ਗੁਰਬਚਨ ਸਿੰਘ ਭੁੱਲਰ
ਦੇਸ ਵਿਚ ਇਸ ਦੋ ਅਕਤੂਬਰ ਤੋਂ Ḕਸਵੱਛ ਭਾਰਤ ਅਭਿਆਨḔ, ਅਰਥਾਤ ਭਾਰਤ ਨੂੰ ਸਾਫ ਰੱਖਣ ਦੀ ਮੁਹਿੰਮ ਦਾ ਅਰੰਭ ਕੀਤਾ ਗਿਆ। ਦੋ ਅਕਤੂਬਰ, ਜਿਵੇਂ ਅਸੀਂ ਜਾਣਦੇ ਹਾਂ, ਮਹਾਤਮਾ ਗਾਂਧੀ ਦਾ ਜਨਮ-ਦਿਨ ਹੈ ਅਤੇ ਉਨ੍ਹਾਂ ਨੂੰ ਸਮਕਾਲੀ ਭਾਰਤ ਵਿਚ ਸਫਾਈ ਦਾ ਉਜਲਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਸਬੰਧ ਵਿਚ ਜੋ ਸਭ ਤੋਂ ਵੱਡੀ ਗੱਲ ਉਨ੍ਹਾਂ ਦੇ ਪੱਖ ਵਿਚ ਜਾਂਦੀ ਹੈ, ਉਹ ਦੂਜਿਆਂ ਨੂੰ ਉਪਦੇਸ਼ ਨਹੀਂ ਸਨ ਦਿੰਦੇ ਸਗੋਂ ਪਹਿਲਾਂ ਆਪ ਹਰ ਕੰਮ ਕਰ ਕੇ ਦੂਜਿਆਂ ਵਾਸਤੇ ਮਿਸਾਲ ਬਣਦੇ ਸਨ। ਇਸ ਕਰਕੇ ਦੂਜਿਆਂ ਨੂੰ ਵੀ ਉਹ ਕੰਮ ਨਾ ਕਰਨ ਦੀ ਕੋਈ ਦਲੀਲ ਨਹੀਂ ਸੀ ਮਿਲਦੀ।
ਜੇ ਕਿਸੇ ਅਜਿਹੇ ਸਭ ਤੋਂ ਨੀਚ ਕੰਮ ਦੀ ਗੱਲ ਕਰਨੀ ਹੋਵੇ ਜੋ ਇਕ ਮਨੁੱਖ ਦੂਜੇ ਤੋਂ ਕਰਵਾ ਸਕਦਾ ਹੈ, ਉਹ ਹੈ ਉਹਦੇ ਸਿਰ ਉਤੇ ਮੈਲ਼ਾ ਚੁਕਾਉਣਾ। ਗਾਂਧੀ ਜੀ ਇਹ ਗੱਲ ਮਹਿਸੂਸ ਕਰ ਕੇ ਆਪਣਾ ਮੈਲ਼ਾ ਤਾਂ ਆਪ ਸਾਫ ਕਰਦੇ ਹੀ ਸਨ, ਹੋਰਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਦੇ ਸਨ। ਉਨ੍ਹਾਂ ਦੇ ਆਸ਼ਰਮ ਵਿਚ ਤਾਂ ਆਪਣੀ ਸਫਾਈ ਆਪ ਕਰਨ ਦਾ ਪੱਕਾ ਨੇਮ ਸੀ ਜੋ ਕੋਈ ਨਹੀਂ ਸੀ ਤੋੜ ਸਕਦਾ। ਉਨ੍ਹਾਂ ਦੇ ਆਪਣੇ ਦੱਸਣ ਅਨੁਸਾਰ ਜਦੋਂ ਜ਼ਿੰਦਗੀ ਵਿਚ ਇਕ ਵਾਰ ਕਸਤੂਰਬਾ ਨਾਲ ਉਨ੍ਹਾਂ ਦੀ ਕੁਝ ਵਧੇਰੇ ਹੀ ਸਖਤ ਤਕਰਾਰ ਹੋਈ ਸੀ, ਉਹ ਉਹਦੇ ਆਪਣਾ ਮੈਲ਼ਾ ਆਪ ਸਾਫ ਕਰਨ ਤੋਂ ਇਨਕਾਰ ਕਾਰਨ ਹੀ ਹੋਈ ਸੀ।
ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਵਿਚ ਮੈਂ ਗਾਂਧੀ ਜੀ ਦੇ ਨਿਵਾਸ ਦੇ ਨੇੜੇ ਹੀ ਸਾਹਮਣੇ ਇਕ ਕੁਟੀਆ ਦੇਖੀ ਜਿਸ ਨੂੰ ਵਿਨੋਬਾ ਕੁਟੀਰ ਵੀ ਆਖਦੇ ਸਨ ਅਤੇ ਮੀਰਾ ਕੁਟੀਰ ਵੀ। ਉਸ ਵਿਚ ਲੰਮੇ ਸਮੇਂ ਤੱਕ ਵਿਨੋਭਾ ਭਾਵੇ ਰਹਿੰਦੇ ਰਹੇ ਤੇ ਫੇਰ ਮੀਰਾਭੈਣ ਰਹੀ। ਉਹ ਦੋਵੇਂ ਵੀ ਸਵੈ-ਸਫਾਈ ਦੇ ਇਸ ਨੇਮ ਦਾ ਪਾਲਨ ਕਰਦੇ ਸਨ। ਇਹ ਮੀਰਾਭੈਣ ਕੋਈ ਭਾਰਤੀ ਕੁੜੀ ਨਹੀਂ ਸੀ। ਉਹ ਬ੍ਰਿਟਿਸ਼ ਜਲਸੈਨਾ ਦੇ ਇਕ ਬਹੁਤ ਉਚੇ ਅਧਿਕਾਰੀ, ਰੀਅਰ-ਐਡਮਿਰਲ ਸਰ ਐਡਮੰਡ ਸਲੇਡ ਦੀ ਧੀ ਮੈਡੇਲੀਨ ਸਲੇਡ ਸੀ। ਉਹ ਗਾਂਧੀ ਜੀ ਬਾਰੇ ਸੁਣ ਕੇ ਉਨ੍ਹਾਂ ਦਾ ਰਹਿਣ-ਸਹਿਣ ਤੇ ਤੌਰ-ਤਰੀਕਾ ਦੇਖਣ ਹਿੰਦੁਸਤਾਨ ਆਈ ਅਤੇ ਪ੍ਰਭਾਵਿਤ ਹੋ ਕੇ ਇਥੋਂ ਜੋਗੀ ਹੀ ਰਹਿ ਗਈ। ਗਾਂਧੀ ਜੀ ਨੇ ਜਦੋਂ ਉਹਨੂੰ ਆਸ਼ਰਮ ਵਿਚ ਰਹਿਣ ਦੇ ਨੇਮ ਸਮਝਾਏ, ਇਹ ਵੀ ਸਾਫ ਕੀਤਾ ਕਿ ਇਥੇ ਆਪਣਾ ਮੈਲ਼ਾ ਆਪ ਸਾਫ ਕਰਨਾ ਪੈਣਾ ਹੈ। ਉਹਨੇ ਇਹ ਨੇਮ ਵੀ ਖੁਸ਼ੀ ਖੁਸ਼ੀ ਪਰਵਾਨ ਕਰ ਲਿਆ ਅਤੇ ਵਿਆਹ ਨਾ ਕਰਵਾਉਣ ਦਾ ਪ੍ਰਣ ਕਰ ਕੇ, ਗਾਂਧੀ ਜੀ ਦੇ ਦਿੱਤੇ ਨਵੇਂ ਨਾਂ ਮੀਰਾਭੈਣ ਨਾਲ ਭਾਰਤ ਦੇ ਆਜ਼ਾਦੀ ਅੰਦੋਲਨ ਦਾ ਅੰਗ ਬਣੀ ਰਹੀ।
ਜਦੋਂ ਹੁਣ ਛੇੜੀ ਗਈ ਇਸ ਨਵੀਂ ਸਫਾਈ ਮੁਹਿੰਮ ਬਾਰੇ ਸੋਚਦੇ ਹਾਂ, ਸਾਨੂੰ ਪੂਰੇ ਦੇਸ ਵਿਚ ਹਰ ਗਲੀ-ਮੁਹੱਲੇ, ਹਰ ਸੜਕ, ਨਹਿਰ-ਨਦੀ ਵਿਚ ਦਿਸਦੇ ਕੂੜੇ-ਕਚਰੇ ਦਾ ਹੀ ਨਹੀਂ, ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਜੇ ਵੀ ਸਾਡੇ ਦੇਸ ਵਿਚ ਲੱਖਾਂ ਲੋਕ ਹਨ ਜੋ ਦੁਜਿਆਂ ਦਾ ਮੈਲ਼ਾ ਆਪਣੇ ਸਿਰਾਂ ਉਤੇ ਢੋਂਦੇ ਹਨ। ਝਾੜੂ-ਪੋਚੇ ਵਾਲੀਆਂ ਬਾਕੀ ਫਰਸ਼ ਦੇ ਨਾਲ ਨਾਲ ਫਲੱਸ਼ ਵਾਲੀਆਂ ਟੱਟੀਆਂ ਤਾਂ ਸਭ ਘਰਾਂ ਵਿਚ ਸਾਫ ਕਰਦੀਆਂ ਹੀ ਹਨ। ਜੇ ਸਮਾਜ ਏਨੀ ਗੱਲ ਯਾਦ ਰੱਖੇ ਕਿ ਇਹ ਲੋਕ ਵੀ ਇਨਸਾਨ ਹਨ, ਸਮੱਸਿਆ ਫੇਰ ਹੱਲ ਹੋ ਸਕਦੀ ਹੈ, ਐਵੇਂ ਨਹੀਂ। ਮੂਲ ਗੱਲ ਇਹ ਹੈ ਕਿ ਇਹ ਕੰਮ ਕਿਸੇ ਜਾਤ ਵਿਸ਼ੇਸ਼ ਦੇ ਨਾਂ ਨਾਲੋਂ ਤੋੜਿਆ ਜਾਵੇ ਅਤੇ ਇਹ ਕੰਮ ਕਰਨ ਵਾਲੇ ਲੋਕਾਂ ਵਾਸਤੇ ਮਨੁੱਖੀ ਹਾਲਤਾਂ ਪੈਦਾ ਕੀਤੀਆਂ ਜਾਣ। ਇਸ ਸਬੰਧ ਵਿਚ ਸਭ ਤੋਂ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਸਰੀਰਕ, ਮਾਨਸਿਕ ਅਤੇ ਮਨੋਵਿਗਿਆਨਕ ਪੱਖੋਂ ਬੇਹੱਦ ਮੁਸ਼ਕਿਲ ਕੰਮ ਅਨੁਸਾਰ ਉਜਰਤ ਦਿੱਤੀ ਜਾਵੇ।
ਮਨ ਇਨ੍ਹਾਂ ਸੋਚਾਂ ਵਿਚ ਪਿਆ ਤਾਂ ਮੈਨੂੰ ਆਪਣਾ ਮਿੱਤਰ ਅਤੇ ਉਸ ਸਮੇਂ ਦਾ ਗੁਆਂਢੀ ਸ਼ਾਮ ਭਾਰਦਵਾਜ ਚੇਤੇ ਆ ਗਿਆ। ਇਹ ਕੋਈ ਚਾਲੀ ਸਾਲ ਪੁਰਾਣੀ ਗੱਲ ਹੈ। ਮੈਂ ਦਿੱਲੀ ਦੀ ਨਿਮੜੀ ਕਾਲੋਨੀ ਨਾਂ ਦੀ ਵਸੋਂ ਵਿਚ ਰਹਿੰਦਾ ਸੀ। ਉਹ ਕਾਰਪੋਰੇਸ਼ਨ ਦੇ ਬਣਾਏ ਹੋਏ ਦੋ ਦੋ ਕਮਰਿਆਂ ਦੇ ਛੇ ਸੌ ਦੇ ਕਰੀਬ ਦੋ-ਮੰਜ਼ਲੇ ਕੁਆਰਟਰਾਂ ਦੀ ਬਸਤੀ ਸੀ ਅਤੇ ਲਗਭਗ ਸਾਰੇ ਹੀ ਵਸਨੀਕ ਹੇਠਲੀ ਦਰਮਿਆਨੀ ਜਮਾਤ ਦੇ ਸਨ। ਮੈਂ ਉਪਰਲੀ ਮੰਜ਼ਲ ਵਿਚ ਰਹਿੰਦਾ ਸੀ ਅਤੇ ਸਾਹਮਣੇ ਥੋੜ੍ਹੀ ਜਿਹੀ ਖੁੱਲ੍ਹੀ ਥਾਂ ਦੇ ਪਾਰ ਉਹ ਵੀ ਉਪਰਲੀ ਮੰਜ਼ਲ ਵਿਚ ਹੀ ਰਹਿੰਦਾ ਸੀ। ਹਰ ਕੁਆਰਟਰ ਵਿਚ ਫਲੱਸ਼ ਵਾਲੀ ਦੇਸੀ ਟੱਟੀ ਬਣੀ ਹੋਈ ਸੀ। ਕੋਈ ਬੱਚਾ, ਬਜ਼ੁਰਗ ਜਾਂ ਲਾਪਰਵਾਹ ਆਦਮੀ ਬੇਸ਼ੱਕ ਮੈਲ਼ੀ ਕਰ ਦੇਵੇ, ਨਹੀਂ ਤਾਂ ਉਹ ਫਲੱਸ਼ ਛੱਡਿਆਂ ਸਾਫ ਹੋ ਜਾਂਦੀ ਸੀ। ਫੇਰ ਵੀ ਜਿਹੜੀਆਂ ਸੁਆਣੀਆਂ ਘਰ ਦਾ ਝਾੜੂ-ਪੋਚਾ ਆਪ ਕਰਦੀਆਂ ਸਨ, ਉਹ ਵੀ ਟੱਟੀ ਵਾਲਾ ਦੋ ਕੁ ਗਜ਼ ਥਾਂ ḔਜਮਾਂਦਾਰਨੀḔ ਤੋਂ ਹੀ ਕਰਵਾਉਂਦੀਆਂ। ਇਹ ਕੰਮ ਕਰਨ ਲਈ ਸਾਡੀ ਗਲੀ ਵਿਚ ਕਾਂਤਾ ਆਉਂਦੀ। ਉਸ ਕੋਲ ਕੇਵਲ ਬਾਂਸ ਦਾ ਝਾੜੂ ਹੁੰਦਾ।
ਉਹ ਉਥੇ ਹੀ ਘਰ-ਵਾਲਿਆਂ ਦੀ ਵਰਤੋਂ ਵਾਸਤੇ ਟੂਟੀ ਹੇਠ ਪਿਆ ਡੱਬਾ ਭਰ ਭਰ ਫਰਸ਼ ਉਤੇ ਡੋਲ੍ਹਦੀ, ਝਾੜੂ ਮਾਰਦੀ, ਦੁਬਾਰਾ ਡੱਬੇ ਡੋਲ੍ਹਦੀ ਅਤੇ ਕੋਈ ਸੁਣਦਾ ਹੋਵੇ ਜਾਂ ਨਾ, “ਬੀਬੀ ਜੀ, ਮੈਂ ਜਾ ਰਹੀ ਹੂੰ” ਆਖ ਕੇ ਇਹੋ ਰੀਤ ਅਗਲੇ ਘਰ ਨਿਭਾਉਣ ਤੁਰ ਜਾਂਦੀ। ਨਵਾਂ ਮਹੀਨਾ ਚੜ੍ਹੇ ਤੋਂ ਉਹ ਅਖਬਾਰ ਵਾਲੇ, ਦੁੱਧ ਵਾਲੇ ਅਤੇ ਹੋਰ ਅਜਿਹੇ ਵਾਲਿਆਂ ਵਾਂਗ ਆਪਣੀ ਮਾਸਕ ਉਜਰਤ ਲੈ ਜਾਂਦੀ।
ਇਕ ਐਤਵਾਰ ਇਕੱਲਾ ਸ਼ਾਮ ਘਰ ਸੀ। ਬੱਚੇ ਹੇਠਾਂ ਕ੍ਰਿਕਟ ਖੇਡਣ ਗਏ ਹੋਏ ਸਨ। ਪਤਨੀ ਗੁਆਂਢ ਵਿਚ ਕਿਸੇ ਕੰਮ ਗਈ ਹੋਈ ਸੀ। ਕਾਂਤਾ ਮਹੀਨੇ ਦੇ ਪੈਸੇ ਲੈਣ ਆ ਗਈ। ਪਤਨੀ ਦਾ ਮਹਿਕਮਾ ਹੋਣ ਕਰਕੇ ਸ਼ਾਮ ਨੂੰ ਕੋਈ ਪਤਾ ਨਹੀਂ ਸੀ, ਪੈਸੇ ਕਿੰਨੇ ਦੇਣੇ ਹਨ। ਉਹਨੇ ਪੁੱਛਿਆ ਤਾਂ ਕਾਂਤਾ ਬੋਲੀ, ਬਾਬੂ ਜੀ ਦੋ ਰੁਪਏ। ਉਦੋਂ ਅਜੇ ਸਾਧਾਰਨ ਨੌਕਰੀਆਂ ਦੀਆਂ ਤਨਖ਼ਾਹਾਂ ਹਜ਼ਾਰਾਂ ਵਿਚ ਨਹੀਂ ਸੀ ਹੋਈਆਂ, ਸੈਂਕੜਿਆਂ ਵਿਚ ਹੀ ਹੁੰਦੀਆਂ ਸਨ ਅਤੇ ਰੁਪਈਏ ਦਾ ਚੰਗਾ ਮੁੱਲ ਹੁੰਦਾ ਸੀ। ਸ਼ਾਮ ਹੈਰਾਨ ਹੋਇਆ, “ਤੂੰ ਰੋਜ਼ ਦੇ ਪੇਸੇ ਰੋਜ਼ ਲੈਂਦੀ ਹੈਂ? ਤੇ ਰੋਜ਼ ਦੋ ਰੁਪਈਏ? ਕਾਂਤਾ, ਤੂੰ ਤਾਂ ਲੋਕਾਂ ਨੂੰ ਲੁਟਦੀ ਹੈਂ!”
ਕਾਂਤਾ ਹੱਸ ਪਈ, “ਬਾਬੂ ਜੀ, ਇਹ ਦੋ ਰੁਪਈਏ ਅੱਜ ਦੇ ਨਹੀਂ। ਨਵਾਂ ਮਹੀਨਾ ਚੜ੍ਹ ਗਿਆ। ਇਹ ਪਿਛਲੇ ਪੂਰੇ ਮਹੀਨੇ ਦੇ ਨੇ। ”
ਸ਼ਾਮ ਪਹਿਲਾਂ ਨਾਲੋਂ ਵੀ ਵੱਧ ਹੈਰਾਨ ਹੋਇਆ, “ਕੀ ਕਿਹਾ? ਤੂੰ ਸਿਰਫ ਦੋ ਰੁਪਈਆਂ ਬਦਲੇ ਲੋਕਾਂ ਦੇ ਘਰ ਦੀ ਟੱਟੀ ਮਹੀਨਾ ਭਰ ਸਾਫ ਕਰਦੀ ਹੈਂ? ਕਾਂਤਾ, ਇਹ ਤਾਂ ਲੋਕ ਤੈਨੂੰ ਲੁੱਟੀ ਜਾਂਦੇ ਨੇ!”
ਕਾਂਤਾ ਫੇਰ ਹੱਸੀ, “ਬਾਬੂ ਜੀ ਮੈਨੂੰ ਤੁਹਾਡੀਆਂ ਗੱਲਾਂ ਦੀ ਕੋਈ ਸਮਝ ਨਹੀਂ ਆਉਂਦੀ। ਕਦੇ ਤੁਸੀਂ ਆਖਦੇ ਹੋ, ਮੈਂ ਲੋਕਾਂ ਨੂੰ ਲੁੱਟੀਂ ਜਾਂਦੀ ਹਾਂ, ਕਦੇ ਕਹਿੰਦੇ ਹੋ, ਲੋਕ ਮੈਨੂੰ ਲੁੱਟੀਂ ਜਾਂਦੇ ਨੇ!”
ਸ਼ਾਮ ਨੇ ਉਹਨੂੰ ਦਸ ਦਾ ਨੋਟ ਦਿੱਤਾ ਤਾਂ ਉਹ ਚਾਰ ਰੁਪਏ ਅੱਗੇ ਕਰਦਿਆਂ ਬੋਲੀ, “ਮੈਂ ਅਜੇ ਦੋ ਘਰ ਹੀ ਗਈ ਹਾਂ। ਚਾਰ ਰੁਪਈਏ ਫੇਰ ਦੇ ਕੇ ਜਾਵਾਂਗੀ।”
ਸ਼ਾਮ ਨੇ ਸਾਫ ਕੀਤਾ, “ਇਹ ਚਾਰ ਵੀ ਰੱਖ, ਹੋਰ ਦੇਣ ਦੀ ਵੀ ਲੋੜ ਨਹੀਂ, ਅੱਜ ਤੋਂ ਸਾਡੇ ਘਰੋਂ ਤੇਰੇ ਦਸ ਰੁਪਈਏ ਮਹੀਨਾ ਹੋਏ। ਬਾਕੀ ਸਾਰਿਆਂ ਨੂੰ ਵੀ ਕਹਿ, ਮੇਰੇ ਪੈਸੇ ਵਧਾਓ, ਮੈਂ ਤੁਹਾਡੀ ਟੱਟੀ ਸਾਫ ਕਰਦੀ ਹਾਂ!”
ਜਾਣ ਲੱਗੀ ਕਾਂਤਾ ਕਹਿੰਦੀ, “ਤੁਸੀਂ ਦੇ ਦਿੱਤੇ ਸੋ ਦੇ ਦਿੱਤੇ, ਬਾਬੂ ਜੀ, ਭਗਵਾਨ ਤੁਹਾਡਾ ਭਲਾ ਕਰੇ, ਹੋਰ ਕਿਸੇ ਨੇ ਤਾਂ ਅਠਿਆਨੀ ਵੀ ਵੱਧ ਨਹੀਂ ਦੇਣੀ!”
ਕੁਝ ਚਿਰ ਮਗਰੋਂ ਗਰਾਊਂਡ ਵਿਚੋਂ ਮਲਹੋਤਰੇ ਦੀ ਆਵਾਜ਼ ਆਈ, “ਭਾਟੀਆ ਜੀ, ਤਨੇਜਾ ਸਾਹਿਬ, ਸ਼ਰਮਾ ਜੀ, ਭੁੱਲਰ ਸਾਹਿਬ, ਅਮਕਾ ਜੀ, ਧਮਕਾ ਸਾਹਿਬ, ਫਟਾਫਟ ਐਧਰ ਆਓ।” ਕੁਝ ਹੈਰਾਨ, ਕੁਝ ਫ਼ਿਕਰਮੰਦ ਤੇ ਕੁਝ ਉਤਸੁਕ ਹੋ ਕੇ ਜੁੜੇ ਲੋਕਾਂ ਨੂੰ ਉਹਨੇ ਦੱਸਿਆ, “ਇਹ ਭਾਰਦਵਾਜ ਘਤਿੱਤਾਂ ਕਰਨੋਂ ਨਹੀਂ ਹਟਦਾ। ਇਹਦੇ ਦਿਮਾਗ ਦੀ ਗਰਾਰੀ ਉਲਟੇ ਪਾਸੇ ਨੂੰ ਚਲਦੀ ਹੀ ਰਹਿੰਦੀ ਹੈ।”
ਭਾਰਦਵਾਜ ਦੀ ਘਤਿੱਤ ਬਾਰੇ ਜਾਣ ਕੇ ਭਾਟੀਏ ਨੇ ਇਕੱਠ ਨੂੰ ਪੰਚਾਇਤ ਆਖਦਿਆਂ ਅਦਾਲਤੀ ਅਧਿਕਾਰ ਦੇ ਦਿੱਤੇ, “ਇਉਂ ਨਹੀਂ ਜੀ ਸਰਦਾ, ਉਹਨੂੰ ਪੰਚਾਇਤ ਵਿਚ ਬੁਲਾ ਕੇ ਲਾਹ-ਪਾ ਕਰੋ।”
ਹੁਣੇ ਹੁਣੇ ਸਭ ਨੂੰ ਜੀ ਜਾਂ ਸਾਹਿਬ ਆਖ ਕੇ ਆਵਾਜ਼ਾਂ ਮਾਰਨ ਵਾਲੇ ਮਲਹੋਤਰੇ ਨੇ ਅਣਦਿਸਦੇ ਭਾਰਦਵਾਜ ਨੂੰ ਚੀਕ ਕੇ ਕਿਹਾ, “ਓਇ ਸ਼ਾਮ, ਐਧਰ ਹੇਠਾਂ ਆ ਪੰਚਾਇਤ ਵਿਚ!”
ਸ਼ਾਮ ਨੇ ਖਿੜਕੀ ਵਿਚੋਂ ਦੇਖਿਆ ਅਤੇ ਹੇਠ ਉਨ੍ਹਾਂ ਕੋਲ ਆ ਕੇ ਮੁਸਕਰਾਇਆ, “ਇਹ ਐਤਵਾਰ ਦੇ ਵਿਹਲੇ ਕਿਵੇਂ ਇਕੱਠੇ ਹੋਏ ਖਲੋਤੇ ਨੇ?”
“ਤੇਰੇ ਪਾਏ ਪੰਗੇ ਕਰਕੇ!” ਸ਼ਰਮਾ ਬੁੜ੍ਹਕਿਆ, “ਭਾਰਦਵਾਜ, ਤੈਥੋਂ ਦੂਜੇ ਸਭਨਾਂ ਵਾਂਗੂੰ ਚੈਨ ਨਾਲ ਰਿਹਾ ਨਹੀਂ ਜਾਂਦਾ?”
ਉਹ ਹੈਰਾਨ ਹੋਇਆ, “ਮੈਂ ਕੀਹਦੇ ਪੈਰ ਉਤੇ ਪੈਰ ਰੱਖ ਦਿੱਤਾ ਭਾਈ, ਏਨੇ ਔਖੇ ਹੋਏ ਖੜ੍ਹੇ ਹੋਂ?”
“ਸਾਡੀ ਤਨਖਾਹ ਤਾਂ ਪੇ-ਕਮਿਸ਼ਨ ਸਵਾਈ-ਡੂਢੀ ਵੀ ਨਹੀਂ ਕਰਦਾ, ਤੂੰ ਕਾਂਤਾ ਦੀ ਪੰਜ ਗੁਣਾ ਵਧਾ ਦਿੱਤੀ।”
“ਅੱਛਾ, ਇਹ ਗੱਲ ਹੈ! ਤੁਸੀਂ ਕਿਹੜਾ ਦਫਤਰਾਂ ਵਿਚ ਟੱਟੀਆਂ ਸਾਫ ਕਰਦੇ ਹੋਂ, ਉਹ ਬਿਚਾਰੀ ਤਾਂ ਤੁਹਾਡੇ ਘਰਾਂ ਦੀਆਂ ਟੱਟੀਆਂ ਸਾਫ ਕਰਦੀ ਹੈ।” ਸ਼ਾਮ ਨੇ ਜਵਾਬ ਦਿੱਤਾ, “ਉਹਨੂੰ ਵੀ ਗਿਲਾਨੀ ਆਉਂਦੀ ਹੋਊ। ਉਹ ਵੀ ਰੱਬ ਦਾ ਜੀਅ ਹੈ ਯਾਰੋ!”
ਸ਼ਰਮਾ ਕਹਿੰਦਾ, “ਰੱਬ ਦਾ ਜੀਅ ਹੈ ਤਾਂ ਘਰ-ਜਾਇਦਾਦ ਤਾਂ ਨਹੀਂ ਉਹਦੇ ਨਾਂ ਕਰਵਾ ਦੇਣੀ!”
ਭਾਟੀਆ ਬੋਲਿਆ, “ਗਿਲਾਨੀ ਦੀ ਕਿਹੜੀ ਗੱਲ ਹੈ। ਫਲੱਸ਼ ਵਾਲੀਆਂ ਸਾਫ਼ ਟੱਟੀਆਂ ਨੇ।”
ਸ਼ਾਮ ਠਰ੍ਹੰਮੇ ਨਾਲ ਕਹਿੰਦਾ, “ਜੇ ਗਿਲਾਨੀ ਵਾਲੀ ਗੱਲ ਨਹੀਂ, ਚਲੋ, ਮੈਂ ਕਾਂਤਾ ਤੋਂ ਅੱਠ ਰੁਪਈਏ ਮੁੜਵਾ ਲਊਂ ਪਰ ਤੁਹਾਡੇ ਵਿਚੋਂ ਕੋਈ ਅੱਗੇ ਆਵੇ ਤੇ ਕਾਂਤਾ ਦੀ ਵਧੀਆ ਸਾਫ ਕੀਤੀ ਹੋਈ ਸਾਡੀ ਟੱਟੀ ਨੂੰ ਦੁਬਾਰਾ ਸਾਫ ਕਰਨ ਦਾ ਸ਼ਗਨ ਹੀ ਕਰ ਦੇਵੇ। ਉਹਨੂੰ ਮੈਂ ਨਕਦ ਪੰਜ ਸੌ ਰੁਪਈਆ ਦੇਊਂ!æææਤੁਸੀਂ ਹੀ ਚੱਲੋ, ਭਾਟੀਆ ਜੀ!”
ਚੁੱਪ ਵਰਤ ਗਈ। ਕੋਈ ਬੋਲਦਾ ਤਾਂ ਕੀ ਬੋਲਦਾ! ਘਰ ਵੱਲ ਤੁਰਦਾ ਸ਼ਾਮ ਬੋਲਿਆ, “ਆ ਜਾਓ ਪੰਜ ਸੌ ਲੈਣ ਵਾਲਾ। ਮੈਂ ਚੱਲ ਕੇ ਝਾੜੂ ਲਭਦਾ ਹਾਂ!” ਬਾਕੀ ਸਾਰੇ ਵੀ ਅਬੋਲ ਹੋ ਕੇ, ਇਕ ਦੂਜੇ ਨਾਲ ਵੀ ਕੁਝ ਬੋਲੇ ਬਿਨਾਂ, ਨੀਵੀਆਂ ਪਾ ਕੇ ਆਪਣੇ ਆਪਣੇ ਘਰਾਂ ਨੂੰ ਤੁਰ ਗਏ।