ਮਣਕੇ ਨਾਲ ਜੁੜਿਆ ਪਿਆਰ ਦਾ ਮਣਕਾ

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਅਮਲੀ ਦੇ ਲਹੂ ਵਰਗੀ ਚਾਹ ਦੇ ਭਰੇ ਕੱਪ ‘ਚੋਂ ਚਾਰ ਘੁੱਟਾਂ ਪੀਂਦਿਆਂ ਮੈਂ ਲਿਖਣ ਦਾ ਮਨ ਬਣਾਇਆ ਅਤੇ ਮੇਜ਼ ਉਤੇ ਪੇਪਰ ਤੇ ਪੈਨ ਲੈ ਕੇ ਸਿਆਣੇ ਪਾਇਲਟ ਵਾਂਗ ਲਿਖਣ ਵਾਲੀ ਉਡਾਣ ਭਰਨ ਹੀ ਲੱਗਿਆ ਸੀ, ਜਦ ਨੂੰ ਫੋਨ ਖੜਕ ਗਿਆ-ਚੋਣਾਂ ਵਿਚ ਹਾਰੇ ਹੋਏ ਲੀਡਰ ਵਾਂਗ ਭੜਾਸ ਕੱਢਦਾ ਹੋਇਆ ਕੋਈ ਸੱਜਣ ਬੋਲਿਆ, “ਕੌਣ ਕੁਲਾਰ ਬੋਲਦਾ?”
“ਹਾਂ ਜੀ ਬਾਈ ਜੀ, ਤੁਸੀਂ ਠੀਕ ਪਛਾਣਿਆ।” ਮੈਂ ਉਤਰ ਦਿੱਤਾ।
“ਜਿੰਨਾ ਚਿਰ ਲਿਖਣ ਨੂੰ ਲਾਉਂਦਾ ਏਂ, ਉਨਾ ਸਮਾਂ ਬਾਣੀ ਪੜ੍ਹ ਲਿਆ ਕਰ!” ਸੱਜਣ ਦਾ ਪਾਰਾ ਚੜ੍ਹਿਆ ਹੋਇਆ ਲੱਗਦਾ ਸੀ।
“ਬਾਈ ਜੀ, ਬਾਣੀ ਪੜ੍ਹਨ ਸਮੇਂ ਬਾਣੀ ਵੀ ਪੜ੍ਹੀਦੀ ਐ, ਪਰ ਤੁਹਾਨੂੰ ਜੇ ਮੇਰੇ ਨਾਲ ਲਿਖਣ ਤੋਂ ਨਾਰਾਜ਼ਗੀ ਹੈ ਤਾਂ ਮੈਂ ਮੁਆਫ਼ੀ ਚਾਹੁੰਦਾ ਹਾਂ।” ਮੇਰੀ ਨਿਮਰਤਾ ਅਜੇ ਵੀ ਅਡੋਲ ਸੀ।
“ਤੁਸੀਂ ਲੇਖਕ ਤਾਂ ਲਿਖ ਕੇ ਪਰ੍ਹੇ ਹੋ ਜਾਂਦੇ ਓæææਤੇ ਆਹ ਜਨਾਨੀਆਂ ਰੱਦੀ ਨਾਲ ਘਰ ਭਰੀ ਜਾਂਦੀਆਂ ਨੇæææਆਹ ਮੇਜ਼ ‘ਤੇ ਚੌਦਾਂ ਅਖਬਾਰਾਂ ਪਈਆਂ ਨੇæææਜਦੋਂ ਘਰ ਆਉਨੇ ਆਂ ਤਾਂ ਅੱਗਿਓਂ ਕਹਿਣ ਲੱਗ ਜਾਂਦੀਆਂ, ਆਹ ਦੇਖੋ ਜੀ, ਦੁਪਾਲਪੁਰੀ ਜੀ ਨੇ ਕਿੰਨਾ ਵਧੀਆ ਲੇਖ ਲਿਖਿਆæææਅਸ਼ੋਕ ਭੌਰੇ ਨੇ ਤਾਂ ਕਮਾਲ ਕੀਤੀ ਪਈ ਆæææਉਸ ਦੀਆਂ ਉਪਰ ਲਿਖੀਆਂ ਗੱਲਾਂ ਤਾਂ ਕਮਾਲ ਦੀਆਂ ਹੁੰਦੀਆਂ ਨੇæææਬੀਬੀ ਸੁਰਜੀਤ ਕੌਰ ਤਾਂ ਗੁਰਬਾਣੀ ਦੀ ਵਿਆਖਿਆ ਕਰ ਕੇ ਮੇਰਾ ਤਾਂ ਜੀਵਨ ਸਫ਼ਲ ਕਰ ਦਿੰਦੀ ਆæææਕੁਲਾਰ ਵੀਰ ਦੀਆਂ ਲਿਖਤਾਂ ਸੱਚੀਂ, ਦਿਲ ਨੂੰ ਟੁੰਬ ਜਾਂਦੀਆਂ ਨੇæææ।” ਸੱਜਣ ਜਿਵੇਂ ਅਖ਼ਬਾਰਾਂ ਵਾਲਿਆਂ ਤੇ ਲੇਖਕਾਂ ਤੋਂ ਸੱਚੀਂ ਅੱਕਿਆ ਹੋਇਆ ਸੀ।
“ਬਾਈ ਜੀ, ਕੀ ਗੱਲ ਤੁਸੀਂ ਅਖ਼ਬਾਰ ਨਹੀਂ ਪੜ੍ਹਦੇ?” ਮੈਂ ਸੱਜਣ ਦਾ ਅੰਦਰ ਟੋਂਹਦਿਆਂ ਪੁੱਛਿਆ।
“ਮੈਂ ਟਰੱਕ ‘ਤੇ ਗੁਰਬਾਣੀ ਪੜ੍ਹਦਾ ਹਾਂ ਤੇ ਗੁਰਬਾਣੀ ਸੁਣਦਾ ਹਾਂ। ਇਨ੍ਹਾਂ ਨੂੰ ਪੜ੍ਹਨ ਲਈ ਮੇਰੇ ਕੋਲ ਟਾਈਮ ਨਹੀਂ ਹੈ। ਲਿਖਣਾ ਤੇ ਪੜ੍ਹਨਾ, ਇਹ ਕੰਮ ਵਿਹਲਿਆਂ ਦਾ ਹੈ।” ਸੱਜਣ ਦਾ ਗੁੱਸਾ ਜੇਠ ਦੀ ਦੁਪਹਿਰ ਵਾਂਗ ਤਪਦਾ ਸੀ।
“ਬਾਈ ਜੀ, ਫਿਰ ਫੋਨ ਕਰਨ ਦੀ ਤਕਲੀਫ ਕਿਉਂ ਕੀਤੀ?” ਮੈਂ ਗੁੱਸੇ ਵਿਚ ਆਏ ਹੋਏ ਸੱਜਣ ਦੇ ਦਿਲ ਦੀ ਸੁਣਨ ਲਈ ਕਾਹਲਾ ਪੈਂਦਿਆਂ ਪੁੱਛਿਆ।
“ਮਿੰਨਤ ਵਾਲੀ ਗੱਲ ਐ, ਲਿਖੋ ਬੇਸ਼ੱਕ ਪਰ ਅਖ਼ਬਾਰ ਘੱਟੋ-ਘੱਟ ਪੰਜ ਡਾਲਰ ਦਾ ਕਰ ਦੇਵੋ ਜਿਸ ਨਾਲ ਘਰ ਵਿਚ ਰੱਦੀ ਦਾ ਢੇਰ ਨਾ ਲੱਗੇ। ਗੁਰਬਾਣੀ ਦੇ ਸ਼ਬਦਾਂ ਦੀ ਬੇਅਦਬੀ ਨਾ ਹੋਵੇ, ਗੁਰੂਆਂ ਦੀਆਂ ਫੋਟੋਆਂ ਪੈਰਾਂ ਵਿਚ ਨਾ ਰੁਲਣ ਦੇਵੋ। ਪੰਜ ਡਾਲਰ ਦਾ ਅਖ਼ਬਾਰ ਖਰੀਦ ਕੇ ਜੋ ਪੜ੍ਹੇਗਾ, ਉਹ ਅਖ਼ਬਾਰ ਦੀ ਸੰਭਾਲ ਵੀ ਕਰੇਗਾ ਤੇ ਪੜ੍ਹੇਗਾ ਵੀ ਉਹੀ ਜਿਸ ਨੂੰ ਪੂਰਾ ਸ਼ੌਂਕ ਹੋਵੇਗਾ।” ਸੱਜਣ ਦੀ ਗੱਲ ਵਿਚੋਂ ਸੱਚਾਈ ਬੋਲ ਰਹੀ ਸੀ।
“ਬਾਈ ਜੀ, ਗੱਲ ਤੁਹਾਡੀ ਠੀਕ ਹੈ। ਪੈਰਾਂ ਦੀ ਝਾਂਜਰ ਗਲ ਵਿਚ ਨਹੀਂ ਪੈਂਦੀ, ਮੁਫ਼ਤ ਦੀ ਚੀਜ਼ ਪੈਰਾਂ ਵਿਚ ਹੀ ਰੁਲਦੀ ਹੈ। ਅਖ਼ਬਾਰ ਕੱਢਣਾ, ਘਰ ਫੂਕ ਤਮਾਸ਼ਾ ਵੇਖਣ ਵਾਲੀ ਗੱਲ ਹੈ ਪਰ ਰਾਣੀ ਨੂੰ ਕੌਣ ਕਹੇ ਕਿ ਅੱਗਾ ਢੱਕ, ਸਭ ਨੂੰ ਆਪਾ-ਧਾਪੀ ਪਈ ਹੈ। ਸਾਡੇ ਪੰਜਾਬੀ ਭਾਈ ਆਪਣੀ ਚੌਧਰ ਖ਼ਾਤਰ ਗੁਰੂ ਘਰ ਵੱਖਰਾ ਬਣਾ ਲੈਂਦੇ ਹਨ, ਟੂਰਨਾਮੈਂਟ ਵੱਖਰਾ ਕਰਵਾ ਲੈਂਦੇ ਹਨ; ਫਿਰ ਆਪਸ ਵਿਚ ਲੜਾਈ ਕਰ ਕੇ ਦੂਸ਼ਣਬਾਜ਼ੀ ਕਰੀ ਜਾਂਦੇ ਹਨ, ਪਰ ਸਾਡੇ ਪੰਜਾਬੀ ਮੀਡੀਆ ਵੱਲ ਕਿਸੇ ਦਾ ਧਿਆਨ ਨਹੀਂæææਬਾਕੀ ਲਿਖਣਾ ਵਿਹਲਿਆਂ ਦਾ ਕੰਮ ਨਹੀਂ ਹੈ, ਸਭ ਲਿਖਣ ਵਾਲੇ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਦੇ ਹਨ ਅਤੇ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਲਿਖਦੇ ਹਨ। ਉਂਜ ਤਾਂ ਅਸੀਂ ਜ਼ਰੂਰੀ ਕੰਮ ਦੀ ਅਰਜ਼ੀ ਵੀ ਨਹੀਂ ਲਿਖਣ ਜੋਗੇ ਹੁੰਦੇ ਤੇ ਲੇਖਕਾਂ ਨੂੰ ਵਿਹਲੇ ਦੱਸਦੇ ਹਾਂ। ਜੇ ਤੁਸੀਂ ਆਪ ਪੜ੍ਹਨਾ ਪਸੰਦ ਨਹੀਂ ਕਰਦੇ ਤਾਂ ਭੈਣ ਜੀ ਨੂੰ ਪੜ੍ਹੀ ਜਾਣ ਦਿਉ। ਇਸ ਵਿਚ ਤੁਹਾਡਾ ਫਾਇਦਾ ਹੀ ਹੈ, ਨੁਕਸਾਨ ਨਹੀਂ ਹੋਵੇਗਾ।” ਮੈਂ ਵੀ ਦਿਲ ਦੀ ਕਹਿ ਦਿੱਤੀ। ਮੇਜ਼ ‘ਤੇ ਪਈ ਚਾਹ ਰੀਨੋ ਦੀ ਬਰਫ਼ ਬਣ ਗਈ ਸੀ।
“ਜੇ ਅਖ਼ਬਾਰਾਂ ਵਾਲਿਆਂ ਨੂੰ ਕੁਝ ਬਚਦਾ ਨਹੀਂ ਤਾਂ ਬੰਦ ਕਰ ਦੇਣ।” ਸੱਜਣ ਨੇ ਬੁੱਕਲ ਵਿਚੋਂ ਮੂੰਗਲਾ ਕੱਢ ਮਾਰਿਆ।
“ਬਾਈ ਜੀ, ਜਿਹੜਾ ਢਹਿ ਜਾਂਦਾ, ਉਹ ਆਪਣੇ ਆਪ ਅਖਾੜੇ ‘ਚੋਂ ਬਾਹਰ ਹੋ ਜਾਂਦਾ।” ਮੈਂ ਹੁਣ ਫੋਨ ਬੰਦ ਕਰਨ ਦੇ ਇਰਾਦੇ ਨਾਲ ਕਿਹਾ।
“ਲੈ ਕਰ ਲੈæææਤੂੰ ਗੱਲ।” ਸੱਜਣ ਨੇ ਫੋਨ ਆਪਣੀ ਘਰਵਾਲੀ ਨੂੰ ਫੜਾਉਂਦਿਆਂ ਕਿਹਾ।
“ਵੀਰ ਜੀ, ਸਤਿ ਸ੍ਰੀ ਅਕਾਲ਼ææਮੈਨੂੰ ਅਖ਼ਬਾਰ ਪੜ੍ਹਨ ਦਾ ਬਹੁਤ ਸ਼ੌਂਕ ਹੈ। ਇਹ ਆਪ ਤਾਂ ਟਰੱਕ ਲੈ ਕੇ ਨਿਊ ਯਾਰਕ ਵੱਲ ਚਲੇ ਜਾਂਦੇ ਆ, ਮੈਂ ਬੱਚੇ ਸਕੂਲ ਛੱਡ ਕੇ ਘਰ ਦਾ ਸਾਰਾ ਕੰਮ ਨਿਬੇੜ ਕੇ ਅਖ਼ਬਾਰਾਂ ਨਾਲ ਸਮਾਂ ਕੱਢ ਲੈਂਦੀ ਆਂ। ਬਾਣੀ ਮੈਂ ਇਸ ਕਰ ਕੇ ਨਹੀਂ ਪੜ੍ਹਦੀ ਕਿ ਮੈਂ ਬਾਣੀ ਪੜ੍ਹਨ ਦੀ ਸੰਥਿਆ ਨਹੀਂ ਲਈ। ਬਿਨਾਂ ਸੰਥਿਆ ਲਿਆਂ ਬਾਣੀ ਨਹੀਂ ਪੜ੍ਹਨੀ ਚਾਹੀਦੀ। ਉਂਜ ਮੈਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਲੈਂਦੀ ਆਂ। ਮੈਨੂੰ ‘ਪੰਜਾਬ ਟਾਈਮਜ਼’ ਦੇ ਸਾਰੇ ਲੇਖਕਾਂ ਦੇ ਲੇਖ ਬਹੁਤ ਪਸੰਦ ਨੇ। ਮੈਂ ਸਾਰੇ ਲੇਖਕਾਂ ਦਾ ਦਿਲੋਂ ਸਤਿਕਾਰ ਕਰਦੀ ਹੈ।” ਭੈਣ ਜੀ ਨੇ ਥੋੜ੍ਹੇ ਸ਼ਬਦਾਂ ਵਿਚ ਬਹੁਤ ਕੁਝ ਕਹਿ ਦਿੱਤਾ ਸੀ।
ਮੈਂ ਹੈਰਾਨ ਹੋਇਆ ਨਫ਼ਰਤ ਤੇ ਨਿਮਰਤਾ ਦੀ ਕਿੱਕਲੀ ਪਹਿਲੀ ਵਾਰ ਇਕੱਠੀ ਸੁਣ ਰਿਹਾ ਸਾਂ। ਗੁਰਬਾਣੀ ਪੜ੍ਹਨ-ਸੁਣਨ ਵਾਲਾ ਸੱਜਣ ਨਫ਼ਰਤ ਨਾਲ ਭਰਿਆ ਪਿਆ ਹੈ, ਤੇ ਅਖ਼ਬਾਰ ਪੜ੍ਹਨ ਵਾਲੀ ਇਸ ਭੈਣ ਜੀ ਕੋਲ ਪਿਆਰ ਅਤੇ ਨਿਮਰਤਾ ਦਾ ਭੰਡਾਰ ਹੈ, ਗੱਲਬਾਤ ਤੇ ਬੋਲਣ-ਚੱਲਣ ਦਾ ਤਰੀਕਾ ਹੈ। ਮੈਂ ਭੈਣ ਜੀ ਨਾਲ ਗੱਲਾਂ ਕਰਦਾ ਗਿਆ ਤੇ ਫਿਰ ਕਿਹਾ ਕਿ ‘ਬਾਈ ਜੀ ਨਾਲ ਗੱਲ ਕਰਵਾ ਦਿਉ।’
“ਹਾਂਅ! ਹੁਣ ਕੀ ਬਾਕੀ ਰਹਿ ਗਿਆ?” ਸੱਜਣ ਨੇ ਫੋਨ ਫੜਦਿਆਂ ਕਿਹਾ। ਸ਼ਾਇਦ ਭੈਣ ਜੀ ਦੀਆਂ ਗੱਲਾਂ ਬਲਦੀ ‘ਤੇ ਤੇਲ ਪਾ ਗਈਆਂ ਸਮਝਦਾ ਸੱਜਣ ਬੋਲਿਆ।
“ਬਾਈ ਜੀ! ਨਾ ਤਾਂ ਲਿਖਣ ਵਾਲੇ ਤੁਹਾਡੇ ਕੋਲੋਂ ਕੁਝ ਮੰਗਦੇ ਨੇ, ਨਾ ਹੀ ਅਖ਼ਬਾਰਾਂ ਦੇ ਮਾਲਕ ਤੁਹਾਨੂੰ ਕਿਸੇ ਗੱਲ ਤੋਂ ਤੰਗ ਕਰਦੇ ਨੇ; ਨਾ ਭੈਣ ਜੀ ਅਖ਼ਬਾਰ ਖਰੀਦ ਕੇ ਲਿਆਉਂਦੇ ਨੇ। ਤੁਹਾਨੂੰ ਤਾਂ ਅਖ਼ਬਾਰਾਂ ਵਾਲਿਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਅਖ਼ਬਾਰਾਂ ਕਰ ਕੇ ਹੀ ਭੈਣ ਜੀ ਘਰੇ ਬੈਠੇ ਰਹਿੰਦੇ ਨੇ, ਪੜ੍ਹਨ ਵਿਚ ਹੀ ਮਗਨ ਰਹਿੰਦੇ ਹਨ। ਨਹੀਂ ਤਾਂ ਇਹ ਕਾਰ ਸਟਾਰਟ ਕਰਨ, ਕਦੇ ਇੱਧਰ ਤੇ ਕਦੇ ਉਧਰ ਨੂੰ ਤੁਰੇ ਰਹਿਣ; ਜਾਇਜ਼ ਨਾਜਾਇਜ਼ ਖਰੀਦੋ-ਫਰੋਖ਼ਤ ਕਰੀ ਜਾਣ। ਗੈਸ ਦਾ ਖਰਚਾ ਹੋਵੇਗਾ, ਐਕਸੀਡੈਂਟ ਦਾ ਡਰ ਵੱਖਰਾ। ਤੁਸੀਂ ਕਰੈਡਿਟ ਕਾਰਡਾਂ ਦੇ ਬਿੱਲ ਦੇਖ ਕੇ ਘਰੇ ਝਗੜਾ ਕਰੋਗੇ। ਤੁਹਾਡੇ ਆਂਢੀ-ਗੁਆਂਢੀ ਤੁਹਾਨੂੰ ਦੱਸਣਗੇ ਕਿ ਤੁਹਾਡੀ ਘਰ ਵਾਲੀ ਤਾਂ ਘਰ ਨਹੀਂ ਵੜਦੀ; ਫਿਰ ਦੇਖ ਲਵੋ ਗੱਲ ਬਣਨੀ ਨਹੀਂ ਸਗੋਂ ਵਿਗੜ ਜਾਣੀ ਐ। ਤੁਸੀਂ ਆਪ ਸਮਾਂ ਕੱਢ ਕੇ ਅਖ਼ਬਾਰ ਪੜ੍ਹਿਆ ਕਰੋ ਤੇ ਭੈਣ ਜੀ ਨੂੰ ਬਾਣੀ ਦੀ ਸੰਥਿਆ ਕਰਵਾ ਦਿਉ। ਫਿਰ ਦੇਖਿਓ, ਤੁਸੀਂ ਪੰਜਾਬੀ ਸਟੋਰ ‘ਤੇ ਕਿਵੇਂ ਅਖ਼ਬਾਰ ਚੁੱਕਣ ਭੱਜੇ ਜਾਵੋਗੇ ਜਾਂ ਫਿਰ ਕਿਹਾ ਕਰੋਗੇ, ‘ਭਾਗਵਾਨੇ, ਮੈਂ ਗੁਰੂ ਘਰ ਮੱਥਾ ਟੇਕ ਆਵਾਂ ਤੇ ਨਾਲੇ ਅਖ਼ਬਾਰ ਚੁੱਕ ਲਿਆਵਾਂ।’ ਲਿਖਣ ਵਾਲੇ ਵੀ ਤੁਹਾਡੇ ਆਪਣੇ ਭਰਾ ਨੇ, ਜੇ ਕਿਸੇ ਨੂੰ ਚੰਗਾ ਨਹੀਂ ਕਹਿਣਾ ਤਾਂ ਬੁਰਾ ਵੀ ਨਾ ਆਖੋ।” ਮੈਂ ਚਾਹ ਗਰਮ ਕਰਨ ਲਈ ਉਠਦਿਆਂ ਸਭ ਕੁਝ ਸੱਜਣ ਨੂੰ ਸੁਣਾ ਦਿੱਤਾ।
“ਹਾਂ ਜੀ, ਗੱਲਾਂ ਤਾਂ ਤੁਹਾਡੀਆਂ ਸੱਚੀਆਂ ਨੇ ਕੁਲਾਰ ਵੀਰ, ਪਰ ਸਾਡੇ ਕੋਲ ਪੜ੍ਹਨ ਦਾ ਟਾਈਮ ਨਹੀਂ ਹੁੰਦਾ।” ਸੱਜਣ ਦੀ ਬੋਲੀ ਵਿਚ ਗੰਨੇ ਦੀ ਪੋਰੀ ਵਾਂਗ ਮਿਠਾਸ ਆਉਣ ਲੱਗ ਪਿਆ ਸੀ।
“ਐਤਕੀਂ ਗੇੜਾ ਲਾਉਣ ਗਏ ‘ਪੰਜਾਬ ਟਾਈਮਜ਼’ ਨਾਲ ਲੈ ਜਾਇਉ, ਫਿਰ ਪੜ੍ਹਿਓ ਤੇ ਫਿਰ ਗੱਲ ਕਰਾਂਗੇ।” ਮੈਂ ਇੰਨਾ ਕਹਿੰਦਿਆਂ ਫਤਿਹ ਬੁਲਾ ਦਿੱਤੀ।
ਦੋ ਕੁ ਮਹੀਨੇ ਬਾਅਦ ਇਸੇ ਸੱਜਣ ਦਾ ਫੋਨ ਆਇਆ, “ਹੈਲੋ ਬਾਈ ਜੀ, ਸਤਿ ਸ੍ਰੀ ਅਕਾਲ! ਮੈਂ ਫਰਿਜ਼ਨੋ ਤੋਂ ਜਸਵੀਰ ਬੋਲਦਾਂæææ।” ਫਤਿਹ ਸਾਂਝੀ ਕਰਨ ਤੋਂ ਬਾਅਦ ਜਸਵੀਰ ਬੋਲਿਆ, “ਬਾਈ ਜੀ, ‘ਪੰਜਾਬ ਟਾਈਮਜ਼’ ਤਾਂ ਧੰਨ-ਧੰਨ ਕਰਵਾਈ ਜਾਂਦੈ। ਹੁਣ ਮੈਂ ਵਿਹਲੇ ਟਾਈਮ ਫੋਨ ‘ਤੇ ਨਹੀਂ ਜੁੜਦਾ, ਅਖ਼ਬਾਰ ਨਾਲ ਜੁੜ ਜਾਂਦਾ ਹਾਂ, ਬੜਾ ਅਨੰਦ ਆਉਂਦਾ ਹੈ। ਲੇਖ ਪੜ੍ਹਨ ਦਾ ਵੱਖਰਾ ਹੀ ਸੁਆਦ ਹੈ। ਅੱਜ ਪਤਾ ਲੱਗਿਆ ਕਿ ਚੁੰਨੀ ਨੂੰ ਗੋਟਾ ਲਾਉਣਾ ਕਿੰਨਾ ਮੁਸ਼ਕਿਲ ਕੰਮ ਹੈ।”
ਫਿਰ ਮੇਰਾ ਤੇ ਜਸਵੀਰ ਦਾ ਫੋਨ ‘ਤੇ ਪਿਆਰ ਦਾ ਮਣਕੇ ਨਾਲ ਮਣਕਾ ਜੁੜਦਾ ਗਿਆ। ‘ਪੰਜਾਬ ਟਾਈਮਜ਼’ ਪੜ੍ਹਦਿਆਂ ਉਹ ਬਹੁਤ ਸਿਆਣਾ ਤੇ ਜਾਣਕਾਰ ਹੋ ਗਿਆ। ਇਕ ਦਿਨ ਮੈਨੂੰ ਪੁੱਛਣ ਲੱਗਿਆ, “ਬਾਈ ਜੀ, ਜਿਹੜਾ ਥੱਲੇ ‘ਠਾਹ ਸੋਟਾ’ ਲਿਖਿਆ ਹੁੰਦਾ ਹੈ, ਇਸ ਦਾ ਲੇਖਕ ਕੌਣ ਹੈ?” ਮੈਂ ਹੈਰਾਨ ਹੋ ਗਿਆ। ਅੱਜ ਤੱਕ ਕਿਸੇ ਨੇ ‘ਠਾਹ ਸੋਟਾ’ ਬਾਰੇ ਗੱਲ ਨਹੀਂ ਸੀ ਕੀਤੀ। ਜਸਵੀਰ ਪਹਿਲਾ ਪਾਠਕ ਹੈ ਜਿਹੜਾ ਅਖ਼ਬਾਰ ਦੀ ‘ਕੱਲੀ-‘ਕੱਲੀ ਨੁੱਕਰ ਫਰੋਲ ਦਿੰਦਾ ਹੈ।
“ਬਾਈ ਜਸਵੀਰ, ਅਜੇ ਹੋਰ ‘ਪੰਜਾਬ ਟਾਈਮਜ਼’ ਅਖ਼ਬਾਰ ਪੜ੍ਹæææਜਿਸ ਦਿਨ ਇਸ ਦਾ ਹਾਣੀ ਬਣ ਗਿਆ, ਫਿਰ ਤੈਨੂੰ ਇਸ ਦੇ ਲੇਖਕ ਦਾ ਵੀ ਆਪੇ ਪਤਾ ਲੱਗ ਜਾਊ।” ਸ਼ਾਇਦ ਮੈਂ ਵੀ ਲੇਖਕ ਦਾ ਨਾਂ ਦੱਸਣ ਤੋਂ ਗੁਰੇਜ਼ ਕਰਦਾ ਕਹਿ ਬੈਠਾ।
ਗੱਲ ਕੀæææਜਸਵੀਰ ‘ਪੰਜਾਬ ਟਾਈਮਜ਼’ ਦੇ ਲੇਖਾਂ ਨੂੰ ਹੁਣ ਪਿਆਰ ਨਾਲ ਪੜ੍ਹਦਾ ਹੈ, ਉਨ੍ਹਾਂ ਵਿਚੋਂ ਬਹੁਤ ਕੁਝ ਕੱਢ ਕੇ ਮੈਨੂੰ ਦੱਸਦਾ ਹੈ, ਛੋਟੀ-ਮੋਟੀ ਚੁੰਝ-ਚਰਚਾ ਹੁੰਦੀ ਰਹਿੰਦੀ ਹੈ। ਇਕ ਦਿਨ ਮੈਂ ਪੁੱਛਿਆ, “ਬਾਈ ਜੀ, ਤੁਸੀਂ ਐਨੇ ਵਧੀਆ ਪਾਠਕ ਹੋ ਤੇ ਅਖ਼ਬਾਰ ਤੋਂ ਐਨੀ ਦੂਰੀ ਕਿਉਂ ਬਣਾਈ ਰੱਖੀ?”
“ਬਾਈ ਕੁਲਾਰ, ਗੱਲ ਉਨ੍ਹਾਂ ਦਿਨਾਂ ਦੀ ਹੈ, ਜਦ ਰਾਤਾਂ ਨੂੰ ਪੰਜਾਬ ਸਿੰਘਾਂ ਦੇ ਕਬਜ਼ੇ ਵਿਚ ਹੁੰਦਾ ਸੀ ਤੇ ਦਿਨ ਪੰਜਾਬ ਪੁਲਿਸ ਦੀ ਦਹਿਸ਼ਤ ਥੱਲੇ ਬੀਤਦਾ ਸੀ। ਮੇਰਾ ਛੋਟਾ ਭਰਾ ਗੁਆਂਢੀਆਂ ਦੇ ਘਰੋਂ ਅਖ਼ਬਾਰ ਲਿਆ ਕੇ ਪੜ੍ਹਦਾ ਤੇ ਮੈਨੂੰ ਪੜ੍ਹਾਉਂਦਾ। ਉਨ੍ਹਾਂ ਦਿਨਾਂ ਦੇ ਅਖ਼ਬਾਰਾਂ ਵਿਚ ਸਿੰਘਾਂ ਦੇ ਮੁਕਾਬਲੇ ਵਾਲੀਆਂ ਖ਼ਬਰਾਂ, ਪਾਠ ਦੇ ਭੋਗ ‘ਤੇ ਲੱਗੀਆਂ ਫੋਟੋਆਂ ਤੇ ਜ਼ਿੰਮੇਵਾਰੀਆਂ ਦੀਆਂ ਖ਼ਬਰਾਂ ਆਮ ਹੀ ਹੁੰਦੀਆਂ ਸਨ। ਮੇਰੇ ਭਰਾ ਨੇ ਇਨ੍ਹਾਂ ਦੀਆਂ ਕਾਤਰਾਂ ਸਾਂਭ ਲੈਣੀਆਂ। ਇਸੇ ਤਰ੍ਹਾਂ ਹੀ ਭਰਾ ਨੇ ਚਾਰ ਪੰਜ ਸਿੰਘਾਂ ਦੀਆਂ ਫੋਟੋਆਂ ਆਟੇ ਦੀ ਲੇਟੀ ਨਾਲ ਕੰਧ ‘ਤੇ ਚਿਪਕਾ ਦਿੱਤੀਆਂ। ਮੈਂ ਤੇ ਮੇਰੀ ਮਾਂ ਨੇ ਉਸ ਨੂੰ ਬਹੁਤ ਰੋਕਿਆ ਕਿ ਆਹ ਕੰਮ ਨਾ ਕਰ, ਪਰ ਉਹ ਨਵਾਂ ਨਵਾਂ ਗੁਰੂ ਦਾ ਸਿੰਘ ਸਜਿਆ ਸੀæææਫਿਰ ਇਕ ਦਿਨ ਸਾਡਾ ਪਿੰਡ ਪੁਲਿਸ ਤੇ ਸੀæਆਰæਪੀæ ਨੇ ਘੇਰ ਲਿਆ, ਪਿੰਡ ਦੀ ਤਲਾਸ਼ੀ ਹੋਈ। ਅਸੀਂ ਸਾਰੇ ਬੰਦੇ ਤਾਂ ਪਿੰਡ ਦੇ ਸਕੂਲ ਵਿਚ ਇਕੱਠੇ ਕਰ ਲਏ, ਪਰ ਜਲਦੀ ਵਿਚ ਸਿੰਘਾਂ ਦੀਆਂ ਫੋਟੋਆਂ ਉਤਾਰਨੀਆਂ ਭੁੱਲ ਗਏ। ਮਾਂ ਨੂੰ ਵੀ ਇਹ ਗੱਲ ਨਾ ਅਹੁੜੀ ਕਿ ਫੋਟੋਆਂ ਉਤਾਰ ਦਿੰਦੀ। ਫਿਰ ਕੀ ਸੀ, ਜਦ ਸਾਡੇ ਘਰ ਦੀ ਤਲਾਸ਼ੀ ਹੋਈ ਤਾਂ ਪੁਲਿਸ ਵਾਲਿਆਂ ਨੇ ਸਾਨੂੰ ਸਕੂਲ ਵਿਚੋਂ ਚੁੱਕ ਲਿਆ ਤੇ ਬਾਈæææਬਾਕੀ ਤੈਨੂੰ ਪਤਾ ਹੀ ਹੈ ਕੀ ਹੋਇਆ ਹੋਵੇਗਾ! ਚੰਗੀ ਕਿਸਮਤ, ਮਾਮਿਆਂ ਨੇ ਜ਼ੋਰ ਲਾ ਕੇ ਸੱਤਵੇਂ ਦਿਨ ਛੁਡਾ ਕੇ ਲਿਆਂਦੇ। ਫਿਰ ਮਾਮਿਆਂ ਨੇ ਹੀ ਮੈਨੂੰ ਇਥੇ ਭੇਜ ਦਿੱਤਾ। ਛੋਟਾ ਭਰਾ ਫਿਰ ਉਥੇ ਹੀ ਜੂਝਦਾ ਸ਼ਹੀਦੀ ਪਾ ਗਿਆ। ਅਖ਼ਬਾਰ ਦੇ ਸ਼ੌਂਕ ਤੇ ਕਾਤਰਾਂ ਨੇ ਸਾਨੂੰ ਉਹ ਦਿਨ ਦਿਖਾਏ ਜਿਹੜੇ ਰਹਿੰਦੀ ਜ਼ਿੰਦਗੀ ਭੁਲਾਏ ਨਹੀਂ ਜਾ ਸਕਦੇ।” ਬਾਈ ਜਸਵੀਰ ਸੱਚੀਂ ਰੋਣ ਹੀ ਲੱਗ ਪਿਆ।
ਜਸਵੀਰ ਦੇ ਦੁੱਖਾਂ ਦੀ ਕਹਾਣੀ ਵਿਚ ਸ਼ਰੀਕ ਹੁੰਦਿਆਂ ਮੈਂ ਉਸ ਨੂੰ ਹੌਸਲਾ ਦੇਣ ਲੱਗਿਆ। ਦੁਬਾਰਾ ਅਖ਼ਬਾਰ ਨਾਲ ਜੁੜਨ ਦਾ ਧੰਨਵਾਦ ਵੀ ਕੀਤਾ। ‘ਪੰਜਾਬ ਟਾਈਮਜ਼’ ਦੇ ਸੰਪਾਦਕ ਬਾਈ ਜੀ ਅਮੋਲਕ ਸਿੰਘ ਜੰਮੂ ਬਾਰੇ ਜਸਵੀਰ ਨੂੰ ਦੱਸਿਆ ਤਾਂ ਉਸ ਨੂੰ ਲੱਗਿਆ, ਜਿਵੇਂ ਉਸ ਨੂੰ ਕੋਈ ਦੁੱਖ ਹੀ ਨਾ ਹੋਵੇ। ਉਸ ਨੂੰ ਬੜਾ ਦੁੱਖ ਹੋਇਆ ਕਿ ਉਹ ਇੰਨਾ ਚਿਰ ਅਖ਼ਬਾਰ ਤੋਂ ਦੂਰ ਕਿਉਂ ਰਿਹਾ। ਸਾਨੂੰ ਵੀ ਜਦੋਂ ਇਸ ਤਰ੍ਹਾਂ ਦੇ ਪਾਠਕ ਭਰਾ ਮਿਲਦੇ ਨੇ, ਪੇਪਰ ਤੇ ਪੈਨ ਮੱਲੋਜ਼ੋਰੀ ਚੁੱਕ ਹੋ ਜਾਂਦੇ ਨੇæææਵੱਖਰਾ ਸਕੂਨ ਮਿਲਿਆ ਜਸਵੀਰ ਨੂੰ ਆਪਣੇ ‘ਪੰਜਾਬ ਟਾਈਮਜ਼’ ਨਾਲ ਜੋੜ ਕੇ।

Be the first to comment

Leave a Reply

Your email address will not be published.