-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਅੱਜ ਦੁਨੀਆਂ ਦੇ ਹਰ ਮੁਲਕ ਵਿਚ ਸਿੱਖ ਆਪਣੇ ਪੈਰ ਜਮਾ ਚੁੱਕੇ ਹਨ ਅਤੇ ਆਪਣੀ ਮਿਹਨਤ-ਮੁਸ਼ੱਕਤ ਸਦਕਾ ਰਹਿਣ-ਸਹਿਣ-ਬਹਿਣ ਦੇ ਚੰਗੇ ਤੌਰ-ਤਰੀਕੇ ਅਪਨਾ ਕੇ ਸੋਹਣਾ ਜੀਵਨ ਵੀ ਗੁਜ਼ਾਰ ਰਹੇ ਹਨ। ਸਿੱਖਾਂ ਦੀ ਜੋ ਪਹਿਲੀ ਆਤਮਿਕ ਜ਼ਰੂਰਤ ਹੈ, ਉਹ ਹੈ ਇਸ ਦੇ ਧਾਰਮਿਕ ਅਸਥਾਨ ਜੋ ਗੁਰਦੁਆਰਿਆਂ ਦੇ ਰੂਪ ਵਿਚ ਸਿੱਖਾਂ ਨੇ ਹਰ ਥਾਂ ਸਥਾਪਤ ਕਰ ਲਏ ਹਨ। ਇਨ੍ਹਾਂ ਗੁਰੂਘਰਾਂ ਵਿਚ ਹਰ ਵੀਕ-ਐਂਡ ‘ਤੇ ਖੂਬ ਰੌਣਕਾਂ ਲਗਦੀਆਂ ਹਨ। ਗੁਰਬਾਣੀ ਕੀਰਤਨ ਤੇ ਕਥਾ ਦੇ ਪ੍ਰਵਾਹ ਚਲਦੇ ਹਨ।
ਸੰਗਤ ਇਨ੍ਹਾਂ ਦੇ ਭਰਪੂਰ ਅਨੰਦ ਮਾਣਦੀ ਹੈ। ਕਈ ਵਾਰੀ ਸਿੱਖਾਂ ਦੇ ਸਿਰਮੌਰ ਧਾਰਮਿਕ ਅਸਥਾਨਾਂ ਤੋਂ ਇਹ ਫਰਮਾਨ ਵੀ ਜਾਰੀ ਹੁੰਦੇ ਰਹਿੰਦੇ ਹਨ ਕਿ ਗੁਰਬਾਣੀ ਕੀਰਤਨ, ਰਾਗਾਂ ਵਿਚ ਹੀ ਹੋਣਾ ਚਾਹੀਦਾ ਹੈ, ਪਰ ਇਹੋ ਜਿਹੇ ਫਰਮਾਨ ਜਾਂ ਐਲਾਨ ਦੋ-ਚਾਰ ਦਿਨ ਦੀ ਦੰਦ-ਕਥਾ ਬਣ ਕੇ ਰਹਿ ਜਾਂਦੇ ਹਨ; ਅਸਰ ਕਦੀ ਕਿਸੇ ਉਤੇ ਵੀ ਨਹੀਂ ਹੁੰਦਾ।
ਅੱਜ ਦੇ ਯੁੱਗ ਵਿਚ ਅਣਗਿਣਤ ਕੀਰਤਨੀ ਜਥੇ ਕੀਰਤਨ ਕਰ ਰਹੇ ਹਨ ਅਤੇ ਮਾਇਆ ਦੇ ਨਾਲ-ਨਾਲ ਚੰਗਾ ਨਾਮ ਵੀ ਕਮਾ ਰਹੇ ਹਨ, ਪਰ ਸ਼ਬਦ ਗੁਰੂ ਦੀ ਬਾਣੀ ਦਾ ਜੋ ਪ੍ਰਚਾਰ ਤੇ ਸਤਿਕਾਰ ਹੋਣਾ ਚਾਹੀਦਾ ਸੀ, ਉਹ ਨਹੀਂ ਹੋ ਰਿਹਾ। ਇਸ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੇ ਕੀਰਤਨੀ ਜਥੇ ਐਸੇ ਵੀ ਸੁਣਨ ਨੂੰ ਮਿਲ ਰਹੇ ਹਨ ਜਿਨ੍ਹਾਂ ਦੇ ਨਾਂਵਾਂ ਨਾਲ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸੁਣਨ ਨੂੰ ਮਿਲਦਾ ਹੈ। ਕੀ ਵਾਕਿਆ ਹੀ ਇੰਨੇ ਸਾਰੇ ਜਥੇ ਦਰਬਾਰ ਸਾਹਿਬ ਵਿਖੇ ਕੀਰਤਨ ਕਰਦੇ ਆ ਰਹੇ ਹਨ? ਕੀ ਸ਼੍ਰੋਮਣੀ ਕਮੇਟੀ ਉਨ੍ਹਾਂ ਨੂੰ ਆਪ ਕੀਰਤਨ ਲਈ ਵਿਦੇਸ਼ਾਂ ਵਿਚ ਭੇਜਦੀ ਹੈ? ਜਾਂ ਇਹ ਛੁੱਟੀ ਲੈ ਕੇ ਵਿਦੇਸ਼ਾਂ ਨੂੰ ਆਉਂਦੇ ਹਨ? ਕਿੰਨੇ ਕੁ ਚਿਰ ਤੋਂ ਇਹ ਜਥੇ ਉਥੇ ਸੇਵਾਵਾਂ ਨਿਭਾਉਂਦੇ ਆ ਰਹੇ ਹਨ? ਜਾਂ ਉਥੇ ਬੈਠੇ ਸਾਡੇ ਧਾਰਮਿਕ ਲੀਡਰ ਮਾਇਆ ਦੇ ਮੋਟੇ ਗੱਫੇ ਲੈ ਕੇ ਇਕ-ਦੋ ਮਹੀਨੇ ਸੇਵਾ ਕਰਵਾ ਕੇ ਹਜ਼ੂਰੀ ਰਾਗੀ ਦਾ ਲਕਬ ਦੇਈ ਜਾਂਦੇ ਹਨ!
ਦੂਜੇ ਪਾਸੇ ਕਈ ਐਸੇ ਨਾਮਵਰ ਕੀਰਤਨੀ ਜਥੇ ਵੀ ਹੋਏ ਹਨ ਅਤੇ ਹੈਣ ਵੀ, ਜਿਨ੍ਹਾਂ ਨੇ ਦਰਬਾਰ ਸਾਹਿਬ ਕੀਰਤਨ ਨਹੀਂ ਕੀਤਾ, ਪਰ ਗੁਰੂ ਪੰਥ ਦੀ ਸੇਵਾ ਵਿਚ ਆਪਣਾ ਜਵੀਨ ਗੁਜ਼ਾਰ ਦਿੱਤਾ ਹੈ। ਗੁਰੂ ਦੇ ਕੀਰਤਨ ਨਾਲ ਜੁੜੇ ਹੋਏ ਸਾਰੇ ਤਾਂ ਹਰਗਿਜ਼ ਨਹੀਂ, ਪਰ ਕੁਝ ਕੁ ਲੋਕਾਂ ਨੇ ਸਸਤੀ ਸ਼ੋਹਰਤ ਜਾਂ ਕਾਹਲੀ ਨਾਲ ਨਾਮ ਕਮਾਉਣ ਦਾ ਰਸਤਾ ਅਪਨਾ ਕੇ ਗੁਰਬਾਣੀ ਦੇ ਪਵਿੱਤਰ ਸ਼ਬਦਾਂ ਨੂੰ ਫਿਲਮਾਂ ਦੀਆਂ ਐਸੀਆਂ ਧੁਨਾਂ ਉਤੇ ਗਾਇਆ ਹੈ ਕਿ ਸੁਣਨ ਵਾਲੇ ਅਸ਼-ਅਸ਼ ਕਰ ਉਠੇ ਹਨ। ਪਾਕਿਸਤਾਨੀ ਗਜ਼ਲ ਗਾਇਕ ਗੁਲਾਮ ਅਲੀ ਨਾਲ ਵੱਜਦੇ ਮਾਸਟਰ ਤਾਰੀ ਦੇ ਤਬਲੇ ਦੀਆਂ ਚਲੰਤ ਗਤਾਂ ਨੂੰ ਵੀ ਸਾਡੇ ਕੀਰਤਨੀਆਂ ਨੇ ਖੂਬ ਅਪਨਾਇਆ, ਸੁਰ ਅਤੇ ਰਿਦਮ ਦੋਹਾਂ ਨੇ ਮਿਲ ਕੇ ਗ਼ੁਲਾਮ ਅਲੀ ਅਤੇ ਫਿਲਮਾਂ ਦੀਆਂ ਧੁਨਾਂ ਦਾ ਫਾਇਦਾ ਉਠਾ ਕੇ ਨਾਮ ਅਤੇ ਨਾਮਾ ਰੱਜ ਕੇ ਸਮੇਟਿਆ, ਪਰ ਗਾਉਣ ਅਤੇ ਸੁਣਨ ਵਾਲੇ ਦੋਹਾਂ ਪਾਸਿਆਂ ਵਲੋਂ ਕਦੀ ਇਹ ਸੋਚਣ ਦੀ ਜ਼ਰੂਰਤ ਹੀ ਮਹਿਸੂਸ ਨਾ ਕੀਤੀ ਗਈ ਕਿ ਗੁਰੂ ਦੇ ਸ਼ਬਦ ਨੂੰ ਕਿਹੜੀਆਂ ਚੀਜ਼ਾਂ ਦੀ ਮਿਲਾਵਟ ਨਾਲ ਸ਼ਿੰਗਾਰ ਕੇ ਗੁਰੂ ਤੇ ਸੰਗਤਾਂ ਦੇ ਸਨਮੁਖ ਪੇਸ਼ ਕੀਤਾ ਜਾ ਰਿਹਾ ਹੈ! ਉਂਜ, ਸੋਚਣ ਦੀ ਲੋੜ ਹੀ ਨਹੀਂ ਰਹਿ ਜਾਂਦੀ, ਕਿਉਂਕਿ ਮਿਲਾਵਟ ਵਾਲਾ ਸਾਮਾਨ ਅੱਜ ਸੰਸਾਰ ਦੀ ਮੰਡੀ ਵਿਚ ਖੂਬ ਮਹਿੰਗਾ ਅਤੇ ਪੂਰੀ ਸ਼ਾਨੋ-ਸ਼ੌਕਤ ਨਾਲ ਵਿਕ ਰਿਹਾ ਹੈ।
ਕੁਝ ਸਾਲ ਪਹਿਲਾਂ ਸਾਡੇ ਏਰੀਏ ਵਿਚ ਵੀ ਗੁਰੂਦੁਆਰੇ ਸਥਾਪਿਤ ਹੋਏ ਹਨ। ਸਾਰਿਆਂ ਨੂੰ ਬੇਹੱਦ ਖੁਸ਼ੀ ਹੋਈ ਕਿ ਹੁਣ ਕੀਰਤਨ-ਕਥਾ ਸੁਣਨ ਦੇ ਜ਼ਿਆਦਾ ਅਵਸਰ ਪ੍ਰਾਪਤ ਹੋਇਆ ਕਰਨਗੇ। ਪਹਿਲਾਂ-ਪਹਿਲਾਂ ਵੀਕ-ਐਂਡ ‘ਤੇ ਅਤੇ ਫਿਰ ਸ਼ਾਮ ਸਵੇਰੇ ਵੀ ਕੀਰਤਨ ਸ਼ੁਰੂ ਹੋ ਗਏ। ਸ਼ੁਰੂ ਵਿਚ ਤਾਂ ਕੋਈ ਵਿਰਲਾ ਜਥਾ ਹੀ ਵਤਨਾਂ ਤੋਂ ਆਉਂਦਾ ਸੀ, ਪਰ ਹੁਣ ਤਾਂ ਕਮਾਲ ਹੀ ਹੋ ਗਈ ਸੀ; ਇੰਨੇ ਜਥੇ ਆਉਣ ਲੱਗ ਪਏ ਕਿ ਪੁੱਛੋ ਹੀ ਨਾ। ਕਈਆਂ ਦੀ ਤਾਂ ਵਾਰੀ ਹੀ ਨਾ ਆਉਣੀ। ਜਥੇ ਵੀ ਇਕ-ਦੂਜੇ ਤੋਂ ਵਧ ਕੇ ਸੋਹਣੀਆਂ ਪਿਆਰੀਆਂ ਆਵਾਜ਼ਾਂ ਅਤੇ ਮਿੱਠੀਆਂ ਬੰਦਿਸ਼ਾਂ ਵਿਚ ਕੀਰਤਨ ਕਰਦੇ। ਸੰਗਤਾਂ ਝੂਮ ਉਠਦੀਆਂ ਪਰ ਪਿਛਲੇ ਕੁਝ ਸਮੇਂ ਤੋਂ ਦੱਬਵੀਂ ਜਿਹੀ ਸੁਰ ਵਿਚ ਇਕ ਚਰਚਾ ਵੀ ਚੱਲ ਰਹੀ ਸੀ। ਪਿਛਲੇ ਸਾਲ ਇਕ ਜਥਾ ਆਇਆ ਜੋ ਨਵਾਂ-ਨਵਾਂ ਮਸ਼ਹੂਰ ਹੋ ਰਿਹਾ ਸੀ। ਬਹੁਤ ਮਾਸੂਮ ਅਤੇ ਭੋਲੀਆਂ ਸ਼ਕਲਾਂ ਵਾਲੇ ਕੀਰਤਨੀਏ ਸਨ। ਸੰਗਤਾਂ ਨੇ ਵੀ ਵਧ-ਚੜ੍ਹ ਕੇ ਸੇਵਾ ਕੀਤੀ। ਹੁਣ ਤਾਂ ਜਿਵੇਂ ਉਸ ਜਥੇ ਨੇ ਪ੍ਰਬੰਧਕਾਂ ਅਤੇ ਸੰਗਤਾਂ ਉਤੇ ਜਾਦੂ ਹੀ ਕਰ ਦਿੱਤਾ ਹੋਵੇ! ਉਹ ਦੋ ਮਹੀਨੇ ਲਾ ਕੇ ਜਾਂਦੇ ਅਤੇ ਦੋ ਮਹੀਨੇ ਮਗਰੋਂ ਉਨ੍ਹਾਂ ਨੂੰ ਫਿਰ ਬੁਲਾ ਲਿਆ ਜਾਂਦਾ। ਸਾਰਾ ਖਰਚਾ ਕਮੇਟੀ ਹੀ ਉਠਾਉਂਦੀ ਅਤੇ ਉਨ੍ਹਾਂ ਦੇ ਰਹਿਣ ਦਾ ਇੰਤਜ਼ਾਮ ਵੀ ਚੰਗੇ ਖਾਂਦੇ-ਪੀਂਦੇ ਘਰਾਂ ਵਿਚ ਕਰਵਾਇਆ ਜਾਂਦਾ। ਜਥਾ ਵੀ ਹਰ ਫੇਰੀ ‘ਤੇ ਵਧ-ਚੜ੍ਹ ਕੇ ਕੀਰਤਨ ਕਰਦਾ। ਪੁਰਾਣੀਆਂ ਫਿਲਮਾਂ ਦੀਆਂ ਮਨ ਨੂੰ ਲੁਭਾਉਂਦੀਆਂ ਤਰਜ਼ਾਂ, ਉਪਰੋਂ ਜਥੇ ਦੀਆਂ ਬੀਬੀਆਂ ਸ਼ਕਲਾਂ- ਸੋਨੇ ‘ਤੇ ਸੁਹਾਗੇ ਦਾ ਕੰਮ ਕਰ ਜਾਂਦੀਆਂ। ਹੁਣ ਜੋ ਚਰਚਾ ਹੋ ਰਹੀ ਸੀ, ਉਹ ਇਹ ਸੀ ਕਿ ਜਥਾ ਜਦੋਂ ਸਟੇਜ ‘ਤੇ ਬੈਠਦਾ ਤਾਂ ਬੀਬੀਆਂ ਜੋ ਘਰਾਂ ਤੋਂ ਖੂਬ ਸਜ-ਧਜ ਕੇ ਆਈਆਂ ਹੁੰਦੀਆਂ, ਆਪਣੇ ਪਾਸਿਓਂ ਉਠ ਕੇ ਸਟੇਜ ਦੇ ਸਾਹਮਣੇ ਸਜ ਜਾਂਦੀਆਂ। ਆਦਮੀ ਹੌਲੀ-ਹੌਲੀ ਪਿੱਛੇ ਸਰਕਣਾ ਸ਼ੁਰੂ ਕਰ ਦਿੰਦੇ, ਦੁਖੀ ਵੀ ਹੁੰਦੇ; ਪਰ ਬੋਲਦੇ ਕੁਝ ਨਾ। ਜਿਉਂ ਹੀ ਕੀਰਤਨ ਸ਼ੁਰੂ ਹੁੰਦਾ, ਬੀਬੀਆਂ ਸੁਰ ਨਾਲ ਸੁਰ ਮਿਲਾ ਕੇ ਗਾਉਂਦੀਆਂ ਤੇ ਝੂਮਦੀਆਂ, ਕੁਝ ਸਮਝਦਾਰ ਸਿਆਣੇ ਲੋਕ ਅੰਦਰੋਂ ਬਥੇਰੇ ਦੁਖੀ ਸਨ ਕਿ ਗੁਰਬਾਣੀ ਦੇ ਕੀਰਤਨ ਵਿਚ ਫਿਲਮੀ ਧੁਨਾਂ ਦਾ ਕੀ ਕੰਮ? ਪਰ ਬੋਲੇ ਕੌਣ? ਜੋ ਬੋਲੇ ਉਹੀ ਗੱਦਾਰ!
ਅੱਜ ਵੀ ਐਤਵਾਰ ਦਾ ਦਿਨ ਸੀ, ਸ਼ਬਦ ਗਾਇਨ ਹੋ ਰਿਹਾ ਸੀ- ਹਉ ਵਾਰੀ ਮੁਖੁ ਫੇਰਿ ਪਿਆਰੇ; ਫਿਲਮ ‘ਨਾਗਿਨ’ ਦੀ ਤਰਜ਼ ਸੀ- ‘ਤੇਰੇ ਇਸ਼ਕ ਕਾ ਮੁਝ ਪੇ ਹੂਆ ਯਿਹ ਅਸਰ ਹੈ।’ ਸਿਆਣੇ ਬਜ਼ੁਰਗ ਸਿਰ ਨੀਵੇਂ ਕਰੀ ਬੈਠੇ ਸਨ, ਨੌਜਵਾਨ ਇੱਧਰ-ਉਧਰ ਦੇਖ ਰਹੇ ਸਨ। ਦੂਜਾ ਸ਼ਬਦ ਸ਼ੁਰੂ ਹੋਇਆ- ਹਰਿ ਹਰਿ ਹਰਿ ਨ ਜਪਸਿ ਰਸਨਾ; ਫਿਲਮ ‘ਕਭੀ ਕਭੀ’ ਵਾਲੀ ਤਰਜ਼ ਸੀ- ‘ਪਹਿਲੀ-ਪਹਿਲੀ ਵਾਰ ਦੇਖਾ ਐਸਾ ਜਲਵਾ।’ ਹੁਣ ਸਿਆਣੇ ਉਠ ਕੇ ਬਾਹਰ ਆ ਗਏ, ਨੌਜਵਾਨ ਇਕ-ਦੂਜੇ ਵੱਲ ਵੇਖ ਕੇ ਕੁਝ ਆਖ ਰਹੇ ਸਨ ਪਰ ਜਥੇ ਅਤੇ ਬੀਬੀਆਂ ਅਤਿਅੰਤ ਪ੍ਰੇਮ ਵਿਚ ਸ਼ਬਦ ਦਾ ਗਾਇਨ ਕਰ ਰਹੇ ਸਨ।
ਇਹ ਕੋਈ ਨਵੀਂ ਪ੍ਰਥਾ ਨਹੀਂ ਹੈ, ਪੁਰਾਣੀ ਹੈ ਅਤੇ ਇਸ ਦਾ ਗੁਰੂ ਦੇ ਪਿਆਰਿਆਂ ਨੇ ਰੱਜ ਕੇ ਭਰਪੂਰ ਫਾਇਦਾ ਵੀ ਉਠਾਇਆ ਹੈ। ਅਜੇ ਕੁਝ ਹਫ਼ਤੇ ਪਹਿਲਾਂ ਹੀ ਇਕ ਨਗਰ ਕੀਰਤਨ ਦਾ ਚੈਨਲਾਂ ‘ਤੇ ਸਿੱਧਾ ਪ੍ਰਸਾਰਨ ਕੀਤਾ ਜਾ ਰਿਹਾ ਸੀ। ਪੰਥ ਦਾ ਕੋਈ ਮਹਾਨ ਜਥਾ ਕੀਰਤਨ ਕਰ ਰਿਹਾ ਸੀ, ਜਾਂ ਉਸ ਦੀ ਰਿਕਾਡਿੰਗ ਵੱਜ ਰਹੀ ਸੀ। ਸ਼ਬਦ ਸੀ- ਹਉ ਵੰਞਾ ਕੁਰਬਾਣੁ ਸਾਈ ਆਪਣੇ; ਫਿਲਮ ਸੀ- ‘ਹਮ ਆਪ ਕੇ ਹੈਂ ਕੌਨ’, ਤੇ ਤਰਜ਼ ਸੀ- ‘ਆਜ ਹਮਾਰੇ ਦਿਲ ਮੇਂ ਅਜਬ ਸੀ ਹਲਚਲ ਹੈ।’ ਗੁਰੂ ਦਾ ਇਕ ਹੋਰ ਮਹਾਨ ਜਥਾ ਇਸੇ ਹੀ ਸ਼ਬਦ ਨੂੰ ਨੁਸਰਤ ਫਤਹਿ ਅਲੀ ਦੇ ਗੀਤ ਦੀ ਤਰਜ਼ ‘ਤੇ ਗਾ ਕੇ ਵਾਹਵਾ ਖੱਟ ਰਿਹਾ ਹੈ। ਤਰਜ਼ ਵਾਲੇ ਗੀਤ ਦੇ ਬੋਲ ਹਨ- ‘ਅੱਖੀਆਂ ਹੋ ਜਾਣ ਚਾਰ ਤੇ ਸੌਣਾ ਭੁੱਲ ਜਾਂਦਾ।’ ਆਉ ਜ਼ਰਾ ਆਪਣੇ ਆਪ ਨੂੰ ਪੁੱਛੀਏ- ਕੀ ਅਸੀਂ ਆਪਣੇ ਨਾਂਵਾਂ ਨਾਲ ਜੁੜੇ ਹੋਏ ਸ਼ਬਦ, ਗੁਰੂ ਦੇ ਕੀਰਤਨੀਏ ਦਾ ਸਤਿਕਾਰ ਕਰ ਰਹੇ ਹਾਂ ਜਾਂ ਅਪਮਾਨ ਕਰ ਰਹੇ ਹਾਂ?æææ ਜਵਾਬ ਖੁਦ-ਬਖ਼ੁਦ ਮਿਲ ਜਾਵੇਗਾ।