ਚੰਡੀਗੜ੍ਹ: ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਜਿਸ ‘ਤੇ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਫਸਾਉਣ ਲਈ ਦਸਤਾਵੇਜ਼ਾਂ ਨਾਲ ਛੇੜਛਾੜ ਦਾ ਦੋਸ਼ ਲਾਇਆ ਜਾ ਰਿਹਾ ਹੈ, ਦੀ ਹਮਾਇਤ ਵਿਚ ਲਾਮਬੰਦੀ ਸ਼ੁਰੂ ਹੋ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸ੍ਰੀ ਖਹਿਰਾ ਦਾ ਪੱਖ ਪੂਰਦਿਆਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸ੍ਰੀ ਖਹਿਰਾ ਨੂੰ ਪ੍ਰੇਸ਼ਾਨ ਨਾ ਕਰਨ।
ਪੀਪਲਜ਼ ਪਾਰਟੀ ਆਫ ਪੰਜਾਬ ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ‘ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ ਤੇ ਕਾਂਗਰਸ ਆਗੂ ਨੂੰ ਚੁੱਪ ਕਰਵਾਉਣ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ।
ਉਧਰ ਸਾਬਕਾ ਡੀæਜੀæਪੀæ ਸ਼ਸ਼ੀ ਕਾਂਤ ਨੇ ਕਿਹਾ ਹੈ ਕਿ ਸਬ ਇੰਸਪੈਕਟਰ ਸਵਰਨ ਗਾਂਧੀ ਵੱਲੋਂ ਦਿਖਾਏ ਗਏ ਦਸਤਵੇਜ਼ ਉਨ੍ਹਾਂ ਦੇਖੇ ਹਨ ਤੇ ਉਹ ਸਹੀ ਦਸਤਾਵੇਜ਼ ਜਾਪਦੇ ਹਨ ਤੇ ਸੁਖਪਾਲ ਸਿੰਘ ਜਾਂ ਕਿਸੇ ਹੋਰ ਵੱਲੋਂ ਇਨ੍ਹਾਂ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਦੀ ਕੋਈ ਸੰਭਾਵਨਾ ਨਹੀਂ ਜਾਪਦੀ। ਦੱਸਣਯੋਗ ਹੈ ਕਿ ਸ੍ਰੀ ਖਹਿਰਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਦਸਤਾਵੇਜ਼ ਸਾਬਕਾ ਪੁਲਿਸ ਮੁਖੀ (ਜੇਲ੍ਹਾਂ) ਸ਼ਸ਼ੀਕਾਂਤ ਨੇ ਮੁਹੱਈਆ ਕਰਵਾਏ ਸਨ।ਗ਼ਸੰਗਰੂਰ ਦੇ ਐਸ਼ਐਸ਼ਪੀ, ਸਾਬਕਾ ਜਾਂਚ ਅਧਿਕਾਰੀ ਸਵਰਨ ਗਾਂਧੀ ਵੱਲੋਂ ਦਸਤਾਵੇਜ਼ਾਂ ਨਾਲ ਕੀਤੀ ਛੇੜਖਾਨੀ ਦੇ ਮਾਮਲੇ ਦੀ ਜਾਂਚ ਕਰ ਰਹੇ ਹਨ। ਸ੍ਰੀ ਗਾਂਧੀ ਨੇ ਜਾਂਚ ਟੀਮ ਕੋਲ ਕਬੂਲਿਆ ਹੈ ਕਿ ਉਸ ਨੇ ਦਸਤਾਵੇਜ਼ਾਂ ਨਾਲ ਛੇੜਖਾਨੀ ਕੀਤੀ ਸੀ।
ਪੁਲਿਸ ਨੂੰ ਸ਼ੱਕ ਹੈ ਕਿ ਨਿਗਰਾਨੀ ਹੇਠਲੇ ਫੋਨ ਨੰਬਰ ਵਾਲਾ ਵਿਅਕਤੀ ਉੱਤਰ ਭਾਰਤ ਵਿਚ ਵੱਡੇ ਹਵਾਲਾ ਕਾਰੋਬਾਰ ਦਾ ਹਿੱਸਾ ਹੈ। ਮਾਮਲੇ ਦੀ ਜਾਂਚ ਕਰ ਰਹੇ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਗਾਂਧੀ ਨੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਟੈਲੀਫੋਨ ਨੰਬਰ ਦਸਤਾਵੇਜ਼ਾਂ ਵਿਚ ਲਿਖਣ ਤੋਂ ਇਨਕਾਰ ਕੀਤਾ ਹੈ। ਸ੍ਰੀ ਮਜੀਠੀਆ ਦਾ ਫੋਨ ਨੰਬਰ ਦਸਤਾਵੇਜ਼ਾਂ ਵਿਚ 18 ਅਪਰੈਲ, 2011 ਨੂੰ ਦਰਜ ਕੀਤਾ ਗਿਆ। ਇਹ ਫੋਨ ਪਾਬਲਾ ਕੋਲ ਗਿਆ ਤੇ ਚੰਡੀਗੜ੍ਹ ਤੋਂ ਹਵਾਲਾ ਰਾਹੀਂ 70 ਲੱਖ ਰੁਪਏ ਦੀ ਰਕਮ ਭੇਜੀ ਗਈ। ਇਸ ਵਿਚ ਕਿਸੇ ਪਤੇ ਜਾਂ ਫੋਨ ਨੰਬਰ ਦਾ ਜ਼ਿਕਰ ਨਹੀਂ ਹੈ। ਸ੍ਰੀ ਖਹਿਰਾ ਵੱਲੋਂ 17 ਜੁਲਾਈ ਨੂੰ ਪ੍ਰੈੱਸ ਕੋਲ ਇਹ ਫੋਨ ਜਾਰੀ ਕੀਤੇ ਗਏ, ਜਿਨ੍ਹਾਂ ਨੂੰ ਪੁਲਿਸ ਫਰਜ਼ੀ ਕਰਾਰ ਦੇ ਰਹੀ ਹੈ। ਇਸ ਵਿਚ ਸਾਰੇ ਵੇਰਵੇ ਦਰਜ ਹਨ ਪਰ ਇਕ ਨੰਬਰ ਜੋੜਿਆ ਗਿਆ ਜੋ ਸ੍ਰੀ ਮਜੀਠੀਆ ਦਾ ਹੈ।
_________________________________________
ਮਜੀਠੀਏ ਨੂੰ ਬਚਾਉਣ ਦੇ ਯਤਨ ਕਰ ਰਹੀ ਹੈ ਸਰਕਾਰ: ਖਹਿਰਾ
ਚੰਡੀਗੜ੍ਹ: ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਸਰਕਾਰ ਨੇ ਸਾਢੇ ਚਾਰ ਮਹੀਨੇ ਮਗਰੋਂ ਕਿਹਾ ਹੈ ਕਿ ਕਾਗਜ਼ਾਂ ਨਾਲ ਛੇੜਛਾੜ ਕੀਤੀ ਗਈ ਹੈ। ਜੇਕਰ ਮੇਰੇ ਵੱਲੋਂ ਲਾਏ ਗਏ ਦੋਸ਼ ਗਲਤ ਸਨ ਤਾਂ ਸਰਕਾਰ ਨੂੰ ਅਗਲੇ ਦਿਨ ਹੀ ਇਸ ਦਾ ਖੰਡਨ ਕਰਨਾ ਚਾਹੀਦਾ ਸੀ ਪਰ ਸਰਕਾਰ ਨੇ ਆਪਣਾ ਰਿਕਾਰਡ ਸਹੀ ਕਰਨ ਪਿੱਛੋਂ ਹੁਣ ਸਾਢੇ ਚਾਰ ਮਹੀਨੇ ਮਗਰੋਂ ਜਾ ਕੇ ਇਹ ਦਾਅਵਾ ਕੀਤਾ ਹੈ ਕਿ ਮੈਂ ਦਸਤਾਵੇਜ਼ਾਂ ਨਾਲ ਛੇੜਛਾੜ ਕੀਤੀ ਹੈ। ਇਹ ਸਭ ਮਜੀਠੀਆ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ।
ਕਾਂਗਰਸ ਆਗੂ ਸੁਖਪਾਲ ਖਹਿਰਾ ਨੇ ਪਹਿਲੀ ਵਾਰ 17 ਜੁਲਾਈ ਨੂੰ ਸ੍ਰੀ ਬਿਕਰਮ ਮਜੀਠੀਆ ‘ਤੇ ਇਸ ਬਾਰੇ ਦੋਸ਼ ਲਾਏ ਗਏ ਸਨ ਪਰ ਉਦੋਂ ਉਸ ਨੇ ਉਸ ਸਰੋਤ ਦਾ ਜ਼ਿਕਰ ਨਹੀਂ ਕੀਤਾ ਜਿਸ ਤੋਂ ਇਹ ਦਸਤਾਵੇਜ਼ ਮਿਲੇ ਹਨ। ਖਹਿਰਾ ਨੇ ਕਿਹਾ ਕਿ ਸਿੰਥੈਟਿਕ ਡਰੱਗ ਕੇਸ ਬਾਰੇ ਮਜੀਠੀਆ ਦੀ ਭੂਮਿਕਾ ਤੇ ਪੰਜਾਬ ਵਿਚ ਅਹਿਮ ਬੰਦਿਆਂ ਦੇ ਗੈਰ ਕਾਨੂੰਨੀ ਢੰਗ ਨਾਲ ਟੈਲੀਫੋਨ ਟੈਪ ਕਰਨ ਦੇ ਮਾਮਲੇ ਦੀ ਜਾਂਚ ਹਾਈਕੋਰਟ ਦੇ ਕਿਸੇ ਵੀ ਮੌਜੂਦਾ ਜੱਜ ਕੋਲੋਂ ਕਰਵਾਈ ਜਾਵੇ।