ਮੇਜਰ ਸਿੰਘ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਗੁਰਦੁਆਰੇ ਮੱਥਾ ਟੇਕ ਕੇ ਬਾਹਰ ਆਇਆ, ਚਾਰ-ਪੰਜ ਬਾਈ ਚਾਹ ਦੇ ਗਲਾਸ ਫੜੀ ਗੱਲਾਂ ਵਿਚ ਮਗਨ ਸਨ। ਮੇਰੇ ਕਦਮ ਕਾਰ ਵੱਲ ਜਾਣ ਦੀ ਬਜਾਏ ਉਨ੍ਹਾਂ ਵੱਲ ਮੁੜ ਗਏ, ਤੇ ਮੈਂ ਜਾ ਫਤਹਿ ਬੁਲਾਈ। ਪਸਰੀ ਚੁੱਪ ਤੋੜਦਿਆਂ ਮੈਂ ਪੁੱਛਿਆ, “ਬਾਈ ਜੀ, ਕੀ ਵਿਚਾਰਾਂ ਹੋ ਰਹੀਆਂ ਸਨ ਜੋ ਮੇਰੇ ਆਉਣ ਕਰ ਕੇ ਚੁੱਪ ਧਾਰ ਗਏ।”
“ਬਾਈ ਜੀ, ਖੜ੍ਹੇ ਤਾਂ ਅਮਰੀਕਾ ਦੀ ਧਰਤੀ ‘ਤੇ ਹਾਂ, ਪਰ ਅੰਦਰੋਂ ਹਮੇਸ਼ਾ ਚੀਸ ਉਸ ਪੰਜਾਬ ਦੇ ਦਰਦ ਦੀ ਉਠਦੀ ਹੈ ਜਿਥੇ ਅਸੀਂ ਜੰਮੇ-ਪਲੇ ਸੀ, ਖੇਡੇ ਤੇ ਪੜ੍ਹੇ, ਫਿਰ ਪਰਦੇਸੀ ਹੋ ਗਏ; ਪਰ ਪੰਜਾਬ ਦਾ ਦਰਦ ਪਿੰਡੇ ‘ਤੇ ਅੱਜ ਵੀ ਹੰਢਾਅ ਰਹੇ ਹਾਂ।” ਇਕ ਬਾਈ ਦਾ ਜਵਾਬ ਸੀ।
“ਬਾਈ ਜੀ! ਬੰਦਾ ਜਿੰਨੀਆਂ ਮਰਜ਼ੀ ਉਚੀਆਂ ਪਰਵਾਜ਼ਾਂ ਭਰ ਲਵੇ ਪਰ ਆਪਣੇ ਆਲ੍ਹਣੇ ਨੂੰ ਨਹੀਂ ਭੁੱਲਦਾ।” ਮੈਂ ਆਪਣੀ ਹਾਜ਼ਰੀ ਲੁਆਈ।
“ਬਾਈ ਜੀ! ਤੁਹਾਡਾ ਕੀ ਖਿਆਲ ਹੈ, ਅੱਜ ਦੀ ਲੱਚਰ ਗਾਇਕੀ ਲਈ ਕੌਣ ਕਸੂਰਵਾਰ ਹੈ?” ਹਰਦੀਪ ਨੇ ਪੁੱਛਿਆ।
“ਕਸੂਰਵਾਰ ਆਪਾਂ ਹਾਂ, ਗਾਇਕ ਨਹੀਂ। ਅਸੀਂ ਇਨ੍ਹਾਂ ਨੂੰ ਲੱਖਾਂ ਰੁਪਏ ਇਸ ਗੱਲ ਦੇ ਦਿੰਦੇ ਆਂ ਕਿ ਸਾਡੇ ਸਮਾਗਮਾਂ ਵਿਚ ਆਉਣ, ਤੇ ਸਾਰਿਆਂ ਦੇ ਸਾਹਮਣੇ ਸਾਡੀਆਂ ਧੀਆਂ-ਭੈਣਾਂ ਨੂੰ ਪਟੋਲੇ, ਪੁਰਜ਼ੇ ਤੇ ਮਾਲ ਦੱਸਣ, ਤੇ ਅਸੀਂ ਸ਼ਰਾਬੀ ਹੋ ਕੇ ਇਨ੍ਹਾਂ ਉਤੋਂ ਦੀ ਨੋਟ ਵਾਰੀਏ। ਫਿਰ ਸਹੁਰਾ ਨੂੰਹ ਨਾਲ ਨੱਚੇ; ਤੇ ਜਵਾਈ ਸੱਸ ਨਾਲ। ਜਦੋਂ ਅਸੀਂ ਆਪਣਾ ਸਭ ਕੁਝ ਲੁਟਾ ਕੇ ਇਨ੍ਹਾਂ ਦਾ ਘਰ ਭਰਦੇ ਹਾਂ, ਤੇ ਫਿਰ ਇਨ੍ਹਾਂ ਨੇ ਤਾਂ ਭੂਏ ਚੜ੍ਹਨਾ ਹੀ ਹੈ। ਇਨ੍ਹਾਂ ਗਾਇਕਾਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਅਸੀਂ ਕੀ ਸੁਣਨਾ ਪਸੰਦ ਕਰਦੇ ਹਾਂ।” ਗਿਆਨੀ ਨੇ ਕਿਹਾ।
“ਬਾਈ ਜੀ, ਅੱਜ ਕੱਲ੍ਹ ਸਿੱਪੀ ਗਿੱਲ ਦਾ ਬੜਾ ਰੌਲਾ ਪੈ ਰਿਹੈ। ਕਹਿੰਦੇ, ਗੁਰਦੁਆਰੇ ਦੇ ਸਪੀਕਰ ਵਿਚ ਬੋਲ ਕੇ ਕਹਿੰਦਾ ਹੈ ਕਿ ਫਲਾਣੇ ਪਿੰਡ ਵਾਲਾ ਗਿੱਲ ਆ ਗਿਆ, ਤੇ ਤੁਸੀਂ ਘਰੋ-ਘਰੀ ਅੰਦਰ ਵੜ ਜਾਓ, ਤੇ ਮੈਂ ਕੁੜੀ ਲਿਜਾਣੀ ਹੈ।” ਤਾਰੀ ਨੇ ਪੁੱਛਿਆ।
“ਬਾਈ ਜੀ, ਜਿਨ੍ਹਾਂ ਮੁਗਲਾਂ ਨੂੰ ਖਤਮ ਕਰਨ ਲਈ ਦਸਮੇਸ਼ ਪਿਤਾ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀ, ਉਹੀ ਮੁਗਲ ਅੱਜ ਸਾਡੇ ਘਰਾਂ ਵਿਚ ਪੈਦਾ ਹੋ ਰਹੇ ਆ। ਅਸੀਂ ਮੁਗਲਾਂ ਕੋਲੋਂ ਕਿਹੜੀ ਗੱਲੋਂ ਘੱਟ ਹਾਂ? ਸ਼ਰਾਬ ਅਸੀਂ ਪੀਂਦੇ ਹਾਂ, ਮਾਸ ਅਸੀਂ ਖਾਂਦੇ ਹਾਂ, ਸਿਗਰੇਟ-ਬੀੜੀ ਹੈਰੋਇਨ ਅਸੀਂ ਪੀਂਦੇ ਹਾਂ, ਕੁੜੀਆਂ ਦੀਆਂ ਇੱਜ਼ਤਾਂ ਨਾਲ ਅਸੀਂ ਖੇਡਦੇ ਹਾਂ। ਕਿਹੜਾ ਵਿਆਹ -ਸ਼ਾਦੀ ਹੈ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਾਬ ਦੇ ਡੱਬੇ ਨਾ ਲੱਗਦੇ ਹੋਣ, ਤੇ ਕੁਇੰਟਲਾਂ ਦੇ ਹਿਸਾਬ ਨਾਲ ਮੀਟ ਨਾ ਵੱਢ ਹੋਇਆ ਹੋਵੇ? ਫਿਰ ਅਸੀਂ ਕਹਿੰਦੇ ਹਾਂ ਕਿ ਸੜਕਾਂ ‘ਤੇ ਐਕਸੀਡੈਂਟ ਹੋਣ ਕਰ ਕੇ ਸਾਰਾ ਪਰਿਵਾਰ ਮਾਰਿਆ ਗਿਆ। ਜ਼ਿਆਦਾਤਰ ਐਕਸੀਡੈਂਟ ਮੈਰਿਜ ਪੈਲੇਸ ਦੀ ਕੁੱਖੋਂ ਹੀ ਨਿਕਲਦੇ ਆ। ਨਸ਼ੇ ਅਤੇ ਸੜਕਾਂ ‘ਤੇ ਹੋ ਰਹੇ ਅਤਿਵਾਦ ਤੋਂ ਬਾਅਦ ਆਹ ਲੱਚਰਤਾ ਦਾ ਅਤਿਵਾਦ ਸਾਨੂੰ ਮਨੂੰ ਦੀ ਤਲਵਾਰ ਤੋਂ ਵੀ ਜ਼ਿਆਦਾ ਵੱਢ ਰਿਹੈ।” ਮਹਿਮਾ ਸਿੰਘ ਤਲਖੀ ਨਾਲ ਜਵਾਬ ਦੇ ਗਿਆ।
“ਤੁਹਾਡੀ ਗੱਲ ਸੱਚੀ ਹੈ ਬਾਈ ਜੀ, ਸਾਨੂੰ ਆਪ ਸਭ ਨੂੰ ਇਕੱਠੇ ਹੋ ਕੇ ਕੁਝ ਕਰਨਾ ਚਾਹੀਦਾ।” ਹਰਦੀਪ ਬੋਲਿਆ।
“ਅਸੀਂ ਕੁਝ ਨਹੀਂ ਕਰ ਸਕਦੇ, ਸਾਡੇ ਅੰਦਰ ਇਹ ਗੱਲ ਬੈਠ ਗਈ ਹੈ- ਮੈਨੂੰ ਕੀ ਹੈ, ਮਾੜਾ ਫਲਾਣੇ ਨਾਲ ਹੋਇਆ ਹੈ, ਮੇਰੇ ਨਾਲ ਨਹੀਂ! ਫਲਾਣੇ ਦਾ ਮੁੰਡਾ ਨਸ਼ੇ ਲੱਗ ਗਿਆ, ਮੈਨੂੰ ਕੀ! ਕਿਸੇ ਦੀ ਧੀ ਘਰੋਂ ਭੱਜ ਗਈ, ਤਾਂ ਮੈਨੂੰ ਕੀ! ਇਸ ‘ਮੈਨੂੰ ਕੀ’ ਨੂੰ ਅੰਦਰੋਂ ਕੱਢ ਕੇ ਸ਼ਮਸ਼ਾਨ ਵਿਚ ਮਚਾਉਣਾ ਪਊ, ਤੇ ਅੰਦਰ ਸਾਂਝ ਦਾ ਬੂਟਾ ਲਾਉਣਾ ਪਊ, ਏਕਤਾ ਦਾ ਬੀਜ ਬੀਜਣਾ ਪਊ। ਬਾਕੀ ਜਿਹੜੀ ਉਸ ਗਾਇਕ ਦੀ ਗੱਲ ਹੈ, ਉਹ ਇਕੱਲਾ ਕਸੂਰਵਾਰ ਨਹੀਂ; ਉਸ ਦੀ ਸਾਰੀ ਟੀਮ ਕਸੂਰਵਾਰ ਹੈ, ਤੇ ਨਾਲੇ ਉਹ ਪਿੰਡ ਵਾਲੇ ਵੀ ਜਿਨ੍ਹਾਂ ਨੇ ਉਸ ਨੂੰ ਸਭ ਕੁਝ ਕਰਨ ਦੀ ਇਜਾਜ਼ਤ ਦਿੱਤੀ ਸੀ।”
“ਜੇ ਪਿੰਡ ਵਿਚ ਸੰਤਾਂ-ਮਹਾਂਪੁਰਸ਼ਾਂ ਦਾ ਦੀਵਾਨ ਲਾਉਣਾ ਹੋਵੇ, ਤਾਂ ਪਿੰਡ ਵਾਲਿਆਂ ਕੋਲ ਨਾ ਪੈਸਾ ਹੈ ਤੇ ਨਾ ਥਾਂ; ਤੇ ਜਦੋਂ ਇਨ੍ਹਾਂ ਨੇ ਸ਼ੂਟਿੰਗ ਕਰਨੀ ਹੋਵੇ, ਤਾਂ ਅਸੀਂ ਭੱਜ-ਭੱਜ ਕਹਿੰਦੇ ਆਂ ਕਿ ਸਾਡੇ ਘਰ ਕਰ ਲਵੋ। ਜੇ ਤੁਹਾਨੂੰ ਕੁੜੀ ਦੀ ਲੋੜ ਹੋਵੇ ਤਾਂ ਸਾਡੀ ਧੀ ਹੈ, ਉਸ ਨੂੰ ਕੋਈ ਰੋਲ ਦੇ ਦੇਵੋ, ਉਹਨੂੰ ਵੀ ਐਕਟਿੰਗ ਦਾ ਸ਼ੌਂਕ ਹੈ। ਇਹ ਤਾਂ ਸਾਡਾ ਹਾਲ ਐ।” ਗਿਆਨੀ ਜੀ ਨੇ ਕਿਹਾ।
“ਜਿਹੜੀ ਅੱਜ ਦੀ ਜਵਾਨੀ ਹੈ, ਉਹ ਮਾੜੇ ਕੰਮ ਛੇਤੀ ਸਿੱਖ ਜਾਂਦੀ ਹੈ ਤੇ ਚੰਗੀ ਸਿੱਖਿਆ ਉਨ੍ਹਾਂ ਦੇ ਸਿਰ ਉਤੋਂ ਦੀ ਲੰਘ ਜਾਂਦੀ ਹੈ। ਬਾਕੀ ਜਿਹੋ ਜਿਹਾ ਸਾਡੇ ਘਰ ਅਤੇ ਆਲੇ-ਦੁਆਲੇ ਦਾ ਮਾਹੌਲ ਹੋਵੇਗਾ, ਉਸੇ ਤਰ੍ਹਾਂ ਦਾ ਅਸਰ ਬੱਚੇ ‘ਤੇ ਪਵੇਗਾ।” ਇਕ ਹੋਰ ਬਾਈ ਨੇ ਹਾਜ਼ਾਰੀ ਲੁਆਈ।
“ਬਾਈ ਜੀ, ਮੈਂ ਤੁਹਾਨੂੰ ਇਕ ਸੱਚੀ, ਅੱਖੀਂ ਦੇਖੀ ਘਟਨਾ ਸੁਣਾਉਂਦਾ ਹਾਂæææਪਿਛਲੇ ਸਾਲ ਮੈਨੂੰ ਮੰਗਣੀ ਸਮਾਗਮ ‘ਤੇ ਜਾਣ ਦਾ ਮੌਕਾ ਮਿਲਿਆ। ਇਕ ਮੇਜ਼ ‘ਤੇ ਅਸੀਂ ਛੇ-ਸੱਤ ਜਣੇ ਗੱਲਾਂ ਵਿਚ ਮਸਤ ਹੋ ਗਏ; ਕੁਝ ਇਧਰਲੀਆਂ ਤੇ ਕੁਝ ਵਤਨ ਦੀਆਂ ਗੱਲਾਂ। ਕੁਝ ਮਿੰਟਾਂ ਬਾਅਦ ਹਾਲ ਅੰਦਰ ਇਕ ਪਰਿਵਾਰ ਦਾਖਲ ਹੋਇਆ। ਪਰਿਵਾਰ ਦਾ ਮੋਹਰੀ ਬੰਦਾ ਪੂਰਾ ਗੁਰਸਿੱਖ, ਉਹਨੂੰ ਦੇਖ ਕੇ ਸਭ ਨਾਲੋਂ ਪਹਿਲਾਂ ਮੈਂ ਅੱਗੇ ਹੋ ਕੇ ਫਤਹਿ ਬੁਲਾਈ ਕਿ ਗੁਰੂ ਦਾ ਸਿੱਖ ਆਇਆ ਹੈ, ਹਾਲਾਂਕਿ ਮੈਂ ਉਹਨੂੰ ਜਾਣਦਾ ਨਹੀਂ ਸੀ। ਫਿਰ ਸਾਡੇ ਮੇਜ਼ ਵਾਲਿਆਂ ਨੇ ‘ਹੈਲੋ’ ‘ਹਾਏ’ ਕਹਿ ਕੇ ਹਾਲ ਪੁੱਛਿਆ। ਸਾਡੇ ਮੇਜ਼ ‘ਤੇ ਮੈਂ ਹੀ ਵੈਸ਼ਨੂੰ ਸੀ। ਮੈਂ ਸੋਚਿਆ, ਇਹ ਬਾਈ ਆ ਗਿਆ, ਚਲੋ ਅਸੀਂ ਹੁਣ ਦੋ ਹੋ ਜਾਵਾਂਗੇ। ਜਦੋਂ ਬਾਈ ਚਾਹ ਲੈ ਕੇ ਆਇਆ, ਨਾਲ ਪਲੇਟ, ਤਾਂ ਪਲੇਟ ਵਿਚ ਮੁਰਗੇ ਦੀਆਂ ਲੱਤਾਂ ਤੇ ਮੱਛੀ ਦੇ ਪਕੌੜੇ!æææਨਾ ਕੋਈ ਬਰਫੀ ਦਾ ਟੁੱਕ, ਨਾ ਗੁਲਾਬ ਜਾਮਣ। ਮੈਂ ਹੈਰਾਨ, ਕਿ ਇਹ ਤਾਂ ਮਾਮਲਾ ਹੀ ਕੁਝ ਹੋਰ ਨਿਕਲਿਆ। ਗੱਲਾਂ ਕਰਦਿਆਂ ਤੇ ਖਾਂਦਿਆ ਕਈ ਵਾਰ ਮੀਟ ਦੇ ਟੁਕੜੇ ਉਸ ਦੀ ਦਾੜ੍ਹੀ ਵਿਚ ਡਿੱਗਦੇ ਰਹੇ ਤੇ ਉਹ ਲਿਬੜੇ ਹੱਥਾਂ ਨਾਲ ਝਾੜ ਲੈਂਦਾ।æææਪਹਿਲਾ ਲੋਡ ਖਤਮ ਕਰ ਕੇ ਉਹ ਦੂਜਾ ਭਰ ਲਿਆਇਆ। ਬੈਠਦਿਆਂ ਹੀ ਉਸ ਨੇ ਗਲ ਨੂੰ ਬੰਨ੍ਹੀ ਟਾਈ ਢਿੱਲੀ ਕਰ ਲਈ। ਮੈਨੂੰ ਤਾਂ ਗੱਲਾਂ ਹੀ ਭੁੱਲ ਗਈਆਂ ਉਸ ਬਾਈ ਨੂੰ ਦੇਖ ਕੇ। ਮੈਂ ਦੇਖਾਂ ‘ਤਾਂਹ-ਠਾਂਹ, ਕਿ ਗੁਰਸਿੱਖੀ ਵਾਲਾ ਸਰੂਪ ਤੇ ਆਹæææ? ਮੈਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਸ਼ਰਾਬ ਵੀ ਪੀਂਦਾ ਹੋਊ। ਚਲੋ ਜੀ, ਮੰਗਣੀ ਦੀ ਰਸਮ ਸ਼ੁਰੂ ਹੋ ਰਹੀ ਸੀ, ਇਕ ਖੂੰਜੇ ਸ਼ਰਾਬ ਦੀ ਬਾਰ ਵੀ ਖੁੱਲ੍ਹ ਚੁੱਕੀ ਸੀ। ਫਿਰ ਹੋਈ ਉਹੀ ਗੱਲ਼ææਬਾਈ ਭਰ ਲਿਆਇਆ ਗਲਾਸ। ਇਕæææਦੋæææਫਿਰ ਕੋਈ ਗਿਣਤੀ ਨਹੀਂ, ਤੇ ਬਾਈ ਹੋਰੀਂ ਹੋ ਗਏ ਟੱਲੀ। ਕੋਟ ਲਾਹ ਕੇ ਸੁੱਟ’ਤਾ, ਫਿਰ ਟਾਈ ਵੀ ਲਾਹ ਦਿੱਤੀ। ਬਾਈ ਦੀਆਂ ਮੁਟਿਆਰ ਧੀਆਂ ਉਸ ਦੇ ਕੱਪੜੇ ਸਾਂਭਦੀਆਂ ਫਿਰਨ। ਮੈਂ ਡਰਦਾ ਸੀ ਕਿ ਜਿਸ ਤਰ੍ਹਾਂ ਬਾਈ ਨੱਚ-ਟੱਪ ਰਿਹਾ ਹੈ, ਇਹਦੀ ਪੱਗ ਵੀ ਲਹਿ ਜਾਣੀ ਹੈ! ਫਿਰ ਸੱਚੀਂ ਹੀ ਬਾਈ ਦੀ ਸਜਾਈ ਸੋਹਣੀ ਦਸਤਾਰ ਗਲ ਵਿਚ ਪੈ ਗਈ। ਬਾਈ ਦਾ ਪਰਿਵਾਰ ਉਹਨੂੰ ਧੂਹ ਕੇ ਬਾਹਰ ਕਾਰ ਵਿਚ ਸੁੱਟ ਕੇ ਤੁਰ ਗਿਆ। ਮੈਂ ਹੈਰਾਨ ਹੀ ਰਹਿ ਗਿਆ। ਉਪਰਲਾ ਬਾਣਾ ਜਿੰਨਾ ਮਰਜ਼ੀ ਦਿਖਾਉਣ, ਪਰ ਲੋੜ ਹੈ ਅੰਦਰਲੇ ਬਾਣੇ ਨੂੰ ਸ਼ੁੱਧ ਕਰਨ ਦੀ।” ਮੈਂ ਆਪਣੀ ਗੱਲ ਸੁਣਾ ਦਿੱਤੀ।
“ਇਕ ਤਾਂ ਪੰਜਾਬ ਵਿਚ ਮਸਤ ਬੜੇ ਪੈਦਾ ਹੋ ਗਏ ਨੇ, ਕੀ ਬਣੂ ਸਾਡੇ ਪੰਜਾਬ ਦਾ?” ਮਹਿਮਾ ਸਿੰਘ ਨੇ ਰੰਜ ਨਾਲ ਪੁੱਛਿਆ।
“ਸਾਰੇ ਡੇਰਿਆਂ ਅਤੇ ਮਸਤਾਂ ਦੀ ਜਗ੍ਹਾ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਇਹ ਸਿਆਸਤੀ ਬੰਦਿਆਂ ਵਲੋਂ ਬਣਾਏ ਗਏ ਹਨ, ਪਰ ਮੈਂ ਨਹੀਂ ਦੇਖਿਆ ਕਦੇ, ਸਿਆਸਤੀ ਬੰਦਾ ਘਰ-ਘਰ ਆ ਕੇ ਕਹਿੰਦਾ ਹੋਵੇ ਕਿ ਤੁਸੀਂ ਫਲਾਣੇ ਡੇਰੇ ਜਾਓ, ਜਾਂ ਫਲਾਣੇ ਮਸਤਾਂ ਦੇ ਜਾਓ; ਸਗੋਂ ਅਸੀਂ ਆਪ ਜਾਂਦੇ ਹਾਂ। ਜਦੋਂ ਅਸੀਂ ਜਾਣਾ ਛੱਡ ਦੇਵਾਂਗੇ, ਡੇਰੇ ਪੱਤਿਆਂ ਨਾਲ ਥੋੜ੍ਹਾ ਚਲਣੇ ਹਨ, ਹਰ ਧਾਰਮਿਕ ਥਾਂ ਚੜ੍ਹਾਵੇ ਨਾਲ ਹੀ ਚੱਲਦੀ ਹੈ। ਸ਼ਰਧਾਲੂ ਮਨ ਦੀ ਸ਼ਾਂਤੀ ਤੇ ਪਰਿਵਾਰ ਦੀ ਸੁੱਖ-ਸਾਂਦ ਦੇ ਚੱਕਰਾਂ ਵਿਚ ਪੈ ਕੇ ਇਨ੍ਹਾਂ ਦੀਆਂ ਦਹਿਲੀਜ਼ਾਂ ‘ਤੇ ਨੱਕ ਰਗੜ ਰਹੇ ਹਨ। ਬੰਦਾ ਥਾਂ-ਥਾਂ ਰੱਬ ਲੱਭਦਾ ਫਿਰਦਾ ਹੈ।” ਗਿਆਨੀ ਨੇ ਜਵਾਬ ਦਿੱਤਾ।
“ਬਾਈ, ਅਸੀਂ ਸਾਰੇ ਅਮਰੀਕਾ ਦੀ ਧਰਤੀ ‘ਤੇ ਗੁਰਦੁਆਰੇ ਖੜ੍ਹੇ ਆਂ, ਸੱਚ ਦੱਸਿਓæææਅਸੀਂ ਆਪਣੇ ਪਿੰਡਾਂ ਦੇ ਗਰੀਬ ਪਰਿਵਾਰਾਂ ਲਈ ਕੀ ਕੀਤਾ? ਕਦੇ ਸੋਚਿਆ ਕਿ ਇਹ ਪਰਿਵਾਰ ਡੇਰਿਆਂ ਤੇ ਸਾਧਾਂ ਕੋਲੋਂ ਕੀ ਲੈਣ ਜਾਂਦੇ ਆ?” ਮੈਂ ਸਵਾਲ ਕੀਤਾ।
ਸਾਰੇ ਜਣੇ ਚੁੱਪ ਹੋ ਗਏ।
“ਅਸੀਂ ਬਾਹਰੋਂ ਜਾਂਦੇ ਹਾਂ, ਸਾਡਾ ਗੁੱਸਾ ਹੁੰਦਾ ਹੈ ਕਿ ਸਾਨੂੰ ਕੋਈ ਬੁਲਾਉਂਦਾ ਨਹੀਂ, ਹੁਣ ਪਿਆਰ ਘਟ ਗਿਆ ਹੈ, ਸਾਨੂੰ ਕੋਈ ਮਿਲਣ ਨਹੀਂ ਆਇਆæææਉਏ ਭਰਾਵੋ, ਸਗੋਂ ਅਸੀਂ ਮਹਿੰਗੀਆਂ ਟਿਕਟਾਂ ਲੈ ਕੇ ਉਨ੍ਹਾਂ ਨੂੰ ਮਿਲਣ ਜਾਂਦੇ ਹਾਂ।” ਹਰਦੀਪ ਬੋਲਿਆ।
“ਸਾਡੇ ਪਿੰਡ ਦਾ ਇਕ ਬੰਦਾ ਸਾਲ ਬਾਅਦ ਪਿੰਡ ਜਾਂਦਾ ਹੈ। ਲੋਕ ਛੇ ਮਹੀਨੇ ਪਹਿਲਾਂ ਹੀ ਪੁੱਛਣ ਲੱਗ ਜਾਂਦੇ ਹਨ- ‘ਬੇਬੇ ਜੀ, ਹਰਪਾਲ ਸਿਉਂ ਨੇ ਕਦੋਂ ਆਉਣਾ ਹੈ?’ ਸਾਡੇ ਪਿੰਡ ਦੇ ਹੋਰ ਬੰਦੇ ਵੀ ਬਹੁਤ ਜਾਂਦੇ ਹਨ, ਪਰ ਕੋਈ ਨਹੀਂ ਪੁੱਛਦਾ। ਹਰਪਾਲ ਸਿਉਂ ਜਾਂਦਾ ਹੈ, ਤਾਂ ਕਿਸੇ ਨੂੰ ਦਵਾਈ ਲਈ ਪੈਸੇ ਦਿੰਦਾ ਹੈ, ਕਿਸੇ ਨੂੰ ਕੱਪੜੇ ਲੈ ਦਿੰਦਾ ਹੈ, ਤੇ ਕਿਸੇ ਦੀ ਛੱਤ ਪਾ ਦਿੰਦਾ ਹੈ। ਉਸ ਦੀ ਕੋਠੀ ਦੇ ਵਿਹੜੇ ਵਿਚ ਦੋ-ਚਾਰ ਬੰਦੇ ਬੈਠੇ ਹੀ ਰਹਿੰਦੇ ਹਨ। ਕਈ ਤਾਂ ਕਹਿਣਗੇ, ‘ਅਸੀਂ ਰੱਬ ਤਾਂ ਦੇਖਿਆ ਨਹੀਂ, ਪਰ ਸਾਡਾ ਰੱਬ ਤਾਂ ਤੂੰ ਹੀ ਹੈਂ।’ ਹਰਪਾਲ ਸਿੰਘ ਕੋਲ ਚੌਦਾਂ ਕਿੱਲੇ ਜ਼ਮੀਨ ਹੈ, ਜ਼ਮੀਨ ਦਾ ਸਾਰਾ ਮਾਮਲਾ ਉਹ ਪਿੰਡ ਹੀ ਖਰਚ ਆਉਂਦਾ ਹੈ। ਉਸ ਦੀ ਬੇਬੇ ਦੱਸਦੀ ਸੀ ਕਿ ਲੋਕ ਪੰਜ ਮਹੀਨੇ ਪਹਿਲਾਂ ਪੁੱਛਦੇ ਰਹਿੰਦੇ ਆ ਕਿ ਕਦੋਂ ਆਉਣਾ; ਤੇ ਪੰਜ ਮਹੀਨੇ ਪਿਛੋਂ ਪੁੱਛੀ ਜਾਂਦੇ ਨੇ ਕਿ ਪਾਲ ਚੱਲਿਆ ਗਿਆ? ਗਰੀਬਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੋਣ ਕਰ ਕੇ ਹਰਪਾਲ ਸਿੰਘ ਪੂਰਾ ਸਾਲ ਲੋਕਾਂ ਦੀਆਂ ਧੜਕਣਾਂ ਵਿਚ ਧੜਕਦਾ ਰਹਿੰਦਾ ਹੈ।” ਮਹਿਮਾ ਸਿੰਘ ਨੇ ਕਿਹਾ।
“ਬਾਈ ਜੀ, ਪ੍ਰਸ਼ਾਦਾ ਵੀ ਤਿਆਰ ਹੈ, ਛਕ ਕੇ ਜਾਇਓ।” ਇਕ ਬਾਈ ਨੇ ਨਿਮਰਤਾ ਨਾਲ ਸੁਨੇਹਾ ਦਿੱਤਾ। ਅਸੀਂ ਸਾਰੇ ਜਣੇ ਪ੍ਰਸ਼ਾਦਾ ਛਕਣ ਲੰਗਰ ਹਾਲ ਵੱਲ ਹੋ ਤੁਰੇ।
“ਕੁਲਾਰ ਬਾਈ, ਤੈਨੂੰ ਪਤੈæææਮੈਂ ਆਪਣੀ ਧੀ ਦਾ ਵਿਆਹ ਤਾਂ ਆਪਣੀ ਮਰਜ਼ੀ ਨਾਲ ਬੜੀ ਸਾਦਗੀ ਤੇ ਭਾਈਚਾਰਕ ਸਾਂਝ ਨਾਲ ਕਰ ਆਇਆ ਹਾਂ, ਪਰ ਪੁੱਤਰ ਉਹ ਸਭ ਕੁਝ ਕਰਨਾ ਚਾਹੁੰਦਾ ਹੈ ਜਿਸ ਦੀ ਆਪਾਂ ਚੁੰਝ-ਚਰਚਾ ਕੀਤੀ ਹੈ।” ਮਹਿਮਾ ਸਿੰਘ ਨੇ ਤੁਰੇ ਜਾਂਦਿਆਂ ਮੇਰੇ ਕੰਨ ਕੋਲ ਮੂੰਹ ਕਰ ਕੇ ਦੱਸਿਆ।
“ਬਾਈ ਜੀ, ਤੁਸੀਂ ਕਿਵੇਂ ਵਿਆਹ ਕਰਨਾ ਚਾਹੁੰਦੇ ਹੋ?” ਮੈਂ ਪੁੱਛਿਆ।
“ਗੁਰਸਿੱਖ ਪਰਿਵਾਰ ਦੀ ਪੜ੍ਹੀ-ਲਿਖੀ ਧੀ ਹੋਵੇ, ਸਾਦਾ ਜਿਹਾ ਪਰਿਵਾਰ ਹੋਵੇ, ਅੱਜ ਦੀ ਕਲਯੁੱਗੀ ਅੱਗ ਦੇ ਸੇਕ ਤੋਂ ਬਚਿਆ ਹੋਵੇ, ਕੋਈ ਦਾਜ-ਦਹੇਜ ਨਹੀਂ, ਗੁਰਦੁਆਰੇ ਅਨੰਦ ਕਾਰਜ ਹੋ ਜਾਣ, ਤੇ ਅਸੀਂ ਚਾਹ ਪੀ ਕੇ ਡੋਲੀ ਘਰ ਲੈ ਆਈਏ। ਨਾ ਆਪ ਔਖੇ ਹੋਈਏ, ਤੇ ਨਾ ਹੀ ਧੀ ਵਾਲੇ ਔਖੇ ਹੋਣ।” ਮਹਿਮਾ ਸਿੰਘ ਨੇ ਆਪਣੇ ਦਿਲ ਦੀ ਸੁਣਾ ਦਿੱਤੀ।
“ਤੁਹਾਡਾ ਪੁੱਤਰ ਕਿਹੋ ਜਿਹਾ ਵਿਆਹ ਕਰਵਾਉਣਾ ਚਾਹੁੰਦਾ?” ਮੈਂ ਫਿਰ ਪੁੱਛਿਆ।
“ਪੁੱਤ ਕਹਿੰਦਾ, ਪਹਿਲਾਂ ਮੰਗਣਾ ਵੀ ਪੈਲੇਸ ਵਿਚ ਕਰਵਾਉਣਾ ਹੈ। ਗਾਉਣ ਵਾਲਾ ਵੀ ਲਵਾਉਣਾ ਹੈ। ਫਿਰ ਵਿਆਹ ਵੀ ਵਧੀਆ ਪੈਲੇਸ ਵਿਚ ਕਰਵਾਉਣਾ ਹੈ ਤੇ ਉਥੇ ਹੋਰ ਗਾਉਣ ਵਾਲਾ ਲਵਾਉਣਾ ਹੈ। ਦਾਜ ਵਿਚ ਵਧੀਆ ਗੱਡੀ ਲੈਣੀ ਹੈ। ਸੋਨਾ ਵੀ ਲੈਣਾ ਹੈ। ਇਹ ਪੁੱਤ ਦੀ ਮੰਗ ਹੈ।”
“ਇਸ ਤਰ੍ਹਾਂ ਕਿਉਂ ਕਹਿੰਦਾ ਹੈ?” ਮੈਂ ਦੁਬਾਰਾ ਪੁੱਛਿਆ।
“ਪੁੱਤ ਕਹਿੰਦਾ, ਮੇਰਾ ਮਿੱਤਰ ਇੰਡੀਆ ਵਿਆਹ ਕਰਵਾ ਕੇ ਆਇਆ ਸੀæææਸਾਦਾ ਵਿਆਹ ਕੀਤਾ, ਕੋਈ ਦਾਜ-ਦਹੇਜ ਨਹੀਂ ਲਿਆ, ਤੇ ਕੁੜੀ ਅਮਰੀਕਾ ਆਈ, ਗਰੀਨ ਕਾਰਡ ਲੈ ਕੇ ਫਰਾਰ ਹੋ ਗਈ। ਜੇ ਸਾਡੇ ਨਾਲ ਵੀ ਇੰਜ ਹੋਇਆ ਤਾਂ ਸਾਡੇ ਕੋਲ ਘੱਟੋ-ਘੱਟ ਪੰਜਾਹ ਲੱਖ ਦਾ ਸਮਾਨ ਤਾਂ ਬਚ ਜਾਊ। ਗਰੀਨ ਕਾਰਡ ਮੁਫ਼ਤ ਤਾਂ ਨਹੀਂ ਜਾਊ।” ਮਹਿੰਗਾ ਸਿੰਘ ਨੇ ਪੁੱਤ ਦੀ ਸਕੀਮ ਸੁਣਾਈ।
“ਉਹਨੂੰ ਪੁੱਛਿਓ, ਆਪਣਾ ਜਵਾਈ ਤਾਂ ਭੱਜਿਆ ਨਹੀਂ, ਉਹ ਵੀ ਤਾਂ ਇੰਡੀਆ ਤੋਂ ਲਿਆਂਦਾ ਸੀ।” ਮੈਂ ਕਿਹਾ।
“ਆਹ ਗੱਲ ਮੈਂ ਵੀ ਪੁੱਛੀ ਸੀ। ਕਹਿੰਦਾ, ‘ਉਹਨੂੰ ਕਿਹੜਾ ਪੰਜ ਸਾਲ ਹੋ ਗਏ ਨੇ, ਦੋ ਸਾਲ ਹੀ ਹੋਏ ਨੇ ਆਏ ਨੂੰ। ਕੀ ਪਤਾ ਕਦੋਂ ਉਡਾਰੀ ਮਾਰ ਜਾਵੇ?’ ਮੈਂ ਕਿਹਾ, ‘ਪੁੱਤਰਾ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਲਾਣੇ-ਘਰਾਣੇ ਦਾ ਫਰਕ ਹੁੰਦਾ ਹੈ। ਆਪਾਂ ਤੇਰਾ ਵਧੀਆ ਖਾਨਦਾਨ ਵਿਚ ਵਿਆਹ ਕਰਾਂਗੇ’, ਪਰ ਯਾਰ ਮੰਨਦਾ ਹੀ ਨਹੀਂ।” ਮਹਿੰਗਾ ਸਿੰਘ ਨੇ ਕਿਹਾ।
“ਬਾਈ ਜੀ, ਦੇਖ ਲਵੋ ਆਪਾਂ ਦੋਹਾਂ ਪਾਸਿਆਂ ਤੋਂ ਮਾਰੇ ਗਏ। ਪਹਿਲਾਂ ਮਾਪਿਆਂ ਦੀ ਗਰੀਬੀ ਕਰ ਕੇ ਨਾ ਚੰਗਾ ਹੰਢਾਇਆ, ਤੇ ਨਾ ਚੰਗਾ ਖਾਧਾ। ਜਦੋਂ ਮਾਪਿਆਂ ਦੀ ਗਰੀਬੀ ਵਿਹੜੇ ਵਿਚੋਂ ਕੱਢੀ, ਤਾਂ ਹੁਣ ਆਪਣੇ ਬੱਚਿਆਂ ਦੀ ਜ਼ਿੱਦ ਅੱਗੇ ਗੋਡੇ ਟੇਕਣੇ ਪੈ ਰਹੇ ਹਨ। ਅਸੀਂ ਤਾਂ ਬੱਸ ਇਸ ਗੱਲ ਵਿਚ ਹੀ ਮਾਰੇ ਗਏ ਕਿ ਲੋਕ ਕੀ ਕਹਿਣਗੇ? ਜੇ ਸਭ ਕੁਝ ਕਰਦੇ ਹਾਂ, ਤਾਂ ਸਾਡਾ ਨਾਮ ਵੀ ਉਨ੍ਹਾਂ ਦੀ ਲਿਸਟ ਵਿਚ ਲਿਖਿਆ ਜਾਊ ਜੋ ਸਟੇਜਾਂ ‘ਤੇ ਕੁੜੀਆਂ ਨਚਾਉਂਦੇ ਹਨ। ਜੇ ਨਹੀਂ ਕਰਦੇ ਤਾਂ ਬੱਚਿਆਂ ਨੇ ਕਹਿਣਾ ਕਿ ਇਸ ਨਾਲੋਂ ਤਾਂ ਚੰਗਾ ਹੁੰਦਾ ਮੇਰਾ ਬਾਪ ਹੀ ਨਾ ਹੁੰਦਾ, ਮੈਂ ਆਪਣੀ ਮਰਜ਼ੀ ਕਰ ਲੈਂਦਾ। ਕੋਈ ਵੀ ਮਾਂ-ਬਾਪ ਇਹ ਨਹੀਂ ਚਾਹੁੰਦਾ ਕਿ ਬਦਨਾਮੀ ਦਾ ਦਾਗ ਉਹਦੀ ਪੱਗ ਨੂੰ ਲੱਗੇ, ਪਰ ਇਥੇ ਦੇ ਜੰਮੇ-ਪਲੇ ਇਸ ਗੱਲ ਨੂੰ ਮੰਨਦੇ ਹੀ ਨਹੀਂ; ਜਾਂ ਫਿਰ ਜੋ ਕੁਝ ਉਹ ਚਾਹੁੰਦੇ ਹਾਂ, ਅਸੀਂ ਨਹੀਂ ਮੰਨਦੇ। ਸੱਚ ਤਾਂ ਇਹ ਹੈ ਕਿ ਸਾਰੇ ਅੰਦਰੋ-ਅੰਦਰੀ ਤੌੜੀ ਪਏ ਸਾਗ ਵਾਂਗ ਰਿੱਝੀ ਜਾਂਦੇ ਹਨ।” ਮੈਂ ਆਪਣੀ ਅਕਲ ਮੁਤਾਬਕ ਸੁਣਾ ਦਿੱਤੀ।
ਗੱਲਾਂ ਕਰਦੇ ਅਸੀਂ ਪ੍ਰਸ਼ਾਦਾ ਛਕਣ ਲਗ ਪਏ। ਸਾਡੀ ਚੁੰਝ-ਚਰਚਾ ਕਈ ਸਵਾਲਾਂ ਦੇ ਜਵਾਬ ਦੇ ਗਈ, ਤੇ ਕਈ ਸਵਾਲ ਖੜ੍ਹੇ ਕਰ ਗਈ, ਪਰ ਮੈਂ ਸੋਚਦਾ ਰਿਹਾ ਕਿ ਸਾਨੂੰ ਲੱਚਰਤਾ ਆਪਣੇ ਵਿਹੜਿਆਂ ਵਿਚੋਂ ਪਹਿਲਾਂ ਹੂੰਝਣੀ ਚਾਹੀਦੀ ਹੈ। ਮਾੜਾ ਦੇਖਣਾ ਤੇ ਮਾੜਾ ਸੁਣਨਾ ਪਹਿਲਾਂ ਬੰਦ ਕਰਨਾ ਪਊ। ਆਪਣਾ ਸੁਆਦ ਬਦਲਣਾ ਪਊ। ਫਿਰ ਬੇਸ਼ਕ ਜਿੰਨੇ ਮਰਜ਼ੀ ਕੁੱਤੇ ਭੌਂਕੀ ਜਾਣ, ਹਾਥੀ ਨੇ ਆਪਣੀ ਚਾਲ ਚੱਲੀ ਜਾਣਾ ਹੁੰਦਾ ਹੈ।