ਹਜ਼ਾਰਾ ਸਿੰਘ ਦੀ ਖੂਹੀ

‘ਹਜ਼ਾਰਾ ਸਿੰਘ ਦੀ ਖੂਹੀ’ ਵਿਚ ਦਲਬੀਰ ਸਿੰਘ ਨੇ ਆਪਣੇ ਪਿੰਡ ਦਾ ਇਤਿਹਾਸ ਛੋਹਿਆ ਹੈ। ਇਨ੍ਹਾਂ ਵੇਰਵਿਆਂ ਵਿਚ ਪਿੰਡਾਂ ਬਾਰੇ ਉਹ ਗੱਲਾਂ-ਬਾਤਾਂ ਵੀ ਸ਼ਾਮਲ ਹਨ ਜੋ ਹੁਣ ਬੀਤੇ ਦੀ ਬਾਤ ਹੋ ਗਈਆਂ ਹਨ। ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਨੇ ਆਪਣੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਵਿਚ ਭਾਵੇਂ ਆਪਣੇ ਪਿੰਡ ਨੰਗਲ ਸ਼ਾਮਾ ਦੀਆਂ ਯਾਦਾਂ ਪਰੋਈਆਂ ਹਨ; ਪਰ ਯਾਦਾਂ ਦੀਆਂ ਇਹ ਲੜੀਆਂ ਫੈਲ ਕੇ ਪੰਜਾਬ ਦੇ ਪਿੰਡਾਂ ਨਾਲ ਜੁੜ ਗਈਆਂ ਜਾਪਦੀਆਂ ਹਨ।

ਉਹ ਪਿੰਡ ਦੀ ਨਬਜ਼ ਉਤੇ ਆਪਣੀਆਂ ਉਂਗਲਾਂ ਦੇ ਪੋਟੇ ਰੱਖ ਕੇ ਇਹਦਾ ਹਾਲ-ਚਾਲ ਪੁੱਛਦਾ ਪ੍ਰਤੀਤ ਹੁੰਦਾ ਹੈ। ਮਹਿਸੂਸ ਹੁੰਦਾ ਹੈ ਜਿਵੇਂ ਇਸ ਲਿਖਤ ਰਾਹੀਂ ਉਹ ਪੁਰਾਣੇ ਪੰਜਾਬ ਨੂੰ ਹਾਕਾਂ ਮਾਰ ਰਿਹਾ ਹੈ। ਇਸ ਸਵੈ-ਜੀਵਨੀ ਵਿਚ ਉਹਨੇ ਆਪਣੀ ਧੀ ਸੁਪਨੀਤ ਕੌਰ ਨੂੰ ਆਪਣਾ ਪਿੰਡ ਦਿਖਾਉਣ ਦੇ ਬਹਾਨੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਜੋੜੀ ਹੈ ਜੋ ਕਈ ਦਹਾਕਿਆਂ ਤੋਂ ਤੇਜ਼ੀ ਨਾਲ ਬਦਲੇ ਹਨ। -ਸੰਪਾਦਕ

ਦਲਬੀਰ ਸਿੰਘ
ਹੁਣ ਅਸੀਂ ਪਿੰਡ ਦੇ ਦਰਵਾਜ਼ੇ ਉਤੇ ਜਾ ਪਹੁੰਚੇ ਹਾਂ। ਉਹ ਵੀ ਪਿੰਡ ਦੇ ਬਾਹਰਲੇ ਪਾਸੇ ਤੋਂ ਨਹੀਂ, ਸਗੋਂ ਅੰਦਰਲੇ ਪਾਸੇ ਤੋਂ। ਇਹ ਦਰਵਾਜ਼ਾ/ਡਿਓੜੀ ਅਸਲ ਵਿਚ ਸਦੀਆਂ ਤੋਂ ਪਿੰਡ ਦਾ ਪਰਵੇਸ਼ ਦੁਆਰ ਹੈ। ਅਸਲ ਵਿਚ ਅੰਦਰੂਨੀ ਪਿੰਡ ਦੀ ਅਸੀਂ ਸਿਰਫ ਭੀੜੀ ਗਲੀ ਹੀ ਦੇਖੀ ਹੈ। ਬਾਕੀ ਦੇ ਜਿਹੜੇ ਖੇਤਰ ਦੇਖੇ ਹਨ, ਉਹ ਤਾਂ ਅੰਦਰਲੇ ਪਿੰਡ ਤੋਂ ਬਾਅਦ ਵਿਚ ਬਣੇ ਸਨ। ਸਦੀਆਂ ਪੁਰਾਣਾ ਪਿੰਡ ਤਾਂ ਇਸ ਦਰਵਾਜ਼ੇ ਦੇ ਅੰਦਰ ਹੀ ਹੁੰਦਾ ਸੀ।
ਪਿੰਡ ਕਦੋਂ ਵਸਿਆ ਸੀ, ਇਸ ਬਾਰੇ ਸਪਸ਼ਟ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਅੰਦਾਜ਼ੇ ਮੁਤਾਬਕ ਜੇ ਇਹ ਮਿੱਥ ਲਿਆ ਜਾਵੇ ਕਿ ਇਕ ਸਦੀ ਵਿਚ ਤਿੰਨ ਪੀੜ੍ਹੀਆਂ ਜਾਂ ਨਸਲਾਂ ਹੁੰਦੀਆਂ ਹਨ ਤਾਂ ਪਿੰਡ ਬੱਝੇ ਨੂੰ ਨੌਂ ਸੌ ਸਾਲ ਤਾਂ ਹੋ ਹੀ ਗਏ ਹੋਣਗੇ। ਲਾਲੀਆਂ ਦੇ ਕੁਰਸੀਨਾਮੇ ਮੁਤਾਬਕ ਰੱਤਾ ਗਿਆਰਵੀਂ ਜਾਂ ਬਾਰ੍ਹਵੀਂ ਸਦੀ ਵਿਚ ਇਸ ਪਿੰਡ ਵਿਚ ਆ ਕੇ ਵਸਿਆ ਹੋਏਗਾ। ਪਿੰਡ ਦੇ ਕੋਲ ਦੀ ਜਾਂ ਤਾਂ ਕੋਈ ਦਰਿਆ ਵਗਦਾ ਸੀ ਜਾਂ ਫਿਰ ਕੋਈ ਵੇਈਂ ਜਾਂ ਚੋਅ ਹੁੰਦਾ ਹੋਵੇਗਾ। ਬਜ਼ੁਰਗ ਅਟੇ-ਸਟੇ ਨਾਲ ਅਤੇ ਮੂੰਹ ਜ਼ੁਬਾਨੀ ਚਲੇ ਆਉਂਦੇ ਲੋਕ-ਗਿਆਨ ਮੁਤਾਬਕ ਦੱਸਦੇ ਸਨ ਕਿ ਕਈ ਸੌ ਸਾਲ ਪਹਿਲਾਂ ਸਤਲੁਜ ਦਰਿਆ ਇਸ ਇਲਾਕੇ ਵਿਚੋਂ ਲੰਘਿਆ ਕਰਦਾ ਸੀ। ਫਿਰ ਇਸ ਦਾ ਵਹਿਣ ਮੁੜ ਗਿਆ ਅਤੇ ਇਹ ਲੁਧਿਆਣਾ ਵਾਲੇ ਪਾਸੇ ਖਿਸਕ ਗਿਆ। ਇਸ ਵਿਚ ਸੱਚਾਈ ਹੋ ਸਕਦੀ ਹੈ, ਕਿਉਂਕਿ ਦਰਿਆਵਾਂ ਬਾਰੇ ਆਮ ਹੀ ਕਿਹਾ ਜਾਂਦਾ ਹੈ ਕਿ ਇਹ ਵਹਿਣ ਬਦਲ ਲੈਂਦੇ ਹਨ। ਨਾਲੇ ਪਿੰਡ ਨੂੰ ਜਲੰਧਰ ਛਾਉਣੀ ਨਾਲ ਜੋੜਦੀ ਸੜਕ ਉਤੇ ਰੇਤੀਲੇ ਟਿੱਬੇ ਸਨ, ਇਸ ਲਈ ਸੰਭਵ ਹੈ ਕਿ ਸਤਲੁਜ ਕਦੇ ਇਸ ਇਲਾਕੇ ਕੋਲੋਂ ਲੰਘਦਾ ਹੋਵੇ।
ਹੁਣ ਪਿੰਡ ਫੈਲ ਗਿਆ ਹੈ। ਦੋ ਸਦੀਆਂ ਪਹਿਲਾਂ ਇਹ ਕਾਫੀ ਛੋਟਾ ਸੀ। ਚਾਲੀ-ਪੰਜਾਹ ਘਰਾਂ ਵਾਲਾ। ਇਸ ਵਿਚ ਇਕ ਘਰ ਬ੍ਰਾਹਮਣਾਂ ਦਾ, ਦੋ ਤਰਖਾਣਾਂ/ਲੁਹਾਰਾਂ ਦੇ, ਇਕ ਝਿਊਰਾਂ ਦਾ, ਇਕ ਸੁਨਿਆਰਿਆਂ ਦਾ ਅਤੇ ਬਾਕੀ ਘਰ ਜੱਟਾਂ ਦੇ ਹੁੰਦੇ ਹੋਣਗੇ। ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਖਾਲਸਾ ਪੰਥ ਸਾਜਿਆ ਸੀ ਤਾਂ ਇਸ ਪਿੰਡ ਵਿਚੋਂ ਕੋਈ ਵੀ ਸਿੰਘ ਨਹੀਂ ਸੀ ਸਜਿਆ। ਖ਼ਬਰੇ ਇਸ ਘੁੱਗ ਵਸਦੇ ਪਿੰਡ ਦੇ ਲੋਕਾਂ ਨੂੰ 17ਵੀਂ ਸਦੀ ਦੇ ਅੰਤਲੇ ਸਾਲ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਚ ਵਾਪਰੇ ਕਾਰਨਾਮੇ ਦਾ ਪਤਾ ਹੀ ਨਾ ਲੱਗਾ ਹੋਵੇ, ਪਰ ਜਦੋਂ 18ਵੀਂ ਸਦੀ ਦੇ ਪਹਿਲੇ ਸਾਲਾਂ ਵਿਚ ਹੀ ਸਿੱਖ ਮਿਸਲਾਂ ਕਾਇਮ ਹੋ ਗਈਆਂ ਅਤੇ ਰਾਮਗੜ੍ਹੀਆ ਤੇ ਆਹਲੂਵਾਲੀਆ ਮਿਸਲਾਂ ਵਿਚਾਲੇ ਦੋਆਬੇ ਉਤੇ ਕੰਟਰੋਲ ਲਈ ਲੜਾਈਆਂ ਹੋਣ ਲੱਗੀਆਂ, ਤਾਂ ਇਹ ਪਿੰਡ ਵੀ ਇਨ੍ਹਾਂ ਲੜਾਈਆਂ ਦੇ ਰਗੜੇ ਵਿਚ ਆ ਗਿਆ। ਮੁਗਲਾਂ ਦੇ ਰਾਜ ਵੇਲੇ ਤਾਂ ਕਿਸੇ ਸੂਬੇਦਾਰ ਜਾਂ ਸੂਬੇਦਾਰ ਦੇ ਫੌਜਦਾਰ ਨੂੰ ਹੀ ਨਜ਼ਰਾਨਾ ਤੇ ਮਾਲੀਆ ਦੇਣਾ ਪੈਂਦਾ ਹੋਵੇਗਾ, ਪਰ ਮਿਸਲਾਂ ਵੇਲੇ ਹਾਲਤ ਇਹ ਹੋ ਗਈ ਸੀ ਕਿ ਪਤਾ ਹੀ ਨਹੀਂ ਸੀ ਲੱਗਦਾ ਕਿ ਕਿਹੜੇ ਵੇਲੇ ਕਿਸ ਮਿਸਲ ਦੀ, ਜਲੰਧਰ ਦੇ ਇਸ ਇਲਾਕੇ ਉਤੇ ਹਕੂਮਤ ਸੀ। ਹਕੂਮਤ ਬਦਲਦਿਆਂ ਦੇਰ ਨਹੀਂ ਸੀ ਲੱਗਦੀ!
ਜਲੰਧਰ ਦੇ ਅੰਦੂਰਨੀ ਕੰਧਵਾਰ ਸ਼ਹਿਰ ਤੋਂ ਇਹ ਨਿਕਚੂ ਜਿਹਾ ਪਿੰਡ ਜੇ ਬਹੁਤਾ ਨਹੀਂ, ਤਾਂ ਪੰਜ ਮੀਲ ਦੂਰ ਜ਼ਰੂਰ ਹੋਵੇਗਾ। ਰਸਤਾ ਕੋਈ ਸੌਖਾ ਨਹੀਂ ਸੀ, ਰੇਤੀਲੇ ਟਿੱਬੇ ਸਨ, ਪਰ ਮਿਸਲਾਂ ਵਿਚ ਸ਼ਾਮਲ ਸਿੱਖ, ਘੋੜਿਆਂ ‘ਤੇ ਸਵਾਰ ਹੁੰਦੇ ਸਨ। ਇਸ ਲਈ ਇਸ ਪਿੰਡ ਉਤੇ ਹਮਲੇ ਕਰਨੇ ਮੁਸ਼ਕਿਲ ਨਹੀਂ ਹੁੰਦੇ ਹੋਣਗੇ। ਇਸੇ ਲਈ ਮਿਸਲਾਂ ਦੇ ਹਮਲਿਆਂ ਦਾ ਟਾਕਰਾ ਕਰਨ ਲਈ ਇਹ ਡਿਓੜੀ ਉਸਾਰੀ ਗਈ ਸੀ। ਪਿੰਡ ਦੇ ਚਾਰੇ ਪਾਸੇ ਕੰਧ ਕਰ ਕੇ ਇੱਥੇ ਦਰਵਾਜ਼ਾ ਲਾ ਦਿੱਤਾ ਗਿਆ ਸੀ। ਜਦੋਂ ਵੀ ਕਦੇ ਮਿਸਲਾਂ ਦੇ ਸਿੰਘਾਂ ਦੇ ਹਮਲੇ ਦਾ ਖ਼ਤਰਾ ਹੁੰਦਾ ਸੀ, ਉਦੋਂ ਹੀ ਇਹ ਦਰਵਾਜ਼ਾ ਬੰਦ ਕਰ ਲਿਆ ਜਾਂਦਾ ਸੀ। ਫਿਰ ਵੀ ਕਿਉਂਕਿ ਇਹ ਪਿੰਡ ਸਿੰਘਾਂ ਦਾ ਨਹੀਂ ਸੀ, ਅਰਥਾਤ ਇਥੇ ਕੋਈ ਵੀ ਸਿੰਘ ਨਹੀਂ ਸੀ ਰਹਿੰਦਾ, ਇਸ ਲਈ ਇਸ ਪਿੰਡ ਉਤੇ ਜ਼ਰੂਰ ਹੀ ਅਕਸਰ ਹਮਲੇ ਹੁੰਦੇ ਰਹਿੰਦੇ ਹੋਣਗੇ। ਇਤਿਹਾਸ ਮੁਤਾਬਕ ਕਈ ਦਹਾਕਿਆਂ ਤੱਕ ਇੱਥੇ ਰਾਮਗੜ੍ਹੀਆ ਮਿਸਲ ਦਾ ਕਬਜ਼ਾ ਰਿਹਾ, ਪਰ ਜੱਸਾ ਸਿੰਘ ਰਾਮਗੜ੍ਹੀਆ ਦੇ ਸੈਨਿਕਾਂ ਨੂੰ ਆਹਲੂਵਾਲੀਆ ਮਿਸਲ ਵਾਲੇ ਗਾਹੇ-ਬਗਾਹੇ ਇਸ ਇਲਾਕੇ ਵਿਚੋਂ ਧੱਕ ਕੇ ਸਤਲੁਜ ਪਾਰ ਧੱਕ ਦਿੰਦੇ ਸਨ। ਕੁਝ ਸਮੇਂ ਮਗਰੋਂ ਰਾਮਗੜ੍ਹੀਆ ਸਰਦਾਰ ਫਿਰ ਹੰਭਲਾ ਮਾਰ ਕੇ ਇਸੇ ਇਲਾਕੇ ਉਤੇ ਕਬਜ਼ਾ ਕਰ ਲੈਂਦੇ।
ਇਹ ਉਹ ਦਿਨ ਸੀ ਜਦੋਂ ਪਿੰਡ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਪਿੰਡ ਦੀ ਰਾਖੀ ਲਈ ਪਿੰਡ ਦੇ ਦਰਵਾਜ਼ੇ ਦੇ ਬਾਹਰ ਪਹਿਰਾ ਲਾਉਣ ਦੀ ਜ਼ਰੂਰਤ ਹੈ, ਪਰ ਸਿੰਘਾਂ ਦੇ ਜਥਿਆਂ ਦਾ ਟਾਕਰਾ ਆਮ ਆਦਮੀ ਤਾਂ ਨਹੀਂ ਸਨ ਕਰ ਸਕਦੇ! ਇਸ ਲਈ ਪਿੰਡ ਵਾਲਿਆਂ ਨੇ ਸਿੰਘਾਂ ਦੇ ਟਾਕਰੇ ਲਈ ਕਿਸੇ ‘ਸਿੰਘ’ ਨੂੰ ਹੀ ਬੇਨਤੀ ਕੀਤੀ। ਇਨ੍ਹਾਂ ਸਿੰਘਾਂ ਦੇ ਇੱਕ ਟੱਬਰ ਨੂੰ ਦਰਵਾਜ਼ੇ ਦੇ ਬਾਹਰ ਪਿੰਡ ਵੱਲੋਂ ਥਾਂ ਦਿੱਤੀ ਗਈ। ਇਹ ਦਰਵਾਜ਼ੇ ਦੇ ਐਨ ਨਾਲ ਸੱਜੇ ਪਾਸੇ ਸੀ। ਮਾਨ ਗੋਤ ਦੇ ਇਹ ਸਿੰਘ ਕਿਹੜੇ ਪਿੰਡੋਂ ਆਏ ਸਨ, ਇਸ ਦੀ ਖੋਜ ਕਰਨ ਦਾ ਮੌਕਾ ਨਹੀਂ ਲੱਗ ਸਕਿਆ। ਇਸ ਟੱਬਰ ਦੀ ਅੱਲ ਅੱਜ ਵੀ ‘ਸਿੱਖਾਂ ਦਾ ਟੱਬਰ’ ਪਈ ਹੋਈ ਹੈ।
ਇਸ ਦਰਵਾਜ਼ੇ ਦੇ ਅੰਦਰਵਾਰ ਖੱਬੇ ਪਾਸੇ ਖੂਹੀ ਹੈ। ਹੁਣ ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ, ਕਿਉਂਕਿ ਘਰ-ਘਰ ਨਲਕੇ ਲੱਗ ਗਏ ਹਨ। ਬ੍ਰਾਹਮਣਾਂ ਦੇ ਟੱਬਰ ਦੀ ਵੱਖਰੀ ਖੂਹੀ ਉਨ੍ਹਾਂ ਦੇ ਘਰ ਵਿਚ ਹੀ ਸੀ। ਇਸ ਖੂਹੀ ਦੇ ਸਾਹਮਣੇ ਵਾਲਾ ਘਰ ਕਿਉਂਕਿ ਹਜ਼ਾਰਾ ਸਿੰਘ ਦਾ ਸੀ, ਇਸ ਲਈ ਇਸ ਖੂਹੀ ਨੂੰ ਹਜ਼ਾਰਾ ਸਿੰਘ ਦੀ ਖੂਹੀ ਕਿਹਾ ਜਾਂਦਾ ਸੀ।
20ਵੀਂ ਸਦੀ ਦੇ ਅੱਧ ਵਿਚ ਜਦੋਂ ਦੇਸ਼ ਦੀ ਵੰਡ ਹੋ ਗਈ ਅਤੇ ਦੰਗੇ ਹੋਣ ਲੱਗੇ ਤਾਂ ਮੋਹਤਬਰਾਂ ਨੇ ਰਲ ਕੇ ਇਹ ਦਰਵਾਜ਼ਾ ਹੀ ਪੱਕਾ ਨਹੀਂ ਕਰ ਦਿੱਤਾ, ਸਗੋਂ ਪੱਕੀਆਂ ਇੱਟਾਂ ਦੀ ਡਿਓੜੀ ਵੀ ਛੱਤ ਦਿੱਤੀ। ਇਸ ਦੇ ਬਾਹਰਲੇ ਪਾਸੇ ਲੱਕੜੀ ਦਾ ਦਰਵਾਜ਼ਾ ਵੀ ਲਾਇਆ ਗਿਆ ਸੀ। ਕਰੀਬ ਤੀਹ ਫੁੱਟ ਲੰਮੀ ਛੱਤਵੀਂ ਡਿਓੜੀ ਦੇ ਦੋਹੀਂ ਪਾਸੀਂ ਥੜ੍ਹੇ ਹਨ। ਦੋਹੀਂ ਪਾਸੇ ਛੋਟੇ-ਛੋਟੇ ਦੋ ਕਮਰੇ ਹਨ। ਪਹਿਲਾਂ-ਪਹਿਲ ਪਿੰਡ ਦੀ ਡਾਕ ਸਕੂਲ ਮਾਸਟਰ ਦੀ ਮਾਰਫ਼ਤ ਆਉਂਦੀ ਸੀ। ਫਿਰ ਜਦੋਂ ਪਿੰਡ ਵਿਚ ਡਾਕਖਾਨਾ ਖੁੱਲ੍ਹਿਆ ਤਾਂ ਡਿਓੜੀ ਦਾ ਇਕ ਕਮਰਾ ਇਸ ਕੰਮ ਲਈ ਦੇ ਦਿੱਤਾ ਗਿਆ। ਇਹ ਸੰਨ 1965 ਦੀਆਂ ਗੱਲਾਂ ਹਨ।
ਜਿਹੜੇ ਲੋਕ ਤੂਤਾਂ ਵਾਲੇ ਖੂਹ ‘ਤੇ ਬੈਠ ਕੇ ਦੁਪਹਿਰਾ ਨਹੀਂ ਸਨ ਕੱਟਦੇ, ਉਹ ਇਸ ਡਿਓੜੀ ਵਿਚ ਬੈਠੇ ਰਹਿੰਦੇ ਸਨ। ਅਸਲ ਵਿਚ ਪਿੰਡ ਦੇ ਇਸ ਉਤਰ-ਪੂਰਬ ਪਾਸੇ ਦੇ ਲੋਕ ਡਿਓੜੀ ਵਿਚ ਬਹਿੰਦੇ ਸਨ ਅਤੇ ਦੱਖਣ-ਪੱਛਮ ਪਾਸੇ ਦੇ ਲੋਕ ਤੂਤਾਂ ਵਾਲੇ ਖੁਹ ਉਤੇ। ਇਹ ਵੰਡ ਸੁਤੇ ਸਿੱਧ ਹੀ ਸਹੂਲਤ ਮੁਤਾਬਕ ਹੋ ਗਈ ਸੀ। ਡਿਓੜੀ ਦੇ ਬਾਹਰ ਸੱਜੇ ਪਾਸੇ ਵੀ ਥੜ੍ਹਾ ਸੀ ਜਿਸ ਦੇ ਇਕ ਸਿਰੇ ‘ਤੇ ਬਹੁਤ ਪੁਰਾਣਾ ਪਿੱਪਲ ਹੁੰਦਾ ਸੀ। ਲੋਕ ਇਸ ਪਿੱਪਲ ਦੀ ਛਾਂਵੇਂ ਬੈਠੇ ਰਹਿੰਦੇ ਅਤੇ ਗੱਪਾਂ ਮਾਰਦੇ ਰਹਿੰਦੇ। ਸਰਦੀਆਂ ਦੀ ਰੁੱਤੇ ਖੇਸੀਆਂ ਦੀਆਂ ਬੁੱਕਲਾਂ ਮਾਰ ਕੇ ਧੁੱਪ ਸੇਕਦੇ ਰਹਿੰਦੇ।
ਜਦੋਂ ਹਾਲੇ ਪੰਚਾਇਤਾਂ ਵਿਚ ਹੀ ਝਗੜੇ ਮੁੱਕ ਜਾਂਦੇ ਸਨ, ਉਦੋਂ ਇਸੇ ਡਿਓੜੀ ਵਿਚ ਹੀ ਪੰਚਾਇਤ ਜੁੜਦੀ ਸੀ। ਪਿੰਡ ਦੇ ਝਗੜੇ ਪਿੰਡ ਵਿਚ ਹੀ ਨਿਬੇੜ ਲਏ ਜਾਂਦੇ। ਝਗੜੇ ਵੀ ਮਾਮੂਲੀ ਹੁੰਦੇ। ਕਿਸੇ ਦੀਆਂ ਪਾਥੀਆਂ ਚੋਰੀ ਹੋ ਗਈਆਂ, ਕਿਸੇ ਦੀ ਮੱਝ ਗੁਆਂਢੀ ਦੇ ਖੇਤ ਵਿਚ ਚਲੇ ਗਈ, ਕਿਸੇ ਨੇ ਖੰਘੂਰਾ ਮਾਰ ਦਿੱਤਾ, ਵਗੈਰਾ ਵਗੈਰਾ। ਮੇਰੀ ਸੁਰਤ ਵਿਚ ਇਕ ਪੰਚਾਇਤ ‘ਸਿੱਖਾਂ’ ਦੇ ਟੱਬਰ ਦੇ ਉਸ ਮੁਰਗੇ ਬਾਰੇ ਜੁੜੀ ਸੀ ਜਿਹੜਾ ਨਿਰਵੈਰ ਗੱਪੀ ਨੇ ਚੁੱਕ ਕੇ ਵੇਚ ਦਿੱਤਾ ਸੀ। ਸਿੱਖਾਂ ਦਾ ਮੁਰਗਾ ਕਈ ਦਿਨ ਤੋਂ ਗੁੰਮ ਸੀ। ਉਨ੍ਹਾਂ ਤਫ਼ਤੀਸ਼ ਕਰ ਲਈ ਕਿ ਨਿਰਵੈਰ ਹੀ ਰੂੜੀਆਂ ਵਿਚ ਉਸ ਦੇ ਮਗਰ ਤੁਰਿਆ ਫਿਰਦਾ ਦੇਖਿਆ ਗਿਆ ਸੀ, ਪਰ ਕੋਈ ਪੱਕਾ ਸਬੂਤ ਨਹੀਂ ਸੀ। ਸਬੱਬ ਦੇਖੋ ਕਿ ਸਿੱਖਾਂ ਦੇ ਟੱਬਰ ਦਾ ਰਤਨ ਸਿੰਘ ਜਲੰਧਰ ਰੇਲਵੇ ਸਟੇਸ਼ਨ ਤੋਂ ਗੱਡੀ ਫੜ ਕੇ ਜਲੰਧਰ ਛਾਉਣੀ ਵੱਲ ਆ ਰਿਹਾ ਸੀ ਕਿ ਸਟੇਸ਼ਨ ਉਤੇ ਉਸ ਨੇ ਜਾਲੀ ਵਿਚ ਤਾੜੇ ਮੁਰਗਿਆਂ ਵਿਚ ਆਪਣਾ ਮੁਰਗਾ ਪਛਾਣ ਲਿਆ। ਵੀਹ ਰੁਪਏ ਦੇ ਕੇ ਉਸ ਨੇ ਵਪਾਰੀ ਤੋਂ ਉਹ ਮੁਰਗਾ ਖਰੀਦ ਲਿਆ ਤੇ ਇਹ ਵੀ ਪਤਾ ਕਰ ਲਿਆ ਕਿ ਉਸ ਨੇ ਇਹ ਰਾਮਾ ਮੰਡੀ ਦੇ ਕਿਹੜੇ ਝਟਕਈ ਤੋਂ ਖਰੀਦਿਆ ਸੀ। ਰਾਮਾ ਮੰਡੀ ਪਹੁੰਚ ਕੇ ਉਸ ਨੇ ਝਟਕਈ ਪਾਸੋਂ ਪਤਾ ਕਰ ਲਿਆ ਕਿ ਉਸ ਨੂੰ ਇਹ ਨਿਰਵੈਰ ਨੇ ਹੀ ਵੇਚਿਆ ਸੀ।
ਇਸ ਜਾਣਕਾਰੀ ਨਾਲ ਲੈਸ ਹੋ ਕੇ ਰਤਨ ਸਿੰਘ ਨੇ ਪੰਚਾਇਤ ਸੱਦ ਲਈ। ਫਸੇ ਹੋਏ ਨਿਰਵੈਰ ਨੇ ਵੀ ਚੋਰੀ ਮੰਨ ਲਈ ਸੀ ਅਤੇ ਪੰਚਾਇਤ ਨੇ ਉਸ ਨੂੰ ਜੁਰਮਾਨਾ ਲਾ ਦਿੱਤਾ।
(ਚਲਦਾ)