ਲੰਡਨ ਵੱਸਦੇ ਲੇਖਕ ਐਂਡੀ ਮੈਰੀਨੋ ਨੇ ਨਰੇਂਦਰ ਮੋਦੀ ਬਾਰੇ ‘ਨਰੇਂਦਰ ਮੋਦੀ: ਸਿਆਸੀ ਜੀਵਨੀ’ ਨਾਂ ਦੀ ਕਿਤਾਬ ਲਿਖੀ ਹੈ। ਇਸ ਤੋਂ ਪਹਿਲਾਂ ਉਹਨੇ ਦੋ ਹੋਰ ਜੀਵਨੀਆਂ ‘ਏ ਕੁਆਈਟ ਅਮੈਰੀਕਨ’ ਅਤੇ ‘ਹਰਸ਼ਲ: ਦਿ ਬੁਆਏ ਹੂ ਸਟਾਰਟਡ ਵਰਲਡ ਵਾਰ 2’ ਲਿਖੀਆਂ ਹਨ। ਮੋਦੀ ਵਾਲੀ ਕਿਤਾਬ ਇਸ ਕਰ ਕੇ ਵੀ ਵਿਲੱਖਣ ਹੈ ਕਿਉਂਕਿ ਕਿਸੇ ਭਾਰਤੀ ਜਾਂ ਵਿਦੇਸ਼ੀ ਲੇਖਕ ਜਾਂ ਪੱਤਰਕਾਰ ਦੀ ਅਜੇ ਤਾਈਂ ਮੋਦੀ ਤਕ ਐਂਡੀ ਮੈਰੀਨੋ ਜਿੰਨੀ ਭਰਵੀਂ ਤੇ ਭਰਪੂਰ ਰਸਾਈ ਨਹੀਂ ਹੋਈ ਹੈ।
ਉਹ ਚੋਣ ਰੈਲੀਆਂ ਦੌਰਾਨ ਹੈਲੀਕਾਪਟਰ ‘ਤੇ ਮੋਦੀ ਦੇ ਨਾਲ-ਨਾਲ ਰਿਹਾ ਅਤੇ ਸਿਆਸੀ ਆਗੂਆਂ, ਪਰਿਵਾਰ ਦੇ ਮੈਂਬਰਾਂ, ਦੋਸਤਾਂ ਤੇ ਮੋਦੀ ਦੇ ਵਿਰੋਧੀਆਂ ਨੂੰ ਲਗਾਤਾਰ ਮਿਲਦਾ ਰਿਹਾ ਹੈ। ਇਥੇ ਛਾਪਿਆ ਜਾ ਰਿਹਾ ਲੇਖ ‘ਨਰੇਂਦਰ ਮੋਦੀ: ਸਿਆਸੀ ਜੀਵਨੀ’ ਦੀ ਭੂਮਿਕਾ ਹੈ। ਇਹ ਕਿਤਾਬ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਸ ਵਕਤ ਲਿਖੀ ਗਈ ਸੀ ਜਦੋਂ ਚੋਣ ਪ੍ਰਚਾਰ ਜ਼ੋਰਾਂ ਉਤੇ ਸੀ। ਇਸ ਵਿਚੋਂ ਪੱਛਮ ਦੀ ਮੋਦੀ ਪ੍ਰਤੀ ਉਲਾਰ ਪਹੁੰਚ ਦੇ ਵੀ ਭਲੀ-ਭਾਂਤ ਦਰਸ਼ਨ ਹੁੰਦੇ ਹਨ। ਕਿਸੇ ਵੇਲੇ ਜਿਸ ਤਰ੍ਹਾਂ ਪੱਛਮ ਨੂੰ ਡਾæ ਮਨਮੋਹਨ ਸਿੰਘ ‘ਆਪਣਾ ਬੰਦਾ’ ਲਗਦਾ ਸੀ, ਉਹ ਥਾਂ ਹੁਣ ਮੋਦੀ ਨੇ ਮੱਲ ਲਈ ਹੈ। -ਸੰਪਾਦਕ
ਐਂਡੀ ਮੈਰੀਨੋ
ਅਸੀਂ ਬੰਦ ਕੀਤੀਆਂ ਸੜਕਾਂ ਉਪਰ ਹੈਲੀਪੈਡ ਵੱਲ ਜਾ ਰਹੇ ਸਾਂ। ਸਾਹਮਣੇ ਜੈਮਰ ਸੀ ਜਿਸ ਦੇ ਗੁੰਬਦਨੁਮਾ ਯੰਤਰ ਛੱਤ ਨਾਲ ਜਾ ਲਗਦੇ ਸਨ। ਮੋਦੀ ਦੀ ਜ਼ੈਡ ਪਲੱਸ ਸੁਰੱਖਿਆ ਵਾਲੇ ਸੈਨਿਕਾਂ ਅਤੇ ਕਾਲੇ ਰੰਗ ਦੀਆਂ ਵਰਦੀਆਂ ਵਾਲੇ ਕਮਾਂਡੋਆਂ ਨਾਲ ਭਰੀਆਂ ਚਾਂਦੀ ਰੰਗੀਆਂ ਅੱਠ ਗੱਡੀਆਂ ਇਕ-ਦੂਜੇ ਦੇ ਪਿੱਛੇ ਤੁਰ ਰਹੀਆਂ ਸਨ। ਜ਼ੈਡ ਪਲੱਸ ਸੁਰੱਖਿਆ ਕਿਸੇ ਵੀ ਭਾਰਤੀ ਵੀæਆਈæਪੀæ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਉਤਲੇ ਦਰਜੇ ਦੀ ਸੁਰੱਖਿਆ ਹੈ।
ਉਹ ਉਥੇ ਖਾਸ ਮਕਸਦ ਲਈ ਗਏ ਸਨ। ਜਦੋਂ ਤੋਂ ਮੋਦੀ ਨੇ ਰਾਸ਼ਟਰੀ ਪੱਧਰ ਉਤੇ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ ਹੈ, ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ (ਆਈæਐਸ਼ਆਈæ) ਜੋ ਭਾਰਤ ਵਿਚ ਅੰਦਰੂਨੀ ਖਤਰੇ ਅਤੇ ਆਤੰਕ ਫੈਲਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ, ਨੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਆਈæਐਸ਼ਆਈæ ਦੀ ਮਦਦ ਨਾਲ ਚੱਲਣ ਵਾਲੇ ਅਤਿਵਾਦੀ ਗੁੱਟ ‘ਇੰਡੀਅਨ ਮੁਜਾਹਿਦੀਨ’ ਜੋ ਭਾਰਤ ਵਿਚ ਖਾਸਾ ਸਰਗਰਮ ਹੈ, ਦੀ ਲਿਸਟ ਵਿਚ ਨਰੇਂਦਰ ਮੋਦੀ ਪਹਿਲੇ ਨੰਬਰ ‘ਤੇ ਹੈ। ਮੋਦੀ ਦੀਆਂ ਭਾਰਤ ਭਰ ਵਿਚ ਹੋਣ ਵਾਲੀਆਂ ਰੈਲੀਆਂ ਵਿਚ ਲੱਖਾਂ ਲੋਕ ਆਉਂਦੇ ਹਨ ਅਤੇ ਆਤਮਘਾਤੀ ਹਮਲਾਵਰਾਂ ਦੀ ਮੌਜੂਦਗੀ ਦਾ ਖਤਰਾ ਸਦਾ ਰਹਿੰਦਾ ਹੈ।
ਆਪਣੇ ਬਾਰਾਂ ਸਾਲ ਦੇ ਮੁੱਖ ਮੰਤਰੀ ਕਾਲ ਦੌਰਾਨ ਉਹ ਹਮੇਸ਼ਾ ਆਤੰਕੀ ਸਾਜ਼ਿਸ਼ਾਂ ਅਤੇ ਘੁਸਪੈਠ ਦੇ ਟਾਕਰੇ ਲਈ ਮਜ਼ਬੂਤੀ ਨਾਲ ਖੜ੍ਹਾ ਰਿਹਾ ਹੈ। ਪਾਕਿਤਸਾਨੀ ਦੇ ਸਿਆਸੀ ਨੇਤਾਵਾਂ ਮੁਤਾਬਕ ਇਹ ਚੀਜ਼ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਲਈ ਤਾਂ ਕਾਰਗਰ ਸਿੱਧ ਹੋ ਸਕਦੀ ਹੈ ਪਰ ਅਤਿਵਾਦੀ ਕਾਰਵਾਈਆਂ ਤੋਂ ਉਸ ਦੀ ਜਾਨ ਨੂੰ ਖਤਰਾ ਹਮੇਸ਼ਾ ਬਣਿਆ ਹੋਇਆ ਹੈ।
ਜਿਉਂ ਹੀ ਸਾਡਾ ਕਾਫਲਾ ਅੱਗੇ ਪਹੁੰਚਿਆ, ਹਰ ਸੌ ਮੀਟਰ ਉਤੇ ਪੁਲਿਸ ਵਾਲੇ ਸਾਡੇ ਵੱਲ ਪਿੱਠ ਕਰ ਕੇ ਖੜ੍ਹੇ ਹੋਏ, ਚੱਪੇ-ਚੱਪੇ ਨੂੰ ਤਿੱਖੀ ਨਜ਼ਰ ਨਾਲ ਤਾੜ ਰਹੇ ਸਨ। ਜਿਉਂ ਹੀ ਅਸੀਂ ਹੈਲੀਪੈਡ ਕੋਲ ਪੁੱਜੇ, ਕਮਾਂਡੋ ਗੱਡੀਆਂ ਤੋਂ ਬਾਹਰ ਆ ਗਏ ਅਤੇ ਹੈਲੀਕਾਪਟਰ ਵੱਲ ਤੁਰ ਪਏ, ਖਾਕੀ ਵਰਦੀਆਂ ਵਾਲੇ ਫੌਜੀ ਆਲੇ-ਦੁਆਲੇ ਫੈਲ ਗਏ, ਮਸ਼ੀਨਗੰਨਾਂ ਬਿਲਕੁਲ ਤਿਆਰ ਕਰ ਲਈਆਂ ਅਤੇ ਇਸ ਤਰ੍ਹਾਂ ਪੂਰਾ ਸੁਰੱਖਿਆ ਘੇਰਾ ਬਣਾ ਦਿੱਤਾ ਗਿਆ। ਜਦੋਂ ਅਸੀਂ ਉਡਾਣ ਵਿਚ ਸੀ, ਉਦੋਂ ਅਸਮਾਨੀ ਹਮਲੇ ਦਾ ਖਤਰਾ ਰੋਕਣ ਦੀ ਸੁਰੱਖਿਆ ਘੱਟ ਸੀ। ਉਸ ਵੇਲੇ ਉਥੇ ਸਿਰਫ ਮੋਦੀ, ਕੁਝ ਸੀਨੀਅਰ ਅਧਿਕਾਰੀ ਅਤੇ ਮੈਂ ਸਾਂ ਅਤੇ ਅੱਗੇ ਪਾਇਲਟ ਤੇ ਸਹਿ ਪਾਇਲਟ ਸਨ। ਉਦੋਂ ਕੋਈ ਕਮਾਂਡੋ ਨਾਲ ਨਹੀਂ ਸੀ।
ਜਿਉਂ ਹੀ ਹੈਲੀਕਾਪਟਰ ਨੇ ਉਡਾਣ ਭਰੀ, ਕੈਬਿਨ ਵਿਚ ਤੇਲ ਦੀ ਮੁਸ਼ਕ ਫੈਲ ਗਈ। ਮੈਂ ਮੋਦੀ ਦੇ ਨੇੜੇ ਜਾ ਬੈਠਾ ਤਾਂ ਕਿ ਮੇਰੀ ਗੱਲ ਉਹਨੂੰ ਆਰਾਮ ਨਾਲ ਸੁਣ ਸਕੇ। ਹੈਲੀਕਾਪਟਰ ਦੀ ਗਤੀ ਤੇਜ਼ ਹੋਈ ਅਤੇ ਅਸੀਂ ਹਵਾ ਵਿਚ ਪੁੱਜ ਗਏ। ਉਸ ਦੇ ਚਿਹਰੇ ਉਤੇ ਮੁਸਕਰਾਹਟ ਸੀ। ‘ਤੈਨੂੰ ਬਹੁਤ ਚੰਗਾ ਲੱਗੇਗਾ’, ਉਸ ਨੇ ਕਿਹਾ। ਉਹ ਆਪਣੀ ਰੈਲੀ ਬਾਰੇ ਗੱਲਾਂ ਕਰ ਰਿਹਾ ਸੀ ਜਿਸ ਨੂੰ ਉਹਨੇ ਸੰਬੋਧਨ ਕਰਨਾ ਸੀ। ਪਿਛਲੀ ਪੂਰੀ ਰਾਤ ਮੀਂਹ ਪੈਂਦਾ ਰਿਹਾ ਸੀ। 1,500 ਫੁੱਟ ਦੀ ਉਚਾਈ ‘ਤੇ ਧੁੰਦ ਕਰ ਕੇ 10 ਕਿਲੋਮੀਟਰ ਤੱਕ ਹੀ ਦੇਖਿਆ ਜਾ ਸਕਦਾ ਸੀ। ਅਸੀਂ ਪਿੰਡਾਂ ਅਤੇ ਕਸਬਿਆਂ ਦੇ ਉਪਰੋਂ ਲੰਘ ਰਹੇ ਸਾਂ, ਹੇਠਾਂ ਬਨਸਪਤੀ ਤੇ ਦਰੱਖ਼ਤ ਗਾੜ੍ਹੇ ਹਰੇ ਰੰਗ ਦੇ ਲੱਗ ਰਹੇ ਸਨ। ਗਲੀਆਂ ਆਇਤਕਾਰ ਆਕ੍ਰਿਤੀ ਵਰਗੀਆਂ ਨਜ਼ਰ ਆ ਰਹੀਆਂ ਸਨ, ਇਮਾਰਤਾਂ ਸਿੱਧੀਆਂ ਖੜ੍ਹੀਆਂ ਸਨ, ਭੂਰੇ ਰੰਗ ਦੀਆਂ ਉਦਾਸ ਅਤੇ ਮੀਂਹ ਨਾਲ ਭਿੱਜੀਆਂ ਛੱਤਾਂ ਵੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਇਹ ਕਿਸੇ ਪ੍ਰਾਚੀਨ ਸਭਿਅਤਾ ਦੇ ਅੰਸ਼ ਹੋਣ।
ਉਡਾਣ ਦੌਰਾਨ ਮੋਦੀ ਚੁੱਪ-ਚਾਪ ਆਪਣੀਆਂ ਐਨਕਾਂ ਦੇ ਉਪਰੋਂ ਦੀ ਝਾਕ ਰਿਹਾ ਸੀ, ਛੋਟੇ ਜਿਹੇ ਕੈਬਿਨ ਵਿਚ ਬਹੁਤ ਵੱਡਾ ਆਦਮੀ। ਉਹ ਹੱਥ-ਲਿਖਤ ਪਰਚੀਆਂ ਤੋਂ ਤੱਥ ਅਤੇ ਅੰਕੜੇ ਦੇਖ ਰਿਹਾ ਸੀ ਤਾਂ ਕਿ ਇਨ੍ਹਾਂ ਦਾ ਇਸਤੇਮਾਲ ਆਪਣੇ ਹੋਣ ਵਾਲੇ ਭਾਸ਼ਣ ਵਿਚ ਕਰ ਸਕੇ। ਫਿਰ ਉਹ ਪਿਛਲੇ ਦਿਨ ਦੇ ਅਖ਼ਬਾਰ ਵਿਚ ਆਪਣੇ ਬਾਰੇ ਲਿਖੇ ਲੇਖਾਂ ‘ਤੇ ਨਜ਼ਰ ਮਾਰਨ ਲੱਗ ਪਿਆ। ਜਿਵੇਂ-ਜਿਵੇਂ ਅਸੀਂ ਦੱਖਣ ਵੱਲ ਵਧ ਰਹੇ ਸਾਂ, ਹੌਲੀ-ਹੌਲੀ ਅਸਮਾਨ ਸਾਫ ਹੋਣ ਲੱਗ ਪਿਆ। ਹੇਠਾਂ ਪਿੰਡਾਂ ਦੀਆਂ ਲਾਲ ਇੱਟਾਂ ਵਾਲੀਆਂ ਛੱਤਾਂ ਨਜ਼ਰ ਆਉਣ ਲੱਗਣ ਪਈਆਂ। ਸਵੇਰ ਦੀ ਰੌਸ਼ਨੀ ਵਿਚ ਮੰਦਰ ਚਮਕਦੇ ਹੋਏ ਨਜ਼ਰ ਆ ਰਹੇ ਸਨ।
ਖੇਤਾਂ ਵਿਚ ਹਰਿਆਲੀ ਸੀ, ਪਰ ਮਿੱਟੀ ਗਹਿਰੀ ਸੀ, ਬਨਸਪਤੀ ਹਲਕੀ ਸੀ ਅਤੇ ਊਬੜ-ਖਾਬੜ ਜ਼ਮੀਨ ‘ਤੇ ਕੁਝ ਚੱਟਾਨਾਂ ਨਜ਼ਰੀਂ ਪੈ ਰਹੀਆਂ ਸਨ। ਅਰਬ ਸਾਗਰ ਦੇ ਮੁਹਾਣੇ ਵੱਲ ਜਾਂਦੇ ਹੋਏ ਹੋਰ ਵੀ ਜ਼ਿਆਦਾ ਟਿੱਬੇ ਅਤੇ ਚੱਟਾਨਾਂ ਦਿਸ ਰਹੀਆਂ ਸਨ।
—
ਮੋਦੀ ਦੇ ਆਲੋਚਕਾਂ ਦਾ ਕਹਿਣਾ ਕਿ ਗੁਜਰਾਤ ਦੀ ਕਾਇਆ ਪਲਟ ਕੋਰਾ ਭਰਮ ਹੈ, ਮ੍ਰਿਗਤਿਸ਼ਨਾ ਹੈ। ਸੱਚਾਈ ਇਹ ਹੈ ਕਿ ਇਹ ਰਾਜ ਬੁਰੀ ਤਰ੍ਹਾਂ ਗੜਬੜਾਇਆ ਹੋਇਆ ਹੈ। ਗਰੀਬੀ ਦੀਆਂ ਜ਼ੰਜੀਰਾਂ ਅਤੇ ਧਾਰਮਿਕ ਭੇਦਭਾਵ ਉਨਾ ਹੀ ਮਜ਼ਬੂਤ ਹੈ ਜਿੰਨਾ ਮੋਦੀ ਦੇ ਆਉਣ ਤੋਂ ਪਹਿਲਾਂ ਸੀ। ਫਿਰ ਵੀ ਮੋਦੀ ਦੀ ਸ਼ਖਸੀਅਤ ਬਾਰੇ ਅਣਗਿਣਤ ਵਿਵਾਦਾਂ ਦੇ ਬਾਵਜੂਦ ਗੁਜਰਾਤ ਵਿਚ ਉਸ ਦੀ ਚੜ੍ਹਦੀ ਕਲਾ, 2014 ਦੀਆਂ ਲੋਕ ਸਭਾ ਚੋਣਾਂ ਵਿਚ ਸ਼ਕਤੀਸ਼ਾਲੀ ਮੁੱਦਾ ਹੈ।
ਦਰਅਸਲ, ਮੋਦੀ ਦੀ ਕਹਾਣੀ ਲਿਖਣ ਵੇਲੇ ਕਾਲਕ੍ਰਮ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਗੁਜਰਾਤ ਵਿਚ ਮੋਦੀ ਦਾ ਮੁੱਖ ਮੰਤਰੀ ਦੇ ਰੂਪ ਵਿਚ ਕਾਰਜਕਾਲ, ਕਾਂਗਰਸ ਪਾਰਟੀ ਦੇ ਭਾਰਤ ਵਿਚ ਅੱਧੀ ਸਦੀ ਤੱਕ ਦੇ ਸ਼ਾਸਨ ਤੋਂ ਵੱਧ ਗੁਣਵੱਤਾ ਭਰਿਆ ਹੈ। ਸੋ, ਸੰਭਾਵਨਾ ਹੈ ਕਿ ਇਨ੍ਹਾਂ ਦੋਹਾਂ ਸ਼ਾਸਨਾਂ ਦਾ ਅੰਤ ਹੋ ਜਾਵੇਗਾ।
ਮੋਦੀ ਨੂੰ ਅਕਤੂਬਰ 2001 ਵਿਚ ਉਸ ਦੀ ਪਾਰਟੀ ਵਲੋਂ ਗੁਜਰਾਤ ਦਾ ਮੁੱਖ ਮੰਤਰੀ ਬਣਾਇਆ ਗਿਆ। ਇਹ ਉਸ ਦਾ ਪਹਿਲਾ ਸਿਆਸੀ ਕਾਰਜਕਾਲ ਸੀ। ਇਸ ਤੋਂ ਪਹਿਲਾਂ ਉਸ ਨੂੰ ਹਮੇਸ਼ਾ ਪਾਰਟੀ ਦੇ ਪ੍ਰਬੰਧਕੀ ਅਹੁਦਿਆਂ ‘ਤੇ ਹੀ ਰੱਖਿਆ ਜਾਂਦਾ ਰਿਹਾ ਸੀ। ਉਹ ਪਾਰਟੀ ਦੇ ਪਿਛੇ ਰਹਿ ਕੇ ਕੰਮ ਕਰਦਾ ਸੀ ਅਤੇ ਬੀæਜੇæਪੀæ ਲਈ ਨੀਤੀਆਂ ਤਿਆਰ ਕਰਨ ਤੋਂ ਲੈ ਕੇ ਪਾਰਟੀ ਦੇ ਜਨਰਲ ਸਕੱਤਰ ਦੇ ਤੌਰ ‘ਤੇ ਕੰਮ ਕਰਦਾ ਰਿਹਾ, ਪਰ ਉਹ ਕਦੇ ਵੀ ਸਿੱਧੇ ਤੌਰ ‘ਤੇ ਲੋਕਾਂ ਦੇ ਸਾਹਮਣੇ ਨਹੀਂ ਸੀ ਆਇਆ।
ਉਸ ਦਾ ਕਾਰਜਕਾਲ ਸ਼ੁਰੂ ਹੋਣ ਦੇ ਕੁਝ ਹੀ ਮਹੀਨਿਆਂ ਅੰਦਰ ਗੁਜਰਾਤ ਵਿਚ ਖੂਨੀ ਫ਼ਿਰਕੂ ਦੰਗੇ ਸ਼ੁਰੂ ਹੋ ਗਏ। ਫ਼ਰਵਰੀ 2002 ਤੋਂ ਮਾਰਚ 2002 ਤੱਕ ਹਿੰਦੂ-ਮੁਸਲਿਮ ਖੂਨੀ ਸੰਘਰਸ਼ ਚਲਦਾ ਰਿਹਾ। ਉਦੋਂ ਤੋਂ ਮੋਦੀ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ। ਉਸ ਦੇ ਵਿਰੋਧੀ ਦਾਅਵਾ ਕਰਦੇ ਹਨ ਕਿ ਇਨ੍ਹਾਂ ਦੰਗਿਆਂ ਦੀ ਸਾਜ਼ਿਸ਼ ਖੁਦ ਮੋਦੀ ਨੇ ਰਚੀ ਸੀ ਜਿਸ ਦੇ ਨਤੀਜੇ ਵਜੋਂ 790 ਮੁਸਲਮਾਨ ਤੇ 254 ਹਿੰਦੂ ਮਾਰੇ ਗਏ ਅਤੇ 223 ਲੋਕ ਲਾਪਤਾ ਹੋ ਗਏ। ਇਸੇ ਕਾਰਨ ਅਮਰੀਕਾ ਨੇ 2005 ਵਿਚ ਮੋਦੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਭਾਰਤ ਵਿਚ ਇਹ ਕੂਟਨੀਤਿਕ ਮੁੱਦਾ ਹੋਣ ਅਤੇ ਮੋਦੀ ਦੇ ਮੁੱਖ ਮੰਤਰੀ ਦੇ ਅਹੁਦੇ ‘ਤੇ ਕਾਬਜ਼ ਹੋਣ ਦੇ ਬਾਵਜੂਦ ਕਾਂਗਰਸ ਦੀ ਅਗਵਾਈ ਵਾਲੀ ਯੂæਪੀæਏæ ਸਰਕਾਰ ਨੇ ਬਹੁਤ ਹਲਕੇ ਸੁਰ ਵਿਚ ਰਸਮੀ ਜਿਹਾ ਇਤਰਾਜ਼ ਜਤਾਇਆ।
2002 ਦੇ ਗੁਜਰਾਤ ਦੰਗਿਆਂ ਨੇ ਮੋਦੀ ਦੇ ਵੱਕਾਰ ਨੂੰ ਗਹਿਰਾ ਨੁਕਸਾਨ ਪਹੁੰਚਾਇਆ। ਹੁਣ ਤੱਕ ਵੀ ਇਹ ਨਜ਼ਰੀਆ ਬਹੁਤੀ ਹੱਦ ਤੱਕ ਬਦਲ ਨਹੀਂ ਸਕਿਆ ਹੈ। ਇਸ ਦੌਰਾਨ ਮੋਦੀ ਲਗਾਤਾਰ ਤਿੰਨ ਵਾਰ ਗੁਜਰਾਤ ਦਾ ਮੁੱਖ ਮੰਤਰੀ ਚੁਣਿਆ ਜਾ ਚੁੱਕਾ ਹੈ। ਮੰਨਿਆ ਜਾਂਦਾ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਤਿਹਾਈ ਮੁਸਲਮਾਨਾਂ ਨੇ ਉਸ ਨੂੰ ਵੋਟ ਪਾਈ, ਪਰ ਗੁੱਸਾ ਅਜੇ ਵੀ ਬਰਕਰਾਰ ਹੈ।
—
ਜਿਵੇਂ ਹੀ ਸਾਡਾ ਹੈਲੀਕਾਪਟਰ ਜ਼ਮੀਨ ਉਤੇ ਉਤਰਿਆ, ਭੀੜ ਨੇ ਅੱਗੇ ਆਉਣਾ ਸ਼ੁਰੂ ਕਰ ਦਿੱਤਾ ਅਤੇ ਸੁਰੱਖਿਆ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕਣ ਲਈ ਆਪਣਾ ਘੇਰਾ ਫੈਲਾਅ ਦਿੱਤਾ। ਜਦੋਂ ਕੈਬਿਨ ਦਾ ਦਰਵਾਜ਼ਾ ਖੁੱਲ੍ਹਿਆ, ਤਾਂ ਬਾਹਰ ਗਰਮਜੋਸ਼ੀ ਵਾਲਾ ਮਾਹੌਲ ਸੀ। ਪਟਾਕਿਆਂ ਦੀਆਂ ਆਵਾਜ਼ਾਂ ਨੇ ਮੈਨੂੰ ਥੋੜ੍ਹਾ ਹੈਰਾਨ ਕੀਤਾ। ਪੋਟਾਸ਼ ਦੀ ਤੇਜ਼ ਦੁਰਗੰਧ ਨੇ ਮੈਨੂੰ ਹਿੰਦ ਦੇ ਮੱਧ ਵਿਚ ਸਥਿਤ ਉਤਰ ਪ੍ਰਦੇਸ਼ ਅਤੇ ਬਿਹਾਰ ਵਿਚਲੇ ਖਤਰੇ ਦੀ ਯਾਦ ਦਿਵਾ ਦਿੱਤੀ।
ਇਕ ਵਾਰ ਫਿਰ ਫੌਜੀ ਅਤੇ ਕਮਾਂਡੋ ਇਕੱਠੇ ਹੋ ਗਏ। ਇਕ ਟੁਕੜੀ ਸਾਨੂੰ ਲੈਣ ਵਾਸਤੇ ਆ ਗਈ। ਅਸੀਂ ਇਕ ਵਾਰ ਫਿਰ ਕਾਰਾਂ-ਗੱਡੀਆਂ ਦੇ ਕਾਫਲੇ ਵਿਚ ਸ਼ਾਮਲ ਹੋ ਕੇ ਤੁਰ ਪਏ। ਹੁਣ ਅਸੀਂ ਗੁਬਾਰਿਆਂ ਅਤੇ ਲੜੀਆਂ ਨਾਲ ਸਜੀਆਂ ਗਲੀਆਂ ਵਿਚੋਂ ਲੰਘ ਰਹੇ ਸਾਂ ਜੋ ਸ਼ਹਿਰ ਦੀ ਅੱਧੀ ਤੋਂ ਵੱਧ ਵਸੋਂ ਨਾਲ ਭਰੀਆਂ ਹੋਈਆਂ ਸਨ।
ਵੱਡੇ ਇਕੱਠ ਵਾਲੀ ਇਸ ਰੈਲੀ ਵਿਚ ਮੋਦੀ ਬਿਨਾਂ ਕਿਸੇ ਪਰਚੀ ਤੋਂ ਬੋਲ ਰਿਹਾ ਸੀ। ਮੈਂ ਵੇਖ ਰਿਹਾ ਸਾਂ ਕਿ ਇਕ ਵੀ ਸ਼ਬਦ ਛੱਡਿਆ ਜਾਂ ਦੁਹਰਾਇਆ ਨਹੀਂ ਗਿਆ। ਕਿਸ ਤਰ੍ਹਾਂ ਉਹ ਇਕ ਤੋਂ ਬਾਅਦ ਦੂਜੀ ਬਾਂਹ ਉਤਾਂਹ ਚੁੱਕ ਕੇ ਖਾਸ ਮਸਲੇ ‘ਤੇ ਜ਼ੋਰ ਦਿੰਦਾ। ਆਪਣੀ ਹਰ ਰੈਲੀ ਦੌਰਾਨ ਉਹ ਆਪਣੀ ਵਾਕ ਬੋਲਣ ਦੀ ਕਲਾ ਵਿਚ ਆਪਣੇ ਹਾਵ-ਭਾਵਾਂ ਦਾ ਖਾਸਾ ਇਸਤੇਮਾਲ ਕਰਦਾ ਸੀ। ਕਾਂਗਰਸ ਅਤੇ ਹੋਰ ਪਾਰਟੀਆਂ ਦੇ ਪਰਖਚੇ ਉਡਾਉਂਦਾ ਹੋਇਆ ਉਹ ਆਪਣੀ ਆਵਾਜ਼ ਦੇ ਉਤਰਾਅ-ਚੜ੍ਹਾਅ ਦਾ ਬਿਹਤਰੀਨ ਇਸਤੇਮਾਲ ਕਰਦਾ ਸੀ। ਸ਼ਬਦ ਭੰਡਾਰ ਅਤੇ ਲੈਅ ਕਮਾਲ ਦੀ ਹੁੰਦੀ।
—
ਭਾਰਤ ਦੀ ਆਜ਼ਾਦੀ ਦੇ ਪਹਿਲੇ ਚਾਰ ਦਹਾਕਿਆਂ ਵਿਚ ਦੇਸ਼ ਨੂੰ ਆਰਥਿਕ ਅਸੰਤੁਲਨ ਜਿਹੜਾ ਅਮਰੀਕਾ ਤੇ ਹਾਂਗਕਾਂਗ ਤੋਂ ਇਲਾਵਾ ਹਰ ਜਗ੍ਹਾ ਪਸਰਿਆ ਸੀ, ਥੋੜ੍ਹਾ ਬਹੁਤ ਸਮਾਜਵਾਦ, ਰਾਸ਼ਟਰੀ ਪੱਧਰ ‘ਤੇ ਬਣੀਆਂ ਆਰਥਿਕ ਨੀਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਭਾਰਤ ਦੇ ਪ੍ਰਸੰਗ ਵਿਚ ਇਨ੍ਹਾਂ ਨੀਤੀਆਂ ਨੂੰ ਦੇਸ਼ ਦਾ ਉਚ ਤੇ ਕੁਲੀਨ ਵਰਗ ਪ੍ਰਭਾਵਿਤ ਕਰ ਰਿਹਾ ਸੀ। ਨਹਿਰੂ-ਗਾਂਧੀ ਪਰਿਵਾਰ ਨੇ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਮਜ਼ਬੂਤੀ ਸਦਕਾ ਆਪਣੇ ਆਪ ਨੂੰ ਰਾਜਸੀ ਵੰਸ਼ ਦੇ ਰੂਪ ਵਿਚ ਸਥਾਪਤ ਕਰ ਲਿਆ ਸੀ।
ਇੰਦਰਾ ਗਾਂਧੀ ਦੇ ਤਾਨਾਸ਼ਾਹ ਸ਼ਾਸਨ ਤੋਂ ਬਾਅਦ ਭਾਰਤੀ ਸੱਤਾ ਉਤੇ ਕਾਂਗਰਸ ਦੇ ਕਬਜ਼ੇ ਨੂੰ 1977 ਵਿਚ ਜਨਤਾ ਪਾਰਟੀ (ਜੋ ਬਾਅਦ ਵਿਚ ਜਨਤਾ ਦਲ ਬਣ ਗਈ) ਨੇ ਲਲਕਾਰਨਾ ਸ਼ੁਰੂ ਕਰ ਦਿੱਤਾ। ਇਸ ਖੱਬੇ ਪੱਖੀ ਵਿਚਾਰਧਾਰਾ ਨੇ ਭਾਰਤ ਦੀ ਵਿਕਾਸ ਦਰ ਨੂੰ ਤੇਜ਼ ਨਾ ਹੋਣ ਦਿੱਤਾ। ਗਰੀਬ ਲੋਕਾਂ ਨੂੰ ਹਮੇਸ਼ਾ ਹੀ ਪਹਿਲ ਦਿੱਤੀ ਜਾਂਦੀ, ਇਸ ਤਰ੍ਹਾਂ ਲਗਦਾ ਕਿ ਸਰਕਾਰੀ ਨੀਤੀਆਂ ਸਿਰਫ ਗਰੀਬਾਂ ਦਾ ਧਿਆਨ ਰੱਖ ਕੇ ਬਣਾਈਆਂ ਜਾਂਦੀਆਂ ਹਨ ਅਤੇ ਚੋਣਾਂ ਸਮੇਂ ਗਰੀਬਾਂ ਨੂੰ ਕਣਕ ਤੇ ਚੌਲਾਂ ਦੀਆਂ ਬੋਰੀਆਂ ਵੰਡੀਆਂ ਜਾਂਦੀਆਂ।
ਮੋਦੀ ਇਸ ਸਿਲਸਿਲੇ ਦੇ ਵਿਰੋਧ ਵਿਚ ਖੜ੍ਹਾ ਨਜ਼ਰ ਆਉਂਦਾ ਹੈ। ਕੀ ਦੇਸ਼ ਉਸ ਨੂੰ ਸਵੀਕਾਰ ਕਰੇਗਾ?
—
ਸਟੇਜ ਉਤੇ ਇਕ ਸ਼ੁਭ-ਚਿੰਤਕ ਨੇ ਮੋਦੀ ਦੇ ਸਿਰ ਉਤੇ ਲਾਲ ਰੰਗ ਦੀ ਪਗੜੀ ਰੱਖ ਦਿੱਤੀ। ਇਸ ਛੋਟੀ ਜਿਹੀ ਪਗੜੀ ਨੂੰ ਸਿਰ ਉਤੇ ਟਿਕਾ ਕੇ ਮੋਦੀ ਨੇ ਬੋਲਣਾ ਸ਼ੁਰੂ ਕੀਤਾ। ਇੱਥੇ ਇਕੱਠ ਪਿਛਲੇ ਦਿਨ ਨਾਲੋਂ ਵੱਧ ਅਤੇ ਜੋਸ਼ੀਲਾ ਸੀ। ਉਨ੍ਹਾਂ ਦੀਆਂ ਤਾੜੀਆਂ ਅਤੇ ਹੁੰਗਾਰੇ ਬਹੁਤ ਉਚੇ, ਲਗਭਗ ਕੰਨ-ਪਾੜਵੀਂ ਆਵਾਜ਼ ਵਾਲੇ ਸਨ। ਮੋਦੀ ਲੜਾਕੂ ਅੰਦਾਜ਼ ਵਿਚ ਯੂæਪੀæਏæ-2 ਉਤੇ ਵਾਰ ਕਰ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਚੁੱਪ ਨੂੰ ਸਰਕਾਰ ਦੀਆਂ ਅਸਫਲਤਾਵਾਂ ਜਿਵੇਂ ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਸੁਰੱਖਿਆ ਨਾਲ ਜੋੜ ਰਿਹਾ ਸੀ। ਉਹ ਕਾਂਗਰਸ ਦੇ ਮੋਢੀਆਂ ਉਤੇ ਗੁੰਗੇ ਹੋਣ ਅਤੇ ਦੇਸ਼ ਦੇ ਹੱਕ ਵਿਚ ਨਾ ਬੋਲਣ ਦਾ ਇਲਜ਼ਾਮ ਲਾ ਰਿਹਾ ਸੀ।
ਇਹ ਇਕ ਖਾਸ ਕਿਸਮ ਦਾ ਭਾਸ਼ਣ ਸੀ ਜਿਸ ਵਿਚ ਮੋਦੀ ਨੇ ਸ਼ਬਦ ਭੰਡਾਰ ਦਾ ਖਾਸਾ ਇਸਤੇਮਾਲ ਕੀਤਾ, ਇਹ ਮੁੱਦੇ ਉਤੇ ਕੇਂਦਰਿਤ ਸੀ ਪਰ ਬੌਧਿਕ ਨਹੀਂ ਸੀ ਅਤੇ ਸਰੋਤਿਆਂ ਦੁਆਰਾ ਆਰਾਮ ਨਾਲ ਸਮਝਿਆ ਜਾ ਸਕਣ ਵਾਲਾ ਸੀ। ਇਹ ਉਸ ਦੀ ਲੋਕਪ੍ਰਿਆ ਸ਼ੈਲੀ ਦਾ ਇਕ ਹੋਰ ਪਹਿਲੂ ਹੈ ਕਿ ਉਸ ਦੇ ਲਫਜ਼ਾਂ ਵਿਚ ਸਾਧਾਰਨਤਾ ਦੀ ਛੋਹ ਉਤੇ ਬੜੀ ਸੂਖਮਤਾ ਨਾਲ ਜ਼ਰੂਰੀ ਮਸਲਿਆਂ ਅਤੇ ਉਨ੍ਹਾਂ ਦੇ ਪਿਛੋਕੜ ਦੀ ਗੱਲ ਕਰਨਾ ਸ਼ਾਮਲ ਹੈ। ਮੋਦੀ ਆਮ ਲੋਕਾਂ ਵਿਚੋਂ ਇਕ ਹੈ, ਉਹ ਕੰਮ-ਕਾਜੀ ਤਬਕੇ ਨਾਲ ਸਬੰਧਤ ਹੈ, ਜਿਨ੍ਹਾਂ ਨਾਲ ਉਹ ਇਕ-ਮਿਕ ਮਹਿਸੂਸ ਕਰਦਾ ਹੈ, ਉਹ ਸਿਆਸੀ ਵਰਗਾਂ ਤੇ ਦਿੱਲੀ ਦੇ ਕੁਲੀਨ ਸਮਾਨ ਨਾਲ ਸਬੰਧਿਤ ਨਹੀਂ। ਉਹ ਤਬਦੀਲੀ ਚਾਹੁੰਦਾ ਹੈ।
ਜਿਵੇਂ ਹੀ ਭੀੜ ਉਸ ਦਾ ਨਾਂ ਪੁਕਾਰਦੀ ਹੈ, ਉਸ ਦੀ ਆਵਾਜ਼ ਉਚੀ ਹੋ ਜਾਂਦੀ ਹੈ: “ਅਜ਼ਾਦੀ ਦੇ ਸਮੇਂ ਲੋਕ ਸਵਰਾਜ ਅਤੇ ਚੰਗਾ ਪ੍ਰਸ਼ਾਸਨ ਚਾਹੁੰਦੇ ਸਨ। ਲਗਭਗ ਸੱਠ ਸਾਲ ਬੀਤੇ ਗਏ ਹਨ, ਪਰ ਅਜੇ ਵੀ ਲੋਕ ਪੁੱਛ ਰਹੇ ਹਨ- ਸਾਡੇ ਦੇਸ਼ ਵਿਚ ਚੰਗੀ ਸਰਕਾਰ ਕਿਉਂ ਨਹੀਂ ਹੈ।”
ਆਪਣੇ ਭਾਸ਼ਣਾਂ ਵਿਚ ਮੋਦੀ ਅਕਸਰ ਸਾਅਸੀ ਢਾਂਚੇ ਦੀ ਮਜ਼ਬੂਤੀ ਅਤੇ ਲੋਕਾਂ ਦੇ ਰਾਜ ਵਿਚਕਾਰ ਚੰਗੇ ਸਬੰਧਾਂ ਵਰਗੇ ਜ਼ਰੂਰੀ ਵਿਸ਼ਿਆਂ ਉਤੇ ਧਿਆਨ ਕੇਂਦਰਿਤ ਕਰਦਾ ਹੈ। ਸੋਲਵੀਆਂ ਲੋਕ ਸਭਾ ਚੋਣਾਂ ਵਿਚ ਜੋ ਚੀਜ਼ਾਂ ਦਾਅ ਉਤੇ ਹਨ, ਉਹ ਨੇ: ਸੁਧਾਰ ਤੇ ਸ਼ਕਤੀਕਰਨ ਵਿਚੋਂ ਕਿਸੇ ਇਕ ਦੀ ਚੋਣ, ਅਤੇ ਛਾਂਟੀ ਅਤੇ ਹੱਕ ਜਮਾਉਣ ਵਿਚ ਕਿਸੇ ਇਕ ਦੀ ਚੋਣ। ਕੀ ਤੁਹਾਨੂੰ ਇਹੋ ਸਰਕਾਰ ਚਾਹੀਦੀ ਹੈ ਜੋ ਆਪ-ਹੁਦਰੀ ਹੋ ਕੇ ਕੰਮ ਕਰੇ ਜਾਂ ਇਹੋ ਜਿਹੀ ਜਿਹੜੀ ਤੁਹਾਡੇ ਕੰਮਾਂ ਵਿਚ ਮਦਦਗਾਰ ਹੋਵੇ।
ਹੋਰ ਤਿੱਖੇ ਸੁਰ ਵਿਚ ਉਸ ਦਾ ਸਵਾਲ ਸਿੱਧਾ ਕਾਂਗਰਸ ‘ਤੇ ਵਾਰ ਕਰਨ ਲਈ ਸੀ। ਉਸ ਦੀ ਅਸਲ ਚੁਣੌਤੀ ਸੀ: ਵੰਸ਼ ਜਾਂ ਤਰੱਕੀ?
—
ਰੈਲੀ ਦੇ ਖਤਮ ਹੋਣ ‘ਤੇ, ਹੈਲੀਕਾਪਟਰ ਵਿਚ ਵਾਪਸ ਆ ਕੇ, ਮੋਦੀ ਫਿਰ ਤੋਂ ਕੁਝ ਕਾਗਜ਼ ਫਰੋਲਣ ਲੱਗ ਪਿਆ। ਇਸ ਵਾਰ ਉਸ ਕੋਲ ਪ੍ਰਿੰਟ ਕੀਤੀਆਂ ਹੋਈਆਂ ਈ-ਮੇਲਾਂ ਸਨ ਜੋ ਉਸ ਲਈ ਭੇਜੀਆਂ ਗਈਆਂ ਸਨ। ਉਹ ਭਾਵੇਂ ਨਿੱਜੀ ਤੌਰ ‘ਤੇ ਸ਼ਾਂਤ ਅਤੇ ਆਪਣੇ ਆਪ ਵਿਚ ਰਹਿਣ ਵਾਲਾ ਬੰਦਾ ਸੀ, ਪਰ ਕਦੇ-ਕਦੇ ਉਸ ਨੂੰ ਖੁਸ਼-ਨੁਮਾ ਸੰਦੇਸ਼ ਪਸੰਦ ਸਨ, ਜਾਂ ਫਿਰ ਕਹਿ ਲਈਏ ਕਿ ਉਸ ਨੂੰ ਇਹੋ ਜਿਹੇ ਸੰਦੇਸ਼ਾਂ ਦੀ ਉਡੀਕ ਰਹਿੰਦੀ ਸੀ ਜਿਨ੍ਹਾਂ ਨੂੰ ਉਸ ਦਾ ਸਟਾਫ ਫਿਰ ਸਾਰੇ ਸੰਦੇਸ਼ਾਂ ਅਤੇ ਚਿੱਠੀਆਂ ਵਿਚੋਂ ਚੁਣ ਕੇ ਉਸ ਕੋਲ ਭੇਜਦਾ ਸੀ। ਉਸ ਨੇ ਮੈਨੂੰ ਦੱਸਿਆ ਕਿ ਦੰਗਿਆਂ ਤੋਂ ਬਾਅਦ ਲਗਭਗ ਬਾਰ੍ਹਾਂ ਸਾਲ ਤੱਕ ਉਹ ਆਪਣੀ ਖਿਲਾਫਤ ਤੋਂ ਪ੍ਰੇਸ਼ਾਨ ਰਿਹਾ ਸੀ, ਪਰ ਉਸ ਦਾ ਫੈਸਲਾ ਸੀ ਕਿ ਉਹ ਮੀਡੀਆ ਨੂੰ ਉਸ ਦਾ ਕੰਮ ਕਰਨ ਦਏਗਾ ਤੇ ਖੁਦ ਕੋਈ ਸਫਾਈ ਨਹੀਂ ਦਏਗਾ- “ਮੈਂ ਆਪਣਾ ਸਮਾਂ ਸਫ਼ਾਈ ਦੇਣ ਵਿਚ ਫਜ਼ੂਲ ਨਹੀਂ ਗੁਆਉਂਦਾ।” ਮੋਦੀ ਆਪਣੇ ਵਿਰੋਧੀਆਂ ਨੂੰ ਬਹੁਤ ਘੱਟ ਹੀ ਜਵਾਬ ਦਿੰਦਾ ਹੈ।
ਗੁਜਰਾਤ ਦਾ ਊਰਜਾ ਤੇ ਰੁਜ਼ਗਾਰ ਮੰਤਰੀ ਸੌਰਭ ਪਟੇਲ ਜੋ ਸਿਆਸਤ ਵਿਚ ਆਉਣ ਤੋਂ ਪਹਿਲਾਂ ਸਫਲ ਉਦਯੋਗਪਤੀ ਸੀ, ਸਾਡੇ ਨਾਲ ਹੈਲੀਕਾਪਟਰ ਵਿਚ ਵਾਪਸ ਆਇਆ ਅਤੇ ਮੋਦੀ ਨੇ ਪ੍ਰਿੰਟ ਕੀਤੀਆਂ ਹੋਈਆਂ ਈ-ਮੇਲਾਂ ਉਸ ਨੂੰ ਦੇ ਦਿੱਤੀਆਂ। ਉਸ ਨੇ ਈ-ਮੇਲਾਂ ਪੜ੍ਹ ਕੇ ਵਾਪਸ ਕਰਦਿਆਂ ਹੱਥਾਂ ਦੇ ਇਸ਼ਾਰਿਆਂ ਨਾਲ ਸਮਝਾਇਆ- ਦੇਖਿਆ ਤੁਸੀਂæææ?
ਮੋਦੀ ਨੇ ਉਹ ਪਰਚਾ ਮੈਨੂੰ ਫੜਾ ਦਿੱਤਾ। ਯੂਕਰੇਨ ਦੀ ਰਹਿਣ ਵਾਲੀ ਇਕ ਮਹਿਲਾ ਨੇ ਉਸ ਨੂੰ ਲਿਖਿਆ ਸੀ- ਉਸ ਦਾ ਹਾਲ ਵਿਚ ਹੀ ਇਕ ਭਾਰਤੀ ਨਾਲ ਵਿਆਹ ਹੋਇਆ ਸੀ ਤੇ ਜਿਵੇਂ-ਜਿਵੇਂ ਉਸ ਨੇ ਭਾਰਤ ਨੂੰ ਸਮਝਿਆ, ਉਸ ਨੇ ਮੋਦੀ ਨੂੰ ਗੁਜਰਾਤ ਦੀ ਤਰੱਕੀ ਵਾਸਤੇ ਵਧਾਈ ਭੇਜੀ। ਉਸ ਨੇ ਲਿਖਿਆ ਕਿ 2005 ਵਿਚ ਯੂਕਰੇਨ ਵਾਲਿਆਂ ਕੋਲ ਤਬਦੀਲੀ ਦਾ ਮੌਕਾ ਸੀ। ਇਹ ‘ਸੰਤਰੀ ਕ੍ਰਾਂਤੀ’ ਦਾ ਸਮਾਂ ਸੀ, ਪਰ ਯੂਕਰੇਨ ਨੇ ਇਸ ਨੂੰ ਗੁਆ ਦਿੱਤਾ। ਜੇ ਤੁਹਾਡੇ ਕੋਲ ਭਾਰਤ ਨੂੰ ਬਦਲਣ ਦਾ ਮੌਕਾ ਹੈ ਤਾਂ ਇਸ ਲਈ ਪੂਰੀ ਵਾਹ ਲਾ ਦਿਓ, ਕਿਉਂਕਿ ਸਿਰਫ ਤੁਸੀਂ ਹੀ ਇਹ ਕਰ ਸਕਦੇ ਹੋ।
ਮੋਦੀ ਨੂੰ ਅਕਸਰ ਫੁੱਟ ਪਾਉਣ ਵਾਲਾ ਮੰਨਿਆ ਜਾਂਦਾ ਰਿਹਾ ਹੈ। ਕਈ ਲੋਕ ਉਸ ਦੀ ਤੁਲਨਾ ਮਾਰਗਰੇਟ ਥੈਚਰ ਨਾਲ ਕਰਦੇ ਹਨ ਜਿਸ ਨੂੰ ਬ੍ਰਿਟਿਸ਼ ਖੱਬੇ ਪੱਖੀ ਫਾਸ਼ੀਵਾਦੀ ਆਖਦੇ ਸਨ। ਇਹ ਵੈਰ ਭਾਵ ਸਮਾਜਕ ਤੱਤਾਂ ਦੀ ਉਪਜ ਹੈ। ਮੋਦੀ ਓਪਰਾ ਬੰਦਾ ਹੈ, ਪਿਛੜੀ ਜਾਤੀ ਦਾ ਬੰਦਾ ਜਿਸ ਨੇ ਸਿਆਸਤ ਤੋਂ ਦੂਰ ਰਹਿ ਕੇ ਵੀ ਆਪਣੀ ਜ਼ਿੰਦਗੀ ਇਹ ਚੀਜ਼ ਸਿੱਖਦਿਆਂ ਬਿਤਾਈ ਕਿ ਤੰਤਰ ਕਿਵੇਂ ਕੰਮ ਕਰਦਾ ਹੈ। ਮੋਦੀ ਦੂਜੇ ਨੇਤਾਵਾਂ ਤੋਂ ਦੋ ਕਦਮ ਅੱਗੇ ਜਾ ਕੇ ਕੁਸ਼ਲਤਾ ਨਾਲ ਸਿੱਧਾ ਲੋਕਾਂ ਤੱਕ ਪਹੁੰਚ ਕਰਦਾ ਹੈ।
ਜੇ 2014 ਵਿਚ ਨਰੇਂਦਰ ਮੋਦੀ 7 ਰੇਸ ਕੋਰਸ ਸਥਿਤ ਪ੍ਰਧਾਨ ਮੰਤਰੀ ਨਿਵਾਸ ‘ਤੇ ਕਾਬਜ਼ ਹੋਣ ਵਿਚ ਸਫ਼ਲ ਹੋ ਜਾਂਦਾ ਹੈ ਤਾਂ ਇਹ ਗੁਜਰਾਤ ਦੇ ਵਡਨਗਰ ਕਸਬੇ ਦੇ ਪਿਛੜੀ ਜਾਤ ਦੇ ਮੁੰਡੇ ਦੇ ਲੰਮੇ ਅਤੇ ਅਦਭੁੱਤ ਸਫਰ ਦੇ ਇਕ ਪੱਖ ਦਾ ਸੁਖਦ ਅੰਤ ਹੋਵੇਗਾ।