮਾਨੀ ਜ਼ਰੂਰਤ ਦੀ ਉਪਜ ਸਨ ਅਤੇ ਇਹ ਬਿਨਾਂ ਕਿਸੇ ਵੀ ਇਤਿਹਾਸਕ ਤੱਥ ਤੋਂ ਬਣੇ ਹਨ।æææਸਾਰੇ ਮੁਲਕ ਉਪਰ ਰਾਜ ਭਾਵੇਂ ਅੰਗਰੇਜ਼ ਕਰਦੇ ਸਨ, ਪਰ ਅਸਲੀ ਜਿੱਤ ਬ੍ਰਾਹਮਣਵਾਦ ਦੀ ਹੀ ਹੋਈ ਸੀ।æææਅੰਗਰੇਜ਼ ਹਕੂਮਤ ਤੇ ਬ੍ਰਾਹਮਣਵਾਦ, ਇਹ ਦੋਵੇਂ ਤਾਕਤਾਂ ਅੰਦਰ-ਖਾਤੇ ਇਕ-ਦੂਜੇ ਨਾਲ ਬਹੁਤ ਡੂੰਘੀਆਂ ਜੁੜੀਆਂ ਹੋਈਆਂ ਹਨ, ਇਕ ਦੂਜੇ ਨੂੰ ਲਾਭ ਪਹੁੰਚਾਉਂਦੀਆਂ ਹਨ ਅਤੇ ਇਨ੍ਹਾਂ ਦੋਹਾਂ ਦਾ ਆਪਸ ਵਿਚ ਅਜਿਹਾ ਡੂੰਘਾ ਭੇਤਪੂਰਨ ਗੱਠਜੋੜ ਹੈ ਜੋ ਆਮ ਆਦਮੀ ਨੂੰ ਨਜ਼ਰ ਹੀ ਨਹੀਂ ਆਉਂਦਾ।”
ਲੇਖਕ ਅਨੁਸਾਰ ਲਫ਼ਜ਼ ‘ਬ੍ਰਾਹਮਣਵਾਦ’ ਇਤਿਹਾਸਕਾਰਾਂ ਵਲੋਂ ਬ੍ਰਾਹਮਣਾਂ ਦੀ ਸਭਿਅਤਾ ਅਤੇ ਉਨ੍ਹਾਂ ਵੱਲੋਂ ਕੀਤੇ ਜਾਂਦੇ ਆਵਾਮ ਦੇ ਸ਼ੋਸ਼ਣ ਨੂੰ ਦਰਸਾਉਣ ਲਈ ਈਜ਼ਾਦ ਤੇ ਇਸਤੇਮਾਲ ਕੀਤਾ ਗਿਆ ਹੈ। ਇਹ ਉਸ ਵਿਵਸਥਾ ਨੂੰ ਪਰਿਭਾਸ਼ਤ ਕਰਦਾ ਹੈ ਜਿਸ ਜ਼ਰੀਏ ਪੁਜਾਰੀ ਵਰਗ ਆਪਣੇ ਵੱਲੋਂ ਘੜੇ ਝੂਠੇ ਮਨਘੜਤ ਦਰਸ਼ਨ ਸ਼ਾਸਤਰ ਦਾ ਸਹਾਰਾ ਲੈ ਕੇ ਧਰਮ ਦੇ ਆਧਾਰ ‘ਤੇ ਸਮਾਜ ਨੂੰ ਜਾਤਾਂ ਵਿਚ ਵੰਡ ਕੇ ਉਨ੍ਹਾਂ ਉਪਰ ਗ਼ਲਬਾ ਪਾਈ ਬੈਠਾ ਹੈ। ਇਹ ਵਰਗ ਆਪਣੀ ਤਾਕਤ ਨੂੰ ਰਾਜਸੱਤਾ ਦੀ ਸਰਪ੍ਰਸਤੀ ਹੇਠ ਉਤਪੰਨ ਕਰਦਾ ਹੈ ਅਤੇ ਦੋਵੇਂ ਗਰੋਹ ਮਿਲ ਕੇ ਲੋਕਾਂ ਦਾ ਬੜੀ ਚਲਾਕੀ ਨਾਲ ਸ਼ੋਸ਼ਣ ਕਰਦੇ ਹਨ। ਹਿੰਦੂ ਸਾਮਰਾਜਵਾਦ ਦੀ ਟੇਕ ਅਨੇਕਾਂ ਸਿਧਾਂਤਾਂ ਉਪਰ ਹੈ ਅਤੇ ਇਸ ਦੇ ਸੰਗਠਨ ਸੰਸਥਾਨ, ਇਸ ਦਾ ਬੀਤਿਆ ਇਤਿਹਾਸ ਅਤੇ ਇਸ ਦੇ ਧਰਮ-ਸ਼ਾਸਤਰ ਹੀ ਹਿੰਦੂ ਸਮਾਜ ਦੇ ਨਿਯਮਬੱਧ ਕਾਨੂੰਨ ਹਨ।
ਲੇਖਕ ਦਰਸਾਉਂਦਾ ਹੈ ਕਿ ਬ੍ਰਾਹਮਣਵਾਦੀ ਵਿਵਸਥਾ ਵਿਦੇਸ਼ੀ ਆਰੀਅਨ ਹਮਲਾਵਰਾਂ ਦੇ ਮੁੱਢਲੇ ਨਹੀਂ, ਸਗੋਂ ਅਗਲੇ ਵਿਕਾਸ ਦੀ ਦੇਣ ਹੈ। ‘ਹਿੰਦੂਆਂ’ ਦੀ ਪ੍ਰਾਚੀਨ ਵਰਣ ਵਿਵਸਥਾ ਅਤੇ ਆਸ਼ਰਮਾਂ ਵਿਚ ਜਾਤਪਾਤੀ ਪ੍ਰਥਾ ਵਾਲੀ ਕਿਸੇ ਵਿਵਸਥਾ, ਸਿਧਾਂਤ ਦੀ ਹੋਂਦ ਨਹੀਂ ਸੀ। ਬੁੱਧ ਤੋਂ ਪਹਿਲਾਂ ਹਿੰਦੂ ਧਰਮ ਨਾਂ ਦੀ ਭਾਰਤ ਵਿਚ ਕੋਈ ਸ਼ੈਅ ਹੀ ਨਹੀਂ ਸੀ। ‘ਜਾਤ’ ਪੂਰੀ ਤਰ੍ਹਾਂ ਆਜ਼ਾਦ ਧਾਰਮਿਕ ਵਿਵਸਥਾ ਸੀ ਜਿਹੜੀ ਨਾ ਤਾਂ ਅਤਿ-ਪ੍ਰਾਚੀਨ ਆਰੀਅਨ ਧਰਮ ਵਿਚ ਪ੍ਰਚਲਤ ਸੀ, ਨਾ ਹੀ ਅਣਘੜ ਅਵਿਕਸਤ ਭਾਰਤੀ ਧਰਮ ਵਿਚ ਪ੍ਰਚਲਤ ਸੀ ਅਤੇ ਨਾ ਹੀ ਬੁੱਧ ਧਰਮ ਵਿਚ ਮੌਜੂਦ ਸੀ। ਜਾਤਪਾਤ ਦੀ ਸ਼ੁਰੂਆਤ ਗੁਪਤ ਤਰੀਕੇ ਨਾਲ ਕਰਦੇ ਹੋਏ ਇਸ ਨੂੰ ਬਾਕਾਇਦਗੀ ਨਾਲ ਵਿਕਸਤ ਕੀਤਾ ਗਿਆ। ਇਸ ਦੇ ਮੂਲ ਨਾਲੋਂ ਬਿਲਕੁਲ ਹੀ ਵੱਖਰੇ ਕਾਰਜ ਲਈ ਇਸ ਦਾ ਇਸਤੇਮਾਲ ਕਰਨ ਵਾਲੇ ਪੁਰੋਹਤ ਵਰਗ ਨੇ ਆਪਣੀ ਘਿਨਾਉਣੀ ਵਿਵਸਥਾ ਨੂੰ ਜਾਇਜ਼ ਠਹਿਰਾਉਣ ਲਈ ਇਸ ਨੂੰ ਪ੍ਰਚਲਤ ਪ੍ਰਾਚੀਨ ਨਾਂ ਦੇ ਦਿੱਤੇ ਅਤੇ ਇਸ ਦੀ ਅੰਦਰੂਨੀ ਕਰੂਰਤਾ ਉਪਰ ਪੂਰੀ ਚਲਾਕੀ ਨਾਲ ਪਰਦਾ ਪਾ ਲਿਆ। ਖ਼ੁਦ ‘ਹਿੰਦੂ’ ਲਫ਼ਜ਼ ਵੀ ਭਾਰਤੀ ਨਹੀਂ, ਸਗੋਂ ਵਿਦੇਸ਼ੀ ਪਿਛੋਕੜ ਵਾਲਾ ਹੈ।
ਲੇਖਕ ਰਾਮਾਇਣ ਅਤੇ ਮਹਾਂਭਾਰਤ ਦੇ ਮਿਥਹਾਸਕ ਕਿਰਦਾਰਾਂ-ਰਾਵਣ, ਰਾਮ, ਸੀਤਾ, ਕਰਨ, ਦੁਰਯੋਧਨ, ਅਰਜਨ ਵਗੈਰਾ, ਦੀ ਵਰਗ-ਵੰਡ ਕਰ ਕੇ ਇਨ੍ਹਾਂ ਬਾਰੇ ਪ੍ਰਚਲਤ ਸਥਾਪਤ ਧਾਰਨਾਵਾਂ ਅਤੇ ਮਿੱਥਾਂ ਨੂੰ ਇਕ ਵਾਢਿਓਂ ਖਾਰਜ ਕਰਦਾ ਜਾਂਦਾ ਹੈ ਅਤੇ ਤਰਕਪੂਰਨ ਢੰਗ ਨਾਲ ਇਹ ਸਥਾਪਤ ਕਰਦਾ ਹੈ ਕਿ ਬ੍ਰਾਹਮਣਵਾਦ ਵਲੋਂ ਬੇਈਮਾਨੀ ਨਾਲ ਕੀਤੀਆਂ ਇਨ੍ਹਾਂ ਕਿਰਦਾਰਾਂ ਦੀਆਂ ਪੇਸ਼ਕਾਰੀਆਂ ਦੀ ਵਜ੍ਹਾ ਨਾਲ ਇਸ ਚਲਾਕ ਵਰਗ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋਏ ਲਾਈਲੱਗ ਭਾਰਤੀ ਲੋਕ ਰਾਵਣ ਜਿਹੇ ਮਹਾਨ ਕਿਰਦਾਰਾਂ ਨੂੰ ਤਾਂ ਰਾਖਸ਼ ਤੇ ਬਦਕਾਰ ਸਮਝ ਕੇ ਭੰਡਦੇ ਹਨ ਜਦਕਿ ਜੂਏਬਾਜ਼, ਸ਼ਰਾਬੀ ਪਾਂਡਵ ਆਰੀਅਨਾਂ ਜਿਹੇ ਬਦਕਾਰ ਕਿਰਦਾਰਾਂ ਨੂੰ ਦੇਵਤੇ ਸਮਝ ਕੇ ਪੂਜਦੇ ਹਨ। ਲੇਖਕ ਠੋਸ ਤੱਥਾਂ ਸਹਿਤ ਇਹ ਸਾਬਤ ਕਰਦਾ ਹੈ ਕਿ ਬ੍ਰਾਹਮਣ ਵਰਗ ਦੀ ਆਪਣਾ ਸਿਰਮੌਰ ਗ਼ਲਬਾ ਬਣਾਈ ਰੱਖਣ ਦੀ ਲਾਲਸਾ ਕਿਵੇਂ ਹਰ ਵਿਦੇਸ਼ੀ ਹਮਲਾਵਰ ਨੂੰ ‘ਜੀ ਆਇਆਂ ਨੂੰ’ ਕਹਿਣ, ਇਸ ਵਰਗ ਦੇ ਗ਼ਲਬੇ ਨੂੰ ਕਮਜ਼ੋਰ ਕਰਨਾ ਚਾਹੁੰਦੇ ਸਥਾਨਕ ਰਾਜਿਆਂ ਦੇ ਆਜ਼ਾਦ ਰਾਜਾਂ ਨੂੰ ਕਮੀਨੀਆਂ ਸਾਜ਼ਿਸ਼ਾਂ ਜ਼ਰੀਏ ਤਬਾਹ ਕਰਨ ਤੇ ਵਿਦੇਸ਼ੀ ਹਮਲਾਵਰਾਂ ਦੇ ਕਬਜ਼ੇ ਨੂੰ ਪੱਕੇ ਪੈਰੀਂ ਕਰਨ ਅਤੇ ਭਾਰਤੀ ਆਵਾਮ ਦੀ ਮੂਲ ਰਾਸ਼ਟਰਵਾਦੀ ਭਾਵਨਾ ਦੇ ਜੜ੍ਹੀਂ ਤੇਲ ਦਿੰਦੀ ਆਈ ਹੈ। ਇਸ ਵਰਗ ਦਾ ਮੁੱਢ ਤੋਂ ਹੀ ਇਹੀ ਸਿਆਸੀ ਤੇ ਧਾਰਮਿਕ ਰੋਡ-ਮੈਪ ਰਿਹਾ ਹੈ।
ਹਾਲ ਹੀ ਵਿਚ ਇਸ ਕਿਤਾਬ ਦਾ ਪੰਜਾਬੀ ਵਿਚ ਛਪਣਾ ਇਸ ਕਾਰਨ ਹੋਰ ਵੀ ਅਹਿਮੀਅਤ ਅਖ਼ਤਿਆਰ ਕਰ ਲੈਂਦਾ ਹੈ ਕਿ 1930ਵਿਆਂ ਦੇ ਅਖ਼ੀਰ ਵਿਚ ਇਹ ਖੋਜ ਕਾਰਜ ਕਰਦੇ ਵਕਤ ਲੇਖਕ ਨੇ ਹਿੰਦੂ ਸਾਮਰਾਜਵਾਦ ਦੀ ਮਜ਼ਬੂਤ ਜਕੜ ਦੇ ਮੱਦੇਨਜ਼ਰ ਬਹੁਤ ਹੀ ਅਹਿਮ ਪੇਸ਼ੀਨਗੋਈ ਕੀਤੀ ਸੀ। ਉਹ ਇਹ ਕਿ ਅੰਗਰੇਜ਼ਾਂ ਦੇ ਰਾਜ ਤੋਂ ਮੁਲਕ ਨੂੰ ਆਜ਼ਾਦ ਕਰਾਉਣ ਦੇ ਇਤਿਹਾਸਕ ਕਾਜ ਨੂੰ ਪ੍ਰਣਾਈਆਂ ਤਾਕਤਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸ ਵਿਵਸਥਾ ਨੂੰ ਪੂਰੀ ਤਰ੍ਹਾਂ ਫ਼ਨਾਹ ਕੀਤੇ ਬਗੈਰ ਲਿਆਂਦੀ ਜਾਣ ਵਾਲੀ ਆਜ਼ਾਦੀ ਅਧੂਰੀ ਹੋਵੇਗੀ। ਲੇਖਕ ਨਿਚੋੜ ਕੱਢਦਾ ਹੈ, “ਸਾਨੂੰ ਆਪਣੀ ਰਾਸ਼ਟਰੀ ਮਾਨਸਿਕ ਰਚਨਾ ਦੀ ਉਸਾਰੀ ਬ੍ਰਾਹਮਣਵਾਦ ਦੀ ਸ਼ਹਿ ‘ਤੇ ਜਾਤਾਂ ਦੇ ਮਲਬੇ ਉਪਰ ਨਹੀਂ, ਬਲਕਿ ਬਰਾਬਰੀ ਅਤੇ ਭਾਈਚਾਰੇ ਦੀ ਠੋਸ ਜ਼ਮੀਨ ਉਪਰ ਕਰਨੀ ਚਾਹੀਦੀ ਹੈ। ਜਿੰਨਾ ਚਿਰ ਅਸੀਂ ਇੰਝ ਨਹੀਂ ਕਰਦੇ, ਜਾਤਪਾਤੀ ਮੱਤਭੇਦਾਂ ਅਤੇ ਅੰਦਰੂਨੀ ਅਫ਼ਰਾ-ਤਫਰੀ ਦੀ ਰੇਤ ਨਾਲ ਉਸਾਰੀ ਗਈ ਭਾਰਤ ਦੀ ਆਜ਼ਾਦੀ ਸਮੁੰਦਰ ਦੇ ਕੰਢੇ ਉਪਰ ਸੁਰੱਖਿਅਤ ਨਹੀਂ ਰਹਿ ਸਕਦੀ।” 1947 ਦੀ ਸੱਤਾ ਬਦਲੀ ਨਾਲ ਹੋਂਦ ਵਿਚ ਆਏ ‘ਆਜ਼ਾਦ ਭਾਰਤ’ ਦੀ ਪੌਣੇ ਸੱਤ ਦਹਾਕਿਆਂ ਦੀ ਕਾਰਗੁਜ਼ਾਰੀ ਨਾਲ ਲੇਖਕ ਦੀ ਪੇਸ਼ੀਨਗੋਈ ਸੌ ਫ਼ੀਸਦੀ ਸੱਚ ਸਾਬਤ ਹੋਈ ਹੈ ਜੋ ਇਸ ਦਾ ਸਬੂਤ ਹੈ ਕਿ ਉਸ ਦੀ ਇਸ ਵਿਵਸਥਾ ਦੀ ਮੂਲ ਤਾਸੀਰ ਉਪਰ ਕਿੰਨੀ ਡੂੰਘੀ ਪਕੜ ਸੀ ਅਤੇ ਉਸ ਦੀ ਦ੍ਰਿਸ਼ਟੀ ਕਿੰਨੀ ਦੂਰ-ਅੰਦੇਸ਼ ਸੀ। ਇਨ੍ਹਾਂ ਦਹਾਕਿਆਂ ਦੌਰਾਨ ‘ਆਜ਼ਾਦ ਭਾਰਤ’ ਵਿਚ ਦਲਿਤਾਂ ਦੀ ਹੱਕ-ਜਤਾਈ ਅਤੇ ਉਨ੍ਹਾਂ ਦੀ ਆਪਣੇ ਮਨੁੱਖੀ ਸਵੈਮਾਣ ਦੀ ਬਹਾਲੀ ਦੀ ਰੀਝ ਨੂੰ ਕੁਚਲਣ ਲਈ ਬ੍ਰਾਹਮਣਵਾਦੀ ਵਿਵਸਥਾ ਦੀਆਂ ਪੈਰੋਕਾਰ ਤਾਕਤਾਂ ਅਤੇ ਅਜੋਕਾ ‘ਹਿੰਦੂ ਸਾਮਰਾਜਵਾਦ’ ਜਿਸ ਬੇਰਹਿਮੀ ਨਾਲ ਪੇਸ਼ ਆਇਆ ਤੇ ਅੱਜ ਤਾਈਂ ਆ ਰਿਹਾ ਹੈ, ਉਨ੍ਹਾਂ ਦਾ ਵਤੀਰਾ ਪੂਰੀ ਤਰ੍ਹਾਂ ਸਵਾਮੀ ਧਰਮ ਤੀਰਥ ਵਲੋਂ ਤਸੱਵਰ ਕੀਤੀ ਅਧੂਰੀ ਆਜ਼ਾਦੀ ਵਾਲੀ ਭਵਿੱਖੀ ਵਿਵਸਥਾ ਦੇ ਅਨੁਸਾਰ ਹੀ ਹੈ। ਦਰਅਸਲ ਬ੍ਰਾਹਮਣਵਾਦੀ ਵਿਵਸਥਾ ਨੇ ਆਪਣੇ ਸਰੂਪ ਨੂੰ ਸੱਤਾਬਦਲੀ ਦੇ ਨਵੇਂ ਹਾਲਾਤ ਅਨੁਸਾਰ ਢਾਲ-ਤਰਾਸ਼ ਕੇ ਅਤੇ ਇਸ ਉਪਰ ਆਵਾਮ ਦੀਆਂ ਆਜ਼ਾਦੀ, ਬਿਹਤਰ ਜ਼ਿੰਦਗੀ ਅਤੇ ਤਰੱਕੀ ਦੀਆਂ ਰੀਝਾਂ ਦਾ ਮੁਲੰਮਾ ਚਾੜ੍ਹ ਕੇ ਇਸ ਦੇ ਓਹਲੇ ਆਪਣੀ ਮੂਲ ਤਾਸੀਰ ਨੂੰ ਇਕ ਵਾਰ ਫਿਰ ਮਹਿਫੂਜ਼ ਬਣਾ ਲਿਆ ਸੀ।
ਮੋਦੀ ਦੀ ਅਗਵਾਈ ਹੇਠ ਹਿੰਦੂਤਵੀ ਫਾਸ਼ੀਵਾਦ ਦੇ ਸੱਤਾਨਸ਼ੀਨ ਹੋਣ ਦੇ ਸਮਕਾਲ ਅੰਦਰ, ਇਤਫ਼ਾਕਨ ਇਹ ਕਿਤਾਬ ਪੰਜਾਬੀ ਵਿਚ ਪਹਿਲੀ ਵਾਰ ਤਰਜਮਾ ਹੋ ਕੇ ਛਪਣ ਦੀ ਆਪਣੀ ਹੀ ਖ਼ਾਸ ਅਹਿਮੀਅਤ ਅਤੇ ਪ੍ਰਸੰਗਿਕਤਾ ਹੈ। ਅੱਜ ਜਦੋਂ ਸਮੁੱਚਾ ਭਗਵਾਂ ਬ੍ਰਿਗੇਡ, ਇਸ ਦੇ ‘ਥਿੰਕ-ਟੈਂਕ’ ਅਤੇ ਇਨ੍ਹਾਂ ਦਾ ਹੁਕਮਰਾਨ ਲਾਣਾ ਧਰਮ-ਨਿਰਪੱਖਤਾ, ਜਮਹੂਰੀਅਤ ਤੇ ਲੋਕ ਭਲਾਈ ਦੇ ਮੁਲੰਮੇ ਨੂੰ ਲਾਹ ਕੇ ਇਸ ਰਾਜ ਦਾ ਅਸਲ ਚਿਹਰਾ-ਮੋਹਰਾ ਬੇਖ਼ੌਫ਼ ਹੋ ਕੇ ਸਾਹਮਣੇ ਲਿਆਉਣ ਅਤੇ ਲੰਮੀਆਂ ਮਾਨਵਤਾਵਾਦੀ ਜੱਦੋ-ਜਹਿਦਾਂ ਦੇ ਸੀਮਤ ਹਾਸਲਾਂ ਨੂੰ ਬੇਰਹਿਮੀ ਨਾਲ ਖ਼ਤਮ ਕਰਨ ਲਈ ਪੂਰਾ ਤਾਣ ਲਾ ਰਹੇ ਹਨ ਤਾਂ ਇਸ ਰਾਜ ਅਤੇ ਇਸ ਦੀ ਬੁਨਿਆਦ, ਜ਼ਾਲਮ ਸਮਾਜੀ ਢਾਂਚੇ ਬਾਰੇ ਭਰਮ-ਭੁਲੇਖੇ ਦੂਰ ਹੋਣ ਦਾ ਰਾਹ ਵੀ ਸਹਿਲ ਹੋ ਗਿਆ ਹੈ। ਸਵਾਮੀ ਧਰਮ ਤੀਰਥ ਦੀ ਪੌਣੀ ਸਦੀ ਪਹਿਲਾਂ ਦੀ ਬੌਧਿਕ ਘਾਲਣਾ ਨੂੰ ਇਸ ਬਦਲ ਰਹੇ ਰਾਜਸੀ ਹਾਲਾਤ ਵਿਚ ਰੱਖ ਕੇ ਪੜ੍ਹਨ ਤੇ ਨਿਰਖਣ-ਪਰਖਣ ਦੀ ਲੋੜ ਹੈ। ਉਸ ਨੇ ਸਪਸ਼ਟ ਲਿਖਿਆ ਸੀ: “ਹਿੰਦੂਵਾਦੀ ਸਮਾਜਕ ਵਿਵਸਥਾ ਸਾਰੀ ਮਨੁੱਖਤਾ ਦੀ ਆਜ਼ਾਦੀ, ਏਕਤਾ ਅਤੇ ਸ਼ਾਂਤੀ ਲਈ ਧਮਕੀ, ਦਹਿਸ਼ਤ ਅਤੇ ਗੰਭੀਰ ਖ਼ਤਰਾ ਹੈ। (ਸਫ਼ਾ 307)æææਜਾਤੀ ਦੀ ਸਰਗਰਮੀ ਉਦੋਂ ਸੱਚਮੁੱਚ ਖ਼ਤਮ ਹੋ ਜਾਵੇਗੀ, ਜਦੋਂ ਰਾਜ ਇਸ ਨੂੰ ਨੇਕ-ਨੀਅਤੀ ਨਾਲ ਖ਼ਤਮ ਕਰਨਾ ਚਾਹੇਗਾ।” ਲਿਹਾਜ਼ਾ ਇਸ “ਹਿੰਦੂ ਸਾਮਰਾਜਵਾਦ” ਨੂੰ ਫ਼ਨਾਹ ਕਰਨ ਦੇ ਸਪਸ਼ਟ ਕਾਜ ਨੂੰ ਬੁਨਿਆਦੀ ਸਮਾਜਕ ਬਦਲਾਅ ਲਈ ਜੱਦੋ-ਜਹਿਦ ਦਾ ਅਨਿੱਖੜ ਅੰਗ ਬਣਾ ਕੇ ਲੜਨਾ ਹੀ ਸੱਚੇ ਸਮਾਜਕ ਤਬਦੀਲੀ ਦੀ ਜ਼ਾਮਨੀ ਹੈ।
ਅਮਰੀਕਾ ਵਿਚ ਮਿਹਨਤ-ਮੁਸ਼ੱਕਤ ਵਿਚ ਮਸਰੂਫ਼ ਸੋਢੀ ਸੁਲਤਾਨ ਸਿੰਘ ਦਾ ਅਜਿਹੇ ਮੌਕਾ-ਮੇਲ ਉਪਰ ਐਨੀ ਦੁਰਲੱਭ ਕਿਤਾਬ ਤਲਾਸ਼ਣੀ, ਇਸ ਦਾ ਤਰਜਮਾ ਕਰਨ ਦਾ ਵੱਡਾ ਹੰਭਲਾ ਮਾਰਨਾ ਅਤੇ ਫਿਰ ਖ਼ੁਦ ਹੀ ਇਸ ਨੂੰ ਪੱਲਿਓਂ ਪੈਸੇ ਖ਼ਰਚ ਕੇ ਛਪਵਾਉਣਾ ਆਪਣੇ ਆਪ ਵਿਚ ਮਾਅਰਕਾ ਹੈ। ਇੰਨੇ ਵੱਡੇ ਤਰੱਦਦ ਲਈ ਤਰਜਮਾਕਾਰ ਸੱਚੀਂ ਹੀ ਵਧਾਈ ਦਾ ਹੱਕਦਾਰ ਹੈ। ਉਸ ਵਲੋਂ ਜਾਤਪਾਤੀ ਭੇਦਭਾਵ ਨਾਲ ਆਪਣੇ ਪ੍ਰਚੰਡ ਨਿੱਜੀ ਸੰਘਰਸ਼ ਦੀ ਤਫ਼ਸੀਲ ਰੂਪੀ ਡੇਢ ਸੌ ਸਫ਼ਿਆਂ ਦੀ ਅੰਤਿਕਾ ਕਿਤਾਬ ਵਿਚ ਸ਼ਾਮਲ ਕਰ ਦੇਣ ਨਾਲ ਇਹ ਕਿਤਾਬ ਕੁਝ ਕੁ ਬੋਝਲ ਜ਼ਰੂਰ ਹੋ ਗਈ ਜਾਪਦੀ ਹੈ, ਪਰ ਜਾਤਪਾਤੀ ਵਿਵਸਥਾ ਇਨਸਾਨ ਦੇ ਸਵੈਮਾਣ ਨੂੰ ਜਿਸ ਕਦਰ ਕੁਚਲਦੀ ਤੇ ਉਸ ਦੀ ਕੋਮਲਤਾ ਨੂੰ ਵਲੂੰਧਰਦੀ ਹੈ, ਉਸ ਦੇ ਮੱਦੇਨਜ਼ਰ ਇਸ ਘਿਨਾਉਣੇ ਵਰਤਾਰੇ ਦੇ ਪ੍ਰਤੀਕਰਮ ਵਿਚੋਂ ਅਜਿਹੀਆਂ ਸੰਪਾਦਕੀ ਖ਼ਾਮੀਆਂ ਬਹੁਤੇ ਮਾਇਨੇ ਨਹੀਂ ਰੱਖਦੀਆਂ।