‘ਚਿੱਤ-ਚੇਤਾ’ ਵਿਚ ਕਾਨਾ ਸਿੰਘ ਨੇ ਸਿਰਫ ਆਪਣੇ ਚੇਤੇ ਦੀ ਚੰਗੇਰ ਹੀ ਪਾਠਕਾਂ ਸਾਹਮਣੇ ਨਹੀਂ ਉਲੱਦੀ, ਸਗੋਂ ਸੰਤਾਲੀ ਤੋਂ ਪਹਿਲਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਤੇ ਇਨ੍ਹਾਂ ਕਹਾਣੀਆਂ ਨਾਲ ਜੁੜਿਆ ਪੂਰਾ-ਸੂਰਾ ਮਾਹੌਲ ਪਾਠਕਾਂ ਦੇ ਸਨਮੁਖ ਕੀਤਾ ਹੈ। ਇਹ ਮਾਹੌਲ, ਬਾਤਾਂ ਵਰਗਾ ਰੰਗ ਬੰਨ੍ਹਦਾ ਹੈ। ਦਰਅਸਲ ਕਾਨਾ ਸਿੰਘ ਆਪਣੀਆਂ ਗੱਲਾਂ ਨਿਰ-ਉਚੇਚ ਦੱਸੀ ਜਾਂਦੀ ਹੈ ਅਤੇ ਇਹੀ ਸਹਿਜਤਾ ਉਸ ਦੀਆਂ ਰਚਨਾਵਾਂ ਦੀ ਜਿੰਦ-ਜਾਨ ਹੋ ਨਿਬੜਦੀ ਹੈ।
‘ਰਸੀਆ ਨਿੰਬੂ ਲਿਆਈ ਦੇ ਵੇ’ ਵਿਚ ਉਸ ਨੇ ਆਪਣੀ ਦਾਦੀ ਦੇ ਵੇਲਿਆਂ ਦੀ ਕਥਾ ਬਿਆਨ ਕੀਤੀ ਹੈ ਅਤੇ ਇਸ ਵਿਚ ਬਿਆਨੇ ਸਾਰੇ ਦ੍ਰਿਸ਼ ਅੱਖਾਂ ਅੱਗੇ ਫਿਲਮ ਵਾਂਗ ਦਿਸਣੇ ਸ਼ੁਰੂ ਹੋ ਜਾਂਦੇ ਹਨ। -ਸੰਪਾਦਕ
ਕਾਨਾ ਸਿੰਘ
ਫੋਨ: 91-95019-44944
ਬੋਲੀਆਂ, ਕਹਾਣੀਆਂ, ਅਖਾਣ ਅਤੇ ਕਹਾਵਤਾਂ ਦਾ ਬੇਜੀ, ਸਾਡੀ ਦਾਦੀ ਕੋਲ ਅਤੁੱਟ ਖਜ਼ਾਨਾ ਸੀ। ਉਨ੍ਹਾਂ ਕੋਲ ਅਸਾਂ ਪੋਤੇ-ਪੋਤੀਆਂ ਲਈ ਸਬਰ ਅਤੇ ਵਿਹਲ ਵੀ ਬਹੁਤ ਸੀ। ਸਬਜ਼ੀਆਂ ਕੱਟਦੇ, ਰਿੱਝਦੇ-ਪਕਾਂਦੇ, ਤੀਲੀਆਂ ‘ਤੇ ਨਾੜੇ ਬੁਣਦੇ ਜਾਂ ਸਿਲਾਈ ਦੀ ਮਸ਼ੀਨ ਚਲਾਂਦੇ- ਨਾਲੋ-ਨਾਲ ਬੇਜੀ ਸਾਨੂੰ ਬਾਤਾਂ ਪਾਈ ਜਾਂਦੇ, ਹੱਡ-ਬੀਤੀਆਂ ਸੁਣਾਈ ਜਾਂਦੇ ਅਤੇ ਅਸੀਂ ਭੈਣਾਂ-ਭਰਾ ਮੰਤਰ-ਮੁਗਧ ਜਿਵੇਂ ਕੀਲੇ ਹੀ ਜਾਂਦੇ। ਉਮਰ ਦੇ ਤੀਜੇ ਚੌਥੇ ਪੜਾਅ ਵਿਚ ਹੁਣ ਵੀ ਜੇ ਰੱਬ-ਸਬੱਬੀ ਅਸੀਂ ਸਾਰੇ ਰਲ ਬੈਠੀਏ ਤਾਂ ਸਾਡੇ ਚੇਤਿਆਂ ਦਾ ਮੁੱਖ ਵਿਸ਼ਾ ਬੇਜੀ ਹੀ ਹੁੰਦੇ ਹਨ।
ਸਾਡੇ ਲਈ ਸਭ ਤੋਂ ਵੱਧ ਰੌਚਕ ਬੇਜੀ ਦੇ ਵਿਆਹ ਦੀ ਕਹਾਣੀ ਹੁੰਦੀ। ਇਹ ਕਹਾਣੀ ਸਾਡੀ ਮਾਂ-ਚਾਚੀਆਂ ਦੀ ਯਾਦਦਾਸ਼ਤ ਦਾ ਵੀ ਦਿਲਚਸਪ ਹਿੱਸਾ ਰਹੀ ਹੈ। ਤੇਰ੍ਹਵੇਂ-ਚੌਧਵੇਂ ਸਾਲ ਦੀ ਉਮਰ ਵਿਚ ਵਿਆਹੀਆਂ ਗਈਆਂ ਉਨ੍ਹਾਂ ਨੂੰਹਾਂ ਦੀ ਸੱਸ ਹੀ ਤਾਂ ਮਾਂ ਸੀ, ਤੇ ਪਾਲਣਹਾਰੀ ਵੀ। ਰਸੋਈ, ਸਿਲਾਈ-ਕਸੀਦੇ, ਨਵਾਰਾਂ ਅਤੇ ਫੁਲਕਾਰੀਆਂ, ਕਰੋਸ਼ੀਏ ਜਾਂ ਸਵੈਟਰਾਂ-ਨਾੜੇ ਬੁਣਨ ਦਾ ਵੱਲ ਉਨ੍ਹਾਂ ਸਾਡੀ ਦਾਦੀ ਤੋਂ ਹੀ ਸਿੱਖਿਆ। ਚਰਖੇ ਦੀ ਘੂਕ ਨਾਲ ਮਾਂ ਦੇ ਹੋਠ ਵੀ ਮੈਂ ਸਦਾ ਦਾਦੀ ਵਾਂਗ ਹੀ ਜਪੁਜੀ ਸਾਹਿਬ ਦੇ ਪਾਠ ਨਾਲ ਫਰਕਦੇ ਵੇਖੇ। ਦਾਦੀ ਖੁਸ਼-ਰਹਿਣੀ, ਨਿਰਛਲ ਅਤੇ ਸਾਰੇ ਗੁੱਜਰਖ਼ਾਨ ਦੀਆਂ ਸੁਆਣੀਆਂ ਦੀ ਆਦਰਸ਼ ਬੇਜੀ ਸੀ।
ਸਾਰੇ ਸ਼ਹਿਰ ਦੀਆਂ ਬਾਲੜੀਆਂ, ਬਾਲ-ਵਿਧਵਾਵਾਂ ਅਤੇ ਲਾਮਾਂ ‘ਤੇ ਗਏ ਹੋਏ ਪਤੀਆਂ ਦੀਆਂ ਬਿਰਹਣਾਂ ਦੀ ਸਖੀ, ਅੰਗ-ਰੱਖਿਅਕ ਹੁੰਦੀ ਸੀ ਮੇਰੀ ਦਾਦੀ, ਗੁਰਦਈ। ਕੋਈ ਚਰਖਾ ਕੱਤ ਰਹੀ, ਕੋਈ ਨਾੜਾ ਬੁਣ ਰਹੀ ਤੇ ਕੋਈ ਮਸ਼ੀਨ ਚਲਾ ਰਹੀ- ਬੇਜੀ ਦੀ ਡਿਓੜੀ ਸਦਾ ਗਹਿਮਾ-ਗਹਿਮੀ ਰਹਿੰਦੀ ਤੇ ਜਿਤਨੀ ਵਾਰ ਮੈਂ ਜਾ ਕੇ Ḕਬੇਜੀ ਸਤਿ ਸ੍ਰੀ ਅਕਾਲḔ ਆਖਾਂ, ਬੇਜੀ Ḕਜੀਨੀ ਰਹਿ, ਮੇਰੀ ਅਕਲੇ ਆਲੀਏ ਧੀਏḔ ਆਖਦੇ ਪੈਸਾ, ਟਕਾ ਪਤਾਸਾ ਜਾਂ ਮੇਵਾ ਮੇਰੀ ਤਲੀ ‘ਤੇ ਧਰਦੇ, ਮੇਰਾ ਮੱਥਾ ਚੁੰਮ ਲੈਂਦੇ।
ਹਾਂ, ਤਾਂ ਗੱਲ ਚਲ ਰਹੀ ਸੀ ਬੇਜੀ ਦੇ ਵਿਆਹ ਦੀ। ਬੇਜੀ ਮੁਤਾਬਕ ਸਾਡੇ ਖਾਨਦਾਨ ਦਾ ਪਿਛੋਕੜ ਸ਼ਹਿਰ ਗੁੱਜਰਖਾਨ ਦੇ ਗਰਾਂ, ਕਿਰਪੇ ਦਾ ਸੀ।æææਕਿਰਪੇ ਵਿਚ ਹੀ ਹੋਇਆ ਸੀ ਬੇਜੀ ਦਾ ਵਿਆਹ। ਸੱਤ ਸਾਲ ਦੀ ਬਾਲੜੀ ਸਨ ਸਾਡੇ ਬੇਜੀ ਅਤੇ ਸੱਤ ਦਿਨ ਹੀ ਕਿਰਪੇ ਵਿਚ ਢੁਕ-ਟਿਕੀ ਸੀ ਸਾਡੇ ਦਾਦਾ ਜੀ ਦੀ ਜੰਝ। ਬੇਜੀ ਦੀ ਡੋਲੀ ਟੁਰੀ ਪਿੰਡੋ-ਪਿੰਡ ਗੁੱਜਰਖਾਨ ਲਈ। ਲਾਲਾ ਜੀ (ਦਾਦਾ) ਘੋੜੀ ‘ਤੇ ਅਤੇ ਬੇਜੀ ਡੋਲੀ ਵਿਚ।
ਹਾਰ-ਹਮੇਲਾਂ, ਸ਼ਿੰਗਾਰ-ਪੱਟੀ ਟਿੱਕਾ, ਮੁਰਕੀਆਂ ਠੂਠੀਆਂ, ਤਵੀਤੜੀਆਂ ਬਹਾਦਰੀਆਂ, ਬੋਰਲੇ, ਗੋਖੜੂ ਅਤੇ ਪੈਰਾਂ ਵਿਚ ਭਾਰੇ-ਭਾਰੇ ਕੜੇ। ਸੋਨਾ ਉਦੋਂ ਪੰਦਰਾਂ ਰੁਪਏ ਤੋਲਾ ਹੁੰਦਾ ਸੀ, ਬੇਜੀ ਦੱਸਦੇ।
ਭਾਰੀ ਘੇਰਵੀਂ ਸੁੱਥਣ ਵਾਲੇ ਸਿਲਮੇਦਾਰ ਸ਼ਨੀਲ ਦੇ ਸੂਟ ਅਤੇ ਬਾਗ ਵਿਚ ਵਲ੍ਹੇਟੇ-ਵਲ੍ਹਾਟੇ ਡੋਲੀ ਵਿਚ ਪਾਏ ਗਏ ਸਨ ਬੇਜੀ, ਖੁਸ਼-ਖੁਸ਼। ਰਾਹ ਵਿਚ ਦੁਲਹਨ ਬੇਜੀ ਨੂੰ ਪਿਸ਼ਾਬ ਦੀ ਹਾਜਤ ਹੋਈ। ਰੋਕਿਆਂ ਰੁਕੇ ਨਾ। ਉਨ੍ਹਾਂ ਡੋਲੀ ਵਿਚ ਕੁੱਦਣ ਅਤੇ ਡੋਲੀ ਦੀਆਂ ਬਾਹੀਆਂ ਉਪਰ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਡੋਲੀ ਰੋਕੀ ਗਈ। ਬੇਜੀ ਦੇ ਸਹੁਰਾ, ਸਾਡੇ ਪੜਦਾਦਾ ਜੀ ਲਗਦੇ ਨੇ ਬੇਜੀ ਨੂੰ ਕੁੱਛੜ ਚੁੱਕ ਕੇ ਬਾਹਰ ਕੱਢਿਆ ਅਤੇ ਕਣਕਾਂ ਓਹਲੇ ਬਿਠਾ ਦਿੱਤਾ।
ਫਾਰਗ ਹੋ ਕੇ ਨਾੜਾ ਜੁ ਬੰਨ੍ਹਣ ਲੱਗੀ ਬਾਲ-ਵਹੁਟੀ, ਤਾਂ ਉਸ ਤੋਂ ਸੁੱਥਣ ਹੀ ਨਾ ਚੁੱਕ ਹੋਵੇ। ਰੋਣ ਲੱਗੀ। ਢਾਹਾਂ ਮਾਰ ਆਪਣੀਆਂ ਮੀਢੀਆਂ ਧੱਫਦੀ। ਦੌੜੇ ਆਏ ਓਹਲਿਓਂ ਪੜਦਾਦਾ ਜੀ, ਉਸ ਦੇ ਸਹੁਰਾ ਸਾਹਿਬ। ਉਨ੍ਹਾਂ ਆਪਣੇ ਚਿਹਰੇ ਨੂੰ ਪੱਗੜੀ ਦੇ ਸ਼ਮਲ੍ਹੇ ਨਾਲ ਕੱਜਦਿਆਂ, ਬੇਜੀ ਦੀ ਸੁੱਥਣ ਦਾ ਨਾੜਾ ਬੰਨ੍ਹਿਆ ਅਤੇ ਮੁੜ ਕੁੱਛੜ ਚੁੱਕ ਕੇ ਡੋਲੀ ਵਿਚ ਬਿਠਾਇਆ।
ਸਾਡੇ ਲਈ ਇਸ ਘਟਨਾ ਦਾ ਬਿਆਨ ਬੜਾ ਅਨੋਖਾ ਹੁੰਦਾ ਸੀ, ਦਿਲਚਸਪ ਤੇ ਉਪਰੋਂ ਹਸੂੰ-ਹਸੂੰ ਕਰਦੇ ਬੇਜੀ ਦਾ ਅੰਦਾਜ਼ ਵੀ ਨਿਰਾਲਾ ਹੁੰਦਾ ਸੀ।
ਸੰਤਾਲੀ ਦੀ ਵਿਸਾਖੀ ਤੱਕ ਸਾਡਾ ਪਰਿਵਾਰ ਫਰੀਦਕੋਟ ਆ ਟਿਕਿਆ ਸੀ, ਆਰਜ਼ੀ ਤੌਰ ‘ਤੇ। ਬੇਜੀ ਪਿੱਛੇ ਹੀ ਰਹੇ, ਘਰਾਂ ਦੀ ਰਾਖੀ। ਉਹ ਦੋ ਸਾਲ ਮਗਰੋਂ ਹੀ ਆ ਸਕੇ ਦੁਵੱਲੇ ਸੈਨਿਕ-ਪ੍ਰਬੰਧ ਸਦਕੇ। ਪੰਦਰਾਂ ਅਗਸਤ 1947 ਤੱਕ ਅਸੀਂ ਫਰੀਦਕੋਟ ਹੀ ਸਾਂ, ਸਾਰਾ ਪਰਿਵਾਰ ਸਣੇ ਸੰਤ ਭੈਣ ਜੀ ਦੇ ਟੱਬਰ ਦੇ। ਛੇਤੀ ਹੀ ਖਬਰ ਮਿਲੀ ਕਿ ਦਿੱਲੀ ਵਸਦੀ ਮੇਰੀ ਨਿੱਕੀ ਮਾਸੀ ਮਰਨ-ਦੰਦੇ ਸੀ। ਮਾਸੜ ਜੀ ਫੌਜ ਦੇ ਕਪਤਾਨ ਸਨ। ਅਸਾਂ ਬੱਚਿਆਂ ਨੂੰ ਭੈਣ-ਭਾਈਆ ਜੀ ਦੀ ਨਿਗਰਾਨੀ ਹੇਠ ਛੱਡ ਕੇ ਮਾਪੇ ਦਿੱਲੀ ਲਈ ਰਵਾਨਾ ਹੋ ਗਏ।
ਦਿੱਲੀ ਅਕਾਸ਼ਵਾਣੀ ਤੋਂ ਭਾਪਾ ਜੀ ਨੇ, ਪਿੱਛੇ ਰਹਿ ਗਏ ਬੇਜੀ ਬਾਰੇ ਖਬਰ ਵੀ ਲੁਆਉਣੀ ਸੀ। ਇਕ-ਅੱਧ ਮਹੀਨੇ ਵਿਚ ਮਾਸੀ ਕੁਝ ਠੀਕ ਹੋਈ। ਉਸ ਮੇਰੇ ਮਾਪਿਆਂ ਉਤੇ ਦਿੱਲੀ ਵੱਸਣ ਦਾ ਜ਼ੋਰ ਪਾਇਆ। ਦਿੱਲੀ ਦੀ ਜਮੁਨਾ-ਪਾਰ ਬਸਤੀ, ਸ਼ਾਹਦਰਾ ਤੋਂ ਮੁਸਲਮਾਨ ਸਾਰੇ ਹੀ ਕੂਚ ਕਰ ਗਏ ਸਨ। ਘਰਾਂ ਦੇ ਘਰ ਖਾਲੀ, ਭਾਂ-ਭਾਂ ਕਰਦੇ। ਮਾਸੀ ਮਾਸੜ ਨੇ ਹੀ ਆਪਣੇ ਰਸੂਖ ਨਾਲ ਤੇਲੀਵਾੜੇ ਮੁਹੱਲੇ ਵਿਚ ਇਕ ਮਕਾਨ ਲੱਭ ਦਿੱਤਾ। ਘਰ ਵਿਚ ਟਿਕਦਿਆਂ ਹੀ ਮਾਪਿਆਂ ਨੇ ਬਾਕੀ ਦੇ ਪਰਿਵਾਰ ਨੂੰ ਮੰਗਾਉਣ ਦੀ ਕੀਤੀ। ਸਭ ਤੋਂ ਪਹਿਲਾਂ ਪਾਲ ਵੀਰ ਜੀ ਨਾਲ ਮੈਂ ਰਵਾਨਾ ਹੋਈ। ਪਾਲ ਵੀਰ ਜੀ ਅਠਾਰਾਂ ਵਰ੍ਹਿਆਂ ਦੇ ਕਿਸ਼ੋਰ ਸਨ ਤੇ ਦਸਾਂ ਦੀ ਬਾਲੜੀ ਮੈਂ। ਅਸੀਂ ਮਾਲ ਗੱਡੀ ‘ਤੇ ਸਵਾਰ ਹੋ ਗਏ। ਤਾਜ਼ੇ-ਤਾਜ਼ੇ ਬਟਵਾਰੇ ਕਾਰਨ ਸਾਰਾ ਨਿਜ਼ਾਮ ਉਲਟ-ਪੁਲਟ ਸੀ।
ਅਕਤੂਬਰ ਦਾ ਮਹੀਨਾ।æææਮਾਲ ਗੱਡੀ ਦੇ ਲੰਮ-ਸਲੰਮੇ ਡੱਬੇ ਵਿਚ ਧੱਕਾਂ-ਚੱਕਾਂ। ਉਜੜੇ ਪਰਿਵਾਰਾਂ ਦੀ ਭੀੜ। ਢਿਚਕੂੰ-ਢਿਚਕੂੰ ਗੱਡੀ ਦੀ ਤੋਰ। ਕਦੇ ਕਿਸੇ ਜੰਗਲ ਵਿਚ ਜਾ ਰੁਕਦੀ ਤੇ ਕਦੇ ਕਿਸੇ ਉਜਾੜ ਥਾਂ ‘ਤੇ। ਕੋਈ ਗੰਨਿਆਂ ‘ਤੇ ਟੁੱਟ ਪੈਂਦਾ ਤੇ ਕੋਈ ਡਡਿਆਂ-ਛੋਲਿਆਂ ‘ਤੇ। ਸੁਆਣੀਆਂ ਗੱਡੀ ਵਿਚ ਇੱਟਾਂ ਦਾ ਚੁਲ੍ਹਾ ਬਣਾ ਕੇ ਕੁਝ ਰਿੰਨ੍ਹ-ਪਕਾ ਲੈਂਦੀਆਂ। ਕਿਸੇ ਕੋਲ ਭੁੱਜੇ ਦਾਣੇ ਤੇ ਕਿਸੇ ਕੋਲ ਫੁੱਲੀਆਂ। ਸਭ ਬੁਕ-ਬੁਕ ਵੰਡ-ਵੰਡਾਅ ਕੇ ਫੱਕੇ ਮਾਰ ਲੈਂਦੇ। ਬਸ ਢਿੱਡਾਂ ਨੂੰ ਝੁਲਕਾ ਦੇਣ ਵਾਲੀ ਗੱਲ ਸੀ।
ਇਕ ਥਾਂ ‘ਤੇ ਪਾਲ ਵੀਰ ਜੀ ਨੇ ਭੇਡਾਂ-ਬੱਕਰੀਆਂ ਦੇ ਆਜੜੀ ਨੂੰ ਅਰਜ਼ ਕਰ ਕੇ ਮੇਰੇ ਸੁੱਕੇ ਮੂੰਹ ਦੇ ਪੇਪੜੀ ਬੱਝੇ ਹੋਠਾਂ ‘ਤੇ ਬਾਕਰੇ ਦੁੱਧ ਦੀਆਂ ਧਾਰਾਂ ਛੁਡਵਾਈਆਂ। ਗੱਡੀ ਕਿੱਥੇ ਅਤੇ ਕਿੰਨੇ ਘੰਟਿਆਂ ਜਾਂ ਦਿਨਾਂ ਲਈ ਰੁਕੇਗੀ, ਕੁਝ ਨਹੀਂ ਸੀ ਪਤਾ ਹੁੰਦਾ।
ਇਕ ਥਾਂ ਰੁਕੀ ਹੋਈ ਸੀ ਗੱਡੀ ਕਾਫ਼ੀ ਦੇਰ ਤੋਂ। ਮੈਨੂੰ ਪਿਸ਼ਾਬ ਦਾ ਜ਼ੋਰ ਪਿਆ। ਵੀਰ ਜੀ ਨੇ ਚੁੱਕ ਕੇ ਮੈਨੂੰ ਇਕ ਢੱਕੀ ਜਿਹੀ ਦੇ ਓਹਲੇ ਬਿਠਾ ਦਿੱਤਾ। ਫਾਰਗ ਹੋ ਕੇ ਮੈਂ ਨਾੜਾ ਬੰਨ੍ਹਣ ਹੀ ਵਾਲੀ ਸਾਂ ਕਿ ਗੱਡੀ ਚੱਲ ਪਈ। ਪਾਲ ਵੀਰ ਜੀ ਨੇ ਦੌੜ ਕੇ ਮੈਨੂੰ ਚੁੱਕਿਆ ਅਤੇ ਚਲਦੀ ਗੱਡੀ ਵਿਚ ਸੁੱਟਿਆ ਅਰ ਫੇਰ ਦੌੜਦੇ-ਦੌੜਦੇ ਮਸਾਂ ਆਪ ਚੜ੍ਹ ਸਕੇ। ਨਾੜਾ ਹੱਥ ਵਿਚ ਫੜੀ, ਤ੍ਰੇਲੀਓ-ਤ੍ਰੇਲੀ ਤੇ ਅੱਥਰ-ਅੱਥਰ ਹੋਈ ਸ਼ਰਮ ਦੀ ਮਾਰੀ ਮੈਂ ਸਿਰ ਉਚਾ ਨਾ ਕਰਾਂ।
ਭਰੀ ਗੱਡੀ ਦੀ ਭੀੜ ਸਾਹਵੇਂ ਇਹ ਮੇਰੀ ਧਰਤੀ-ਧੱਸਣ ਵਰਗੀ ਸ਼ਰਮਨਾਕ ਹਾਲਤ ਸੀ। ਹਮਸਫਰ ਵਡੇਰੀਆਂ ਇਸਤਰੀਆਂ ਨੇ ਬੜੀ ਕੋਸ਼ਿਸ਼ ਕੀਤੀ ਮੈਨੂੰ ਦਿਲਾਸਾ ਦੇਣ ਦੀ, ਪਰ ਮੈਂ ਨਾ ਸਿਰ ਉਚਾ ਕਰਾਂ, ਤੇ ਨਾ ਹੀ ਕਿਸੇ ਨਾਲ ਅੱਖ ਮਿਲਾਉਣ ਦੀ ਹਿੰਮਤ ਕਰਾਂ। ਪਾਲ ਵੀਰ ਜੀ ਡਾਢੇ ਚਿੰਤਾਤੁਰ ਹੋਏ। ਕਾਫੀ ਸੋਚ ਸਮਝ ਕੇ ਬੋਲੇ:
“ਕਾਨਾ, ਯਾਦ ਹੈ ਬੇਜੀ ਨੇ ਵਿਆਹ ਵਾਲੀ ਗੱਲ। ਡੋਲੀ ਵਿਚ ਬੈਠੇ ਬੇਜੀ ਕੀ ਪਿਸ਼ਾਬ ਆ ਗਿਆ ਸੀ ਤੈ ਪੜਦਾਦਾ ਜੀ ਉਨ੍ਹਾਂ ਕੀ ਚੁੱਕ ਕੇæææ।”
“ਹਾਂ ਹਾਂ ਬੇਜੀ ਕੋਲੋਂ ਸੁੱਥਣ ਹੀ ਨਹੀਂ ਸੀ ਸੰਭਾਲਣ ਹੋਈ। ਬੜੀ ਹੀ ਭਾਰੀ ਸੀ ਬੇਜੀ ਨੀ ਸੁੱਥਣ। ਪੜਦਾਦਾ ਜੀ ਨੇ ਆਪ ਬੇਜੀ ਨਾ ਨਾੜਾ ਬੰਨ੍ਹਿਆ ਤੈ ਉਨ੍ਹਾਂ ਕੀ ਚੁੱਕ ਕੇ ਡੋਲੀ ਵਿਚ ਪਾਇਆæææ।”
ਹੁਣ ਮੈਂ ਅਜਿਹੀ ਛਿੜੀ ਕਿ ਭੁੱਲ ਹੀ ਗਈ ਆਪਣੇ ਨਾਲ ਬੀਤੀ, ਸਜਰੀ ਸਜਰੀ।
ਮੈਂ ਸਾਰੇ ਮੁਸਾਫਰਾਂ ਨੂੰ ਬੇਜੀ ਦੀਆਂ ਬਾਤਾਂ ਤੇ ਕਹਾਣੀਆਂ ਸੁਣਾਉਣ ਵਿਚ ਅਜਿਹੀ ਗਲਤਾਨ ਹੋਈ ਕਿ ਪਤਾ ਹੀ ਨਾ ਲੱਗਾ ਕਿ ਸ਼ਰਮ ਕਿਵੇਂ, ਕਦੋਂ ਤੇ ਕਿੱਥੇ ਗੱਡੀ ਵਿਚੋਂ ਛਾਲ ਮਾਰ ਕੇ ਲੋਪ ਹੋ ਗਈ।
ਪਾਲ ਵੀਰ ਜੀ ਦੀ ਹੱਲਾਸ਼ੇਰੀ ਨਾਲ ਮੈਂ ਆਪ-ਰਚੀਆਂ ਨਜ਼ਮਾਂ ḔਸਾਵਣḔ, Ḕਮੇਰਾ ਬਸਤਾḔ, Ḕਵੀਰ ਨੂੰ ਖ਼ਤḔ ਸੁਣਾਉਂਦੀ-ਸੁਣਾਉਂਦੀ ਲੰਮੀ ਹੇਕ ਨਾਲ Ḕਬਾਜਰੇ ਨਾ ਸਿੱਟਾḔ ਅਤੇ Ḕਰਸੀਆ ਨਿੰਬੂ ਲਿਆਈ ਦੇ ਵੇ, ਡਾਢੀ ਉਠੀ ਕਲੇਜੇ ਪੀੜ’ ਵਰਗੇ ਪੋਠੋਹਾਰੀ ਲੋਕ-ਗੀਤ ਛੋਹ ਬੈਠੀ।
ਹੁਣ ਮੇਰੇ ਵਰਗਾ ਕੌਣ ਸੀ!