ਸਾਲ ਪਹਿਲਾਂ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਸੰਘਰਸ਼ ਸ਼ੁਰੂ ਕੀਤਾ ਸੀ, ਤਾਂ ਇਹ ਸੰਘਰਸ਼ ਇਕ ਤਰ੍ਹਾਂ ਨਾਲ ਲਹਿਰ ਬਣ ਗਿਆ ਸੀ। ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹੱਥਾਂ-ਪੈਰਾਂ ਦੀ ਪੈ ਗਈ ਸੀ ਕਿ ਜੇ ਭਾਈ ਖਾਲਸਾ ਸ਼ਹੀਦ ਹੋ ਗਏ ਤਾਂ ਸਿੱਖ ਵੋਟਾਂ ਉਨ੍ਹਾਂ ਦੇ ਹੱਥੋਂ ਖੁੱਸ ਸਕਦੀਆਂ ਹਨ।
ਇਸੇ ਲਈ ਉਨ੍ਹਾਂ ਕੁਝ ਸਿੱਖ ਜਥੇਬੰਦੀਆਂ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ ਦੀ ਡਿਊਟੀ ਲਾ ਦਿੱਤੀ ਕਿ ਕਿਸੇ ਵੀ ਤਰ੍ਹਾਂ ਭਾਈ ਖਾਲਸਾ ਦਾ ਮਰਨ ਵਰਤ ਖਤਮ ਕਰਵਾਓ। ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਤਿੰਨ ਸਿੰਘ ਪੈਰੋਲ ‘ਤੇ ਰਿਹਾਅ ਕਰ ਦਿੱਤੇ ਗਏ ਅਤੇ ਇਨ੍ਹਾਂ ਜਥੇਬੰਦੀਆਂ ਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਈ ਖਾਲਸਾ ਨਾਲ ਵਾਅਦਾ ਕੀਤਾ ਕਿ ਇਹ ਸਿੰਘ ਹੁਣ ਦੁਬਾਰਾ ਜੇਲ੍ਹ ਨਹੀਂ ਜਾਣਗੇ ਅਤੇ ਹੋਰ ਸਿੰਘਾਂ ਦੀ ਰਿਹਾਈ ਲਈ ਵੀ ਯਤਨ ਕੀਤੇ ਜਾਣਗੇ। ਹੋਰ ਵੀ ਕਈ ਸਿੱਖ ਜਥੇਬੰਦੀਆਂ ਦੇ ਕਹਿਣ ‘ਤੇ ਭਾਈ ਖਾਲਸਾ ਨੇ ਮਰਨ ਵਰਤ ਖਤਮ ਕਰ ਦਿੱਤਾ; ਪਰ ਹੋਇਆ ਉਹੀ ਜਿਸ ਦਾ ਡਰ ਸੀ। ਸਮੇਤ ਅਕਾਲ ਤਖਤ ਦੇ ਜਥੇਦਾਰ ਤੇ ਦਿੱਲੀ ਗੁਰਦੁਆਰਾ ਕਮੇਟੀ ਜਿਨ੍ਹਾਂ ਦਾ ਇਸ ਮਾਮਲੇ ਵਿਚ ਮੋਹਰੀ ਹੱਥ ਸੀ, ਪਿੱਛੇ ਹਟ ਗਏ।
ਹੁਣ ਇਕ ਸਵਾਲ ਅਕਾਲ ਤਖਤ ਦੇ ਜਥੇਦਾਰ ਨੂੰ ਹੈ। ਜੱਗ ਜਾਣਦਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਫੂਲਾ ਸਿੰਘ ਨੇ ਉਸ ਸਮੇਂ ਦੇ ਸ਼ਕਤੀਸ਼ਾਲੀ ਰਾਜਾ, ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜ਼ਾ ਲਾ ਦਿੱਤੀ ਸੀ। ਤੁਸੀਂ (ਅਕਾਲ ਤਖਤ ਦੇ ਮੌਜੂਦਾ ਜਥੇਦਾਰ) ਕਿਸ ਮਜਬੂਰੀ ਵਿਚ ਭਾਈ ਖਾਲਸਾ ਨਾਲ ਕੀਤਾ ਆਪਣਾ ਵਾਅਦਾ ਨਹੀਂ ਨਿਭਾਅ ਸਕੇ? ਜੇ ਸ਼ ਬਾਦਲ ਨੇ ਤੁਹਾਡੀ ਗੱਲ ਨਹੀਂ ਸੁਣੀ ਤਾਂ ਤੁਸੀਂ ਜੇ ਹੋਰ ਕੁਝ ਨਹੀਂ ਕਰ ਸਕਦੇ, ਤਾਂ ਘੱਟੋ-ਘੱਟ ਅਹੁਦੇ ਤੋਂ ਅਸਤੀਫਾ ਤਾਂ ਦੇ ਹੀ ਸਕਦੇ ਸੀ। ਇਸ ਮਾਮਲੇ ਵਿਚ ਅਜੇ ਵੀ ਬੜਾ ਕੁਝ ਹੋ ਸਕਦਾ ਹੈ ਅਤੇ ਸਿੱਖਾਂ ਦਾ ਬਹੁਤ ਭਲਾ ਹੋ ਸਕਦਾ ਹੈ। ਉਂਜ ਹੁਣ ਗੌਲਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਪੰਜਾਬ ਸਰਕਾਰ ਨੂੰ ਬਜ਼ੁਰਗਾਂ ਤੋਂ ਵੀ ਖਤਰਾ ਕਿਉਂ ਭਾਸ ਰਿਹਾ ਹੈ ਜਿਨ੍ਹਾਂ ਨੂੰ ਜੇਲ੍ਹ ਵਿਚੋਂ ਨਹੀਂ ਰਿਹਾਅ ਨਹੀਂ ਕੀਤਾ ਜਾ ਰਿਹਾ। ਸ਼ਾਇਦ ਸ਼ ਬਾਦਲ ਇਹ ਸਭ ਕੁਝ ਇਕ ਖਾਸ ਫ਼ਿਰਕੇ ਦੇ ਲੋਕਾਂ ਨੂੰ ਖੁਸ਼ ਕਰਨ ਲਈ ਕਰ ਰਹੇ ਹਨ। ਫਿਰ ਵੀ, ਅਜੇ ਵੀ ਮੌਕਾ ਹੈ ਕਿ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਪੰਜਾਬ ਸਰਕਾਰ ਉਨ੍ਹਾਂ ਨੂੰ ਰਿਹਾਅ ਕਰੇ ਅਤੇ ਕਰਵਾਏ। ਨਾਲੇ ਜੇ ਸਰਕਾਰ ਪਿੰਕੀ ਕੈਟਾਂ ਵਰਗਿਆਂ ਨੂੰ ਛੱਡ ਸਕਦੀ ਹੈ ਤਾਂ ਸਿੰਘਾਂ ਨੂੰ ਕਿਉਂ ਨਹੀਂ? ਹੁਣ ਤਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨੇ ਵੀ ਕਹਿ ਦਿੱਤਾ ਹੈ ਕਿ ਇਸ ਨੂੰ ਵੀ ਰਿਹਾਈ ਉਤੇ ਕੋਈ ਇਤਰਾਜ਼ ਨਹੀਂ; ਪਰ ਸਰਕਾਰ ਨੇ ਇਕ ਸਾਲ ਦੌਰਾਨ ਇਸ ਪਾਸੇ ਕੋਈ ਕਾਰਵਾਈ ਨਹੀਂ ਕੀਤੀ। ਇਸੇ ਕਰ ਕੇ ਹੀ ਭਾਈ ਖਾਲਸਾ ਨੂੰ ਦੁਬਾਰਾ ਮਰਨ ਵਰਤ ਸ਼ੁਰੂ ਕਰਨਾ ਪਿਆ ਹੈ। ਅੰਤ ਵਿਚ ਮੈਂ ਪਰਵਾਸੀ ਭੈਣਾਂ-ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਓ, ਆਪਾਂ ਸਾਰੇ ਰਲ ਕੇ ਭਾਈ ਖਾਲਸਾ ਨੂੰ ਸਹਿਯੋਗ ਦੇਈਏ ਅਤੇ ਜਥੇਦਾਰਾਂ, ਸਿੱਖ ਜਥੇਬੰਦੀਆਂ ਤੇ ਸਰਕਾਰ ਨੂੰ ਆਪੋ-ਆਪਣਾ ਫਰਜ਼ ਨਿਭਾਉਣ ਲਈ ਮਜਬੂਰ ਕਰੀਏ।
-ਗੁਰਮੀਤ ਸਿੰਘ ਬੈਂਸ, ਸ਼ਿਕਾਗੋ
ਫੋਨ: 847-852-6912