ਬਲਜੀਤ ਬਾਸੀ
ਜੀਵ-ਵਿਗਿਆਨ ਅਨੁਸਾਰ ਪਾਣੀ ਵਿਚ ਰਸਾਇਣਕ ਕਿਰਿਆ ਰਾਹੀਂ ਸਰਲ ਕਿਸਮ ਦੇ ਜੀਵਾਂ ਦੇ ਉਦਭਵ ਤੋਂ ਜਟਿਲ ਪ੍ਰਜਾਤੀ ਦੇ ਜੀਵ ਵਿਗਸਦੇ ਗਏ ਤੇ ਹੌਲੀ ਹੌਲੀ ਲੱਖਾਂ ਸਾਲਾਂ ਵਿਚ ਇਸ ਜੀਵ-ਵਿਕਾਸ ਕਿਰਿਆ ਰਾਹੀਂ ਏਪ ਬਣਿਆ ਜਿਸ ਨੇ ਆਖਰ ਮਨੁੱਖ ਦੀ ਜੂਨ ਧਾਰੀ। ਗੁਰੂ ਰਾਮ ਦਾਸ ਫਰਮਾਉਂਦੇ ਹਨ, “ਮਾਣਸ ਜਨਮ ਵੱਡਮੁੱਲੇ ਪਾਇਆ॥” ਹੋਰ ਧਾਰਮਿਕ ਵਿਚਾਰ ਪ੍ਰਣਾਲੀਆਂ, ਮਿਥਾਂ ਵੀ ਮਨੁੱਖ ਦੀ ਉਤਪਤੀ ਦਾ ਆਧਾਰ ਪਾਣੀ ਮੰਨਦੀਆਂ ਹਨ, “ਪਹਿਲਾਂ ਪਾਣੀ ਜੀਉ ਜਿਤੁ ਹਰਿਆ ਸਭੁ ਕੋਇ॥” -ਗੁਰੂ ਨਾਨਕ ਦੇਵ।
ਮਨੁੱਖ ਦੀ ਉਤਪਤੀ ਬਾਰੇ ਹਿੰਦੂ ਪੌਰਾਣਿਕ ਸਾਹਿਤ ਵਿਚ ਬੜੇ ਦਿਲਚਸਪ ਆਖਿਆਨ ਹਨ। ਇੱਕ ਅਨੁਸਾਰ ਮਨੁ, ਜਿਸ ਨੂੰ ਪੰਜਾਬੀ ਵਿਚ ਮਨੂ ਉਚਾਰਿਆ ਜਾਂਦਾ ਹੈ, ਸੰਸਾਰ ਦਾ ਪਹਿਲਾ ਮਨੁੱਖ ਸੀ ਜਿਸ ਦਾ ਨਾਂ ਸਵੈਯੰਭੁਵ (ਸੈਭੰ) ਸੀ। ਇਸ ਦੇ ਸਵੈਯੰਭੁਵ ਹੋਣ ਦਾ ਮਤਲਬ ਹੈ ਕਿ ਉਹ ਆਪਣੇ ਆਪ ਪੈਦਾ ਹੋਇਆ ਸੀ। ਸਵੈ ਦਾ ਅਰਥ ਆਪ ਤੇ ਭੂ ਦਾ ਹੋਣਾ ਹੁੰਦਾ ਹੈ। ਇਸ ਨੇ ਆਪਣੇ ਆਪ ਨੂੰ ਦੋ ਭਾਗਾਂ ਵਿਚ ਵੰਡਿਆ, ਸੱਜੇ ਪਾਸੇ ਤੋਂ ਆਦਮੀ ਤੇ ਖੱਬੇ ਪਾਸੇ ਤੋਂ ਇਸਤਰੀ। ਕੁਝ ਗ੍ਰੰਥਾਂ ਅਨੁਸਾਰ ਬ੍ਰਹਮਾ ਨੇ ਮਨੁ ਨੂੰ ਆਪ ਆਪਣੇ ਵਰਗਾ ਬਣਾਇਆ। ਉਸ ਦੇ ਸਰੀਰ ਦੇ ਇਕ ਭਾਗ ਤੋਂ ਸਤਰੂਪਾ ਨਾਂ ਦੀ ਇਸਤਰੀ ਪੈਦਾ ਹੋਈ। ਇਸ ਪ੍ਰਥਮ ਜੋੜੇ ਤੋਂ ਹੀ ਸਾਰੇ ਸੰਸਾਰ ਦੀ ਸੰਤਾਨ ਅੱਗੇ ਵਧੀ। ਕਿਹਾ ਜਾਂਦਾ ਹੈ ਕਿ ਸਪਤਚੂਰਤੀਰਥ ਨਾਮਕ ਨਦੀ ਦੀ ਇਕ ਸ਼ਾਖਾ ਦੇਵਿਕਾ ਦੇ ਤਟ ‘ਤੇ ਮਨੁੱਖ ਜਾਤੀ ਦਾ ਜਨਮ ਹੋਇਆ। ਇਹ ਸਥਾਨ ਉਤਰਖੰਡ ਵਿਚ ਦੱਸਿਆ ਜਾਂਦਾ ਹੈ। ਮਨੁ ਨੇ ਹੀ ਮਨੁੱਖਾਂ ਲਈ ਧਰਮ-ਸ਼ਾਸਤਰ ਬਣਾਇਆ ਜਿਸ ਦੇ ਅਧਾਰ ‘ਤੇ ਬਾਅਦ ਵਿਚ ਭ੍ਰਿਗੂ ਨੇ ਮਨੁ-ਸਿਮ੍ਰਤੀ ਦੀ ਰਚਨਾ ਕੀਤੀ। ਮਨੂ ਦੀ ਸੰਤਾਨ-ਦਰ-ਸੰਤਾਨ ਹੋਣ ਕਾਰਨ ਉਸ ਦੀ ਵੰਸ਼ ਦੇ ਜੀਵ ਮਨੁੱਖ, ਮਾਣਸ ਜਾਂ ਮਾਨਵ ਕਹਾਏ। ਉਂਜ ਮਨੁ ਦਾ ਇਕ ਅਰਥ ਵੀ ਮਨੁੱਖ ਹੀ ਹੈ, “ਜੇਤੇ ਸਾਸ ਗ੍ਰਾਸ ਮਨੁ ਲੇਤਾ॥” ਪਤੀ ਦੇ ਅਰਥਾਂ ਵਾਲਾ ਮੁਣਸ ਸ਼ਬਦ ਵੀ ਇਥੇ ਥਾਂ ਸਿਰ ਹੈ। ਮਨੂਆ ਸ਼ਬਦ ਦਾ ਅਰਥ ਮਨੁੱਖ ਦੇ ਨਾਲ ਨਾਲ ਬਾਂਦਰ ਵੀ ਹੈ, “ਮਨੂਆ ਅੰਧ ਨ ਚੇਤਈ॥” ਮਨੁਜ ਦਾ ਅਰਥ ਮਨੁ ਤੋਂ ਪੈਦਾ ਹੋਇਆ ਅਰਥਾਤ ਮਨੁਖ-ਜਾਤ ਹੈ।
ਬ੍ਰਹਮਾ ਦੇ ਇਕ ਦਿਨ ਨੂੰ ਕਲਪ ਆਖਦੇ ਹਨ। ਇਕ ਕਲਪ ਵਿਚ 14 ਮਨੁ ਹੋ ਜਾਂਦੇ ਹਨ। ਇਕ ਮਨੁ ਦੇ ਕਾਲ ਨੂੰ ਮਨਵੰਤਰ (ਮਨੁ+ਅੰਤਰ) ਕਿਹਾ ਜਾਂਦਾ ਹੈ। ਚੌਦਾਂ ਮਨੂਆਂ ਦੇ ਵੱਖ ਵੱਖ ਨਾਂ ਹਨ। ਵਰਤਮਾਨ ਕਾਲ ਵਿਚ ਸੱਤਵੇਂ ਮਨੁ ਵੈਵਸਵਤ ਅਤੇ ਸਾਵਰਣਿ ਮਨੂ ਦੀ ਅੰਤਰਦਸ਼ਾ ਚੱਲ ਰਹੀ ਹੈ। ਇਹ ਮਨੁ ਅਯੁਧਿਆ ਰਾਜ ਦਾ ਬਾਨੀ ਤੇ ਮੋਢੀ ਰਾਜਾ ਵੀ ਹੈ। ਚਰਚਿਤ ਇਹ ਚੌਦਾਂ ਮਨੁ ਵਾਰ ਵਾਰ ਵਾਰੀ ਸਿਰ ਜਨਮਦੇ ਤੇ ਖਤਮ ਹੁੰਦੇ ਹਨ। ਵੱਖੋ ਵੱਖ ਪੁਰਾਣਾਂ ਅਤੇ ਹੋਰ ਗ੍ਰੰਥਾਂ ਵਿਚ ਉਤਪਤੀ ਦੀ ਇਸ ਮਿਥ ਦੇ ਆਪੋ ਆਪਣੇ ਰੁਪਾਂਤਰ ਮਿਲਦੇ ਹਨ। ਇਥੇ ਇਹ ਦੱਸਣਾ ਵੀ ਯੋਗ ਹੈ ਕਿ ਕੁਝ ਮਤਾਂ ਅਨੁਸਾਰ ਬ੍ਰਹਮਾ ਦੇ ਇਸ ਪੁੱਤਰ ਨੂੰ ਮਨੁ ਇਸ ਲਈ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਉਸ ਦੇ ਮਨ ਤੋਂ ਪੈਦਾ ਹੋਇਆ ਸੀ ਨਾ ਕਿ ਕਿਸੇ ਪ੍ਰਕਾਰ ਦੇ ਸਰੀਰਕ ਮੈਥੁਨ ਕਾਰਨ। ਨਿਸਚੇ ਹੀ ਇਹ ਬਾਅਦ ਦੀ ਸੋਚ ਹੈ।
ਕੋਈ ਦੋ ਹਜ਼ਾਰ ਸਾਲ ਪਹਿਲਾਂ ਦੇ ਰੋਮਨ ਲੇਖਕ ਟੈਸੀਟਸ ਨੇ ਜਰਮੈਨਿਕ ਕਬੀਲਿਆਂ ਬਾਰੇ ਲਿਖੀ ਇਕ ਕਿਤਾਬ ‘ਜਰਮੇਨੀਆ’ ਵਿਚ ਇਥੋਂ ਦੀਆਂ ਮਿਥਾਂ ਬਾਰੇ ਲਿਖਿਆ ਹੈ। ਉਸ ਅਨੁਸਾਰ ਤਿੰਨ ਜਰਮੈਨਿਕ ਕਬੀਲਿਆਂ ਦਾ ਪੁਰਖਾ ਮਾਨੁਸ ੰਅਨਨੁਸ ਨਾਂ ਦਾ ਵਿਅਕਤੀ ਸੀ। ਮਾਨੁਸ ਖੁਦ ਟਿਸਟੋ ਨਾਂ ਦੇ ਦੇਵਤੇ ਦਾ ਪੁੱਤਰ ਸੀ ਜੋ ਅੱਗੋਂ ਧਰਤੀ ਦਾ ਪੁੱਤਰ ਸੀ। ਇਸ ਤਰ੍ਹਾਂ ਇਹ ਕਬੀਲੇ ਇਕ ਤਰ੍ਹਾਂ ਧਰਤੀ ਦੇ ਪੁੱਤਰ ਸਿੱਧ ਹੁੰਦੇ ਹਨ। ਮਾਨੁਸ ਦਾ ਸਬੰਧ ਪਰਾਗ-ਜਰਮਨ ਦੇ ਸ਼ਬਦ ‘ਮਨਜ਼’ ਨਾਲ ਵੀ ਸਪਸ਼ਟ ਝਲਕਦਾ ਹੈ ਜਿਸ ਦਾ ਅਰਥ ਮਨੁੱਖ ਹੁੰਦਾ ਹੈ। ਆਦਮੀ ਦੇ ਅਰਥਾਂ ਵਾਲਾ ੰਅਨ ਸ਼ਬਦ ਇਸੇ ‘ਤੇ ਆਧਾਰਤ ਦੱਸਿਆ ਜਾਂਦਾ ਹੈ। ਬਹੁਤ ਸਾਰੇ ਭਾਸ਼ਾ-ਵਿਗਿਆਨੀਆਂ ਤੇ ਮਾਨਵ-ਵਿਗਿਆਨੀਆਂ ਦਾ ਵਿਚਾਰ ਹੈ ਕਿ ਸਾਡੇ ਮਨੁ, ਗਰੀਕ ਦੇ ੰਨੋਸ, ਅਵੇਸਤਾ ਦੇ ਮਨੁ ਅਤੇ ਰੂਸੀ ਮੁਜ਼ ਜਿਹੇ ਸ਼ਬਦਾਂ ਦੀ ਅਰਥ ਵਜੋਂ ਤੇ ਧੁਨੀ ਵਜੋਂ ਸਾਂਝ ਦਰਸਾਉਂਦੀ ਹੈ ਕਿ ਇਨ੍ਹਾਂ ਦਾ ਸ੍ਰੋਤ ਇਕੋ ਹੈ। ਉਨ੍ਹਾਂ ਅਨੁਸਾਰ ਇਹ ਸ਼ਬਦ ਇਕ ਭਾਰੋਪੀ ੰeਨ ਤੋਂ ਬਣੇ ਹਨ। ਇਸ ਤੋਂ ਬਣੇ ਢੇਰ ਸਾਰੇ ਸ਼ਬਦਾਂ ਦਾ ਅਸੀਂ ਪਿਛਲੇ ਕਾਲਮਾਂ ਵਿਚ ਜ਼ਿਕਰ ਕਰ ਆਏ ਹਾਂ। ਇਸ ਦੀ ਸੰਸਕ੍ਰਿਤ ਧਾਤੂ ḔਮਨḔ ਨਾਲ ਸਾਂਝ ਹੈ। ਅਸੀਂ ਦੇਖਿਆ ਹੈ ਕਿ ਇਨ੍ਹਾਂ ਮੂਲਾਂ ਦਾ ਅਰਥ ਸੋਚਣਾ, ਸਮਝਣਾ, ਚਿੰਤਨ ਕਰਨਾ ਆਦਿ ਹੈ। ਇਸ ਤਰ੍ਹਾਂ ਅੰਗਰੇਜ਼ੀ ਮੈਨ ਤੇ ਇਸ ਨਾਲ ਮਿਲਦੇ-ਜੁਲਦੇ ਹੋਰ ਯੂਰਪੀ ਭਾਸ਼ਾਵਾਂ ਦੇ ਸ਼ਬਦਾਂ ਅਤੇ ਸਾਡੇ ਮਨੁ\ਮਨੁਖ ਦਾ ਅਰਥ ਸੋਚਣ ਵਾਲਾ, ਚਿੰਤਨਸ਼ੀਲ (ਜੀਵ) ਬਣਦਾ ਹੈ। ਮਨੁੱਖ ਦੀ ਹੋਰ ਪ੍ਰਾਣੀਆਂ ਨਾਲੋਂ ਵਿਸ਼ੇਸ਼ਤਾ ਇਸੇ ਗੱਲ ਵਿਚ ਹੈ। ਰਵਾਇਤੀ ਤੌਰ ‘ਤੇ ਇਨ੍ਹਾਂ ਸ਼ਬਦਾਂ ਨੂੰ ਕੋਸ਼ਾਂ ਤੇ ਹੋਰ ਪੁਸਤਕਾਂ ਵਿਚ ਇਸੇ ਤਰ੍ਹਾਂ ਨਜਿੱਠਿਆ ਗਿਆ ਹੈ। ਮੋਨੀਅਰ ਵਿਲੀਅਮਜ਼ ਦੇ ਅੰਗਰੇਜ਼ੀ ਸੰਸਕ੍ਰਿਤ ਕੋਸ਼, ਆਪਟੇ ਦੇ ਸੰਸਕ੍ਰਿਤ ਹਿੰਦੀ ਕੋਸ਼, ਟਰਨਰ ਦੇ ਭਾਰਤੀ ਆਰਿਆਈ ਭਾਸ਼ਾਵਾਂ ਦੇ ਕੋਸ਼ ਅਤੇ ਗ਼ਸ਼ ਰਿਆਲ ਨੇ ਆਪਣੇ ਲੇਖਾਂ ਵਿਚ ਇਹੋ ਦੱਸਿਆ ਹੈ।
ਪਰ ਘਟੋ ਘਟ ਅੰਗਰੇਜ਼ੀ ਸ਼ਬਦ ਮੈਨ ਦੀ ਇਸ ਵਿਉਤਪਤੀ ਨੂੰ ਬਹੁਤ ਵੱਡੀ ਚੁਣੌਤੀ ਵੀ ਦਿੱਤੀ ਗਈ ਹੈ। ਅੰਗਰੇਜ਼ੀ ਦੇ ਪ੍ਰਸਿੱਧ ਨਿਰੁਕਤਕਾਰ ਲਿਬਰਮੈਨ ਨੇ ਇਸ ਵਿਉਤਪਤੀ ਉਤੇ ਸ਼ੰਕਾ ਜ਼ਾਹਿਰ ਕੀਤੀ ਹੈ। ਉਸ ਅਨੁਸਾਰ ਧਾਰਮਿਕ ਸੋਚ ਦੇ ਮੁਢਲੇ ਦੌਰ ਵਿਚ ਦੇਵਤੇ, ਰੂਹਾਂ, ਪ੍ਰੇਤ ਆਦਿ ਵਿਚਕਾਰ ਫਰਕ ਇਸ ਬਿਨਾ ‘ਤੇ ਪਾਇਆ ਜਾਂਦਾ ਹੈ ਕਿ ਉਹ ਮਨੁੱਖ ਨੂੰ ਕੀ ਕੀ ਨੁਕਸਾਨ ਪਹੁੰਚਾ ਸਕਦੇ ਹਨ। ਮਾਨਸਿਕ ਰੋਗੀਆਂ ਬਾਰੇ ਖਿਆਲ ਕੀਤਾ ਜਾਂਦਾ ਸੀ ਕਿ ਉਨ੍ਹਾਂ ਨੂੰ ਕਿਸੇ ਦੈਵੀ ਸ਼ਕਤੀ ਜਾਂ ਬਦਰੂਹ ਨੇ ਦਬੋਚ ਲਿਆ ਹੈ। ਲੋਕ ਹਊਏ ਤੋਂ ਡਰਦੇ ਹਨ। ਹਿੰਦ ਯੂਰਪੀ ਭਾਸ਼ਾਵਾਂ ਵਿਚ ਮੈਨ ਜਿਹਾ ਸ਼ਬਦ ਬਦਰੂਹਾਂ ਅਤੇ ਪਾਗਲਪਣ ਨਾਲ ਜੋੜਿਆ ਜਾਂਦਾ ਹੈ। ਸਲਾਵਿਕ ਭਾਸ਼ਾਵਾਂ ਵਿਚ ਤਾਂ ਬਹੁਤ ਸਮੱਗਰੀ ਮਿਲ ਜਾਂਦੀ ਹੈ। ḔਮੰਮੂḔ, ḔਮਨੀਜਾḔ ਅਤੇ ḔਮਨੂḔ ਜਿਹੇ ਮੂਲਾਂ ਤੋਂ ਬਣੇ ਅਨੇਕਾਂ ਅਜਿਹੇ ਸ਼ਬਦ ਲੱਭੇ ਗਏ ਹਨ। ਇਨ੍ਹਾਂ ਸ਼ਬਦਾਂ ਦੇ ਅਰਥ ਹਨ- ਸੰਮੋਹਨ, ਛਲ, ਫਰੇਬ, ਕਹਿਰ, ਪ੍ਰੇਤ, ਬਦਰੂਹ, ਛਾਇਆ ਆਦਿ। ਗਰੀਕ ਵਿਚ ਮੈਨੀਆ ਹੈ, ਲਾਤੀਨੀ ਵਿਚ ਮੋਨਿਓ (ਚਿਤਾਵਨੀ) ਹੈ। ਸ਼ਾਇਦ ਇਨ੍ਹਾਂ ਦਾ ਮੁਢਲਾ ਅਰਥ ਭੂਤ ਆਦਿ ਵਲੋਂ ਇਸ਼ਾਰਿਆਂ ਨਾਲ ਬੁਲਾਉਣਾ ਹੈ। ਡਿਕਸ਼ਨਰੀਆਂ ਮੈਨੀਆ ਜਿਹੇ ਸ਼ਬਦਾਂ ਨੂੰ ḔੰeਨḔ (ਸੋਚਣਾ) ਮੂਲਕ ਨਾਲ ਜੋੜਦੀਆਂ ਹਨ। ਅਸੀਂ ਜਾਣਦੇ ਹਾਂ ਕਿ ਮੈਨੀਆ (ੰਅਨਅਿ) ਦਾ ਸ਼ਿਕਾਰ ਬੰਦਾ ਇਸ ਤਰ੍ਹਾਂ ਵਰਤਾਉ ਕਰਦਾ ਹੈ ਜਿਵੇਂ ਉਸ ਨੂੰ ਕੋਈ ਛਾਇਆ ਚੁੰਬੜ ਗਈ ਹੋਵੇ। ਬਹੁਤ ਸੰਭਵ ਹੈ ਕਿ ḔੰਅਨḔ ਇਕ ਹੋਰ ਵੱਖਰਾ ਮੂਲ ਹੈ, ਜਿਸ ਤੋਂ ਭੂਤ ਆਦਿ ਦੇ ਚੰਬੜਨ ਵਾਲੇ ਅਰਥਾਂ ਵਾਲੇ ਸ਼ਬਦ ਬਣੇ। ਸੰਭਵ ਹੈ ਮਨੁ ਤੇ ਮੈਨਸ (ੰਅਨਨੁਸ) ਜਿਹੀਆਂ ਸ਼ੈਆਂ ਮਨੁਖ ਦੇ ਮਨ ਵਿਚ ਭੈਅਦਾਇਕ ਅਤੇ ਵਿਸਮਾਦੀ ਜੀਵ ਵਜੋਂ ਉਭਰੇ ਹੋਣ। ਸਮਾਂ ਪੈਣ ਨਾਲ ਇਹ ਡਰਾਵਣੀਆਂ ਸ਼ੈਆਂ ਮਨੁਖਉਪਕਾਰੀ ਬਣ ਜਾਂਦੀਆਂ ਹਨ। ਕ੍ਰੋਧਵਾਨ ਕਹਿਰਵਾਨ ਸ਼ੈਅ ਸਮਾਂ ਪੈਣ ਨਾਲ ਸਭਿਅਤਾ ਦੀ ਨਿਰਮਾਤਾ ਤੇ ਰਾਜਾਸ਼ਾਹੀ ਦੀ ਬਾਨੀ ਬਣ ਜਾਂਦੀ ਹੈ। ਗਰਜ ਦਾ ਦੇਵਤਾ ਥੋਰ ਵਿਵਸਥਾ ਦਾ ਦੇਵਤਾ ਬਣ ਜਾਂਦਾ ਹੈ। ਸਲਾਵਿਕ-ਇਰਾਨੀਅਨ ḔਬੋਗḔ ਹਊਏ ਤੋਂ ਖੁਸ਼ਹਾਲੀ ਬਖਸ਼ਣ ਵਾਲਾ ਬਣ ਬਹਿੰਦਾ ਹੈ। ਮਨੁ ਅਤੇ ਮੈਨਸ ਦੈਵੀ ਆਦਿ ਪੁਰਖ ਬਣ ਜਾਂਦੇ ਹਨ। ਮਨੂ ਤੇ ਮੈਨਸ ਨਾਲ ਸਬੰਧ ਰੱਖਣ ਵਾਲੇ ਕ੍ਰਮਵਾਰ ਮਨੁਸ਼/ਮਾਨਵ ਅਤੇ ਮਨਿਸ/ਮੈਸਿਕੋ ਕਹਾਏ। ਪਹਿਲੀਆਂ ਵਿਚ ਲੋਕਾਂ ਦੇ ਮਨ ਵਿਚ ਦੈਵਿਕ ਸ਼ਕਤੀ ਨਿਰਾਕਾਰ ਹੁੰਦੀ ਸੀ। ਬਾਅਦ ਵਿਚ ਮਨੁੱਖ ਨੇ ਇਸ ਨੂੰ ਆਪਣੇ ਅਨੁਸਾਰੀ ਸ਼ਕਲ ਦੇ ਕੇ ਦੇਵਤੇ ਬਣਾਇਆ। ਆਖਰਕਾਰ ḔਮੈਨḔ ਸ਼ਬਦ ਬਾਲਬੋਲੀ ਦਾ ਸ਼ਬਦ ਹੋ ਸਕਦਾ ਹੈ: ਪਹਿਲਾਂ ਬੱਚਿਆਂ ਨੂੰ ਡਰਾਉਣ ਵਾਲਾ ਹਊਆ ਫਿਰ ਸਿਆਣਿਆਂ ਦੇ ਮਨ ਵਿਚ ਦਹਿਲ ਪੈਦਾ ਕਰਨ ਵਾਲੀ ਪ੍ਰੇਤਆਤਮਾ, ਫਿਰ ਕਹਿਰਵਾਨ ਦੇਵਤਾ ਅਤੇ ਅਖੀਰ ਵਿਚ ਮਾਨਵ ਜਾਤੀ ਦਾ ਹੀ ਜਨਮਦਾਤਾ ਆਦਿ ਪੁਰਖ। ḔਮਾḔ ਅੱਖਰ ਨਾਲ ਆਮ ਤੌਰ ਉਤੇ ḔਨḔ, ḔਰḔ ਅਤੇ ਅਰਧ ਸਵਰ ਲਗਦੇ ਹਨ ਅਤੇ ਬਣਨ ਵਾਲੇ ਸ਼ਬਦਾਂ ਦੇ ਅਰਥ ਮ੍ਰਿਗਤਤ੍ਰਿਸ਼ਨਾ, ਛਾਇਆ ਜਿਹੇ ਹਨ। ਕਿਸੇ ਦੇਵਤੇ ਦੀ ਗੈਰਹਾਜ਼ਰੀ ਵਿਚ ਇਸ ਤਰ੍ਹਾਂ ਦੇ ਅਰਥਾਂ ਵਾਲੇ ਸ਼ਬਦ ਬਣਦੇ ਹਨ। ਮਿਸਾਲ ਵਜੋਂ ਮਨੁੱਖ ਦੇ ਅਰਥਾਂ ਵਾਲੇ ਪ੍ਰਾਗ-ਸਲਾਵਿਕ ਸ਼ਬਦ ḔਮਾਂਗੀḔ ਜਾਂ ḔਮਾਂਗੂḔ ਮਨੁਸ਼ ਜਾਂ ਮੈਸਿਕੋ ਦੇ ਬਰਾਬਰ ਹਨ ਪਰ ਸਲਾਵਿਕ ਵਿਚ ਮੈਨਸ ਜਿਹਾ ਸ਼ਬਦ ਨਹੀਂ ਹੈ। ਇਸ ਸਮੱਸਿਆ ਨੂੰ ਇਕ ਹੋਰ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ। ਜਦ ਇਕ ਮੈਨਸ ਜਿਹੇ ਦੇਵਤੇ ਦੀ ਕਲਪਨਾ ਹੋ ਗਈ ਤਾਂ ਉਸ ਦੇ ਚੇਲੇ ਬਾਲਕੇ, ਸੇਵਕ, ਦਾਸ ਵੀ ਇਸੇ ਨਾਂ ਨਾਲ ਪੁਕਾਰੇ ਜਾਣ ਲੱਗੇ; ਤੇ ਹੌਲੀ ਹੌਲੀ ਸਾਰੀ ਪਰਜਾ ਹੀ ਇਸੇ ਨਾਂ ਵਾਲੀ ਹੋ ਗਈ ਹੈਰਾਨੀ ਦੀ ਗੱਲ ਨਹੀਂ ਕਿ ਮੈਨ ਸ਼ਬਦ ਦਾ ਇਕ ਪੁਰਾਣਾ ਅਰਥ ਗੁਲਾਮ, ਦਾਸ ਵੀ ਹੈ। ਇਕ ਹੋਰ ਵੀ ਨੁਕਤਾ ਹੈ ਕਿ ਜੁਗਾਂ ਪਹਿਲਾਂ ਮਨੁਖ ਅਤੇ ਹੋਰ ਜੀਵਾਂ ਵਿਚਕਾਰ ਫਰਕ ਦਾ ਆਧਾਰ ਸੋਚਣ ਸ਼ਕਤੀ ਨਹੀਂ ਹੋ ਸਕਦਾ। ਮੁਕਦੀ ਗੱਲ ਇਹ ਹੈ ਕਿ ਮੈਨ\ਮਨੁੱਖ\ਮੁਜ਼ ਆਦਿ ਜਿਹੇ ਸ਼ਬਦਾਂ ਦਾ ਮੂਲਕ ਸੋਚਣ ਦੇ ਅਰਥਾਂ ਵਾਲਾ ੰeਨ (ਸੰਸਕ੍ਰਿਤ ਵੱਲ ਆਈਏ ਤਾਂ ਮਨ ਧਾਤੂ) ਸ਼ਬਦ ਨਹੀਂ ਬਲਕਿ ਇਕ ਹੋਰ ਮੂਲਕ ਮਨ ਹੈ ਜਿਸ ਦਾ ਇਸ ਨਾਲ ਕੋਈ ਸਬੰਧ ਨਹੀਂ। ਅਮੈਰਿਕਨ ਹੈਰੀਟੇਜ ਡਿਕਸ਼ਨਰੀ ਨੇ ਵੀ ਇਹੋ ਸੰਭਾਵਨਾ ਦਰਸਾਈ ਹੈ।