ਫਿਲਮ ‘ਇਹੁ ਜਨਮੁ ਤੁਮ੍ਹਾਰੇ ਲੇਖੇ’ ਦੇ ਡਾਇਰੈਕਟਰ ਹਰਜੀਤ ਸਿੰਘ ਨਾਲ ਗੱਲਾਂ

ਐਸ਼ ਅਸ਼ੋਕ ਭੌਰਾ
ਭਗਤ ਪੂਰਨ ਸਿੰਘ ਦੇ ਜੀਵਨ ਅਤੇ ਸੇਵਾ ਬਾਰੇ ਫਿਲਮ ‘ਇਹੁ ਜਨਮੁ ਤੁਮ੍ਹਾਰੇ ਲੇਖੇ’ ਦੇ ਨਿਰਦੇਸ਼ਕ ਹਰਜੀਤ ਸਿੰਘ ਦਾ ਨਾਂ ਪਿਛਲੇ ਚਾਲੀ ਸਾਲਾਂ ਤੋਂ ਚਰਚਾ ਵਿਚ ਹੈ। ਇਹ ਉਹੀ ਹਰਜੀਤ ਸਿੰਘ ਹੈ ਜਿਸ ਨੇ ਜਲੰਧਰ ਦੂਰਦਰਸ਼ਨ ਜਰੀਏ ‘ਕੱਚ ਦੀਆਂ ਮੁੰਦਰਾਂ’ ਵਰਗਾ ਅਮਰ ਪ੍ਰੋਗਰਾਮ ਦਿੱਤਾ ਤੇ ਅਮਿਤੋਜ ਵਰਗਾ ਮਹਾਨ ਪੇਸ਼ਕਾਰ। ‘ਰੌਣਕ ਮੇਲਾ’ ਅਤੇ ‘ਲਿਸ਼ਕਾਰਾ’ ਉਸੇ ਦੇ ਹਿੱਟ ਪ੍ਰੋਗਰਾਮ ਸਨ। ‘ਲਿਸ਼ਕਾਰਾ’ ਅਜੇ ਵੀ ਜਸਵੀਰ ਸਿੰਘ ਦੀ ਨਿਰਦੇਸ਼ਨਾ ਹੇਠ ਦੂਰਦਰਸ਼ਨ ਪੇਸ਼ ਕਰ ਰਿਹਾ ਹੈ। ਇਸ ਪ੍ਰੋਗਰਾਮ ਨੇ ਮੇਰੇ ਵਰਗੇ ਅਨੇਕਾਂ ਲੋਕਾਂ ਨੂੰ ਨਿੱਕੇ ਪਰਦੇ ‘ਤੇ ਲਿਆਂਦਾ।

‘ਹੁੱਲੇ-ਹੁਲਾਰੇ’ ਅਤੇ ‘ਲਾਰਾ-ਲੱਪਾ’ ਵਰਗੇ ਨਵੇਂ ਸਾਲ ਦੇ ਮਨੋਰੰਜਨ ਪ੍ਰੋਗਰਾਮਾਂ ਨਾਲ ਆਪਣੀ ਕਲਾ ਦੀ ਸਿਖਰ ਵਿਖਾਈ। ‘ਵਿਸਾਖੀ’ ਅਤੇ ਹਰਭਜਨ ਮਾਨ ਦੀ ‘ਹੀਰ ਰਾਂਝਾ’ ਵਰਗੀਆਂ ਪੰਜਾਬੀ ਫ਼ਿਲਮਾਂ ਦਾ ਨਿਰਦੇਸ਼ਨ ਦਿੱਤਾ। ਬੱਬੂ ਮਾਨ ਦੀ ਅਮਿਤੋਜ ਮਾਨ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਹਵਾਏਂ’ ਦੇ ਸੰਵਾਦ ਆਪਣੀ ਪਤਨੀ ਤੇਜਿੰਦਰ ਕੌਰ ਮਾਨ ਨਾਲ ਰਲ ਕੇ ਲਿਖੇ। ਹੁਣ ਉਨ੍ਹਾਂ ਦੀ ਫਿਲਮ ‘ਇਹੁ ਜਨਮੁ ਤੁਮ੍ਹਾਰੇ ਲੇਖੇ’ 30 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਇਤਿਹਾਸਕ ਫਿਲਮ ਦੀ ਮਸ਼ਹੂਰੀ ਤੇ ਪ੍ਰਚਾਰ ਲਈ, ਅਤੇ ਕੁਝ ਹੋਰ ਅਹਿਮ ਤੇ ਖਾਸ ਕਾਰਜਾਂ ਲਈ ਹਰਜੀਤ ਸਿੰਘ ਆਪਣੀ ਪਤਨੀ ਡਾæ ਤਜਿੰਦਰ ਕੌਰ ਮਾਨ ਅੱਜ ਕੱਲ੍ਹ ਅਮਰੀਕਾ ਤੇ ਕੈਨੇਡਾ ਦੇ ਦੌਰੇ ‘ਤੇ ਹੈ। ਹਾਲ ਹੀ ਵਿਚ ਕੈਲੀਫੋਰਨੀਆ ਦੇ ਸੈਨ ਡੀਐਗੋ ਸ਼ਹਿਰ ਆਪਣੀ ਬੇਟੀ ਕੋਲ ਠਹਿਰੇ ਹਰਜੀਤ ਸਿੰਘ ਨਾਲ ਹੋਈ ਗੱਲਬਾਤ ਪਾਠਕਾਂ ਦੀ ਨਜ਼ਰ ਹੈ:
ਸਵਾਲ: ਦੂਰਦਰਸ਼ਨ ਦਾ ਪ੍ਰਵੇਸ਼ ਦੁਆਰ ਕਦੋਂ ਖੁੱਲ੍ਹਿਆ ਤੇ ਪਹਿਲਾ ਕਿਹੜਾ ਅਹਿਮ ਕਾਰਜ ਸੀ?
ਜਵਾਬ: 1977 ਵਿਚ ਚੜ੍ਹਦੀ ਉਮਰੇ ਜਦੋਂ ਕੰਮ ਕਰਨ ਦੀ ਸਮਰੱਥਾ ਨੱਕੋ-ਨੱਕ ਭਰੀ ਹੁੰਦੀ ਹੈ, ਦੂਰਦਰਸ਼ਨ ਦੇ ਦਿੱਲੀ ਕੇਂਦਰ ਵਿਚ ਸਹਿ-ਨਿਰਮਾਤਾ ਵਜੋਂ ਹਾਜ਼ਰੀ ਦਿੱਤੀ। ਸਭ ਤੋਂ ਪਹਿਲਾਂ ਬੱਚਿਆਂ ਦਾ ਪ੍ਰੋਗਰਾਮ ਪੇਸ਼ ਤੇ ਤਿਆਰ ਕਰਨ ਦਾ ਮੌਕਾ ਮਿਲਿਆ। ਵਿਸ਼ਾ-ਵਸਤੂ ਪੱਖੋਂ ਇਹ ਪ੍ਰੋਗਰਾਮ ਬੇਹੱਦ ਸਫ਼ਲ ਸੀ, ਪਰ ਜਦੋਂ ਅੰਮ੍ਰਿਤਾ ਪ੍ਰੀਤਮ ਨੂੰ ਲੈ ਕੇ ‘ਸ਼ੌਕ ਸੁਰਾਹੀ’ ਪ੍ਰੋਗਰਾਮ ਅਰੰਭ ਕੀਤਾ, ਤਾਂ ਮੈਨੂੰ ਲੱਗਿਆ ਕਿ ਜੋ ਮੇਰੇ ਅੰਦਰ ਹੈ ਜਾਂ ਸੀ, ਉਸ ਨੂੰ ਬਾਹਰ ਕੱਢਣ ਦਾ ਮੌਕਾ ਮਿਲ ਗਿਆ ਹੈ। ਉਦੋਂ ਦਰਸ਼ਕਾਂ/ਸਰੋਤਿਆਂ ਦਾ ਵੱਡਾ ਕਾਫਲਾ ਵੀ ਨਾਲ ਜੁੜ ਗਿਆ। ਅੰਮ੍ਰਿਤਾ ਪ੍ਰੀਤਮ ਨਾਲ ਕੰਮ ਕਰਨਾ ਆਪਣੇ ਆਪ ਵਿਚ ਵੱਡੀ ਗੱਲ ਸੀ, ਪਰ ਛੇਤੀ ਹੀ ਮੇਰਾ ਤਬਾਦਲਾ ਜਲੰਧਰ ਕੇਂਦਰ ਵਿਚ ਹੋ ਗਿਆ।
ਸਵਾਲ: ਜਲੰਧਰ ਤੁਹਾਨੂੰ ਮਨੋਰੰਜਨ ਪ੍ਰੋਗਰਾਮ ਦੇਣ ਪਿੱਛੇ ਕੀ ਰਾਜ਼ ਸੀ?
ਜਵਾਬ: ਅਸਲ ਵਿਚ ਮੇਰੇ ਅੰਦਰ ਇਕ ਮੁਕੰਮਲ ਥੀਏਟਰ ਲੁਕਿਆ ਹੋਇਆ ਸੀ। ਦੂਰਦਰਸ਼ਨ ਕੇਂਦਰ ਨਾਟਕ ਤਾਂ ਵਿਖਾਉਂਦਾ ਸੀ, ਪਰ ਲੜੀਵਾਰ ਨਹੀਂ। ਮੈਂ ਆਉਂਦਿਆਂ ਹੀ ਚਾਰਲਸ ਡਿਕਨਜ਼ ਦੇ ਨਾਵਲ ਉਤੇ ਆਧਾਰਤ ਲੜੀਵਾਰ ‘ਸੁਪਨੇ ਤੇ ਪ੍ਰਛਾਵੇਂ’ ਸ਼ੁਰੂ ਕੀਤਾ। ਇਹਨੂੰ ਵੱਡਾ ਹੁੰਗਾਰਾ ਮਿਲਿਆ। ਸੋ, ਜਲੰਧਰ ਦੂਰਦਰਸ਼ਨ ‘ਤੇ ਲੜੀਵਾਰਾਂ ਦੀ ਪਿਰਤ ਮੇਰੇ ਨਾਲ ਹੀ ਸ਼ੁਰੂ ਹੋਈ। ਇਹ 23 ਕਿਸ਼ਤਾਂ ਦਾ ਸੀਰੀਅਲ ਸੀ ਜਿਸ ਨੂੰ ਟੈਲੀਵਿਜ਼ਨ ‘ਤੇ ਦੇਖਣ ਲਈ ਲੋਕ ਕੰਮ-ਧੰਦਾ ਵੀ ਅੱਗੇ-ਪਿੱਛੇ ਪਾ ਲੈਂਦੇ ਸਨ। ਇਸ ਤੋਂ ਬਾਅਦ ਗੁਰਦਿਆਲ ਸਿੰਘ ਦੇ ਨਾਵਲ ‘ਤੇ ਆਧਾਰਤ ਲੜੀਵਾਰ ‘ਚਾਨਣੀ ਰਾਤ’ ਬਣਾਇਆ, ਫਿਰ ‘ਗਰਦਿਸ਼’ ਤੇ ਫਿਰ ਚੱਲ ਸੋ ਚੱਲ।
ਸਵਾਲ: ‘ਕੱਚ ਦੀਆਂ ਮੁੰਦਰਾਂ’ ਜਲੰਧਰ ਦੂਰਦਰਸ਼ਨ ਦਾ ਇਤਿਹਾਸਕ ਮਨੋਰੰਜਨ ਪ੍ਰੋਗਰਾਮ ਹੋ ਨਿਬੜਿਆ ਜੋ ਅਜੇ ਤੱਕ ਲੋਕ ਭੁੱਲੇ ਨਹੀਂ, ਤੇ ਨਾ ਹੀ ਸ਼ਿਵ ਵਾਂਗ ਇਸ ਦੇ ਪਲੇਠੇ ਪੇਸ਼ਕਾਰ ਅਮਿਤੋਜ ਨੂੰæææ ਰਾਜ਼ ਕੀ ਹੈ?
ਜਵਾਬ: ਚੰਡੀਗੜ੍ਹ ਪੜ੍ਹਦਿਆਂ ਅਮਿਤੋਜ ਮੇਰਾ ਸੀਨੀਅਰ ਸੀ। ਉਹ ਬਹੁਤ ਅੱਛੀ ਕਵਿਤਾ ਲਿਖਦਾ ਤੇ ਬੋਲਦਾ ਸੀ। ਸੰਗੀਤਕ ਪ੍ਰੋਗਰਾਮ ‘ਸਤਰੰਗੀ’ ਤੋਂ ਬਾਅਦ ਜਦੋਂ ਮੈਂ ‘ਕੱਚ ਦੀਆਂ ਮੁੰਦਰਾਂ’ ਦੀ ਪਟਕਥਾ ਤਿਆਰ ਕੀਤੀ ਤਾਂ ਮੇਰੇ ਮਨ ਵਿਚ ਅਮਿਤੋਜ ਦੀ ਤਸਵੀਰ ਉਭਰੀ ਕਿ ਐਕਟਿੰਗ ਕਿਉਂ ਨਾ ਉਸ ਤੋਂ ਕਰਵਾਈ ਜਾਵੇ! ਇਹ ਤਜਵੀਜ਼ ਬਹੁਤ ਸਫ਼ਲ ਰਹੀ ਅਤੇ ‘ਕੱਚ ਦੀਆਂ ਮੁੰਦਰਾਂ’ ਅਮਰ ਪ੍ਰੋਗਰਾਮ ਬਣ ਗਿਆ। ਬਹੁਤ ਸਾਰੇ ਲੋਕਾਂ ਨੂੰ ਅਜੇ ਤੱਕ ਭੁਲੇਖਾ ਹੈ ਕਿ ਸ਼ਾਇਦ ਅਮਿਤੋਜ ਜ਼ੁਬਾਨੀ ਸਭ ਕੁਝ ਪੇਸ਼ ਕਰਦਾ ਸੀ। ਉਹ ਹਾਲਾਂਕਿ ਸਭ ਕੁਝ ਲਿਖ ਕੇ ਤਿਆਰ ਕਰਦਾ ਸੀ, ਪਰ ਉਹਦਾ ਅੰਦਾਜ਼-ਏ-ਬਿਆਨ ਇੰਨਾ ਸੁਭਾਵਿਕ ਤੇ ਕੁਦਰਤੀ ਸੀ ਕਿ ਸਹੀ ਅਰਥਾਂ ਵਿਚ ਉਹਦੀ ਥਾਂ ਅਜੇ ਤੱਕ ਕੋਈ ਲੈ ਹੀ ਨਹੀਂ ਸਕਿਆ। ਉਹਦੀ ਪੇਸ਼ਕਾਰੀ ਹੀ ਅਸਲ ਵਿਚ ਇਸ ਪ੍ਰੋਗਰਾਮ ਦੀ ਸਫ਼ਲਤਾ ਦਾ ਵੱਡਾ ਰਾਜ਼ ਸੀ। ਇਸ ਤੋਂ ਬਾਅਦ ‘ਰੌਣਕ ਮੇਲਾ’ ਵੀ ਮੇਰੇ ਖਾਤੇ ਵਿਚ ਕਾਫ਼ੀ ਵਡਿਆਈ ਵਾਲਾ ਰਿਹਾ।
ਸਵਾਲ: 2007 ਵਿਚ ਨਵੇਂ ਸਾਲ ਮੌਕੇ ਮੈਂ ਵੀ ਦੂਰਦਰਸ਼ਨ ਉਤੇ ‘ਛਣਕਾਟਾ ਪੈਂਦਾ ਗਲੀ-ਗਲੀ’ ਪੇਸ਼ ਕੀਤਾ, ਲਖਵਿੰਦਰ ਜੌਹਲ ਦਾ ‘ਬਚ ਕੇ ਮੋੜ ਤੋਂ’ ਵੀ ਅੱਛਾ ਸੀ, ਪਰ ਤੁਹਾਡੇ ਪ੍ਰੋਗਰਾਮ ‘ਲਾਰਾ-ਲੱਪਾ’ ਜਾਂ ‘ਹੁੱਲੇ-ਹੁਲਾਰੇ’ ਦੀ ਥਾਂ ਕੋਈ ਨਹੀਂ ਲੈ ਸਕਿਆ, ਕਿਉਂ?
ਜਵਾਬ: ਕਿਉਂ ਬਾਰੇ ਤਾਂ ਮੈਂ ਕੀ ਕਹਿਣਾæææਦਰਅਸਲ ਨਵੇਂ ਸਾਲ ਦੇ ਪ੍ਰੋਗਰਾਮ ਪਹਿਲਾਂ ਦਿੱਲੀ/ਮੁੰਬਈ ਕੇਂਦਰ ਤੋਂ ਹੀ ਤਿਆਰ ਹੁੰਦੇ ਸਨ। ਮੈਂ ਡਾਇਰੈਕਟਰ ਨੂੰ ਕਿਹਾ, ਕਿਉਂ ਨਾ ਇਨ੍ਹਾਂ ਨੂੰ ਜਲੰਧਰ ਹੀ ਤਿਆਰ ਕੀਤਾ ਜਾਵੇ। ਮੇਰੀ ਮੰਨ ਲਈ ਗਈ। ਅਸੀਂ ਪਹਿਲਾਂ ਯੂਥ ਫੈਸਟੀਵਲਾਂ ਦੀਆਂ ਅੱਵਲ ਗਿੱਧਾ-ਭੰਗੜਾ ਟੀਮਾਂ ਚੁਣੀਆਂ, ਫਿਰ ਗਾਇਕ ਤੇ ਗੀਤ। ਪਾਏਦਾਰ ਹਾਸਰਸ ਤੇ ਪੇਸ਼ਕਾਰੀ। ‘ਲਾਰਾ-ਲੱਪਾ’ ਦਾ ਟਾਈਟਲ ਗੀਤ ਸੁਖਵਿੰਦਰ ਨੇ ਆਪ ਕੰਪੋਜ ਕਰ ਕੇ ਗਾਇਆ। ਅਮਰ ਨੂਰੀ ਦਾ ਗੀਤ ‘ਨਛੱਤਰਾ ਲੈ ਆਈਂ ਵੇ ਇਕ ਸਾਬਣ ਦੀ ਟਿੱਕੀ’ ਅਤੇ ਹੰਸ ਦਾ ‘ਨੀ ਵਣਜਾਰਣ ਕੁੜੀਏ’ ਗੀਤ ਸੁਖਵਿੰਦਰ ਦੀਆਂ ਕੰਪੋਜੀਸ਼ਨਾਂ ਸਨ, ਬਾਕੀ ਸੰਗੀਤ ਕੰਵਰ ਇਕਬਾਲ ਦਾ ਸੀ। ਮੈਂ ਮੰਨਦਾ ਹਾਂ ਕਿ ਇਹ ਇੰਨੇ ਸਫ਼ਲ ਪ੍ਰੋਗਰਾਮ ਸਨ ਕਿ ਟੀ-ਸੀਰੀਜ਼ ਵਰਗੀਆਂ ਕੰਪਨੀਆਂ ਆਡੀਓ/ਵੀਡੀਓ ਰਿਲੀਜ਼ ਕਰਨ ਲਈ ਵੱਡੇ ਟੈਂਡਰ ਭਰਨ ਲੱਗ ਪਈਆਂ। ਸੈਟ ਡਿਜ਼ਾਇਨਿੰਗ ਤੋਂ ਲੈ ਕੇ ਸਭ ਕੁਝ ਮੈਂ ਆਪ ਮਿਹਨਤ ਨਾਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਭਾਗ ਲੱਗੇ, ਪਰ ਅਸਲ ਵਿਚ ਐਡੀਟਿੰਗ ਤੱਕ ਸਾਰੀ ਵਿਭਾਗੀ ਟੀਮ ਨੂੰ ਵੀ ਇਹ ਮਾਣ ਜਾਂਦਾ ਹੈ।
ਸਵਾਲ: ਬਹੁਤ ਸਾਰੇ ਗਾਇਕਾਂ ਜਾਂ ਕਲਾਕਾਰਾਂ ਨੂੰ ਤੁਹਾਡੇ ਕਰ ਕੇ ਬ੍ਰੇਕ ਮਿਲੀ ਹੈ, ਇਸ ਬਾਰੇ ਕੀ ਕਹੋਗੇ?
ਜਵਾਬ: ਠੀਕ ਹੈ ਕਿ ‘ਅੱਜ ਕੱਲ੍ਹ ਸੁਣਿਆ ਫਤੂਰ ਵਿਚ ਰਹਿੰਦੇ ਹੋ’ ਨਾਲ ਹੰਸ ਅੱਗੇ ਨਿਕਲਿਆ, ‘ਲਾਰਾ-ਲੱਪਾ ਲਾਈ ਰੱਖਦੀ’ ਨਾਲ ਸੁਖਵਿੰਦਰ, ‘ਰੂੜਾ ਮੰਡੀ ਜਾਵੇ’ ਨਾਲ ਕਮਲਜੀਤ ਨੀਰੂ, ਸੁਰੀਲੀ ਗਾਇਕਾ ਰੰਜਨਾ ਅੱਗੇ ਗਈ ਤੇ ਹਰ ਗਾਇਕ ਨੂੰ ਦੂਰਦਰਸ਼ਨ ਨੇ ਇਕ ਤਰ੍ਹਾਂ ਨਾਲ ਰਿਜ਼ਕ ਦਿੱਤਾ; ਚਾਚਾ ਰੌਣਕੀ ਰਾਮ (ਬਲਵਿੰਦਰ ਵਿੱਕੀ), ਗੁਰਪ੍ਰੀਤ ਘੁੱਗੀ, ਥੀਏਟਰ ਕਲਾਕਾਰ ਮਰਹੂਮ ਹਰਭਜਨ ਜੱਬਲ ਤੇ ਜਤਿੰਦਰ ਕੌਰ ਕਾਮੇਡੀ ਵਿਚ ਅੱਗੇ ਆਏ; ਪਰ ਮੈਂ ਇਹ ਨਹੀਂ ਮੰਨਦਾ ਕਿ ਮੈਂ ਇਨ੍ਹਾਂ ਨੂੰ ਬ੍ਰੇਕ ਦਿੱਤੀ, ਸਗੋਂ ਮੈਨੂੰ ਤਾਂ ਇਉਂ ਲਗਦਾ ਹੈ ਕਿ ਇਨ੍ਹਾਂ ਕਰ ਕੇ ਮੈਨੂੰ ਬ੍ਰੇਕ ਮਿਲੀ ਹੈ। ਹਾਂ, ਇਹ ਜ਼ਰੂਰ ਹੈ ਕਿ ਜਦੋਂ ਮੈਨੂੰ ਕੋਈ ਕਿਸੇ ਚੰਗੀ ਆਵਾਜ਼ ਜਾਂ ਗਾਇਕ ਬਾਰੇ ਦੱਸ ਪਾਉਂਦਾ, ਤਾਂ ਮੈਂ ਪਹੁੰਚ ਜ਼ਰੂਰ ਕਰਦਾ। ਇਸ ਦੀ ਮਿਸਾਲ ਇਹ ਹੈ ਕਿ ਡਾæ ਸਤਿੰਦਰ ਨੂਰ ਨੇ ਮੈਨੂੰ ਸਭ ਤੋਂ ਪਹਿਲਾਂ ਦੱਸਿਆ ਸੀ ਕਿ ਗੁਰਦਾਸ ਮਾਨ ਨਾਂ ਦਾ ਇਕ ਮੁੰਡਾ ਗਾਉਂਦਾ ਵੀ ਅੱਛਾ ਹੈ ਤੇ ਪ੍ਰਫਾਰਮਰ ਵੀ ਕੀ ਕਹਿਣੇ, ਤੇ ਮੈਂ ਗੁਰਦਾਸ ਮਾਨ ਦਾ ਦੂਰਦਰਸ਼ਨ ਨਾਲ ਮੁਕੰਮਲ ਸੰਗਮ ਕਰਵਾਇਆ।
ਸਵਾਲ: ਫਿਲਮਾਂ ਵੱਲ ਕਿਵੇਂ ਮੁੜੇ?
ਜਵਾਬ: ਵਰਿੰਦਰ ਦੇ ਕਤਲ ਤੋਂ ਬਾਅਦ ਫਿਲਮਾਂ ਦੇ ਖੇਤਰ ਵਿਚ ਇਕ ਤਰ੍ਹਾਂ ਨਾਲ ਪੂਰਾ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਸੀ। ਪੰਜਾਬੀ ਫਿਲਮਾਂ ਬਣਾਉਣਾ ਤਾਂ ਕੀ, ਕੋਈ ਇੱਧਰ ਵੇਖਣਾ ਤੱਕ ਨਹੀਂ ਸੀ ਚਾਹੁੰਦਾ। ਜਲੰਧਰ ਦੂਰਦਰਸ਼ਨ ਲਈ ਮੈਂ ਮੁਖਤਾਰ ਗਿੱਲ ਦੀ ਕਹਾਣੀ ‘ਤੇ ਸੀਰੀਅਲ ਬਣਾਇਆ। ਮੈਨੂੰ ਲੱਗਿਆ, ਵਿਸ਼ਾ ਬਹੁਤ ਅੱਛਾ ਹੈ ਤੇ ਇਸ ਨੂੰ ਵਿਸਥਾਰ ਦੇ ਕੇ ਫਿਲਮ ਬਣਾਈ ਜਾ ਸਕਦੀ ਹੈ। ਮੈਂ ਆਪਣੀ ਪਤਨੀ ਨਾਲ ਸਲਾਹ ਕੀਤੀ, ਹੱਲਾਸ਼ੇਰੀ ਮਿਲੀ, ਤੇ ‘ਵਿਸਾਖੀ’ ਫਿਲਮ ਦਾ ਨਿਰਮਾਣ ਹੋ ਗਿਆ। ਇਸ ਪ੍ਰੋਜੈਕਟ ਵਿਚ ਗਾਇਕਾਂ ਤੇ ਹੋਰ ਕਲਾਕਾਰਾਂ ਨੇ ਮੇਰਾ ਸਹਿਯੋਗ ਬਹੁਤ ਦਿੱਤਾ। ਦੂਜੇ ਪਾਸੇ ਸਰਕਾਰੀ ਨੌਕਰੀ ਕਰ ਕੇ ਕਈ ਬੰਦਿਸ਼ਾਂ ਸਨ, ਤੇ ਆਖਰ ਮੈਂ ਅਸਿਸਟੈਂਟ ਸਟੇਸ਼ਨ ਡਾਇਰੈਕਟਰ ਦੇ ਅਹੁਦੇ ਤੋਂ ਸਵੈ-ਇੱਛਾ ਨਾਲ ਸੇਵਾ ਮੁਕਤੀ ਲੈ ਲਈ, ਤੇ ਆਪਣੇ ਆਪ ਨੂੰ ਪੂਰੇ ਦਾ ਪੂਰਾ ਇਸ ਖੇਤਰ ਨਾਲ ਜੋੜ ਲਿਆ।
ਸਵਾਲ: ਤੁਹਾਨੂੰ ਨਹੀਂ ਲਗਦਾ ਕਿ ਸਰਕਾਰੀ ਪੰਜਾਲੀ ਵਿਚੋਂ ਸਿਰ ਕੱਢ ਕੇ ਹਰਜੀਤ ਸਿੰਘ ਵਰਗਾ ਮਿਹਨਤੀ ਇਨਸਾਨ ਜਿੰਨਾ ਕੰਮ ਕਰ ਸਕਦਾ ਸੀ, ਨਹੀਂ ਹੋ ਸਕਿਆ?
ਜਵਾਬ: ਦਰਅਸਲ ਹੁਣ ਆ ਕੇ ਪੰਜਾਬੀ ਫਿਲਮਾਂ ਲਈ ਪੂਰਾ ਸਿਰਜਣਾਤਮਿਕ ਮਾਹੌਲ ਬਣਿਆ ਹੈ, ਪਰ ਮੈਂ ਇਸੇ ਦੌਰ ਵਿਚ ਹਰਭਜਨ ਮਾਨ ਦੀ ਸਫਲ ਫਿਲਮ ‘ਹੀਰ ਰਾਂਝਾ’ ਦਾ ਨਿਰਦੇਸ਼ਨ ਦਿੱਤਾ ਤੇ ਜਿਸ ‘ਹਵਾਏਂ’ ਫਿਲਮ ਨੂੰ ਵੱਖਰੇ ਨਜ਼ਰੀਏ ਤੋਂ ਬੱਬੂ ਮਾਨ ਨੂੰ ਸਫਲਤਾ ਮਿਲੀ, ਤੇ ਅਮਿਤੋਜ ਮਾਨ ਦੀ ਡਾਇਰੈਕਸ਼ਨ ਸਵੀਕਾਰ ਕੀਤੀ ਗਈ, ਉਸ ਫਿਲਮ ਦਾ ਲਿਖਤੀ ਕਾਰਜ, ਮਤਲਬ ਪਟਕਥਾ ਤੇ ਸੰਵਾਦ ਮੇਰੇ ਤੇ ਮੇਰੀ ਬੀਵੀ ਦੇ ਹੱਥਾਂ ਵਿਚੋਂ ਨਿਕਲੇ ਹਨ। ਅਜੇ ਹੋਰ ਵੀ ਬੜੀਆਂ ਬੜੀਆਂ ਵਿਉਂਤਬੰਦੀਆਂ ਨੇ, ਆਪਣੀ ਸਮਰੱਥਾ ਮੁਤਾਬਿਕ ਕੁਝ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦਾ ਰਹਾਂਗਾ।
ਸਵਾਲ: ਭਗਤ ਪੂਰਨ ਸਿੰਘ ਦੀ ਜੀਵਨੀ ‘ਤੇ ਫਿਲਮ ‘ਇਹੁ ਜਨਮੁ ਤੁਮ੍ਹਾਰੇ ਲੇਖੇ’ ਤਿਆਰ ਹੋ ਗਈ ਹੈ। ਇਹ ਇਤਿਹਾਸਕ ਕਾਰਜ ਕਰਨ ਦਾ ਖਿਆਲ ਕਿਵੇਂ ਆਇਆ?
ਜਵਾਬ: ਪਿੰਗਲਵਾੜਾ ਦੇ ਬਾਨੀ ਅਤੇ ਇਸ ਪੂਜਣਯੋਗ ਹਸਤੀ ਬਾਰੇ ਪਹਿਲਾਂ ਮੈਂ ਉਨ੍ਹਾਂ ਦੇ ਜੀਵਨ ‘ਤੇ ਦਸਤਾਵੇਜ਼ੀ ਤਿਆਰ ਕੀਤੀ ਸੀ, ਮੈਨੂੰ ਧੁਰ ਅੰਦਰੋਂ ਜਿਹੜੀ ਸੰਤੁਸ਼ਟੀ ਮਿਲੀ ਸੀ, ਉਹ ਮੈਂ ਹੀ ਜਾਣਦਾ ਹਾਂ। ਉਦੋਂ ਵੀ ਮੈਂ ਇਸ ‘ਤੇ ਕੁਝ ਹੋਰ ਕੰਮ ਕਰਨਾ ਚਾਹੁੰਦਾ ਸਾਂ, ਪਰ ਭਗਤ ਪੂਰਨ ਸਿੰਘ ਜੀ ਦੇ ਸੁਆਸਾਂ ਦੀ ਪੂੰਜੀ ਮੁੱਕ ਗਈ। ਹੁਣ ਸਵਾਲ ਇਹ ਸੀ ਕਿ ਬਹੁਤ ਸਾਰੇ ਲੋਕਾਂ ਨੇ ਭਗਤ ਜੀ ਦਾ ਅਤੇ ਪਿੰਗਲਵਾੜੇ ਦਾ ਨਾਂ ਸੁਣਿਆ ਹੈ, ਦੇਸ਼ਾਂ-ਵਿਦੇਸ਼ਾਂ ਤੋਂ ਇਸ ਕੇਂਦਰ ਦੀ ਮਦਦ ਵੀ ਬਥੇਰੀ ਹੁੰਦੀ ਹੈ, ਪਰ ਇਨ੍ਹਾਂ ਵਿਚੋਂ ਬਹੁਤਿਆਂ ਨੇ ਉਥੇ ਜਾ ਕੇ ਕਦੀ ਅੱਖੀਂ ਹਾਲਾਤ ਨਹੀਂ ਵੇਖੇ, ਕਿ ਕਿਵੇਂ ਇਕ ਮਹਾਂਪੁਰਸ਼ ਨੇ ਅੰਗਹੀਣਾਂ, ਅਪਾਹਜਾਂ, ਬੇਸਹਾਰਿਆਂ ਨੂੰ ਸੰਭਾਲਿਆ, ਉਨ੍ਹਾਂ ਨੂੰ ਜ਼ਿੰਦਗੀ ਦਿੱਤੀ। ਕਈ ਸਾਲ ਬਾਅਦ ਵੀ ਇਹ ਖਿਆਲ ਮਨ ਵਿਚੋਂ ਨਹੀਂ ਨਿਕਲਿਆ। ਭਗਤ ਪੂਰਨ ਸਿੰਘ ਦੀ ਵਾਰਿਸ ਤੇ ਪਿੰਗਲਵਾੜਾ ਚਲਾ ਰਹੇ ਬੀਬੀ ਇੰਦਰਜੀਤ ਕੌਰ ਨਾਲ ਜਦੋਂ ਮੈਂ ਆਪਣੇ ਫਿਲਮੀ ਮਿਸ਼ਨ ਦੀ ਗੱਲ ਕੀਤੀ ਤਾਂ ਉਨ੍ਹਾਂ ਹਾਮੀ ਭਰਦਿਆਂ ਕਿਹਾ ਕਿ ਚਲੋ ਜਿਵੇਂ ਭਗਤ ਜੀ ਕਰਦੇ ਸਨæææਕਿ ਕੰਮ ਸ਼ੁਰੂ ਤਾਂ ਕਰੋ, ਹੌਲੀ-ਹੌਲੀ ਪੂਰਾ ਵੀ ਹੋ ਜਾਵੇਗਾæææਤੇ ਅਸੀਂ ਆਪਣੇ ਕਾਰਜ ਵਿਚ ਸਫਲ ਹੋ ਗਏ ਹਾਂ ਤੇ ਇਹ ਫਿਲਮ 30 ਜਨਵਰੀ ਨੂੰ ਪੂਰੀ ਦੁਨੀਆਂ ਦੇ ਸਿਨੇਮਾਂ ਘਰਾਂ ‘ਤੇ ਦਸਤਕ ਦੇਵੇਗੀ। ਇਹ ਫਿਲਮ ਮੇਰੀ ਕਲਾਤਮਿਕ ਜ਼ਿੰਦਗੀ ਦਾ ਰੰਗ ਪੇਸ਼ ਕਰੇਗੀ।
ਸਵਾਲ: ਏਡਾ ਵੱਡਾ ਕਾਰਜ ਕਰ ਕੇ ਕੀ ਆਸ ਰੱਖਦੇ ਹੋ?
ਜਵਾਬ: ਕਿਸਾਨ ਬੀਜ ਬੋਅ ਕੇ ਉਪਰ ਵਾਲੇ ‘ਤੇ ਆਸ ਰੱਖ ਕੇ ਬੈਠਾ ਹੁੰਦਾ ਹੈ ਕਿ ਮੌਸਮ ਵੀ ਠੀਕ ਰੱਖੀਂæææਹੁਣ ਦੇਖਣ ਵਾਲਿਆਂ ‘ਤੇ ਟਿਕ-ਟਿਕੀ ਲੱਗੀ ਹੈ, ਆਸ ਜ਼ਰੂਰ ਹੈ ਕਿ ਜਿਵੇਂ ਭਗਤ ਜੀ ਦੇ ਕਾਰਜਾਂ ‘ਤੇ ਪੰਜਾਬੀ ਸਹਿਯੋਗੀ ਬਣੇ ਰਹੇ ਹਨ, ਫਿਲਮ ਨੂੰ ਚੰਗਾ ਹੁੰਗਾਰਾ ਭਰਨਗੇ।
ਸਵਾਲ: ਅਗਲਾ ਮਿਸ਼ਨ?
ਜਵਾਬ: ਅਸੀਂ ਦੋਵੇਂ ਮੀਆਂ-ਬੀਵੀ ਬੱਚਿਆਂ ਲਈ ਪੁਸਤਕਾਂ ਲਿਖ ਰਹੇ ਹਾਂ। ਪੰਜਾਬੀ ਕਿਤਾਬ ਅਗਲੇ ਮਹੀਨੇ ਆ ਜਾਵੇਗੀ। ਅਗਲੀਆਂ ਫਿਲਮਾਂ ਬੱਚਿਆਂ ਬਾਰੇ ਬਣਾਉਣ ਦਾ ਖਿਆਲ ਹੈ, ਕਿਉਂਕਿ ‘ਜੰਗਲ ਜੰਗਲ’ ਜਾਂ ‘ਸਪਾਈਡਰਮੈਨ’ ਵਿਚੋਂ ਇਨ੍ਹਾਂ ਨੂੰ ਬਾਹਰ ਕੱਢ ਕੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ, ਤੇ ਅਸੀਂ ਕਰਨ ਦੀ ਕੋਸ਼ਿਸ਼ ਵੀ ਕਰਾਂਗੇ।