ਫਿਲਮ ਜਗਤ ਦਾ ਇਕ ਹੋਰ ਕਮਾਲ ਦਾ ਕਲਾਕਾਰ ਦੇਵੇਨ ਵਰਮਾ ਇਸ ਸੰਸਾਰ ਤੋਂ ਰੁਖਸਤ ਹੋ ਗਿਆ। ਦੇਵੇਨ ਵਰਮਾ ਕੱਛ (ਗੁਜਰਾਤ) ਵਿਚ ਜਨਮਿਆ, ਤੇ ਫਿਰ ਪੁਣੇ ਵਿਚ ਪਲਿਆ ਅਤੇ ਪੜ੍ਹਿਆ। ਫਿਲਮ ਜਗਤ ਵਿਚ ਉਸ ਨੇ ਕਮੇਡੀ ਕਲਾਕਾਰ ਵਜੋਂ ਆਪਣੀ ਗੂੜ੍ਹੀ ਪਛਾਣ ਬਣਾਈ। ਉਸ ਨੂੰ ਫਿਲਮ ḔਅੰਗੂਰḔ, Ḕਚੋਰ ਕੇ ਘਰ ਚੋਰḔ ਅਤੇ Ḕਚੋਰੀ ਮੇਰਾ ਕਾਮḔ ਫਿਲਮਾਂ ਵਿਚ ਕਾਮੇਡੀਅਨ ਕਿਰਦਾਰ ਨਿਭਾਉਣ ਸਦਕਾ ਫਿਲਮਫੇਅਰ ਦੇ ਸਰਵੋਤਮ ਕਾਮੇਡੀਅਨ ਪੁਰਸਕਾਰ ਮਿਲੇ।
ਫਿਲਮਾਂ ਦੇ ਬਹੁ-ਗਿਣਤੀ ਦਰਸ਼ਕ ਭਾਵੇਂ ਉਸ ਨੂੰ ਇਕ ਅਦਾਕਾਰ ਵਜੋਂ ਹੀ ਬਹੁਤਾ ਜਾਣਦੇ ਹਨ, ਪਰ ਉਸ ਨੇ 5 ਫਿਲਮਾਂ ਵੀ ਪ੍ਰੋਡਿਊਸ ਕੀਤੀਆਂ ਅਤੇ 4 ਫਿਲਮਾਂ ਨੂੰ ਨਿਰਦੇਸ਼ਨ ਵੀ ਦਿੱਤਾ ਸੀ। ਪ੍ਰੋਡਿਊਸ ਕੀਤੀਆਂ ਫਿਲਮਾਂ ਵਿਚ Ḕਦਾਨਾ ਪਾਨੀḔ (1989), ḔਚਟਪਟੀḔ (1983), Ḕਬੇਸ਼ਰਮḔ (1978), ḔਨਾਦਾਨḔ (1971) ਅਤੇ ḔਯਕੀਨḔ (1969) ਸ਼ਾਮਲ ਹਨ। ਜਿਨ੍ਹਾਂ ਫਿਲਮਾਂ ਲਈ ਉਸ ਨੇ ਨਿਰਦੇਸ਼ਨ ਕੀਤਾ, ਉਨ੍ਹਾਂ ਵਿਚ Ḕਦਾਨਾ ਪਾਨੀḔ, Ḕਬੇਸ਼ਰਮḔ ਤੇ ḔਨਾਦਾਨḔ ਤੋਂ ਇਲਾਵਾ Ḕਬੜਾ ਕਬੂਤਰḔ (1974) ਸ਼ਾਮਲ ਹਨ। ਉਸ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਕੁਝ ਕੁ ਮਰਾਠੀ ਅਤੇ ਭੋਜਪੁਰੀ ਫਿਲਮਾਂ ਵਿਚ ਵੀ ਕੰਮ ਕੀਤਾ। ਫਿਲਮੀ ਕਰੀਅਰ ਦੀ ਸ਼ੁਰੂਆਤ ਉਸ ਨੇ ਸੰਨ 1961 ਵਿਚ ਫਿਲਮ Ḕਧਰਮ ਪੁੱਤਰḔ ਤੋਂ ਕੀਤੀ ਸੀ। ਉਸ ਨੇ ਗੁਲਜ਼ਾਰ, ਰਿਸ਼ੀਕੇਸ਼ ਮੁਖਰਜੀ ਅਤੇ ਬਾਸੂ ਚੈਟਰਜੀ ਵਰਗੇ ਧੁਨੰਤਰ ਫਿਲਮਸਾਜ਼ਾਂ ਨਾਲ ਕੰਮ ਕੀਤਾ। ਉਸ ਦੀ ਅਸਲ ਅਤੇ ਚਿਰ-ਸਥਾਈ ਪਛਾਣ ਫਿਲਮਸਾਜ਼ ਗੁਲਜ਼ਾਰ ਦੀ ਫਿਲਮ ḔਅੰਗੂਰḔ ਨਾਲ ਬਣੀ। ਉਸ ਨੇ ਇਸ ਫਿਲਮ ਵਿਚ ਡਬਲ ਰੋਡ ਨਿਭਾਇਆ ਸੀ। ਇਹ ਫਿਲਮ 1982 ਵਿਚ ਬਣੀ ਸੀ ਅਤੇ ਇਹ ਫਿਲਮ ਗੁਲਜ਼ਾਰ ਦੀਆਂ ਬਿਹਤਰੀਨ ਫਿਲਮਾਂ ਵਿਚ ਸ਼ੁਮਾਰ ਕੀਤੀ ਜਾਂਦੀ ਹੈ। ਇਸ ਫਿਲਮ ਵਿਚ ਸੰਜੀਵ ਕੁਮਾਰ, ਮੌਸਮੀ ਚੈਟਰਜੀ ਅਤੇ ਯੂਨਸ ਪ੍ਰਵੇਜ਼ ਵਰਗੇ ਕਲਾਕਾਰਾਂ ਨੇ ਆਪੋ-ਆਪਣੀ ਕਲਾ ਦੇ ਜੌਹਰ ਦਿਖਾਏ ਸਨ। ਇਸ ਫਿਲਮ ਨਾਲ ਫਿਲਮ ਜਗਤ ਵਿਚ ਦੇਵੇਨ ਵਰਮਾ ਦੀ ਪੂਰੀ ਪੈਂਠ ਬਣ ਗਈ ਅਤੇ ਉਸ ਨੇ ਫਿਰ ਚੁਣ-ਚੁਣ ਕੇ ਫਿਲਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫਿਲਮਸਾਜ਼ ਗੁਲਜ਼ਾਰ ਉਸ ਨੂੰ ਯਾਦ ਕਰਦਾ ਆਖਦਾ ਹੈ ਕਿ ਦੇਵੇਨ ਵਰਮਾ ਵਰਗਾ ਮਹਾਨ ਕਲਾਕਾਰ ਫਿਲਮ ਜਗਤ ਵਿਚ ਹੋਰ ਕੋਈ ਨਹੀਂ ਹੈ। ਮੈਂ ਸਦਾ ਹੀ ਉਸ ਨੂੰ ਹਾਸਰਸ ਕਲਾਕਾਰ ਦੀ ਥਾਂ ਇਕ ਉਮਦਾ ਕਲਾਕਾਰ ਵਜੋਂ ਦੇਖਿਆ ਹੈ। ਫਿਲਮ ਅਦਾਕਾਰਾ ਸ਼ਰਮੀਲਾ ਟੈਗੋਰ ਵੀ ਉਸ ਦੀ ਤਾਰੀਫ ਕਰਦੀ ਨਹੀਂ ਥੱਕਦੀ ਜਿਸ ਨਾਲ ਦੇਵੇਨ ਵਰਮਾ ਨੇ ḔਅਨੁਪਮਾḔ, ḔਦੇਵਰḔ ਅਤੇ ḔਯਕੀਨḔ ਵਰਗੀਆਂ ਫਿਲਮਾਂ ਵਿਚ ਇਕੱਠਿਆਂ ਕੰਮ ਕੀਤਾ। ਰਿਸ਼ੀ ਕਪੂਰ ਦਾ ਕਹਿਣਾ ਹੈ ਕਿ ਦੇਵੇਨ ਵਰਮਾ ਅਜਿਹਾ ਸ਼ਖਸ ਸੀ ਜਿਸ ਨਾਲ ਕਿਸੇ ਵੀ ਵਕਤ, ਕਿਸੇ ਵੀ ਵਿਸ਼ੇ ‘ਤੇ ਗੱਲਬਾਤ ਕੀਤੀ ਜਾ ਸਕਦੀ ਸੀ। ਉਹ ਆਪਣੀ ਕਲਾ ਅਤੇ ਸ਼ਖਸੀਅਤ ਦੇ ਦਮ ਉਤੇ ਫਿਲਮੀ ਦੁਨੀਆਂ ਵਿਚ ਸਫਲ ਹੋਇਆ।
___________________________
‘ਦਿਲ ਵਾਲੇæææ’ ਦਾ 1000ਵਾਂ ਹਫਤਾ
ਸਾਲ 1995 ਵਿਚ ਬਣੀ ਹਿੰਦੀ ਫਿਲਮ Ḕਦਿਲ ਵਾਲੇ ਦੁਲਹਨੀਆ ਲੇ ਜਾਏਂਗੇḔ ਨੂੰ ਮੁੰਬਈ ਦੇ ਇਕ ਥੀਏਟਰ ਵਿਚ ਚੱਲਦਿਆਂ 1000ਵਾਂ ਹਫਤਾ ਹੋ ਗਿਆ ਹੈ। ਇਹ ਸ਼ਾਇਦ ਪਹਿਲੀ ਰੁਮਾਂਟਿਕ ਫਿਲਮ ਹੈ ਜਿਸ ਨੇ ਇਹ ਮਾਅਰਕਾ ਮਾਰਿਆ ਹੈ। ਇਹ ਫਿਲਮ ਫਿਲਮਸਾਜ਼ ਅਦਿੱਤਿਆ ਚੋਪੜਾ ਦੀ ਪਹਿਲੀ ਫਿਲਮ ਸੀ ਅਤੇ ਇਹ ਉਸ ਦੇ ਪਿਤਾ ਯਸ਼ ਚੋਪੜਾ ਨੇ ਪ੍ਰੋਡਿਊਸ ਕੀਤੀ ਸੀ। ਇਸ ਫਿਲਮ ਦਾ ਕੁੱਲ ਬਜਟ 4 ਕਰੋੜ ਦਾ ਸੀ ਅਤੇ ਇਹ ਫਿਲਮ ਹੁਣ ਤੱਕ 125 ਕਰੋੜ ਰੁਪਏ ਦਾ ਕਾਰੋਬਾਰ ਕਰ ਚੁੱਕੀ ਹੈ। ਇਹ ਫਿਲਮ ਵਿਦੇਸ਼ਾਂ ਵਿਚ ਵੀ ਬਹੁਤ ਮਸ਼ਹੂਰ ਹੋਈ ਸੀ ਅਤੇ ਇਸ ਦਾ ਸੰਗੀਤ ਵੀ ਵਾਹਵਾ ਸੁਣਿਆ ਗਿਆ ਸੀ।