ਪੰਜਾਬ ਵਿਚ ਇਲੈਕਟ੍ਰੋਨਿਕ ਮੀਡੀਆ ਭਰਪੂਰ ਉਡਾਣ ਨਹੀਂ ਭਰ ਸਕਿਆ। ਪਹਿਲਾਂ ਅਮਰਿੰਦਰ ਸਿੰਘ ਸਰਕਾਰ ਵੇਲੇ ਸਿਰਫ ਇਕ ਚੈਨਲ ਦੀ ਇਸ ਖੇਤਰ ਵਿਚ ਸਰਦਾਰੀ ਰਹੀ; ਹੁਣ ਬਾਦਲਾਂ ਦਾ ਇਸ ਖੇਤਰ ਉਤੇ ਮੁਕੰਮਲ ਕਬਜ਼ਾ ਹੈ। ਕੋਈ ਵੀ ਮੀਡੀਆ ਹਾਊਸ ਹੁਣ ਇਸ ਖੇਤਰ ਵਿਚ ਆਉਣ ਲਈ ਤਿਆਰ ਨਹੀਂ। ਸੂਚਨਾ ਤੇ ਪ੍ਰਸਾਰਨ ਮੰਤਰਾਲੇ ਤੋਂ ਲਾਇਸੈਂਸ ਲੈਣ ਦੇ ਬਾਵਜੂਦ ‘ਏæਬੀæਪੀæ ਸਾਂਝਾ’ ਚੈਨਲ ਪੰਜਾਬ ਵਿਚ ਕੇਬਲ ਨੈੱਟਵਰਕ ‘ਤੇ ਨਹੀਂ ਆਉਣ ਦਿੱਤਾ ਗਿਆ। ਇਸ ਵਰਤਾਰੇ ਬਾਰੇ ਪੇਸ਼ ਹੈ ਸ਼ ਸੇਵਾ ਸਿੰਘ ਦੀ ਵਿਸ਼ੇਸ਼ ਰਿਪੋਰਟæææ
ਬਾਦਲਾਂ ਨੇ ਇਲੈਕਟ੍ਰੋਨਿਕ ਮੀਡੀਆ ਦਾ ਰਾਹ ਰੋਕਿਆ
ਚੰਡੀਗੜ੍ਹ: ਪੰਜਾਬ ਵਿਚ ਬਾਦਲ ਪਰਿਵਾਰ ਦੀ ਛਤਰ-ਛਾਇਆ ਹੇਠ ਕੇਬਲ ਮਾਫੀਏ ਦਾ ਰਾਜ ਹੈ ਜਿਸ ਕਰ ਕੇ ਕੋਈ ਵੀ ਪੰਜਾਬੀ ਚੈਨਲ ਨਿਰਪੱਖ ਪੱਤਰਕਾਰੀ ਦਾ ਹੀਆ ਨਹੀਂ ਕਰ ਰਿਹਾ। ਬਾਦਲ ਪਰਿਵਾਰ ਨੇ ਪੰਜਾਬੀ ਇਲੈਕਟ੍ਰੋਨਿਕ ਮੀਡੀਆ ‘ਤੇ ਇਜਾਰੇਦਾਰੀ ਕਾਇਮ ਰੱਖਣ ਲਈ ਪਿਛਲੇ ਅੱਠ ਸਾਲਾਂ ਵਿਚ ਕੋਈ ਚੈਨਲ ਸ਼ੁਰੂ ਹੀ ਨਹੀਂ ਹੋਣ ਦਿੱਤਾ।
ਪਿਛਲੇ ਸਮੇਂ ਵਿਚ ਅਨੇਕਾਂ ਪੰਜਾਬੀ ਚੈਨਲ ਚੰਗੀ ਤਰ੍ਹਾਂ ਚੱਲਣ ਤੋਂ ਪਹਿਲਾਂ ਹੀ ਬੰਦ ਹੋ ਗਏ ਜਿਨ੍ਹਾਂ ਵਿਚ ਡੇਅ ਐਂਡ ਨਾਈਟ, ਸਾਡਾ ਚੈਨਲ, ਪੀ-7 ਸ਼ਾਮਲ ਹਨ। ਹੁਣ 26 ਨਵੰਬਰ ਨੂੰ ਕੌਮੀ ਪੱਧਰ ਦੇ ਬ੍ਰਾਂਡ ਅਨੰਦ ਬਾਜ਼ਾਰ ਪੱਤ੍ਰਿਕਾ ਗਰੁਪ ਨੇ ‘ਏæਬੀæਪੀæ ਸਾਂਝਾ’ ਨਾਂ ਦਾ ਪੰਜਾਬੀ ਚੈਨਲ ਬੰਦ ਕਰ ਦਿੱਤਾ। ਇਸ ਨਾਲ 200 ਤੋਂ ਵੱਧ ਪਰਿਵਾਰਾਂ ਦੀ ਰੋਜ਼ੀ-ਰੋਟੀ ਖੁੱਸ ਗਈ। ਪੰਜਾਬੀ ਸਭਿਆਚਾਰ ਤੇ ਭਾਸ਼ਾ ਨੂੰ ਪ੍ਰਫੁਲਿਤ ਕਰਨ ਦੇ ਮਕਸਦ ਨਾਲ ਪੰਜਾਬ ਵਿਚ ਏæਬੀæਪੀæ ਸਾਂਝਾ ਦੇ ਨਾਂ ਹੇਠ ਪੰਜਾਬੀ ਚੈਨਲ ਸ਼ੁਰੂ ਕੀਤਾ ਗਿਆ ਸੀ ਪਰ ਸੱਤਾ ਦੇ ਪ੍ਰਭਾਵ ਹੇਠ ਕੇਬਲ ਮਾਫੀਆ ਵੱਲੋਂ ਪਿਛਲੇ ਦੋ ਸਾਲ ਤੋਂ ਚੈਨਲ ਨੂੰ ਚੱਲਣ ਹੀ ਨਹੀਂ ਦਿੱਤਾ ਗਿਆ। ਕੰਪਨੀ ਆਪਣੇ ਮੁਲਾਜ਼ਮਾਂ ਨੂੰ ਚੈਨਲ ਦੇ ਚੱਲੇ ਬਿਨਾਂ ਦੋ ਸਾਲ ਤੋਂ ਤਨਖਾਹਾਂ ਦੇ ਰਹੀ ਸੀ, ਪਰ 26 ਨਵੰਬਰ ਨੂੰ ਇਹ ਪ੍ਰੋਜੈਕਟ ਬੰਦ ਕਰਨ ਦਾ ਫੈਸਲਾ ਕਰ ਲਿਆ ਗਿਆ। ਇਸ ਫੈਸਲੇ ਤੋਂ ਬਾਅਦ ਬੇਰੁਜ਼ਗਾਰ ਹੋਏ ਪੱਤਰਕਾਰਾਂ ਦਾ ਕਹਿਣਾ ਹੈ ਕਿ ਇਹ ਚੈਨਲ ਪਿਛਲੇ ਦੋ ਸਾਲਾਂ ਤੋਂ ਪ੍ਰਸਾਰਨ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ, ਪਰ ਕੇਬਲ ਮਾਫੀਏ ਨੇ ਸੱਤਾ ਦੇ ਪ੍ਰਭਾਵ ਹੇਠ ਚੈਨਲ ਸ਼ੁਰੂ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਸੱਤਾਧਿਰ ਦਾ ਕੇਬਲ ‘ਤੇ ਕਬਜ਼ਾ ਹੈ ਅਤੇ ਉਹ ਕਿਸੇ ਵੀ ਚੈਨਲ ਨੂੰ ਪੰਜਾਬ ਵਿਚ ਨਹੀਂ ਆਉਣ ਦੇਣਾ ਚਾਹੁੰਦੇ। ਇਸ ਨਾਲ ਪੰਜਾਬੀ ਪੱਤਰਕਾਰੀ ਨੂੰ ਵੱਡੀ ਸੱਟ ਲੱਗ ਰਹੀ ਹੈ ਤੇ ਕਾਲਜਾਂ, ਯੂਨੀਵਰਸਿਟੀਆਂ ਵਿਚ ਪੱਤਰਕਾਰੀ ਦੀ ਪੜ੍ਹਾਈ ਕਰ ਰਹੇ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਹੈ।
ਅਸਲ ਵਿਚ ਸੱਤਾਧਿਰ ਸਿਰਫ ਆਪਣੇ ਚੈਨਲ ਜ਼ਰੀਏ ਝੂਠ ਨੂੰ ਸੱਚ ਅਤੇ ਸੱਚ ਨੂੰ ਝੂਠ ਬਣਾ ਕੇ ਵਿਖਾ ਰਹੀ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਵੀ ਆਪਣੇ ਇਕੋ-ਇਕ ਚੈਨਲ ਜ਼ਰੀਏ ਸਿਰਫ ਸਰਕਾਰੀ ਖ਼ਬਰਾਂ ਵਿਖਾਈਆਂ ਜਾਂਦੀਆਂ ਸਨ ਅਤੇ 2007 ਵਿਚ ਅਕਾਲੀ-ਭਾਜਪਾ ਦੀ ਸਰਕਾਰ ਆਉਂਦਿਆਂ ਹੀ ਇਹ ਚੈਨਲ ਲੋਪ ਹੋ ਗਿਆ। ਬਾਦਲ ਪਰਿਵਾਰ ਨੇ ਬਿਜਲਈ ਮੀਡੀਆ ਦੀ ਤਾਕਤ ਨੂੰ ਸਮਝਦਿਆਂ ਆਪਣਾ ਨਿਊਜ਼ ਚੈਨਲ ਸ਼ੁਰੂ ਕੀਤਾ ਅਤੇ ਪੂਰੀ ਧੱਕੇਸ਼ਾਹੀ ਵਰਤਦਿਆਂ ਪੰਜਾਬ ਦੇ ਸਾਰੇ ਕੇਬਲ ਨੈਟਵਰਕ ‘ਤੇ ਕਬਜ਼ਾ ਕਰ ਲਿਆ। ਇਸ ਵੇਲੇ ਸੱਤਾਧਿਰ ਦੇ ਪ੍ਰਭਾਵ ਹੇਠ ਚੱਲ ਰਹੇ ਕੇਬਲ ਨੈਟਵਰਕ ਦਾ ਤਕਰੀਬਨ 70 ਫੀਸਦੀ ਕਬਜ਼ਾ ਹੈ ਅਤੇ ਬਾਕੀ 30 ਫੀਸਦੀ ਕਈ ਡਿਸ਼ ਕੰਪਨੀਆਂ ਕਵਰ ਕਰਦੀਆਂ ਹਨ। ਸੱਤਾਧਿਰ ਦੇ ਇਸ਼ਾਰੇ ‘ਤੇ ਕੇਬਲ ਅਪਰੇਟਰ ਕਿਸੇ ਵੀ ਨਵੇਂ ਪੰਜਾਬੀ ਚੈਨਲ ਦਾ ਪ੍ਰਸਾਰਨ ਸ਼ੁਰੂ ਨਹੀਂ ਕਰਦਾ ਜਿਸ ਕਰ ਕੇ ਪਿਛਲੇ ਸਮੇਂ ਦੌਰਾਨ ਕਈ ਚੈਨਲ ਦਮ ਤੋੜ ਗਏ ਹਨ। ਇਸ ਤੋਂ ਇਲਾਵਾ ਜੇ ਕੋਈ ਵੀ ਚੈਨਲ ਸਰਕਾਰ ਜਾਂ ਬਾਦਲ ਪਰਿਵਾਰ ਦੇ ਖ਼ਿਲਾਫ਼ ਖ਼ਬਰ ਵਿਖਾਉਂਦਾ ਹੈ ਤਾਂ ਉਸ ਨੂੰ ਬਲੈਕ ਆਊਟ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਬਾਦਲ ਪਰਿਵਾਰ ਨੇ ਮੀਡੀਆ ਨੂੰ ਜਬਰੀ ਆਪਣੀ ਮੁੱਠੀ ਵਿਚ ਕੀਤਾ ਹੋਇਆ ਹੈ। ਪੰਜਾਬ ਵਿਚ ਇਸ ਵੇਲੇ ਇਕੋ ਪੰਜਾਬੀ ਚੈਨਲ ਪੀæਟੀæਸੀæ ਨਿਊਜ਼ ਦੀ ਸਰਦਾਰੀ ਹੈ ਜੋ ਬਾਦਲ ਪਰਿਵਾਰ ਦੇ ਕਬਜ਼ੇ ਹੇਠ ਹੈ। ਕੁਝ ਹੋਰ ਵੀ ਛੋਟੇ-ਛੋਟੇ ਚੈਨਲ ਚੱਲਦੇ ਹਨ ਪਰ ਉਹ ਵੀ ਸੱਚ ਵਿਖਾਉਣ ਦਾ ਹੀਆ ਨਹੀਂ ਕਰਦੇ। 2011 ਵਿਚ ਸੀਨੀਅਰ ਜਰਨਲਿਸਟ ਕੰਵਰ ਸੰਧੂ ਦੀ ਅਗਵਾਈ ਹੇਠ ਚੰਡੀਗੜ੍ਹ ਤੋਂ ਡੇਅ ਐਂਡ ਨਾਈਟ ਪੰਜਾਬੀ ਚੈਨਲ ਸ਼ੁਰੂ ਕੀਤਾ ਗਿਆ। ਇਸ ਚੈਨਲ ਵਲੋਂ ਸੱਚ ਵਿਖਾਉਣ ਕਰ ਕੇ ਬਾਦਲ ਖਫ਼ਾ ਹੋ ਗਏ ਅਤੇ ਚੈਨਲ ਨੂੰ ਕੇਬਲ ਨੈਟਵਰਕ ਤੋਂ ਹਟਾ ਦਿੱਤਾ ਗਿਆ। ਇਸੇ ਤਰ੍ਹਾਂ ਕਈ ਹੋਰ ਚੈਨਲਾਂ ਨਾਲ ਵਾਪਰਿਆ। ਹੁਣ ਹਾਲਾਤ ਇਹ ਹਨ ਕਿ ਕੋਈ ਵੀ ਵੱਡਾ ਨਿਊਜ਼ ਗਰੁਪ ਪੰਜਾਬ ਵਿਚ ਚੈਨਲ ਖੋਲ੍ਹਣ ਦਾ ਹੀਆ ਨਹੀਂ ਕਰ ਰਿਹਾ।
ਸਿਆਸਤਦਾਨਾਂ ਦੀ ਮੁੱਠੀ ਵਿਚ ਮੀਡੀਆ
ਚੰਡੀਗੜ੍ਹ: ਸਿਆਸਤ ਦੇ ਪ੍ਰਭਾਵ ਨਾਲ ਕਾਰਪੋਰੇਟ ਸੈਕਟਰ ਮੀਡੀਆ ਦੀ ਤਾਕਤ ਨੂੰ ਆਪਣੀ ਮੁੱਠੀ ਵਿਚ ਕਰਨ ਕਰਨ ਦੀ ਪੂਰੀ ਵਾਹ ਲਾ ਰਿਹਾ ਹੈ। ਸ਼ੁਰੂ ਵਿਚ ਕਾਰਪੋਰੇਟ ਸੈਕਟਰ ਮੀਡੀਆ ਨੂੰ ਇਸ਼ਤਿਹਾਰਬਾਜ਼ੀ ਲਈ ਹੀ ਵਰਤਦਾ ਸੀ, ਪਰ ਇਲੈਕਟ੍ਰੋਨਿਕ ਮੀਡੀਆ ਦੇ ਸ਼ਕਤੀਸ਼ਾਲੀ ਹੋਣ ਮਗਰੋਂ ਪੂੰਜੀਪਤੀਆਂ ਤੇ ਸਿਆਸਤਦਾਨਾਂ ਦੇ ਗੱਠਜੋੜ ਨੇ ਇਸ ‘ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਇਸ ਵੇਲੇ ਭਾਰਤੀ ਇਲੈਕਟ੍ਰੋਨਿਕ ਮੀਡੀਆ ਉਤੇ ਕੁਝ ਕੁ ਵੱਡੇ ਪੂੰਜੀਪਤੀ ਤੇ ਸਿਆਸੀ ਘਰਾਣਿਆਂ ਦਾ ਕਬਜ਼ਾ ਹੈ।
ਅਸਲ ਵਿਚ ਰਾਸ਼ਟਰਵਾਦ ਦਾ ਡਰਾਮਾ ਕਰਨ ਵਾਲੀ ਭਾਜਪਾ ਸਰਕਾਰ ਨੇ 2002 ਵਿਚ ਮੀਡੀਆ ਦੇ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਪਿਰਤ ਪਾਈ ਜਿਸ ਤਹਿਤ ਪ੍ਰਿੰਟ ਮੀਡੀਆ ਵਿਚ 26 ਫੀਸਦੀ ਤੇ ਵਿਗਿਆਨ/ਤਕਨੀਕ ਨਾਲ ਸਬੰਧਤ ਰਸਾਲਿਆਂ ਵਿਚ 74 ਫੀਸਦੀ ਨਿਵੇਸ਼ ਦੀ ਆਗਿਆ ਦੇ ਦਿੱਤੀ ਗਈ। ਇਸ ਤੋਂ ਇਲਾਵਾ ਫਿਲਮਾਂ ਤੇ ਇਸ਼ਤਿਹਾਰਾਂ ਵਿਚ 100 ਫੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਪ੍ਰਵਾਨਗੀ ਦੇ ਦਿੱਤੀ। ਇਸ ਨਾਲ ਨਿਊਜ਼ ਚੈਨਲਾਂ ਤੇ ਅਖਬਾਰਾਂ ਨੂੰ ਵਿਦੇਸ਼ੀ ਪੂੰਜੀ ਦਾ ਸਹਾਰਾ ਮਿਲਿਆ ਤੇ ਇਹ ਅਦਾਰੇ ਮੀਡੀਆ ਦੇ ਵੱਡੇ ਥੰਮ੍ਹ ਬਣ ਕੇ ਉਭਰੇ, ਪਰ ਆਪਣੇ ਫਰਜ਼ਾਂ ਤੋਂ ਕਾਫੀ ਦੂਰ ਹੋ ਗਏ।
ਸਿੱਧੇ ਵਿਦੇਸ਼ੀ ਨਿਵੇਸ਼ ਤੇ ਆਈæਪੀæਓæ (ਆਨੀਸ਼ੀਅਲ ਪਬਲਿਕ ਆਫਰਿੰਗ) ਤਹਿਤ ਦੇਸ਼ ਦੇ ਮੀਡੀਆ ਅਦਾਰਿਆਂ ਜ਼ੀ ਨੈਟਵਰਕ, ਟੀæਵੀæ ਟੂਡੇ, ਐਨæਡੀæਟੀæਵੀ, ਬੈਗ ਟੈਲੀਫਿਲਮਜ਼, ਜਾਗਰਣ ਸਮੂਹ, ਦੈਨਿਕ ਭਾਸਕਰ, ਟਾਈਮਜ਼ ਸਮੂਹ, ਹਿੰਦੋਸਤਾਨ ਟਾਈਮਜ਼, ਡੈਕਨ ਕਾਰਨੀਕਲ ਨੇ ਵਿਦੇਸ਼ੀ ਨਿਵੇਸ਼ ਦੇ ਜ਼ਰੀਏ ਆਪਣਾ ਦਾਇਰਾ ਵਿਸ਼ਾਲ ਕੀਤਾ। ਇਸ ਦੌੜ ਵਿਚ ਮੀਡੀਆ ‘ਤੇ ਗੈਰ-ਪੱਤਰਕਾਰ ਲੋਕਾਂ ਦਾ ਕਬਜ਼ਾ ਸ਼ੁਰੂ ਹੋ ਗਿਆ।
ਭਾਰਤੀ ਸਮਾਜ ਅੰਦਰ ਵੀ ਮੀਡੀਆ ਪੱਛਮੀ ਦੇਸ਼ਾਂ ਵਾਂਗ ਤਾਕਤਵਰ ਸ਼ਕਤੀ ਬਣ ਕੇ ਉਭਰਿਆ ਹੈ। ਭਾਰਤ ਵਿਚ 62 ਕਰੋੜ ਲੋਕਾਂ ਤੱਕ ਟੀæਵੀæ ਦੀ ਪਹੁੰਚ ਹੈ ਤੇ ਹਰ ਭਾਰਤੀ ਨਾਗਰਿਕ ਹਰ ਮਹੀਨੇ 77 ਘੰਟੇ ਟੀæਵੀæ ਦੇਖਦਾ ਹੈ। ਸਿਆਸਤਦਾਨ ਇਸ ਦੀ ਤਾਕਤ ਨੂੰ ਸਮਝਣ ਲੱਗੇ ਹਨ। ਸਿਆਸਤ ਵਿਚ ਪਰਿਵਾਰਵਾਦ ਭਾਰੂ ਹੋਣ ਨਾਲ ਮੀਡੀਆ ਵੀ ਕੁਝ ਘਰਾਣਿਆਂ ਦੇ ਹੱਥਾਂ ਵਿਚ ਕੇਂਦਰਤ ਹੋਣ ਲੱਗਾ ਹੈ। ਭਾਰਤ ਵਿਚ ਇਸ ਵੇਲੇ ਖੁੰਭਾਂ ਵਾਂਗ ਉਗੇ ਚੈਨਲਾਂ ‘ਤੇ ਜਾਂ ਤਾਂ ਸਿਆਸੀ ਲੋਕਾਂ ਦਾ ਕਬਜ਼ਾ ਹੈ ਜਾਂ ਫਿਰ ਉਨ੍ਹਾਂ ਦੀ ਛਤਰ-ਛਾਇਆ ਹੇਠ ਪਲ ਰਹੇ ਪੂੰਜੀਪਤੀਆਂ ਦੀ ਜਾਗੀਰ ਹਨ।
ਭਾਰਤ ਵਿਚ ਪਹਿਲਾਂ ਵੀ ਬਿਜ਼ਨੈਸ ਘਰਾਣੇ ਅਖ਼ਬਾਰ ਸਮੂਹਾਂ ਨਾਲ ਜੁੜੇ ਰਹੇ ਹਨ, ਜਿਵੇਂ ਹਿੰਦੁਸਤਾਨ ਟਾਈਮਜ਼ ਨਾਲ ਬਿਰਲਾ, ਸਟੇਟਸਮੈਨ ਨਾਲ ਟਾਟਾ, ਜੈਨ ਪਰਿਵਾਰ ਦੀ ਮਾਲਕੀ ਵਾਲੇ ਭਾਸਕਰ ਸਮੂਹ ਨਾਲ ਸਾਹੂ ਗਰੁਪ, ਇੰਡੀਅਨ ਐਕਸਪ੍ਰੈਸ ਦਾ ਮਾਲਕ ਰਾਮਨਾਥ ਗੋਇਨਕਾ ਦੀ ਵੀ ਜੂਟ ਮਿੱਲ ਸੀ ਤੇ ਉਸ ਨੇ ਇੰਡੀਅਨ ਆਇਰਨ ਤੇ ਸਟੀਲ ਕੰਪਨੀ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਸੀ। ਹੁਣ ਭਾਰਤੀ ਮੀਡੀਆ ਵੀ ਸਿਰਫ ਅਖ਼ਬਾਰਾਂ ਜਾਂ ਰੇਡੀਓ ਤੱਕ ਸੀਮਤ ਨਹੀਂ ਰਿਹਾ, ਟੀæਵੀæ, ਡਿਸ਼ ਟੀæਵੀæ, ਕੇਬਲ ਨੈਟਵਰਕ, ਸਿਨੇਮੇ ਦਾ ਵਿਸਥਾਰ, ਇੰਟਰਨੈਟ ਆਦਿ ਆਧੁਨਿਕ ਮੀਡੀਆ ਮਾਧਿਅਮਾਂ ਨੇ ਅਖ਼ਬਾਰਾਂ ਨੂੰ ਕੁਝ ਪਿੱਛੇ ਧੱਕ ਦਿੱਤਾ ਹੈ ਤੇ ਲੋਕ-ਮਨਾਂ ਨੂੰ ਆਪਣੀ ਜਕੜਨ ਵਿਚ ਲੈ ਲਿਆ ਹੈ।
‘ਟਰਾਈ’ ਦੀ ਤਾਜ਼ਾ ਰਿਪੋਰਟ ਅਨੁਸਾਰ ਇਸ ਵੇਲ਼ੇ ਭਾਰਤੀ ਮੀਡੀਆ ਵਿਚ ਸਰਗਰਮ ਗਰੁਪ ਹਨ ਸਨ- ਨੈਟਵਰਕ, ਏਸੇਲ ਗਰੁਪ, ਨਿਊ ਡੇਲੀ ਟੈਲੀਵਿਜ਼ਨ ਗਰੁਪ, ਸਟਾਰ ਇੰਡੀਆ, ਇੰਡੀਆ ਟੁਡੇ, ਨੈਟਵਰਕ 18 ਗਰੁਪ, ਏਨਾਡੂ ਗਰੁਪ, ਮਨੋਰਮਾ ਗਰੁਪ, ਭਾਸਕਰ ਸਮੂਹ ਤੇ ਜਾਗਰਣ ਸਮੂਹ, ਹਿੰਦੁਸਤਾਨ ਟਾਈਮਜ਼ ਸਮੂਹ ਤੇ ਬੇਨੇਟ ਕੋਲਮੈਨ ਗਰੁਪ ਜਿਸ ਕੋਲ ਟਾਈਮਜ਼ ਆਫ ਇੰਡੀਆ ਤੇ ਇਕਨੌਮਿਕ ਟਾਈਮਜ਼ ਦੀ ਮਾਲਕੀ ਹੈ।