ਮਿਸਾਲੀ ਸ਼ਖ਼ਸ ਸਟੀਫਨ ਹਾਕਿੰਗ ਅਤੇ ਉਨ੍ਹਾਂ ਦੀ ਪਤਨੀ ਜੇਨ ਵਾਈਲਡ ਹਾਕਿੰਗ ਦੀ ਰੁਮਾਂਟਿਕ ਜ਼ਿੰਦਗੀ ਬਾਰੇ ਫਿਲਮ Ḕਦਿ ਥਿਊਰੀ ਆਫ ਐਵਰੀਥਿੰਗḔ ਹਾਲ ਹੀ ਵਿਚ ਰਿਲੀਜ਼ ਹੋਈ ਹੈ। ਇਹ ਫਿਲਮ ਫਿਲਮਸਾਜ਼ ਜੇਮਸ ਮਾਰਸ਼ਲ ਨੇ ਬਣਾਈ ਹੈ ਅਤੇ ਇਸ ਦੀ ਪਟਕਥਾ ਐਂਥਨੀ ਮੈਕਕਾਟਨ ਨੇ ਲਿਖੀ ਹੈ।
ਇਹ ਫਿਲਮ ਸੰਸਾਰ ਪ੍ਰਸਿੱਧ ਵਿਗਿਆਨੀ ਸਟੀਫਨ ਹਾਕਿੰਗ ਦੀ ਪਤਨੀ ਜੇਨ ਵਲੋਂ ਆਪਣੇ ਪਤੀ ਬਾਰੇ ਲਿਖੀਆਂ ਯਾਦਾਂ Ḕਟਰੈਵਲਿੰਗ ਟੂ ਇਨਫਾਈਨਿਟੀ: ਮਾਈ ਲਾਈਫ ਵਿਦ ਸਟੀਫਨḔ ਉਤੇ ਆਧਾਰਤ ਹੈ। ਇਹ ਕਿਤਾਬ ਪਹਿਲਾਂ Ḕਮਿਊਜ਼ਿਕ ਟੂ ਮੂਵ ਦਿ ਸਟਾਰਜ਼: ਏ ਲਾਈਫ ਵਿਦ ਸਟੀਫਨḔ ਦਾ ਅੱਪਡੇਟ ਹੀ ਹੈ। ਜੇਨ ਨੇ ਪਹਿਲੀ ਕਿਤਾਬ 1999 ਅਤੇ ਦੂਜੀ 2008 ਵਿਚ ਛਪਵਾਈ ਸੀ।
ਸਟੀਫਨ ਹਾਕਿੰਗ ਦੀ ਲਿਖੀ ਕਿਤਾਬ Ḕਬਰੀਫ ਹਿਸਟਰੀ ਆਫ ਟਾeਮੀਜ਼Ḕ ਹੁਣ ਤੱਕ ਲੱਖਾਂ ਦੀ ਗਿਣਤੀ ਵਿਚ ਵਿਕ ਚੁੱਕੀ ਹੈ। ਇਹ ਕਿਤਾਬ Ḕਸੰਡੇ ਟਾਈਮਜ਼Ḕ ਦੀ Ḕਬੈਸਟ ਸੇਲਰ ਲਿਸਟḔ ਵਿਚ ਲਗਾਤਾਰ 237 ਹਫਤੇ ਪਹਿਲੇ ਸਥਾਨ ਉਤੇ ਰਹੀ ਸੀ। ਅੱਜ ਵੀ ਇਸ ਕਿਤਾਬ ਦੀ ਵਿਕਰੀ ਉਤੇ ਕੋਈ ਅਸਰ ਨਹੀਂ ਪਿਆ, ਇਹ ਧੜਾ-ਧੜ ਵਿਕ ਰਹੀ ਹੈ ਅਤੇ ਇਸ ਨੂੰ ਹਰ ਵਰਗ ਤੇ ਉਮਰ ਨਾਲ ਸਬੰਧਤ ਲੋਕ ਖਰੀਦ ਰਹੇ ਹਨ। ਇਸ ਦੇ ਅਣਗਿਣਤ ਅਡੀਸ਼ਨ ਛਪ ਚੁੱਕੇ ਹਨ ਅਤੇ ਲੋਕ ਆਪਣੇ ਮਿੱਤਰ-ਪਿਆਰਿਆਂ ਨੂੰ ਸਟੀਫਨ ਦੀ ਇਹ ਰਚਨਾ ਤੋਹਫੇ ਵਜੋਂ ਦਿੰਦੇ ਹਨ। ਸਟੀਫਨ ਭਿਅੰਕਰ ਬਿਮਾਰੀ ਦੇ ਬਾਵਜੂਦ ਅੱਜ ਵੀ ਵਿਗਿਆਨ ਦੇ ਖੇਤਰ ਵਿਚ ਯੋਗਦਾਨ ਪਾ ਰਿਹਾ ਹੈ। ਉਹ ਅੱਜ ਕੱਲ੍ਹ ਭਾਵੇਂ ਵਿਗਿਆਨ ਦੀਆਂ ਕਾਢਾਂ ਕਰ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਅਤੇ ਇਸ ਵਿਗਿਆਨ ਕਰ ਕੇ ਹੀ ਅੱਜ ਦੁਨੀਆਂ ਉਸ ਨੂੰ ਸਮਝ ਰਹੀ ਹੈ, ਪਰ ਉਸ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਦੀ ਮਸਨੂਈ (ਨਕਲੀ) ਜਾਣਕਾਰੀ ਅੱਜ ਕੱਲ੍ਹ ਹਰ ਥਾਂ ਤੁਰਤ-ਫੁਰਤ ਮੁਹੱਈਆ ਹੋ ਰਹੀ ਹੈ, ਉਹ ਬੰਦੇ ਦੀ ਸੋਚ ਨੂੰ ਖੁੰਢਾ ਕਰ ਰਹੀ ਹੈ। ਹਾਲ ਹੀ ਵਿਚ ਉਹ ਨੇ ਚਿਤਾਵਨੀ ਦਿੱਤੀ ਹੈ ਕਿ ਕੰਪਿਊਟਰ ਦੇ ਯੁੱਗ ਵਿਚ ਇਹ ਨਕਲੀ ਜਾਣਕਾਰੀ ਮਨੁੱਖੀ ਨਸਲ ਦੀ ਹੋਂਦ ਉਤੇ ਹੀ ਸਵਾਲੀਆ ਨਿਸ਼ਾਨ ਲਾ ਰਹੀ ਹੈ। ਸਟੀਫਨ ਦੇ ਇਸ ਬਿਆਨ ਤੋਂ ਬਾਅਦ ਅੱਜ ਕੱਲ੍ਹ ਇਸ ਸਵਾਲ ਉਤੇ ਸੰਸਾਰ ਭਰ ਵਿਚ ਨਵੀਂ ਬਹਿਸ ਛਿੜ ਗਈ ਹੈ। ਅਸਲ ਵਿਚ ਇਹੀ ਹੈ ਸਟੀਫਨ ਹਾਕਿੰਗ ਦਾ ਖਾਸਾ ਜੋ ਕੁਰਸੀ ਉਤੇ ਪਿਆ-ਪਿਆ ਵੀ ਉਹ ਸੋਚ ਦਾ ਦੀਵਾ ਬਲਦਾ ਰੱਖ ਰਿਹਾ ਹੈ। ਸਟੀਫਨ ਦੀ ਇਸ ਹਿੰਮਤ ਤੇ ਹੌਸਲੇ ਨੂੰ ਸੰਸਾਰ ਭਰ ਤੋਂ ਸਲਾਮਾਂ ਮਿਲ ਰਹੀਆਂ ਹਨ। ਉਹ ਦਾ ਸਪਸ਼ਟ ਆਖਣਾ ਹੈ ਕਿ ਬੰਦਾ ਇਸ ਨਕਲੀ ਜਾਣਕਾਰੀ ਉਤੇ ਜਿੰਨਾ ਵੱਧ ਨਿਰਭਰ ਕਰ ਰਿਹਾ ਹੈ, ਇਸ ਦੇ ਅੰਦਰੋਂ ਉਤਨੀ ਦੀ ਸਿਰਜਣਾਤਮਿਕਤਾ ਖਤਮ ਹੋ ਰਹੀ ਹੈ।
ਸਟੀਫਨ ਨਾਲ ਜੁੜੇ ਅਜਿਹੇ ਬਹੁਤ ਸਾਰੇ ਕਿੱਸੇ ਹਨ ਜੋ ਫਿਲਮ ਵਿਚ ਦਿਖਾਏ ਗਏ ਹਨ। ਫਿਲਮ ਦਾ ਮੁੱਖ ਹਿੱਸਾ ਜੇਨ ਤੇ ਸਟੀਫਨ ਦਾ ਪਿਆਰ ਅਤੇ ਫਿਰ ਵਿਛੋੜਾ ਹੈ। ਉਹ ਕੈਂਬਰਿਜ ਵਿਚ ਇਕੱਠੇ ਪੜ੍ਹਦੇ ਸਨ ਜਦੋਂ ਇਕ-ਦੂਜੇ ਦੇ ਨੇੜੇ ਆਏ। ਇਸ ਜੋੜੀ ਦੇ ਘਰ ਤਿੰਨ ਬੱਚਿਆਂ ਨੇ ਜਨਮ ਲਿਆ। ਇਨ੍ਹਾਂ ਵਿਚੋਂ ਵਿਚਕਾਰਲੀ, ਬੇਟੀ ਲੂਸੀ ਹਾਕਿੰਗ ਪੱਤਰਕਾਰ ਅਤੇ ਨਾਵਲਕਾਰ ਹੈ। ਜੇਨ ਅਸਲ ਵਿਚ ਸਟੀਫਨ ਦੀ ਭੈਣ ਦੀ ਸਹੇਲੀ ਸੀ। ਦੋਵਾਂ ਦੀ ਮੰਗਣੀ ਅਕਤੂਬਰ 1964 ਨੂੰ ਹੋਈ ਅਤੇ ਦੋਵੇਂ 14 ਜੁਲਾਈ 1965 ਨੂੰ ਵਿਆਹ ਦੇ ਬੰਧਨ ਵਿਚ ਬੱਝ ਗਏ। ਜਦੋਂ ਸਟੀਫਨ ਨੂੰ ਬਿਮਾਰੀ ਨੇ ਆਣ ਘੇਰਿਆ ਤਾਂ ਜੇਨ ਨੇ ਉਸ ਦਾ ਡਟ ਕੇ ਸਾਥ ਦਿੱਤਾ।
ਫਿਰ ਸਟੀਫਨ ਦੀ ਨੇੜਤਾ ਆਪਣੀ ਨਰਸ ਈਲੇਨ ਨਾਲ ਹੋ ਗਈ ਅਤੇ ਉਸ ਨੇ ਹੌਲੀ-ਹੌਲੀ ਜੇਨ ਵਲੋਂ ਧਿਆਨ ਘਟਾ ਦਿੱਤਾ। ਇਹ ਦੂਰੀਆਂ ਇੰਨੀਆਂ ਵਧੀਆਂ ਕਿ ਦੋਵੇਂ 1990 ਵਿਚ ਇਕ-ਦੂਜੇ ਤੋਂ ਵੱਖ ਹੋ ਗਏ ਅਤੇ 5 ਸਾਲ ਬਾਅਦ ਉਨ੍ਹਾਂ ਦਾ ਤਲਾਕ ਲੈ ਲਿਆ। ਉਂਜ ਜੇਨ ਸਿਹਤ ਦੇ ਮਾਮਲਿਆਂ ਵਿਚ ਅੱਜ ਤੱਕ ਉਸ ਦਾ ਸਾਥ ਨਿਭਾਅ ਰਹੀ ਹੈ। ਤਲਾਕ ਤੋਂ 5 ਸਾਲ ਬਾਅਦ ਜੇਨ ਨੇ ਸੰਗੀਤਕਾਰ ਅਤੇ ਪਰਿਵਾਰ ਦੇ ਇਕ ਜਾਣੂੰ ਜੋਨਾਥਨ ਜੋਨ ਨਾਲ ਵਿਆਹ ਕਰਵਾ ਲਿਆ। ਮਗਰੋਂ ਹਾਕਿੰਗ ਨੇ ਵੀ ਈਲੇਨ ਨਾਲ 2006 ਵਿਚ ਵਿਆਹ ਕਰਵਾ ਲਿਆ। ਛੇਤੀ ਹੀ ਬਾਅਦ ਦੋਹਾਂ ਵਿਚਕਾਰ ਤਕਰਾਰ ਦੇ ਕਿੱਸੇ ਦੁਨੀਆਂ ਸਾਹਮਣੇ ਆ ਗਏ। ਉਂਜ, ਇਹ ਕਿੱਸੇ ਫਿਲਮ ਦਾ ਹਿੱਸਾ ਨਹੀਂ ਹਨ। ਫਿਲਮ ਕਿਉਂਕਿ ਜੇਨ ਦੀ ਕਿਤਾਬ ਉਤੇ ਆਧਾਰਤ ਹੈ, ਇਸ ਲਈ ਫਿਲਮ ਦੀ ਤਕਰੀਬਨ ਸਾਰੀ ਕਹਾਣੀ ਜੇਨ ਅਤੇ ਸਟੀਫਨ ਦੁਆਲੇ ਘੁੰਮਦੀ ਹੈ। ਵੈਸੇ ਵੀ ਦੂਜੀ ਪਤਨੀ ਨਾਲ ਤਕਰਾਰ ਤੋਂ ਬਾਅਦ ਸਟੀਫਨ ਨੇ ਜੇਨ, ਆਪਣੇ ਬੱਚਿਆਂ ਅਤੇ ਦੋਹਤੇ-ਦੋਹਤੀਆਂ ਨਾਲ ਨੇੜਤਾ ਫਿਰ ਵਧਾ ਲਈ। ਅਸਲ ਵਿਚ ਇਹੀ ਸਟੀਫਨ ਦੀ ਜ਼ਿੰਦਗੀ ਦੀ ਅਹਿਮ ਗੱਲ ਹੈ; ਉਹ ਅੰਤਾਂ ਦਾ ਬਿਮਾਰ ਹੋਣ ਦੇ ਬਾਵਜੂਦ ਆਮ ਬੰਦੇ ਵਾਂਗ ਵਿਚਰਦਾ ਹੈ।
-ਗੁਰਬਖਸ਼ ਸਿੰਘ ਸੋਢੀ