ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
‘ਗੰਗਾ ਗਏ ਗੰਗਾ ਰਾਮ’ ਅਤੇ ‘ਜਮਨਾ ਗਏ ਜਮਨਾ ਦਾਸ’ ਬਣ ਜਾਣ ਵਾਲੇ ਬੰਦੇ ਸੁੱਖ-ਚੈਨ ਨਾਲ ਜ਼ਿੰਦਗੀ ਜਿਉਂਦੇ ਹਨ। ਚੜ੍ਹੀ-ਲੱਥੀ ਦਾ ਕੋਈ ਫਿਕਰ ਨਾ ਫਾਕਾ। ਹਰ ਹਾਲ ਵਿਚ ਅਨੰਦ ਪ੍ਰਸੰਨ। ਉਨ੍ਹਾਂ ਨੂੰ ਸਭ ਕੁਝ ਠੀਕ ਹੀ ਜਾਪਦਾ ਹੈ; ਉਲਟਾ-ਪੁਲਟਾ ਜਾਂ ਗਲਤ-ਮਲਤ ਕੁਝ ਵੀ ਨਹੀਂ। ਉਨ੍ਹਾਂ ਦੇ ਸਾਹਮਣੇ ਜੋ ਕੁਝ ਵੀ ਹੋ ਰਿਹਾ ਹੋਵੇ, ਉਨ੍ਹਾਂ ਸੜਨ-ਭੁੱਜਣ ਦੀ ਬਜਾਏ, ਉਹਦੇ ਨਾਲ ਤਾਲ-ਮੇਲ ਹੀ ਬਿਠਾਉਣਾ ਹੁੰਦਾ ਹੈ; ਤਾੜੀਆਂ ਮਾਰ ਕੇ ਖੁਸ਼ ਹੀ ਹੋਣਾ ਹੁੰਦਾ ਹੈ।
ਅਜਿਹੇ ਲੋਕਾਂ ਸਾਹਮਣੇ ਜੇ ਕੋਈ ਬੈਂਗਣ ਦੀ ਸਬਜ਼ੀ ਨੂੰ ਨਖਿੱਧ ਸਾਬਤ ਕਰ ਰਿਹਾ ਹੋਵੇ, ਤਦ ਉਹ ਬੈਂਗਣ ਨੂੰ ‘ਬੇ-ਗੁਨ’ ਬਣਾ ਕੇ ਹਾਂ ਵਿਚ ਹਾਂ ਮਿਲਾAਣ ਵਿਚ ਦੇਰੀ ਨਹੀਂ ਕਰਦੇ; ਤੇ ਜੇ ਬੈਂਗਣ ਨੂੰ ਸਵਾਦੀ ਤੇ ਪੌਸ਼ਟਿਕ ਆਹਾਰ ਦੱਸਿਆ ਜਾ ਰਿਹਾ ਹੋਵੇ, ਉਨ੍ਹਾਂ ਫੌਰਨ ਬੈਂਗਣ ਦੀ ਬਨਾਵਟ ਦਾ ਗੁਣ-ਗਾਨ ਕਰਦਿਆਂ ਕਹਿ ਦੇਣਾ ਹੁੰਦਾ ਹੈ, ‘ਤਾਂ ਹੀ ਕੁਦਰਤ ਨੇ ਇਸ ਦੇ ਸਿਰ ‘ਤੇ ਮੁਕਟ ਧਰਿਆ ਹੋਇਆ ਹੈ।’
ਇਹੋ ਜਿਹੇ ਭੱਦਰ ਪਰਸ਼ਾਂ ਤੋਂ ਉਲਟ ਆਪਣੇ ਆਪ ਨੂੰ ਸਿਧਾਂਤਵਾਦੀ ਕਹਾਉਣ ਵਾਲੇ ਬੰਦੇ ਹਰ ਸਮੇਂ ਰਊਂ-ਰਊਂ ਕਰਦੇ ਰਹਿੰਦੇ ਨੇ। ਜਿੱਡੀ ਵੱਡੀ ਅਸੂਲਪ੍ਰਸਤੀ ਦੀ ਪੰਡ ਕਿਸੇ ਨੇ ਸਿਰ ‘ਤੇ ਚੁੱਕ ਰੱਖੀ ਹੋਵੇਗੀ, ਉਤਨਾ ਹੀ ਉਸ ਨੂੰ ਮੁੱਲ ਵੀ ਤਾਰਨਾ ਪੈਂਦਾ ਹੈ। ਵੱਡੀ ਪੰਡ ਵਾਲੇ ਨੂੰ ਸੜਨਾ-ਕ੍ਰਿਝਣਾ ਵੱਧ ਪੈਂਦਾ ਹੈ ਤੇ ਛੋਟੀ ਪੰਡ ਵਾਲੇ ਨੂੰ ਜ਼ਰਾ ਘੱਟ।
ਕਦੀ ਅਜਿਹਾ ਹੋ ਸਕਦਾ ਹੈ ਕਿ ਕਿਸੇ ਸਮਾਗਮ ‘ਤੇ ਸੱਦੇ ਪੱਤਰ ਦੇ ਕੇ, ਆਉਣ ਦੀ ਵਾਰ-ਵਾਰ ਤਾਕੀਦ ਕਰ ਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਮਹਿਮਾਨ ਨੂੰ ਕੋਈ ਪਾਣੀ ਵੀ ਨਾ ਪੁੱਛੇ? ਕੋਈ ਇਹ ਵੀ ਨਾ ਪਤਾ ਕਰੇ ਕਿ ਸਮਾਗਮ ਵਿਚ ਪਧਾਰਿਆ ਸ੍ਰੀਮਾਨ ਮੁੱਖ ਮਹਿਮਾਨ ਆਖਰ ਬੈਠਾ ਕਿੱਥੇ ਹੈ? ਚਾਵਾਂ-ਮਲਾਰਾਂ ਨਾਲ ਬੁਲਾਇਆ ਹੋਇਆ ਉਹ ਅਣਗੌਲਿਆ ਪ੍ਰਾਹੁਣਾ ਹੀ ਬਣ ਕੇ ਰਹਿ ਜਾਵੇ? ਅਜਿਹਾ ਵਾਪਰਨਾ ਸੱਚਾਈ ਤੋਂ ਕੋਹਾਂ ਦੂਰ ਜਾਪਦਾ ਹੈ; ਲੇਕਿਨ ਮੈਂ ਇਹ ‘ਬਦਸਲੂਕੀ’ ਆਪਣੇ ਪਿੰਡੇ ‘ਤੇ ਹੰਢਾਈ ਹੋਈ ਹੈ। ਕੁਝ ਕੁ ਘੰਟੇ ਪਹਿਲਾਂ ਹੱਥੀਂ ਛਾਂਵਾਂ ਕਰਵਾ ਕੇ ਫਿਰ ਖੁੱਡੇ ਲਾਈਨ ਲੱਗ ਜਾਣ ਦਾ ‘ਆਨੰਦ’ ਮਾਣਿਆ ਹੋਇਆ ਹੈ। ਆਪਣਾ ਇਹ ‘ਹਸ਼ਰ’ ਕਰਵਾਉਣ ਪਿੱਛੇ ਮੇਰਾ ਕਸੂਰ ਕੀ ਸੀæææਅਗਲੀਆਂ ਸਤਰਾਂ ਵਿਚ ਦੱਸ ਦਿੰਦਾ ਹਾਂ।
ਸੰਨ ਛਿਆਨਵੇਂ ਵਿਚ ਪਛੜੇ ਜਿਹੇ ਇਲਾਕੇ ਦੇ ਗੁੰਮਨਾਮ ਜਿਹੇ ਪਿੰਡ ਵਿਚ ਮੇਰਾ ਸ਼੍ਰੋਮਣੀ ਕਮੇਟੀ ਮੈਂਬਰ ਬਣ ਜਾਣ ਨਾਲ ਟੌਹਰ-ਟੱਪਾ ਕਾਫੀ ਵਧ ਗਿਆ। ਜਦੋਂ ਸੰਨ ਨੜਿੱਨਵੇਂ ਵਿਚ ਬਾਦਲ-ਟੌਹੜਾ ਲੜਾਈ ਸ਼ੁਰੂ ਹੋ ਗਈ, ਤਾਂ ਸਾਨੂੰ ਸਰਕਾਰ ਵਲੋਂ ਦੋ-ਦੋ ਬਾਡੀਗਾਰਡ ਦੇ ਦਿੱਤੇ ਗਏ। ਆਮ ਲੋਕਾਂ ਦੀ ਨਜ਼ਰ ਵਿਚ ਸਾਡੀ ਸ਼ਾਨ ਦੂਣ-ਸਵਾਈ ਹੋ ਗਈ। ਆਪਣੇ ਸ਼ਾਦੀ-ਗਮੀ ਦੇ ਸਮਾਗਮਾਂ ਵਿਚ ਮੈਨੂੰ ਬੁਲਾਉਣਾ ਸਾਡੇ ਇਲਾਕੇ ਵਾਲਿਆਂ ਨੇ ਆਪਣੀ ‘ਸ਼ਾਨ’ ਸਮਝਣਾ ਸ਼ੁਰੂ ਕਰ ਦਿੱਤਾ। ਆਟੋਮੈਟਿਕ ਗੰਨਾਂ ਵਾਲੇ ਦੋ ਵਰਦੀਧਾਰੀ ਪੁਲਿਸ ਮੁਲਾਜ਼ਮ ਮੇਰੇ ਸੱਜੇ-ਖੱਬੇ ਹੁੰਦੇ। ਇਸ ਰੂਪ ਵਿਚ ਅਸੀਂ ਜਿਥੇ ਵੀ ਜਾਂਦੇ, ਲੋਕ ਇਉਂ ਸਮਝਦੇ ਕਿ ਸਾਡੇ ਘਰ ‘ਮੰਤਰੀ’ ਹੀ ਆ ਗਿਆ ਹੈ। ਜਨ-ਸਧਾਰਨ ਸਾਨੂੰ ਅੱਡੀਆਂ ਚੁੱਕ-ਚੁੱਕ ਦੇਖਦੇ ਰਹਿੰਦੇ। ਜਿਨ੍ਹਾਂ ਦੇ ਸਮਾਗਮ ਵਿਚ ਅਸੀਂ ਸ਼ਾਮਲ ਹੋਏ ਹੁੰਦੇ, ਉਹ ਐਵੇਂ ਫੁੱਲ-ਫੁੱਲ ਕੁੱਪਾ ਬਣੀ ਜਾਂਦੇ।
ਇਨ੍ਹਾਂ ਹੀ ਦਿਨਾਂ ਵਿਚ ਸਾਡੇ ਇਕ ਜਾਣੂ ਪਰਿਵਾਰ ਵਿਚ ਮੁੰਡੇ ਦਾ ਵਿਆਹ ਆ ਗਿਆ। ਵਧੀਆ ਮਠਿਆਈ ਦੇ ਡੱਬੇ ਸਮੇਤ ਕਾਰਡ ਦੇਣ ਆਏ ਉਹ ਸੱਜਣ, ਮੈਨੂੰ ਬੜੇ ਮੋਹ-ਸਤਿਕਾਰ ਨਾਲ ਕਹਿੰਦੇ, ‘ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਹੀ ਕਾਰਡ ਦੇਣ ਆਏ ਹਾਂ।’ ਸਾਡੇ ਘਰ ਚਾਹ ਪੀਂਦਿਆਂ ਉਹ ਵਾਰ-ਵਾਰ ਕਹੀ ਜਾਣ ਕਿ ਮੈਂ ਡਾਇਰੀ ‘ਤੇ ਨੋਟ ਕਰ ਲਵਾਂ, ਤਾਂ ਕਿ ਕਿਤੇ ਤਰੀਕ ਭੁੱਲ ਹੀ ਨਾ ਜਾਵੇ। ਦੂਜੇ-ਤੀਜੇ ਮੈਨੂੰ ਉਨ੍ਹਾਂ ਦਾ ਫੋਨ ਵੀ ਆਉਂਦਾ ਰਿਹਾ। ਜੇ ਕਿਤੇ ਉਹ ਰਾਹ ਵਾਟੇ ਵੀ ਮਿਲ ਪੈਂਦੇ, ਤਾਂ ਬਰਾਤੇ ਜਾਣ ਦੀ ਤਾਕੀਦ ਕਰਨੀ ਨਾ ਭੁੱਲਦੇ।
‘ਟੌਹੜਾ-ਕਲਰ’ ਨੀਲੀ ਦਸਤਾਰ ਸਜਾ ਕੇ ਦੁੱਧ-ਚਿੱਟੇ ਕੁੜਤੇ ਪਜਾਮੇ ਉਤੋਂ ਜਥੇਦਾਰ ਵਾਲੀ ਕਾਲੀ ਜੈਕਟ ਪਹਿਨ ਕੇ ਆਪਣੇ ਦੋਹਾਂ ਬਾਡੀਗਾਰਡਾਂ ਸਮੇਤ ਮੈਂ ਵਿਆਹ ਵਾਲੇ ਘਰ ਜਾ ਪਹੁੰਚਿਆ। ਬਰਾਤ ਚੜ੍ਹਨ ਦੀ ਤਿਆਰੀ ਹੋ ਰਹੀ ਸੀ। ਸਾਨੂੰ ਘਰ ਆਏ ਦੇਖ ਕੇ ਉਨ੍ਹਾਂ ਦੀਆਂ ਵਾਛਾਂ ਖਿੜ ਗਈਆਂ। ਉਨ੍ਹਾਂ ਦਾ ਇਕ ਮੁੰਡਾ ਕਈ ਸਾਲਾਂ ਬਾਅਦ ਕੈਨੇਡਾ ਤੋਂ ਪੱਕਾ ਹੋ ਕੇ ਮੁੜਿਆ ਸੀ। ਉਹਦੇ ਨਾਲ ਸਾਡੀ ਉਚੇਚੀ ‘ਇੰਟਰੋਡਕਸ਼ਨ’ ਕਰਵਾਈ ਗਈ। ਆਏ ਹੋਏ ਰਿਸ਼ਤੇਦਾਰਾਂ ਉਤੇ ਰੋਹਬ ਜਮਾਉਣ ਲਈ ਮੈਨੂੰ ‘ਕੱਲੇ-‘ਕੱਲੇ ਨਾਲ ਮਿਲਾਇਆ ਗਿਆ। ਤਹਿ-ਦਿਲੋਂ ਆਓ-ਭਗਤ ਕਰਦਿਆਂ ਵਿਆਂਦ੍ਹੜ ਮੁੰਡੇ ਦੇ ਬਾਪ ਨੇ ਸਾਨੂੰ ਤਿੰਨਾਂ ਨੂੰ ਆਪਣੀ ਗੱਡੀ ਵਿਚ ਬਹਾਇਆ।
ਵਾਜੇ-ਗਾਜਿਆਂ ਨਾਲ ਚੜ੍ਹੀ ਬਰਾਤ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਗਈ। ਮਿਲਣੀ ਮੌਕੇ ਵੀ ਮੇਰਾ ਮਾਣ-ਸਤਿਕਾਰ ਕਰਦਿਆਂ ਮੈਨੂੰ ਦਸਤਾਰ ਭੇਟ ਕੀਤੀ ਗਈ। ਚਾਹ-ਪਾਣੀ ਅਤੇ ਅਨੰਦ ਕਾਰਜ ਤੋਂ ਫੌਰਨ ਬਾਅਦ ਬਰਾਤ ਦੇ ਡੇਰੇ ਕੋਲ ਪਏ ਖੁੱਲ੍ਹੇ ਖੇਤ ਵਿਚ ਸਟੇਜ ਲੱਗਣਾ ਸ਼ੁਰੂ ਹੋ ਗਿਆ। ਪਤਾ ਲੱਗਾ ਕਿ ਮੁੰਡੇ ਵਾਲਿਆਂ ਨੇ ਆਪਣੀ ਅਮੀਰੀ ਦਿਖਾਉਣ ਲਈ ਗਾਇਕ ਕਲਾਕਾਰ ਜੋੜੀ ਨੂੰ ਬੁਲਾਇਆ ਹੋਇਆ ਹੈ। ਕਲਾਕਾਰ ਵੀ ਉਹ ਜੋ ਫੂਹੜ ਕਿਸਮ ਦੇ ਗੀਤ ਗਾਉਣ ਲਈ ਮਸ਼ਹੂਰ ਸੀ।
ਜੇ ਮੈਨੂੰ ਪਹਿਲੋਂ ਪਤਾ ਲੱਗ ਜਾਂਦਾ ਤਾਂ ਸ਼ਾਇਦ ਮੈਂ ਮੁੰਡੇ ਦੇ ਬਾਪ ਨੂੰ ਸਮਝਾ ਕੇ ਕਲਾਕਾਰ ਬੁਲਾਉਣ ਤੋਂ ਹਟਾ ਹੀ ਲੈਂਦਾ, ਪਰ ਹੁਣ ਤਾਂ ਕੀਤਾ ਵੀ ਕੁਝ ਨਹੀਂ ਸੀ ਜਾ ਸਕਦਾ। ਖੈਰ, ਗਾਇਕ ਜੋੜੀ ਦੇ ਸਾਜ਼ਿੰਦੇ ਸਟੇਜ ‘ਤੇ ਜਾ ਚੜ੍ਹੇ, ਮਗਰੇ ਹੀ ਸ਼ੋਖ ਰੰਗਾਂ ਦੇ ਕੁੜਤੇ-ਚਾਦਰੇ ਵਾਲਾ ਸਿੰਗਰ ਅਤੇ ਭੜਕੀਲੇ ਲਿਬਾਸ ਵਾਲੀ ਚੰਚਲ ਜਿਹੀ ਗਾਇਕ ਕੁੜੀ ਵੀ ਸਟੇਜ ਉਤੇ ਆ ਕੇ ਚੋਹਲ-ਮੋਹਲ ਜਿਹੇ ਕਰਨ ਲੱਗ ਪਏ। ਚੁਸਤ-ਚਲਾਕ ਗਾਇਕ ਨੇ ਮੈਨੂੰ ਗੰਨਮੈਨਾਂ ਵਿਚ ਘਿਰਿਆ ਦੇਖ ਕੇ ਮੇਰੇ ਬਾਰੇ ਥੋੜ੍ਹੀ-ਬਹੁਤੀ ਜਾਣਕਾਰੀ ਸ਼ਾਇਦ ਆਉਂਦਿਆਂ ਹੀ ਲੈ ਲਈ ਸੀ। ‘ਰੱਬ ਵਰਗੇ’ ਸਰੋਤਿਆਂ ਨੂੰ ਫਤਹਿ ਬੁਲਾ ਕੇ ਗਾਇਕ ਕਲਾਕਾਰ ਨੇ ਪਹਿਲਾਂ ਮੈਨੂੰ ਚੰਗੀ ਫੂਕ ਛਕਾਈ। ਮਾੜੀ ਕਿਸਮਤ ਨੂੰ ਉਸ ਨੇ ਮੈਨੂੰ ਪਹਿਲਾਂ ਹੀ ਸਟੇਜ ‘ਤੇ ਸੱਦ ਲਿਆ। ਆਖੇ, ਸਾਨੂੰ ਅਸ਼ੀਰਵਾਦ ਦਿਓæææਅਸੀਂ ਪ੍ਰੋਗਰਾਮ ਸ਼ੁਰੂ ਕਰੀਏ।
ਲਓ ਜੀæææਮੈਨੂੰ ਚੜ੍ਹ ਗਿਆ ਜਥੇਦਾਰ ਵਾਲਾ ਤਾਅ। ਪਹਿਲਾਂ ਤਾਂ ਮੈਂ ਮੁੰਡੇ ਵਾਲਿਆਂ ਦਾ ਰਗੜਾ ਬੰਨ੍ਹਦਿਆਂ ਉਨ੍ਹਾਂ ਨੂੰ ਪੁੱਛਿਆ ਕਿ ਕੱਲ੍ਹ ਤੁਸੀਂ ਅਖੰਡ ਪਾਠ ਦੇ ਭੋਗ ਮੌਕੇ ਸੱਦ ਲਿਆ ਸ੍ਰੀ ਦਰਬਾਰ ਸਾਹਿਬ ਦਾ ਰਾਗੀ ਜਥਾ, ਜਿਸ ਨੇ ਇਲਾਹੀ ਬਾਣੀ ਦਾ ਕੀਰਤਨ ਕਰ ਕੇ ਰੂਹਾਨੀ ਰੰਗ ਬਿਖੇਰਿਆ; ਅੱਜ ਤੁਸੀਂ ਆਹ ਕੰਜਰਘਾਟ ਦਾ ਪ੍ਰੋਗਰਾਮ ਬਣਾ ਲਿਆ?
ਚੰਦਾ ਦੇਤੇ ਹੈ ਮਸਜਿਦ ਮੇਂ ਔਰ ਪੀਤੇ ਹੈਂ ਮੈਖਾਨੇ ਮੇਂ
ਖੁਦਾ ਵੀ ਨਾਰਾਜ਼ ਨਾ ਹੋ ਸ਼ੈਤਾਨ ਭੀ ਰਾਜ਼ੀ ਰਹੇ।
ਸਾਹਮਣੇ ਬੈਠੀਆਂ ਕੁੜੀਆਂ-ਬੁੜ੍ਹੀਆਂ ਵੱਲ ਹੱਥ ਕਰ ਕੇ ਮੈਂ ਸਵਾਲ ਕੀਤਾ ਕਿ ਸਟੇਜ ‘ਤੇ ਨੱਚ ਰਹੀ ਅੱਧ-ਨੰਗੀ ਕੁੜੀ ਦੇਖ ਕੇ, ਬੀਬੀਓ ਭੈਣੋਂæææਤੁਹਾਡਾ ਦਿਲ ਨਹੀਂ ਕਰਦਾ ਕਿ ਇਨ੍ਹਾਂ ਮਰਦਾਂ ਨੂੰ ਲਾਹਣਤਾਂ ਪਾਈਏ? ਲੱਚਰਪੁਣੇ ਵਿਰੁਧ ਜੀਅ ਭਰ ਕੇ ਬੋਲਦਿਆਂ ਮੈਂ ਕਲਾਕਾਰ ਨੂੰ ਵੀ ਚੰਗੀ ਤਰ੍ਹਾਂ ‘ਲੂਣ’ ਦਿੱਤਾ। ਸ਼੍ਰੋਮਣੀ ਕਮੇਟੀ ਦੇ ਮੈਂਬਰ ਵਾਲੇ ਫਰਜ਼ਾਂ ਨੂੰ ਆਪਣੇ ਵਲੋਂ ਬਾ-ਖੂਬੀ ਨਿਭਾਅ ਕੇ ਮੈਂ ਸਟੇਜ ਤੋਂ ਥੱਲੇ ਉਤਰ ਆਇਆ। ਆਲੇ-ਦੁਆਲੇ ਸਰਸਰੀ ਜਿਹੀ ਨਜ਼ਰ ਮਾਰਦਿਆਂ ਮੈਂ ਤਾੜਿਆ ਕਿ ਇਕੱਠ ਵਿਚ ਬੈਠੇ ਕੁਝ ਨੀਲੀਆਂ-ਪੀਲੀਆਂ ਪੱਗਾਂ ਵਾਲਿਆਂ ਦੇ ਚਿਹਰੇ ਜ਼ਰੂਰ ਖਿੜੇ ਹੋਏ ਸਨ, ਪਰ ਬਹੁਤੇ ਮੇਰੇ ਵੱਲ ਇੰਜ ਦੇਖ ਰਹੇ ਸਨ ਜਿਵੇਂ ਮਾਰ-ਖੰਡੀ ਮੱਝ, ਬਾਲਟੀ ਲੈ ਕੇ ਦੁੱਧ ਚੋਣ ਆਉਂਦਿਆਂ ਵੱਲ ਘੂਰਦੀ ਹੁੰਦੀ ਹੈ।
ਹੁਣ ਉਥੇ ਮੇਰੇ ਬੈਠੇ ਰਹਿਣ ਦੀ ਕੋਈ ਕਸਰ ਤਾਂ ਰਹਿ ਈ ਨਹੀਂ ਸੀ ਗਈ; ਸੋ, ਮੈਂ ਇਕੱਠ ਵਿਚੀਂ ਰਵਾਂ-ਰਵੀਂ ਤੁਰਦਾ ਬਾਹਰ ਆ ਗਿਆ। ਜਿਹੜੇ ਕੱਲ੍ਹ ਦੇ ਮੈਨੂੰ ਪਲਕਾਂ ‘ਤੇ ਬਿਠਾਉਂਦੇ ਰਹੇ ਸਨ, ਹੁਣ ਉਨ੍ਹਾਂ ਮੇਰੇ ਨਾਲ ਅੱਖਾਂ ਵੀ ਨਾ ਮਿਲਾਈਆਂ। ਮੇਰੇ ਗੰਨਮੈਨਾਂ ਦੇ ਨਾਲ ਦੋ-ਤਿੰਨ ਬੰਦੇ ਹੋਰ ਉਠ ਕੇ ਮੇਰੇ ਨਾਲ ਆ ਰਲੇ। ਅਸੀਂ ਪੰਜ-ਸੱਤ ਜਣੇ ਸੂਮੋ ਗੱਡੀ ਵਿਚ ਆਣ ਬੈਠੇ। ਮੇਰੇ ਗੰਨਮੈਨ ਤਾਂ ਮੈਨੂੰ ਉਲਾਂਭਾ ਜਿਹਾ ਦੇਣ ਲੱਗ ਪਏ ਕਿ ਸਰ ਜੀ, ਵੋਟਾਂ ਦਾ ਖਿਆਲ ਰੱਖਿਆ ਕਰੋ, ਤੁਸੀਂ ਫਿਰ ਵੀ ਇਲੈਕਸ਼ਨ ਲੜਨੀ ਐ; ਪਰ ਅਖਾੜੇ ਵਿਚੋਂ ਉਠ ਕੇ ਸਾਡੇ ਨਾਲ ਆਏ ਇਕ ਹੋਰ ਸੱਜਣ ਨੇ ਮੇਰੀ ਤਾਈਦ ਕਰਨ ਦੇ ਨਾਲ-ਨਾਲ ਨਵੀਂ ਗੱਲ ਸੁਣਾ ਦਿੱਤੀ, ਜਿਸ ਨੂੰ ਸੁਣ ਕੇ ਅਸੀਂ ਸਾਰੇ ਖਿੜ-ਖਿੜਾ ਕੇ ਹੱਸ ਪਏ,
“ਜਥੇਦਾਰ ਜੀ, ਜਦ ਤੁਸੀਂ ਤਵਾ ਲਾ ਰਹੇ ਸੀæææ”, ਉਹ ਬੰਦਾ ਦੱਸਣ ਲੱਗਾ, “æææਉਨ੍ਹਾਂ ਦਾ ਬਾਹਰੋਂ ਆਇਆ ਮੁੰਡਾ ਆਪਣੇ ਘਰਦਿਆਂ ਨੂੰ ਕਹਿੰਦਾ, ‘ਓ ਤੁਸੀਂ ਐਸ ਬੰਦੇ ਨੂੰ ਸਵੇਰੇ-ਸ਼ਾਮ ਫੋਨ ਕਰੀ ਜਾਂਦੇ ਸੀ ਕਿ ਬਰਾਤੇ ਜ਼ਰੂਰ ਜਾਣਾ ਜੀ?æææਕੀ ਗੱਡਾ ਖੜ੍ਹਾ ਸੀ ਇਹਦੇ ਖੁਣੋਂææææਆਪਣਾ ਜਲੂਸ ਕੱਢਿਐ ਉਹਨੇ ਸਵਾਰ ਕੇ।”