ਲੁਧਿਆਣਾ ਦੇ ਕਸਬੇ ਸਾਹਨੇਵਾਲ ਤੋਂ ਉਠ ਕੇ ਮੁੰਬਈ ਵਰਗੀ ਮਾਇਆ ਨਗਰੀ ਉਤੇ ਛਾਅ ਜਾਣ ਵਾਲੇ Ḕਹੀ-ਮੈਨḔ ਧਰਮਿੰਦਰ ਨੇ ਆਪਣਾ 79ਵਾਂ ਜਨਮ ਦਿਨ ਪੰਜਾਬ ਵਿਚ ਬਹੁਤ ਹੁੱਬ-ਹੁੱਬ ਕੇ ਮਨਾਇਆ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਬ ਵਿਚ ਆਪਣਾ ਜਨਮ ਦਿਨ ਮਨਾਉਣ ਦਾ ਮੌਕਾ ਤਕਰੀਬਨ ਸਾਢੇ ਪੰਜ ਦਹਾਕਿਆਂ ਬਾਅਦ ਮਿਲਿਆ ਹੈ ਅਤੇ ਹੁਣ ਉਹ ਆਪਣੇ ਆਪ ਨੂੰ ਆਪਣੀ ਮਾਂ ਦੀ ਗੋਦ ਵਿਚ ਪਿਆ ਮਹਿਸੂਸ ਕਰਦਾ ਹੈ।
ਉਸ ਦਾ ਅਜਿਹਾ ਕਹਿਣਾ ਠੀਕ ਹੀ ਹੈ ਕਿਉਂਕਿ ਪੰਜਾਬ ਦੀ ਨਹੀਂ, ਦੇਸ਼-ਵਿਦੇਸ਼ ਦੇ ਕਰੋੜਾਂ ਸਿਨੇਮਾ ਪ੍ਰੇਮੀਆਂ ਨੇ ਉਸ ਨੂੰ ਅਥਾਹ ਪਿਆਰ ਦਿੱਤਾ ਹੈ; ਪਰ ਉਸ ਦੀ ਇਸ ਸਫ਼ਲਤਾ ਵਿਚ ਅਹਿਮ ਰੋਲ ਨਿਭਾਉਣ ਵਾਲੀ ਅਦਾਕਾਰਾ ਮੀਨਾ ਕੁਮਾਰੀ ਦੇ ਮਾਮਲੇ ਵਿਚ ਪਿਆਰ ਦਾ ਇਜ਼ਹਾਰ ਕਰਨ ਮੌਕੇ ਧਰਮਿੰਦਰ ਕੰਜੂਸੀ ਵਰਤ ਜਾਂਦਾ ਹੈ। ਉਂਜ, ਇਸ ਵਾਰ ਤਾਂ Ḕਪੰਜਾਬ ਦੇ ਪੁੱਤਰḔ ਧਰਮਿੰਦਰ ਨੇ ਹੱਦ ਹੀ ਕਰ ਦਿੱਤੀ। ਇਸ ਵਾਰ ਉਸ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਉਸ ਦੀ ਜ਼ਿੰਦਗੀ ਵਿਚ ਤਾਂ ਬਥੇਰੀਆਂ ਮੀਨਾ ਕੁਮਾਰੀਆਂ ਆਈਆਂ ਤੇ ਗਈਆਂ ਹਨ, ਇਨ੍ਹਾਂ ਵਿਚੋਂ ਕਿਹੜੀਆਂ-ਕਿਹੜੀਆਂ ਨੂੰ ਕੋਈ ਯਾਦ ਰੱਖੇ?
ਦਰਅਸਲ, ਪਿਛਲੇ ਦਿਨੀਂ ਜਲੰਧਰ ਵਿਖੇ ਇਕ ਮਿਲਣੀ ਦੌਰਾਨ ਜਦੋਂ ਪੱਤਰਕਾਰਾਂ ਨੇ ਧਰਮ ਸਿੰਘ ਦਿਓਲ ਉਰਫ ਧਰਮਿੰਦਰ ਨੂੰ ਯਾਦ ਕਰਵਾਇਆ ਕਿ ਉਸ ਦੀ ਮੁੱਢਲੇ ਦੌਰ ਦੀ ਸਫਲਤਾ ਵਿਚ ਮੀਨਾ ਕੁਮਾਰੀ ਨੇ ਅਹਿਮ ਰੋਲ ਨਿਭਾਇਆ ਸੀ, ਤਾਂ ਉਸ ਨੇ ਉਪਰੋਕਤ ਜਵਾਬ ਦੇ ਦਿੱਤਾ। ਦੱਸਣਾ ਜ਼ਰੂਰੀ ਹੈ ਕਿ ਮੀਨਾ ਕੁਮਾਰੀ ਨਾਲ 1966 ਵਿਚ ਆਈ ਉਸ ਦੀ ਫਿਲਮ Ḕਫੂਲ ਔਰ ਪੱਥਰḔ ਨਾਲ ਹੀ ਫਿਲਮੀ ਦੁਨੀਆਂ ਵਿਚ ਧਰਮਿੰਦਰ ਦੀ ਗੁੱਡੀ ਚੜ੍ਹੀ ਸੀ। ਉਨ੍ਹਾਂ ਦਿਨਾਂ ਵਿਚ ਉਹ ਮੀਨਾ ਕੁਮਾਰੀ ਨੂੰ ਡੁੱਬ ਕੇ ਪਿਆਰ ਵੀ ਕਰਦਾ ਸੀ, ਪਰ ਬਾਅਦ ਵਿਚ ਉਸ ਨੇ ਅਦਾਕਾਰਾ ਹੇਮਾ ਮਾਲਿਨੀ ਖਾਤਰ ਮੀਨਾ ਕੁਮਾਰੀ ਨੂੰ ਸਦਾ-ਸਦਾ ਲਈ ਅਲਵਿਦਾ ਆਖ ਦਿੱਤੀ। ਕਹਿੰਦੇ ਹਨ ਕਿ ਮੀਨਾ ਕੁਮਾਰੀ ਇਸ ਦਰਦ ਵਿਚ ਵਿਲਕਦੀ ਪਹਿਲਾਂ ਨਾਲੋਂ ਵੀ ਵੱਧ ਸ਼ਰਾਬ ਪੀਣ ਲੱਗ ਪਈ ਅਤੇ ਆਖਰਕਾਰ 39 ਕੁ ਸਾਲ ਦੀ ਉਮਰ ਵਿਚ ਇਸ ਦੁਨੀਆਂ ਤੋਂ ਰੁਖਸਤ ਹੋ ਗਈ।
ਪ੍ਰਸਿੱਧ ਪੱਤਰਕਾਰ ਵਿਨੋਦ ਮਹਿਤਾ ਨੇ ਮੀਨਾ ਕੁਮਾਰੀ ਦੀ ਮੌਤ ਤੋਂ ਬਾਅਦ 1974 ਉਸ ਦੀ ਜੀਵਨੀ ਲਿਖੀ ਸੀ। ਵਿਨੋਦ ਮਹਿਤਾ ਨੇ ਵੀ ਇਹ ਗੱਲ ਨੋਟ ਕੀਤੀ ਹੈ ਕਿ ਮੀਨਾ ਕੁਮਾਰੀ ਦੀ ਜ਼ਿੰਦਗੀ ਵਿਚ ਜਿੰਨੇ ਵੀ ਲੋਕ ਆਏ, ਉਨ੍ਹਾਂ ਨੇ ਮੀਨਾ ਕੁਮਾਰੀ ਦੀ ਮਿਕਨਾਤੀਸੀ ਸ਼ਖਸੀਅਤ ਅਤੇ ਸ਼ਾਇਰਾਨਾ ਅੰਦਾਜ਼ ਦੀ ਰੱਜ ਕੇ ਤਾਰੀਫ ਕੀਤੀ। ਵਿਨੋਦ ਮਹਿਤਾ ਮੁਤਾਬਕ, ਮੀਨਾ ਕੁਮਾਰੀ ਦੀ ਜ਼ਿੰਦਗੀ ਵਿਚ ਆਏ ਲੋਕਾਂ ਵਿਚੋਂ ਇਕੱਲਾ ਧਰਮਿੰਦਰ ਹੀ ਅਜਿਹਾ ਸ਼ਖਸ ਹੋਇਆ ਹੈ ਜੋ ਮੀਨਾ ਕੁਮਾਰੀ ਬਾਰੇ ਗੱਲ ਕਰਨ ਲਈ ਤਿਆਰ ਨਹੀਂ। ਯਾਦ ਰਹੇ ਕਿ ਜਦੋਂ ਧਰਮਿੰਦਰ ਨੇ ਮੀਨਾ ਕੁਮਾਰੀ ਨਾਲ ਫਿਲਮ Ḕਮੈਂ ਭੀ ਲੜਕੀ ਹੂੰḔ ਅਤੇ ḔਪੂਰਨਿਮਾḔ ਸਾਈਨ ਕੀਤੀਆਂ ਸਨ ਤਾਂ ਮੀਨਾ ਕੁਮਾਰੀ ਆਪਣੇ ਕਰੀਅਰ ਦੀ ਸਿਖਰ ਉਤੇ ਸੀ ਅਤੇ ਧਰਮਿੰਦਰ ਦੀ ਗੱਡੀ ਫਿਲਮ ਜਗਤ ਵਿਚ ਅਜੇ ਰੁੜ੍ਹੀ ਨਹੀਂ ਸੀ, ਪਰ ਮੀਨਾ ਕੁਮਾਰੀ ਨੇ ਇਕ ਨਵੇਂ ਅਤੇ ਅਸਫਲ ਕਲਾਕਾਰ ਨਾਲ ਕੰਮ ਕਰਨਾ ਵੀ ਸਵੀਕਾਰ ਕੀਤਾ। ਇਹੀ ਨਹੀਂ, ਫਿਲਮ ਦੇ ਸੈਟਾਂ ਉਤੇ ਉਸ ਨੇ ਜਿੰਨੀ ਮਦਦ ਧਰਮਿੰਦਰ ਦੀ ਕੀਤੀ ਅਤੇ ਇਕ-ਇਕ ਕਰ ਕੇ ਉਸ ਦੀਆਂ ਕਮਜ਼ੋਰੀਆਂ ਦੂਰ ਕਰਵਾਈਆਂ, ਇੰਨੀ ਕੁਰਬਾਨੀ ਸ਼ਾਇਦ ਹੀ ਕਿਸੇ ਨੇ ਉਸ ਦਾ ਕਰੀਅਰ ਬਣਾਉਣ ਵਿਚ ਕੀਤੀ ਹੋਵੇਗੀ। ਇਹ ਅਕਸਰ ਕਿਹਾ ਜਾਂਦਾ ਹੈ ਕਿ ਮੀਨਾ ਕੁਮਾਰੀ ਮਰਦ ਅਦਾਕਾਰਾਂ ਵੱਲ ਕੁਝ ਵਧੇਰੇ ਹੀ ਖਿੱਚੀ ਜਾਂਦੀ ਸੀ; ਪਰ ਇਸ ਰਿਸ਼ਤੇ ਬਾਰੇ ਮੀਨਾ ਕੁਮਾਰੀ ਨੇ ਜੋ ਗੰਭੀਰਤਾ ਦਿਖਾਈ ਸੀ, ਸ਼ਾਇਦ ਧਰਮਿੰਦਰ ਨੇ ਉਹ ਨਹੀਂ ਦਿਖਾਈ। ਉਸ ਨੇ ਬੱਸ ਆਪਣੇ ਕਰੀਅਰ ਦੀ ਸਫਲਤਾ ਤੱਕ ਹੀ ਉਸ ਨਾਲ ਸਾਂਝ ਰੱਖੀ। ਹੋਰ ਤਾਂ ਹੋਰ ਮੀਨਾ ਕੁਮਾਰੀ ਦੀ ਮੌਤ ਤੋਂ ਬਾਅਦ ਤਾਂ ਉਸ ਨੇ ਆਪਣੀ ਜ਼ਿੰਦਗੀ ਦੇ ਇਸ ਹਿੱਸੇ ਉਤੇ ਲਕੀਰ ਹੀ ਫੇਰ ਦਿੱਤੀ। Ḕਮੈਂ ਭੀ ਲੜਕੀ ਹੂੰḔ ਤੇ ḔਪੂਰਨਿਮਾḔ ਤੋਂ ਇਲਾਵਾ ਧਰਮਿੰਦਰ ਅਤੇ ਮੀਨਾ ਕੁਮਾਰੀ ਦੀਆਂ ਜਿਹੜੀਆਂ ਹੋਰ ਫਿਲਮਾਂ ਆਈਆਂ, ਉਨ੍ਹਾਂ ਵਿਚ ḔਕਾਜਲḔ, Ḕਫੂਲ ਔਰ ਪੱਥਰḔ, Ḕਮਝਲੀ ਦੀਦੀḔ, Ḕਚੰਦਨ ਕਾ ਪਾਲਨਾḔ ਅਤੇ Ḕਬਹਾਰੋਂ ਕੀ ਮੰਜ਼ਲḔ ਸ਼ਾਮਲ ਹਨ। ਮੀਨਾ ਕੁਮਾਰੀ ਨੂੰ ਲੋਕ ਉਹਦੀਆਂ ਫਿਲਮਾਂ ਤੇ ਅਦਾਕਾਰੀ ਕਰ ਕੇ ਹੀ ਨਹੀਂ, ਉਸ ਦੀ ਸ਼ਾਇਰੀ ਕਰ ਕੇ ਯਾਦ ਕਰਦੇ ਹਨ। ਬੱਸ! ਇਕ Ḕਪੰਜਾਬ ਦੇ ਪੁੱਤਰḔ ਧਰਮਿੰਦਰ ਨੂੰ ਛੱਡ ਕੇ!