ਗੁਲਜ਼ਾਰ ਸਿੰਘ ਸੰਧੂ
ਜੇ ਇਤਿਹਾਸ ਮਿਹਰਬਾਨ ਹੈ ਤਾਂ ਇਸ ਦੀਆਂ ਬੇਮਿਹਰਬਾਨੀਆਂ ਦਾ ਵੀ ਕੋਈ ਅੰਤ ਨਹੀਂ। ਇਸ ਦਾ ਸਭ ਤੋਂ ਵੱਡਾ ਸ਼ਿਕਾਰ ਮਹਾਰਾਜਾ ਦਲੀਪ ਸਿੰਘ ਤੇ ਉਸ ਦੇ ਚਾਹੁਣ ਵਾਲੇ ਹੋਏ ਹਨ। ਹੁਣ ਜਦੋਂ ਪੰਜਾਬ ਸਰਕਾਰ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਦੀ ਯਾਦਗਾਰ ਉਸਾਰਨ ਜਾ ਰਹੀ ਹੈ ਤਾਂ ਮੇਰੇ ਨੋਟਿਸ ਵਿਚ ਦਲੀਪ ਸਿੰਘ ਤੇ ਠਾਕੁਰ ਸਿੰਘ ਸੰਧਾਵਾਲੀਆ ਦੇ ਅਣਗੌਲੇ ਪੱਤਰੇ ਆਏ ਹਨ। ਅੰਗਰੇਜ਼ਾਂ ਦੇ ਰਾਜ ਵਿਚ ਦਲੀਪ ਸਿੰਘ ਨਾਲ ਕੀ ਬੀਤੀ ਉਹ ਤਾਂ ਸਾਰੇ ਹੀ ਜਾਣਦੇ ਹਨ ਪਰ ਉਸ ਦੇ ਮੱਦਾਹਾਂ ਤੇ ਚਾਹੁਣ ਵਾਲਿਆਂ ਦਾ ਰੋਲ ਠੀਕ ਤਰ੍ਹਾਂ ਨਹੀਂ ਗੌਲਿਆ ਗਿਆ।
ਠਾਕੁਰ ਸਿੰਘ ਰਾਜਾਸਾਂਸੀ ਵਾਲੇ ਸੁਪ੍ਰਸਿੱਧ ਸਰਦਾਰ ਲਹਿਣਾ ਸਿੰਘ ਦਾ ਇੱਕੋ ਇੱਕ ਬੇਟਾ ਸੀ। 1873 ਵਿਚ ਮਿਸ਼ਨ ਹਾਈ ਸਕੂਲ ਅੰਮ੍ਰਿਤਸਰ ਦੇ ਚਾਰ ਸਿੱਖ ਵਿਦਿਆਰਥੀਆਂ ਨੇ ਈਸਾਈ ਧਰਮ ਕਬੂਲ ਕਰ ਲਿਆ ਤਾਂ ਠਾਕੁਰ ਸਿੰਘ ਨੇ ਸਰ ਖੇਮ ਸਿੰਘ ਬੇਦੀ, ਕੰਵਰ ਬਿਕਰਮ ਸਿੰਘ ਕਪੂਰਥਲਾ ਅਤੇ ਗਿਆਨੀ ਗਿਆਨ ਸਿੰਘ ਨਾਲ ਰਲ ਕੇ ਪਹਿਲੀ ਅਕਤੂਬਰ 1873 ਨੂੰ ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਕੀਤੀ ਜਿਸ ਦਾ ਸਿੱਖ ਪੰਥ ਦੀ ਸੁਰਜੀਤੀ ਵਿਚ ਯੋਗਦਾਨ ਵਿਸਾਰਨ ਵਾਲਾ ਨਹੀਂ। ਇਨ੍ਹਾਂ ਗਤੀਵਿਧੀਆਂ ਕਾਰਨ ਸੰਧਾਵਾਲੀਆ ਨੂੰ ਗੋਰੀ ਸਰਕਾਰ ਵਲੋਂ ਮਿਲੀ ਮਜਿਸਟ੍ਰੇਟੀ ਤੋਂ ਵੀ ਹੱਥ ਧੋਣਾ ਪਿਆ। ਫੇਰ ਵੀ ਉਸ ਨੇ ਕਿਸੇ ਨਾ ਕਿਸੇ ਹੀਲੇ ਮਹਾਰਾਜਾ ਦਲੀਪ ਸਿੰਘ ਨਾਲ ਰਾਬਤਾ ਬਣਾਈ ਰਖਿਆ। ਇਥੋਂ ਤੱਕ ਕਿ ਜਦੋਂ ਉਸ ਨੂੰ ਨਵੰਬਰ 1883 ਵਿਚ ਮਹਾਰਾਜਾ ਦਾ ਸੱਦਾ ਆਇਆ ਤਾਂ ਖਾਲਸਾ ਪੰਥ ਦੇ ਅੰਮ੍ਰਿਤਸਰ, ਆਨੰਦਪੁਰ, ਪਟਨਾ ਤੇ ਨੰਦੇੜ ਦੇ ਚਾਰੇ ਤਖਤਾਂ ਤੋਂ ਥਾਪੜਾ ਲੈ ਕੇ ਆਪਣੇ ਦੋ ਬੇਟਿਆਂ, ਇੱਕ ਗ੍ਰੰਥੀ ਤੇ ਤਿੰਨ ਸੇਵਾਦਾਰਾਂ ਨਾਲ 1884 ਵਿਚ ਲੰਡਨ ਜਾ ਪਹੁੰਚਿਆ। ਉਹ ਆਪਣੇ ਨਾਲ ਮਹਾਰਾਜਾ ਨੂੰ ਵਿਰਸੇ ਵਿਚ ਬਣਦੀ ਜਾਇਦਾਦ ਦੇ ਅੰਕੜਿਆਂ ਦੇ ਨਾਲ ਇਕ ਗੁਰੂ ਸਾਹਿਬਾਨ ਵਲੋਂ ਕੀਤੀ ਪੇਸ਼ੀਨਗੋਈ ਵੀ ਨਾਲ ਲੈ ਗਿਆ। ਪੇਸ਼ੀਨਗੋਈ ਅਨੁਸਾਰ ਦਲੀਪ ਸਿੰਘ ਨੂੰ ਉਸ ਦਾ ਖੁੱਸਿਆ ਹੋਇਆ ਰਾਜ ਹਰ ਹਾਲਤ ਮਿਲਣਾ ਸੀ।
ਠਾਕੁਰ ਸਿੰਘ ਦੀ ਪ੍ਰੇਰਨਾ ਨਾਲ ਮਹਾਰਾਜਾ ਅੰਮ੍ਰਿਤ ਛਕ ਕੇ ਸਿੰਘ ਸੱਜਣ ਲਈ ਤਿਆਰ ਹੋ ਗਿਆ ਤੇ ਅਗਸਤ 1885 ਵਿਚ ਭਾਰਤ ਪਰਤ ਕੇ ਮਹਾਰਾਜਾ ਨੂੰ ਮੁੰਬਈ ਵਿਖੇ ਜੀ ਆਇਆਂ ਕਹਿ ਕੇ ਉਥੇ ਹੀ ਅੰਮ੍ਰਿਤ ਛਕਾਉਣ ਦਾ ਪੂਰਾ ਪ੍ਰਬੰਧ ਕਰ ਲਿਆ। ਖੁਫੀਆ ਰਿਪੋਰਟਾਂ ਤੋਂ ਚੇਤਨ ਹੋ ਕੇ ਗੋਰੀ ਸਰਕਾਰ ਨੇ ਮਹਾਰਾਜਾ ਨੂੰ 25 ਮਈ 1886 ਵਾਲੇ ਦਿਨ ਐਡਿਨ ਰੋਕ ਕੇ ਉਥੇ ਹੀ ਅੰਮ੍ਰਿਤ ਛਕਾ ਦਿੱਤਾ। ਭਾਵੇਂ ਜਾਸੂਸਾਂ ਨੇ ਸੰਧਾਵਾਲੀਆ ਨੂੰ ਬੜਾ ਖਤਰਨਾਕ ਵਿਅਕਤੀ ਚਿਤਰਿਆ, ਫੇਰ ਵੀ ਉਸ ਮਾਈ ਦੇ ਲਾਲ ਨੇ ਹੌਸਲਾ ਨਹੀਂ ਹਾਰਿਆ। ਉਸ ਨੇ ਨਵੰਬਰ 1886 ਵਿਚ ਪਾਂਡੀਚੇਰੀ (ਹੁਣ ਪੁੱਡੂਚੇਰੀ) ਜਾ ਕੇ ਫਰਾਂਸ ਦੀ ਸਹਿਮਤੀ ਨਾਲ ਮਹਾਰਾਜਾ ਦਲੀਪ ਸਿੰਘ ਵਲੋਂ ਉਥੇ ਜਲਾਵਤਨ ਸਰਕਾਰ ਸਥਾਪਤ ਕਰ ਕੇ ਇਸ ਦਾ ਪ੍ਰਧਾਨ ਮੰਤਰੀ ਬਣਨ ਦੀ ਜ਼ਿੰਮੇਵਾਰੀ ਕਬੂਲ ਕਰ ਲਈ। ਇਸ ਸਰਕਾਰ ਦੀਆਂ ਅਣਥਕ ਗਤੀਵਿਧੀਆਂ ਸਦਕਾ 40,000 ਸਿੱਖ ਤੇ ਰਾਜਪੂਤ ਸੈਨਿਕ ਅਤੇ 1,20,000 ਕੂਕਿਆਂ ਨੇ ਮਿਲ ਕੇ ਰੂਸ ਦੀ ਮਦਦ ਲੈਣ ਦਾ ਅਜਿਹਾ ਜੁਗਾੜ ਬਣਾਇਆ ਕਿ ਗੋਰੀ ਸਰਕਾਰ ਦਾ ਤਖਤਾ ਪਲਟਣਾ ਉਕਾ ਹੀ ਅਸੰਭਵ ਨਹੀਂ ਸੀ। ਜੇ ਦੇਰੀ ਸੀ ਤਾਂ ਕੇਂਦਰੀ ਏਸ਼ੀਆ ਰਾਹੀਂ ਰੂਸ ਵਲੋਂ ਬਣਾਈ ਜਾ ਰਹੀ ਰੇਲਵੇ ਲਾਈਨ ਦੀ। ਇਸ ਦੇ ਨੇਪਰੇ ਚੜ੍ਹਨ ਸਾਰ ਰੂਸ ਨੇ ਭਾਰਤ ਉਤੇ ਧਾਵਾ ਬੋਲ ਕੇ ਪੰਜਾਬ ਦੇ ਉਪਰੋਕਤ ਕਾਰਕੁਨਾਂ ਦੀ ਸਹਾਇਤਾ ਨਾਲ ਗੋਰੀ ਸਰਕਾਰ ਨੂੰ ਸਮੁੱਚੇ ਭਾਰਤ ਵਿਚੋਂ ਕਢ ਮਾਰਨਾ ਸੀ। ਮਾੜੀ ਗੱਲ ਇਹ ਹੋਈ ਕਿ ਇਸ ਸਮੇਂ ਬਰਤਾਨੀਆ ਨੇ ਆਪਣੇ ਜਾਸੂਸ ਪਾਂਡੀਚੇਰੀ ਵਾੜ ਕੇ ਠਾਕੁਰ ਸਿੰਘ ਸੰਧਾਵਾਲੀਆ ਨੂੰ ਜ਼ਹਿਰ ਦਿਲਵਾ ਕੇ ਖਤਮ ਕਰ ਦਿੱਤਾ। ਮਹਾਰਾਜਾ ਦਲੀਪ ਸਿੰਘ ਦਾ ਦਿਲ ਟੁਟ ਗਿਆ ਤੇ ਸੰਧਾਵਾਲੀਆ ਦੀ ਮੌਤ ਨੂੰ ਉਸ ਨੇ ਆਪਣੀ ਸੱਜੀ ਬਾਂਹ ਟੁੱਟਣਾ ਕਿਹਾ ਪਰ ਫੇਰ ਵੀ ਢੇਰੀ ਨਹੀਂ ਢਾਹੀ। ਉਸ ਨੇ ਠਾਕੁਰ ਸਿੰਘ ਦੇ ਤਿੰਨਾਂ ਪੁੱਤਰਾਂ ਨੂੰ ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਦੀ ਸਾਰੀ ਜ਼ਿੰਮੇਵਾਰੀ ਦੇ ਕੇ ਬਰਮਾ ਦੇ ਜਲਾਵਤਨ ਮਹਾਰਾਜਾ ਮਿਨ ਗੂਨ ਨਾਲ ਮਿਲ ਕੇ ਭਾਰਤ ਦੇ ਦੂਜੇ ਰਾਜਿਆਂ ਨਾਲ ਤਕੜਾ ਮੇਲ-ਜੋਲ ਸਥਾਪਤ ਕਰ ਲਿਆ। ਇਥੋਂ ਤੱਕ ਕਿ 1890 ਵਿਚ ਮਹਾਰਾਜਾ ਦੇ ਅਧਰੰਗ ਦਾ ਸ਼ਿਕਾਰ ਹੋਣ ਤੱਕ ਸੰਧਾਵਾਲੀਆ ਦੀ ਮਿਸ਼ਾਲ ਨੂੰ ਬੁਝਣ ਨਹੀਂ ਦਿੱਤਾ।
ਮੈਂ ਸੰਧਾਵਾਲੀਆ ਪਰਿਵਾਰ ਦੇ ਦਮਨਦੀਪ ਸਿੰਘ ਦਾ ਧੰਨਵਾਦੀ ਹਾਂ ਕਿ ਉਸ ਨੇ ਇਹ ਸਾਰੀ ਜਾਣਕਾਰੀ ਮੈਨੂੰ ਦਿੱਤੀ ਜਿਹੜੀ ਹੋਰ ਕਿਧਰੇ ਸੌਖੀ ਨਹੀਂ ਸੀ ਮਿਲਣੀ ਸਿਵਾਏ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਦੇ। ਮਹਾਨ ਕੋਸ਼ ਇਸ ਤੱਥ ਉਤੇ ਮੁਹਰ ਲਾਉਂਦਾ ਹੈ ਕਿ ਠਾਕੁਰ ਸਿੰਘ ਸੰਧਾਵਾਲੀਆ ਸਿੰਘ ਸਭਾ ਲਹਿਰ ਦਾ ਪ੍ਰਥਮ ਪ੍ਰਧਾਨ ਸੀ। ਦਮਨਦੀਪ ਸਿੰਘ (91-95920-95864) ਕੋਲ ਹੋਰ ਵੀ ਦਸਤਾਵੇਜ਼ ਹਨ ਜਿਨ੍ਹਾਂ ਦਾ ਇਤਿਹਾਸ ਦੇ ਖੋਜਾਰਥੀ ਲਾਭ ਲੈ ਸਕਦੇ ਹਨ।
ਪ੍ਰਦੇਸ ਗਮਨ ਦੇ ਪ੍ਰੇਮੀਓ ਸੁਣ ਲਓ: ਜੇ ਤੁਸੀਂ ਦੂਜੇ ਦੇਸ਼ਾਂ ਦੀ ਸੈਰ ਦੇ ਚਾਹਵਾਨ ਹੋ ਤਾਂ ਇਹ ਨੋਟ ਕਰਨਾ ਜ਼ਰੂਰੀ ਹੈ ਕਿ ਸਪੇਨ ਵਾਲੇ ਖਾਂਦੇ ਸਮੇਂ ਪਲੇਟ ਵਿਚ ਜੂਠ ਛਡਣ ਨੂੰ ਮੇਜ਼ਬਾਨ ਦਾ ਨਿਰਾਦਰ ਮੰਨਦੇ ਹਨ, ਚੀਨ ਵਾਲੇ ਕਟੋਰੀ ਵਿਚ ਚਾਪ ਸਟਿੱਕ ਨਹੀਂ ਛਡਦੇ ਕਿਉਂਕਿ ਅਜਿਹਾ ਕੇਵਲ ਮਰਗ ਸਮੇਂ ਵਰਤਾਏ ਭੋਜਨ ਸਮੇਂ ਹੀ ਕੀਤਾ ਜਾਂਦਾ ਹੈ; ਅਤੇ ਫਰਾਂਸ ਵਿਚ ਰਸੋਈਏ ਵਲੋਂ ਕੱਟੇ ਸਲਾਦ ਨੂੰ ਜੇ ਹੋਰ ਛੋਟਾ ਕਟੋਗੇ ਤਾਂ ਰਸੋਈਏ ਦਾ ਨਿਰਾਦਰ ਸਮਝਿਆ ਜਾਵੇਗਾ। ਇਸੇ ਤਰ੍ਹਾਂ ਜਮਾਈਕਾ ਵਿਚ ਮੁੰਡੇ ਕੁੜੀਆਂ ਜਨਤਕ ਥਾਂਵਾਂ ਉਤੇ ਇੱਕ ਦੂਜੇ ਨੂੰ ਜੱਫੀ ਪਾਉਂਦੇ ਹਨ ਤਾਂ ਉਹ ਸਮਲਿੰਗੀ ਸਮਝੇ ਜਾਂਦੇ ਹਨ ਜਿਸ ਦੀ ਉਥੇ ਸਖਤ ਮਨਾਹੀ ਹੈ। ਮੈਕਸੀਕੋ ਵਿਚ ਲਾਲ ਰੰਗ ਦਾ ਫੁੱਲ ਤਦ ਹੀ ਭੇਟ ਕੀਤਾ ਜਾਂਦਾ ਹੈ ਜੇ ਕਿਸੇ ਥਾਂ ਸ਼ੋਕ ਕਰਨ ਜਾਓ, ਨਹੀਂ ਤਾਂ ਉਕਾ ਹੀ ਨਹੀਂ। ਜਰਮਨੀ ਵਾਲੇ ਲਿੱਲੀ ਦੇ ਫੁੱਲ ਕੇਵਲ ਸਸਕਾਰ ਮੌਕੇ ਹੀ ਲੈ ਕੇ ਜਾਂਦੇ ਹਨ, ਖੁਸ਼ੀ ਦੇ ਮੌਕੇ ਉਕਾ ਹੀ ਨਹੀਂ। ਪੱਛਮ ਦੇ ਆਦਿਵਾਸੀ ਕਿਸੇ ਦੂਸਰੇ ਦੀ ਵਸਤੂ ਕਦੀ ਨਹੀਂ ਸਰਾਹੁੰਦੇ ਕਿਉਂਕਿ ਇਸ ਦਾ ਅਰਥ ਇਹ ਕੱਢਿਆ ਜਾਂਦਾ ਹੈ ਕਿ ਤੁਸੀਂ ਉਸ ਵਸਤੂ, ਭਾਵੇਂ ਉਹ ਉਸ ਦੀ ਪਤਨੀ ਹੀ ਕਿਉਂ ਨਾ ਹੋਵੇ, ਉਸ ਕੋਲੋਂ ਮੰਗ ਰਹੇ ਹੋ ਤੇ ਉਸ ਨੂੰ ਦੇ ਦੇਣੀ ਚਾਹੀਦੀ ਹੈ।
ਅੰਤਿਕਾ: (ਅਮਰਜੀਤ ਸਿੰਘ ਅਮਰ)
ਮਾਲੀ ਪੁੱਛੇ ਕੌਣ ਇਹ ਲੰਘਿਆ ਬਾਗ਼ ਗਏ ਰੁਸ਼ਨਾਏ,
ਕੌਣ ਇਹ ਫੁੱਲਾਂ ਕਲੀਆਂ ‘ਤੇ ਸੰਧੂਰ ਧੂੜਦਾ ਜਾਏ।
ਇੱਕ ਫੁੱਲ ਬੇਬਹਾਰਾ ਖਿੜਿਆ, ਖਿੰਡ ਗਈਆਂ ਖੁਸ਼ਬੋਈਆਂ,
ਦੋਹੀਂ ਹੱਥੀਂ ਲੁੱਟ ਖਜ਼ਾਨੇ, ਪੌਣਾਂ ਝੱਲੀਆਂ ਹੋਈਆਂ।