ਸੰਵੇਦਨਾ ਦਾ ਦਰਿਆ ਜਸਵੰਤ ਖਟਕੜ

ਰਵਿੰਦਰ ਸਹਿਰਾਅ ਦੁਆਬੀਆ ਹੈ ਅਤੇ 70ਵਿਆਂ ਦੇ ਅਖੀਰ ਵਿਚ ਦੁਆਬੇ ਦੇ ਹੋਰ ਕਈ ਨੌਜਵਾਨਾਂ ਵਾਂਗ ਉਹ ਵੀ ਬਾਬਾ ਬੂਝਾ ਸਿੰਘ ਜਾਂ ਕਾਮਰੇਡ ਦਰਸ਼ਨ ਖਟਕੜ ਦੀ ਪ੍ਰੇਰਨਾ ਸਦਕਾ ਉਨ੍ਹਾਂ ਸਮਿਆਂ ਦੇ ਨਕਸਲੀ ਅੰਦੋਲਨ ਵੱਲ ਆਕਰਸ਼ਿਤ ਹੋਇਆ। ਲਹਿਰ ਵਿਚ ਖੜੋਤ ਆ ਜਾਣ ਅਤੇ ਪੰਜਾਬ ਦੇ ਰਾਜਨੀਤਕ ਮਾਹੌਲ ਅੰਦਰ ਹਵਾ ਉਸ ਦਿਸ਼ਾ ਵਿਚ ਚੱਲ ਪੈਣ ਤੇ ਬੇਵਸੀ ਵੱਸ ਉਹ 80ਵਿਆਂ ਦੇ ਅਖੀਰ ਵਿਚ ਅਮਰੀਕਾ ਆ ਗਿਆ।

ਵਿਚਾਰ ਉਸ ਦੇ ਉਸੇ ਤਰ੍ਹਾਂ ਮਨੁੱਖਵਾਦੀ ਹਨ ਅਤੇ ਜ਼ਿੰਦਗੀ ਨਾਲ ਉਸ ਦਾ ਮੋਹ ਨਿਰੰਤਰ ਕਵਿਤਾਵਾਂ ਰਾਹੀਂ ਪ੍ਰਗਟ ਹੁੰਦਾ ਰਹਿੰਦਾ ਹੈ। ਉਹ ਪੰਜਾਬ ਦੀ ਧਰਤੀ ਦੇ ਦੰਤ ਕਥਾਈ ਕਵੀ ਪਾਸ਼ ਦਾ ਨੇੜੂ ਸੀ ਅਤੇ ਉਸ ਤੋਂ ਵੀ ਵੱਧ ਮੁਹੱਬਤ ਉਸ ਦੀ ਜਸਵੰਤ ਖਟਕੜ ਦੇ ਨਾਲ ਸੀ। ਰਵਿੰਦਰ ਸਹਿਰਾਅ ਨੇ ਆਪਣੇ ਇਸ ਮਿੱਤਰ ਪਿਆਰੇ ਦੇ ਆਤਮਿਕ ਸੁਹੱਪਣ ਅਤੇ ਜਜ਼ਬਾਤੀ ਸੁਭਾਅ ਦੇ ਸੱਚ ਨੂੰ ਸਹੀ ਪ੍ਰਸੰਗ ਆਸ਼ਕਾਰ ਕਰਨ ਦਾ ਯਤਨ ਕੀਤਾ ਹੈ। ਜਸਵੰਤ ਦਾ ਇਹ ਪਿਆਰਾ, ਕਾਵਿ-ਚਿਤਰ ਵਰਗਾ ਵਿਅਕਤੀ-ਚਿਤਰ ਪਾਠਕਾਂ ਦੀ ਨਜ਼ਰ ਹੈ। -ਸੰਪਾਦਕ।

ਰਵਿੰਦਰ ਸਹਿਰਾਅ
ਫੋਨ: 717-575-7529
1969-70 ਦਾ ਸਮਾਂ ਪੰਜਾਬ ਵਿਚ ਨਕਸਲੀ ਲਹਿਰ ਦੀ ਚੜ੍ਹਤ ਦਾ ਸਮਾਂ ਸੀ। ਪੰਜਾਬ ਦੇ ਅਨੇਕਾਂ ਨੌਜਵਾਨ ਕਾਲਜਾਂ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਵਿਚੇ ਛੱਡ ਕੇ ਇਸ ਲਹਿਰ ਦਾ ਹਿੱਸਾ ਬਣ ਗਏ ਸਨ। ਮਾਲਵੇ ਤੇ ਦੁਆਬੇ ਦੇ ਕਈ ਪਿੰਡ ਤਾਂ ਲਹਿਰ ਦੇ ਮੱਕੇ ਵਜੋਂ ਜਾਣੇ ਜਾਣ ਲੱਗੇ ਸਨ। ਜਲੰਧਰ ਜ਼ਿਲ੍ਹੇ (ਹੁਣ ਨਵਾਂ ਸ਼ਹਿਰ) ਦੀ ਤਹਿਸੀਲ ਬੰਗੇ ਦਾ ਪਿੰਡ ਮੰਗੂਵਾਲ ਵੀ ਇਨ੍ਹਾਂ ਵਿਚੋਂ ਇਕ ਸੀ। ਦਰਸ਼ਨ ਖਟਕੜ, ਇਕਬਾਲ, ਰਾਮ ਕਿਸ਼ਨ ਜੋਸ਼ੀ ਆਦਿ ਨੌਜਵਾਨ ਇਸੇ ਪਿੰਡ ਦੇ ਸਨ। ਪੁਲਿਸ ਇਨ੍ਹਾਂ ਨੂੰ ਫੜਨ ਲਈ ਹਰਲ-ਹਰਲ ਕਰਦੀ ਪਿੰਡ-ਪਿੰਡ ਛਾਪੇ ਮਾਰਦੀ ਫਿਰਦੀ ਸੀ। ਇਨ੍ਹਾਂ ਦੇ ਘਰਦਿਆਂ ਨੂੰ ਥਾਣਿਆਂ ਵਿਚ ਲਿਜਾ ਕੇ ਜ਼ਲੀਲ ਕੀਤਾ ਜਾਂਦਾ ਸੀ।
ਪਿੰਡ ਮੰਗੂਵਾਲ ਦਾ ਇਕ ਅਲੂੰਆਂ ਜਿਹਾ ਮੁੰਡਾ ਅਜੇ ਛੇਵੀਂ-ਸੱਤਵੀਂ ਜਮਾਤ ਵਿਚ ਪੜ੍ਹਦਾ ਸੀ। ਉਮਰ ਮਸਾਂ ਤੇਰਾਂ-ਚੌਦਾਂ ਸਾਲ। ਰੰਗ ਰੋਗਾ ਨਿਛੋਹ, ਪਤਲਾ ਫੁਰਤੀਲਾ ਸਰੀਰ, ਸਿਰ ‘ਤੇ ਕਾਲੇ ਰੰਗ ਦੀ ਪੋਚਵੀਂ ਪੱਗ। ਗੱਲਬਾਤ ਵਿਚ ਇੰਨਾ ਹਾਜ਼ਰ ਜਵਾਬ ਕਿ ਵੱਡਿਆਂ ਦੇ ਮੂੰਹ ਅੱਡੇ ਰਹਿ ਜਾਂਦੇ। ਜੇ ਮਜ਼ਾਕ ਕਰਦਾ ਤਾਂ ਹਾਸਿਆਂ ਨਾਲ ਢਿੱਡੀਂ ਪੀੜਾਂ ਪਾ ਦਿੰਦਾ। ਗੁਪਤਵਾਸ ਕਾਮਰੇਡਾਂ ਦਾ ਉਹ ਚਹੇਤਾ ਬਣ ਗਿਆ। ਇਧਰ-ਉਧਰ ਲੁਕਵੇਂ ਠਿਕਾਣਿਆਂ ‘ਤੇ ਸੁਨੇਹੇ ਲੈ ਕੇ ਜਾਣ ਦਾ ਉਹ ਕਾਮਯਾਬ ਜ਼ਰੀਆ ਬਣ ਗਿਆ। ਸਾਈਕਲ ‘ਤੇ ਚੜ੍ਹ ਕੇ ਉਹ ਦੂਰ-ਦੁਰਾਡੇ ਪਿੰਡਾਂ ਦੀਆਂ ਜੂਹਾਂ ਗਾਹ ਮਾਰਦਾ। ਨਾ ਦਿਨ ਦੇਖਦਾ, ਨਾ ਰਾਤ। ਪੜ੍ਹਾਈ ਨੂੰ ਅਲਵਿਦਾ ਕਹਿ ਦਿੱਤੀ। ਪਤਾ ਨਹੀਂ, ਉਸ ਵਿਚ ਇੰਨੀ ਊਰਜਾ ਕਿਥੋਂ ਆ ਗਈ ਸੀ? ਕਾਮਰੇਡਾਂ ਦੀਆਂ ਡੱਬਾਂ ਵਿਚ ਰਿਵਾਲਵਰ ਤੇ ਝੋਲਿਆਂ ਵਿਚ ਗਰਨੇਡ ਦੇਖ ਕੇ ਉਸ ਨੂੰ ਅੰਤਾਂ ਦਾ ਸਰੂਰ ਚੜ੍ਹ ਜਾਂਦਾ। ਇਨਕਲਾਬ ਦੀ ਤਾਂ ਅਜੇ ਸਮਝ ਨਹੀਂ ਸੀ, ਪਰ ਹੱਥ ਵਿਚ ਪਿਸਤੌਲ ਫੜ ਕੇ ਉਸ ਨੂੰ ਪਲੋਸਦਾ, ਤੇ ਮਨ ਹੀ ਮਨ ਮੁਖ਼ਬਰਾਂ ਅਤੇ ਇਨਕਲਾਬ-ਦੋਖੀਆਂ ਨੂੰ ਸਬਕ ਸਿਖਾਉਣ ਦੀ ਰੀਝ ਨੂੰ ਉਹ ਚਾਵਾਂ ਨਾਲ ਪਾਲਣ ਲੱਗ ਪਿਆ ਸੀ।
ਇਹ ਸੁਨੱਖਾ ਜਿਹਾ ਮੁੰਡਾ ਸੀ ਜਸਵੰਤ ਖਟਕੜ। ਘਰਦੇ ਸਾਰੇ ਉਸ ਨੂੰ ਪਿਆਰ ਨਾਲ ਬਿੱਲੂ ਕਹਿ ਕੇ ਬੁਲਾਉਂਦੇ। ਮੁਖ਼ਬਰਾਂ ਤੇ ਪੁਲਸੀਆਂ ਨੇ ਉਸ ਦੀਆਂ ਪੈੜ੍ਹਾਂ ਨੱਪਣੀਆ ਸ਼ੁਰੂ ਕਰ ਦਿੱਤੀਆਂ। ਤੇ ਇਕ ਦਿਨ ਹੋਇਆ ਉਹੀ ਜਿਸ ਦਾ ਡਰ ਸੀ। ਉਹ ਗੜ੍ਹਸ਼ੰਕਰ ਲਾਗੇ ਕਿਸੇ ਪਿੰਡ ਦੇ ਡੇਰੇ ‘ਤੇ ਦਰਸ਼ਨ ਖਟਕੜ ਤੇ ਕਾਮਰੇਡ ਹਾਕਮ ਸਮਾਓਂ ਨੂੰ ਮਿਲਣ ਗਿਆ, ਤੇ ਉਨ੍ਹਾਂ ਦੇ ਨਾਲ ਹੀ ਪੁਲਿਸ ਦੇ ਹੱਥੀਂ ਚੜ੍ਹ ਗਿਆ। ਕਈ ਵਰ੍ਹੇ ਜਲੰਧਰ ਜੇਲ੍ਹ ਵਿਚ ਬੰਦ ਨਕਸਲੀ ਲਹਿਰ ਦਾ ਉਹ ਸਭ ਤੋਂ ਛੋਟੀ ਉਮਰ ਦਾ ਕੈਦੀ ਸੀ। ਜੇਲ੍ਹ ਵਿਚ ਬੰਦ ਪਾਸ਼, ਕੇਵਲ ਕੌਰ, ਦਰਸ਼ਨ ਖਟਕੜ, ਇਕਬਾਲ ਖਾਨ ਆਦਿ ਸਾਰਿਆਂ ਦਾ ਉਹ ਚਹੇਤਾ ਸੀ। ਉਨ੍ਹੀਂ ਦਿਨੀਂ ਕਹਾਣੀਕਾਰ ਪ੍ਰੇਮ ਪ੍ਰਕਾਸ਼ ਵੀ ਚੰਗੀ ਜਾਂ ਮਾੜੀ ਕਿਸਮਤ ਕਾਰਨ ਆਪਣੇ ਪਰਚੇ ‘ਲਕੀਰ’ ਵਿਚ ਉਪਰੋਕਤ ਕਿਸਮ ਦੇ ਬਾਗੀਆਂ ਦੀਆਂ ਰਚਨਾਵਾਂ ਛਾਪਣ ਕਾਰਨ ਥੋੜ੍ਹੇ ਚਿਰ ਲਈ ਜੇਲ੍ਹ ਵਿਚ ਬੰਦ ਰਿਹਾ। ਉਹਦਾ ਨਾਵਲਿਟ ‘ਦਸਤਾਵੇਜ਼’ ਉਸੇ ਅਨੁਭਵ ਦੀ ਪੈਦਾਵਾਰ ਸੀ।
ਪਾਸ਼ ਅਤੇ ਦਰਸ਼ਨ ਖਟਕੜ ਦਾ ਨਾਂ ਇਸ ਸਮੇਂ ਤਕ ਪੰਜਾਬੀ ਦੇ ਮੋਹਰਲੀ ਕਤਾਰ ਦੇ ਇਨਕਲਾਬੀ ਕਵੀਆਂ ਵਿਚ ਸੀ। ਜੇਲ੍ਹ ਵਿਚ ਵੀ ਇਨ੍ਹਾਂ ਨੇ ਢੇਰ ਸਾਰਾ ਮਾਰਕਸੀ ਸਾਹਿਤ ਪੜ੍ਹਿਆ ਵੀ ਅਤੇ ਰਚਨਾ ਵੀ ਕੀਤੀ। ਇਨ੍ਹਾਂ ਦੀ ਸੰਗਤ ਕਾਰਨ ਹੀ ਇਕਬਾਲ ਖਾਨ ਅਤੇ ਜਸਵੰਤ ਨੇ ਵੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਕੀਤੀਆਂ। ਇਨ੍ਹਾਂ ਨੇ ਗਜ਼ਲਾਂ ਗੀਤਾਂ ‘ਤੇ ਵੀ ਹੱਥ ਅਜ਼ਮਾਈ ਕੀਤੀ। ਉਨ੍ਹੀਂ ਦਿਨੀਂ ‘ਅਜੀਤ’ ਦੇ ਐਤਵਾਰੀ ਅੰਕ ਵਿਚ ‘ਹਮਦਰਦ ਗ਼ਜ਼ਲ ਸਕੂਲ’ ਸਬੰਧੀ ਬੜੀ ਚਰਚਾ ਸੀ। ਇਨ੍ਹਾਂ ਦੋਹਾਂ ਨੇ ਵੀ ਸ਼ੁਗਲ ਵਜੋਂ ਗਜ਼ਲਾਂ ਭੇਜਣੀਆਂ ਸ਼ੁਰੂ ਕੀਤੀਆਂ। ਪਹਿਲਾਂ ਸ਼ਰਤ ਲਾਉਣੀ ਕਿ ਕਿਸ ਦੇ ਜ਼ਿਆਦਾ ਸ਼ੇਅਰ ਹਮਦਰਦ ਨੂੰ ਪਸੰਦ ਆਉਂਦੇ ਹਨ, ਤੇ ਛਪਦੇ ਹਨ। ਜਸਵੰਤ ਦੇ ਸ਼ੇਅਰ ਹਮੇਸ਼ਾ ਇਕਬਾਲ ਨਾਲੋਂ ਜ਼ਿਆਦਾ ਛਪਣੇ ਤਾਂ ਕਿੰਨੇ ਦਿਨ ਜੇਲ੍ਹ ਅੰਦਰ ਛੇੜ-ਛਾੜ ਤੇ ਹਾਸੇ-ਮਖੌਲ ਵਾਲਾ ਮਾਹੌਲ ਬਣਿਆ ਰਹਿਣਾ। ਛੋਟਾ ਹੋਣ ਕਾਰਨ ਪਾਸ਼ ਨੇ ਹਮੇਸ਼ਾ ਜਸਵੰਤ ਦੀ ਹਮਾਇਤ ਕਰਨੀ, ਤੇ ਖਾਨ ਨੂੰ ਚਿੜਾਉਂਦੇ ਰਹਿਣਾ। ਇੰਜ ਜਸਵੰਤ ਸਾਹਿਤ ਵਿਚ ਜਸਵੰਤ ਖਟਕੜ ਵਜੋਂ ਜਾਣਿਆ ਜਾਣ ਲੱਗਾ।
1972 ਦੇ ਅਖੀਰ ਜਾਂ 1973 ਦੇ ਸ਼ੁਰੂ ਦੇ ਦਿਨਾਂ ਵਿਚ ਪਾਸ਼ ਤੇ ਜਸਵੰਤ ਰਿਹਾਅ ਹੋ ਚੁੱਕੇ ਸਨ। ਨਕੋਦਰ ਕਵੀ ਦਰਬਾਰ ਸੀ। ਮੋਗਾ ਵਿਚ ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਸ਼ਹੀਦ ਕਰਨ ਦੇ ਜ਼ਖ਼ਮ ਅਜੇ ਅੱਲ੍ਹੇ ਸਨ। ਜਸਵੰਤ ਨੇ ਬੜੇ ਹੀ ਜੋਸ਼ ਨਾਲ ਕਵਿਤਾ ਪੜ੍ਹੀ,
ਧੁਨ ਮਾਤਮੀ ਅੱਜ ਨਹੀਂ ਵੱਜੀ
ਸ਼ਾਇਦ ਬੇਗਾਨੇ ਪੁੱਤ ਕਰ ਕੇ ਹੀ।
ਉਸ ਦੀ ਬੱਲੇ-ਬੱਲੇ ਹੋ ਗਈ। ਸਾਰੇ ਉਸ ਨੂੰ ਕਲਾਵੇ ਵਿਚ ਲੈ ਕੇ ਦਾਦ ਦੇ ਰਹੇ ਸਨ। ਇਸੇ ਤਰ੍ਹਾਂ ਉਸ ਨੇ ਕਿੰਨੀਆਂ ਹੀ ਯਾਦਗਾਰੀ ਇਨਕਲਾਬੀ ਨਜ਼ਮਾਂ ਲਿਖੀਆਂ, ਤੇ ਕਿਤਾਬ ‘ਰੋਹ ਦੀ ਅੱਗ’ ਛਪਵਾਈ।
ਮੋਗਾ ਘੋਲ ਤੋਂ ਬਾਅਦ ਵਿਦਿਆਰਥੀ ਅਤੇ ਨੌਜਵਾਨ ਵੱਡੀ ਗਿਣਤੀ ਵਿਚ ਲਹਿਰ ਨਾਲ ਜੁੜਨ ਲੱਗੇ। ਪਿੰਡਾਂ ਵਿਚ ਵੀ ਨੌਜਵਾਨ ਭਾਰਤ ਸਭਾ ਦੀਆਂ ਇਕਾਈਆਂ ਬਣਨ ਲੱਗੀਆਂ। ਪੰਜਾਬ ਦੇ ਹਰ ਕਾਲਜ ਤੇ ਹਰ ਪਿੰਡ ਵਿਚ ਜਲਸੇ-ਜਲੂਸ ਤੇ ਡਰਾਮੇ ਹੋਣ ਲੱਗੇ। ਜਸਵੰਤ ਖਟਕੜ ਨੇ ਵੀ ‘ਦੁਆਬਾ ਕਲਾ ਮੰਚ’ ਦੀ ਸਥਾਪਨਾ ਕੀਤੀ। ਨਾਲ ਲਗਦੇ ਪਿੰਡਾਂ ਦੇ ਉਤਸ਼ਾਹੀ ਮੁੰਡਿਆਂ ਨੂੰ ਨਾਲ ਜੋੜਿਆ। ਪਰਮਜੀਤ ਕਾਹਮਾ, ਅਨਵਰ, ਕਸ਼ਮੀਰੀ ਲਾਲ, ਨਰਿੰਜਨ ਨੰਜੂ, ਜਰਨੈਲ ਰਾਹੀ, ਰਜਿੰਦਰ ਖਹਿਰਾ ਅਤੇ ਬੀਬਾ ਕੁਲਵੰਤ ਆਦਿ ਉਸ ਦੇ ਸਹਿਯੋਗੀ ਕਲਾਕਾਰ ਬਣੇ। ਬਾਅਦ ਵਿਚ ਨਰਿੰਦਰਜੀਤ ਨਾਲ ਵਿਆਹ ਪਿੱਛੋਂ ਉਹ ਕਲਾਕਾਰ ਜੋੜੀ ਵਜੋਂ ਕਾਫੀ ਨਾਮਣੇ ਵਾਲੇ ਬਣੇ।
1973 ਦੇ ਸ਼ੁਰੂ ਵਿਚ ਅਸੀਂ ਰਾਮਗੜ੍ਹੀਆ ਕਾਲਜ ਫਗਵਾੜਾ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਵਿਚ ਸਰਗਰਮ ਸਾਂ। ਇਕ ਦਿਨ ਬੰਗਾ ਇਲਾਕੇ ਦੇ ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਅੱਜ ਦੁਸਾਂਝ ਕਲਾਂ ਵਿਖੇ ਬੜਾ ਵੱਡਾ ਇਨਕਲਾਬੀ ਜਲਸਾ ਹੋ ਰਿਹਾ ਹੈ। ਅਸੀਂ ਪੰਦਰਾਂ-ਵੀਹਾਂ ਦੇ ਗਰੁਪ ਵਿਚ ਸਾਈਕਲਾਂ ‘ਤੇ ਦੁਸਾਂਝ ਕਲਾਂ ਪੁੱਜੇ। ਹੋਰਾਂ ਦੇ ਨਾਲ ਜਸਵੰਤ ਜਲੂਸ ਦੀ ਅਗਵਾਈ ਕਰ ਰਿਹਾ ਸੀ। ਪਿੰਡ ਵਿਚ ਜਿਵੇਂ ਲਾਲ ਝੰਡਿਆਂ ਦਾ ਹੜ੍ਹ ਆ ਗਿਆ ਹੋਵੇ। ਮੁਜ਼ਾਹਰਾਕਾਰੀ ਭਾਵੇਂ ਤਿੰਨ-ਚਾਰ ਸੌ ਦੀ ਗਿਣਤੀ ਵਿਚ ਸਨ, ਪਰ ਕੋਠਿਆਂ ਦੀਆਂ ਛੱਤਾਂ ਉਪਰ ਅਤੇ ਪਿੰਡ ਦਿਆਂ ਚੌਕਾਂ ਵਿਚ ਪਿੰਡ ਵਾਲਿਆਂ ਦੀ ਵੱਡੀ ਭੀੜ ਜੁੜ ਜਾਂਦੀ। ਜਦੋਂ ਅਸੀਂ ਉਥੇ ਪੁੱਜੇ ਤਾਂ ਇਕ ਚੌਕ ਵਿਚ ਰੁਕੇ ਹੋਏ ਲੋਕਾਂ ਨੂੰ ਜਸਵੰਤ ਕਵਿਤਾ ਸੁਣਾ ਰਿਹਾ ਸੀ,
ਜਾਗ ਨੀ ਤੂੰ ਦਾਤੀਏ, ਜਾਗ ਉਇ ਹਥੌੜਿਆ।
ਅੱਜ ਤੇਰੇ ਸਾਥੀਆਂ ਨੇ, ਤੈਨੂੰ ਡਾਢਾ ਲੋੜਿਆ।
ਨਾਹਰਿਆਂ ਦੀ ਗੂੰਜ ਅਸਮਾਨ ਤਕ ਪਹੁੰਚ ਰਹੀ ਸੀ। ਸਾਡੇ ਲਾਗੇ ਖੜ੍ਹੇ ਇਕ ਬਜ਼ੁਰਗ ਨੂੰ ਦੂਜਾ ਬਜ਼ੁਰਗ ਪੁੱਛ ਰਿਹਾ ਸੀ, “ਇਹ ਮੁੰਡਾ ਕੌਣ ਹੋਇਆ ਬਈ, ਬਾਹਲਾ ਈ ਗਰਮ ਲੱਗਦੈ।” ਦੂਜਾ ਕਹਿੰਦਾ, “ਇਹ ਮੰਗੂਵਾਲੀਏ ਦਰਸ਼ਨ ਦਾ ਛੋਟਾ ਭਰਾ ਆ। ਹੁਣੇ ਜੇਲ੍ਹੋਂ ਆਇਆ ਛੁੱਟ ਕੇ।”
ਇਹੋ ਸ਼ੁਰੂਆਤ ਸੀ ਸਾਡੀਆਂ ਮੁਲਾਕਾਤਾਂ ਦੀ। ਗਾਹੇ-ਬਗਾਹੇ ਪਿੰਡਾਂ ਅਤੇ ਕਾਲਜਾਂ ਵਿਚ ਹੋਏ ਪ੍ਰੋਗਰਾਮਾਂ ਸਮੇਂ ਮੇਲ-ਗੇਲ ਹੁੰਦਾ ਰਿਹਾ। ਇਨ੍ਹੀਂ ਦਿਨੀਂ ਨਵੇਂ-ਪੁਰਾਣੇ ਲੇਖਕਾਂ ਦਾ ਬਹੁਤ ਵੱਡਾ ਹਿੱਸਾ ਸਰਕਾਰ ਖਿਲਾਫ ਲਾਮਬੰਦ ਹੋ ਚੁੱਕਾ ਸੀ। ਬਹੁਤੀਆਂ ਲੇਖਕ ਸਭਾਵਾਂ ਵੀ ਸਰਕਾਰ ਵਿਰੋਧੀ ਸੁਰ ਰੱਖਦੀਆਂ ਸਨ। ਲਿਖਾਰੀ ਸਭਾ ਜਗਤਪੁਰ (ਨੇੜੇ ਬੰਗਾ) ਸ਼ਾਇਦ ਅਜਿਹੀ ਸਭਾ ਸੀ ਜਿਸ ਨੇ ਰਾਮਪੁਰ ਵਾਲੀ ਸਭਾ ਤੋਂ ਬਾਅਦ ਬੜਾ ਨਿੱਗਰ ਕੰਮ ਕੀਤਾ ਅਤੇ ਚਰਚਾ ਵਿਚ ਰਹੀ। ਮਹਿੰਦਰ ਦੁਸਾਂਝ ਇਸ ਦਾ ਕਰਤਾ-ਧਰਤਾ ਹੁੰਦਾ ਸੀ ਜੋ ਸਫਲ ਕਿਸਾਨ ਦੇ ਨਾਲ-ਨਾਲ ਵਧੀਆ ਸ਼ਾਇਰ ਅਤੇ ਸਿਆਣਾ ਪ੍ਰਬੰਧਕ ਵੀ ਸੀ। ਸੈਂਕੜਿਆਂ ਦੀ ਗਿਣਤੀ ਵਿਚ ਇਸ ਦੇ ਮੈਂਬਰ ਸਨ। ਸਾਰੇ ਦੇ ਸਾਰੇ ਅਗਾਂਹਵਧੂ ਖਿਆਲਾਂ ਵਾਲੇ ਤੇ ਵਧੀਆ ਲਿਖਣ ਵਾਲੇ।
ਸ਼ਾਇਦ 1974 ਦੇ ਸ਼ੁਰੂ ਜਾਂ 1973 ਦੇ ਅਖੀਰ- ਭਰ ਸਿਆਲ ਵਿਚ ਇਸ ਦਾ ਸਾਲਾਨਾ ਸਮਾਗਮ ਸੀ। ਇਥੇ ਹੀ ਪਹਿਲੀ ਵਾਰ ਮੈਂ ਹਰਭਜਨ ਹਲਵਾਰਵੀ ਤੇ ਭਗਵਾਨ ਜੋਸ਼ ਨੂੰ ਦੇਖਿਆ/ਸੁਣਿਆ। ਪੰਜਾਬ ਦੇ ਕੋਨੇ-ਕੋਨੇ ਵਿਚੋਂ ਲੇਖਕਾਂ ਦਾ ਜਿਵੇਂ ਮੇਲਾ ਲੱਗਿਆ ਹੋਵੇ। ਇਥੇ ਹੀ ਸ਼ਮਸ਼ੇਰ ਸੰਧੂ ਨੂੰ ਪਹਿਲੀ ਵਾਰ ਕਵੀ ਦਰਬਾਰ ਵਿਚ ਕਵਿਤਾ ਪੜ੍ਹਦਿਆਂ ਸੁਣਿਆ। ਹੁਣ ਤਕ ਯਾਦ ਨੇ ਉਸ ਦੇ ਅਰੰਭਲੇ ਬੋਲ,
ਮੁੰਨੇ ਹੋਏ ਪੱਟਾਂ ‘ਤੇ, ਤੇਲ ਮਲ ਕੇ
ਕੌਡੀਆਂ ਪਾਉਣਾ ਹੀ ਜਵਾਨੀ ਨਹੀਂ ਹੁੰਦੀ।
ਰਾਤ ਨੂੰ ਹੋਏ ਇਸ ਕਵੀ ਦਰਬਾਰ ਵਿਚ ਬੜੇ ਹੀ ਜੋਸ਼ੀਲੇ ਸ਼ਾਇਰਾਂ ਨੇ ਕਲਾਮ ਪੇਸ਼ ਕੀਤੇ। ਕਈ ਰੰਗੀਲੇ ਲੇਖਕ ਘੁੱਟ-ਘੁੱਟ ਲਾ ਕੇ ਮਸਤੀਆਂ ਕਰ ਰਹੇ ਸਨ। ਬੀਬਾ ਕੁਲਵੰਤ ਉਨ੍ਹੀਂ ਦਿਨੀਂ ਚਰਚਿਤ ਕਹਾਣੀਕਾਰ ਸੀ। ਅੰਮ੍ਰਿਤਸਰ ਵੱਲ ਦੇ ਕੁਝ ਕਹਾਣੀਕਾਰ ਉਸ ਦੇ ਮਗਰ-ਮਗਰ ਇੰਜ ਘੁੰਮ ਰਹੇ ਤੇ ਬੋਲ ਕੱਸ ਰਹੇ ਸਨ ਕਿ ਉਹ ਤੰਗ ਆ ਗਈ। ਅੱਕ ਕੇ ਉਹਨੇ ਜਸਵੰਤ ਨੂੰ ਇਸ ਸਾਰੇ ਕੁਝ ਬਾਰੇ ਦੱਸਿਆ। ਜਸਵੰਤ ਜੋ ਉਥੇ ਪ੍ਰਬੰਧਕ ਤੇ ਵਾਲੰਟੀਅਰ ਵੀ ਸੀ, ਡਾਂਗ ਲੈ ਕੇ ਬੀਬਾ ਦੇ ਕੋਲ ਖੜ੍ਹ ਗਿਆ ਤੇ ਕਹਿੰਦਾ, “ਆਓæææਹੁਣ ਕਿਹੜਾ ਵੱਡਾ ਆਸ਼ਕ ਆ, ਮੈਂ ਲਾਹੁੰਨਾ ਉਹਦੀ ਆਸ਼ਕੀ ਐਸ ਡਾਂਗ ਨਾਲ਼ææ।” ਫਿਰ ਕੀ ਸੀ, ਉਹ ਸਾਰੀ ਢਾਣੀ ਪ੍ਰੋਗਰਾਮ ਵਿਚ ਮੁੜ ਨਜ਼ਰ ਨਾ ਆਈ। ਉਹਦੇ ਪਿਆਰ ਨੂੰ ਬੂਰ ਪੈ ਗਿਆ ਅਤੇ ਉਹ ਆਪਣੀ ਮਹਿਬੂਬ ਸਾਥਣ ਨਰਿੰਦਰਜੀਤ ਨੂੰ ਸਭ ਰਿਸ਼ਤੇਦਾਰਾਂ, ਘਰਦਿਆਂ, ਪਿੰਡ ਵਾਲਿਆਂ ਦੀ ਪ੍ਰਵਾਹ ਕੀਤੇ ਬਿਨਾਂ, ਆਪਣੇ ਨਾਲ (ਪਰ ਉਸ ਦੀ ਸਲਾਹ ਨਾਲ) ਸਾਈਕਲ ‘ਤੇ ਬਿਠਾ ਕੇ ਘਰ ਲੈ ਆਇਆ। ਉਹਦੇ ਮਨ ‘ਚ ਕੋਈ ਵੀ ਗੱਲ ਬੱਸ ਆ ਜਾਵੇ, ਫਿਰ ਭਾਵੇਂ ਕੋਈ ਨਾਢੂ ਖਾਂ ਉਹਦੇ ਸਾਹਮਣੇ ਆ ਜਾਵੇ, ਉਹ ਪ੍ਰਵਾਹ ਨਹੀਂ ਕਰਦਾ; ਉਹਨੂੰ ਪੂਰੀ ਕਰ ਕੇ ਹੀ ਉਸ ਨੂੰ ਚੈਨ ਆਉਂਦਾ।
ਉਸ ਦੇ ਇਸ ਖਾੜਕੂ ਸੁਭਾਅ ਦੀ ਕਈਆਂ ਨੇ ਕਈ ਵਾਰ ਆਪਣੇ ਨਿੱਜੀ ਕੰਮ ਲਈ ਵੀ ਵਰਤੋਂ ਕੀਤੀ; ਤੇ ਬਾਅਦ ਵਿਚ ਉਹੀ ਉਸ ਨੂੰ ਝੱਲਾ ਤੇ ਅਵੱਲਾ, ਅੱਖੜ ਕਹਿ ਕੇ ਨਿੰਦਦੇ ਵੀ ਰਹੇ। ਉਸ ਦੇ ਦੁਆਲੇ ਹਮੇਸ਼ਾ ਅੱਠ-ਦਸ ਨੌਜਵਾਨਾਂ ਦਾ ਝੁਰਮਟ ਰਹਿੰਦਾ ਜੋ ਉਹਦੇ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ। ਬੱਸ, ਉਸ ਦੇ ਇਕ ਇਸ਼ਾਰੇ ਦੀ ਲੋੜ ਹੁੰਦੀ। ਉਹਦੀ ਢਾਣੀ ਬਿਨਾਂ ਕਿਸੇ ਚੰਗੇ ਮਾੜੇ ਨਤੀਜੇ ਦੇ ਧਾਵੇ ਵਾਲੀ ਜਗ੍ਹਾ ਵੱਲ ਕੂਚ ਕਰ ਦਿੰਦੀ। ਇਸੇ ਤਰ੍ਹਾਂ ਦੀਆਂ ਕਿੰਨੀਆਂ ਵਾਰਦਾਤਾਂ ਉਸ ਨਾਲ ਜੁੜੀਆਂ ਹੋਈਆਂ ਹਨ, ਜਦੋਂ ਸਿਰਫ ਦਾਰੂ ਦੀ ਬੋਤਲ ਪਿਲਾ ਕੇ ਹੀ ਲੋਕੀਂ ਉਸ ਨੂੰ ਵਰਤਦੇ ਰਹੇ। ਇਕ ਵਾਰ ਕਿਸੇ ਪਰਵਾਸੀ ਦੀ ਜ਼ਮੀਨ ਉਤੇ ਹਰੀਆਂ ਵੇਲਾਂ ਵਾਲੇ ਸੰਤ ਦੀ ਨਿਹੰਗ ਸਿੰਘ ਫੌਜ ਨੇ ਕਬਜ਼ਾ ਕਰ ਲਿਆ। ਜਸਵੰਤ ਆਪਣੀ ਫੌਜ ਲੈ ਕੇ ਮੌਕੇ ‘ਤੇ ਪੁੱਜ ਗਿਆ। ਨਿਹੰਗਾਂ ਕੋਲ ਹਥਿਆਰ ਵੀ ਕਿਤੇ ਜ਼ਿਆਦਾ, ਤੇ ਬੰਦੇ ਵੀ ਵੱਧ। ਦੱਸਦੇ ਆ, ਪਈ ਜੇ ਕਿਤੇ ਸੱਚੀਂ ਝੜਪ ਹੋ ਜਾਂਦੀ ਤਾਂ ਜਸਵੰਤ ਦੀ ‘ਫੌਜ’ ਦਾ ਇਕ ਜਣਾ ਵੀ ਜਿਉਂਦਾ ਨਹੀਂ ਸੀ ਬਚਣਾ; ਪਰ ਸਿਆਣੇ ਜਰਨੈਲ ਵਾਂਗ ਜਿਵੇਂ ਕਹਿੰਦੇ ਨੇ ‘ਚਾਹ ਥੱਲੇ ਦੀ, ਲੜਾਈ ਹੱਲੇ ਦੀ’; ਉਹਨੇ ਨਿਹੰਗਾਂ ਦੇ ਹਾਜ਼ਰ ਮੁਖੀਏ ਨੂੰ ਪਤਾ ਨਹੀਂ ਕੀ ਗੱਲ ਜਾ ਕੇ ਆਖੀ, ਉਹ ਕਬਜ਼ਾ ਛੱਡਣ ਲਈ ਮੰਨ ਗਏ। ਉਹ ਹਮੇਸ਼ਾ ਆਪਣਿਆਂ ਲਈ ਜਾਨ ਤਕ ਵਾਰਨ ਲਈ ਤਿਆਰ ਹੋ ਜਾਂਦਾ ਹੈ।
ਉਹਦੀ ਹਾਜ਼ਰ ਜਵਾਬੀ ਤੇ ਮਜ਼ਾਹੀਆ ਸੁਭਾਅ ਨਾਲ ਅਨੇਕਾਂ ਕਹਾਣੀਆਂ ਜੁੜੀਆਂ ਹੋਈਆਂ ਹਨ। ਹਰ ਗੱਲ ਦਾ, ਹਰ ਮੌਕੇ ਦਾ, ਉਸ ਕੋਲ ਘੜਿਆ-ਘੜਾਇਆ ਜਵਾਬ ਹਾਜ਼ਰ ਹੁੰਦਾ ਹੈ। ਆਖਣ ਦਾ ਅੰਦਾਜ਼ ਵੀ ਅਜਿਹਾ ਕਿ ਸੁਣਨ ਵਾਲਾ ਹੋਰ ਕੁਝ ਸੋਚ ਹੀ ਨਹੀਂ ਸਕਦਾ। ਉਨ੍ਹੀਂ ਦਿਨੀਂ ਉਹ ਦਾਰੂ ਘਰ ਹੀ ਕੱਢਦਾ ਹੁੰਦਾ ਸੀ। ਮੈਨੂੰ, ਪਾਸ਼ ਤੇ ਕੁਝ ਹੋਰ ਦੋਸਤਾਂ ਨੂੰ ਉਹਨੇ ਪਹਿਲਾਂ ਹੀ ਪੋਸਟ ਕਾਰਡ ਪਾ ਦੇਣਾ ਕਿ ਫਲਾਣੀ ਰਾਤ ਨੂੰ ਮਿੱਲ ਚੱਲਣੀ (ਭੱਠੀ ਚੱਲਣੀ) ਆਂ। ਸਮੇਤ ਪਰਿਵਾਰ ਹਾਜ਼ਰ ਹੋ ਜਾਇਓ। ਪਰਿਵਾਰ ਤੋਂ ਭਾਵ, ਯਾਰ-ਦੋਸਤ ਹੀ ਹੁੰਦੇ।
ਯਾਰਾਂ ਦੀ ਮਹਿਫਿਲ ਵਿਚ ਸ਼ੁਗਲ-ਮੇਲੇ ਲਈ ਪੀਣੀ ਸ਼ੁਰੂ ਕੀਤੀ, ਹੁਣ ਆਦਤ ਬਣਦੀ ਜਾ ਰਹੀ ਸੀ। ਪਾਰਟੀ ਦਾ ਜ਼ਾਬਤਾ ਮੰਨਣਾ ਉਹਨੇ ਵੀ ਪਾਸ਼ ਵਾਂਗ ਛੱਡ ਦਿੱਤਾ। ਅਸੀਂ ਵੀ ਇਸ ਦੇ ਭਾਗੀਦਾਰਾਂ ਵਿਚੋਂ ਹੀ ਸਾਂ। ਆਮਦਨ ਦਾ ਕੋਈ ਸਾਧਨ ਨਹੀਂ ਸੀ। ਡਰਾਮਿਆਂ ਦਾ ਸ਼ੌਕ ਸਿਰ ਚੜ੍ਹ ਬੋਲਣ ਲੱਗ ਪਿਆ। ਜ਼ਮੀਨ ਗਹਿਣੇ ਰੱਖ ਕੇ ਜੀਪ ਖਰੀਦ ਲਈ। ਸਾਰੀ ਟੀਮ ਨੂੰ ਜੀਪ ‘ਤੇ ਲੱਦਣਾ, ਤੇ ਪਿੰਡ-ਪਿੰਡ ਡਰਾਮੇ ਕਰਨ ਲੱਗ ਪਿਆ। ਜਿੰਨੇ ਪੈਸੇ ਬਣਨੇ, ਟੀਮ ਦੇ ਕੱਪੜਿਆਂ ਅਤੇ ਜੀਪ ਦੇ ਡੀਜ਼ਲ ‘ਤੇ ਜਾਂ ਆਪਣੇ ਲਈ ਡੀਜ਼ਲ (ਸ਼ਰਾਬ) ‘ਤੇ ਖ਼ਰਚ ਹੋ ਜਾਣੇ। ਨਿਰਾਸ਼ ਹੋ ਕੇ ਹੰਗਾਮੇ ਕਰਨੇ। ਸਾਥੀਆਂ ਨੂੰ ਗਾਲਾਂ ਕੱਢਣੀਆਂ। ਸਾਰਿਆਂ ਨੇ ਗੁੱਸੇ ਹੋ ਕੇ ਚਲੇ ਜਾਣਾ, ਪਰ ਇਕ-ਦੋ ਦਿਨ ਤੋਂ ਜ਼ਿਆਦਾ ਇਹ ਰੁਸਵਾਈ ਨਾ ਚੱਲਣੀ। ਸਾਰਿਆਂ ਫਿਰ ਉਸ ਦੇ ਡੇਰੇ ਆ ਜੁੜਨਾ।
ਨਿੱਜੀ ਜ਼ਿੰਦਗੀ ‘ਚ ਆਈਆਂ ਮੁਸ਼ਕਿਲਾਂ ਤੇ ਨਿਰਾਸ਼ਾ ਨੇ ਦਾਰੂ ਦੀ ਪਕੜ ਹੋਰ ਮਜ਼ਬੂਤ ਕਰ ਦਿੱਤੀ, ਪਰ ਪੀ ਕੇ ਦੋਸਤਾਂ-ਮਿੱਤਰਾਂ ਦੀ ਤੁਕਬੰਦੀ ਵਾਲੀ ਪੈਰੋਡੀ ਬਣਾ ਕੇ ਉਹ ਆਲੇ-ਦੁਆਲੇ ਜੁੜੀ ਭੀੜ ਨੂੰ ਹਸਾਉਂਦਾ ਰਿਹਾ ਤੇ ਆਪ ਅੰਦਰੋਂ-ਅੰਦਰੀ ਇਸ ਬਿਮਾਰੀ ਨਾਲ ਖੁਰਦਾ ਰਿਹਾ। ਪਰਮਜੀਤ ਕਾਹਮਾ ਉਸ ਦਾ ਤੇ ਸਾਡੇ ਸਾਰਿਆਂ ਦਾ ਬੜਾ ਪਿਆਰਾ ਦੋਸਤ ਹੈ। ਜ਼ਿੰਦਗੀ ਵਿਚ ਜਿੰਨੀਆਂ ਆਫਤਾਂ ਨਾਲ ਉਸ ਨੂੰ ਦੋ-ਚਾਰ ਹੋਣਾ ਪਿਆ ਹੈ, ਸ਼ਾਇਦ ਹੀ ਕਿਸੇ ਨੂੰ ਹੋਣਾ ਪਿਆ ਹੋਵੇ। ਉਸ ਬਾਰੇ ਉਹਨੇ ਤੁਕ ਜੋੜੀ,
ਜੇਜੋਂ ਦਿਆਂ ਪੇੜਿਆਂ ਨੇ,
ਰਾਹ ਦੇ ਬਖੇੜਿਆਂ ਨੇ,
ਆਪੇ ਸਹੇੜਿਆਂ ਨੇ,
ਪੰਗਾ ਲੈ ਲਿਆ।
ਕਾਹਮੇ ਵਾਲੇ ਰਾਓ ਨੇ,
ਚੀਨ ਵਾਲੇ ਮਾਓ ਨੇ,
ਪੰਗਾ ਲੈ ਲਿਆ। æææ
ਜਦੋਂ ਸਾਰੇ ਕਾਮਰੇਡ ਉਸ ਦੀ ਨੁਕਤਾਚੀਨੀ ਕਰਨ ਲੱਗ ਪਏ ਤਾਂ ਉਹਨੇ ਕਾਮਰੇਡਾਂ ਬਾਰੇ ਲੰਮੀ ਕਵਿਤਾ ਲਿਖੀ,
ਇਕ ਪਾਸੇ ਪਾਰਟੀ ਤੇ ਇਕ ਪਾਸੇ ਤੂੰ।
ਇਕ ਵਾਰ ਅਸੀਂ ਇਧਰੋਂ ਅਮਰੀਕਾ ਤੋਂ ਉਹਨੂੰ ਮੰਗਵਾਉਣ ਲਈ ਸਪਾਂਸਰਸ਼ਿਪ ਭੇਜੀ। ਮੈਂ ਉਦੋਂ ਮੈਰੀਲੈਂਡ ਦੇ ਸ਼ਹਿਰ ਬਾਲਟੀਮੋਰ ਰਹਿੰਦਾ ਸਾਂ। ਹੋਰ ਸ਼ਹਿਰਾਂ ਦੇ ਕਈ ਹਮਦਰਦਾਂ ਨੂੰ ਪਹੁੰਚ ਕੀਤੀ, ਪਰ ਕੋਈ ਵੀ ਉਸ ਦੀ ਆਦਤ ਤੋਂ ਜਾਣੂ ਹੋਣ ਕਾਰਨ ਹਾਮੀ ਨਾ ਭਰੇ। ਖੈਰ! ਅਸੀਂ ਪੇਪਰ ਭੇਜ ਦਿੱਤੇ, ਪਰ ਗੱਲ ਨਾ ਬਣੀ।
ਐਮਰਜੈਂਸੀ ਦੇ ਦਿਨਾਂ ਤੋਂ ਲੈ ਕੇ 1978-79 ਤਕ ਸਾਡੇ ਬਾਹਰ ਆਉਣ ਤਕ ਉਸ ਨਾਲ ਕੋਈ ਸੰਪਰਕ ਨਾ ਰਿਹਾ, ਪਰ ਹੌਲੀ-ਹੌਲੀ ਫਿਰ ਮੇਲ-ਗੇਲ ਹੋਣ ਲੱਗ ਪਿਆ। 1982 ਵਿਚ ਉਹਨੇ ‘ਦੁਆਬਾ ਕਲਾ ਮੰਚ’ ਦੀ ਦਸਵੀਂ ਵਰ੍ਹੇਗੰਢ ਮਨਾਉਣ ਦਾ ਸੋਚਿਆ। ਦਸ ਸਾਲਾਂ ਦੀ ਉਹਦੀ ਕਮਾਈ ਬਾਰੇ ਸੋਵੀਨਰ ਕੱਢਣਾ ਸੀ। ਪਾਸ਼, ਪਰਮਜੀਤ ਦੇਹਲ ਤੇ ਮੈਨੂੰ ਸੰਪਾਦਕ ਬਣਾਇਆ ਗਿਆ, ਤੇ ਫਿਰ ਜਲਦੀ ਹੀ ਪੰਜਾਬ ਵਿਚ ਅਤਿਵਾਦ ਦਾ ਕਾਲਾ ਦੌਰ ਸ਼ੁਰੂ ਹੋ ਗਿਆ। ਅਸੀਂ ਉਹਦੇ ਨਾਲੋਂ ਥੋੜ੍ਹੀ ਵਿੱਥ ਵੀ ਬਣਾ ਲਈ। ਮੈਨੂੰ ਤੇ ਪਾਸ਼ ਨੂੰ ਰੰਜ ਵੀ ਸੀ ਕਿ ਔਖੇ ਵੇਲੇ ਫੜੇ ਪੈਸੇ ਮੋੜਨ ਦਾ ਵੀ ਨਾਂ ਨਹੀਂ ਲੈਂਦਾ। ਫਿਰ ਕਿਸੇ ਨੂੰ ਵੀ ਦੱਸੇ ਬਗੈਰ ਮੈਂ ਅਮਰੀਕਾ ਆ ਗਿਆ। ਇਥੋਂ ਜਾ ਕੇ ਪਾਸ਼ ਨੂੰ ਚਿੱਠੀ ਲਿਖ ਕੇ ਦੱਸ ਦਿੱਤਾ ਕਿ ਮਜਬੂਰੀ-ਵਸ ਚੁੱਪ-ਚੁਪੀਤੇ ਨਿਕਲ ਆਇਆ ਸਾਂ। ਜਸਵੰਤ ਨੂੰ ਵੀ ਗਿਲਾ ਸੀ ਕਿ ਮਿਲ ਕੇ ਨਹੀਂ ਗਿਆ। ਕੁਝ ਦੇਰ ਬਾਅਦ ਪਾਸ਼ ਵੀ ਕੈਲੀਫੋਰਨੀਆ ਆ ਗਿਆ। ਫ਼ੋਨ ‘ਤੇ ਸਾਰੀਆਂ ਯਾਦਾਂ ਸਾਂਝੀਆਂ ਕਰਦੇ ਰਹੇ। 1989 ਵਿਚ ਮੈਂ ਇੰਡੀਆ ਗਿਆ, ਤਾਂ ਉਦੋਂ ਤਕ ਸਾਨੂੰ ਗਿਲੇ-ਸ਼ਿਕਵੇ ਭੁੱਲ ਚੁੱਕੇ ਸਨ। ਪਾਸ਼ ਸਾਡੇ ਵਿਚਕਾਰ ਨਹੀਂ ਸੀ ਰਿਹਾ। ਮੈਂ, ਜਸਵੰਤ ਤੇ ਕੁਝ ਹੋਰ ਦੋਸਤ ਉਗੀ ਜਾ ਕੇ ਲਖਵਿੰਦਰ ਉਗੀ ਨੂੰ ਮਿਲੇ। ਫਿਰ ਅਸੀਂ ਤਲਵੰਡੀ ਸਲੇਮ ਪਾਸ਼ ਦੇ ਖੇਤਾਂ ਵਿਚ ਗਏ ਜਿਥੇ ਉਸ ਨੂੰ ਦਹਿਸ਼ਤਗਰਦਾਂ ਨੇ ਘਾਤ ਲਾ ਕੇ ਗੋਲੀਆਂ ਮਾਰੀਆਂ ਸਨ। ਭਰੇ ਮਨ ਨਾਲ ਮੌਕੇ ਦੀਆਂ ਤਸਵੀਰਾਂ ਲੈ ਕੇ ਅਸੀਂ ਲੱਖਣ ਕੇ ਪੱਡੇ ਸ਼ਹੀਦ ਜੈਮਲ ਪੱਡਾ ਦੇ ਘਰ ਗਏ। ਜੈਮਲ ਦੇ ਘਰ ਦੀਆਂ ਕੰਧਾਂ ਵਿਚ ਅਜੇ ਵੀ ਏæਕੇæ ਫੋਰਟੀ ਸੈਵਨ ਦੀਆਂ ਗੋਲੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਸਨ। ਹੱਸਣ ਖੇਡਣ ਵਾਲਾ ਤੇ ਇਕ ਵੀ ਪਲ ਮਜ਼ਾਕ ਤੋਂ ਬਿਨਾਂ ਨਾ ਰਹਿਣ ਵਾਲਾ ਜਸਵੰਤ ਸਾਰਾ ਵਕਤ ਉਦਾਸ ਰਿਹਾ।
ਪੰਜਾਬ ਦਾ ਕਾਲਾ ਦੌਰ ਹਾਲੇ ਵੀ ਜਾਰੀ ਸੀ। ਇਹਦੇ ਪਿੰਡ ਮੰਗੂਵਾਲ ਵਿਖੇ ਲਖਵਿੰਦਰ ਜੌਹਲ ਹੋਰੀਂ ਦੂਰਦਰਸ਼ਨ ਦੀ ਕੋਈ ਸ਼ੂਟਿੰਗ ਕਰਨੀ ਸੀ। ਇਹਨੇ ਮੈਨੂੰ ਆਉਣ ਲਈ ਸੱਦਾ ਦਿੱਤਾ। ਭਾਅ (ਦਰਸ਼ਨ ਖਟਕੜ) ਨੂੰ ਵੀ ਮਿਲਣਾ ਸੀ। ਮੇਰਾ ਮਰਹੂਮ ਬੇਟਾ ਅਮਰਿੰਦਰ ਉਦੋਂ ਅੱਠ ਕੁ ਸਾਲ ਦਾ ਸੀ, ਉਹ ਵੀ ਮੇਰੇ ਨਾਲ ਮੰਗੂਵਾਲ ਗਿਆ। ਜਸਵੰਤ ਨੇ ਬੜਾ ਹੀ ਜ਼ਬਰਦਸਤ ਪ੍ਰਬੰਧ ਕੀਤਾ ਹੋਇਆ ਸੀ। ਸਾਰੇ ਰਾਹਾਂ ‘ਤੇ ਇਸ ਨੇ ਆਪਣੇ ਹਥਿਆਰਬੰਦ ਬੰਦੇ ਪਹਿਰੇ ‘ਤੇ ਖੜ੍ਹੇ ਕੀਤੇ ਹੋਏ ਸਨ। ਸਾਨੂੰ ਵੀ ਰੋਕਿਆ ਗਿਆ, ਪਰ ਇਕ ਬੰਦੇ ਨੇ ਪਛਾਣਨ ‘ਤੇ ਸਾਨੂੰ ਲੰਘਣ ਦਿੱਤਾ। ਖੂਹ ‘ਤੇ ਜਾਮਣ ਹੇਠਾਂ ਮੰਜੇ ਡਾਹੇ ਹੋਏ ਸਨ। ਜੁਲਾਈ ਅਗਸਤ ਦਾ ਮਹੀਨਾ ਹੋਣ ਕਰ ਕੇ ਕਾਫੀ ਹੁੰਮਸ ਸੀ। ਸਾਰੇ ਬੰਦੇ ਸ਼ੂਟਿੰਗ ਵਿਚੇ ਛੱਡ ਕੇ ਦੁਪਹਿਰਾ ਖਾਣ ਲਈ ਆਏ ਹੋਏ ਸਨ। ਪਿੰਡ ਦੀਆਂ ਔਰਤਾਂ ਵੱਡੀਆਂ-ਵੱਡੀਆਂ ਭੱਠੀਆਂ ‘ਤੇ ਮੋਟੇ-ਮੋਟੇ ਰੋਟ ਲਾਹ ਰਹੀਆਂ ਸਨ। ਇਕ ਭੱਠੀ ‘ਤੇ ਵੱਡੀ ਸਾਰੀ ਦੇਗ ਵਿਚ ਦਾਲ ਰਿੰਨ੍ਹੀ ਜਾ ਰਹੀ ਸੀ। ਪਿੰਡ ਦੇ ਲੋਕ ਦੂਰਦਰਸ਼ਨ ਵਾਲਿਆਂ ਦੀ ਰੱਜ ਕੇ ਸੇਵਾ ਕਰ ਰਹੇ ਸਨ।
ਲਖਵਿੰਦਰ ਜੌਹਲ ਨੇ ਇਨ੍ਹਾਂ ਦੀ ਟੀਮ ਨੂੰ ਡਾਕੁਮੈਂਟਰੀ ਬਣਾਉਣ ਲਈ ਵੀ ਕੰਮ ਦਿੱਤਾ। ਅਸਲ ਵਿਚ ਉਹ ਇਹਦੀ ਕਿਸੇ ਨਾ ਕਿਸੇ ਤਰੀਕੇ ਆਰਥਿਕ ਮਦਦ ਦਾ ਜ਼ਰੀਆ ਬਣ ਰਹੇ ਸਨ। ਜਸਵੰਤ ਪੂਰਾ ਖੁਸ਼ ਸੀ, ਪਰ ਦਾਰੂ ਦੀ ਲਤ ਜ਼ੋਰਾਂ-ਸ਼ੋਰਾਂ ਨਾਲ ਬਰਕਰਾਰ ਸੀ।
ਪੰਜਾਬ ਦੇ ਕਾਲੇ ਦਿਨਾਂ ਦੌਰਾਨ ਉਹ ਸਰਕਾਰੀ ਅਤੇ ਖਾਲਿਸਤਾਨੀ, ਦੋਹਾਂ ਦੀ ਦਹਿਸ਼ਤਗਰਦੀ ਤੋਂ ਬੜਾ ਖਫਾ ਸੀ। ਉਸ ਦੇ ਸਾਹਮਣੇ ਕਿੰਨੇ ਹੀ ਕਾਮਰੇਡਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਹੀ ਸਰਕਾਰ ਦੀ ਸ਼ਹਿ ‘ਤੇ ਪੁਲਿਸ ਨੇ ਕਿੰਨੇ ਹੀ ਬੇਕਸੂਰਾਂ ਨੂੰ ਵੀ ਘਰਾਂ ਤੋਂ ਚੁੱਕ-ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਦਿੱਤੇ। ਇਨ੍ਹਾਂ ਦਿਨਾਂ ਵਿਚ ਉਸ ਨੇ ‘ਅਕਾਲ ਤਖ਼ਤ ਦੀ ਵਾਰ’ ਲਿਖ ਮਾਰੀ। ਕਦੇ-ਕਦੇ ਉਸ ਨੂੰ ਜਿਵੇਂ ਹੌਲ ਜਿਹਾ ਪੈਂਦਾ, ਅੱਧੀ ਰਾਤ ਨੂੰ ਫੋਨ ਕਰ ਕੇ ਕਹਿਣਾ, “ਤੂੰ ਉਸ ਦਾ ਮੁੱਖ ਬੰਦ ਲਿਖ ਕੇ ਭੇਜ।” ਫਿਰ ਵਾਰ ਸੁਣਾਉਣੀ ਸ਼ੁਰੂ ਕਰ ਦੇਣੀ। ਅਜਿਹਾ ਉਸ ਕਿੰਨੀ ਵੇਰ ਕੀਤਾ। ਮੈਂ ਕਹਿੰਦਾ ਕਿ ਤੂੰ ਖਰੜਾ ਤਾਂ ਭੇਜ, ਪਰ ਉਹਨੇ ਖਰੜਾ ਅੱਜ ਤੱਕ ਨਹੀਂ ਭੇਜਿਆ।
ਕੁਝ ਵਰ੍ਹੇ ਪਹਿਲਾਂ ਨਵੇਂ-ਨਵੇਂ ਖਾਲਿਸਤਾਨੀ ਬਣੇ ਲੇਖਕ ਰਜਿੰਦਰ ਸਿੰਘ ਰਾਹੀ ਨੇ ਪਾਸ਼ ਬਾਰੇ ਕਿਤਾਬ ਲਿਖੀ। ਉਸ ਸਬੰਧ ਵਿਚ ਉਹ ਜਸਵੰਤ, ਪਰਮਜੀਤ ਦੇਹਲ, ਦੀਪਕ ਕਲੇਰ ਅਤੇ ਹੋਰ ਨੌਜਵਾਨਾਂ ਨੂੰ ਵੀ ਮਿਲਦਾ ਰਿਹਾ। ਪਹਿਲਾਂ ਉਸ ਨੇ ਸੰਤ ਰਾਮ ਉਦਾਸੀ ਬਾਰੇ ਵੀ ਕਿਤਾਬ ਲਿਖੀ ਸੀ। ਇਨ੍ਹਾਂ ਸਾਰਿਆਂ ਨੇ, ਜੋ ਕਦੇ ਪਾਸ਼ ਦੇ ਬੜੇ ਕਰੀਬੀ ਦੋਸਤ ਰਹੇ ਸਨ, ਉਸ ਦੀ ਬੜੀ ਮਦਦ ਕੀਤੀ, ਪਰ ਜਦੋਂ ਕਿਤਾਬ ਛਪ ਕੇ ਆਈ ਤਾਂ ਪਤਾ ਲੱਗਾ ਕਿ ਉਸ ਨੇ ਬੜੀ ਬੇਸ਼ਰਮੀ ਨਾਲ ਅਜਿਹੀਆਂ ਢੇਰ ਸਾਰੀਆਂ ਗੱਲਾਂ ਇਨ੍ਹਾਂ ਦੇ ਮੂੰਹੋਂ ਕਹਾ ਦਿੱਤੀਆ ਜੋ ਕਦੇ ਹੋਈਆਂ ਹੀ ਨਹੀਂ ਸਨ। ਦਰਅਸਲ, ਉਹ ਪਾਸ਼ ਨੂੰ ਜਾਣ-ਬੁੱਝ ਕੇ ਘਟੀਆ, ਸਿਧਾਂਤਹੀਣ ਤੇ ਸਿੱਖ-ਵਿਰੋਧੀ ਸਾਬਤ ਕਰਨਾ ਚਾਹੁੰਦਾ ਸੀ, ਤਾਂ ਜੋ ਉਹ ਉਸ ਦੇ ਕਾਤਲਾਂ ਨੂੰ ਨਿਰਦੋਸ਼ ਸਾਬਤ ਕਰ ਸਕੇ। ਜਸਵੰਤ ਹੋਰੀਂ ਪੈਂਫਲਿਟ ਛਪਵਾ ਕੇ ਇਲਾਕੇ ਵਿਚ ਵੰਡਿਆ, ਤੇ ਉਕਤ ਲੇਖਕ ਨੂੰ ਚੈਲੰਜ ਕੀਤਾ ਕਿ ਉਹ ਆਵੇ ਤੇ ਆਹਮੋ-ਸਾਹਮਣੇ ਬਹਿ ਕੇ ਸਪਸ਼ਟੀਕਰਨ ਦੇਵੇ, ਪਰ ਉਹ ਤਾਂ ਆਪਣੀ ਘਟੀਆ ਚਾਲ ਚੱਲ ਚੁਕਾ ਸੀ। ਰਜਿੰਦਰ ਰਾਹੀ ਪਾਸ਼ ਵਰਗੇ ਅਜ਼ੀਮ ਸ਼ਾਇਰ ਦੇ ਯਾਰਾਂ ਦੇ ਘਰ ਇਤਬਾਰੀ ਬਣ ਕੇ ਗਿਆ, ਪਰ ਪਿੱਛੋਂ ਜੋ ਕਰਤੂਤ ਉਸ ਨੇ ਕੀਤੀ, ਉਸ ਨੂੰ ਭਾਈ ਗੁਰਦਾਸ ਦੀ ਅਕ੍ਰਿਤਘਣ ਇਨਸਾਨ ਨੂੰ ਪ੍ਰਭਾਸ਼ਿਤ ਕਰਨ ਲਈ ਲਿਖੀ ਪਉੜੀ ਰਾਹੀਂ ਸਮਝਿਆ ਜਾ ਸਕਦਾ ਹੈ।
ਜਸਵੰਤ ਦਾ ਪਰਿਵਾਰ ਹੁਣ ਵਧ-ਫੁੱਲ ਰਿਹਾ ਸੀ। ਬੇਟਾ ਨਵਦੀਪ ਤੇ ਧੀ ਨਵਜੋਤ ਵੱਡੇ ਹੋ ਰਹੇ ਸਨ। ਨਵਦੀਪ ਜਰਮਨ ਚਲਾ ਗਿਆ। ਮਿਹਨਤ ਕੀਤੀ। ਬਣਦਾ-ਸਰਦਾ ਬਚਾ-ਬਚਾ ਕੇ ਪਿੱਛੇ ਪੈਸੇ ਭੇਜੇ। ਘਰ ਦੀ ਕਾਇਆ ਕਲਪ ਹੋਣ ਲੱਗੀ। ਖੂਹ ‘ਤੇ ਪੁਰਾਣੇ ਘਰ ਦੇ ਨਾਲ ਹੀ ਆਲੀਸ਼ਾਨ ਕੋਠੀ ਬਣਾ ਲਈ। ਬੇਟੀ ਜੋਤੀ ਨੇ ਮਾਂ-ਪਿਉ ਵਾਂਗ ਕਾਲਜ ਪੜ੍ਹਨ ਸਮੇਂ ਥੀਏਟਰ ਕਰਨਾ ਸ਼ੁਰੂ ਕੀਤਾ। ਬੜੀ ਸੋਹਣੀ ਸੁਨੱਖੀ ਤੇ ਸਲੀਕੇ ਵਾਲੀ ਇਸ ਬੱਚੀ ਵਿਚ ਵੀ ਕਲਾ ਦਾ ਗੁਣ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਇਕ ਵੇਰ ਇਕ ਮੁਕਾਬਲੇ ਵਿਚ ‘ਮਿਸ ਵਰਲਡ ਪੰਜਾਬਣ’ ਦੇ ਖਿਤਾਬ ਲਈ ਅਖੀਰ ਤਕ ਪਹੁੰਚ ਕੇ ਹੁਣ ਵਾਲੀ ਪੰਜਾਬੀ ਫਿਲਮਾਂ ਦੀ ਹੀਰੋਇਨ ਜਪਜੀ ਖਹਿਰਾ ਤੋਂ ਪਛੜ ਗਈ। ਨਾਟਕਾਂ ਵਿਚ ਬੜੀਆਂ ਮੱਲਾਂ ਮਾਰੀਆਂ। ਦੂਰਦਰਸ਼ਨ ਵਲੋਂ ਲੰਮਾ ਲੜੀਵਾਰ ‘ਭਾਗਾਂ ਭਰੀਆਂ’ ਬੰਗਾ ਦੇ ਇਲਾਕੇ ਵਿਚ ਹੀ ਫਿਲਮਾਇਆ ਗਿਆ। ਬੇਟੀ ਨਵਜੋਤ ਇਸ ਦੀ ਨਾਇਕਾ ਸੀ। ਉਨ੍ਹੀਂ ਦਿਨੀਂ ਮੈਂ ਵੀ ਪੰਜਾਬ ਗਿਆ ਹੋਇਆ ਸਾਂ। ਮੈਂ ਅਤੇ ਨੀਰੂ, ਭਾਅ ਖਟਕੜ ਨਾਲ ਸ਼ੂਟਿੰਗ ਦੇਖਣ ਗਏ। ਜਸਵੰਤ ਦਾਰੂ ਨਾਲ ਰੱਜਿਆ ਬੜਾ ਖੁਸ਼ ਸੀ, ਤੇ ਖੁਸ਼ੀ ਨਾਲ ਦੱਸ ਰਿਹਾ ਸੀ ਕਿ ਮੇਰੀ ਧੀ ਇਕ ਦਿਨ ਸ਼ਬਾਨਾ ਆਜ਼ਮੀ ਬਣੇਗੀ। ਫਿਰ ਨਵਜੋਤ ਕੈਨੇਡਾ ਚਲੀ ਗਈ। ਪਿੱਛੇ ਜਿਹੇ ਦੋਵੇਂ ਭੈਣ-ਭਰਾ ਇੰਡੀਆ ਆਏ ਤਾਂ ਜਸਵੰਤ ਦਾ ਫੋਨ ਆਇਆ, ਲੈ ਆਪਣੀ ਧੀ ਨਾਲ ਗੱਲ ਕਰ। ਜੋਤੀ ਨਾਲ ਗੱਲ ਹੋਈ, ਉਹ ਬੜੀ ਖੁਸ਼ ਸੀ, ਪਰ ਉਸ ਦੀ ਆਵਾਜ਼ ਵਿਚ ਬਾਪ ਦੀ ਸਿਹਤ ਦੀ ਚਿੰਤਾ ਵੀ ਸੀ।
ਇੰਨਾ ਲੰਮਾ ਸਮਾਂ ਪੀਣ ਦੀ ਆਦਤ, ਰੋਗ ਬਣ ਜਾਂਦੀ ਹੈ ਜਿਸ ਲਈ ਦਵਾਈ ਤੇ ਦੁਆ, ਦੋਹਾਂ ਦੀ ਜ਼ਰੂਰਤ ਹੁੰਦੀ ਹੈ ਪਰ ਪਹਿਲੀ ਸ਼ਰਤ ਹੁੰਦੀ ਹੈ ਕਿ ਤੁਸੀਂ ਮੰਨੋ ਕਿ ਮੈਨੂੰ ਰੋਗ ਹੈ। ਮੈਂ ਜਸਵੰਤ ਨੂੰ ਕਿਹਾ ਕਿ ਜੇ ਤੂੰ ਚਾਹਵੇਂ ਤਾਂ ਤੈਨੂੰ ਕਿਸੇ ਰੀਹੈਬ ਸੈਂਟਰ ਵਿਚ ਦਾਖ਼ਲ ਕਰਵਾ ਦਿੰਦੇ ਹਾਂ। ਬੱਸ ਇੰਨੀ ਗੱਲ ਸੀ, ਉਸ ਨੂੰ ਪਤਾ ਨਹੀਂ ਕਿਧਰੋਂ ਗੁੱਸਾ ਚੜ੍ਹ ਗਿਆ, ਅਖੇ, “ਇਹ ਫਾਰਮੂਲਾ ਭਾਅ ਤੂੰ ਆਪਣੇ ‘ਤੇ ਹੀ ਲਾਗੂ ਕਰ। ਮੈਂ ਨਹੀਂ ਕਿਤੇ ਜਾਂਦਾ। ਤੁਸੀਂ ਮੈਨੂੰ ਸਾਰੇ ਰਲ ਕੇ ਮਾਰਨਾ ਚਾਹੁੰਦੇ ਹੋ।” ਤੇ ਫੋਨ ਠਾਹ ਬੰਦ।
ਹੁਣ ਫਿਰ ਕਦੇ-ਕਦਾਈਂ ਦੇਰ ਰਾਤੇ ਫੋਨ ਕਰ ਕੇ ‘ਮਿਸ ਕਾਲ’ ਮਾਰ ਦਏਗਾ। ਫੋਨ ਕਰਨ ‘ਤੇ ਫਿਰ ਉਹੀ ਕਹਾਣੀ। ਨਰਿੰਦਰਜੀਤ ਤੇ ਬੱਚੇ ਉਸ ਬਾਰੇ ਹਮੇਸ਼ਾ ਚਿੰਤਤ ਰਹਿੰਦੇ ਹਨ। ਭਾਅ ਦਰਸ਼ਨ ਵੱਖ ਪ੍ਰੇਸ਼ਾਨ ਹੁੰਦਾ ਹੈ। ਉਸ ਨੂੰ ਕਈ ਵੇਰ ਪੀæਜੀæਆਈæ ਅਤੇ ਪਟਿਆਲੇ ਡਾæ ਧਰਮਵੀਰ ਗਾਂਧੀ ਕੋਲੋਂ ਦਵਾਈ ਖੁਆ ਚੁੱਕਿਆ ਹੈ। ਇਕ ਵੇਰ ਉਲਟਾ ਡਾæ ਗਾਂਧੀ ਨੂੰ ਹੀ ਪੈ ਨਿਕਲਿਆ। ਇੰਜ ਹੀ ਕਿੰਨੀ ਵੇਰ ਮੈਨੂੰ ਉਲਟਾ-ਸਿੱਧਾ ਬੋਲ ਕੇ ਫੋਨ ਕੱਟ ਦਿੰਦਾ ਹੈ। ਫਿਰ ਸੋਫੀ ਹੋਣ ‘ਤੇ ਆਖੇਗਾ, “ਪਤਾ ਨਹੀਂ, ਕਿਤੇ ਖਾਧੀ-ਪੀਤੀ ਵਿਚ ਕਹਿ ਹੋ ਗਿਆ ਹੋਣਾ।”
ਅਸੀਂ ਸਾਰੇ ਉਸ ਦੇ ਖ਼ੈਰ-ਖਵਾਹ ਦਿਲੋਂ ਚਾਹੁੰਦੇ ਹਾਂ ਕਿ ਉਹ ਮੁੜ ਆਪਣੀ ਕਲਾ ਦੇ ਜੌਹਰ ਦਿਖਾਵੇ; ਜਿਵੇਂ ਉਸ ਨੇ ਬਲਵੰਤ ਗਾਰਗੀ ਦੇ ਨਾਟਕ ‘ਲੋਹਾ ਕੁੱਟ’ ਵਿਚ ਅਤੇ ਹੋਰ ਨਾਟਕਾਂ ਵਿਚ ਦਿਖਾਏ ਸਨ। ਉਹ ਮੁੜ ਕੇ ਪਿਆਰੀਆਂ-ਪਿਆਰੀਆਂ ਨਜ਼ਮਾਂ ਲਿਖੇ। ਉਹ ਨਹੀਂ ਜਾਣਦਾæææਉਸ ਦੇ ਬੱਚੇ, ਉਸ ਦੀ ਬੀਵੀ ਤੇ ਉਸ ਦੇ ਜਿਗਰੀ ਦੋਸਤ ਉਸ ਨੂੰ ਕਿੰਨਾ ਪਿਆਰ ਕਰਦੇ ਹਨ! ਉਹ ਸੰਵੇਦਨਾ ਦਾ ਭਰਿਆ ਦਰਿਆ ਹੈ। ਪਿਛੇ ਜਿਹੇ ਉਸ ਦੇ ਭਰਾ ਗਾਗੇ ਦੀ ਮੌਤ ਹੋ ਗਈ, ਤਾਂ ਕਹਿੰਦਾ, “ਹੁਣ ਮੇਰੇ ‘ਤੇ ਬਹੁਤ ਜ਼ਿੰਮੇਵਾਰੀ ਆ ਪਈ ਹੈ।”
ਸ਼ਾਲਾ! ਉਹ ਆਪਣੀ ਸੰਵੇਦਨਾ ਤੇ ਕਲਾ ਨੂੰ ਮੁੜ ਕਿਸੇ ਕੰਮ ਲਾਵੇ।
ਆਮੀਨ!