ਡਾæ ਗੁਰਨਾਮ ਕੌਰ, ਕੈਨੇਡਾ
ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਜੀਵ ਨੂੰ ਇਸ ਸੰਸਾਰ ਤੋਂ ਕੂਚ ਕਰਨਾ ਪੈਂਦਾ ਹੈ, ਉਮਰ ਭਾਵੇਂ ਛੋਟੀ ਹੋਵੇ ਅਤੇ ਭਾਵੇਂ ਵੱਡੀ, ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ। ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਜਦੋਂ ਉਸ ਸਿਰਜਣਹਾਰ ਦੇ ਹੁਕਮ ਅਨੁਸਾਰ ਮੌਤ ਦਾ ਸੱਦਾ ਆਉਂਦਾ ਹੈ ਤਾਂ ਸਰੀਰ ਦੇ ਨੌਂ ਦਰਵਾਜ਼ੇ ਬੰਦ ਹੋ ਜਾਂਦੇ ਹਨ ਅਰਥਾਤ ਮੂੰਹ, ਕੰਨ, ਨੱਕ ਆਦਿ ਗਿਆਨ ਇੰਦ੍ਰੀਆਂ ਆਪਣਾ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ ਅਤੇ ਹੰਸ ਭਾਵ ਜੀਵ-ਆਤਮਾ ਉਪਰ ਪਰਲੋਕ ਵਿਚ ਚਲਾ ਜਾਂਦਾ ਹੈ।
ਪਤੀ ਤੋਂ ਬਿਨਾ ਇਸਤਰੀ ਇਕੱਲੀ ਰਹਿ ਜਾਂਦੀ ਹੈ, ਪਤੀ ਤੋਂ ਵਿਛੜ ਜਾਂਦੀ ਹੈ, ਉਹ ਮਾਇਆ ਦੇ ਮੋਹ ਵਿਚ ਅਰਥਾਤ ਸੰਸਾਰਕ ਮੋਹ ਵਿਚ ਲੁੱਟੀ ਜਾਂਦੀ ਹੈ। ਉਹ ਪਤੀ-ਵਿਹੂਣੀ ਹੋ ਜਾਂਦੀ ਹੈ, ਉਸ ਦੇ ਪਤੀ ਦੀ ਮ੍ਰਿਤਕ ਦੇਹ ਘਰ ਦੇ ਵਿਹੜੇ ਵਿਚ ਪਈ ਹੁੰਦੀ ਹੈ ਅਤੇ ਉਹ ਦਹਿਲੀਜਾਂ ਵਿਚ ਬੈਠੀ ਰੋਂਦੀ ਹੈ। ਉਹ ਆਪਣੀ ਮਾਂ ਨਾਲ ਆਪਣਾ ਗਮ ਸਾਂਝਾ ਕਰਦੀ ਹੈ, ਮਾਂ ਨੂੰ ਪੁਕਾਰਦੀ ਹੈ ਕਿ ਹੇ ਮਾਏ! ਇਸ ਮੌਤ ਨੂੰ ਦੇਖ ਕੇ ਮੇਰੀ ਸੁਰਤਿ ਮਾਰੀ ਗਈ ਹੈ, ਮੈਨੂੰ ਕੋਈ ਸੋਝੀ ਨਹੀਂ ਰਹੀ। ਗੁਰੂ ਨਾਨਕ ਸਾਹਿਬ ਜੀਵ-ਇਸਤਰੀ ਨੂੰ ਸੰਬੋਧਨ ਕਰਦੇ ਹਨ, ਪ੍ਰਾਣੀ-ਮਾਤਰ ਨੂੰ ਉਪਦੇਸ਼ ਦਿੰਦੇ ਹਨ ਕਿ ਇਹ ਅਕਾਲ ਪੁਰਖ ਦਾ ਭਾਣਾ ਹੈ ਇਸ ਲਈ ਤੁਸੀਂ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਗੁਣਾਂ ਨੂੰ, ਉਸ ਦੀ ਸਿਫਤਿ-ਸਾਲਾਹ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਵੈਰਾਗ ਵਿਚ ਆਉ,
ਨਉ ਦਰ ਠਾਕੇ ਹੁਕਮਿ ਸਚੈ ਹੰਸੁ ਗਇਆ ਗੈਣਾਰੇ॥
ਸਾਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜਾ ਅੰਙਨੜੇ ਬਾਰੇ॥
ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ ਦਰਬਾਰੇ॥
ਰੋਵਹੁ ਕੰਤ ਮਹੇਲੀਹੋ ਸਚੇ ਕੇ ਗੁਣ ਸਾਰੇ॥੫॥ (ਪੰਨਾ ੫੮੦)
ਅਗਲੀਆਂ ਤੁਕਾਂ ਵਿਚ ਦੱਸਿਆ ਹੈ ਕਿ ਅੰਤਿਮ ਵੇਲੇ ਪ੍ਰਾਣੀ ਨੂੰ ਜਲ ਨਾਲ ਮਲ ਕੇ ਨੁਹਾਉਂਦੇ ਹਨ ਅਰਥਾਤ ਇਸ਼ਨਾਨ ਕਰਵਾਇਆ ਜਾਂਦਾ ਹੈ ਅਤੇ ਰੇਸ਼ਮ ਦੇ ਸੁਹਣੇ ਬਸਤਰ ਪਹਿਨਾਏ ਜਾਂਦੇ ਹਨ। ਅੰਤਿਮ ਸਮੇਂ ਵਾਜੇ ਵਜਾਏ ਗਏ ਅਤੇ ਚੰਗੇ ਚੰਗੇ ਸ਼ਬਦਾਂ ਨਾਲ ਪਰਮਾਤਮਾ ਦਾ ਨਾਮ ਲੈ ਕੇ ਸਕੇ ਸਬੰਧੀ ਮਨ ਮਾਰ ਕੇ ਵਿਛੋੜੇ ਦੇ ਗਮ ਨਾਲ ਮੋਇਆਂ ਵਰਗੇ ਹੋ ਗਏ। ਇਸਤਰੀ ਅਜਿਹੇ ਸਮੇਂ ਆਪਣਾ ਦੁੱਖ ਪਰਗਟ ਕਰਦੀ ਹੈ ਕਿ ਪਤੀ ਦੇ ਵਿਛੜ ਜਾਣ ਨਾਲ ਉਸ ਦਾ ਜੀਵਨ ਵੀ ਮਰਨ ਬਰਾਬਰ ਹੋ ਗਿਆ ਹੈ ਅਤੇ ਦੁਨੀਆਂ ਉਤੇ ਉਸ ਦਾ ਜੀਵਨ ਧ੍ਰਿਗ ਹੈ, ਬੇਕਾਰ ਹੈ। ਗੁਰੂ ਸਾਹਿਬ ਮਨੁੱਖ ਨੂੰ ਨਸੀਹਤ ਕਰਦੇ ਹਨ ਕਿ ਸੱਚਾ ਮਰਨਾ ਤਾਂ ਹੁੰਦਾ ਹੈ ਜਦੋਂ ਮਨੁੱਖ ਉਸ ਸੱਚੇ ਪਤੀ ਅਕਾਲ ਪੁਰਖ ਦੇ ਪ੍ਰੇਮ ਵਿਚ ਕਿਰਤ-ਕਮਾਈ ਕਰਕੇ ਜਿਉਂਦਾ ਹੈ ਅਤੇ ਆਪਣੇ ਮਨ ਨੂੰ ਸੰਸਾਰਕ ਮੋਹ ਵਲੋਂ ਮਾਰ ਲੈਂਦਾ ਹੈ, ਉਹ ਮਰਨਾ ਸੱਚਾ ਮਰਨਾ ਹੈ,
ਜਲਿ ਮਲਿ ਜਾਨੀ ਨਾਵਾਲਿਆ ਕਪੜਿ ਪਟਿ ਅੰਬਾਰੇ॥
ਵਾਜੇ ਵਜੇ ਸਚੀ ਬਾਣੀਆ ਪੰਚ ਮੁਏ ਮਨੁ ਮਾਰੇ॥
ਜਾਨੀ ਵਿਛੁੰਨੜੇ ਮੇਰਾ ਮਰਣੁ ਭਇਆ ਧ੍ਰਿਗੁ ਜੀਵਣੁ ਸੰਸਾਰੇ॥
ਜੀਵਤੁ ਮਰੈ ਸੁ ਜਾਣੀਐ ਪਿਰ ਸਚੜੈ ਹੇਤਿ ਪਿਆਰੇ॥੬॥ (ਪੰਨਾ ੫੮੦)
ਅੱਗੇ ਜੀਵ-ਇਸਤਰੀਆਂ ਨੂੰ ਚੇਤੰਨ ਕੀਤਾ ਹੈ ਕਿ ਜਿੰਨਾ ਚਿਰ ਤੁਹਾਨੂੰ ਇਸ ਸੰਸਾਰਕ ਮੋਹ ਨੇ ਠੱਗਿਆ ਹੋਇਆ ਹੈ, ਤੁਸੀਂ ਮਾਇਆਵੀ ਮੋਹ ਵਿਚ ਠੱਗੀਆਂ ਰਹੋਗੀਆਂ, ਉਦੋਂ ਤੱਕ ਤੁਸੀਂ ਦੁਖੀ ਹੋ ਕੇ ਰੋਂਦੇ ਰਹਿਣਾ ਹੈ। ਇਹੀ ਸਮਝਿਆ ਜਾਂਦਾ ਹੈ ਕਿ ਜੀਵ-ਇਸਤਰੀ ਦੁੱਖ ਭੋਗਣ ਲਈ ਹੀ ਸੰਸਾਰ ‘ਤੇ ਆਉਂਦੀ ਹੈ। ਇਥੇ ਜੀਵ-ਇਸਤਰੀ ਸਮਝਾਉਂਦੀ ਹੈ ਕਿ ਉਹ ਸੰਸਾਰਕ ਮੋਹ ਵਿਚ ਠੱਗੀ ਜਾ ਰਹੀ ਹੈ ਅਤੇ ਸੰਸਾਰਕ ਧੰਦਿਆਂ ਵਿਚ ਭਟਕ ਰਹੀ ਹੈ, ਇਸ ਲਈ ਉਸ ਨੂੰ ਪਰਮਾਤਮਾ-ਪਤੀ ਨੇ ਵਿਸਾਰਿਆ ਹੋਇਆ ਹੈ ਅਤੇ ਉਹ ਨਿਖਸਮੀ ਇਸਤਰੀ ਦੀ ਤਰ੍ਹਾਂ ਜੀਵਨ ਬਸਰ ਕਰ ਰਹੀ ਹੈ। ਉਹ ਅਕਾਲ ਪੁਰਖ ਸੁਆਮੀ ਹਰ ਇੱਕ ਦੇ ਅੰਦਰ ਵੱਸ ਰਿਹਾ ਹੈ। ਸੁਹਾਗਣ ਜੀਵ-ਇਸਤਰੀਆਂ ਘਰ ਘਰ ਅੰਦਰ ਹਨ ਜਿਹੜੀਆਂ ਉਸ ਸੁੰਦਰ ਮਾਲਕ ਅਕਾਲ ਪੁਰਖ ਦੇ ਪਿਆਰ ਵਿਚ, ਉਸ ਦੇ ਪ੍ਰੇਮ ਵਿਚ ਮਗਨ ਰਹਿੰਦੀਆਂ ਹਨ। ਜਦੋਂ ਤੱਕ ਜੀਵ ਇਸਤਰੀ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮ-ਪਤੀ ਦੀ ਸਿਫਤਿ-ਸਾਲਾਹ ਕਰਦੀ ਹੈ, ਉਸ ਦੇ ਗੁਣਾਂ ਦਾ ਗਾਇਨ ਕਰਦੀ ਹੈ, ਉਸ ਅਕਾਲ ਪੁਰਖ ਦੇ ਨਾਮ ਵਿਚ ਜੁੜੇ ਰਹਿਣ ਕਾਰਨ ਉਸ ਦਾ ਮਨ ਅਤੇ ਤਨ- ਦੋਵੇਂ ਖਿੜਾਉ ਵਿਚ ਰਹਿੰਦੇ ਹਨ, ਸੱਚੇ ਪਰਮਾਤਮਾ ਦਾ ਨਾਮ ਸਿਮਰਨ ਨਾਲ ਸਦੀਵੀ ਅਨੰਦ ਦੀ ਪ੍ਰਾਪਤੀ ਹੁੰਦੀ ਹੈ,
ਤੁਸੀ ਰੋਵਹੁ ਰੋਵਣ ਆਈਹੋ ਝੂਠਿ ਮੁਠੀ ਸੰਸਾਰੇ॥
ਹਉ ਮੁਠੜੀ ਧੰਧੈ ਧਾਵਣੀਆ ਪਿਰਿ ਛੋਡਿਅੜੀ ਵਿਧਣਕਾਰੇ॥
ਘਰਿ ਘਰਿ ਕੰਤੁ ਮਹੇਲੀਆ ਰੂੜੈ ਹੇਤਿ ਪਿਆਰੇ॥
ਮੈ ਪਿਰੁ ਸਚੁ ਸਾਲਾਹਣਾ ਹਉ ਰਹਸਿਅੜੀ ਨਾਮਿ ਭਤਾਰੇ॥੭॥ (ਪੰਨਾ ੫੮੦-੮੧)
ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਕਿ ਜਿਸ ਜੀਵ-ਇਸਤਰੀ ਨੂੰ ਗੁਰੂ ਮਿਲ ਪੈਂਦਾ ਹੈ ਉਸ ਦਾ ਕਾਇਆ-ਕਲਪ ਹੋ ਜਾਂਦਾ ਹੈ, ਉਸ ਦਾ ਵੇਸ ਪਲਟ ਗਿਆ ਹੈ ਭਾਵ ਉਸ ਦਾ ਸੁਭਾਅ ਚੰਗਾ ਹੋ ਗਿਆ ਹੈ ਅਤੇ ਅਕਾਲ ਪੁਰਖ ਦਾ ਨਾਮ ਉਸ ਦਾ ਸੱਚਾ ਸ਼ਿੰਗਾਰ ਬਣਿਆ ਹੈ। ਉਹ ਜੀਵ-ਇਸਤਰੀ ਆਪਣੀਆਂ ਸੰਗੀ ਇਸਤਰੀਆਂ ਨੂੰ ਕਹਿੰਦੀ ਹੈ ਕਿ ਆਉ ਮਿਲ ਬੈਠ ਕੇ, ਸੰਗਤੀ ਰੂਪ ਵਿਚ ਉਸ ਅਕਾਲ ਪੁਰਖ ਦਾ ਸਿਮਰਨ ਕਰੀਏ ਜਿਸ ਨੇ ਇਸ ਸੰਸਾਰ ਦੀ ਸਿਰਜਣਾ ਕੀਤੀ ਹੈ। ਜਿਹੜੀ ਜੀਵ ਇਸਤਰੀ ਅਕਾਲ ਪੁਰਖ ਦੇ ਨਾਮ ਵਿਚ ਆਪਣੀ ਸੁਰਤਿ ਜੋੜਦੀ ਹੈ, ਉਹ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ ਅਤੇ ਸਦੀਵੀ ਕਾਇਮ ਰਹਿਣ ਵਾਲਾ ਵਾਹਿਗੁਰੂ ਉਸ ਦੇ ਜੀਵਨ ਨੂੰ ਸੁਹਣਾ ਬਣਾ ਦਿੰਦਾ ਹੈ। ਗੁਰੂ ਸਾਹਿਬ ਜੀਵ-ਇਸਤਰੀ ਨੂੰ ਸਮਝਾਉਂਦੇ ਹਨ ਕਿ ਵਿਛੋੜੇ ਦਾ ਗੀਤ ਨਾ ਗਾਉ ਬਲਕਿ ਅਕਾਲ ਪੁਰਖ ਦਾ ਵਿਚਾਰ ਕਰੀਏ, ਉਸ ਦੀ ਸਿਫਤਿ-ਸਾਲਾਹ ਕਰੀਏ, ਫਿਰ ਕਦੀ ਉਸ ਤੋਂ ਵਿਛੋੜਾ ਨਹੀਂ ਹੋਵੇਗਾ,
ਗੁਰਿ ਮਿਲਿਐ ਵੇਸੁ ਪਲਟਿਆ ਸਾਧਨ ਸਚੁ ਸੀਗਾਰੋ॥
ਆਵਹੁ ਮਿਲਹੁ ਸਹੇਲੀਹੋ ਸਿਮਰਹੁ ਸਿਰਜਣਹਾਰੋ॥
ਬਈਅਰਿ ਨਾਮਿ ਸੋਹਾਗਣੀ ਸਚੁ ਸਵਾਰਣਹਾਰੋ॥
ਗਾਵਹੁ ਗੀਤੁ ਨ ਬਿਰਹੜਾ ਨਾਨਕ ਬ੍ਰਹਮ ਬੀਚਾਰੋ॥੮॥੩॥ (ਪੰਨਾ ੫੮੧)
ਅਗਲੇ ਸ਼ਬਦ ਵਿਚ ਇਸੇ ਵਿਚਾਰ ਨੂੰ ਜਾਰੀ ਰੱਖਦਿਆਂ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਉਹ ਅਕਾਲ ਪੁਰਖ ਜਿਸ ਨੇ ਇਸ ਸੰਸਾਰ ਦੀ ਰਚਨਾ ਕਰਕੇ ਫਿਰ ਆਪ ਹੀ ਇਸ ਨੂੰ ਆਪਣੇ ਵਿਚ ਸਮਾ ਲਿਆ ਹੈ, ਉਸ ਨੁੰ ਕੁਦਰਤਿ ਰਾਹੀਂ ਜਾਣੋ, ਉਹ ਆਪਣੀ ਕੁਦਰਤਿ ਵਿਚ ਵੱਸਦਾ ਹੈ। ਉਸ ਸਦੀਵੀ ਕਾਇਮ ਰਹਿਣ ਵਾਲੀ ਹਸਤੀ ਨੂੰ ਦੂਰ ਲੱਭਣ ਦੀ ਜ਼ਰੂਰਤ ਨਹੀਂ ਹੈ, ਉਹ ਘਟ ਘਟ ਅਰਥਾਤ ਹਰ ਰਚਨਾ ਵਿਚ ਸ਼ਬਦ ਰੂਪ ਹੋ ਕੇ ਵੱਸ ਰਿਹਾ ਹੈ, ਉਸ ਦੀ ਵਿਆਪਕਤਾ ਨੂੰ ਪਛਾਨਣ ਦੀ ਜ਼ਰੂਰਤ ਹੈ। ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ, ਉਸ ਨੂੰ ਉਸ ਦੀ ਕੁਦਰਤਿ ਤੋਂ ਦੂਰ ਨਹੀਂ ਸਮਝਣਾ, ਉਸ ਨੂੰ ਕੁਦਰਤਿ ਵਿਚ ਵਰਤ ਰਹੇ ਉਸ ਦੇ ਹੁਕਮ ਰਾਹੀਂ ਪਛਾਨਣਾ ਹੈ। ਜਦੋਂ ਮਨੁੱਖ ਅਕਾਲ ਪੁਰਖ ਦਾ ਨਾਮ ਸਿਮਰਦਾ ਹੈ ਤਾਂ ਉਸ ਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਉਸ ਨੂੰ ਆਤਮਿਕ ਅਨੰਦ ਮਿਲਦਾ ਹੈ। ਪਰ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾਂ ਦੁਨੀਆਂ ਵਿਕਾਰਾਂ ਦੇ ਸਾਹਮਣੇ ਜਿੱਤਣ ਤੋਂ ਅਸਮਰੱਥ ਹੋ ਜਾਂਦੀ ਹੈ। ਜਿਸ ਨੇ ਇਸ ਦੁਨੀਆਂ ਨੂੰ ਪੈਦਾ ਕੀਤਾ ਹੈ, ਇਸ ਦੀ ਸਥਾਪਨਾ ਕੀਤੀ ਹੈ ਉਹ ਹੀ ਇਸ ਦੀ ਰੱਖਿਆ ਕਰਨ ਦੀ ਵਿਧੀ ਜਾਣਦਾ ਹੈ, ਕੋਈ ਜੀਵ ਕੋਈ ਹੋਰ ਉਪਦੇਸ਼ ਬਿਆਨ ਨਹੀਂ ਕਰ ਸਕਦਾ। ਜਿਸ ਨੇ ਇਸ ਸੰਸਾਰ ਦੀ ਸਥਾਪਨਾ ਕਰਕੇ ਮਾਇਆ-ਮੋਹ ਰੂਪੀ ਜਾਲ ਵੀ ਆਪ ਹੀ ਵਿਛਾਇਆ ਹੈ, ਉਹ ਹੀ ਸਭ ਦਾ ਪਰਵਾਨਿਤ ਮਾਲਕ ਹੈ ਜੋ ਸਭ ਦੀ ਰੱਖਿਆ ਕਰਨ ਦੇ ਸਮਰੱਥ ਹੈ,
ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ॥
ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ॥
ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ ਰਚਨਾ ਰਾਚੀ॥
ਨਾਮੁ ਧਿਆਏ ਤਾ ਸੁਖੁ ਪਾਏ ਬਿਨੁ ਨਾਵੈ ਪਿੜ ਕਾਚੀ॥
ਜਿਨਿ ਥਾਪੀ ਬਿਧਿ ਜਾਣੈ ਸੋਈ ਕਿਆ ਕੋ ਕਹੈ ਵਖਾਣੋ॥
ਜਿਨਿ ਜਗੁ ਥਾਪਿ ਵਤਾਇਆ ਜਾਲੁ ਸੋ ਸਾਹਿਬੁ ਪਰਵਾਣੋ॥੧॥ (ਪੰਨਾ ੫੮੧)
ਅੱਗੇ ਬਿਆਨ ਕੀਤਾ ਹੈ ਕਿ ਜੋ ਜੋ ਵੀ ਇਸ ਸੰਸਾਰ ‘ਤੇ ਪੈਦਾ ਹੋਇਆ ਹੈ, ਉਸ ਨੇ ਇੱਕ ਦਿਨ ਇਥੋਂ ਚਲੇ ਜਾਣਾ ਹੈ, ਕਿਉਂਕਿ ਇਹ ਸੰਸਾਰ ਅੱਧੀ ਵਾਟ ਹੈ ਅਰਥਾਤ ਇਹ ਮਨੁੱਖ ਦੀ ਮੰਜ਼ਿਲ ਨਹੀਂ ਹੈ। ਇਥੇ ਮਨੁੱਖ ਨਾਮ ਸਿਮਰਨ ਲਈ ਆਇਆ ਹੈ ਅਤੇ ਨਾਮ ਤੋਂ ਬਿਨਾਂ ਜਨਮ-ਮਰਨ ਦੇ ਚੱਕਰ ਵਿਚ ਪਿਆ ਰਹਿੰਦਾ ਹੈ। ਉਸ ਸਦੀਵੀ ਹਸਤੀ ਅਕਾਲ ਪੁਰਖ ਨੇ ਮਨੁੱਖ ਦੇ ਪੂਰਬਲੇ ਭਾਵ ਪਹਿਲਾਂ ਕੀਤੇ ਹੋਏ ਕਰਮਾਂ ਦੇ ਵਿਚਾਰ ਅਨੁਸਾਰ ਉਸ ਦੇ ਮੱਥੇ ‘ਤੇ ਸੁੱਖ ਅਤੇ ਦੁੱਖ ਭੋਗਣ ਦੇ ਲੇਖ ਲਿਖ ਦਿੱਤੇ ਹਨ। ਮਨੁੱਖ ਨੇ ਜਿਸ ਤਰ੍ਹਾਂ ਦੇ ਕਰਮ ਕੀਤੇ ਹੋਏ ਹਨ, ਉਸੇ ਅਨੁਸਾਰ ਸਿਰਜਣਹਾਰ ਨੇ ਉਸ ਨੂੰ ਸੁੱਖ ਅਤੇ ਦੁੱਖ ਭੋਗਣ ਲਈ ਦੇ ਦਿੱਤਾ ਹੈ ਅਤੇ ਇਨ੍ਹਾਂ ਕੀਤੇ ਹੋਏ ਕਰਮਾਂ ਦਾ ਸਮੁੱਚ ਮਨੁੱਖ ਦੇ ਨਾਲ ਨਿਭਦਾ ਹੈ।
ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਮਨੁੱਖ ਦੇ ਆਪਣੇ ਹੱਥ ਵਿਚ ਕੁਝ ਨਹੀਂ ਹੈ, ਸਾਰੇ ਕਰਮ ਉਹ ਅਕਾਲ ਪੁਰਖ ਦੇ ਹੁਕਮ ਵਿਚ ਹੀ ਕਰਦਾ ਹੈ, ਵਾਹਿਗੁਰੂ ਆਪ ਹੀ ਉਸ ਤੋਂ ਸਭ ਕੁਝ ਕਰਵਾਉਂਦਾ ਹੈ। ਮਨੁੱਖ ਉਸ ਦੇ ਭਾਣੇ ਤੋਂ ਬਾਹਰ ਕੁਝ ਹੋਰ ਨਹੀਂ ਕਰਦਾ। ਉਹ ਅਕਾਲ ਪੁਰਖ ਆਪ ਤਾਂ ਇਨ੍ਹਾਂ ਸੰਸਾਰਕ ਕਰਮਾਂ ਅਤੇ ਬੰਧਨਾਂ ਤੋਂ ਨਿਰਲੇਪ ਹੈ, ਅਟੰਕ ਹੈ ਅਤੇ ਇਸ ਸੰਸਾਰ ਨੂੰ ਧੰਦਿਆਂ ਵਿਚ ਬੰਨ੍ਹਿਆ ਹੋਇਆ ਹੈ। ਅਕਾਲ ਪੁਰਖ ਆਪ ਹੀ ਜੀਵਾਂ ਨੂੰ ਇਸ ਮਾਇਆ-ਮੋਹ ਦੇ ਬੰਧਨਾਂ ਤੋਂ ਛੁਡਾਉਣ ਦੇ ਸਮਰੱਥ ਹੈ। ਮਨੁੱਖ ਉਸ ਸਿਰਜਣਹਾਰ ਦੇ ਨਾਮ ਦਾ ਸਿਮਰਨ ਕਰਨ ਤੋਂ ਅੱਜ ਕੱਲ ਕਰਕੇ ਆਲਸ ਕਰਦਾ ਰਹਿੰਦਾ ਹੈ ਅਤੇ ਇਸ ਆਲਸ ਵਿਚ ਹੀ ਪਤਾ ਨਹੀਂ ਕਦੋਂ ਉਸ ਨੂੰ ਕਾਲ ਆ ਵਿਆਪਦਾ ਹੈ ਅਤੇ ਉਹ ਸੰਸਾਰਕ ਮੋਹ ਵਿਚ ਫਸਿਆ ਵਿਕਾਰਾਂ ਭਾਵ ਵਿਅਰਥ ਕੰਮਾਂ ਵਿਚ ਪਿਆ ਹੋਇਆ ਆਲਸ ਕਰਦਾ ਰਹਿੰਦਾ ਹੈ,
ਬਾਬਾ ਆਇਆ ਹੈ ਉਠਿ ਚਲਣਾ ਅਧ ਪੰਧੈ ਹੈ ਸੰਸਾਰੋਵਾ॥
ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ ਵੀਚਾਰੋਵਾ॥
ਦੁਖੁ ਸੁਖੁ ਦੀਆ ਜੇਹਾ ਕੀਆ ਸੋ ਨਿਬਹੈ ਜੀਅ ਨਾਲੇ॥
ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ॥
ਆਪਿ ਨਿਰਾਲਮੁ ਧੰਧੈ ਬਾਧੀ ਕਰਿ ਹੁਕਮੁ ਛਡਾਵਣਹਾਰੋ॥
ਅਜੁ ਕਲਿ ਕਾਲੁ ਬਿਆਪੈ ਦੂਜੈ ਭਾਇ ਵਿਕਾਰੋ॥੨॥ (ਪੰਨਾ ੫੮੧)
ਇਸੇ ਸੰਸਾਰਕ ਭੱਜ-ਦੌੜ ਵਿਚ ਆਖਰ ਇੱਕ ਦਿਨ ਸਿਰ ‘ਤੇ ਜਮ ਆ ਕੇ ਖੜ੍ਹੇ ਹੋ ਜਾਂਦੇ ਹਨ, ਅੰਤਿਮ ਸਮਾਂ ਆ ਜਾਂਦਾ ਹੈ। ਜਦੋਂ ਜੀਵ ਜਮ ਵਾਲਾ ਰਸਤਾ ਫੜਦਾ ਹੈ ਤਾਂ ਉਸ ਰਸਤੇ ‘ਤੇ ਉਜਾੜ ਹੀ ਉਜਾੜ ਹੈ, ਘੁੱਪ ਹਨੇਰਾ ਹੈ ਜਿਸ ਕਰਕੇ ਅੰਤਿਮ ਵੇਲੇ ਮਨੁੱਖ ਨੂੰ ਕੁਝ ਨਹੀਂ ਸੁਝਦਾ, ਇਸ ਤੋਂ ਬਾਹਰ ਆਉਣ ਦਾ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਇਸ ਰਸਤੇ ‘ਤੇ ਮਨੁੱਖ ਨੂੰ ਨਾ ਪਾਣੀ, ਨਾ ਨਿੱਘੇ ਬਿਸਤਰੇ ਲੇਫ-ਤਲਾਈਆਂ ਅਤੇ ਨਾ ਹੀ ਕਈ ਪ੍ਰਕਾਰ ਦਾ ਭੋਜਨ ਮਿਲਦਾ ਹੈ, ਨਾ ਕੋਈ ਆਦਰ ਕਰਦਾ ਹੈ, ਨਾ ਹੀ ਪਹਿਨਣ ਲਈ ਕੋਈ ਸੁਹਣਾ ਕੱਪੜਾ ਮਿਲਦਾ ਹੈ। ਭਾਵ ਸੰਸਾਰਕ ਸੁੱਖ ਦੇ ਸਾਰੇ ਪਦਾਰਥ ਪਿੱਛੇ ਛੁੱਟ ਜਾਂਦੇ ਹਨ। ਜਮਰਾਜ ਜੀਵ ਦੇ ਗਲ ਵਿਚ ਸੰਗਲ ਪਾਉਂਦਾ ਹੈ ਅਰਥਾਤ ਮਾਇਆ-ਮੋਹ ਵਿਚ ਫਸਿਆ ਮਨੁੱਖ ਜਮਾਂ ਦੀ ਮਾਰ ਖਾਂਦਾ ਹੈ ਅਤੇ ਇਸ ਸਾਰੇ ਕਸ਼ਟ ਤੋਂ ਬਚਣ ਲਈ ਉਸ ਨੂੰ ਕੋਈ ਘਰ, ਕੋਈ ਆਸਰਾ ਨਜ਼ਰ ਨਹੀਂ ਆਉਂਦਾ। ਜਦੋਂ ਜਮਾਂ ਦੀਆਂ ਚੋਟਾਂ ਪੈ ਰਹੀਆਂ ਹੁੰਦੀਆਂ ਹਨ ਜੇ ਮਨੁੱਖ ਉਦੋਂ ਨਾਮ ਸਿਮਰਨ ਆਦਿ ਚੰਗੇ ਕਰਮਾਂ ਦੇ ਬੀ ਬੀਜੇ ਤਾਂ ਉਹ ਉਗ ਨਹੀਂ ਸਕਦੇ ਭਾਵ ਅਜਿਹੇ ਕਰਮਾਂ ਦੇ ਬੀ ਬੀਜਣ ਅਤੇ ਉਗਣ ਦਾ ਸਮਾਂ ਵਿਹਾ ਚੁੱਕਾ ਹੁੰਦਾ ਹੈ। ਅਜਿਹੇ ਵੇਲੇ ਮਨੁੱਖ ਪਛਤਾਉਂਦਾ ਹੈ ਅਤੇ ਉਸ ਦੇ ਸਿਰ ਕੀਤੇ ਹੋਏ ਪਾਪਾਂ ਦਾ ਪਿਆ ਭਾਰ ਲਹਿ ਨਹੀਂ ਸਕਦਾ।
ਗੁਰੂ ਨਾਨਕ ਸਾਹਿਬ ਮਨੁੱਖ ਨੂੰ ਸਮਝਾਉਂਦੇ ਹਨ ਕਿ ਉਸ ਸੱਚੇ ਪਰਵਰਦਗਾਰ ਤੋਂ ਬਿਨਾਂ ਮਨੁੱਖ ਦਾ ਕੋਈ ਆਸਰਾ ਅਤੇ ਸਾਥੀ ਨਹੀਂ ਹੈ, ਇਸ ਵਿਚਾਰ ਨੂੰ ਹਮੇਸ਼ਾ ਮਨ ਵਿਚ ਵਸਾ ਕੇ ਰੱਖਣਾ ਚਾਹੀਦਾ ਹੈ। ਅਕਾਲ ਪੁਰਖ ਦਾ ਨਾਮ ਸਿਮਰਨ ਹੀ ਅੰਤ ਵਿਚ ਸਹਾਈ ਹੁੰਦਾ ਹੈ,
ਜਮ ਮਾਰਗ ਪੰਥੁ ਨ ਸੁਝਈ ਉਝੜੁ ਅੰਧ ਗੁਬਾਰੋਵਾ॥
ਨਾ ਜਲੁ ਲੇਫ ਤੁਲਾਈਆ ਨਾ ਭੋਜਨ ਪਰਕਾਰੋਵਾ॥
ਭੋਜਨ ਭਾਉ ਨ ਠੰਢਾ ਪਾਣੀ ਨਾ ਕਾਪੜੁ ਸੀਗਾਰੋ॥
ਗਲਿਸੰਗਲੁ ਸਿਰਿ ਮਾਰੇ ਊਭੌ ਨਾ ਦੀਸੈ ਘਰ ਬਾਰੋ॥
ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ ਭਾਰੋ॥
ਬਿਨੁ ਸਾਚੇ ਕੋ ਬੇਲੀ ਨਾਹੀ ਸਾਚਾ ਏਹੁ ਬੀਚਾਰੋ॥੩॥ (ਪੰਨਾ ੫੮੧)
ਗੁਰੂ ਨਾਨਕ ਸਾਹਿਬ ਅੱਗੇ ਸਮਝਾਉਂਦੇ ਹਨ ਕਿ ਠੀਕ ਰੋਂਦੇ, ਬੋਲਦੇ ਅਰਥਾਤ ਚੀਕਦੇ ਉਨ੍ਹਾਂ ਨੂੰ ਹੀ ਜਾਣਿਆ ਜਾਂਦਾ ਹੈ, ਜਿਹੜੇ ਮਿਲ ਬੈਠ ਕੇ ਅਕਾਲ ਪੁਰਖ ਦੇ ਗੁਣਾਂ ਨੂੰ ਚੇਤੇ ਕਰਕੇ ਰੋਂਦੇ ਹਨ। ਜੋ ਸੰਸਾਰ ਮਾਇਆ ਦੇ ਮੋਹ ਵਿਚ ਰੋਂਦਾ ਹੈ, ਉਹ ਸੰਸਾਰਕ ਧੰਦਿਆਂ ਨੂੰ ਰੋਂਦਾ ਹੈ। ਇਸ ਤਰ੍ਹਾਂ ਸੰਸਾਰਕ ਧੰਦਿਆਂ ਨੂੰ ਰੋਂਦੇ ਹੋਏ ਮਨ ਦੀ ਕਾਲਖ ਨਹੀਂ ਧੋਤੀ ਜਾਂਦੀ, ਮਨ ‘ਤੇ ਚੜ੍ਹੀ ਵਿਕਾਰਾਂ ਦੀ ਮੈਲ ਦੂਰ ਨਹੀਂ ਹੁੰਦੀ। ਇਹ ਸੰਸਾਰ ਸੁਪਨੇ ਦੇ ਸਮਾਨ ਹੈ, ਇਸ ਲਈ ਸਥਾਈ ਨਹੀਂ ਹੈ, ਸੰਸਾਰ ‘ਤੇ ਆਉਣਾ-ਜਾਣਾ ਬਣਿਆ ਹੋਇਆ ਹੈ। ਜਿਸ ਤਰ੍ਹਾਂ ਬਾਜੀਗਰ ਬਾਜੀ ਪਾਉਂਦਾ ਹੈ, ਆਪਣਾ ਤਮਾਸ਼ਾ ਦਿਖਾਉਂਦਾ ਹੈ ਅਤੇ ਵੇਖਣ ਵਾਲਾ ਜੀਵ ਉਸ ਦੇ ਤਮਾਸ਼ੇ ਵਿਚ ਰੁੱਝਿਆ ਰਹਿੰਦਾ ਹੈ, ਇਸੇ ਤਰ੍ਹਾਂ ਝੂਠੇ ਸੰਸਾਰਕ ਮੋਹ ਦਾ ਠੱਗਿਆ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਝੂਠੇ ਅਹੰਕਾਰ ਵਿਚ ਵਿਚਰਦਾ ਹੈ। ਉਹ ਅਕਾਲ ਪੁਰਖ ਆਪ ਹੀ ਮਨੁੱਖ ਨੂੰ ਸਹੀ ਮਾਰਗ ‘ਤੇ ਤੋਰਨ ਵਾਲਾ ਹੈ ਅਤੇ ਆਪ ਹੀ ਮਨੁੱਖ ਕੋਲੋਂ ਚੰਗੇ ਕਰਮ ਕਰਵਾਉਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੜੇ ਮਨੁੱਖ ਅਕਾਲ ਪੁਰਖ ਦੇ ਨਾਮ ਵਿਚ ਰੰਗੇ ਹੋਏ ਹਨ, ਉਨ੍ਹਾਂ ਨੂੰ ਪੂਰੇ ਗੁਰੂ ਨੇ ਮੋਹ ਦੇ ਬੰਧਨਾਂ ਤੋਂ ਬਚਾ ਲਿਆ ਹੈ। ਉਹ ਸਹਿਜ ਅਵਸਥਾ ਵਿਚ ਟਿਕੇ ਰਹਿੰਦੇ ਹਨ ਅਤੇ ਪਰਮਾਤਮ-ਪ੍ਰੇਮ ਵਿਚ ਜੁੜੇ ਰਹਿੰਦੇ ਹਨ,
ਬਾਬਾ ਰੋਵਹਿ ਰਵਹਿ ਸੁ ਜਾਣੀਅਹਿ ਮਿਲਿ ਰੋਵੈ ਗੁਣ ਸਾਰੇਵਾ॥
ਰੋਵੈ ਮਾਇਆ ਮੁਠੜੀ ਧੰਧੜਾ ਰੋਵਣਹਾਰੇਵਾ॥
ਧੰਧਾ ਰੋਵੈ ਮੈਲੁ ਨ ਧੋਵੈ ਸੁਪਨੰਤਰੁ ਸੰਸਾਰੋ॥
ਜਿਉ ਬਾਜੀਗਰੁ ਭਰਮੈ ਭੂਲੈ ਝੂਠਿ ਮੁਠੀ ਅਹੰਕਾਰੋ॥
ਆਪੇ ਮਾਰਗਿ ਪਾਵਣਹਾਰਾ ਆਪੇ ਕਰਮ ਕਮਾਏ॥
ਨਾਮਿ ਰਤੇ ਗੁਰਿ ਪੂਰੈ ਰਾਖੇ ਨਾਨਕ ਸਹਜਿ ਸੁਭਾਏ॥੪॥੪॥ (ਪੰਨਾ ੫੮੧)