ਪੰਜਾਬ ਤੋਂ ਬਿਨਾਂ ਮੈਂ ਹੋਰ ਕਿਸ ਰਾਜ ਬਾਰੇ ਸੋਚਣਾ ਹੈ?

ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ

ਖਾੜਕੂਆਂ ਵੱਲੋਂ ਬਣਾਈ ਗਈ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚੋਂ ਖਾਲਿਸਤਾਨ ਦਾ ਐਲਾਨ ਕਰ ਦਿੱਤਾ। ਇਸ ਐਲਾਨ ਤੋਂ ਬਾਅਦ ‘ਸਰਬੱਤ ਖਾਲਸਾ’ ਜਿਸ ਵਿਚ ਸ਼ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਸਨ, ਦੇ ਮਤਿਆਂ ਦੀ ਲੋਅ ਵਿਚ ਕੰਪਲੈਕਸ ਨੂੰ ਖਾੜਕੂਆਂ ਤੋਂ ਮੁਕਤ ਕਰਵਾਉਣ ਲਈ ਮੁੱਖ ਮੰਤਰੀ ਸ਼ ਸੁਰਜੀਤ ਸਿੰਘ ਬਰਨਾਲਾ ਨੇ ਪੁਲਿਸ ਦਾਖਲ ਕਰਵਾ ਦਿੱਤੀ। ਸ਼ ਬਾਦਲ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਅਤੇ ਆਪਣੇ 22 ਸਾਥੀਆਂ ਨੂੰ ਨਾਲ ਲੈ ਕੇ ਅਕਾਲੀ ਵਿਧਾਇਕ ਦਲ ਵਿਚੋਂ ਨਿਕਲ ਗਏ। ਸਰਕਾਰ ਕਾਂਗਰਸ ‘ਤੇ ਨਿਰਭਰ ਹੋ ਗਈ। ਸ਼ ਬਾਦਲ ਦੀ ਇਸ ਕਾਰਵਾਈ ਦਾ ਤਰਕ ਸਮਝਣ ਲਈ ‘ਪੰਜਾਬੀ ਟ੍ਰਿਬਿਊਨ’ ਵਿਚ ਉਸ ਸਮੇਂ ਦੇ ਸੰਪਾਦਕ ਸ਼ ਗੁਲਜ਼ਾਰ ਸਿੰਘ ਸੰਧੂ ਨੇ ਉਨ੍ਹਾਂ ਨਾਲ ਇਤਿਹਾਸਕ ਇੰਟਰਵਿਊ ਕੀਤੀ ਜੋ ਬਿਨਾਂ ਕੌਮਾ, ਬਿੰਦੀ ਬਦਲਿਆਂ ਅਸੀਂ ‘ਪੰਜਾਬ ਟਾਈਮਜ਼’ ਦੇ ਪਾਠਕਾਂ ਦੀ ਨੌਜਵਾਨ ਪੀੜ੍ਹੀ ਲਈ ਛਾਪ ਰਹੇ ਹਾਂ। ਇੰਟਰਵਿਊ ਵਿਚ ਸ਼ ਪ੍ਰਕਾਸ਼ ਸਿੰਘ ਬਾਦਲ ਦੇ ਜਵਾਬ ਪੜ੍ਹਦਿਆਂ ਹੈਰਾਨੀ ਹੁੰਦੀ ਹੈ ਕਿ ਇਨਸਾਨ ਰਾਜਸੀ ਤਿਕੜਮਬਾਜ਼ੀ ਦੀਆਂ ਕਿਸ ਕਿਸਮ ਦੀਆਂ ਨਿਵਾਣਾਂ ਤੱਕ ਨਿੱਘਰ ਸਕਦਾ ਹੈ। – ਸੰਪਾਦਕ

ਗੁਲਜ਼ਾਰ ਸਿੰਘ ਸੰਧੂ
ਮੈਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਬਾਗੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਦਾ ਮੌਕਾ ਮਿਲਿਆ ਤਾਂ ਏਜੰਡਾ ਕੋਈ ਨਹੀਂ ਸੀ। ਮੈਂ ਦੇਖਿਆ, ਘਰ ਦੇ ਬਾਹਰ ਲਾਅਨ ਤੇ ਵਰਾਂਡੇ ਵਿਚ ਪੰਜ-ਚਾਰ ਬੰਦੇ ਇਕ-ਦੂਜੇ ਨਾਲ ਗੱਲਬਾਤ ਕਰ ਰਹੇ ਹਨ। ਮਾਹੌਲ ਬੁਝਿਆ ਬੁਝਿਆ ਸੀ। ਉਤਸ਼ਾਹ ਹੀਣ। ਬਾਦਲ ਤੇ ਟੌਹੜਾ, ਬਰਨਾਲਾ ਸਰਕਾਰ ਨਾਲ ਉੱਕਾ ਹੀ ਸਹਿਮਤ ਨਹੀਂ ਸਨ।
ਮੈਂ ‘ਪੰਜਾਬੀ ਟ੍ਰਿਬਿਊਨ’ ਤੋਂ ਪਹਿਲਾਂ ਕਿਹੜੇ ਪਰਚੇ ਦਾ ਸੰਪਾਦਕ ਸਾਂ? ਕਿਥੋਂ ਦਾ ਰਹਿਣ ਵਾਲਾ ਹਾਂ? ਪੱਤਰਕਾਰੀ ਦੀ ਕੋਈ ਡਿਗਰੀ ਹੈ ਕਿ ਨਹੀਂ? ਸੰਪਾਦਕੀ ਕਿਸੇ ਵਿਸ਼ੇ ‘ਤੇ ਕਿਵੇਂ ਲਿਖਿਆ ਜਾਂਦਾ ਹੈ? ਸੰਪਾਦਕੀ ਲਿਖਣ ਵਾਸਤੇ ਸੋਚਦਿਆਂ ਕਿੰਨਾ ਚਿਰ ਲੱਗਦਾ ਹੈ ਤੇ ਲਿਖਦਿਆਂ ਕਿੰਨਾ?æææਬਾਦਲ ਦੇ ਇਨ੍ਹਾਂ ਪ੍ਰਸ਼ਨਾਂ ਵਿਚ ਅਪਣੱਤ ਵੀ ਸੀ, ਖਲੂਸ ਵੀ ਤੇ ਉਤਸੁਕਤਾ ਵੀ। ਗੱਲਬਾਤ ਅੱਗੇ ਤੁਰੀ।
? ਆਪਾਂ ਕਿੱਥੇ ਆਣ ਖਲੋਤੇ ਹਾਂ?
-ਇਹ ਤਾਂ ਪੱਤਰਕਾਰ ਹੀ ਸਾਨੂੰ ਦੱਸ ਸਕਦੇ ਹਨ।
? ਤੁਸੀਂ ਬਾਗੀ ਕਿਉਂ ਹੋ ਗਏ ਹੋ?
-ਬਾਗੀ ਤਾਂ ਇਕ ਪਾਸੇ, ਹੁਣ ਤਾਂ ਸਾਨੂੰ ਅਤਿਵਾਦੀ ਸਮਝਿਆ ਜਾਂਦਾ ਹੈ। ਕੇਵਲ ਇਸ ਲਈ ਕਿ ਅਸੀਂ ਉਨ੍ਹਾਂ ਮੁੰਡਿਆਂ ਦੇ ਭੋਗ ਉਤੇ ਜਾਂਦੇ ਹਾਂ ਜਿਹੜੇ ਨਿਰਦੋਸ਼ ਪੁਲਿਸ ਦੀ ਗੋਲੀ ਦੀ ਸ਼ਿਕਾਰ ਹੋਏ ਹਨ।
? ਕੀ ਤੁਹਾਡੇ ਅਜਿਹਾ ਕਰਨ ਨਾਲ ਅਤਿਵਾਦੀ ਨੌਜਵਾਨਾਂ ਨੂੰ ਸ਼ਹਿ ਨਹੀਂ ਮਿਲਦੀ?
-ਮੇਰੇ ਵਿਚਾਰ ਵਿਚ ਤਾਂ ਬਿਲਕੁਲ ਨਹੀਂ, ਪਰ ਜੇ ਮਿਲਦੀ ਵੀ ਹੋਵੇ ਤਾਂ ਅਸੀਂ ਕਿੰਨੇ ਕੁ ਬਚ ਕੇ ਰਹਿ ਸਕਦੇ ਹਾਂ? ਅਸੀਂ ਤਾਂ ਮਾਪਿਆਂ ਦਾ ਦੁੱਖ ਵੰਡਾਉਣ ਜਾਂਦੇ ਹਾਂ ਜਿਹੜੇ ਸਾਡੇ ਵਰਗੇ ਹੀ ਹਨ। ਸੰਕਟ ਦਾ ਸ਼ਿਕਾਰ।
? ਮੁੰਡਿਆਂ ਨੂੰ ਵਿਗਾੜਨ ਵਿਚ ਮਾਪਿਆਂ ਦਾ ਦੋਸ਼ ਕਿਉਂ ਨਹੀਂ ਹੁੰਦਾ?
-ਤੁਸੀਂ ਤਾਂ ਖੁਦ ਸਿਆਣੇ ਹੋ। ਅੱਜਕੱਲ੍ਹ ਨੌਜਵਾਨ ਮਾਪਿਆਂ ਦੀ ਕਿੰਨੀ ਕੁ ਸੁਣਦੇ ਹਨ? ਉਨ੍ਹਾਂ ਦੀਆਂ ਭਾਵਨਾਵਾਂ ਪਹਿਲੀ ਪੀੜ੍ਹੀ ਦੀਆਂ ਭਾਵਨਾਵਾਂ ਨਾਲੋਂ ਵੱਖ ਹਨ। ਹਰ ਕਾਰਵਾਈ ਪ੍ਰਤੀ ਉਨ੍ਹਾਂ ਦਾ ਪ੍ਰਤੀਕਰਮ ਮਾਪਿਆਂ ਤੋਂ ਵੱਖਰਾ ਹੈ। ਜੇ ਅਸੀਂ ਮਾਪਿਆਂ ਨਾਲ ਹਮਦਰਦੀ ਕਰਦੇ ਹਾਂ ਤਾਂ ਉਹ ਬੱਚਿਆਂ ਨਾਲ ਕਿਵੇਂ ਜੋੜੀ ਜਾ ਸਕਦੀ ਹੈ? ਤੇ ਨਾਲੇ ਸਰਕਾਰ ਕਿਹੜਾ ਸੋਚ ਕੇ ਕਦਮ ਚੁੱਕਦੀ ਹੈ। ਤੁਸੀਂ ਪਿੰਡਾਂ ਵਿਚ ਜਾ ਕੇ ਦੇਖੋ, ਨੌਜਵਾਨਾਂ ਦੇ ਮਾਪਿਆਂ ਨੂੰ ਕਿਵੇਂ ਡਰਾਇਆ ਧਮਕਾਇਆ ਜਾਂਦਾ ਹੈ। ਇਨ੍ਹਾਂ ਗੱਲਾਂ ਦੇ ਨਤੀਜੇ ਠੀਕ ਨਹੀਂ ਨਿਕਲਿਆ ਕਰਦੇ।
? ਨੌਜਵਾਨਾਂ ਲਈ ਤੁਸੀਂ ਕਿਹੜਾ ਰਾਹ ਸੁਝਾਉਂਦੇ ਹੋ?
-ਹਮਦਰਦੀ ਵਾਲਾ! ਪਿਆਰ ਵਾਲਾ।
? ਤੇ ਜਿਹੜੇ ਮੁੰਡੇ ਤਸਵੀਰ ਦਾ ਦੂਜਾ ਪਾਸਾ ਦੇਖਣਾ ਹੀ ਨਹੀਂ ਚਾਹੁੰਦੇ?
-ਉਨ੍ਹਾਂ ਨੂੰ ਸਜ਼ਾ ਚਾਹੀਦੀ ਹੈ। ਸਾਕਾਂ ਸਬੰਧੀਆਂ ਨੂੰ ਨਹੀਂ।
? ਤੁਸੀਂ ਨਕਸਲੀਆਂ ਨਾਲ ਨਜਿੱਠਦੇ ਰਹੇ ਹੋ। ਦੋਸ਼ੀ ਨਾਲ ਕੋਈ ਨਾ ਕੋਈ ਨਿਰਦੋਸ਼ ਵੀ ਤਾਂ ਫਸ ਹੀ ਜਾਂਦਾ ਹੈ। ਤਸ਼ੱਦਦ ਬਿਨਾਂ ਠੱਲ੍ਹ ਵੀ ਤਾਂ ਨਹੀਂ ਪੈਂਦੀ?
-ਪਰ ਮੁੰਡਿਆਂ ਦਾ ਹੁਣ ਵਾਲਾ ਗੁੱਸਾ ਤਾਂ ਪੁਲਿਸ ਦੇ ਅਮਲਾਂ ਦਾ ਫਲ ਹੈ।
? ਇਹੋ ਜਿਹੇ ਮੌਕੇ ਤੁਹਾਡਾ ਆਪਣੀ ਹੀ ਸਰਕਾਰ ਨਾਲ ਮੋਢਾ ਡਾਹ ਕੇ ਲੜਨ ਦਾ ਫਰਜ਼ ਨਹੀਂ ਸੀ?
-ਉਹ ਸਰਕਾਰ ਸਾਡੀ ਕਿਵੇਂ ਹੋਈ ਜਿਸ ਨੇ ਦਰਬਾਰ ਸਾਹਿਬ ਵਿਚ ਪੁਲਿਸ ਕਾਰਵਾਈ ਕਰ ਕੇ ਸਾਡੀ ਬੇਇੱਜ਼ਤੀ ਕਰਵਾਈ।
? ਜੇ ਮੰਨ ਲਈਏ ਕਿ ਪੁਲਿਸ ਕਾਰਵਾਈ ਵਾਸਤੇ ਧੋਖੇ ਵਾਲੀ ਜ਼ਮੀਨ ਤਿਆਰ ਕੀਤੀ ਗਈ ਤੇ ਕਰਵਾਈ ਗਲਤ ਸੀ, ਜਿਹੜੀ ਮੁੱਖ ਮੰਤਰੀ ਨੂੰ ਲੱਗੀ ਜਾਂ ਲਗਵਾਈ ਸੇਵਾ ਤੋਂ ਜਾਪਦਾ ਹੀ ਹੈ, ਤਾਂ ਇਹ ਵੀ ਮੰਨਣਾ ਪਵੇਗਾ ਕਿ ਕੋਈ ਸਿਆਣਾ ਬੰਦਾ ਵੀ ਧੋਖੇ ਵਿਚ ਆ ਜਾਂਦਾ ਹੈ। ਉਹਦੇ ਲਈ ਮੁਆਫੀਨਾਮੇ ਦੀ ਗੁੰਜਾਇਸ਼ ਹੋਣੀ ਚਾਹੀਦੀ ਹੈ।
-ਇਹੋ ਜਿਹੇ ਬੰਦੇ ਨੂੰ ਰਾਜਨੀਤੀ ਵਿਚ ਨਹੀਂ ਪੈਣਾ ਚਾਹੀਦਾ। ਮੈਨੂੰ ਸਾਫ ਦਿਖਾਈ ਦੇ ਰਿਹਾ ਸੀ ਕਿ ਇਹੀ ਗੱਲ ਹੋਵੇਗੀ। ਮੈਂ ਸਰਬੱਤ ਖਾਲਸਾ ਵਿਚ ਇਸ ਦਾ ਐਲਾਨ ਵੀ ਕੀਤਾ ਸੀ। ਮੈਂ ਇਸ ਤੋਂ ਵੱਡੀ ਚਿਤਾਵਨੀ ਕਦੇ ਕਿਸੇ ਨੂੰ ਨਹੀਂ ਦਿੱਤੀ। ਦਿੱਲੀ ਵਾਲਿਆਂ ਦਾ ਦਿਲ ਕਾਲਾ ਹੈ। ਮੈਨੂੰ ਦਿਸਦਾ ਸੀ ਤਾਂ ਇਨ੍ਹਾਂ ਨੂੰ ਕਿਉਂ ਨਹੀਂ ਦਿਸਿਆ?
? ਪਰ ਤੁਸੀਂ ਇੰਨੀ ਗੱਲ ਤੋਂ ਮੰਤਰੀ ਮੰਡਲ ਤੋਂ ਬਾਹਰ ਕਿਉਂ ਆਏ। ਤੁਹਾਡੇ ਕੋਲੋਂ ਲੋਕਾਂ ਨੂੰ ਇੰਨਾ ਵੱਡਾ ਕਦਮ ਚੁੱਕਣ ਦੀ ਆਸ ਨਹੀਂ ਸੀ।
-ਮੈਂ ਤਾਂ ਜੋ ਕੁਝ ਕੀਤਾ ਹੈ, ਉਹ ਅਨੰਦਪੁਰ ਸਾਹਿਬ ਦੀ ਕੰਧ ਉਤੇ ਪਹਿਲਾਂ ਹੀ ਲਿਖ ਆਇਆ ਹਾਂ। ਮੇਰੇ ਮਨ ਦੀ ਦੋਚਿੱਤੀ ਬਾਰੇ ਸੋਚਣਾ ਹੀ ਠੀਕ ਨਹੀਂ। ਮੈਂ ਸਦਾ ਸਰਬੱਤ ਦਾ ਹੁਕਮ ਮੰਨਿਆ ਹੈ। ਦਿੱਲੀ ਜਾ ਕੇ ਸੰਵਿਧਾਨ ਪਾੜਨ ਦੇ ਮੈਂ ਬਿਲਕੁਲ ਹੀ ਹੱਕ ਵਿਚ ਨਹੀਂ ਸਾਂ ਪਰ ਮੇਰੇ ਸਹਿਯੋਗੀ ਇਹ ਗੱਲ ਜ਼ਰੂਰ ਕਰਨੀ ਚਾਹੁੰਦੇ ਸਨ। ਹੋਇਆ ਇਹ ਕਿ ਅਮਲ ਕਰਨ ਵੇਲੇ ਮੈਂ ਇਕੱਲਾ ਹੀ ਰਹਿ ਗਿਆ, ਬਾਕੀ ਸਾਰੇ ਪਿੱਛੇ ਹਟ ਗਏ। ਹੁਣ ਵੀ ਕੁਝ ਇਸੇ ਤਰ੍ਹਾਂ ਹੋਇਆ। ਇਸ ਦੇ ਨਾਲੋਂ ਤਾਂ ਅਸੀਂ ਸ਼ਹੀਦੀ ਜਥੇ ਲੈ ਕੇ ਜਾਂਦੇ ਤੇ ਨੌਜਵਾਨਾਂ ਤੋਂ ਗੋਲੀਆਂ ਖਾ ਲੈਂਦੇ। ਮੈਨੂੰ ਸਭ ਤੋਂ ਅੱਗੇ ਕਰਦੇ। ਮੈਂ ਪਿੱਛੇ ਹਟਣ ਵਾਲਾ ਨਹੀਂ ਸੀ।
? ਪਰ ਇਸ ਨਾਲ ਸਰਕਾਰ ਕਮਜ਼ੋਰ ਹੋਈ ਹੈ।
-ਕੀ ਕਮਜ਼ੋਰੀ ਹੈ? ਚੰਗੀ ਭਲੀ ਚੱਲ ਰਹੀ ਹੈ। ਇੱਦਾਂ ਹੀ ਚਲਦੀ ਰਹਿਣੀ ਹੈ।
? ਤੁਸੀਂ ਇਕੱਠੇ ਹੁੰਦੇ ਤਾਂ ਹੋਰ ਚੰਗੀ ਚੱਲਣੀ ਸੀ। ਧੜੱਲੇ ਨਾਲ।
-ਇਕੱਠੇ ਹੁੰਦੇ ਤਾਂ ਹੁਣ ਤੱਕ ਕਦੋਂ ਦੀ ਟੁੱਟ ਜਾਣੀ ਸੀ। ਤੋੜਨ ਵਾਸਤੇ ਬਹਾਨਾ ਲੱਭਣਾ ਔਖਾ ਨਹੀਂ ਹੋਇਆ ਕਰਦਾ। ਹੁਣ ਜਿਹੋ ਜਿਹੀ ਹੈ, ਚੱਲ ਤਾਂ ਰਹੀ ਹੈ।
? ਤੁਸੀਂ ਇਸ ‘ਤੇ ਖ਼ੁਸ਼ ਹੋ?
-ਇਹੋ ਜਿਹੀਆਂ ਸਰਕਾਰਾਂ ਇਹੋ ਜਿਹੀਆਂ ਹੀ ਹੁੰਦੀਆਂ ਹਨ।
? ਮੇਰਾ ਖਿਆਲ ਹੈ ਕਿ ਜਿਨ੍ਹਾਂ ਸਥਿਤੀਆਂ ਵਿਚੋਂ ਅਸੀਂ ਲੰਘ ਰਹੇ ਹਾਂ, ਉਨ੍ਹਾਂ ਵਿਚ ਗੁਰਦੁਆਰਿਆਂ ਵਿਚ ਪੁਲਿਸ ਕਾਰਵਾਈ ਰੋਕੀ ਹੀ ਨਹੀਂ ਜਾ ਸਕਦੀ। ਕੋਈ ਹੋਰ ਸਰਕਾਰ ਹੁੰਦੀ ਤਾਂ ਉਸ ਲਈ ਵੀ ਮੌਕਾ ਪੈਦਾ ਹੋ ਹੀ ਜਾਣਾ ਸੀ।
-ਮੈਂ ਨਹੀਂ ਮੰਨਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਢਾਈ ਤਿੰਨ ਸੌ ਸੇਵਾਦਾਰ ਰੱਖ ਕੇ ਹਾਲਾਤ ‘ਤੇ ਕਾਬੂ ਪਾ ਸਕਦੀ ਸੀ। ਹੋਰ ਵੀ ਕਈ ਕੁਝ ਹੋ ਸਕਦਾ ਸੀ।
? ਜੋ ਕੁਝ ਹੋ ਸਕਦਾ ਸੀ, ਉਹ 26 ਜਨਵਰੀ ਨੂੰ ਕਿਉਂ ਨਾ ਕੀਤਾ ਗਿਆ। ਉਦੋਂ ਤਾਂ ਤੁਸੀਂ ਵੀ ਸਰਕਾਰ ਵਿਚ ਹੀ ਸੀ। ਜਦੋਂ ਚੰਡੀਗੜ੍ਹ ਨਹੀਂ ਮਿਲਿਆ ਤਾਂ ਸ਼ਹੀਦੀ ਜਥੇ ਕਿਉਂ ਨਾ ਗਏ?
-ਮੈਂ ਮੁੱਖ ਮੰਤਰੀ ਨਹੀਂ ਸਾਂ। ਅਕਾਲੀ ਦਲ ਦਾ ਪ੍ਰਧਾਨ ਵੀ ਨਹੀਂ ਸਾਂ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ।
? ਤੁਸੀਂ ਠੀਕ ਕਹਿੰਦੇ ਹੋ ਪਰ ਪੰਜਾਬ ਤੇ ਦੇਸ਼ ਦੇ ਹਿੱਤ ਵਿਚ, ਖਾਸ ਕਰ ਕੇ ਪੰਜਾਬੀਆਂ ਦੇ ਹਿੱਤ ਵਿਚ, ਦੋਫਾੜ ਹੋਣ ਨਾਲੋਂ ਕੋਈ ਹੋਰ ਰਾਹ ਲੱਭਣਾ ਠੀਕ ਸੀ।
-ਅਸੀਂ ਤਾਂ ਕੋਈ ਰਸਤਾ ਬੰਦ ਨਹੀਂ ਕੀਤਾ। ਬਰਨਾਲਾ ਸਾਹਿਬ ਖੁਦ ਹੀ ਆਪਣੇ ਦਰਵਾਜ਼ੇ ਬੰਦ ਕਰੀ ਜਾ ਰਹੇ ਹਨ। ਭਲਾ ਪੁਲਿਸ ਦਾ ਡੀæਜੀæ ਬਾਹਰ ਤੋਂ ਲਿਆਉਣ ਦੀ ਕੀ ਲੋੜ ਸੀ?
? ਮੈਂ ਵੀ ਪੁੱਛਿਆ ਸੀ। ਮੈਨੂੰ ਦੱਸਿਆ ਗਿਆ ਸੀ ਕਿ ਪੰਜਾਬ ਕਾਡਰ ਵਿਚੋਂ ਬਣਨ ਵਾਸਤੇ ਤਾਂ ਹਰ ਇਕ ਤਿਆਰ ਸੀ ਪਰ ਜਦੋਂ ਉਸ ਨੂੰ ਸਖ਼ਤੀ ਕਰਨ ਲਈ ਭਾਂਪਿਆ ਜਾਂਦਾ ਸੀ ਤਾਂ ਚੁੱਪ ਹੋ ਜਾਂਦਾ ਸੀ। ਤੁਸੀਂ ਮੰਨੋਗੋ ਕਿ ਬਾਹਰਲੇ ਬੰਦੇ ਲਈ ਸਖ਼ਤੀ ਕਰਨੀ ਸੌਖੀ ਹੁੰਦੀ ਹੈ। ਉਹ ਸਖ਼ਤੀ ਕਰ ਕੇ ਦੂਰ ਆਪਣੇ ਘਰ ਚਲਾ ਜਾਂਦਾ ਹੈ। ਅੰਦਰ ਵਾਲੇ ਨੇ ਤਾਂ ਉਥੇ ਹੀ ਰਹਿਣਾ ਹੁੰਦਾ ਹੈ।
-ਗੱਲ ਤਾਂ ਤੁਹਾਡੀ ਠੀਕ ਹੈ ਪਰ ਹਰ ਗੱਲ ਵਿਚ ਝੁਕਦੇ ਜਾਣਾ ਵੀ ਤਾਂ ਠੀਕ ਨਹੀਂ।
? ਕਿਸ ਤਰ੍ਹਾਂ ਭਲਾ?
-ਜਿਵੇਂ ਪੰਜਾਬ ਸਮਝੌਤਾ ਹੀ ਲੈ ਲਵੋ। ਤੁਹਾਡੇ ਅਖ਼ਬਾਰ ਨੇ ਹੀ ਲਿਖਿਆ ਹੈ ਕਿ ਰੁੰਡਮੁੰਡ ਚੰਡੀਗੜ੍ਹ ਪੰਜਾਬ ਨੂੰ ਮਿਲੇਗਾ ਤੇ ਉਹ ਵੀ 70,000 ਏਕੜ ਬਦਲੇ।
? ਅਸੀਂ ਕੋਈ ਗਲਤ ਤਾਂ ਨਹੀਂ ਲਿਖਿਆ ਪਰ ਅਸੀਂ ਇਹ ਵੀ ਲਿਖਿਆ ਸੀ ਕਿ ਅਬੋਹਰ-ਫਾਜ਼ਿਲਕਾ ਦੀ ਨਾਕਾਬੰਦੀ ਸਮਝੌਤੇ ਦੇ ਸ਼ਬਦਾਂ ਤੋਂ ਹੀ ਹੋਈ। ਜੇ ਇਲਾਕਾਈ ਨੇੜਤਾ ਦਾ ਸ਼ਬਦ ਵਿਚ ਨਾ ਪਾਇਆ ਹੁੰਦਾ ਤਾਂ 83 ਪਿੰਡ ਚਲੇ ਜਾਣੇ ਸਨ। 70,000 ਏਕੜ ਹਾਲੇ ਗਏ ਨਹੀਂ। ਜੇ ਚਲੇ ਵੀ ਜਾਣ ਤਾਂ 83 ਪਿੰਡਾਂ ਨਾਲੋਂ ਤਾਂ ਬਹੁਤ ਘੱਟ ਹਨ।
-ਚੰਡੀਗੜ੍ਹ ਪੰਜਾਬ ਦਾ ਹੈ। ਇਸ ਦੇ ਬਦਲੇ ਕੋਈ ਪਿੰਡ ਵੀ ਨਹੀਂ ਜਾਣਾ ਚਾਹੀਦਾ। ਚਲੋ ਇਹ ਵੀ ਛੱਡੋ। ਸਮਝੌਤੇ ਪਿੱਛੇ ਜਾਈਏ ਤਾਂ ਅਸੀਂ ਦਰਿਆਈ ਪਾਣੀਆਂ ਵਿਚ ਬੜੀ ਮਾਰ ਖਾਵਾਂਗੇ। ਮੈਂ ਉਸ ਇਲਾਕੇ ਦਾ ਹਾਂ ਜਿਥੇ ਖੇਤੀ ਨਹਿਰਾਂ ਦੇ ਸਿਰ ‘ਤੇ ਹੁੰਦੀ ਹੈ। ਜੇ ਆਪਣੀਆਂ ਨਹਿਰਾਂ ਸੁੱਕੀਆਂ ਰੱਖ ਕੇ ਆਪਣਾ ਪਾਣੀ ਅੱਗੇ ਭੇਜ ਦੇਈਏ ਤਾਂ ਸਾਨੂੰ ਅਕਲਮੰਦ ਕੌਣ ਕਹੇਗਾ? ਫੇਰ, ਸਮਝੌਤੇ ਵਿਚ ਨੌਜਵਾਨਾਂ ਬਾਰੇ ਇਕ ਸ਼ਬਦ ਇਹੋ ਜਿਹਾ ਪਾਇਆ ਹੈ ਜਿਹੜਾ ਬਿਲਕੁਲ ਹੀ ਠੀਕ ਨਹੀਂ ਸੀ। ਉਨ੍ਹਾਂ ਦੀ ਰਿਹਾਈ ਦੇ ਸਬੰਧ ਵਿਚ ਇਹ ਲਿਖਿਆ ਗਿਆ ਹੈ ਕਿ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ ਜਿਹੜੇ ਦੇਸ਼ ਵਿਰੁਧ ਜੰਗ ਛੇੜਨ ਦੇ ਭਾਗੀ ਨਹੀਂ ਹਨ। ਤੁਸੀਂ ਤਾਂ ਐਡੀਟਰ ਹੋæææਕੀ ਇਸ ਦਾ ਮਤਲਬ ਇਹ ਨਹੀਂ ਨਿਕਲਦਾ ਕਿ ਦੇਸ਼ ਵਿਰੁਧ ਜੰਗ ਜ਼ਰੂਰ ਜਾਰੀ ਸੀ? ਮੈਂ ਸੰਤ ਭਿੰਡਰਾਂਵਾਲੇ ਦੀ ਨੀਤੀ ਦਾ ਸਮਰਥਕ ਨਹੀਂ ਸਾਂ, ਪਰ ਇਹ ਗੱਲ ਕਹਿਣ ਤੋਂ ਮੈਨੂੰ ਕੋਈ ਸੰਕੋਚ ਨਹੀਂ ਕਿ ਦੇਸ਼ ਵਿਰੁਧ ਜੰਗ ਤਾਂ ਸੰਤ ਭਿੰਡਰਾਂਵਾਲੇ ਨੇ ਵੀ ਨਹੀਂ ਸੀ ਛੇੜੀ। ਉਸ ਨੇ ਦੇਸ਼ ਤੋਂ ਵੱਖਰੇ ਹੋਣ ਦਾ ਕੋਈ ਨਾਅਰਾ ਕਦੇ ਵੀ ਨਹੀਂ ਲਾਇਆ। ਕੀ ਸਮਝੌਤੇ ਵਿਚ ਇਹ ਸ਼ਬਦ ਪਾ ਕੇ ਸਾਨੂੰ ਝੂਠੇ ਨਹੀਂ ਕੀਤਾ ਗਿਆ? ਜਿਵੇਂ ਚੋਣਾਂ ਲੜਨ ਸਮੇਂ ਆਨੰਦਪੁਰ ਦੇ ਮਤੇ ਨੂੰ ਵੱਖਵਾਦੀ ਕਹਿੰਦੇ ਰਹੇ ਹਨ। ਸਾਨੂੰ ਲੋਕਾਂ ਦੇ ਪ੍ਰਤੀਨਿਧਾਂ ਨੂੰ ਸ਼ਬਦਾਂ ਦੀ ਵਰਤੋਂ ਬਾਰੇ ਬੜਾ ਚੇਤੰਨ ਰਹਿਣਾ ਚਾਹੀਦਾ ਹੈ।
? ਸਮਝੌਤੇ ਵਿਚ ਪਹਿਲੀ ਜੁਲਾਈ 1985 ਦਾ ਜ਼ਿਕਰ ਹੈ। ਉਸ ਦਿਨ ਬਹੁਤ ਥੋੜ੍ਹਾ ਪਾਣੀ ਪੰਜਾਬ ਦੀ ਵਰਤੋਂ ਤੋਂ ਵਾਧੂ ਬਚਿਆ ਸੀ। ਉਸ ਤੋਂ ਵੱਧ ਪਾਣੀ ਸਮਝੌਤੇ ਅਧੀਨ ਤਾਂ ਕਿਸੇ ਹੋਰ ਰਾਜ ਨੂੰ ਨਹੀਂ ਜਾ ਸਕਦਾ। ਤੁਸੀਂ ਸਮਝੌਤੇ ਵਿਚ ਕਿਉਂ ਨੁਕਸ ਕੱਢਦੇ ਹੋ?
-ਕੇਂਦਰ ਵਾਲਿਆਂ ਨੇ ਪਾਣੀ ਦੇ ਮਾਮਲੇ ਵਿਚ ਵੀ ਉਹੀਓ ਕੁਝ ਕਰਨਾ ਹੈ ਜੋ ਚੰਡੀਗੜ੍ਹ ਦੇ ਮਾਮਲੇ ਵਿਚ ਕੀਤਾ ਹੈ।
? ਇਕੋ ਹੀ ਦੇਸ਼ ਵਿਚ ਰਹਿੰਦਿਆਂ ਅਸੀਂ ਕੇਂਦਰ ਨਾਲ ਕਿੰਨਾ ਕੁ ਲੜ ਸਕਦੇ ਹਾਂ? ਪੰਜਾਬ ਕੋਈ ਆਂਧਰਾ ਪ੍ਰਦੇਸ਼ ਤਾਂ ਨਹੀਂ ਕਿ ਸਾਰੀ ਵਸੋਂ ਰਾਜ ਦੇ ਹਿੱਤਾਂ ਦੀ ਗੱਲ ਕਰੇ? ਅਕਾਲੀਆਂ ਨਾਲ ਕਿੰਨੀ ਕੁ ਵਸੋਂ ਹੋਰ ਹੈ ਜਿਹੜੀ ਮੋਢੇ ਨਾਲ ਮੋਢਾ ਡਾਹ ਕੇ ਪੰਜਾਬ ਦੀ ਗੱਲ ਕਰਨ ਲਈ ਤਿਆਰ ਹੈ?
-ਜੇ ਅਸੀਂ 73 ਸੀਟਾਂ ਲੈ ਕੇ ਵੀ ਆਪਣੀ ਗੱਲ ਨਹੀਂ ਮੰਨਵਾ ਸਕਦੇ ਤਾਂ ਫੇਰ ਕਦੋਂ ਮੰਨਵਾਵਾਂਗੇ?
? ਤੁਸੀਂ ਆਪ ਹੀ ਕਿਹਾ ਹੈ ਕਿ ਇਕੱਠੇ ਰਹਿੰਦੇ ਤਾਂ ਸ਼ਾਇਦ ਤੁਹਾਡੀ ਸਰਕਾਰ ਹੁਣ ਤੱਕ ਤੋੜ ਵੀ ਦਿੱਤੀ ਜਾਂਦੀ। ਮੰਨਵਾਉਂਦਾ ਕੌਣ?
-(ਚੁੱਪ ਰਹਿ ਕੇ) ਅਸੀਂ ਬਾਹਰ ਹੋ ਕੇ ‘ਤੁਹਾਡੀ’ ਸਰਕਾਰ ਜਿਉਂਦੀ ਰੱਖੀ ਹੋਈ ਹੈ। (ਹਾਸਾ)।
? ਕੀ ਮੁੜ ਇਕੱਠੇ ਹੋਣ ਦੀ ਕੋਈ ਸੰਭਾਵਨਾ ਨਹੀਂ?
-ਨੀਅਤ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ।
? ਨੀਅਤ ਕਿਵੇਂ ਬਣੇ?
-ਮੈਂ ਤਾਂ ਕਹਿਨਾਂ ਕਿ ਗੋਲਮੇਜ਼ ਕਾਨਫਰੰਸ ਹੋਣੀ ਚਾਹੀਦੀ ਹੈ। ਉਸ ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਤੀਨਿਧ ਵੀ ਆ ਜਾਣ, ਦਮਦਮੀ ਟਕਸਾਲ ਦੇ ਵੀ, ਬਾਬਾ ਦਲ ਦੇ ਵੀ, ਸਾਡੇ ਵੀ ਤੇ ਚਲੋ ਬਰਨਾਲਾ ਸਾਹਿਬ ਦੀ ਸਰਕਾਰ ਵਾਲੇ ਵੀ। ਜੋ ਸਾਰਿਆਂ ਨੂੰ ਮਨਜ਼ੂਰ ਹੋਵੇ, ਕਰ ਲੈਣਾ ਚਾਹੀਦਾ ਹੈ।
? ਇਹ ਤਾਂ ਸਾਰੇ ਸਿੱਖ ਹੀ ਹੋ ਗਏ।
-ਗੱਲ ਇਸ ਵੇਲੇ ਸਿੱਖਾਂ ਦੀ ਹੀ ਹੋ ਰਹੀ ਹੈ।
? ਤਾਂ ਉਸ ਵਿਚ ਕਾਂਗਰਸ (ਆਈ) ਵਾਲੇ ਵੀ ਬੁਲਾ ਲੈਣੇ ਚਾਹੀਦੇ ਹਨ। ਉਨ੍ਹਾਂ ਵਿਚ ਵੀ ਸਿੱਖ ਹਨ-ਗੁਰਬਿੰਦਰ ਕੌਰ, ਬੇਅੰਤ ਸਿੰਘ।
-ਉਨ੍ਹਾਂ ਦਾ ਕੀ ਫਾਇਦਾ? ਉਹ ਤਾਂ ਕੇਂਦਰ ਦੀ ਆਵਾਜ਼ ਹਨ। ਜੋ ਹੁਕਮ ਮਿਲੇਗਾ, ਬੋਲਣਗੇ।
? ਤੁਸੀਂ ਆਪਣਾ ਉਹ ਬਿੰਬ ਵੀ ਗੁਆਈ ਜਾਂਦੇ ਹੋ ਜਿਸ ਦਾ ਸਦਕਾ ਦੋਵੇਂ ਫਿਰਕੇ ਤੁਹਾਡੇ ਨਾਲ ਸਨ।
-ਇਹ ਕੰਮ ਤਾਂ ਮੀਡੀਆ ਕਰ ਰਿਹਾ ਹੈ। ‘ਪੰਜਾਬੀ ਟ੍ਰਿਬਿਊਨ’ ਬਾਰੇ ਮੈਂ ਕੁਝ ਨਹੀਂ ਕਹਿੰਦਾ। ਇਹ ਕੰਮ ਸਰਕਾਰੀ ਮੀਡੀਆ ਕਰਦਾ ਹੈ ਜਾਂ ਫੇਰ ਨੈਸ਼ਨਲ ਪ੍ਰੈਸ। ਸਭ ਵਿਕੇ ਪਏ ਹਨ। ਪੰਜਾਬ ਨੂੰ ਟੇਢੀ ਖੀਰ ਬਣਾਉਣ ਵਿਚ ਸਭ ਦਾ ਹੱਥ ਹੈ।
? ਕਿਸੇ ਨੂੰ ਅਜਿਹਾ ਕਰਨ ਦੀ ਕੀ ਲੋੜ ਹੈ?
-ਕਿਉਂ? ਲੋੜ ਕਿਉਂ ਨਹੀਂ? ਪਹਿਲਾਂ ਤਾਂ ਪੰਜਾਬੀਆਂ ਨੂੰ ਦਹਿਸ਼ਤਵਾਦੀ, ਭਿਆਨਕ ਤੇ ਜ਼ਾਲਮ ਦਿਖਾਇਆ ਜਾਵੇਗਾ ਤੇ ਫਿਰ ਇਨ੍ਹਾਂ ਨੂੰ ਕੁੱਟਿਆ ਜਾਵੇਗਾ, ਕੁੱਟਣ ਤੋਂ ਪਿੱਛੋਂ ਇਹ ਸਾਬਤ ਕੀਤਾ ਜਾਵੇਗਾ ਕਿ ਕੇਂਦਰ ਦੀ ਮੌਜੂਦਾ ਸਰਕਾਰ ਹੀ ਇਹੋ ਜਿਹਾ ਸਟੈਂਡ ਲੈਣ ਦੇ ਸਮਰਥ ਹੈ ਤੇ ਫਿਰ ਬੁੱਕਾਂ ਦੇ ਬੁੱਕ ਵੋਟਾਂ ਮਿਲਣਗੀਆਂ। ਜਿਵੇਂ ਹੁਣੇ ਚੋਣਾਂ ਵਿਚ ਮਿਲ ਕੇ ਹਟੀਆਂ ਹਨ। ਇਹ ਸੌਦਾ ਕਿਵੇਂ ਮਾੜਾ ਹੋਇਆ?
? ਇਹ ਗੱਲ ਤਾਂ ਬੜੀ ਚਿੰਤਾ ਵਾਲੀ ਹੈ।
-ਮੈਂ ਤਾਂ ਉਸ ਫਿਰਕੇ ਬਾਰੇ ਸੋਚਦਾ ਹਾਂ ਜਿਹੜਾ ਇਸ ਵੇਲੇ ਨਾਲ ਨਹੀਂ ਤੁਰ ਰਿਹਾ, ਜਦੋਂ ਮਾਰ ਪੈਣੀ ਹੈ ਤਾਂ ਸਭ ਇਕੋ ਜਿਹੀ ਪੈਣੀ ਹੈ। ਸਾਰਾ ਪੰਜਾਬ ਨਸ਼ਟ ਹੋਵੇਗਾ। ਮੈਨੂੰ ਤਾਂ ਜੋ ਕਹੋ, ਕਰਨ ਨੂੰ ਤਿਆਰ ਹਾਂ। ਪੰਜਾਬ ਤੋਂ ਬਿਨਾਂ ਮੈਂ ਹੋਰ ਕਿਸ ਰਾਜ ਬਾਰੇ ਸੋਚਣਾ ਹੈ?
(ਪੰਜਾਬੀ ਟ੍ਰਿਬਿਊਨ, 1986)

Be the first to comment

Leave a Reply

Your email address will not be published.