ਵੱਡਾ ਗੁਰਦੁਆਰਾ

ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਨੇ ਆਪਣੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਵਿਚ ਭਾਵੇਂ ਆਪਣੇ ਪਿੰਡ ਨੰਗਲ ਸ਼ਾਮਾ ਦੀਆਂ ਯਾਦਾਂ ਪਰੋਈਆਂ ਹਨ; ਪਰ ਯਾਦਾਂ ਦੀਆਂ ਇਹ ਲੜੀਆਂ ਫੈਲ ਕੇ ਪੰਜਾਬ ਦੇ ਪਿੰਡਾਂ ਨਾਲ ਜੁੜ ਗਈਆਂ ਜਾਪਦੀਆਂ ਹਨ। ਉਹ ਪਿੰਡ ਦੀ ਨਬਜ਼ ਉਤੇ ਆਪਣੀਆਂ ਉਂਗਲਾਂ ਦੇ ਪੋਟੇ ਰੱਖ ਕੇ ਇਹਦਾ ਹਾਲ-ਚਾਲ ਪੁੱਛਦਾ ਪ੍ਰਤੀਤ ਹੁੰਦਾ ਹੈ।

ਇਸ ਸਵੈ-ਜੀਵਨੀ ਵਿਚ ਉਹਨੇ ਆਪਣੀ ਧੀ ਸੁਪਨੀਤ ਕੌਰ ਨੂੰ ਆਪਣਾ ਪਿੰਡ ਦਿਖਾਉਣ ਦੇ ਬਹਾਨੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਜੋੜੀ ਹੈ ਜੋ ਕਈ ਦਹਾਕਿਆਂ ਤੋਂ ਤੇਜ਼ੀ ਨਾਲ ਬਦਲੇ ਹਨ। ‘ਵੱਡਾ ਗੁਰਦੁਆਰਾ’ ਵਿਚ ਦਲਬੀਰ ਸਿੰਘ ਨੇ ਆਪਣੇ ਤਜਰਬੇ ਵਿਚੋਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵੇਰਵਿਆਂ ਵਿਚ ਪਿੰਡਾਂ ਬਾਰੇ ਉਹ ਗੱਲਾਂ ਵੀ ਸ਼ਾਮਲ ਹਨ ਜੋ ਹੁਣ ਬੀਤੇ ਦੀਆਂ ਬਾਤਾਂ ਹੋ ਗਈਆਂ ਹਨ। -ਸੰਪਾਦਕ

ਦਲਬੀਰ ਸਿੰਘ
ਡਿਓੜੀ ਵਿਚੋਂ ਨਿਕਲ ਕੇ ਸਿੱਖਾਂ ਦੇ ਘਰਾਂ ਤੋਂ ਅਗਾਂਹ ਪੰਜਾਹ ਗਜ਼ਾਂ ਦੀ ਵਿੱਥ ਉਤੇ ਪਿੰਡ ਦਾ ਗੁਰਦੁਆਰਾ ਹੈ। ਪਹਿਲਾਂ ਪਹਿਲ ਇਹੀ ਇੱਕ ਗੁਰਦੁਆਰਾ ਹੁੰਦਾ ਸੀ। ਛੋਟੇ ਜਿਹੇ ਕਮਰੇ ਵਾਲਾ ਹਾਲ ਸੀ। ਬਾਹਰਲੀ ਕੰਧ ਨਾਲ ਵੱਡਾ ਕਮਰਾ ਸੀ ਜਿਸ ਨੂੰ ਜੰਝ ਘਰ ਕਿਹਾ ਜਾਂਦਾ ਸੀ। ਇਸ ਦੇ ਨਾਲ ਇਕ ਕੋਠੜੀ ਗੁਰਦੁਆਰੇ ਦੇ ਭਾਈ ਦੀ ਰਿਹਾਇਸ਼ ਲਈ ਸੀ। ਵੱਡਾ ਗੇਟ ਵੜਦੇ ਸਾਰ ਖੱਬੇ ਪਾਸੇ ਖੂਹੀ ਹੁੰਦੀ ਸੀ। ਉਸ ਦੇ ਪਿਛਲੇ ਪਾਸੇ ਦੋ ਕਮਰੇ ਸਾਜ਼-ਸਮਾਨ, ਭਾਂਡਿਆਂ ਆਦਿ ਲਈ ਸਨ।
ਮੇਰੀ ਬੇਟੀ ਦੇ ਮਨ ਵਿਚ ਇਸ ਗੁਰਦੁਆਰੇ ਲਈ ਬਹੁਤ ਉਤਸ਼ਾਹ ਸੀ, ਕਿਉਂਕਿ ਮੈਂ ਅਕਸਰ ਇਸ ਦਾ ਜ਼ਿਕਰ ਕਰਦਾ ਸਾਂ। ਇਸੇ ਗੁਰਦੁਆਰੇ ਵਿਚ ਸਭ ਤੋਂ ਪਹਿਲਾਂ ਪਿੰਡ ਦਾ ਮੁੰਡਿਆਂ ਦਾ ਸਕੂਲ ਖੁੱਲ੍ਹਿਆ ਸੀ। ਫਿਰ ਸਕੂਲ ਦੀ ਇਮਾਰਤ ਪਿੰਡ ਦੇ ਅੰਦਰ ਬਣ ਗਈ ਸੀ।
ਗੁਰਦੁਆਰੇ ਦੀ ਨਵੀਂ ਇਮਾਰਤ ਮੇਰੀ ਸੋਝੀ ਵਿਚ ਹੀ ਬਣੀ ਸੀ। ਹੁਣ ਦੇਖਿਆਂ ਇਸ ਦਾ ਹਾਲ ਕਾਫੀ ਛੋਟਾ ਲਗਦਾ ਹੈ, ਪਰ ਜਦੋਂ ਇਹ ਇਮਾਰਤ ਉਸਾਰੀ ਗਈ ਸੀ, ਉਦੋਂ ਇਹ ਬਹੁਤ ਵੱਡੀ ਪ੍ਰਤੀਤ ਹੁੰਦੀ ਸੀ। ਉਦੋਂ ਮੇਰੀ ਉਮਰ ਦਸ ਕੁ ਸਾਲ ਹੋਵੇਗੀ, ਜਦੋਂ ਕਾਰ ਸੇਵਾ ਰਾਹੀਂ ਇਸ ਦੀ ਛੱਤ ਪਾਈ ਗਈ ਸੀ। ਪਿੰਡ ਦੇ ਲਗਭਗ ਸਾਰੇ ਹੀ ਲੋਕਾਂ ਨੇ ਇਸ ਸੇਵਾ ਵਿਚ ਹਿੱਸਾ ਲਿਆ ਸੀ। ਸਵੇਰ ਤੋਂ ਸ਼ੁਰੂ ਕਰਕੇ ਸ਼ਾਮ ਤੱਕ ਸਾਰਾ ਲੈਂਟਰ ਪਾ ਦਿੱਤਾ ਗਿਆ ਸੀ। ਅਸੀਂ ਨਿੱਕੇ ਨਿਆਣਿਆਂ ਨੇ ਵੀ ਇਸ ਕੰਮ ਵਿਚ ਹਿੱਸਾ ਪਾਇਆ ਸੀ। ਇਮਾਰਤ ਦੇ ਦੋਹੀਂ ਪਾਸੀਂ ਛੇ-ਛੇ ਫੁੱਟ ਵਰਾਂਡਾ ਸੀ।
ਇਹ ਗੱਲ ਮੇਰੀ ਬੇਟੀ ਲਈ ਬਹੁਤ ਹੈਰਾਨੀ ਵਾਲੀ ਸੀ ਕਿ ਪਹਿਲਾਂ ਪਹਿਲ ਪਿੰਡ ਦੇ ਹਰੀਜਨਾਂ ਤੇ ਬਾਲਮੀਕੀਆਂ ਨੂੰ ਗੁਰਦੁਆਰੇ ਦੇ ਵੱਡੇ ਗੇਟ ਅੰਦਰ ਤਾਂ ਵੜਨ ਦਿੱਤਾ ਜਾਂਦਾ ਸੀ, ਪਰ ਉਹ ਹਾਲ ਕਮਰੇ ਤਾਂ ਕੀ, ਵਰਾਂਡੇ ਵਿਚ ਵੀ ਨਹੀਂ ਸਨ ਚੜ੍ਹ ਸਕਦੇ। ਉਹ ਆਮ ਕਰ ਕੇ ਵਰਾਂਡੇ ਦੇ ਬਾਹਰ ਉਸ ਥਾਂ ਬੈਠਿਆਂ ਕਰਦੇ ਸਨ, ਜਿਥੇ ਲੋਕ ਜੁੱਤੀਆਂ ਲਾਹੁੰਦੇ ਸਨ। ਉਨ੍ਹੀਂ ਦਿਨੀਂ ਮੈਂ ਸਿੱਖੀ ਬਾਰੇ ਕੁਝ-ਕੁਝ ਪੜ੍ਹ ਲਿਆ ਹੋਇਆ ਸੀ। ਵੈਸੇ ਵੀ ਸਮੇਂ-ਸਮੇਂ ਸਿਰ ਕਿਸੇ ਨਾ ਕਿਸੇ ਗੁਰਪੁਰਬ ਉਤੇ ਜਾਂ ਹੋਰ ਸਮਾਗਮ ਵਿਚ ਕਿਸੇ ਨਾ ਕਿਸੇ ਕਥਾਕਾਰ ਵਲੋਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਿੱਖਾਂ ਵਿਚੋਂ ਜਾਤ-ਪਾਤ ਖਤਮ ਕਰਨ ਬਾਰੇ ਕਥਾ ਸੁਣਾਈ ਜਾਂਦੀ ਸੀ। ਮੇਰੇ ਬਾਲਮਨ ਉਤੇ ਇਸ ਦਾ ਬਹੁਤ ਅਸਰ ਪੈਂਦਾ ਸੀ ਕਿ ਜੇ ਗੁਰੂ ਸਾਹਿਬ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਸਾਜ ਕੇ ਸਭ ਉਚ-ਨੀਚ, ਜਾਤ-ਪਾਤ ਖਤਮ ਕਰ ਦਿੱਤੀ ਸੀ, ਤਾਂ ਫਿਰ ਇਨ੍ਹਾਂ ਲੋਕਾਂ ਨੂੰ ਗੁਰਦੁਆਰੇ ਵਿਚ ਦਾਖਲ ਕਿਉਂ ਨਹੀਂ ਸੀ ਹੋਣ ਦਿੱਤਾ ਜਾਂਦਾ? ਮੈਂ ਇਸ ਗੱਲ ਤੋਂ ਕਈ ਵਾਰੀ ਸ਼ਰਮਿੰਦਾ ਹੋਇਆ ਸਾਂ, ਜਦੋਂ ਮੈਂ ਤਾਂ ਬਹੁਤ ਸ਼ਾਨ ਨਾਲ ਗੁਰੂ ਗ੍ਰੰਥ ਸਾਹਿਬ ਕੋਲ ਬੈਠ ਕੇ ਨਾ ਸਿਰਫ ਕੀਰਤਨ ਹੀ ਸੁਣਦਾ ਸਾਂ, ਸਗੋਂ ਪ੍ਰਸ਼ਾਦ ਵੀ ਲੈਂਦਾ ਸਾਂ; ਉਦੋਂ ਮੇਰਾ ਹਰੀਜਨਾਂ ਦਾ ਇਕ ਜਮਾਤੀ ਜੁੱਤੀਆਂ ਵਿਚ ਬੈਠ ਕੇ ਪ੍ਰਸ਼ਾਦ ਲੈਂਦਾ ਸੀ। ਸਿੱਖਾਂ ਦਾ ਰਤਨ ਸਿੰਘ ਉਸ ਨੂੰ ਪ੍ਰਸ਼ਾਦ ਦੇਣ ਲੱਗਿਆਂ, ਉਤੋਂ ਹੀ ਸੁੱਟ ਦਿਆ ਕਰਦਾ ਸੀ। ਇਸ ਵਖਰੇਵੇਂ ਦਾ ਮੇਰੇ ਮਨ ਉਤੇ ਬਹੁਤ ਭਾਰ ਸੀ।
ਮੈਂ ਨੌਵੀਂ ਜਾਂ ਅੱਠਵੀਂ ਵਿਚ ਸਾਂ, ਅਰਥਾਤ 1962 ਜਾਂ 1961 ਦੀ ਗੱਲ ਹੈ, ਜਦੋਂ ਹਰੀਜਨਾਂ ਨੇ ਪਿੰਡ ਨੂੰ ਮੁੱਖ ਸੜਕ ਨਾਲ ਜੋੜਦੀ ਬੀਹੀ ਉਤੇ ਨਵਾਂ ਗੁਰਦੁਆਰਾ ਉਸਾਰ ਲਿਆ। ਇਸ ਨੂੰ ਰਵੀਦਾਸ ਗੁਰਦੁਆਰਾ ਕਿਹਾ ਜਾਂਦਾ ਸੀ। ਇਸ ਗੁਰਦੁਆਰੇ ਦੀ ਸੇਵਾ ਲਈ ਜਿਹੜਾ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ, ਉਹ ਵੀ ਸਹਿਜਧਾਰੀ ਸੀ, ਅਰਥਾਤ ਦਾੜ੍ਹੀ-ਮੁੱਛਾਂ ਮੁੰਨ ਕੇ ਰੱਖਦਾ ਸੀ। ਉਂਜ, ਮੈਂ ਇਸ ਗੁਰਦੁਆਰੇ ਦੀ ਉਸਾਰੀ ਲਈ ਕੀਤੀ ਗਈ ਕਾਰ ਸੇਵਾ ਵਿਚ ਵੀ ਹਿੱਸਾ ਲਿਆ ਸੀ। ਉਦੋਂ ਗੈਰ-ਹਰੀਜਨਾਂ, ਅਰਥਾਤ ਕਥਿਤ ਉਚੀਆਂ ਜਾਤਾਂ ਦੇ ਕਈ ਹੋਰ ਨੌਜਵਾਨਾਂ ਨੇ ਵੀ ਇਸ ਕੰਮ ਵਿਚ ਸ਼ਮੂਲੀਅਤ ਕੀਤੀ ਸੀ। ਨਵੇਂ ਗੁਰਦੁਆਰੇ ਦੀ ਉਸਾਰੀ ਅਸਲ ਵਿਚ ਦਲਿਤ ਲੋਕਾਂ ਵਲੋਂ ਧਾਰਮਿਕ ਸਥਾਨ ਵਿਚ ਵੀ ਬਰਾਬਰੀ ਵਾਲਾ ਸਥਾਨ ਨਾ ਦਿੱਤੇ ਜਾਣ ਵਿਰੁਧ ਇਕ ਤਰ੍ਹਾਂ ਨਾਲ ਵਿਦਰੋਹ ਸੀ। ਕੁਝ ਸਾਲਾਂ ਮਗਰੋਂ ਪਿੰਡ ਦੇ ਵੱਡੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਮੈਂ ਹੀ ਇਕ ਹਰੀਜਨ ਮੁੰਡੇ ਨੂੰ ਵੱਡੇ ਗੁਰਦੁਆਰੇ ਲਿਜਾਣ ਵਿਚ ਪਹਿਲ ਕੀਤੀ ਸੀ। ਪਿੰਡ ਦੇ ਵਡੇਰੂਆਂ ਨੇ ਭਾਵੇਂ ਨਿਰ-ਸ਼ਬਦ ਇਤਰਾਜ਼ ਕੀਤਾ ਸੀ, ਪਰ ਖੁੱਲ੍ਹ ਕੇ ਕੋਈ ਨਹੀਂ ਸੀ ਬੋਲਿਆ। ਮਗਰੋਂ ਹਰੀਜਨ ਬਸਤੀ ਜਿਸ ਨੂੰ ਅਸੀਂ ਚਮਾਰਲੜੀ ਕਹਿੰਦੇ ਸਾਂ, ਦੇ ਲੋਕਾਂ ਦਾ ਗੁਰਦੁਆਰੇ ਵਿਚ ਦਾਖਲਾ ਖੁੱਲ੍ਹ ਗਿਆ ਸੀ।
ਮੈਂ ਆਪਣੀ ਬੇਟੀ ਨੂੰ ਦੱਸਦਾ ਹਾਂ ਕਿ ਗੁਰਦੁਆਰਾ ਅਸਲ ਵਿਚ ਪਿੰਡ ਦੇ ਲੋਕਾਂ ਦੇ ਇਕੱਤਰ ਹੋਣ ਦਾ ਸਥਾਨ ਹੈ। ਇਹ ਭਾਵੇਂ ਸਿੱਖੀ ਨਾਲ ਸਬੰਧਤ ਹੈ, ਫਿਰ ਵੀ ਇਸ ਦੀ ਸਮਾਜਕ ਮਹੱਤਤਾ ਹੈ। ਇਸ ਦੀ ਇਕੋ-ਇਕ ਉਦਾਹਰਣ ਇਹੀ ਹੈ ਕਿ ਜੰਝ ਘਰ ਇਥੇ ਹੀ ਬਣਿਆ ਹੋਇਆ ਸੀ। ਪਿੰਡ ਵਿਚ ਜਿਹੜੀ ਵੀ ਜੰਝ ਜਾਂ ਬਰਾਤ ਆਉਂਦੀ ਸੀ, ਉਸ ਦਾ ਉਤਾਰ ਪਹਿਲਾਂ ਇਥੇ ਹੀ ਕੀਤਾ ਜਾਂਦਾ ਸੀ। ਸਾਰੇ ਪਿੰਡ ਵਿਚੋਂ ਮੰਜੇ-ਬਿਸਤਰੇ ਇਕੱਠੇ ਕਰ ਕੇ ਜੰਝ ਘਰ ਦੇ ਕਮਰੇ ਜਾਂ ਬਾਹਰ ਵਿਹੜੇ ਵਿਚ ਰੱਖੇ ਜਾਂਦੇ ਸਨ। ਜਾਂਝੀਆਂ ਨੂੰ ਚਾਹ ਅਤੇ ਲੱਡੂ-ਜਲੇਬੀਆਂ ਇਥੇ ਹੀ ਵਰਤਾਈਆਂ ਜਾਂਦੀਆਂ ਸਨ। ਬਹੁਤੇ ਜਾਂਝੀ ਵਿਹੜੇ ਵਿਚ ਹੀ ਸ਼ਰਾਬ ਵਗੈਰਾ ਵੀ ਪੀ ਲੈਂਦੇ, ਬੱਸ ਉਨ੍ਹਾਂ ਨੂੰ ਗੁਰਦੁਆਰੇ ਵਾਲੇ ਹਾਲ ਤੋਂ ਬਾਹਰ ਰਹਿਣ ਦੀ ਬੇਨਤੀ ਕਰ ਦਿੱਤੀ ਜਾਂਦੀ ਸੀ।
ਗੁਰਦੁਆਰੇ ਦਾ ਨਿਸ਼ਾਨ ਸਾਹਿਬ ਕਰੀਬ ਨੱਬੇ ਫੁੱਟ ਉਚਾ ਹੈ। ਹਰ ਸਾਲ ਹੋਲੇ-ਮੁਹੱਲੇ ਵਾਲੇ ਦਿਨ ਪਾਠ ਦਾ ਭੋਗ ਪਾਉਣ ਮਗਰੋਂ ਪਿੰਡ ਦੇ ਲੋਕ ਰੱਸਿਆਂ ਦੀ ਮਦਦ ਨਾਲ ਨਿਸ਼ਾਨ ਸਾਹਿਬ ਨੂੰ ਹੇਠਾਂ ਲਾਹੁੰਦੇ, ਨਵਾਂ ਪੀਲੇ ਰੰਗ ਦਾ ਚੋਲਾ ਚੜ੍ਹਾਇਆ ਜਾਂਦਾ ਅਤੇ ਫਿਰ ਜੈਕਾਰਿਆਂ ਦੀ ਗੂੰਜ ਵਿਚ ਨਿਸ਼ਾਨ ਸਾਹਿਬ ਪਹਿਲਾਂ ਵਾਲੀ ਸਥਿਤੀ ਵਿਚ ਪਹੁੰਚਾ ਦਿੱਤਾ ਜਾਂਦਾ। ਇਹ ਕੰਮ ਗੁਰਦੁਆਰੇ ਨਾਲ ਸਬੰਧਤ ਸਾਰੇ ਕੰਮਾਂ ਨਾਲੋਂ ਸੁਆਦਲਾ ਹੁੰਦਾ ਸੀ, ਕਿਉਂਕਿ ਇਸ ਵਿਚ ਨਿਸ਼ਾਨ ਸਾਹਿਬ ਦੇ ਟੇਡਾ ਹੋਣ, ਰੱਸਾ ਟੁੱਟਣ ਕਾਰਨ ਹਾਦਸਾ ਹੋਣ ਜਾਂ ਵੱਧ ਭਾਰਾ ਹੋਣ ਕਾਰਨ ਲਾਹੁਣ ਅਤੇ ਚੜ੍ਹਾਉਣ ਵੇਲੇ ਕਿਸੇ ਪਾਸੇ ਨੂੰ ਖਿਸਕ ਜਾਣ ਦਾ ਡਰ ਰਹਿੰਦਾ ਸੀ।
ਦੂਜਾ ਉਤਸੁਕਤਾ ਪੂਰਨ ਕੰਮ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਉਤਸਵਾਂ ਸਮੇਂ ਪਿੰਡ ਵਿਚ ਨਗਰ ਕੀਰਤਨ ਸਜਾਉਣ ਦਾ ਹੁੰਦਾ ਸੀ। ਸੱਤ-ਅੱਠ ਸਾਲ ਦੀ ਉਮਰ ਵਿਚ ਮੈਂ ਵੀ ਨਿਸ਼ਾਨ ਸਾਹਿਬ ਚੁੱਕ ਕੇ ਤੁਰਦਾ ਸਾਂ। ਫਿਰ ਮੇਰੀ ਵਾਰੀ ਕਿਰਪਾਨਧਾਰੀ ਪੰਜ ਪਿਆਰਿਆਂ ਵਿਚ ਆਉਣ ਲੱਗੀ। ਪੰਦਰਾਂ-ਸੋਲ੍ਹਾਂ ਸਾਲ ਦੀ ਉਮਰ ਵਿਚ ਮੈਂ ਪਾਲਕੀ ਬਰਦਾਰਾਂ ਵਿਚ ਸ਼ਾਮਲ ਹੋ ਗਿਆ ਸਾਂ ਅਤੇ ਫਿਰ ਦੋ ਸਾਲ ਮੈਂ ਚੌਰ ਬਰਦਾਰ ਵੀ ਰਿਹਾ। ਇਉਂ ਹੌਲੀ-ਹੌਲੀ ਮੇਰੀ ਤਰੱਕੀ ਹੁੰਦੀ ਰਹੀ ਸੀ।
ਇਕ ਗੱਲ ਹੋਰ ਮੈਂ ਆਪਣੀ ਬੇਟੀ ਨੂੰ ਦੱਸਦਾ ਹਾਂ; ਉਹ ਇਹ ਕਿ ਜਿਸ ਦਿਨ ਨਗਰ ਕੀਰਤਨ, ਜਿਸ ਨੂੰ ਉਨ੍ਹੀਂ ਦਿਨੀਂ ਅਸੀਂ ਜਲੂਸ ਹੀ ਕਹਿੰਦੇ ਸਾਂ, ਨਿਕਲਦਾ ਹੁੰਦਾ ਸੀ ਉਸ ਦਿਨ ਪਿੰਡ ਦੇ ਲੋਕ ਆਪੋ-ਆਪਣੇ ਘਰਾਂ ਦੇ ਬਾਹਰ ਗਲੀ ਦੀ ਚੰਗੀ ਤਰ੍ਹਾਂ ਸਫਾਈ ਕਰਦੇ। ਬੇਟੀ ਨੂੰ ਅਜੇ ਸਿਰਫ ਨਿਸ਼ਾਨ ਸਾਹਿਬ ਅਤੇ ਨਗਰ ਕੀਰਤਨ ਦੀਆਂ ਗੱਲਾਂ ਹੀ ਦੱਸ ਸਕਿਆ ਹਾਂ। ਗੁਰਦੁਆਰੇ ਬਾਰੇ ਤਾਂ ਮੇਰੀਆਂ ਯਾਦਾਂ ਤੇ ਭੰਡਾਰ ਵਿਚ ਬਹੁਤ ਕੁਝ ਪਿਆ ਹੈ। ਇਹ ਅਮੁੱਕ ਹਨ। ਗੁਰਦੁਆਰੇ ਦੇ ਭਾਈ ਗਿਆਨੀ ਹੀਰਾ ਸਿੰਘ ਵਲੋਂ ਮੈਨੂੰ ਆਪਣਾ ਚੇਲਾ ਬਣਾਉਣ ਤੋਂ ਲੈ ਕੇ ਗੁਰਪੁਰਬਾਂ, ਅਖੰਡ ਪਾਠਾਂ, ਰੈਣ ਸਬਾਈ ਕੀਰਤਨਾਂ, ਅਖੰਡ ਪਾਠਾਂ ਦੀਆਂ ਲੜੀਆਂ, ਅਖੰਡ ਪਾਠੀਆਂ ਦੇ ਕਰਮਾਂ-ਕੁਕਰਮਾਂ, ਉਨ੍ਹਾਂ ਦੇ ਅਕੀਦਿਆਂ ਬਾਰੇ ਬਹੁਤ ਕੁਝ ਬਾਹਰ ਨਿਕਲਣ ਲਈ ਕੁਲਬੁਲਾ ਰਿਹਾ ਹੈ।
(ਚਲਦਾ)