ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾਂ

ਡਾæ ਗੁਰਨਾਮ ਕੌਰ, ਕੈਨੇਡਾ
ਗੁਰਮਤਿ ਦਰਸ਼ਨ ਵਿਚ ਪਰਮਾਤਮ-ਭਗਤੀ ਲਈ ਸੰਗਤੀ ਮਾਡਲ ਦਿੱਤਾ ਗਿਆ ਹੈ ਜਿਸ ਅਨੁਸਾਰ ਉਸ ਦੇ ਨਾਮ ਦਾ ਸਿਮਰਨ ਕਰਨ ਲਈ ਏਕਾਂਤ ਵਿਚ ਵਾਸ ਕਰਨ ਜਾਂ ਜੰਗਲਾਂ/ਗੁਫਾਵਾਂ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ। ਮਨੁੱਖੀ ਭਾਈਚਾਰਕ-ਸਾਂਝ ਅਤੇ ਪਰਮਾਤਮਾ ਨਾਲ ਸਾਂਝ ਪੈਦਾ ਕਰਨ ਲਈ ਸੰਗਤੀ ਰੂਪ ਵਿਚ ਮਿਲ ਬੈਠ ਕੇ ਨਾਮ ਸਿਮਰਨ ਕਰਨਾ ਸਭ ਤੋਂ ਸਮਰੱਥ ਸਾਧਨ ਹੈ। ਅਗਲੀ ਅਲਾਹਣੀ ਵਿਚ ਗੁਰੂ ਨਾਨਕ ਸਾਹਿਬ ਸਤਸੰਗੀ ਸੱਜਣਾਂ ਨੂੰ ਸੰਬੋਧਨ ਕਰਦੇ ਹਨ ਕਿ ਆਉ ਸਾਰੇ ਮਿਲ ਬੈਠ ਕੇ ਸੰਗਤੀ-ਰੂਪ ਵਿਚ ਉਸ ਅਕਾਲ ਪੁਰਖ, ਜੋ ਇੱਕ ਸਦੀਵੀ ਅਤੇ ਕੇਵਲ ਤੇ ਕੇਵਲ ਇੱਕੋ-ਇੱਕ ਹਸਤੀ ਹੈ, ਦੇ ਨਾਮ ਦਾ ਸਿਮਰਨ ਕਰੀਏ।

ਆਓ! ਪਰਮਾਤਮਾ ਨਾਲੋਂ ਆਪਣੇ ਵਿਛੜੇ ਹੋਣ ਦਾ ਝੋਰਾ ਵਾਰ ਵਾਰ ਯਾਦ ਕਰੀਏ ਅਤੇ ਇਸ ਬਿਰਹਾ ਨੂੰ ਦੂਰ ਕਰਨ ਲਈ ਅਰਥਾਤ ਉਸ ਨਾਲ ਮਿਲਾਪ ਲਈ ਉਸ ਦੇ ਨਾਮ ਦਾ ਸਿਮਰਨ ਕਰੀਏ, ਉਸ ਅਕਾਲ ਪੁਰਖ ਨੂੰ ਯਾਦ ਕਰੀਏ। ਆਓ ਉਸ ਮਾਲਕ ਅਕਾਲ ਪੁਰਖ ਨੂੰ ਆਪਣੇ ਅੰਦਰ ਅਨੁਭਵ ਕਰੀਏ, ਉਸ ਨੂੰ ਆਪਣੇ ਹਿਰਦੇ ਵਿਚ ਵਸਾਈਏ ਅਤੇ ਉਸ ਰਸਤੇ ਨੂੰ ਤੱਕੀਏ, ਉਸ ਰਸਤੇ ਦਾ ਅਹਿਸਾਸ ਕਰੀਏ ਜਿਸ ਰਸਤੇ ‘ਤੇ ਸਾਰੇ ਜਾ ਰਹੇ ਹਨ। ਹਰ ਮਨੁੱਖ ਨੇ ਆਖਰਕਾਰ ਉਸ ਰਸਤੇ ‘ਤੇ ਹੀ ਜਾਣਾ ਹੈ, ਉਸ ਪਰਲੋਕ ਵਿਚ ਜਾਣਾ ਹੈ ਜਿੱਥੇ ਪਹਿਲਾਂ ਅਨੇਕ ਲੋਕ ਜਾ ਚੁੱਕੇ ਹਨ। ਗੁਰੂ ਨਾਨਕ ਸਾਹਿਬ ਪ੍ਰਾਣੀਆਂ ਨੂੰ ਸਮਝਾਉਂਦੇ ਹਨ ਕਿ ਜਿਸ ਅਕਾਲ ਪੁਰਖ ਨੇ ਇਸ ਪ੍ਰਾਣੀ ਨੂੰ ਪੈਦਾ ਕੀਤਾ ਹੋਇਆ ਸੀ, ਉਸ ਨੇ ਹੀ ਇਸ ਦੇ ਪ੍ਰਾਣ ਵਾਪਸ ਲੈ ਲਏ ਹਨ, ਸਭ ਕੁਝ ਉਸੇ ਦੀ ਰਜ਼ਾ ਅਨੁਸਾਰ ਹੋਇਆ ਹੈ। ਇਥੇ ਸੰਸਾਰ ਵਿਚ ਰਹਿੰਦਿਆਂ ਜੀਵ ਜੋ ਕਰਮ ਕਰਦਾ ਹੈ, ਉਹ ਹੀ ਉਸ ਅੱਗੇ ਆ ਜਾਂਦੇ ਹਨ। ਇਸ ਰਜ਼ਾ ਦੇ ਅੱਗੇ ਮਨੁੱਖ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ। ਇਸ ਲਈ ਆਓ ਸਾਰੇ ਮਿਲ ਕੇ ਉਸ ਦੇ ਨਾਮ ਦਾ ਸਿਮਰਨ ਕਰੀਏ,
ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾਂ॥
ਰੋਵਹ ਬਿਰਹਾ ਤਨ ਕਾ ਆਪਣਾ ਸਾਹਿਬੁ ਸੰਮਾ੍ਹਲੇਹਾਂ॥
ਸਾਹਿਬੁ ਸਮਾ੍ਹਲਿਹ ਪੰਥੁ ਨਿਹਾਲਿਹ ਅਸਾ ਭਿ ਓਥੈ ਜਾਣਾ॥
ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ॥
ਜੋ ਤਿਨਿ ਕਰਿ ਪਾਇਆ ਸੁ ਆਗੈ ਆਇਆ ਅਸੀ ਕਿ ਹੁਕਮੁ ਕਰੇਹਾ॥
ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾ॥੧॥ (ਪੰਨਾ ੫੭੯)
ਇਸ ਤੋਂ ਅੱਗੇ ਮਰਣ ਦਾ ਅਰਥ ਸਮਝਾਉਂਦੇ ਹੋਏ ਗੁਰੂ ਸਾਹਿਬ ਦੱਸਦੇ ਹਨ ਕਿ ਮੌਤ ਨੂੰ ਬੁਰਾ ਨਾ ਆਖੋ, ਮੌਤ ਚੰਗੀ ਹੈ ਪਰ ਤਾਂ ਹੀ ਜੇ ਕਰ ਕੋਈ ਮਨੁੱਖ ਉਸ ਤਰੀਕੇ ਨਾਲ ਜਿਉਂ ਕੇ ਮਰਨਾ ਜਾਣਦਾ ਹੋਵੇ। ਉਹ ਤਰੀਕਾ ਜਾਂ ਢੰਗ ਕੀ ਹੈ? ਉਹ ਜੀਵਨ-ਜਾਚ ਹੈ- ਉਸ ਸਰਬ-ਕਲਾ ਸਮਰੱਥ ਅਕਾਲ ਪੁਰਖ ਨੂੰ ਸਿਮਰਨਾ ਜਿਸ ਨਾਲ ਇਹ ਜੀਵਨ ਦਾ ਰਸਤਾ ਸੌਖਾ ਹੋ ਜਾਵੇ। ਜੇ ਉਸ ਅਕਾਲ ਪੁਰਖ ਦਾ ਸਿਮਰਨ ਕਰਦਿਆਂ ਮਨੁੱਖ ਇਸ ਸੌਖੇ ਜੀਵਨ ਰਸਤੇ ‘ਤੇ ਤੁਰੇਗਾ ਤਾਂ ਉਸ ਨੂੰ ਇਸ ਦਾ ਫਲ ਵੀ ਪ੍ਰਾਪਤ ਹੋਵੇਗਾ ਅਤੇ ਅਕਾਲ ਪੁਰਖ ਦੀ ਹਜ਼ੂਰੀ ਵਿਚ ਵਡਿਆਈ ਮਿਲੇਗੀ। ਅਕਾਲ ਪੁਰਖ ਦੇ ਦਰ ‘ਤੇ ਸਥਾਨ ਪ੍ਰਾਪਤ ਹੋਵੇਗਾ। ਜੇ ਅਕਾਲ ਪੁਰਖ ਦੇ ਨਾਮ ਦੀ ਭੇਟਾ ਲੈ ਕੇ ਮਨੁੱਖ ਇਥੋਂ ਰੁਖਸਤ ਹੋਵੇਗਾ, ਉਹ ਉਸ ਅਕਾਲ ਪੁਰਖ ਨਾਲ ਇੱਕ-ਰੂਪ ਹੋ ਜਾਵੇਗਾ ਅਰਥਾਤ ਉਸ ਵਿਚ ਸਮਾ ਜਾਵੇਗਾ। ਇਥੇ ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਸ਼ੋਭਾ ਮਿਲੇਗੀ ਅਤੇ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲੇਗੀ, ਉਸ ਅਕਾਲ ਪੁਰਖ ਨੂੰ ਮਨੁੱਖ ਚੰਗਾ ਲੱਗੇਗਾ। ਅਜਿਹਾ ਜੀਵ ਪਰਮਾਤਮ-ਮੇਲ ਵਿਚ ਆਤਮਕ ਅਨੰਦ ਮਾਣਦਾ ਹੈ। ਗੁਰੂ ਨਾਨਕ ਕਹਿੰਦੇ ਹਨ ਕਿ ਮੌਤ ਨੂੰ ਬੁਰਾ ਨਾ ਆਖੋ, ਸਿਰਫ ਤੇ ਸਿਰਫ ਮਨੁੱਖ ਇਸ ਤਰ੍ਹਾਂ ਨਾਲ ਜਿਉਂ ਕਿ ਮਰਨਾ ਜਾਣਦਾ ਹੋਵੇ,
ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ॥
ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ॥
ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ॥
ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ ਪਾਈ॥
ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ॥
ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ॥੨॥ (ਪੰਨਾ ੫੭੯)
ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਕਿ ਮਰਨਾ ਬਹਾਦਰ ਮਨੁੱਖਾਂ, ਸੂਰਮਿਆਂ ਦਾ ਹੱਕ ਹੈ ਜੇਕਰ ਇਹ ਮਰਨਾ ਅਕਾਲ ਪੁਰਖ ਨੂੰ ਪ੍ਰਵਾਨ ਹੁੰਦਾ ਹੈ, ਮਨਜ਼ੂਰ ਹੁੰਦਾ ਹੈ। ਇਥੇ ਮਨਜ਼ੂਰ ਹੋਣ ਤੋਂ ਭਾਵ ਉਪਰ ਬਿਆਨ ਕੀਤੀ ਜੀਵਨ-ਜਾਚ ਹੈ। ਗੁਰਮਤਿ ਅਨੁਸਾਰ ਸੂਰਮੇ ਜਾਂ ਬਹਾਦਰ ਕੌਣ ਹਨ? ਅਗਲੀ ਦਰਗਾਹ ਅਰਥਾਤ ਅਕਾਲ ਪੁਰਖ ਦੀ ਹਜ਼ੂਰੀ ਵਿਚ ਸੂਰਮੇ ਜਾਂ ਬਹਾਦਰ ਉਹ ਹਨ ਜਿਹੜੇ ਉਸ ਦਾ ਨਾਮ ਸਿਮਰਨ ਕਰਦਿਆਂ ਇਸ ਜੀਵਨ ਵਿਚ ਉਸ ਨੂੰ ਕਬੂਲ ਹੋ ਕੇ ਜਾਂਦੇ ਹਨ ਅਤੇ ਉਹ ਮਨੁੱਖ ਉਸ ਦੇ ਦਰਬਾਰ ਵਿਚ ਸੱਚੀ ਇੱਜ਼ਤ ਪ੍ਰਾਪਤ ਕਰਦੇ ਹਨ। ਉਹ ਅਕਾਲ ਪੁਰਖ ਦੇ ਦਰਬਾਰ ਵਿਚ ਇੱਜ਼ਤ ਪਾਉਂਦੇ ਹਨ, ਇਸ ਸੰਸਾਰ ਤੋਂ ਇੱਜ਼ਤ ਨਾਲ ਜਾਂਦੇ ਹਨ ਅਤੇ ਅੱਗੇ ਪਰਲੋਕ ਵਿਚ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਮਿਲਦਾ। ਅਜਿਹੇ ਬੰਦੇ ਅਕਾਲ ਪੁਰਖ ਦੀ ਸਰਬਵਿਆਪਕਤਾ ਨੂੰ ਜਾਣ ਕੇ ਉਸ ਦਾ ਸਿਮਰਨ ਕਰਦੇ ਹਨ, ਉਸ ਅਕਾਲ ਪੁਰਖ ਦੇ ਦਰ ਤੋਂ ਫਲ ਪ੍ਰਾਪਤ ਕਰਦੇ ਹਨ ਜਿਸ ਦਾ ਸਿਮਰਨ ਕੀਤਿਆਂ ਹਰ ਇੱਕ ਕਿਸਮ ਦਾ ਭੈ ਦੂਰ ਹੋ ਜਾਂਦਾ ਹੈ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਮਨੁੱਖ ਨੂੰ ਹਉਮੈ ਦਾ ਬੋਲ ਨਹੀਂ ਬੋਲਣਾ ਚਾਹੀਦਾ, ਖੁਦ ਨੂੰ ਸੰਜਮ ਵਿਚ ਰੱਖਣਾ ਚਾਹੀਦਾ ਹੈ। ਉਹ ਅਕਾਲ ਪੁਰਖ ਜਾਣੀਜਾਣ ਹੈ। ਜਿਹੜੇ ਮਨੁੱਖ ਜੀਵਨ ਬਸਰ ਕਰਦਿਆਂ ਹੀ ਉਸ ਦੀਆਂ ਨਜ਼ਰਾਂ ਵਿਚ ਮਨਜ਼ੂਰ ਹੋ ਜਾਂਦੇ ਹਨ, ਉਨ੍ਹਾਂ ਦੇ ਮਰਨ ਦੀ ਲੋਕ ਪਰਲੋਕ ਵਿਚ ਵਡਿਆਈ ਹੁੰਦੀ ਹੈ,
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵੈ ਸਾਚੀ ਮਾਣੋ॥
ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ ਲਾਗੈ॥
ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ॥
ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ॥
ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ॥੩॥ (ਪੰਨਾ ੫੭੯-੫੮੦)
ਗੁਰੂ ਨਾਨਕ ਸਾਹਿਬ ਮੌਤ ਸਬੰਧੀ ਮਨੁੱਖ ਨੂੰ ਆਗਾਹ ਕਰਦੇ ਹਨ ਕਿ ਇਹ ਸੰਸਾਰ ਇੱਕ ਖੇਡ ਦੀ ਤਰ੍ਹਾਂ ਹੈ, ਇੱਕ ਬਾਜੀ ਹੈ ਜੋ ਬਣਦੀ ਰਹਿੰਦੀ ਹੈ ਅਤੇ ਢਹਿੰਦੀ ਰਹਿੰਦੀ ਹੈ (ਬਾਣੀ ਵਿਚ ਕਈ ਹੋਰ ਥਾਂਈਂ ਇਸ ਸੰਸਾਰ ਦੀ ਤੁਲਨਾ ਬਾਜੀਗਰ ਵੱਲੋਂ ਪਾਈ ਗਈ ਬਾਜੀ ਨਾਲ ਕੀਤੀ ਗਈ ਹੈ) ਇਸ ਲਈ ਮੌਤ ‘ਤੇ ਰੋਣਾ ਬੇਕਾਰ ਹੈ। ਉਹ ਕਾਦਰ ਆਪ ਇਸ ਕੁਦਰਤਿ ਨੂੰ ਰਚਦਾ ਹੈ, ਸੰਸਾਰ ਦੀ ਰਚਨਾ ਕਰਦਾ ਹੈ ਅਤੇ ਆਪਣੀ ਰਚਨਾ ਦਾ ਆਪ ਹੀ ਧਿਆਨ ਰੱਖਦਾ ਹੈ। ਅਕਾਲ ਪੁਰਖ ਆਪਣੀ ਰਚਨਾ ਦਾ ਧਿਆਨ ਰੱਖਦਾ ਹੈ, ਇਸ ਨੂੰ ਆਸਰਾ ਦਿੰਦਾ ਹੈ ਅਤੇ ਆਪਣੀ ਰਚੀ ਦੁਨੀਆਂ ਦੀਆਂ ਜ਼ਰੂਰਤਾਂ ਬਾਰੇ ਜਾਣਦਾ ਹੈ। ਅਕਾਲ ਪੁਰਖ ਆਪ ਹੀ ਸਭ ਦੇ ਕੀਤੇ ਕਰਮਾਂ ਨੂੰ ਦੇਖਦਾ ਹੈ, ਸਭ ਦੇ ਦਿਲਾਂ ਦੀਆਂ ਜਾਣਦਾ ਅਤੇ ਸਮਝਦਾ ਹੈ ਅਤੇ ਆਪਣੇ ਹੁਕਮ ਨੂੰ ਪਛਾਣਦਾ ਹੈ (ਇਹ ਸਭ ਕੁਝ ਉਸ ਦੇ ਹੁਕਮ ਅਨੁਸਾਰ ਵਾਪਰ ਰਿਹਾ ਹੈ)। ਉਹ ਜਿਸ ਨੇ ਇਹ ਸਭ ਕੁਝ ਬਣਾਇਆ ਹੈ, ਉਹ ਹੀ ਇਸ ਸਭ ਕੁਝ ਬਾਰੇ ਜਾਣਦਾ ਹੈ ਅਤੇ ਉਸ ਬੇਅੰਤ ਦਾ ਪਾਰ ਨਹੀਂ ਪਾਇਆ ਜਾ ਸਕਦਾ। ਗੁਰੂ ਸਾਹਿਬ ਨਸੀਹਤ ਦਿੰਦੇ ਹਨ ਕਿ ਹੇ ਭਾਈ! ਇਹ ਸੰਸਾਰ ਇੱਕ ਖੇਡ ਹੈ ਇਸ ਲਈ ਕਿਸੇ ਦੇ ਮਰਨ ‘ਤੇ ਰੋਣਾ ਬੇਅਰਥ ਹੈ,
ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ॥
ਕੀਤਾ ਵੇਖੈ ਸਾਹਿਬੁ ਆਪਣਾ ਕੁਦਰਤਿ ਕਰੇ ਬੀਚਾਰੋ॥
ਕੁਦਰਤਿ ਬੀਚਾਰੇ ਧਾਰਣ ਧਾਰੇ ਜਿਨਿ ਕੀਆ ਸੋ ਜਾਣੈ॥
ਆਪੇ ਵੇਖੈ ਆਪੇ ਬੂਝੈ ਆਪੇ ਹੁਕਮੁ ਪਛਾਣੈ॥
ਜਿਨਿ ਕਿਛੁ ਕੀਆ ਸੋਈ ਜਾਣੈ ਤਾ ਕਾ ਰੂਪੁ ਅਪਾਰੋ॥
ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ॥੪॥੨॥ (ਪੰਨਾ ੫੮੦)
ਵਡਹੰਸੁ ਦਖਣੀ ਰਾਗੁ ਵਿਚ ਗੁਰੂ ਨਾਨਕ ਸਾਹਿਬ ਨੇ ਮਨੁੱਖ ਨੂੰ ਇਹ ਵਿਸ਼ਵਾਸ ਕਰਨ ਲਈ ਕਿਹਾ ਹੈ ਕਿ ਇਸ ਸੰਸਾਰ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਹੀ ਸਦੀਵੀ ਹਸਤੀ ਹੈ, ਸਦਾ ਸਥਿਰ ਰਹਿਣ ਵਾਲਾ ਹੈ। ਉਹ ਹੀ ਪ੍ਰਾਣੀਆਂ ਦਾ ਪਾਲਣਹਾਰ ਹੈ, ਜਿਸ ਸਦੀਵੀ ਹੋਂਦ ਨੇ ਇਸ ਦੁਨੀਆਂ ਦੀ ਰਚਨਾ ਕੀਤੀ ਹੈ, ਆਪਣੇ ਆਪ ਨੂੰ ਆਪਣੀ ਕੁਦਰਤਿ ਰਾਹੀਂ ਪਰਗਟ ਕੀਤਾ ਹੋਇਆ ਪਰ ਆਪ ਉਹ ਅਦ੍ਰਿਸ਼ਟ ਹੈ। ਧਰਤੀ ਅਤੇ ਅਕਾਸ਼ ਪਰਮ ਪੁਰਖ ਵਲੋਂ ਰਚੇ ਹੋਏ ਦੋ ਪੁੜ ਹਨ ਜਿਨ੍ਹਾਂ ਨੂੰ ਜੋੜ ਕੇ ਅਕਾਲ ਪੁਰਖ ਨੇ ਜਗਤ-ਰਚਨਾ ਕੀਤੀ ਹੈ ਅਤੇ ਜੀਵਾਂ ਨੂੰ ਆਪ ਹੀ ਮਾਇਆ ਦੇ ਮੋਹ ਵਿਚ ਪਾ ਕੇ ਆਪਣੇ ਤੋਂ ਵਿਛੋੜ ਦਿੱਤਾ ਹੈ। ਗੁਰੂ ਤੋਂ ਬਿਨਾਂ ਇਹ ਸੰਸਾਰ ਘੋਰ-ਅੰਧਾਰ ਹੈ ਅਰਥਾਤ ਮਾਇਆ ਦੇ ਮੋਹ ਵਿਚ ਫਸਿਆ ਹੈ ਅਤੇ ਗੁਰੂ ਤੋਂ ਬਿਨਾਂ ਇਸ ਅੰਧੇਰੇ ਵਿਚੋਂ ਨਿਕਲਣ ਦਾ ਰਸਤਾ ਪਤਾ ਨਹੀਂ ਲੱਗਦਾ। ਉਸ ਕਰਤਾ ਪੁਰਖ ਨੇ ਹੀ ਸੂਰਜ ਅਤੇ ਚੰਦਰਮਾ ਦੀ ਰਚਨਾ ਕੀਤੀ ਹੈ- ਦਿਨ ਅਤੇ ਰਾਤ ਸਿਰਜ ਕੇ ਸੰਸਾਰਕ ਖੇਡ ਬਣਾਈ ਹੈ। ਗੁਰੂ ਸਾਹਿਬ ਮਨੁੱਖ ਨੂੰ ਇਹ ਤੱਥ ਚੇਤੇ ਰੱਖਣ ਦਾ ਅਦੇਸ਼ ਕਰਦੇ ਹਨ ਕਿ ਇਸ ਸੰਸਾਰ ਦੀ ਖੇਡ ਅਕਾਲ ਪੁਰਖ ਨੇ ਹੀ ਬਣਾਈ ਹੈ,
ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ॥
ਜਿਨਿ ਆਪੀਨੈ ਆਪੁ ਸਾਜਿਆ ਸਚੜਾ ਅਲਖ ਅਪਾਰੋ॥
ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ॥
ਸੂਰਜੁ ਚੰਦੁ ਸਿਰਜਿਅਨੁ ਅਹਿਨਿਸਿ ਚਲਤ ਵੀਚਾਰੋ॥੧॥ (ਪੰਨਾ ੫੮੦)
ਸੱਚ ਦਾ ਅਰਥ ਹੈ- ਜਿਸ ਦੀ ਹੋਂਦ ਸਦੀਵੀ ਹੈ, ਸਦਾ ਥਿਰ ਰਹਿਣ ਵਾਲਾ ਹੈ। ਗੁਰੂ ਨਾਨਕ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਅਕਾਲ ਪੁਰਖ ਦੀ ਹੋਂਦ ਸਦੀਵੀ ਹੈ, ਉਹ ਸਦਾ ਕਾਇਮ ਰਹਿਣ ਵਾਲੀ ਹਸਤੀ ਅਤੇ ਸਭ ਦਾ ਰਖਵਾਲਾ ਹੈ। ਉਹ ਆਪਣੇ ਸਿਰਜੇ ਪ੍ਰਾਣੀਆਂ ਲਈ ਆਪਣੇ ਪ੍ਰੇਮ ਦੀ ਦਾਤਿ ਬਖਸ਼ਿਸ਼ ਕਰਦਾ ਹੈ ਅਤੇ ਉਸ ਦਾ ਪ੍ਰੇਮ ਵੀ ਸਦਾ ਕਾਇਮ ਰਹਿਣ ਵਾਲਾ ਹੈ। ਉਸ ਸਿਰਜਣਹਾਰ ਨੇ ਹੀ ਇਸ ਬ੍ਰਹਿਮੰਡ ਦੀ ਰਚਨਾ ਕੀਤੀ ਅਤੇ ਪ੍ਰਾਣੀ-ਮਾਤਰ ਨੂੰ ਸੁੱਖ ਅਤੇ ਦੁੱਖ ਦੇਣ ਵਾਲਾ ਵੀ ਉਹ ਆਪ ਹੀ ਹੈ। ਸ੍ਰਿਸ਼ਟੀ ਵਿਚ ਇਸਤਰੀਆਂ ਅਤੇ ਪੁਰਸ਼ ਵੀ ਉਸ ਨੇ ਆਪ ਹੀ ਬਣਾਏ ਹਨ ਅਤੇ ਦੁਨਿਆਵੀ ਮੋਹ ਮਾਇਆ ਦਾ ਪਿਆਰ ਰੂਪੀ ਵਿਸ਼ ਵੀ ਉਸ ਨੇ ਹੀ ਬਣਾਇਆ ਹੈ। ਉਸ ਅਕਾਲ ਪੁਰਖ ਨੇ ਹੀ ਜੀਵਾਂ ਦੀਆਂ ਵੱਖ ਵੱਖ ਕਿਸਮਾਂ ਅਤੇ ਬਾਣੀਆਂ (ਵੱਖ ਵੱਖ ਜੀਵਾਂ ਦੀਆਂ ਬੋਲੀਆਂ) ਦੀ ਰਚਨਾ ਕੀਤੀ ਹੈ। ਉਹ ਪਰਵਦਗਾਰ ਹੀ ਸਾਰੇ ਪ੍ਰਾਣੀਆਂ ਨੂੰ ਆਸਰਾ ਦਿੰਦਾ ਹੈ। ਉਸ ਕਰਤਾਰ ਨੇ ਹੀ ਇਹ ਸ੍ਰਿਸ਼ਟੀ-ਰੂਪੀ ਤਖਤ ਦੀ ਰਚਨਾ ਆਪਣੇ ਬੈਠਣ ਲਈ ਕੀਤੀ ਹੈ ਅਤੇ ਆਪਣੇ ਸਦੀਵੀ ਕਾਇਮ ਰਹਿਣ ਵਾਲੇ ਨਾਮ ਵਿਚ ਜੀਵਾਂ ਨੂੰ ਜੋੜ ਕੇ ਉਨ੍ਹਾਂ ਦੇ ਕਰਮਾਂ ਦਾ ਲੇਖਾ ਮੁਕਾਉਣ ਵਾਲਾ ਵੀ ਉਹ ਆਪ ਹੀ ਹੈ,
ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ॥ਰਹਾਉ॥
ਤੁਧੁ ਸਿਰਜੀ ਮੇਦਨੀ ਦੁਖੁ ਸੁਖੁ ਦੇਵਣਹਾਰੋ॥
ਨਾਰੀ ਪੁਰਖ ਸਿਰਜਿਐ ਬਿਖੁ ਮਾਇਆ ਮੋਹੁ ਪਿਆਰੋ॥
ਖਾਣੀ ਬਾਣੀ ਤੇਰੀਆ ਦੇਹਿ ਜੀਆ ਆਧਾਰੋ॥
ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਨਹਾਰੋ॥੨॥ (ਪੰਨਾ ੫੮੦)
ਉਸ ਕਰਣਹਾਰ ਕਰਤਾਰ ਨੇ ਹੀ ਆਵਾ-ਗਵਣ ਅਰਥਾਤ ਜੀਵਾਂ ਦਾ ਸੰਸਾਰ ‘ਤੇ ਪੈਦਾ ਹੋਣ ਅਤੇ ਇੱਥੋਂ ਜਾਣ, ਦੀ ਰਚਨਾ ਕੀਤੀ ਹੈ ਪਰ ਉਹ ਆਪ ਸਦੀਵੀ ਕਾਇਮ ਰਹਿਣ ਵਾਲੀ ਹਸਤੀ ਹੈ। ਜੀਵ ਵਿਕਾਰਾਂ ਵਿਚ ਬੰਨ੍ਹਿਆ ਹੋਇਆ ਜੰਮਦਾ ਅਤੇ ਮਰਦਾ ਰਹਿੰਦਾ ਹੈ। ਇਸ ਭੈੜੇ ਜੀਵ ਨੇ ਸੰਸਾਰਕ ਮੋਹ ਵਿਚ ਪੈ ਕੇ ਉਸ ਅਕਾਲ ਪੁਰਖ ਦੇ ਨਾਮ ਨੂੰ ਵਿਸਾਰ ਦਿੱਤਾ ਹੈ ਅਤੇ ਇਸ ਦੁਨਿਆਵੀ ਮੋਹ ਵਿਚ ਡੁੱਬੇ ਹੋਏ ਦਾ ਕੋਈ ਚਾਰਾ ਨਹੀਂ ਚੱਲਦਾ ਅਰਥਾਤ ਮਾਇਆ-ਮੋਹ ਕਾਰਨ ਜੀਵ ਬੇਵੱਸ ਹੈ। ਸੰਸਾਰੀ ਜੀਵ ਨੇ ਗੁਣਾਂ ਦਾ ਤਿਆਗ ਕਰਕੇ ਔਗੁਣਾਂ ਦੇ ਜ਼ਹਿਰ ਨੁੰ ਫੜ ਲਿਆ ਹੈ ਅਤੇ ਸਾਰੀ ਉਮਰ ਔਗੁਣਾਂ ਦਾ ਹੀ ਵਪਾਰ ਕਰਦਾ ਰਹਿੰਦਾ ਹੈ,
ਆਵਾ ਗਵਣੁ ਸਿਰਜਿਆ ਤੂ ਥਿਰੁ ਕਰਣੈਹਾਰੋ॥
ਜੰਮਣੁ ਮਰਣਾ ਆਇ ਗਇਆ ਬਧਿਕੁ ਜੀਉ ਬਿਕਾਰੋ॥
ਭੂਡੜੈ ਨਾਮੁ ਵਿਸਾਰਿਆ ਬੂਡੜੈ ਕਿਆ ਤਿਸੁ ਚਾਰੋ॥
ਗੁਣ ਛੋਡਿ ਬਿਖੁ ਲਦਿਆ ਅਵਗੁਣ ਕਾ ਵਣਜਾਰੋ॥੩॥ (ਪੰਨਾ ੫੮੦)
ਗੁਰੂ ਸਾਹਿਬ ਨੇ ਅੱਗੇ ਫਰਮਾਇਆ ਹੈ ਕਿ ਜਦੋਂ ਉਸ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ ਦੇ ਹੁਕਮ ਵਿਚ ਉਨ੍ਹਾਂ ਇਕੱਠੇ ਰਹਿਣ ਵਾਲੇ ਪਿਆਰਿਆਂ ਨੂੰ ਉਸ ਦਾ ਬੁਲਾਵਾ ਆ ਜਾਂਦਾ ਹੈ ਤਾਂ ਜਿਹੜੇ ਇਕੱਠੇ ਜੀਵਨ ਬਿਤਾ ਰਹੇ ਹੁੰਦੇ ਹਨ, ਉਨ੍ਹਾਂ ਇਸਤਰੀਆਂ-ਪੁਰਸ਼ਾਂ ਨੂੰ ਵਿਛੜਨਾ ਪੈ ਜਾਂਦਾ ਹੈ, ਇਸ ਭਾਣੇ ਨੂੰ ਕੋਈ ਮੋੜ ਨਹੀਂ ਸਕਦਾ ਕਿਉਂਕਿ ਵਿਛੜਿਆਂ ਨੂੰ ਮੇਲਣ ਦੇ ਸਮਰੱਥ ਤਾਂ ਉਹ ਕਰਤਾਰ ਆਪ ਹੀ ਹੈ। ਮੌਤ ਦਾ ਸੱਦਾ ਲਿਆਉਣ ਵਾਲੇ ਜਮਦੂਤ ਉਸ ਅਕਾਲ ਪੁਰਖ ਦੇ ਹੁਕਮ ਵਿਚ ਬੰਨ੍ਹੇ ਹੋਏ ਆਉਂਦੇ ਹਨ, ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਪਰਵਦਗਾਰ ਨੇ ਹੀ ਦਿੱਤੀ ਹੋਈ ਹੈ ਅਤੇ ਲੈ ਜਾਣ ਵੇਲੇ ਉਹ ਕਿਸੇ ਸੋਹਣੀ ਇਸਤਰੀ ਦੇ ਸੁੰਦਰ ਰੂਪ ਦੀ ਪਰਵਾਹ ਨਹੀਂ ਕਰਦੇ। ਉਹ ਜਮਦੂਤ ਜਦੋਂ ਸੱਦਾ ਲੈ ਕੇ ਆਉਂਦੇ ਹਨ ਤਾਂ ਇਸ ਗੱਲ ਦਾ ਵੀ ਕੋਈ ਲਿਹਾਜ਼ ਨਹੀਂ ਕਰਦੇ ਕਿ ਕਿਸੇ ਦੀ ਉਮਰ ਕਿੰਨੀ ਹੈ, ਕੋਈ ਛੋਟੀ ਉਮਰ ਦਾ ਬਾਲਕ ਹੈ ਜਾਂ ਕੋਈ ਵੱਡੀ ਉਮਰ ਦਾ ਬਜ਼ੁਰਗ ਹੈ। ਉਹ ਬਿਨਾਂ ਕਿਸੇ ਲਿਹਾਜ਼ ਦੇ ਆਪਸ ਵਿਚ ਬਣਿਆ ਮਮਤਾ-ਪਿਆਰ ਤੋੜ ਦਿੰਦੇ ਹਨ,
ਸਦੜੇ ਆਏ ਤਿਨਾ ਜਾਨੀਆ ਹੁਕਮਿ ਸਚੇ ਕਰਤਾਰੋ॥
ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣਹਾਰੋ॥
ਰੂਪੁ ਨ ਜਾਣੈ ਸੋਹਣੀਐ ਹੁਕਮਿ ਬਧੀ ਸਿਰਿ ਕਾਰੋ॥
ਬਾਲਕ ਬਿਰਧਿ ਨ ਜਾਣਨੀ ਤੋੜਨਿ ਹੇਤੁ ਪਿਆਰੋ॥੪॥ (ਪੰਨਾ ੫੮੦)