ਪਹਿਲੀ ਵੇਵ ਕਬੱਡੀ ਲੀਗ ਨਾਲ ਕਬੱਡੀ ਅਗਲੇ ਦੌਰ ਵਿਚ ਪੁੱਜ ਗਈ ਹੈ। ਇਹ ਕਬੱਡੀ ਤੇ ਇਸ ਨਾਲ ਜੁੜੇ ਖਿਡਾਰੀਆਂ ਅਤੇ ਪ੍ਰਬੰਧਕਾਂ ਦੀ ਚੜ੍ਹਤ ਦਾ ਉਹ ਦੌਰ ਹੈ ਜਿੱਥੋਂ ਅਗਾਂਹ ਇਕ ਨਹੀਂ, ਅਨੇਕ ਰਾਹ ਨਿਕਲਦੇ ਹਨ। ਕਮੀਆਂ-ਖਾਮੀਆਂ ਦੇ ਬਾਵਜੂਦ ਕਈ ਪੱਖਾਂ ਤੋਂ ਨਿਵੇਕਲੀ ਅਤੇ ਨਿਆਰੀ ਰਹੀ ਇਸ ਲੀਗ ਦੇ ਅਹਿਮ ਮੈਚਾਂ ਬਾਰੇ ਸੰਖੇਪ, ਪਰ ਭਾਵਪੂਰਤ ਖੁਲਾਸਾ ਗੁਰਦਿਆਲ ਸਿੰਘ ਬੱਲ ਨੇ ਆਪਣੇ ਇਸ ਲੇਖ ਵਿਚ ਕੀਤਾ ਹੈ।
-ਸੰਪਾਦਕ
ਗੁਰਦਿਆਲ ਸਿੰਘ ਬੱਲ
ਦੁਨੀਆਂ ਭਰ ਵਿਚ ਵਸੇ ਪੰਜਾਬੀਆਂ ਨੇ ਪਿਛਲੇ 3-4 ਮਹੀਨਿਆਂ ਦੌਰਾਨ ਵੇਵ ਕਬੱਡੀ ਲੀਗ ਦੇ ਮੈਚਾਂ ਦੌਰਾਨ ਇਨਸਾਨ ਦੀ ਹੁਸੀਨ ਸਿੱਕ ਦੇ ਖੁੱਲ੍ਹੇ ਨਜ਼ਾਰੇ ਕੀਤੇ ਹਨ। ਨੰਗਲ ਅੰਬੀਆਂ ਵਾਲਾ ਸੰਦੀਪ ਸੰਧੂ, ਖਾਲਸਾ ਵਾਰੀਅਰਜ਼ ਦਾ ਮਨਜੋਤ ਗਿੱਲ, ਪਾਕਿਸਤਾਨੀ ਪੰਜਾਬ ਦਾ ਮਹਾਨ ਰੇਡਰ ਸ਼ਫੀਕ ਚਿਸ਼ਤੀ, ਪੰਜਾਬ ਥੰਡਰਜ਼ ਦਾ ਕਪਤਾਨ ਯਾਦਵਿੰਦਰ ਯਾਦਾ ਤੇ ਉਹਦੀ ਅਗਵਾਈ ਹੇਠ ਖੇਡ ਰਿਹਾ ਪਾਕਿਸਤਾਨੀ ਮੂਲ ਦਾ ਖਿਡਾਰੀ ਸ਼ਫੀਕ ਬੱਟ, ਮਨਿੰਦਰ ਸਰਾਂ, ਗਗਨਦੀਪ ਜੋਗੇਵਾਲ ਅਤੇ ਗਗਨਦੀਪ ਸਭਰਾਵਾਂ ਸਿਰ ਧੜ ਦੀਆਂ ਬਾਜ਼ੀਆਂ ਲਗਾ ਕੇ ਇਸੇ ਸਿੱਕ ਨੂੰ ਹੀ ਤਾਂ ਆਸ਼ਕਾਰ ਕਰ ਰਹੇ ਸਨ। ਲਾਹੌਰ ਲਾਇਨਜ਼ ਦੇ ਚੀਤੇ ਦੀ ਫੁਰਤੀ ਵਾਲੇ ਤੇਜ਼ ਤਰਾਰ ਖਿਡਾਰੀ ਸ਼ਾਹਜ਼ਾਦ ਡੋਗਰ, ਸੋਹਣ ਰੁੜਕੀ, ਤਰਵਿੰਦਰ ਤਿੰਦਾ, ਬਲਜੀਤ ਜਾਂ ਗੁਰਲਾਲ ਘਨੌਰ ਦੀ ਖੇਡ ਦੇ ਜਲਵੇ ਵਿੰਹਦਿਆਂ ਵਾਰ-ਵਾਰ ਮਹਿਸੂਸ ਹੁੰਦਾ ਸੀ ਕਿ ‘ਬੁੱਢਾ ਤੇ ਸਮੁੰਦਰ’ ਦੇ ਕਰਤਾ ਅਰਨੈਸਟ ਹਮਿੰਗਵੇ ਦਾ ਇਹ ਕਥਨ ਕਿੰਨਾ ਸਹੀ ਸੀ ਕਿ ਖਿਡਾਰੀ ਹੱਡ-ਮਾਸ ਦੀਆਂ ਕਵਿਤਾਵਾਂ ਹੁੰਦੇ ਹਨ। ਗੁਰਪ੍ਰੀਤ ਗੋਪੀ, ਸਤਨਾਮ ਸੱਤੂ ਅਤੇ ਰਾਣਾ ਆਲੀਸ਼ਾਨ ਖੇਡ ਮੈਦਾਨਾਂ ਅੰਦਰ ਆਪੋ-ਆਪਣੇ ਅੰਦਾਜ਼ ਵਿਚ ਅਜਿਹੇ ਸੁੰਦਰ ਕਾਵਿ ਦ੍ਰਿਸ਼ਾਂ ਦੀ ਸਿਰਜਣਾ ਹੀ ਤਾਂ ਕਰ ਰਹੇ ਸਨ।
ਲੀਗ ਦੀ ਸ਼ੁਰੂਆਤ ਲੰਡਨ ਦੇ ਆਧੁਨਿਕ ਸਹੂਲਤਾਂ ਨਾਲ ਲੈਸ ਓ ਟੂ ਇਰੀਨ ਸਟੇਡੀਅਮ ਵਿਚ ਯੂਨਾਈਟਿਡ ਸਿੰਘਜ਼ ਅਤੇ ਪੰਜਾਬ ਥੰਡਰਜ਼ ਦੀਆਂ ਟੀਮਾਂ ਵਿਚਾਲੇ ਮੈਚ ਨਾਲ ਹੋਈ। ਮੈਚ ਦਾ ਸਭ ਤੋਂ ਕੇਂਦਰੀ ਪਹਿਲੂ ਯੂਨਾਈਟਿਡ ਸਿੰਘਜ਼ ਦੇ ਕਪਤਾਨ ਨੰਗਲ ਅੰਬੀਆਂ ਵਾਲੇ ਸੰਦੀਪ ਸੰਧੂ ਦੀ ਜ਼ੋਰਦਾਰ ਖੇਡ ਸੀ। ਉਹਨੇ ਮੁਕਾਬਲੇ ਦੌਰਾਨ 12 ਯਾਦਗਾਰੀ ਸਟਾਪ ਲਗਾਏ ਅਤੇ ਅਜਿਹਾ ਕਰਦਿਆਂ ਪਹਿਲੇ ਦਿਨ ਹੀ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ। ਸੰਦੀਪ ਦਾ ਇਕ-ਇਕ ਜੱਫਾ ਦੇਖਣ ਯੋਗ ਸੀ। ਜ਼ਾਹਿਰ ਹੈ ਕਿ ‘ਮੈਨ ਆਫ ਦਾ ਮੈਚ’ ਦਾ ਪਹਿਲਾ ਖਿਤਾਬ ਵੀ ਉਸੇ ਦੇ ਹਿੱਸੇ ਰਿਹਾ।
ਇਸੇ ਦਿਨ ਦਾ ਦੂਜਾ ਮੈਚ ਸਾਰੇ ਦੇ ਸਾਰੇ ਜੂੜੇ ਵਾਲੇ ਖਿਡਾਰੀਆਂ ਨਾਲ ਲੈਸ ਖਾਲਸਾ ਵਾਰੀਅਰਜ਼ ਅਤੇ ਯੋ ਯੋ ਟਾਈਗਰਜ਼ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਖਾਲਸਾ ਵਾਰੀਅਰਜ਼ ਦੇ ਖਿਡਾਰੀਆਂ ਨੇ ਗਜ਼ਬ ਦੇ ਤਾਲ-ਮੇਲ ਦਾ ਪ੍ਰਦਰਸ਼ਨ ਕੀਤਾ। ਉਹ ਆਪਣੇ ਇਸ ਪਹਿਲੇ ਹੀ ਮੈਚ ਵਿਚ ਯੋ ਯੋ ਟਾਈਗਰਜ਼ ਉਪਰ 57 ਦੇ ਮੁਕਾਬਲੇ 79 ਅੰਕਾਂ ਦੇ ਖੁੱਲ੍ਹੇ ਅੰਤਰ ਨਾਲ ਜੇਤੂ ਰਹੇ। ਖਾਲਸਾ ਟਾਈਗਰਜ਼ ਵਲੋਂ ਸਤਨਾਮ ਸੱਤੂ ਨੇ ਸਟਾਪ ਤਾਂ 7 ਹੀ ਲਗਾਏ, ਪਰ ਉਹਦਾ ਅੰਦਾਜ਼ੇ-ਪਕੜ ਕਮਾਲ ਸੀ। ਜਿੱਤ ਦਾ ਸਿਹਰਾ ਮੁੱਖ ਰੂਪ ਵਿਚ ਗੁਰਮੀਤ ਮੰਡੀਆਂ ਦੇ ਸਿਰ ਰਿਹਾ ਜਿਸ ਨੇ 15 ਸਫਲ ਰੇਡ ਪਾਏ ਅਤੇ ਆਪਣੀ ਟੀਮ ਨੂੰ ਲਗਾਤਾਰ ਪਹਿਲ ਦੀ ਪੁਜੀਸ਼ਨ ਵਿਚ ਬਣਾਈ ਰੱਖਿਆ।
ਉਂਜ, ਇਸ ਮੈਚ ਤੋਂ ਵੀ ਵੱਧ ਨਜ਼ਾਰਾ ਉਸ ਦਿਨ ਦਰਸ਼ਕਾਂ ਨੂੰ ਤੀਜੇ ਮੈਚ ਦਾ ਆਇਆ ਜੋ ਲਾਹੌਰ ਲਾਇਨਜ਼ ਅਤੇ ਵੈਨਕੂਵਰ ਲਾਇਨਜ਼ ਵਿਚਾਲੇ ਖੇਡਿਆ ਗਿਆ। ਇਹ ਮੈਚ ਪਾਕਿਸਤਾਨੀ ਪੰਜਾਬ ਦੇ ਖਿਡਾਰੀਆਂ ਨੇ ਜਿੱਤਿਆ। ਸ਼ਫੀਕ ਚਿਸ਼ਤੀ ਨੇ ਕਮਾਲ ਦੀ ਤਾਕਤਵਰ ਅਤੇ ਕਲਾਤਮਿਕ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ। ਸਾਰਾ ਜ਼ੋਰ ਲਗਾ ਕੇ ਵੀ ਕੋਈ ਜਾਫੀ ਉਸ ਨੂੰ ਡੱਕ ਨਾ ਸਕਿਆ। ਫਿਰ ਸ਼ਫੀਕ ਚਿਸ਼ਤੀ ਹੀ ‘ਮੈਨ ਆਫ ਦਾ ਮੈਚ’ ਰਿਹਾ। ਮੁਢਲੇ ਗੇੜ ਵਿਚ ਰਾਇਲ ਕਿੰਗਜ਼ ਦੀ ਟੀਮ ਵੀ ਤਕੜੀ ਰਹੀ ਅਤੇ ਇਹਨੇ ਕੈਲੀਫੋਰਨੀਆਂ ਈਗਲਜ਼ ਨੂੰ 60 ਦੇ ਮੁਕਾਬਲੇ 66 ਅੰਕਾਂ ਨਾਲ ਹਰਾ ਕੇ ਆਪਣੇ ਪਹਿਲੇ ਮੈਚ ਵਿਚ ਜਿੱਤ ਦਰਜ ਕਰ ਲਈ।
ਲੀਗ ਦਾ ਪੰਜਵਾਂ ਅਤੇ ਛੇਵਾਂ ਮੈਚ ਬਰਮਿੰਘਮ ਵਿਚ ਖੇਡੇ ਗਏ। ਪੰਜਵੇਂ ਮੈਚ ਦੌਰਾਨ ਪਾਕਿਸਤਾਨੀ ਪੰਜਾਬ ਵਲੋਂ ਸ਼ਫੀਕ ਚਿਸ਼ਤੀ ਨੇ ਇਕ ਵਾਰ ਮੁੜ ਲਾਜਵਾਬ ਖੇਡ ਦਾ ਪ੍ਰਦਰਸ਼ਨ ਕੀਤਾ। ਉਹਨੇ 19 ਰੇਡਾਂ ਪਾਈਆਂ ਅਤੇ ਇਸ ਵਾਰ ਮੁੜ ਵੀ ਉਹ ਫੜਿਆ ਨਾ ਗਿਆ। ‘ਮੈਨ ਆਫ ਦਾ ਮੈਚ’ ਖਿਤਾਬ ਉਸੇ ਦੇ ਹਿੱਸੇ ਰਿਹਾ। ਬਰਮਿੰਘਮ ਵਿਚ ਅਗਲਾ ਮੈਚ ਯੋ ਯੋ ਟਾਈਗਰਜ਼ ਅਤੇ ਵੈਨਕੂਵਰ ਲਾਇਨਜ਼ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿਚ ਯੋ ਯੋ ਟਾਈਗਰਜ਼ ਦੀ ਟੀਮ ਵਿਰੋਧੀ ਧਿਰ ਉਪਰ 57 ਦੇ ਮੁਕਾਬਲੇ 69 ਅੰਕਾਂ ਨਾਲ ਹਾਵੀ ਰਹੀ। ਇਸ ਮੈਚ ਦੌਰਾਨ ਯੋ ਯੋ ਟਾਈਗਰਜ਼ ਦੇ ਕਪਤਾਨ ਮਨਮਿੰਦਰ ਨੇ ਆਪਣੇ ਬਾਹੂ-ਬਲ ਨਾਲ ਖੇਡ ਮੈਦਾਨ ਵਿਚ ਹਨੇਰੀਆਂ ਲਿਆਈ ਰੱਖੀਆਂ। ਮਨਮਿੰਦਰ ਇਕੱਲੇ ਨੇ 22 ਅੰਕ ਲਏ। ਕਈ ਵਾਰੀ ਤਾਂ ਲਗਦਾ ਸੀ, ਜਿਵੇਂ ਉਹ ਇਕੱਲਾ ਹੀ ਮੈਚ ਵਾਲੀ ਬੀਂਡੀ ਖਿੱਚ ਰਿਹਾ ਹੋਵੇ।
ਲੀਗ ਦਾ 7ਵਾਂ ਮੈਚ ਬਹੁਤ ਅਹਿਮ ਸੀ। ਇਸ ਮੈਚ ਦੌਰਾਨ ਖਾਲਸਾ ਵਾਰੀਅਰਜ਼ ਪਹਿਲੀ ਵਾਰੀ ਯੂਨਾਈਟਿਡ ਸਿੰਘਜ਼ ਨਾਲ ਆਹਮੋ-ਸਾਹਮਣੇ ਹੋਏ। ਖਾਲਸਾ ਵਾਰੀਅਰਜ਼ ਵਲੋਂ ਜਸਮਨਪ੍ਰੀਤ ਰਾਜੂ ਦੀ ਖੇਡ ਦੀ ਲੈਅ ਲੰਮੇ ਸਮੇਂ ਤਕ ਦਰਸ਼ਕਾਂ ਦੇ ਚੇਤਿਆਂ ਵਿਚ ਰਹੇਗੀ। ਜੂੜਿਆਂ ਵਾਲੇ ਜਾਂ-ਨਿਸਾਰਾਂ ਦੀ ਟੀਮ ਇਸ ਮੈਚ ਵਿਚ 44 ਦੇ ਮੁਕਾਬਲੇ 69 ਅੰਕਾਂ ਦੇ ਫਰਕ ਨਾਲ ਜੇਤੂ ਰਹੀ। ਮੈਚ ਦੇ ਨਤੀਜੇ ਤੋਂ ਬਾਅਦ ਭਲਾ ਕੌਣ ਕਹਿ ਸਕਦਾ ਸੀ ਕਿ ਲੀਗ ਦੇ ਸਿਖਰਲੇ ਪੜਾਅ ‘ਤੇ ਪਹੁੰਚ ਕੇ ਤਮਾਸ਼ੇ ਕਿਸ ਤਰ੍ਹਾਂ ਦੇ ਹੋਣ ਵਾਲੇ ਸਨ?
ਖਾਲਸਾ ਵਾਰੀਅਰਜ਼ ਨੇ ਆਪਣੇ ਤੀਜੇ ਮੈਚ ਵਿਚ ਵੈਨਕੂਵਰ ਲਾਇਨਜ਼ ਨੂੰ 45 ਦੇ ਮੁਕਾਬਲੇ 67 ਅੰਕਾਂ ਨਾਲ ਹਰਾ ਦਿੱਤਾ। ਖਾਲਸਾ ਵਾਰੀਅਰਜ਼ ਵਲੋਂ ਗੁਰਪ੍ਰੀਤ ਗੋਪੀ ਨੇ 7 ਸਟਾਪ ਲਗਾਏ, ਪਰ ਇਸ ਦਿਨ ਉਨ੍ਹਾਂ ਦੀ ਜਿੱਤ ਦਾ ਨਾਇਕ ਗਗਨਦੀਪ ਜੋਗੇਵਾਲੀਆ ਰਿਹਾ। ਉਹਨੇ 13 ਰੇਡਾਂ ਪਾਈਆਂ ਅਤੇ ਇਕ ਵਾਰ ਵੀ ਰੋਕਿਆ ਨਾ ਜਾ ਸਕਿਆ।
ਲੀਗ ਦਾ 10ਵਾਂ ਮੈਚ ਯੂਨਾਈਟਡ ਸਿੰਘਜ਼ ਅਤੇ ਕੈਲੀਫੋਰਨੀਆ ਈਗਲਜ਼ ਵਿਚਾਲੇ ਖੇਡਿਆ ਗਿਆ। ਮੈਚ ਦੌਰਾਨ ਯੂਨਾਈਟਿਡ ਸਿੰਘਜ਼ ਦਾ ਕਪਤਾਨ ਸੰਦੀਪ ਸੰਧੂ ਪੂਰੀ ਅਕੀਦਤ ਅਤੇ ਦ੍ਰਿੜਤਾ ਨਾਲ ਮੈਦਾਨ ਵਿਚ ਉਤਰਿਆ। ਉਹਨੇ 7 ਜੱਫੇ ਲਗਾਏ, ਪਰ ਇਸ ਮੈਚ ਵਿਚ ਉਨ੍ਹਾਂ ਦੀ ਲੀਗ ਵਿਚ ਵਾਪਸੀ ਵਾਲੀ ਜਿੱਤ ਸਿਗਨੇਚਰ ਬਲਜੀਤ ਨੇ ਛੱਡੇ ਜਿਸ ਨੇ ਕਿ 19 ਕਾਮਯਾਬ ਰੇਡਾਂ ਪਾ ਕੇ ਵਿਸ਼ਵ ਕਬੱਡੀ ਸਰਕਲਾਂ ਵਿਚ ਆਪਣੀ ਤਾਕਤ ਦੀ ਧਾਂਕ ਜਮਾਈ।
ਯੋ ਯੋ ਟਾਈਗਰਜ਼ ਅਤੇ ਰਾਇਲ ਕਿੰਗਜ਼ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ 11ਵਾਂ ਮੈਚ ਯੋ ਯੋ ਦੇ ਕਰਤਾਰੀ ਸਮਰੱਥਾ ਵਾਲੇ ਜਾਫੀ ਸੋਹਣ ਰੁੜਕੀ ਦੀ ਖੇਡ ਸਦਕਾ ਲੰਮੇ ਸਮਿਆਂ ਤਕ ਯਾਦ ਰੱਖਿਆ ਜਾਵੇਗਾ। ਅਗਲੇ ਮੈਚ ਵਿਚ ਪਾਕਿਸਤਾਨੀ ਪੰਜਾਬੀਆਂ ਦੀ ਲਾਹੌਰ ਲਾਇਨਜ਼ ਦੇ ਬੈਨਰ ਹੇਠ ਖੇਡ ਰਹੀ ਟੀਮ ਨੇ ਪੰਜਾਬ ਥੰਡਰਜ਼ ਦੀ ਟੀਮ ਨੂੰ ਬੁਰੀ ਤਰ੍ਹਾਂ ਖਦੇੜ ਦਿਤਾ। ਸ਼ਫੀਕ ਚਿਸ਼ਤੀ ਨੇ 15 ਸਫਲ ਰੇਡ ਪਾਏ, ਪਰ ਇਸ ਮੈਚ ਵਿਚ ਅਸਲ ਝੰਡੀ ਸ਼ਾਹਜ਼ਾਦ ਡੋਗਰ ਦੀ ਰਹੀ। ਡੋਗਰ ਨੇ 19 ਸਫਲ ਰੇਡਾਂ ਪਾਈਆਂæææਤੇ ਫਿਰ ਲੀਗ ਦਾ ਸਭ ਤੋਂ ਅਹਿਮ ਡਰਾਮਈ ਮੋੜ ਉਸ ਸਮੇਂ ਆਇਆ ਜਦੋਂ ਪਾਕਿਸਤਾਨੀ ਪੰਜਾਬੀਆਂ ਨੂੰ ਖਾਲਸਾ ਵਾਰੀਅਰਜ਼ ਨਾਲ ਲੋਹਾ ਲੈਣਾ ਪਿਆ। ਇਸ ਮੈਚ ਵਿਚ ਖਾਲਸਾ ਵਾਰੀਅਰਜ਼ ਦੇ ਸੱਤੇ ਨੇ ਸ਼ਫੀਕ ਚਿਸ਼ਤੀ ਨੂੰ ਉਸ ਦੇ 60 ਸਫਲ ਰੇਡਾਂ ਤੋਂ ਬਾਅਦ ਜਦੋਂ ਪਹਿਲੀ ਵਾਰੀ ਰੋਕਿਆ, ਤਾਂ ਖੇਡ ਮੈਦਾਨ ਅੰਦਰ ਹੀ ਨਹੀਂ, ਟੈਲੀਵਿਜ਼ਨ ਅੱਗੇ ਬੈਠ ਕੇ ਮੈਚ ਵੇਖ ਰਹੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਉਸ ਦੀ ਜੈ-ਜੈਕਾਰ ਕੀਤੀ। ਕਮਾਲ ਇਹ ਸੀ ਕਿ ਵਾਰੀਅਰਜ਼ ਨੇ ਸ਼ਫੀਕ ਨੂੰ ਤਿੰਨ ਵਾਰ ਸਟਾਪ ਲਗਾਏ। ਖਾਲਸਾ ਵਾਰੀਅਰਜ਼ ਦੀ ਟੀਮ ਨੇ ਲਾਹੌਰ ਦੀ ਟੀਮ ਉਪਰ 55 ਦੇ ਮੁਕਾਬਲੇ 64 ਅੰਕਾਂ ਨਾਲ ਜਿੱਤ ਦਰਜ ਕੀਤੀ। ਲੀਗ ਮੈਚਾਂ ਦਾ ਇਹ ਉਹ ਪੜਾਅ ਸੀ ਜਦੋਂ ਪੰਜਾਬੀਆਂ ਦੇ ਖੇਡਾਂ ਨਾਲ ਸਬੰਧਤ ਹਰ ਖੇਮੇ ਵਿਚ ਖਾਲਸਿਆਂ ਦੀ ਇਹ ਟੀਮ ਦੰਤ-ਕਥਾ ਲੱਗਣ ਲੱਗੀ।
ਅਖੀਰ ਲੀਗ ਦੇ 15ਵੇਂ ਮੈਚ ਵਿਚ ਵੈਨਕੂਵਰ ਲਾਇਨਜ਼ ਨੇ ਵੀ ਆਪਣੀ ਪਹਿਲੀ ਜਿੱਤ ਦਾ ਖਾਤਾ ਖੋਲ੍ਹਿਆ। ਇਸ ਮੈਚ ਵਿਚ ਵੈਨਕੂਵਰ ਲਾਇਨਜ਼ ਦੇ ਖਿਡਾਰੀ ਅਜਿਹੇ ਜੋਸ਼ ਨਾਲ ਖੇਡੇ ਕਿ ਯੂਨਾਈਟਿਡ ਸਿੰਘਜ਼ ਜਾਂ ਕਪਤਾਨ ਸੰਦੀਪ ਨੰਗਲ ਅੰਬੀਆਂ ਨੂੰ ਉਨ੍ਹਾਂ ਦਾ ਕੋਈ ਵੀ ਤੋੜ ਨਜ਼ਰ ਨਾ ਆਇਆ। ਉਧਰ ਇਸੇ ਗੇੜ ਤਕ ਖਾਲਸਾ ਵਾਰੀਅਰਜ਼ ਚਾਰ ਮੈਚਾਂ ਤੋਂ ਪੂਰੇ 8 ਅੰਕਾਂ ਨਾਲ ਮੋਹਰੀ ਸਨ ਜਦੋਂ ਕਿ ਪਾਕਿਸਤਾਨੀ ਪੰਜਾਬ ਦੀ ਟੀਮ 6 ਅੰਕਾਂ ਨਾਲ ਦੂਜੇ ਸਥਾਨ ‘ਤੇ ਸੀ।
ਲੀਗ ਦੇ ਕੁੱਲ 87 ਜਾਂ ਸ਼ਾਇਦ 88 ਮੈਚ ਹੋਣੇ ਸਨ। ਅਜੇ ਮਹਿਜ਼ 15 ਮੈਚ ਹੋਏ ਸਨ, ਪਰ ਇਸ ਮੁਢਲੇ ਗੇੜ ਤੋਂ ਬਾਅਦ ਪਟਾਕੇ ਪੈਣੇ ਸ਼ੁਰੂ ਹੋ ਗਏ। ਲੀਗ ਦੇ ਪਹਿਲੇ ਅੱਧੇ ਯਾਨਿ 45 ਮੈਚਾਂ ਦੌਰਾਨ ਸਭ ਤੋਂ ਪਹਿਲਾ ਝਟਕਾ ਦਰਸ਼ਕਾਂ ਨੂੰ ਉਸ ਸਮੇਂ ਲੱਗਾ ਜਦੋਂ ਪੰਜਾਬ ਥੰਡਰਜ਼ ਨੇ ਖਾਲਸਾ ਵਾਰੀਅਰਜ਼ ਦੇ ਜੇਤੂ ਰੱਥ ਨੂੰ 58-58 ਅੰਕਾਂ ਦੀ ਬਰਾਬਰੀ ‘ਤੇ ਰੋਕ ਦਿੱਤਾ। ਮੈਚ ਦੇ ਆਖਰੀ ਅੰਕ ਦਾ ਡਰਾਮਾ ਤਾਂ ਬਹੁਤ ਰੌਚਕ ਸੀ। ਖਾਲਸਾ ਵਾਰੀਅਰਜ਼ ਦੇ ਜ਼ੋਰਦਾਰ ਖਿਡਾਰੀ ਜਸਮਨਪ੍ਰੀਤ ਨੇ ਰੇਡ ਪਾਇਆ। ਰੈਫਰੀ ਨੇ ਫੈਸਲਾ ਉਸ ਦੇ ਹੱਕ ਵਿਚ ਦੇ ਦਿੱਤਾ, ਪਰ ਪਿਛੋਂ ਕਿੰਨੀ ਹੀ ਦੇਰ ਤਕ ਵੱਖ-ਵੱਖ ਕੋਨਿਆਂ ਤੋਂ ਜਾਂ ਟੀæਵੀæ ਟੈਕਨਾਲੋਜੀ ਦੀ ਸਹਾਇਤਾ ਨਾਲ ਫੈਸਲਾ ਜਸਮਨਪ੍ਰੀਤ ਦੇ ਵਿਰੁਧ ਦੇ ਦਿੱਤਾ ਗਿਆ। ਇਸ ਤੋਂ ਵੀ ਫਸਵਾਂ ਮੈਚ ਦਰਸ਼ਕਾਂ ਨੂੰ ਉਦੋਂ ਵੇਖਣ ਨੂੰ ਮਿਲਿਆ ਜਦੋਂ ਵੈਨਕੂਵਰ ਲਾਇਨਜ਼ ਦੀ ਟੀਮ ਨੇ ਪਾਕਿਸਤਾਨੀ ਪੰਜਾਬ ਦੀ ਟੀਮ ਦੀ ਨਾਂਹ ਕਰਵਾ ਦਿੱਤੀ। ਲਾਹੌਰ ਲਾਇਨਜ਼ ਨੇ ਮੈਚ 54 ਦੇ ਮੁਕਾਬਲੇ 55 ਅੰਕਾਂ ਨਾਲ ਜਿੱਤ ਤਾਂ ਲਿਆ, ਪਰ ਇਸ ਨਤੀਜੇ ਪਿਛੋਂ ਲੰਮੇ ਸਮੇਂ ਤਕ ਰੌਲਾ ਪੈਂਦਾ ਰਿਹਾ। ਚਰਚਾ ਸੀ ਕਿ ਲਾਹੌਰ ਵਾਲਿਆਂ ਦੀ ਇਕ ਰੇਡ ਵੱਧ ਪੈ ਗਈ ਸੀ।
40-45 ਮੈਚਾਂ ਤੋਂ ਬਾਅਦ ਇਕ ਹੋਰ ਕਮਾਲ ਦੀ ਗੱਲ ਇਹ ਸੀ ਕਿ ਰਾਇਲ ਕਿੰਗਜ਼ ਦੀ ਟੀਮ ਇਸ ਸਮੇਂ ਤਕ ਹੀ ਬੇਸ਼ਕ ਟਰਾਫੀ ਦੀ ਦੌੜ ਵਿਚੋਂ ਸਭ ਤੋਂ ਪਹਿਲਾਂ ਬਾਹਰ ਹੋ ਗਈ ਸੀ, ਪਰ ਗੁਰਲਾਲ ਘਨੌਰ ਨੇ 205 ਕਬੱਡੀਆਂ ਪਾ ਕੇ ਆਪਣੀ ਖੇਡ ਦੇ ਨਕਸ਼ ਦਰਸ਼ਕਾਂ ਦੇ ਚੇਤਿਆਂ ਵਿਚ ਉਤਾਰ ਦਿਤੇ ਹੋਏ ਸਨ। ਸੁਲਤਾਨ ਸਿੰਘ 194 ਰੇਡਾਂ ‘ਤੇ 174 ਅੰਕ ਲੈ ਕੇ ਅਤੇ ਪਾਕਿਸਤਾਨੀ ਖਿਡਾਰੀ ਸ਼ਫੀਕ ਚਿਸ਼ਤੀ 187 ਰੇਡਾਂ ਤੋਂ 170 ਅੰਕ ਲੈ ਕੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਸਨ। ਨੰਗਲ ਅੰਬੀਆਂ ਵਾਲੇ ਸੰਦੀਪ ਸੰਧੂ ਨੇ 68 ਕਾਮਯਾਬ ਪਕੜਾਂ ਲਗਾਈਆਂ ਸੀ ਪਰ ਉਹਦੀ ਟੀਮ ਕਾਫੀ ਪਛੜੀ ਹੋਈ ਸੀ।
ਸੈਮੀ ਫਾਈਨਲ ਵਿਚ ਖਾਲਸਾ ਵਾਰੀਅਰਜ਼ ਨੇ ਵੈਨਕੂਵਰ ਲਾਇਨਜ਼ ਨੂੰ ਮੁਕਾਬਲਤਨ ਸਹਿਜ ਨਾਲ ਹੀ 60 ਦੇ ਮੁਕਾਬਲੇ 70 ਅੰਕਾਂ ਦੇ ਫਰਕ ਨਾਲ ਹਰਾ ਕੇ ਲੀਗ ਦੇ ਫਾਈਨਲ ਵਿਚ ਦਾਖਲਾ ਪਾ ਲਿਆ। ਕਪਤਾਨ ਸੰਦੀਪ ਦੀ ਯੂਨਾਈਟਿਡ ਸਿੰਘਜ਼ ਅਤੇ ਕੈਲੀਫੋਰਨੀਆ ਈਗਲਜ਼ ਵਿਚਾਲੇ ਖੇਡਿਆ ਗਿਆ ਦੂਜਾ ਸੈਮੀ ਫਾਈਨਲ ਵਧੇਰੇ ਕਰੜਾ ਰਿਹਾ। ਮੈਚ ਕਈ ਵਾਰੀ ਹੇਠਾਂ-ਉਤੇ ਗਿਆ, ਪਰ ਅੰਤਿਮ ਜਿੱਤ ਸੰਦੀਪ ਦੀ ਟੀਮ ਯੂਨਾਈਟਡ ਸਿੰਘਜ਼ ਦੀ ਹੋਈ।
ਯੂਨਾਈਟਡ ਸਿੰਘਜ਼ ਅਤੇ ਖਾਲਸਾ ਵਾਰੀਅਰਜ਼ ਵਿਚਕਾਰ ਫਾਈਨਲ ਮੈਚ ਬਹੁਤ ਆਕਰਸ਼ਕ ਰਿਹਾ। ਖਾਲਸਾ ਵਾਰੀਅਰਜ਼ ਨੇ ਸ਼ੁਰੂਆਤ ਬਹੁਤ ਜ਼ੋਰਦਾਰ ਕੀਤੀ ਅਤੇ ਵਿੰਹਦਿਆਂ-ਵਿੰਹਦਿਆਂ ਇਕ ਦੇ ਮੁਕਾਬਲੇ 7 ਅੰਕਾਂ ਦੀ ਲੀਡ ਲੈ ਲਈ। ਡਰ ਇਹ ਲੱਗਣ ਲੱਗ ਪਿਆ ਕਿ ਕਿਧਰੇ ਮੈਚ ਇਕਪਾਸੜ ਹੋ ਕੇ ਲੀਗ ਦਾ ਸਾਰਾ ਮਜ਼ਾ ਹੀ ਕਿਰਕਿਰਾ ਨਾ ਹੋ ਜਾਵੇ। ਸੰਦੀਪ ਦੀ ਟੀਮ ਨੇ ਮੋੜਵਾਂ ਜ਼ੋਰ ਮਾਰਿਆ, ਪਰ ਪਹਿਲੇ ਕੁਆਰਟਰ ਵਿਚ ਕਹਾਣੀ 18-11 ‘ਤੇ ਹੀ ਰਹੀ। ਦੂਜੇ ਕੁਆਰਟਰ ਵਿਚ ਮੈਚ ਬੜੀ ਜਲਦੀ ਪਹਿਲਾਂ 27-27 ਅੰਕਾਂ ਅਤੇ ਫਿਰ 36-36 ਅੰਕਾਂ ਦੀ ਬਰਾਬਰੀ ‘ਤੇ ਆ ਗਿਆ।
ਆਖਰ ਮੈਚ ਆਖਰੀ ਗੇੜ ਵੱਲ ਵਧਿਆ ਅਤੇ ਖਾਲਸਾ ਵਾਰੀਅਰਜ਼ 48 ਦੇ ਮੁਕਾਬਲੇ 52 ਅੰਕਾਂ ਨਾਲ ਜਿੱਤ ਵੱਲ ਵਧ ਰਹੇ ਸਨ।æææਤੇ ਹੁਣ ਇਹ ਸੀ ਉਹ ਮੁਕਾਮ ਜਦੋਂ ਸੰਦੀਪ ਨੰਗਲ ਅੰਬੀਆਂ ਵਾਲੇ ਨੇ ਚੋਟੀ ਦੇ ਖਾਲਸਾ ਧਾਵੀਆਂ ਨੂੰ ਉਪਰੋਥਲੀ ਜੱਫੇ ਲਗਾ ਕੇ ਪਹਿਲਾਂ ਮੈਚ 53-53 ਅੰਕਾਂ ਦੀ ਬਰਾਬਰੀ ‘ਤੇ ਲਿਆਂਦਾ ਅਤੇ ਅਖੀਰੀ ਅੰਕਾਂ ਦੀ ਸੂਈ ਨੂੰ 55-58 ਅੰਕਾਂ ‘ਤੇ ਘੁਮਾ ਕੇ ਇਕ ਤਰ੍ਹਾਂ ਨਾਲ ਵਾਰੀਅਰਜ਼ ਦੇ ਹੱਥਾਂ ਵਿਚ ਆਈ ਟਰਾਫੀ ਖੋਹ ਲਈ। ਇਸ ਮੈਚ ਦਾ ਸਰਵੋਤਮ ਰੇਡਰ ਭਲੇ ਹੀ ਮਨਜੋਤ ਗਿੱਲ ਰਿਹਾ, ਪਰ ਬੈਸਟ ਸਟਾਪਰ ਦਾ ਖਿਤਾਬ ਸੰਦੀਪ ਸੰਧੂ ਦੇ ਹੱਕ ਵਿਚ ਗਿਆ।
ਮਨਜੋਤ ਅਤੇ ਗਗਨਦੀਪ ਜੋਗੇਵਾਲੀਆ ਦੀ ਟੀਮ ਵਾਰੀਅਰਜ਼ ਨੇ ਲੀਗ ਵਿਚ ਖੇਡੇ 23 ਮੈਚਾਂ ਵਿਚੋਂ 18 ਮੈਚ ਜਿੱਤੇ, ਇਕ ਬਰਾਬਰੀ ‘ਤੇ ਕੱਢਿਆ ਸੀ ਅਤੇ ਸੰਦੀਪ ਦੀ ਟੀਮ ਨੂੰ ਵੀ ਕਰੜੀ ਸਿਕੱਸ਼ਤ ਦਿਤੀ ਸੀ। ਯੂਨਾਈਟਿਡ ਸਿੰਘਜ਼ ਵਾਲਿਆਂ ਨੇ ਸਾਰੀ ਲੀਗ ਵਿਚ 12 ਮੈਚ ਜਿੱਤੇ ਸਨ ਅਤੇ 8 ਮੈਚਾਂ ਵਿਚ ਉਨ੍ਹਾਂ ਨੂੰ ਹਾਰ ਖਾਣੀ ਪਈ ਸੀ; ਪਰ ਸੱਚ ਇਹੀ ਹੈ ਕਿ ਉਸ ਰੋਜ਼ ਮਨਜੋਤ ਗਿੱਲ ਦਾ ਨਹੀਂ, ਬਲਕਿ ਵਿਸ਼ਵ ਕਬੱਡੀ ਜਗਤ ਦੇ ਮਹਾਨ ਜਾਫੀ ਸੰਦੀਪ ਦਾ ਦਿਨ ਸੀ। ਸਮੁੱਚੀ ਲੀਗ ਦੌਰਾਨ ਸੰਦੀਪ ਨੇ 154 ਸਟਾਪ ਲਗਾਏ ਸਨ। ਇਸ ਲਈ ਵਿਸ਼ਵ ਕਬੱਡੀ ਦਾ ਤਾਜ ਜੇ ਸੰਦੀਪ ਨੰਗਲ ਅੰਬੀਆਂ ਦੇ ਸਿਰ ਦਾ ਸ਼ਿੰਗਾਰ ਬਣਿਆ ਤਾਂ ਇਸ ਦੇ ਤਕੜੇ ਦਾਅਵੇਦਾਰਾਂ ਵਿਚ ਸ਼ੁਮਾਰ ਤਾਂ ਉਹ ਹੈ ਹੀ ਸੀ।