ਤੀਜੇ ਵਿਸ਼ਵ ਕਬੱਡੀ ਕੱਪ ਦੀ ਗੱਲ ਕਰਦਿਆਂ

ਪ੍ਰਿੰæ ਸਰਵਣ ਸਿੰਘ
ਪੰਜਾਬ ਸਰਕਾਰ ਵੱਲੋਂ ਵੱਡੀ ਪੱਧਰ ‘ਤੇ ਪ੍ਰਚਾਰੇ ਗਏ ਅਤੇ ਪਹਿਲੀ ਦਸੰਬਰ ਨੂੰ ਸ਼ੁਰੂ ਹੋਏ ਤੀਜੇ ਵਿਸ਼ਵ ਕਬੱਡੀ ਕੱਪ ਦੇ ਮੈਚ ਫਾਈਨਲ ਗੇੜ ਵਿਚ ਪਹੁੰਚ ਚੁੱਕੇ ਹਨ। ਸੈਮੀ ਫਾਈਨਲ ਮੈਚਾਂ ਦਾ ਨਿਤਾਰਾ ਹੋ ਗਿਆ ਹੈ। ਪਹਿਲੇ ਦੂਜੇ ਤੇ ਤੀਜੇ ਚੌਥੇ ਸਥਾਨ ਲਈ ਮੈਚ ਨਿਸ਼ਚਿਤ ਹੋ ਚੁੱਕੇ ਹਨ। ਕੁਲ ਦੁਨੀਆਂ ਵਿਚ ਖਿਲਰੇ ਪੰਜਾਬੀ ਕਬੱਡੀ ਦੀ ਖੇਡ ਵਿਚ ਦਿਲਚਸਪੀ ਲੈ ਰਹੇ ਹਨ। ਚਲਦੇ ਮੈਚਾਂ ਦੀ ਟੀ ਵੀ ਕਵਰੇਜ਼ ਨੇ ਕਬੱਡੀ ਦੇਸ਼-ਵਿਦੇਸ਼ ਵਿਚ ਘਰੋ-ਘਰ ਪੁਚਾ ਦਿੱਤੀ ਹੈ। 15 ਦਸੰਬਰ ਨੂੰ ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ਵਿਚ ਪਤਾ ਲੱਗ ਜਾਵੇਗਾ ਕਿ ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਭਾਰਤ ਦੀ ਟੀਮ ਜਿੱਤਦੀ ਹੈ ਜਾਂ ਪਾਕਿਸਤਾਨ ਦੀ? 13 ਦਸੰਬਰ ਨੂੰ ਪਤਾ ਲੱਗੇਗਾ ਕਿ ਤੀਜੇ ਥਾਂ ਕੈਨੇਡਾ ਦੀ ਟੀਮ ਆਉਂਦੀ ਹੈ ਜਾਂ ਇਰਾਨ ਦੀ? ਪਹਿਲੇ ਕਬੱਡੀ ਕੱਪ ਦਾ ਇਕ ਕਰੋੜ ਰੁਪਏ ਦਾ ਪਹਿਲਾ ਇਨਾਮ ਭਾਰਤ ਦੀ ਟੀਮ ਨੇ ਜਿੱਤਿਆ ਸੀ ਤੇ 50 ਲੱਖ ਦਾ ਦੂਜਾ ਇਨਾਮ ਪਾਕਿਸਤਾਨ ਦੀ ਟੀਮ ਨੇ। ਦੂਜੇ ਕਬੱਡੀ ਕੱਪ ਦਾ ਦੋ ਕਰੋੜ ਦਾ ਇਨਾਮ ਫਿਰ ਭਾਰਤ ਦੀ ਟੀਮ ਨੇ ਜਿੱਤਿਆ ਜਦ ਕਿ ਇਕ ਕਰੋੜ ਦਾ ਦੂਜਾ ਇਨਾਮ ਕੈਨੇਡਾ ਦੀ ਟੀਮ ਨੇ। ਐਤਕੀਂ ਕੈਨੇਡਾ ਦੀ ਟੀਮ ਪਹਿਲੇ ਤੇ ਦੂਜੇ ਕੱਪਾਂ ਵਿਚਲੀਆਂ ਟੀਮਾਂ ਦੇ ਮੁਕਾਬਲੇ ਹਲਕੀ ਹੈ।
ਪਹਿਲੇ ਕਬੱਡੀ ਕੱਪ ਵਿਚ 9 ਮੁਲਕਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ ਤੇ ਦੂਜੇ ਕੱਪ ਵਿਚ 14 ਮੁਲਕਾਂ ਦੀਆਂ ਟੀਮਾਂ ਨੇ। ਦੂਜੇ ਕੱਪ ਸਮੇਂ ਔਰਤਾਂ ਦਾ ਕਬੱਡੀ ਕੱਪ ਵੀ ਕਰਾਇਆ ਗਿਆ ਜਿਸ ਵਿਚ 5 ਮੁਲਕਾਂ ਦੀਆਂ ਟੀਮਾਂ ਸ਼ਾਮਲ ਹੋਈਆਂ। ਕੱਪ ਭਾਰਤੀ ਟੀਮ ਨੇ ਜਿੱਤਿਆ। ਕੁੜੀਆਂ ਦਾ ਕੱਪ ਐਤਕੀਂ ਵੀ ਭਾਰਤ ਦੀ ਟੀਮ ਜਿੱਤੇਗੀ। ਤੀਜੇ ਕੱਪ ਵਿਚ ਮਰਦਾਂ ਦੀਆਂ 15 ਤੇ ਔਰਤਾਂ ਦੀਆਂ 7 ਟੀਮਾਂ ਖੇਡੀਆਂ ਹਨ। ਇਨ੍ਹਾਂ ਵਿਚ ਇਕ ਟੀਮ ਆਸਟ੍ਰੇਲੀਆ ਮਹਾਂਦੀਪ ਦੀ ਹੈ, 2 ਟੀਮਾਂ ਅਫਰੀਕਾ, 5 ਅਮਰੀਕਾ ਮਹਾਂਦੀਪ, 7 ਯੂਰਪ ਦੀਆਂ ਅਤੇ 7 ਏਸ਼ੀਆ ਦੀਆਂ ਹਨ। ਭਾਵੇਂ ਘੱਟ ਗਿਣਤੀ ਵਿਚ ਹੀ ਸਹੀ ਪਰ ਹੁਣ ਕਬੱਡੀ ਕੁਝ ਗੋਰੇ ਤੇ ਕਾਲੇ ਖਿਡਾਰੀ ਵੀ ਖੇਡਣ ਲੱਗ ਪਏ ਹਨ। ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ ਜਿਸ ਨੇ ਪੰਜਾਬੀਆਂ ਦੀ ਦੇਸੀ ਖੇਡ ਕਬੱਡੀ ਦਾ ਦਾਇਰਾ ਖੁੱਲ੍ਹਾ ਕੀਤਾ ਹੈ। ਹੁਣ ਲੋੜ ਹੈ ਦਾਇਰੇ ਵਾਲੀ ਕਬੱਡੀ ਨੂੰ ਭਾਰਤ ਦੀਆਂ ਕੌਮੀ ਖੇਡਾਂ, ਏਸ਼ਿਆਈ ਖੇਡਾਂ ਤੇ ਕਾਮਨਵੈਲਥ ਖੇਡਾਂ ਦਾ ਅੰਗ ਬਣਾਇਆ ਜਾਵੇ ਅਤੇ ਉਲੰਪਿਕ ਖੇਡਾਂ ਵੱਲ ਵਧਿਆ ਜਾਵੇ।
ਇਹ ਤਦ ਹੀ ਸੰਭਵ ਹੋਵੇਗਾ ਜੇ ਦਾਇਰੇ ਵਾਲੀ ਕਬੱਡੀ ਨੂੰ ਵਰਗਾਕਾਰ ਕਬੱਡੀ ਦੇ ਗ਼ਲਬੇ ਤੋਂ ਆਜ਼ਾਦ ਕੀਤਾ ਜਾਵੇ। ਹਾਲੇ ਦਾਇਰੇ ਵਾਲੀ ਕਬੱਡੀ ਨੂੰ ਵਰਗਾਕਾਰ ਕਬੱਡੀ ਦਾ ਇਕ ਅੰਗ ਹੀ ਮੰਨਿਆ ਜਾ ਰਿਹੈ। ਵਰਗਾਕਾਰ ਯਾਨਿ ਨੈਸ਼ਨਲ ਸਟਾਈਲ ਕਬੱਡੀ ਕਈ ਸਾਲਾਂ ਤੋਂ ਏਸ਼ਿਆਈ ਖੇਡਾਂ ਵਿਚ ਖੇਡੀ ਜਾ ਰਹੀ ਹੈ ਜਦ ਕਿ ਦਾਇਰੇ ਵਾਲੀ ਕਬੱਡੀ ਹਾਲੇ ਤਕ ਏਸ਼ਿਆਈ ਖੇਡਾਂ ਦਾ ਅੰਗ ਨਹੀਂ ਬਣ ਸਕੀ। ਇਹਦੇ ਲਈ ਲੋੜ ਹੈ ਕਿ ਦਾਇਰੇ ਵਾਲੀ ਕਬੱਡੀ ਦੀ ਅਮਲੀ ਰੂਪ ਵਿਚ ਕੌਮਾਂਤਰੀ ਕਬੱਡੀ ਫੈਡਰੇਸ਼ਨ ਤੇ ਏਸ਼ੀਆ ਕਬੱਡੀ ਫੈਡਰੇਸ਼ਨ ਬਣੇ ਜੋ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਤੋਂ ਮਾਨਤਾ ਲਵੇ। ਕਬੱਡੀ ਦੇ ਵਿਸ਼ਵ ਕੱਪ ਅੰਤਰਰਾਸ਼ਟਰੀ ਕਬੱਡੀ ਫੈਡਰੇਸ਼ਨ ਦੀ ਨਿਗਰਾਨੀ ਵਿਚ ਕਰਾਉਣੇ ਹੀ ਉਚਿਤ ਹਨ। ਵਿਸ਼ਵ ਕੱਪ ਕਦੇ ਭਾਰਤ, ਪਾਕਿਸਤਾਨ, ਕੈਨੇਡਾ, ਅਮਰੀਕਾ, ਇੰਗਲੈਂਡ ਤੇ ਕਦੇ ਕਿਸੇ ਹੋਰ ਮੁਲਕ ਵਿਚ ਹੋਣ। ਵੱਖ ਵੱਖ ਦੇਸ਼ਾਂ ਵਿਚ ਕਬੱਡੀ ਦੀਆਂ ਦੇਸ਼ ਪੱਧਰ ‘ਤੇ ਨੈਸ਼ਨਲ ਕਬੱਡੀ ਫੈਡਰੇਸ਼ਨਾਂ ਬਣਨ। ਕਬੱਡੀ ਤਦ ਹੀ ਸਹੀ ਅਰਥਾਂ ਵਿਚ ਕੌਮਾਂਤਰੀ ਖੇਡ ਮੰਨੀ ਜਾਵੇਗੀ।
ਕਹਿਣ ਨੂੰ ਤਾਂ ਦਾਇਰੇ ਵਾਲੀ ਕਬੱਡੀ ਬਹੁਤ ਸਾਰੇ ਮੁਲਕਾਂ ਦੀ ਖੇਡ ਬਣ ਗਈ ਹੈ ਪਰ ਅਸਲੀਅਤ ਇਹ ਹੈ ਕਿ ਬਹੁਤੇ ਮੁਲਕਾਂ ਵਿਚ ਪੰਜਾਬੀ ਮੂਲ ਦੇ ਖਿਡਾਰੀ ਹੀ ਕਬੱਡੀ ਖੇਡਦੇ ਹਨ। ਉਨ੍ਹਾਂ ਵਿਚ ਵੀ ਬਹੁਤੇ ਪੰਜਾਬ ਤੋਂ ਮੰਗਾਏ ਗਏ ਹੁੰਦੇ ਹਨ। ਵਿਦੇਸ਼ਾਂ ਦੇ ਜੰਮਪਲ ਪੰਜਾਬੀ ਖਿਡਾਰੀ ਇਕਾ ਦੁੱਕਾ ਹੀ ਹਨ। ਕਾਲੇ ਤੇ ਗੋਰੇ ਖਿਡਾਰੀ ਵੀ ਉਂਗਲਾਂ ‘ਤੇ ਗਿਣਨ ਜੋਗੇ ਹੀ ਹਨ। ਤੀਜੇ ਕਬੱਡੀ ਵਿਸ਼ਵ ਕੱਪ ਵਿਚ ਕੀਨੀਆ, ਸੀਅਰਾ ਲਿਓਨ, ਸਕਾਟਲੈਂਡ, ਅਰਜਨਟੀਨਾ ਤੇ ਅਫ਼ਗ਼ਾਨਿਸਤਾਨ ਆਦਿ ਦੀਆਂ ਟੀਮਾਂ ਲਈ ਗਿਣਤੀ ਦੇ ਖਿਡਾਰੀਆਂ ਨੂੰ ਕਬੱਡੀ ਸਿਖਾ ਕੇ ਦੇਸ਼ਾਂ ਦੀ ਨੁਮਾਇੰਦਗੀ ਕਰਨ ਲਈ ਲਿਆਂਦਾ ਗਿਆ ਹੈ। ਇਹੋ ਕਾਰਨ ਹੈ ਕਿ ਤਕੜੀਆਂ-ਮਾੜੀਆਂ ਟੀਮਾਂ ਕਾਰਨ ਬਹੁਤੇ ਮੈਚ ਇਕਪਾਸੜ ਰਹੇ ਹਨ। ਬਰਾਬਰ ਦੇ ਫਸਵੇਂ ਮੈਚ ਸਿਰਫ਼ ਦੋ-ਚਾਰ ਹੀ ਹੋਏ ਹਨ। ਪੂਲ ਮੈਚਾਂ ਵਿਚ ਅਮਰੀਕਾ ਬਨਾਮ ਇਰਾਨ ਅਤੇ ਕੈਨੇਡਾ ਬਨਾਮ ਨਾਰਵੇ ਦੀਆਂ ਟੀਮਾਂ ਦੇ ਮੈਚ ਹੀ ਫਸਵੇਂ ਸਨ। ਇੰਗਲੈਂਡ ਦੀ ਟੀਮ ਨੂੰ ਭਾਰਤ ਦੀ ਟੀਮ ਨੇ ਰੋਲ ਦਿੱਤਾ ਤੇ ਇਟਲੀ ਦੀ ਟੀਮ ਨੂੰ ਪਾਕਿਸਤਾਨ ਦੀ ਟੀਮ ਨੇ।
ਕਿਹਾ ਜਾ ਰਿਹਾ ਹੈ ਕਿ ਅਗਲੇ ਵਿਸ਼ਵ ਕੱਪ ਵਿਚ 25 ਮੁਲਕਾਂ ਦੀਆਂ ਟੀਮਾਂ ਲਿਆਂਦੀਆਂ ਜਾਣਗੀਆਂ। ਇਹਦੇ ਨਾਲੋਂ ਬਿਹਤਰ ਰਹੇਗਾ ਕਿ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦਾ ਮਿਆਰ ਰੱਖਿਆ ਜਾਵੇ। ਇਕ ਟੀਮ ਅਫਰੀਕਾ ਮਹਾਂਦੀਪ ਦੀ ਹੋਵੇ, ਇਕ ਆਸਟ੍ਰੇਲੀਆ ਮਹਾਂਦੀਪ ਦੀ, ਦੋ ਅਮਰੀਕਾ ਮਹਾਂਦੀਪ, ਦੋ ਯੂਰਪ ਤੇ ਦੋ ਏਸ਼ੀਆ ਦੀਆਂ ਹੋਣ। ਦੋ ਟੀਮਾਂ ਕਿਸੇ ਵੀ ਮਹਾਂਦੀਪ ‘ਚੋਂ ਕੁਆਲੀਫਾਈ ਕਰਨ। ਟੀਮਾਂ ਭਾਵੇਂ ਦਸ ਹੀ ਹੋਣ ਪਰ ਮੈਚ ਮੁਕਾਬਲੇ ਦੇ ਹੋਣ। ਇਸ ਕੱਪ ਵਿਚ ਇਹ ਵੀ ਵੇਖ ਰਹੇ ਹਾਂ ਕੁਝ ਮੁਲਕਾਂ ਵਿਚ ਕਬੱਡੀ ਪ੍ਰਮੋਟਰਾਂ ਦੀ ਧੜੇਬਾਜ਼ੀ ਕਾਰਨ ਮਾੜੀਆਂ ਟੀਮਾਂ ਕਬੱਡੀ ਕੱਪ ਵਿਚ ਸ਼ਾਮਲ ਹੋਈਆਂ। ਅਮਰੀਕਾ ਦੀ ਮਿਸਾਲ ਸਪੱਸ਼ਟ ਹੈ ਜਿਹੜੀ ਇਰਾਨ ਦੀ ਟੀਮ ਹੱਥੋਂ ਹਾਰੀ। ਅਮਰੀਕਾ ਦੀ ਟੀਮ ਵਿਚ ਇਕ ਧੜੇ ਦੇ ਖਿਡਾਰੀ ਖੇਡੇ ਜਦ ਕਿ ਦੂਜੇ ਧੜੇ ਦੇ ਗ਼ੈਰਹਾਜ਼ਰ ਰਹੇ। ਆਸਟ੍ਰੇਲੀਆ ਦੀ ਟੀਮ ਤਾਂ ਬਣ ਹੀ ਨਹੀਂ ਸਕੀ ਜਦਕਿ ਉਹ ਪਹਿਲਾ ਤੇ ਦੂਜਾ ਕੱਪ ਖੇਡੀ ਸੀ। ਨਾ ਸਪੇਨ ਦੀ ਟੀਮ ਬਣੀ ਤੇ ਨਾ ਜਰਮਨੀ ਦੀ। ਨੇਪਾਲ ਤੇ ਸ੍ਰੀਲੰਕਾ ਦੀਆਂ ਟੀਮਾਂ ਵੀ ਰਹਿ ਗਈਆਂ। ਇਟਲੀ ਤੇ ਕੈਨੇਡਾ ਦੀਆਂ ਟੀਮਾਂ ਵੀ ਪਹਿਲਾਂ ਨਾਲੋਂ ਹਲਕੀਆਂ ਰਹੀਆਂ। ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਹੋਈ।
ਖਿਡਾਰੀਆਂ ਦੇ ਡੋਪ ਟੈਸਟ ਕਰਨ ਲਈ ਨਾਡਾ ਦੀਆਂ ਟੀਮਾਂ ਪਹੁੰਚ ਤਾਂ ਗਈਆਂ ਪਰ ਪਹੁੰਚੀਆਂ ਦੇਰ ਨਾਲ। ਫਿਰ ਵੀ ਜਿਹੜੇ ਖਿਡਾਰੀ ਡੋਪ ਟੈਸਟ ਵਿਚ ਫੇਲ੍ਹ ਹੋਏ ਹੋਣ, ਉਨ੍ਹਾਂ ਦੇ ਨਾਂ ਨਸ਼ਰ ਕਰਨੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਨੂੰ ਦੇਸ਼-ਵਿਦੇਸ਼ ਦਾ ਕੋਈ ਕਲੱਬ ਦੋ ਸਾਲ ਨਾ ਖਿਡਾਵੇ। ਡੋਪ ਟੈਸਟ ਸਮੇਂ ਸਿਰ ਕਰਾਉਣ ਤੇ ਲਗਾਤਾਰ ਪਹਿਰਾ ਦੇਣ ਦੀ ਲੋੜ ਹੈ ਤਦੇ ਹੀ ਕੱਪ ਦਾ ਨਾਹਰਾ ‘ਕਬੱਡੀ ਨੂੰ ਹਾਂ, ਨਸ਼ਿਆਂ ਨੂੰ ਨਾਂਹ’ ਕਾਰਗਰ ਸਾਬਤ ਹੋਵੇਗਾ। ਦੂਜੇ ਕਬੱਡੀ ਕੱਪ ਸਮੇਂ ਭਾਰਤ ਦੇ 21, ਇੰਗਲੈਂਡ ਦੇ 10, ਅਮਰੀਕਾ ਦੇ 8, ਕੈਨੇਡਾ ਦੇ 8, ਸਪੇਨ ਦੇ 7, ਆਸਟ੍ਰੇਲੀਆ ਦੇ 6, ਇਟਲੀ ਦੇ 6, ਨਾਰਵੇ ਦੇ 3, ਪਾਕਿਸਤਾਨ ਦਾ 1, ਜਰਮਨੀ ਦਾ 1 ਤੇ ਅਰਜਨਟੀਨਾ ਦਾ ਵੀ 1 ਖਿਡਾਰੀ ਡੋਪ ਟੈੱਸਟ ਵਿਚ ਫੇਲ੍ਹ ਹੋਏ ਸਨ। ਉਨ੍ਹਾਂ ਵਿਚੋਂ ਬਹੁਤ ਸਾਰੇ ਖਿਡਾਰੀ ਅਮਰੀਕਾ, ਕੈਨੇਡਾ ਤੇ ਯੂਰਪੀ ਮੁਲਕਾਂ ਵਿਚ 2012 ਦਾ ਕਬੱਡੀ ਸੀਜ਼ਨ ਖੇਡਦੇ ਰਹੇ। ਅੱਗੇ ਤੋਂ ਸਾਰੇ ਮੁਲਕਾਂ ਦੇ ਕਬੱਡੀ ਪ੍ਰਮੋਟਰਾਂ ਨੂੰ ਚਾਹੀਦੈ ਕਿ ਉਹ ਡਰੱਗੀ ਖਿਡਾਰੀਆਂ ਨੂੰ ਖਿਡਾਉਣ ਤੋਂ ਪ੍ਰਹੇਜ਼ ਕਰਨ ਤੇ ਸਾਫ ਸੁਥਰੀ ਕਬੱਡੀ ਨੂੰ ਪ੍ਰਮੋਟ ਕਰਨ। ਜਿਹੜੇ ਖਿਡਾਰੀ ਡੋਪੀ ਸਾਬਤ ਹੋਣ ਉਨ੍ਹਾਂ ਦੇ ਨਾਂ ਮੀਡੀਏ ਵਿਚ ਪ੍ਰਚਾਰੇ ਜਾਣ। ਫਿਰ ਜਿਹੜਾ ਕਲੱਬ ਉਨ੍ਹਾਂ ਨੂੰ ਖਿਡਾਵੇ ਉਸ ਦੀ ਕਬੱਡੀ ਪ੍ਰਤੀ ਪਹੁੰਚ ਦਾ ਲੋਕਾਂ ਨੂੰ ਪਤਾ ਲੱਗ ਸਕੇ!

Be the first to comment

Leave a Reply

Your email address will not be published.