ਕਾਲੇ ਧਨ ਦੀ ਵਾਪਸੀ ਦੇ ਸੁਪਨੇ ਦੀ ਹਕੀਕਤ

-ਜਤਿੰਦਰ ਪਨੂੰ
‘ਇੱਕ ਮੁੰਡੇ ਦੀ ਚੀਜ਼ ਗਵਾਚੀ, ਭਲਕੇ ਚੇਤਾ ਆਊਗਾ, ਪਰਸੋਂ ਲੱਭਣ ਜਾਊਗਾ।’ ਪੰਜਾਬ ਦੇ ਸਕੂਲਾਂ ਦੇ ਬੱਚੇ ਏਦਾਂ ਦਾ ਗਾਣਾ ਪੰਜਾਹ ਸਾਲ ਪਹਿਲਾਂ ਵੀ ਕਦੇ-ਕਦੇ ਗਾਉਂਦੇ ਸਨ, ਹੁਣ ਵੀ ਪੇਂਡੂ ਸਕੂਲਾਂ ਵਿਚ ਗਾ ਲੈਂਦੇ ਹਨ। ਇਹ ਗਾਣਾ ਉਹ ਬੱਚਾ ਗਾਉਂਦਾ ਹੈ, ਜਿਸ ਨੂੰ ਕਿਸੇ ਦੀ ਗਵਾਚੀ ਕੋਈ ਚੀਜ਼ ਲੱਭ ਜਾਵੇ ਤੇ ਫਿਰ ਜਦੋਂ ਦੋ-ਚਾਰ ਜਣੇ ਉਸ ਚੀਜ਼ ਦੇ ਦਾਅਵੇਦਾਰ ਬਣ ਜਾਣ, ਉਦੋਂ ਇਹ ਕਿਹਾ ਜਾਂਦਾ ਹੈ ਕਿ ਜਿਸ ਦੀ ਚੀਜ਼ ਹੈ, ਨਿਸ਼ਾਨੀ ਦੱਸ ਕੇ ਲੈ ਲਵੇ। ਝੂਠਾ ਦਾਅਵੇਦਾਰ ਨਿਸ਼ਾਨੀ ਦੱਸਣ ਵੇਲੇ ਫੜਿਆ ਜਾਂਦਾ ਹੈ ਤੇ ਅਸਲ ਮਾਲਕ ਆਪਣੀ ਨਿਸ਼ਾਨੀ ਦੱਸ ਕੇ ਲੈ ਲੈਂਦਾ ਹੈ।

ਅੱਜ ਕੱਲ੍ਹ ਭਾਰਤੀ ਲੋਕਾਂ ਤੋਂ ਲੁੱਟੇ ਹੋਏ ਕਾਲੇ ਧਨ ਬਾਰੇ ਜਿਹੜੀ ਬਹਿਸ ਲਗਾਤਾਰ ਚੱਲ ਰਹੀ ਹੈ, ਤੇ ਏਦਾਂ ਚੱਲੀ ਜਾਂਦੀ ਹੈ ਕਿ ਇਸ ਨੂੰ ਬਰੇਕ ਲਾਉਣਾ ਭੁੱਲ ਗਿਆ ਲੱਗਦਾ ਹੈ, ਉਸ ਦੇ ਸਬੰਧ ਵਿਚ ਸਾਨੂੰ ਇਹ ਗੱਲ ਇਸ ਲਈ ਯਾਦ ਆਈ ਹੈ ਕਿ ਵਿਦੇਸ਼ੀ ਬੈਂਕਾਂ ਤੇ ਸਰਕਾਰਾਂ ਨੇ ਵੀ ਭਾਰਤ ਸਰਕਾਰ ਅੱਗੇ ਇਹੋ ਗਾਣਾ ਛੋਹ ਦਿੱਤਾ ਜਾਪਦਾ ਹੈ।
ਭਾਰਤ ਸਰਕਾਰ ਨੂੰ ਉਨ੍ਹਾਂ ਬੈਂਕਾਂ ਨੇ ਕਹਿ ਦਿੱਤਾ ਹੈ ਕਿ ਸਾਨੂੰ ਕੋਈ ਪਤਾ ਨਹੀਂ ਕਿ ਕਿਸੇ ਦਾ ਸਾਡੇ ਕੋਲ ਜਮ੍ਹਾਂ ਧਨ ਕਾਲੀ ਕਮਾਈ ਦਾ ਹੈ ਕਿ ਦਸਾਂ ਨਹੁੰਆਂ ਦੀ ਕਿਰਤ ਦਾ, ਤੇ ਇਹ ਵੀ ਪਤਾ ਨਹੀਂ ਕਿ ਉਹ ਲੋਕ ਭਾਰਤੀ ਹਨ ਜਾਂ ਨਹੀਂ। ਜਿਸ ਦਾ ਭਾਰਤ ਸਰਕਾਰ ਨੂੰ ਸ਼ੱਕ ਹੈ ਕਿ ਉਸ ਦਾ ਸਾਡੇ ਕੋਲ ਕੋਈ ਖਾਤਾ ਹੈ ਤੇ ਉਸ ਖਾਤੇ ਵਿਚ ਪੈਸੇ ਵੀ ਹਨ, ਉਸ ਆਦਮੀ ਦਾ ਨਾਂ ਉਹ ਦੱਸ ਦੇਵੇ ਤੇ ਅਸੀਂ ਵੇਖ ਕੇ ਦੱਸ ਦੇਵਾਂਗੇ ਕਿ ਖਾਤਾ ਹੈ ਜਾਂ ਨਹੀਂ ਤੇ ਉਸ ਖਾਤੇ ਦੀ ਕੀ ਸਥਿਤੀ ਹੈ? ਉਹ ਇਹ ਕਹਿੰਦੇ ਹਨ ਕਿ ਉਨ੍ਹਾਂ ਕੋਲ ਲੱਖਾਂ ਲੋਕਾਂ ਦੇ ਖਾਤੇ ਹਨ, ਖਾਤੇਦਾਰਾਂ ਦੀ ਸਮੁੱਚੀ ਸੂਚੀ ਉਹ ਕਿਸੇ ਨੂੰ ਦੇ ਨਹੀਂ ਸਕਦੇ ਤੇ ਕਾਨੂੰਨ ਦੀ ਪ੍ਰਕਿਰਿਆ ਨੂੰ ਵੀ ਇਨਕਾਰ ਨਹੀਂ ਕਰਨਗੇ, ਪਰ ਜਿਸ ਨੇ ਪੁੱਛਣਾ ਹੈ, ਉਹ ਕਿਸੇ ਵਿਅਕਤੀ ਦਾ ਨਾਂ ਲਵੇ ਕਿ ਉਸ ਦੀ ਜਾਣਕਾਰੀ ਚਾਹੀਦੀ ਹੈ, ਫਿਰ ਉਹ ਖਾਤਾ ਵੇਖ ਕੇ ਦੱਸ ਦੇਣਗੇ। ਭਾਰਤ ਦੇ ਇੱਕ ਸੌ ਪੰਝੀ ਕਰੋੜ ਲੋਕਾਂ ਵਿਚ ਕਰੋੜਪਤੀ ਹੁਣ ਕਰੋੜਾਂ ਵਿਚ ਹਨ, ਜਿਸ ਬੰਦੇ ਦੀ ਪੰਜ ਕਿੱਲੇ ਜ਼ਮੀਨ ਹੈ, ਉਹ ਵੀ ਕਰੋੜ ਤੋਂ ਵੱਧ ਦਾ ਮਾਲਕ ਹੈ, ਪਰ ਅਰਬਪਤੀਆਂ ਦੀ ਗਿਣਤੀ ਆਮ ਲੋਕ ਸੋਚਦੇ ਹਨ ਕਿ ਬਹੁਤੀ ਨਹੀਂ ਹੋਣੀ। ਉਹ ਠੀਕ ਨਹੀਂ ਸੋਚ ਰਹੇ, ਭਾਰਤ ਵਿਚ ਅਰਬਪਤੀਆਂ ਦੀ ਗਿਣਤੀ ਵੀ ਬਹੁਤ ਵੱਡੀ ਹੈ, ਪਰ ਖਰਬਪਤੀ ਸਿਰਫ ਪਚਵੰਜਾ ਹਨ। ਇਸ ਤੋਂ ਇਹ ਸੁਝਾਅ ਉਠ ਪੈਂਦਾ ਹੈ, ਅਤੇ ਇੱਕ ਦਿਨ ਇੱਕ ਮੀਡੀਆ ਚੈਨਲ ਦੀ ਬਹਿਸ ਵਿਚ ਵੀ ਉਠਿਆ ਹੈ, ਕਿ ਇਨ੍ਹਾਂ ਪਚਵੰਜਾ ਘਰਾਂ ਦੀ ਸੂਚੀ ਦੇ ਕੇ ਵਿਦੇਸ਼ੀ ਬੈਂਕਾਂ ਤੋਂ ਪੁੱਛਿਆ ਜਾ ਸਕਦਾ ਹੈ ਕਿ ਇਨ੍ਹਾਂ ਦਾ ਉਥੇ ਖਾਤਾ ਬੋਲਦਾ ਹੈ ਕਿ ਨਹੀਂ? ਸੁਝਾਅ ਦੇਣ ਵਾਲਾ ਸੱਜਣ ਹਕੀਕਤਾਂ ਤੋਂ ਜਾਣੂ ਨਹੀਂ। ਇਹ ਸੂਚੀ ਉਨ੍ਹਾਂ ਖਰਬਪਤੀਆਂ ਦੀ ਹੈ, ਜਿਨ੍ਹਾਂ ਦੇ ਖਾਤੇ ਵਿਚ ਏਨਾ ਪੈਸਾ ਕਾਨੂੰਨ ਦੀਆਂ ਕਿਤਾਬਾਂ ਵਿਚ ਹੈ, ਕਾਲੇ ਧਨ ਵਾਲੇ ਇਸ ਵਿਚ ਦਰਜ ਹੀ ਨਹੀਂ ਹੋਣੇ। ਜੇ ਉਨ੍ਹਾਂ ਬਾਰੇ ਸੱਚਾਈ ਸਾਹਮਣੇ ਆਵੇ ਤਾਂ ਇਹ ਪਚਵੰਜਾ ਵੀ ਉਨ੍ਹਾਂ ਵਿਚ ਸ਼ਾਮਲ ਹੋ ਸਕਦੇ ਹਨ ਤੇ ਪਚਵੰਜਾ ਸੌ ਹੋਰ ਵੀ ਹੋ ਸਕਦੇ ਹਨ, ਜਿਨ੍ਹਾਂ ਦਾ ਕਦੀ ਕਿਤੇ ਜ਼ਿਕਰ ਹੀ ਨਹੀਂ ਆਇਆ ਹੋਣਾ।
ਫਰਜ਼ ਕਰੋ ਕਿ ਭਾਰਤ ਸਰਕਾਰ ਉਨ੍ਹਾਂ ਲੋਕਾਂ ਦੀ ਸੂਚੀ ਬਣਾ ਲਵੇ, ਜਾਂ ਯੋਗੀ ਬਾਬਾ ਰਾਮਦੇਵ ਦੀ ਦੱਸੀ ਹੋਈ ਪੰਜਾਹ ਹਜ਼ਾਰ ਖਾਤੇਦਾਰਾਂ ਦੀ ਸੂਚੀ ਚੁੱਕ ਲਿਆਵੇ, ਨਹੀਂ ਤਾਂ ਸਿਮਰਤੀ ਇਰਾਨੀ ਦੇ ਜੋਤਸ਼ੀ ਤੋਂ ਪੁੱਛ ਕੇ ਸੂਚੀ ਬਣਵਾ ਲਵੇ, ਫਿਰ ਵੀ ਕੁਝ ਨਹੀਂ ਹੋਣ ਲੱਗਾ। ਜਿਨ੍ਹਾਂ ਨੇ ਬਾਹਰ ਖਾਤੇ ਰੱਖੇ ਹਨ, ਉਨ੍ਹਾਂ ਵਿਚੋਂ ਕਿਸੇ ਨੇ ਆਪਣੇ ਨਾਂ ਦਾ ਉਥੇ ਖਾਤਾ ਹੀ ਨਹੀਂ ਖੋਲ੍ਹਿਆ। ਸਭ ਦੇ ਖਾਤੇ ਕੋਡ ਨਾਂਵਾਂ ਵਾਲੇ ਹਨ। ਸਰਕਾਰ ਕੋਈ ਨਾਂ ਦੱਸੇਗੀ, ਉਹ ਕਹਿ ਦੇਣਗੇ ਕਿ ਇਸ ਬੰਦੇ ਦਾ ਨਾਂ ਨਹੀਂ ਬੋਲਦਾ। ਉਸ ਦੇ ਬਾਅਦ ਸਰਕਾਰ ਇਹ ਰਿਪੋਰਟ ਦੇਸ਼ ਦੇ ਸਾਹਮਣੇ ਪੇਸ਼ ਕਰ ਦੇਵੇਗੀ ਕਿ ਵਿਦੇਸ਼ਾਂ ਦੀ ਖੋਜ ਤੋਂ ਕੋਈ ਖਾਤਾ ਨਹੀਂ ਲੱਭ ਸਕਿਆ। ਜਾਂ ਫਿਰ ਇਹ ਰਿਪੋਰਟ ਆ ਜਾਵੇਗੀ ਕਿ ਜਿਨ੍ਹਾਂ ਲੋਕਾਂ ਦੇ ਖਾਤੇ ਸਨ, ਉਹ ਸਾਰਾ ਮਾਲ ਉਥੋਂ ਕੱਢਵਾ ਚੁੱਕੇ ਹਨ ਤੇ ਹੁਣ ਉਥੇ ਕੋਈ ਪੈਸਾ ਨਹੀਂ। ਮੱਛੀ ਦੇ ਪੱਥਰ ਚੱਟ ਕੇ ਮੁੜਨ ਵਾਂਗ ਭਾਰਤ ਦੀ ਜਾਂਚ ਟੀਮ ਖਾਤੇ ਸੁੰਘ ਕੇ ਸੁੱਚੇ ਮੂੰਹ ਮੁੜ ਆਵੇਗੀ। ਫਿਰ ਇਸ ਦਾ ਲਾਭ ਕੀ ਹੋਵੇਗਾ?
ਲੁਕਾਏ ਹੋਏ ਕਾਲੇ ਧਨ ਪਿੱਛੇ ਲੱਭਣ ਵਾਲੇ ਘੋੜੇ ਭਜਾਈ ਜਾਣ ਦਾ ਖਰਚਾ ਇਸ ਦੇਸ਼ ਦੇ ਸਿਰ ਪੈ ਸਕਦਾ ਹੈ, ਪਰ ਨਿਕਲਣਾ ਇਸ ਵਿਚੋਂ ਕੁਝ ਨਹੀਂ। ਜਿਹੜਾ ਕੰਮ ਕਰਨਾ ਬਣਦਾ ਹੈ, ਉਹ ਨਹੀਂ ਕੀਤਾ ਜਾਂਦਾ। ਹਸਨ ਅਲੀ ਨਾਂ ਦਾ ਘੋੜਿਆਂ ਦਾ ਵਪਾਰੀ ਹੈ ਤੇ ਸਾਰਾ ਧੰਦਾ ਦੋ ਨੰਬਰ ਦਾ ਕਰਦਾ ਕਿਹਾ ਜਾਂਦਾ ਹੈ, ਜਿਸ ਬਾਰੇ ਪਾਰਲੀਮੈਂਟ ਦੀ ਬਹਿਸ ਵਿਚ ਦਰਜ ਹੈ ਕਿ ਉਸ ਤੋਂ ਚਾਲੀ ਹਜ਼ਾਰ ਕਰੋੜ ਤੋਂ ਵੱਧ ਰੁਪਏ ਟੈਕਸ ਬਕਾਇਆ ਹੀ ਲੈਣ ਵਾਲਾ ਹੈ। ਇਹ ਸਾਰਾ ਬਕਾਇਆ ਉਸ ਦੇ ਉਸ ਕਾਰੋਬਾਰ ਦਾ ਹੈ, ਜਿਹੜਾ ਨੰਗਾ-ਚਿੱਟਾ ਚੱਲਦਾ ਹੈ ਤੇ ਜਿਸ ਬਾਰੇ ਜਾਇਦਾਦ ਦੀ ਹੋਂਦ ਦੇ ਸਬੂਤ ਸਰਕਾਰ ਦੇ ਕੋਲ ਹਨ। ਉਸ ਬੰਦੇ ਦੀ ਕਾਲੀ ਕਮਾਈ ਨਾ ਸਹੀ, ਜਾਇਦਾਦ ਜ਼ਬਤ ਕਰ ਕੇ ਇਹ ਬਕਾਇਆ ਵੀ ਕਦੋਂ ਤੇ ਕਿਹੜੀ ਸਰਕਾਰ ਵਸੂਲ ਕਰੇਗੀ, ਅੱਜ ਤੱਕ ਕਦੇ ਨਹੀਂ ਦੱਸਿਆ ਗਿਆ। ਉਹ ਸੈਕੰਡ ਹੈਂਡ ਸਕੂਟਰ ਤੋਂ ਤੁਰਿਆ ਸੀ ਤੇ ਅੱਜ ਭਾਰਤ ਦੇ ਕਿਸੇ ਰਾਜ ਦੀ ਸਰਕਾਰ ਦੇ ਬੱਜਟ ਜਿੰਨੀ ਜਾਇਦਾਦ ਦਾ ਮਾਲਕ ਬਣ ਜਾਣ ਮਗਰੋਂ ਸਾਰੇ ਸੰਵਿਧਾਨਕ ਪ੍ਰਬੰਧ ਨੂੰ ਚੁਣੌਤੀ ਦੇ ਰਿਹਾ ਹੈ। ਸਰਕਾਰ ਨੇ ਏਦਾਂ ਦੇ ਹਸਨ ਅਲੀ ਹੋਰ ਪੈਦਾ ਹੋਣ ਤੋਂ ਰੋਕਣ ਦਾ ਪ੍ਰਬੰਧ ਕਰਨ ਦੀ ਵੀ ਨਾ ਕਦੇ ਕੋਈ ਕੋਸ਼ਿਸ਼ ਕੀਤੀ ਹੈ ਤੇ ਨਾ ਦੇਸ਼ ਨੂੰ ਏਦਾਂ ਦਾ ਭਰੋਸਾ ਦਿੱਤਾ ਹੈ।
ਭਾਰਤ ਦਾ ਰਾਜ ਪ੍ਰਬੰਧ ਚੋਰਾਂ ਦੀ ਮਦਦ ਕਰਦਾ ਹੈ ਤੇ ਭਾਰਤੀ ਪਾਰਲੀਮੈਂਟ ਚੋਰ-ਚੋਰ ਦਾ ਰੌਲਾ ਪਾ ਕੇ ਆਮ ਲੋਕਾਂ ਨੂੰ ਹੋਰ ਪਾਸੇ ਉਲਝਾਉਣ ਦਾ ਅਦਾਰਾ ਬਣ ਗਈ ਹੈ। ਇਹ ਲੰਘ ਗਏ ਸੱਪ ਦੀ ਲਕੀਰ ਉਤੇ ਸੋਟੇ ਮਾਰਦੀ ਹੈ, ਨਵੇਂ ਸੱਪਾਂ ਦਾ ਰਾਹ ਨਹੀਂ ਰੋਕਦੀ। ਲੁੱਟ ਦਾ ਬਾਜ਼ਾਰ ਉਦਾਂ ਹੀ ਚੱਲੀ ਜਾ ਰਿਹਾ ਹੈ। ਭਾਰਤ ਦੇ ਸਰਮਾਏ ਦੀ ਸਿਖਰ ਵਾਲੇ ਵੀ ਨਹੀਂ ਰੁਕ ਰਹੇ ਤੇ ਸਿਆਸਤ ਦੀ ਸਿਖਰ ਵਾਲੇ ਵੀ ਲੱਗੇ ਪਏ ਹਨ। ਇਸ ਵੇਲੇ ਜਿਸ ਰਾਜ ਵਿਚ ਸਰਕਾਰ ਜਿਹੜੇ ਆਗੂ ਦੀ ਕਮਾਨ ਹੇਠ ਹੈ, ਉਹ ਦੋਵਾਂ ਹੱਥਾਂ ਨਾਲ ਲੁੱਟੀ ਜਾਂਦਾ ਹੈ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਇੱਕ ਹੋਣ ਦਾ ਜਿਹੜਾ ਨਾਹਰਾ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਹਾਮੀ ਦਿੰਦੇ ਹਨ, ਅਮਲ ਵਿਚ ਸਿਆਸੀ ਆਗੂਆਂ ਨੇ ਉਹ ਨਾਹਰਾ ਅਪਨਾਇਆ ਹੋਇਆ ਹੈ। ਜੰਮੂ-ਕਸ਼ਮੀਰ ਵਿਚ ਦੋ ਖਾਨਦਾਨਾਂ ਦੇ ਲੀਡਰਾਂ ਤੋਂ ਸ਼ੁਰੂ ਕਰ ਕੇ ਧੁਰ ਦੱਖਣ ਵਿਚ ਬਹੁਤੀ ਬਦਨਾਮੀ ਤੋਂ ਬਚੇ ਹੋਏ ਕੇਰਲਾ ਤੱਕ ਦੇ ਲੀਡਰਾਂ ਉਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਵਾਛੜ ਹੋ ਰਹੀ ਹੈ, ਪਰ ਦੇਸ਼ ਦਾ ਧਿਆਨ ਸਵਿਟਜ਼ਰਲੈਂਡ ਵੱਲ ਲੱਗਾ ਹੋਇਆ ਹੈ। ਓਮ ਪ੍ਰਕਾਸ਼ ਚੌਟਾਲਾ ਜਦੋਂ ਮਾਲ ਖਾਈ ਗਿਆ, ਉਸ ਨੂੰ ਦੇਸ਼ ਦੇ ਸੰਵਿਧਾਨਕ ਪ੍ਰਬੰਧ ਨੇ ਨਹੀਂ ਰੋਕਿਆ। ਜੈਲਲਿਤਾ ਦੋਵੀਂ ਹੱਥੀ ਲੁੱਟੀ ਗਈ, ਸੰਵਿਧਾਨਕ ਪ੍ਰਬੰਧ ਆਰਾਮ ਨਾਲ ਚੱਲਦਾ ਰਿਹਾ। ਲਾਲੂ ਪ੍ਰਸਾਦ ਦੀਆਂ ਪੌਂਅ ਬਾਰਾਂ ਜਦੋਂ ਬਣੀਆਂ, ਸਿਸਟਮ ਨੇ ਰੋਕ ਨਹੀਂ ਪਾਈ। ਇਹ ਉਹ ਲੋਕ ਹਨ, ਜਿਹੜੇ ਅੰਤ ਨੂੰ ਅਦਾਲਤਾਂ ਵਿਚ ਦੋਸ਼ੀ ਕਰਾਰ ਦਿੱਤੇ ਗਏ, ਪਰ ਹੁਣ ਜਿਹੜੇ ਰਾਜ ਕਰ ਰਹੇ ਹਨ, ਉਨ੍ਹਾਂ ਅੱਗੇ ਵੀ ਇਹ ਸਿਸਟਮ ਕਦੋਂ ਆਉਂਦਾ ਹੈ? ਕੋਈ ਜੰਗਲ ਚੱਬੀ ਜਾਂਦਾ ਹੈ, ਕੋਈ ਰੇਤ-ਬੱਜਰੀ ਨੂੰ ਰਗੜਾ ਲਾਈ ਜਾ ਰਿਹਾ ਹੈ, ਪਰ ਦੇਸ਼ ਦਾ ਬਹੁਤ ਵਧੀਆ ਕਿਹਾ ਜਾਂਦਾ ਸਿਸਟਮ ਉਨ੍ਹਾਂ ਅੱਗੇ ਅੜਿੱਕਾ ਹੀ ਨਹੀਂ ਡਾਹੁੰਦਾ।
ਇਸ ਵਕਤ ਕੋਲੇ ਦੇ ਸਕੈਂਡਲ ਦੀ ਜਾਂਚ ਚੱਲਦੀ ਪਈ ਹੈ। ਪਿਛਲੇ ਹਫਤੇ ਇੱਕ ਬਹੁਤ ਵੱਡੀ ਖਬਰ ਆ ਗਈ, ਪਰ ਉਸ ਦੀ ਚਰਚਾ ਨਹੀਂ ਹੋਈ। ਜਿਹੜਾ ਪ੍ਰਧਾਨ ਮੰਤਰੀ ਪਿਛਲੇ ਦਸ ਸਾਲ ਇਸ ਦੇਸ਼ ਦਾ ਰਾਜ ਪ੍ਰਬੰਧ ਚਲਾਉਣ ਦਾ ਜ਼ਿੰਮੇਵਾਰ ਸੀ, ਉਸ ਦਾ ਨਾਂ ਉਸ ਅਦਾਲਤ ਵਿਚ ਬੋਲਿਆ ਹੈ, ਜਿੱਥੇ ਕੋਲਾ ਸਕੈਂਡਲ ਦੀ ਸੁਣਵਾਈ ਹੋ ਰਹੀ ਹੈ। ਮੀਡੀਆ ਇਸ ਖਬਰ ਬਾਰੇ ਚੁੱਪ ਹੀ ਵੱਟ ਗਿਆ। ਉਥੇ ਜੱਜ ਨੇ ਇਹ ਸਵਾਲ ਪੁੱਛ ਲਿਆ ਕਿ ਜੇ ਬਿਰਲਾ ਦੀ ਕੰਪਨੀ ਨੂੰ ਕੋਲੇ ਦਾ ਬਲਾਕ ਅਲਾਟ ਕਰ ਦਿੱਤਾ ਗਿਆ ਤੇ ਉਸ ਅਲਾਟਮੈਂਟ ਨੂੰ ਜਾਂਚ ਏਜੰਸੀ ਗਲਤ ਮੰਨਦੀ ਹੈ ਤਾਂ ਦੇਸ਼ ਦੇ ਕੋਲਾ ਮੰਤਰੀ ਦਾ ਜ਼ਿੰਮਾ ਉਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਆਪਣੇ ਕੋਲ ਸੀ, ਉਸ ਤੋਂ ਅਲਾਟਮੈਂਟ ਬਾਰੇ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ? ਅਸੀਂ ਇਹ ਨਹੀਂ ਕਹਿ ਰਹੇ ਕਿ ਮਨਮੋਹਨ ਸਿੰਘ ਨੇ ਬੇਈਮਾਨੀ ਕੀਤੀ ਹੋਵੇਗੀ, ਬਹੁਤੀ ਸੰਭਾਵਨਾ ਇਹ ਹੈ ਕਿ ਸੋਨੀਆ ਗਾਂਧੀ ਤੱਕ ਕਿਸੇ ਨੇ ਪਹੁੰਚ ਕੀਤੀ ਹੋਵੇ ਤੇ ਮਨਮੋਹਨ ਸਿੰਘ ਨੂੰ ਫਾਈਲ ਉਤੇ ਦਸਤਖਤ ਕਰਨ ਨੂੰ ਮਜਬੂਰ ਕੀਤਾ ਗਿਆ ਹੋ ਸਕਦਾ ਹੈ। ਇਹ ਗੱਲ ਵੀ ਹੋਵੇ ਤਾਂ ਮਨਮੋਹਨ ਸਿੰਘ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਤੋਂ ਗਲਤ ਕੰਮ ਕਰਵਾਏ ਗਏ ਸਨ। ਜਾਂਚ ਵਿਚ ਉਸ ਦੀ ਪੁੱਛਗਿੱਛ ਦਾ ਸਵਾਲ ਇਸ ਕਰ ਕੇ ਵਾਜਬ ਕਿਹਾ ਜਾ ਸਕਦਾ ਹੈ ਕਿ ਜਦੋਂ ਕੋਲਾ ਬਲਾਕ ਲੈਣ ਵਾਲੇ ਕੁਮਾਰਾਮੰਗਲਮ ਬਿਰਲਾ ਨੂੰ ਧਿਰ ਮੰਨਿਆ ਗਿਆ, ਕੋਲਾ ਮਹਿਕਮੇ ਦੇ ਸੈਕਟਰੀ ਪਾਰਿਖ ਨੂੰ ਵੀ ਪੁੱਛਿਆ ਗਿਆ, ਫਿਰ ਮੰਤਰੀ ਵਜੋਂ ਇਹ ਮਨਜ਼ੂਰੀ ਦੇਣ ਵਾਲੇ ਪ੍ਰਧਾਨ ਮੰਤਰੀ ਨੂੰ ਜਾਂਚ ਤੋਂ ਬਾਹਰ ਕਿਵੇਂ ਰੱਖਿਆ ਜਾ ਸਕਦਾ ਹੈ? ਸੀ ਬੀ ਆਈ ਅਧਿਕਾਰੀ ਕਹਿੰਦੇ ਹਨ ਕਿ ਉਸ ਤੋਂ ਪੁੱਛਗਿੱਛ ਦੀ ਮਨਜ਼ੂਰੀ ਨਹੀਂ ਸੀ ਮਿਲੀ। ਉਦੋਂ ਨਾ ਮਿਲੀ ਹੋਵੇਗੀ, ਹੁਣ ਨਰਿੰਦਰ ਮੋਦੀ ਦੀ ਸਰਕਾਰ ਮਨਜ਼ੂਰੀ ਦੇ ਸਕਦੀ ਹੈ।
ਅਦਾਲਤ ਨੇ ਇੱਕ ਤਰ੍ਹਾਂ ਨਾਲ ਇਹ ਸਵਾਲ ਪੁੱਛ ਕੇ ਸਿਰਫ ਮਨਮੋਹਨ ਸਿੰਘ ਜਾਂ ਜਾਂਚ ਏਜੰਸੀ ਸੀ ਬੀ ਆਈ ਵਾਲਿਆਂ ਨੂੰ ਨਹੀਂ, ਨਾਲ ਦੀ ਨਾਲ ਭਾਰਤ ਦੀ ਮੌਜੂਦਾ ਸਰਕਾਰ ਨੂੰ ਵੀ ਫਸਾ ਦਿੱਤਾ ਹੈ। ਸਾਰੇ ਮੰਨਦੇ ਹਨ ਕਿ ਕੋਲੇ ਦੇ ਬਲਾਕਾਂ ਦੀ ਵੰਡ ਵਿਚ ਗਲਤ ਕੰਮ ਹੋਇਆ ਹੈ, ਪਰ ਸਾਰਾ ਕੰਮ ਇੱਕੋ ਮਨਮੋਹਨ ਸਿੰਘ ਦੇ ਵੇਲੇ ਨਹੀਂ ਸੀ ਹੋ ਗਿਆ, ਇਸ ਤੋਂ ਪਹਿਲੇ ਜਿਨ੍ਹਾਂ ਪ੍ਰਧਾਨ ਮੰਤਰੀਆਂ ਦੇ ਵੇਲੇ ਹੋਇਆ ਸੀ, ਉਨ੍ਹਾਂ ਵਿਚ ਭਾਜਪਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੀ ਸਨ। ਕੋਈ ਕਹਿ ਸਕਦਾ ਹੈ ਕਿ ਸ੍ਰੀ ਵਾਜਪਾਈ ਇਸ ਵਕਤ ਜਿਸ ਹਾਲ ਵਿਚ ਹਨ, ਉਨ੍ਹਾਂ ਤੋਂ ਪੁੱਛਗਿੱਛ ਦਾ ਕੋਈ ਸਵਾਲ ਹੀ ਨਹੀਂ ਉਠਦਾ, ਤੇ ਇਹ ਦਲੀਲ ਜ਼ੋਰਦਾਰ ਹੈ, ਪਰ ਇਸ ਦੇ ਬਾਅਦ ਵੀ ਮੋਦੀ ਸਰਕਾਰ ਨੇ ਇਹੋ ਜਿਹੀ ਮਨਜ਼ੂਰੀ ਕਦੇ ਨਹੀਂ ਦੇਣੀ। ਇਸ ਦਾ ਵੀ ਕਾਰਨ ਹੈ। ਕੋਲਾ ਬਲਾਕਾਂ ਦੀ ਜਿਹੜੀ ਅਲਾਟਮੈਂਟ ਨਾਲ ਮਨਮੋਹਨ ਸਿੰਘ ਨੂੰ ਉਲਝਾਇਆ ਜਾ ਸਕਦਾ ਹੈ, ਉਹ ਕੁਮਾਰਾਮੰਗਲਮ ਬਿਰਲਾ ਦੇ ਅਦਾਰੇ ਨੂੰ ਹੋਈ ਹੈ ਤੇ ਬਿਰਲਾ ਸਿਰਫ ਮਨਮੋਹਨ ਸਿੰਘ ਦੀ ਸਰਕਾਰ ਦੇ ਨਹੀਂ, ਮੌਜੂਦਾ ਸਰਕਾਰ ਦੇ ਵੀ ਨੇੜ ਵਾਲਿਆਂ ਵਿਚ ਗਿਣਿਆ ਜਾਂਦਾ ਹੈ। ਕਈ ਕੇਸਾਂ ਵਿਚ ਉਹ ਉਲਝਿਆ ਪਿਆ ਹੈ, ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ‘ਮੇਕ ਇਨ ਇੰਡੀਆ’ ਦੀ ਮੁਹਿੰਮ ਦਾ ਜਦੋਂ ਪਹਿਲਾ ਸਮਾਗਮ ਕੀਤਾ, ਉਸ ਦੇ ਵਕਤ ਇਹੋ ਬਿਰਲਾ ਸੇਠ ਉਚੇਚੇ ਮਹਿਮਾਨਾਂ ਵਿਚ ਮੋਦੀ ਨੇ ਵੀ ਸੱਦ ਲਿਆ ਸੀ। ਜਿਹੜੇ ਚੰਦ ਬਿਰਲਾ ਅਤੇ ਉਹਦੇ ਵਰਗੇ ਸੇਠਾਂ ਨੇ ਨਰਿੰਦਰ ਮੋਦੀ ਦੀ ਸਰਕਾਰ ਦੇ ਵਕਤ ਚਾੜ੍ਹਨੇ ਹਨ, ਉਹ ਅਗਲੀ ਸਰਕਾਰ ਵੇਲੇ ਦਿੱਸ ਪੈਣਗੇ, ਪਰ ਨੁਕਸਾਨ ਉਨ੍ਹਾਂ ਸੇਠਾਂ ਦਾ ਫਿਰ ਵੀ ਕੋਈ ਨਹੀਂ ਹੋਣਾ, ਕਿਉਂਕਿ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਉਸ ਵਿਚ ਚਵਾਨੀ-ਪੱਤੀ ਉਨ੍ਹਾਂ ਦੀ ਹੋਵੇਗੀ।
ਸਿਰਫ ਇੱਕ ਗੱਲ ਇਹੋ ਜਿਹੀ ਹੈ, ਜਿਹੜੀ ਮਨਮੋਹਨ ਸਿੰਘ ਦੀ ਕਹੀ ਸੋਲਾਂ ਆਨੇ ਸੱਚੀ ਜਾਪਦੀ ਹੈ। ਉਸ ਨੇ ਇੱਕ ਵਾਰੀ ਪਾਰਲੀਮੈਂਟ ਵਿਚ ਕਿਹਾ ਸੀ, ‘ਹਜ਼ਾਰੋਂ ਸਵਾਲੋਂ ਸੇ ਮੇਰੀ ਖਾਮੋਸ਼ੀ ਹੈ ਅੱਛੀ, ਨਾ ਜਾਨੇ ਕਿਤਨੇ ਸਵਾਲੋਂ ਕੀ ਆਬਰੂ ਰੱਖੇ।’ ਸੱਚਮੁੱਚ ਬਹੁਤ ਸਾਰੇ ਸਵਾਲ ਹਨ, ਜਿਹੜੇ ਇਸ ਖਿਲਾਰੇ ਵਿਚੋਂ ਨਿਕਲ ਸਕਦੇ ਹਨ। ਏਨੇ ਸਵਾਲਾਂ ਦੇ ਸਾਹਮਣੇ ਖੜੋਣ ਤੋਂ ਚੰਗਾ ਇਹੋ ਹੈ ਕਿ ਭਾਰਤ ਦੀ ਰਾਜਨੀਤੀ ਆਪਣੇ ਲੋਕਾਂ ਨੂੰ ਸਵਿਟਜ਼ਰਲੈਂਡ ਦੇ ਸਪੈਲਿੰਗ ਸਿੱਖਣ ਦਾ ਮੌਕਾ ਦੇਈ ਜਾਵੇ, ਜਿੱਥੇ ਕਿਹਾ ਜਾਂਦਾ ਹੈ ਕਿ ਕਾਲੇ ਧਨ ਦੇ ਬਕਸੇ ਪਏ ਹਨ, ਜਦੋਂ ਉਹ ਬਕਸੇ ਆਉਣਗੇ, ਹਰ ਭਾਰਤੀ ਨਾਗਰਿਕ ਦੇ ਖਾਤੇ ਵਿਚ ਤਿੰਨ-ਤਿੰਨ ਲੱਖ ਰੁਪਏ ਜਮ੍ਹਾਂ ਹੋ ਜਾਣਗੇ। ਸੁਫਨਾ ਬਹੁਤ ਹੁਸੀਨ ਹੈ, ਸੰਭਲ ਕੇ ਚੱਲਣਾ ਪਵੇਗਾ। ਅੱਜ ਟੁੱਟੇ ਜਾਂ ਭਲਕੇ, ਕਿਸੇ ਦਿਨ ਸੁਫਨਾ ਟੁੱਟ ਜਾਣਾ ਹੈ। ਜਦੋਂ ਨੂੰ ਇਹ ਸੁਫਨਾ ਟੁੱਟੇਗਾ, ਉਦੋਂ ਤੱਕ ਭਾਰਤ ਦੀ ਸਰਮਾਏਦਾਰੀ ਅਤੇ ਭਾਰਤ ਦੀ ਸਿਆਸਤ ਨਵਾਂ ਸੁਫਨਾ ਪੇਸ਼ ਕਰ ਦੇਣਗੀਆਂ। ਸੁਫਨਿਆਂ ਸਹਾਰੇ ਜ਼ਿੰਦਗੀ ਬਤੀਤ ਕਰਨ ਗਿੱਝ ਗਏ ਭਾਰਤੀ ਲੋਕਾਂ ਦਾ ਸੁਫਨਾ ਨਹੀਂ ਟੁੱਟਣ ਦੇਣਾ, ਇਸ ਲਈ ਕਾਲੇ ਧਨ ਦਾ ਸੁਫਨਾ ਜਿੰਨਾ ਲੰਮਾ ਖਿੱਚਿਆ ਜਾ ਸਕਦਾ ਹੈ, ਖਿੱਚਣ ਦਾ ਯਤਨ ਹਾਕਮ ਤੇ ਵਿਰੋਧੀ ਧਿਰ ਦੋਵੇਂ ਹੀ ਕਰੀ ਜਾ ਰਹੀਆਂ ਹਨ।