ਰੱਬ ਗਰੀਬਾਂ ਨੂੰ ਧੀਆਂ ਵੀ ਦਿੰਦੈ, ਲਾਚਾਰੀ ਵੀ!

ਗਲਤੀਆਂ ਹੋ ਜਾਂਦੀਆਂ ਨੇ, ਇਹ ਹੋ ਵੀ ਰਹੀਆਂ ਨੇ, ਤੇ ਹੁੰਦੀਆਂ ਵੀ ਰਹਿਣਗੀਆਂ; ਪਰ ਜਦੋਂ ਦਾ ਹੁਕਮਰਾਨਾਂ ਨੇ ਰਾਜਨੀਤੀ ਦੇ ਅਲਜਬਰੇ ਨਾਲ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗਲਤੀਆਂ ਕਰ ਕੇ ਮੰਨੀਦੀਆਂ ਨਹੀਂ, ਕਿਉਂਕਿ ਇਉਂ ਸਿਆਣੇ ਲੋਕਾਂ ਨੇ ਕਰਨਾ ਹੁੰਦਾ ਹੈ; ਉਦੋਂ ਦੇ ਦੇਸ਼ ਟੁੱਟਣ ਲੱਗ ਪਏ ਨੇ। ਗੱਲ ਇਥੇ ਮੁੱਕ ਜਾਂਦੀ ਤਾਂ ਕੁਝ ਬਚਿਆ ਵੀ ਰਹਿੰਦਾ, ਪਰ ਇਨ੍ਹਾਂ ਨੇ ‘ਸੇਵਾ’ ਦੇ ਨਾਂ ਹੇਠ ਜਦੋਂ ਦੇ ਬਦਮਾਸ਼ ਪਾਲ ਲਏ ਨੇ, ਤੇ ਲੋਕ ਇਕ-ਦੂਜੇ ਦੇ ਗਲ ਲੱਗ ਕੇ ਰੋਂਦੇ ਰਹਿ ਜਾਂਦੇ ਨੇ। ਹਾਲਾਤ ਜੇ ਇੱਦਾਂ ਦੇ ਹੀ ਬਣੇ ਰਹੇ, ਤਾਂ ਸਮਾਜ ਖੱਖੜੀਆਂ ਹੋ ਜਾਵੇਗਾ।

ਸਿਆਣੇ ਆਖਦੇ ਹੁੰਦੇ ਸਨ, ਗਲਤੀਆਂ+ਜ਼ਿੰਦਗੀ ਦਾ ਕੁੱਲ ਜੋੜ ਤਜਰਬਾ ਹੁੰਦਾ ਹੈ, ਪਰ ਲਗਦਾ ਨਹੀਂ ਕਿ ਹੁਣ ਤਾਂ ਨਿਊਟਨ ਦੇ ਸਿਧਾਂਤ ਤੱਕ ਉਖੜ ਗਏ ਹਨ; ਤੇ ਹੁਣ ਕਿਹਾ ਜਾ ਸਕਦਾ ਹੈ ਕਿ ‘ਨੇਤਾ+ਗਲਤੀਆਂ=ਰਾਜ’ ਹੁੰਦਾ ਹੈ। ਜੇ ਜਵਾਨੀ ਕੁਰਾਹੇ ਪੈਣ ਤੋਂ ਕੋਈ ਰੋਕ ਨਹੀਂ ਸਕਿਆ, ਤਾਂ ਇਸ ਦੇ ਮੋਟੇ ਅਰਥ ਹਨ ਕਿ ਜਾਤਾਂ ਦੀ ਹਉਮੈ ਮੁੱਕੀ ਨਹੀਂ। ਵੱਡੇ ਘਰਾਂ ਦੇ ਕਾਕਿਆਂ ਕੋਲ ਇੱਜ਼ਤ ਨਾਲ ਖੇਡਣ ਦੀ ਰਾਜਨੀਤਕ ਛਤਰੀ ਹੈ।æææਤੇ ਸਹੀ ਅਰਥਾਂ ਵਿਚ ਗਰੀਬ ਦੀ ਧੀ ਗਊ ਹੁਣ ਬਣੀ ਹੈ, ਤੇ ਸਾਨ੍ਹ ਡੰਗਰ ਹਸਪਤਾਲਾਂ ਵਿਚ ਨਾ ਵੀ ਰਹੇ ਹੋਣ, ਇਹ ਨਵੇਂ ਰੂਪ ਵਿਚ ਸੜਕਾਂ ‘ਤੇ ਭੂਤਰੇ ਫਿਰਨ ਲੱਗੇ ਹੋਏ ਹਨ। ਚਲੋ ਜੌੜੇ ਬੱਚਿਆਂ ਅੰਦਰ ਕਈ ਸਮਾਨਤਾਵਾਂ ਤਾਂ ਹੁੰਦੀਆਂ ਹਨ, ਪਰ ਯੁੱਗ ਅਜਿਹਾ ਆ ਗਿਆ ਹੈ ਕਿ ਪਿਉ ਤੇ ਪੁੱਤਰ ਇਕੱਠਿਆਂ ਨੂੰ ਹੀ ਇਸ਼ਕ ਦਾ ਤਾਪ ਚੜ੍ਹਨ ਲੱਗ ਪਿਆ ਹੈ। ਵਕਤ ਇਹ ਆਖ ਰਿਹਾ ਹੈ ਕਿ ਸਾਧ ਜਤੀ ਤਾਂ ਚਲੋ ਨਾ ਰਹਿੰਦੇ, ਹੁਣ ਤਾਂ ਹਲਕ ਗਏ ਹਨ। ਪਹਿਲਾਂ ਭਲਵਾਨ ਕੱਪੜੇ ਉਤਾਰ ਕੇ ਅਤੇ ਬਾਦਸ਼ਾਹ ਪਹਿਨ ਕੇ ਖੁਸ਼ ਹੁੰਦਾ ਸੀ। ਹੁਣ ਗੰਗਾ ਪਹੋਏ ਦੀ ਥਾਂ ਨਵਾਂ ਰਾਹ ਲੱਭਣ ਦੇ ਰੌਂਅ ਵਿਚ ਹੈ। ਅਰਸਤੂ ਆਖਦਾ ਸੀ ਕਿ ਜੇ ਧਰਤੀ ‘ਤੇ ਸਾਰਿਆਂ ਕੋਲ ਸਭ ਕੁਝ ਹੁੰਦਾ, ਤਾਂ ਹਰ ਬੰਦੇ ਦਾ ਨਾਂ ਰੱਬ ਹੀ ਹੋਣਾ ਸੀ, ਤੇ ਜਿਨ੍ਹਾਂ ਨੂੰ ਪਹਿਲਾਂ ਲਾਈਨ ਵਿਚ ਲੱਗ ਕੇ ਵੋਟਾਂ ਪਾਈਆਂ, ਫਿਰ ਉਨ੍ਹਾਂ ਅੱਗੇ ਕਤਾਰ ਵਿਚ ਖੜ੍ਹ ਕੇ ਫਰਿਆਦਾਂ ਤੇ ਤਰਲੇ ਕੀਤੇ, ਉਹ ਰੱਬ ਦੇ ਨਾਂ ਦਾ ਹੀ ਇੰਤਕਾਲ ਕਰਵਾ ਰਹੇ ਸਨ। ਔਰਤ ਲਈ ਸੁਖਾਲਾ ਯੁੱਧ ਕੋਈ ਵੀ ਨਹੀਂ ਰਿਹਾ, ਪਰ ਧੀਆਂ ਇਸ ਯੁੱਗ ਨੇ ਧਾਹੀਂ ਰੁਆਈਆਂ ਹਨ। ਦਰੋਪਤੀ ਦਾ ਚੀਰ-ਹਰਨ ਰੋਜ਼ ਹੋ ਰਿਹਾ ਹੈ, ਪਰ ਦੁੱਖ ਹੈ ਕਿ ਕ੍ਰਿਸ਼ਨ ਰੋਜ਼ ਭਗਵਾਨ ਬਣ ਕੇ ਨਹੀਂ ਆ ਰਿਹਾ। ਇਸੇ ਲਈ ਰਾਣੋ ਦਾ ਇਹ ਰੋਣਾ ਸੱਚੀਂ ਵਿਧਵਾ ਦੇ ਸਿਆਪੇ ਨਾਲੋਂ ਵੱਡਾ ਹੈ।

ਐਸ਼ ਅਸ਼ੋਕ ਭੌਰਾ

ਸਮਾਜ ਇਸ ਗੱਲ ਨੂੰ ਸਵੀਕਾਰ ਕਰੇ ਜਾਂ ਨਾ, ਪਰ ਇਕਲੌਤੀਆਂ ਧੀਆਂ, ਪੁੱਤਾਂ ਨਾਲੋਂ ਕਿਤੇ ਵੱਧ ਪਿਆਰੀਆਂ ਹੁੰਦੀਆਂ ਹਨ। ਹਾਲਾਤ ਵੱਖਰੇ ਇਹ ਹੋ ਸਕਦੇ ਹਨ ਕਿ ਧੀ ਅਮੀਰ ਘਰ ਵਿਚ ਜੰਮੀ ਹੈ, ਜਾਂ ਗਰੀਬੀ ਦੀ ਉਡਦੀ ਧੁੱਧਲ ਵਿਚ। ਸਿਆਣੇ ਲੋਕ ਮੰਨਦੇ ਹਨ ਕਿ ਗਰੀਬ ਘਰਾਂ ਵਿਚ ਸਨੁੱਖੀ ਧੀ ਦਾ ਜੰਮਣਾ ਅਕਸਰ ਸੰਤਾਪ ਹੀ ਹੁੰਦਾ ਹੈ। ਜੇ ਕਿਤੇ ਬਾਪੂ ਦੀ ਪੱਗ ਤੇ ਲੱਜ ਦਾ ਧੀਆਂ ਨੂੰ ਫਿਕਰ ਨਾ ਹੁੰਦਾ, ਤਾਂ ਇਨ੍ਹਾਂ ਸਾਰੀਆਂ ਨੇ ਸ਼ੀਹਣੀਆਂ ਬਣਨਾ ਸੀ, ਤੇ ਮਰਦ ਦੀ ਪ੍ਰਧਾਨਗੀ ਦਾ ਭੋਗ ਬਹੁਤ ਚਿਰ ਪਹਿਲਾਂ ਪੈ ਗਿਆ ਹੁੰਦਾ। ਇਹ ਦੁੱਖ ਰਹੇਗਾ ਹੀ ਕਿ ਜੇ ਸਦੀਆਂ ਬੀਤ ਜਾਣ ‘ਤੇ ਵੀ ਸ਼ੇਰ ਮਾਸ ਖਾਣ ਦੀ ਆਦਤ ਨਹੀਂ ਛੱਡ ਸਕਿਆ, ਕਾਂ ਨੂੰ ਹੰਸ ਦਾ ਰੂਪ ਨਹੀਂ ਚੜ੍ਹ ਸਕਿਆ, ਲੋਕ ਰਾਜ ਦੀ ਮੁਨਿਆਦੀ ਕਰਵਾ ਕੇ ਹਾਕਮ ਲੋਕਾਂ ਦੇ ਨਹੀਂ ਬਣ ਸਕੇ, ਚੁਗਲ ਤੇ ਨਾਰਦ ਮੁਨੀ ਨਹੀਂ ਮੁੱਕੇ, ਸਭਿਅਕ ਯੁੱਗ ਵਿਚ ਆਦਰਸ਼ਾਂ ਦੀਆਂ ਟਾਹਰਾਂ ਮਾਰਨ ਵਾਲਾ ਮਨੁੱਖ ਬਲਾਤਕਾਰੀ ਵਧੇਰੇ ਹੋ ਗਿਆ ਹੈ, ਤਾਂ ਲਾਚਾਰੀ ਤੇ ਬੇਵਸੀ ਵਿਚੋਂ ਗੁਜ਼ਰਨਾ ਔਰਤ ਦੀ ਮਜਬੂਰੀ ਰਹੇਗਾ ਹੀ। ਵਿਗਿਆਨ ਦੀ ਤਰੱਕੀ ਦਾ ਗਰੀਬ ਨੂੰ ਲਾਭ ਘੱਟ ਤੇ ਨੁਕਸਾਨ ਵਧੇਰੇ ਹੋਇਆ ਹੈ। ਕਹਾਣੀ ‘ਇਕ ਰਾਜਾ ਹੁੰਦਾ ਸੀ ਤੇ ਇਕ ਰਾਣੀ’ ਨਾਲ ਸ਼ੁਰੂ ਕਰਨ ਦਾ ਵੇਲਾ ਹੁਣ ਲੰਘ ਗਿਆ ਹੈ। ਇਸੇ ਲਈ ਮੈਂ ਬਿਨਾਂ ਹੁੰਗਾਰੇ ਵਾਲੀ ਬਾਤ ਇਉਂ ਅਰੰਭ ਕਰਨ ਲੱਗਾ ਹਾਂ ਕਿ ‘ਇਕ ਗਰੀਬ ਹੁੰਦਾ ਸੀ ਤੇ ਇਕ ਗਰੀਬ ਦੀ ਧੀæææ।’
æææਭਾਨੋ ਨੇ ਉਹਨੂੰ ਬਾਹੋਂ ਫੜ ਕੇ ਕਿਹਾ, “ਸਿਰ ਦਿਆ ਸਾਈਂਆਂ, ਮਾਇਆ ਦੇ ਯੁੱਗ ਵਿਚ ਗਰੀਬ ਦੇ ਨਾਂਵਾਂ ਨੂੰ ਫਰਕ ਨਹੀਂ ਪੈਣਾ ਹੁੰਦਾ, ਮਾਂ-ਬਾਪ ਨੇ ਚੌਕੀਦਾਰ ਕੋਲ ਤੇਰਾ ਨਾਂ ਤਾਂ ਪਰਸ ਰਾਮ ਲਿਖਾਇਆ ਸੀ ਪਰ ਤੂੰ ਸਾਰੀ ਉਮਰ ਪਰਸਾ ਹੀ ਰਹੇਂਗਾ।”
“ਰੱਬ ਨੇ ਯਾਰੀਆਂ ਕਦੇ ਕਮਜ਼ੋਰ ਨਾਲ ਪਾਈਆਂ ਹੀ ਨਹੀਂ, ਪਰ ਕੀਤਾ ਵੀ ਤਾਂ ਕੁਝ ਨਹੀਂ ਜਾ ਸਕਦਾ!”
“ਕੀਤਾ ਜਾ ਸਕਦਾ ਸੀ, ਪਰ ‘ਡੂਮਣੀ ਵਕਤੋਂ ਖੁੰਝ ਗਈ’।”
“ਭਾਨੋ ਤੇਰੀ ਗੱਲ ਮੇਰੇ ਖਾਨੇ ਨਹੀਂ ਪੈ ਰਹੀ।”
“ਪਵੇਗੀ ਵੀ ਨਹੀਂ ਪਰਸਿਆ, ਖਾਨਾ ਬਚਿਆ ਹੀ ਕਿਥੇ ਹੈ? ਤੇਰੇ ਤਰਲੇ-ਮਿੰਨਤਾਂ ਕੀਤੀਆਂ, ਹੱਥ ਜੋੜੇæææਰੱਬ ਦਿਆ ਬੰਦਿਆ! ਕਰਦੇ ਰਾਣੋ ਦੇ ਹੱਥ ਪੀਲੇæææਮੇਰੀ ਇਕ ਨਾ ਮੰਨੀæææਅਖੇ, ਮੈਂ ਜੱਜ ਬਣਾਉਣੀ ਆæææਬਣਾ ਲੈ ਹੁਣ! ਕਚਹਿਰੀਆਂ ਵਿਚ ਤਾਂ ਕੀ, ਘਰੋਂ ਬਾਹਰ ਮੂੰਹ ਕੱਢਣ ਜੋਗੀ ਵੀ ਨਾ ਰਹੀ।”
“ਭਾਨੋ ਤੂੰ ਤਾਂ ਮੈਨੂੰ ਹੋਰ ਦੁਖੀ ਨਾ ਕਰ। ਮੇਰੇ ਨਾਲ ਖੜ੍ਹੀ ਹੋ। ਲੰਗੜੇ ਦੀਆਂ ਵੈਸਾਖੀਆਂ ਨਹੀਂ ਖੋਹੀਦੀਆਂ।”
“ਮੈਂ ਕਿਤੇ ਲਾਲ ਕਿਲ੍ਹੇ ‘ਤੇ ਚੜ੍ਹਨ ਲੱਗੀ ਆਂæææਤੇਰੇ ਨਾਲ ਹੀ ਮਰੂੰ। ਨਾਲੇ ਅੱਜ ਉਹ ਭੇਤ ਖੋਲ੍ਹਾਂ?”
“ਕਿਹੜਾ?”
“ਜਿੱਦਣ ਮੈਂ ਵਿਆਹੀ ਆਈ ਸੀ, ਗਲੀ ਮੁਹੱਲਾ ਨ੍ਹੀਂæææਸਾਰਾ ਪਿੰਡ ਗੱਲਾਂ ਕਰਦਾ ਸੀ ਕਿ ਅੱਖਾਂ ਤੋਂ ਬਿੱਲੀ ਪਰੀਆਂ ਵਰਗੀ ਭਾਨੋ ਚਾਹ ਵੇਚਣ ਵਾਲੇ ਬੱਤ ਤੋਂ ਲੰਘੇ ਨਾਲ ਕਿਉਂ ਵਿਆਹ ‘ਤੀ। ਥੂ-ਥੂ ਕਰਦੇ ਸਮਾਜ ‘ਤੇ ਥੁੱਕ ਕੇ ਬਾਪ ਨੇ ਆਪਣੀ ਪੱਗ ਬਚਾ ਲਈ ਸੀæææ।”
“ਉਦੋਂ ਭਾਨੋ ਜ਼ਮਾਨਾ ਹੋਰ ਸੀ।”
“ਰੱਬ ਦਿਆ ਬੰਦਿਆ, ਇਹ ਤੈਨੂੰ ਭਰਮ ਸੀ। ਗਰੀਬਾਂ ਦੇ ਜ਼ਮਾਨੇ ਨਾ ਬਦਲੇ ਆ, ਨਾ ਬਦਲਣੇ ਆਂæææਪੜ੍ਹਾ ਕੇ ਰਾਣੋ ਨੂੰ ਚੜ੍ਹਦਾ ਵੇਖ ਲਿਆ ਦਾਗੀ ਚੰਦ?”
“ਸਿਵਿਆਂ ਵਿਚ ਖੜ੍ਹ ਕੇ ਸੰਖ ਨ੍ਹੀਂ ਵਜਾਈਦੇ ਭਾਨੋ। ਹੁਣ ਵੇਲੇ ਦਾ ਰਾਗ ਗਾ। ਪਰਸੋਂ ਨੂੰ ਤਰੀਕ ਹੈ, ਤੇਰੇ ਸੋਨੇ ਦੇ ਬਚਦੇ ਦੋ ਤਵੀਤ ਪਿਛਲੀ ਤਾਰੀਕ ‘ਤੇ ਵੇਚ ਲਏ ਸੀ, ਕੰਮ ਬੰਦ ਹੋਏ ਨੂੰ ਸਾਲ ਹੋ ਚੱਲਿਆæææਨਾਲੇ ਸੁਣ, ਵਕੀਲ ਆਂਹਦਾ ਸੀ ਹੁਣ ਸਰਕਾਰ ਇਨ੍ਹਾਂ ਕੇਸਾਂ ਵਿਚ ਚਾਰ ਲੱਖ ਦਊ।”
“æææਗਿਣ ਲਈਂ ਚਾਨਣੀ ਵਿਚ ਬਹਿ ਕੇ ਚਾਰ ਲੱਖ਼ææਛਾਹ ਵੇਲਾ ਮਿਲਿਆ ਨ੍ਹੀਂ, ਰਾਤ ਦੀ ਰੋਟੀ ਦਾ ਫਿਕਰ ਕਰੀ ਜਾਂਦਾ। ਇੰਨਾ ਰੱਬ ਮੰਨ, ਪਈ ਜਖ਼ਮ ਭਰ ਗਏ ਰਾਣੋ ਦੇ। ਹੁਣ ਕੀਹਤੋਂ ਮੰਗਣੇ ਆਂæææਖਾਲੀ ਹੱਥੀਂ ਜਾ ਕੇ ਨ੍ਹੀਂ ਸਰਨਾ। ਪਹਿਲਾਂ ਮੁਣਸ਼ੀ ਕੰਜਰ ਛਿੱਲ ਲਾਹੂ, ਤੇ ਫਿਰ ਢਿੱਡਲ ਜਿਹਾ ਵਕੀਲ ਮੂੰਹ ਅੱਡੂ।”
“ਭਾਨੋ ਆਏਂ ਕਰਦੇ ਆਂæææਤੇਰੇ ਪਿੰਡ ਆਲਾ ਜ਼ੈਲਦਾਰ ਸੱਚਾ ਸਿੰਹੁ ਬਾਪੂ ਦੇ ਸੋਲ੍ਹੇ ‘ਤੇ ਟੱਕਰਿਆ ਸੀ, ਪਈ ਕੁੜੀ ਤੇਰੀ ਪੜ੍ਹਦੀ ਐæææਕੋਈ ਮਦਦ ਚਾਹੀਦੀ ਹੋਈ ਤਾਂ ਦੱਸੀਂ।”
“ਗਰੇਜ਼ਾਂ ਦੇ ਟੁੱਕੜ-ਬੋਚ, ਲੁੱਚਿਆਂ ਦਾ ਟੱਬਰ ਸਾਰਾ। ਕਿਤੇ ਡਿਗਰੀਆਂ ਲੈ ਕੇ ਬਣੇ ਆ ਜ਼ੈਲਦਾਰ, ਗੱਦਾਰ, ਟੌਟ। ਨਾਂ ਨਾ ਲੈ ਉਸ ਕੰਜਰ ਦਾ। ਮਰਦੀ ਮਰ ਜੂੰ, ਵਿਚੇ ਭਾਵੇਂ ਰਾਣੋ ਹੋਰ ਲੂਹ ਹੋ ਜਾਏ, ਉਹਦੇ ਅੱਗੇ ਨ੍ਹੀਂ ਹੱਥ ਅੱਡਦੀ।”
“ਭਾਨੋ ਕੀ ਗੱਲਾਂ ਕਰਦੀ ਆਂæææਬੀਬਾ ਬੰਦਾ ਸੁੱਚਾ ਸਿਹੁੰæææਨਾਲੇ ਜਦੋਂ ਅੱਗ ਲੱਗੀ ਹੋਵੇ ਤਾਂ ਜੁੱਤੀ ਲਗਦੀ ਨ੍ਹੀਂ ਦੇਖੀਦੀæææਚਾਰ ਦਮੜੇ ਲੈ ਵੀ ਲਏ ਤਾਂ ਕੀ ਹਰਜ ਐ।”
“ਕੰਨ ਵਿਚ ਉਂਗਲੀ ਫੇਰ ਕੇ ਸੁਣ ਪਰਸਿਆæææਉਹ ਬਦਮਾਸ਼ ਸੁੱਚਾ ਮੇਰੇ ਮਗਰ ਲੱਗਿਆ ਹੋਇਆ ਸੀ। ਉਸ ਤੋਂ ਡਰਦੇ ਮੇਰੇ ਬਾਪ ਨੇ ਮੈਨੂੰ ਸੋਲ੍ਹਵਾਂ ਨ੍ਹੀਂ ਪੂਰਾ ਹੋਣ ਦਿੱਤਾ ਜਦ ਵਿਆਹ ‘ਤੀ। ਤੂੰ ਸੋਚਦਾ ਹੋਣਾਂ, ਤੇਰੀ ਧੀ ਨਾਲ ਹੁਣ ਹੋਈ ਹੈ। ਭੋਲਿਆ ਪੰਛੀਆ! ਗਰੀਬ ਨਾਲ ਪਹਿਲਾਂ ਤੋਂ ਹੀ ਇੱਦਾਂ ਹੁੰਦੀ ਆਈ ਐ।”
“ਬੱਸ ਚੁੱਪ ਕਰ ਭਾਨੋ, ਹੁਣ ਨਾ ਬੋਲੀਂæææਦਿਲ ਫੇਲ੍ਹ ਹੋ ਜੂ, ਹੁਣ ਨ੍ਹੀਂ ਸੁਣ ਹੁੰਦਾ ਹੋਰ ਕੁਛæææਚੱਲ ਚੁੱਕ ਲਿਆ ਝੋਲਾæææਭਰਾ ਹੁੰਦਾ ਤਾਂ ਬਾਂਹ ਫੜਦਾ, ਉਹ ਵੀ ਪਿਛਲੇ ਸਾਲ ਤੁਰ ਗਿਆæææਉਹਦਾ ਸਾਲਾ ਆਇਆ ਦੁਬਈ ਤੋਂ, ਉਹਨੂੰ ਬਾਂਹ ਫੜਾ ਕੇ ਵੇਖਦੇ ਆਂ।”
æææਤੇ ਹਉਕਿਆਂ ਦੇ ਤੰਦ ਪਾਉਂਦੇ ਉਹ ਦੋਵੇਂ ਤਾਂ ਪਿੰਡ ਦੇ ਬੱਸ ਅੱਡੇ ਵੱਲ ਤੁਰ ਪਏ, ਪਰ ਕੌਲੇ ਨਾਲ ਲੱਗ ਕੇ ਸੁਣਦੀ ਰਾਣੋ ਨੇ ਅੰਦਰ ਜਾ ਕੇ ਧਾਹਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ- ਰੱਬ ਗਰੀਬਾਂ ਦੇ ਮਾਮਲੇ ਵਿਚ ਬੋਲਾ ਹੀ ਹੁੰਦਾ, ਕਿਹੜਾ ਕੁਝ ਸੁਣਨਾæææ।
ਦੁਪਹਿਰਾ ਵੀ ਢਲਣ ਉਤੇ ਆ ਗਿਆ ਸੀ, ਅੰਦਰ ਪਈ ਰਾਣੋ ਨੇ ਕੁਝ ਨਾ ਖਾਧਾ। ਰੋਂਦੀ ਦਾ ਤਾਲੂਆ ਸੁੱਕ ਗਿਆ। ਭੁੱਖ ਨਾਲ ਆਂਦਰਾਂ ਸੁੰਗੜ ਗਈਆਂ। ਜਦ ਨੂੰ ਬਾਹਰਲਾ ਬੂਹਾ ਖੜਕ ਪਿਆ।
ਬੂਹਾ ਖੋਲ੍ਹਦਿਆਂ ਹੀ ਪਿੱਠ ਕਰ ਕੇ ਰਾਣੋ ਨੇ ਪੁੱਛਿਆ, “ਤੁਸੀਂ ਕੌਣ ਹੋ, ਕਿੱਥੋਂ ਆਏ ਹੋ?”
“ਨੀ ਧੀਏ ਤੂੰ ਨ੍ਹੀਂ ਸਿਆਣਦੀ ਹੋਣੀ ਮੈਨੂੰ। ਮੈਂ ਸੱਬੇ ਹੋਰਾਂ ਦੀ ਵੱਡੀ ਭੈਣ ਆਂ ਜਿਹੜੇ ਪਿੰਡ ਛੱਡ ਕੇ ਸ਼ਹਿਰ ਚਲੇ ਗਏ ਨੇ। ਵਲੈਤੋਂ ਆਈ ਸੀ ਥੋੜ੍ਹੇ ਦਿਨਾਂ ਲਈ। ਤੇਰਾ ਪਤਾ ਲੱਗਾ ਕਿ ਲੰਬੜਦਾਰਾਂ ਦੇ ਹਲਕੇ ਕੁੱਤੇ ਕੁੱਕੀ ਨੇ ਪਿੰਡ ਦੀ ਧੀ-ਭੈਣ ਦਾ ਖਿਆਲ ਵੀ ਨਾ ਕੀਤਾ। ਸੁੱਖ ਨਾਲ ਸੱਬੇ ਹੋਰਾਂ ਦਾ ਬੜਾ ਪਿਆਰ ਐ ਪਰਸੇ ਨਾਲ਼ææਕਿੱਥੇ ਗਏ ਨੇ ਪਰਸਾ ਤੇ ਭਾਨੋ।”
“ਭੂਆ ਸ਼ਹਿਰ ਨੂੰ ਹੀ ਗਏ ਹੋਏ ਆæææਆ ਜਾਣਗੇ।”
“ਧੀਏ ਤੂੰ ਮੂੰਹ ਉਤੇ ਪੱਲਾ ਕਿਉਂ ਲਿਆ ਹੋਇਐæææਮੂੰਹ ਤਾਂ ਨੰਗਾ ਕਰæææਦੇਖਾਂ ਤਾਂ ਸਹੀ ਤੇਰਾ ਰੰਗ-ਰੂਪ। ਆਂਹਦੇ ਸੀ ਰਾਣੋ ਮਾਂ ਵਰਗੀ ਰੱਜ ਕੇ ਸੁਨੱਖੀ ਆæææਅੱਖਾਂ ਤੋਂ ਬਿੱਲੀ।”
“ਭੂਆ ਦਵਾਈ ਜਿਹੀ ਲਾਈ ਆæææਮੈਂ ਚਾਹ ਬਣਾਵਾਂ?”
“ਨਾ ਚਾਹ-ਚੂਹ ਛੱਡ, ਗੱਲ ਕੀ ਹੋਈ ਸੀ ਕੁੱਕੀ ਨਾਲ?”
“ਮਾੜੀਆਂ-ਮੋਟੀਆਂ ਹੁੰਦੀਆਂ ਹੀ ਰਹਿੰਨੀਆਂ ਮਾੜੇ ਨਾਲ।”
“ਲਿਆ ਤਾਂ ਦੇਖਾਂ ਮੂੰਹ।”
ਰਾਣੋ ਨੇ ਪਰ੍ਹਾਂ ਨੂੰ ਹੋ ਕੇ ਪੱਲਾ ਹੋਰ ਨੀਵਾਂ ਕਰ ਲਿਆ, ਜਿਵੇਂ ਦਰੋਪਦੀ ਦਾ ਕੋਈ ਚੀਰ-ਹਰਨ ਕਰਨ ਲੱਗਾ ਹੋਵੇ।
“ਭੂਆ ਜ਼ਰੂਰ ਸੁਣਨਾ?æææਤੈਨੂੰ ਪਤਾ, ਦਰਦ ਸਹਿਣ ਨਾਲੋਂ ਦੱਸਣਾ ਔਖਾ ਹੁੰਦਾ?”
“ਤੂੰ ਖੋਲ੍ਹ ਕੇ ਦੱਸ, ਮੈਂ ਲੀਰਾਂ ਲਾਵਾਂ ਇਨ੍ਹਾਂ ਲੜੇ-ਲੰਬੜਦਾਰਾਂ ਦੀਆਂ। ਜੇ ਕੁੱਕੀ ਸੀਖਾਂ ਤੋਂ ਬਾਹਰ ਵੀ ਆ ਗਿਆ ਤਾਂ ਆਖੀਂ।”
“ਭੂਆ ਤੈਨੂੰ ਪਤਾ ਈ ਹੋਣਾਂ, ਮੈਂ ‘ਕੱਲੀ-ਕਹਿਰੀ ਧੀ ਸੀ। ਬਾਪੂ ਸ਼ਹਿਰ ਬੱਸ ਅੱਡੇ ਦੇ ਸਾਹਮਣੇ ਖੋਖੇ ਉਤੇ ਚਾਹ ਵੇਚਦਾ ਸੀ। ਮੈਂ ਚਾਹੁੰਦੀ ਸੀ ਕਿ ਮੈਂ ਇੰਨਾ ਪੜ੍ਹ ਲਿਖ ਜਾਵਾਂ ਕਿ ਬਾਪੂ ਨੂੰ ਨੌਕਰ-ਚਾਕਰ ਚਾਹ ਬਣਾ-ਬਣਾ ਕੇ ਪਿਆਇਆ ਕਰਨ।”
“ਫਿਰ?”
“ਮੈਂ ਬੀæਏæ ਕਰ ਲਈ, ਤੇ ਕਾਨੂੰਨ ਦੀ ਪੜ੍ਹਾਈ ਲਈ ਹੋਰ ਵੱਡੇ ਸ਼ਹਿਰ ਵਿਚ ਜਾਣ ਲੱਗ ਪਈ। ਮੈਂ ਕਦੀ ਬਾਪੂ ਨੂੰ ਤੰਗ ਨਾ ਕੀਤਾ, ਪਰ ਮੈਨੂੰ ਨਹੀਂ ਪਤਾ ਸੀ ਕਿ ਅੱਜ ਦੇ ਜ਼ਮਾਨੇ ਵਿਚ ਕੁੜੀ ਲਈ ਸੋਹਣਾ ਹੋਣਾ ਕਿੱਡਾ ਵੱਡਾ ਸਰਾਪ ਹੁੰਦਾ।”
“ਇਹ ਕੁੱਕੀ ਨਾਲ ਕੀ ਗੱਲ ਹੋਈ ਸੀ?”
“ਭੂਆ ਹੁਣ ਜਾਂ ਤਾਂ ਦਮਯੰਤੀ ਦੀ ਸਾਰੀ ਕਹਾਣੀ ਧਿਆਨ ਨਾਲ ਸੁਣ, ਜਾਂ ਰਹਿਣ ਦੇ ਮੇਰਾ ਦੁੱਖ਼æææ।”
“ਚੱਲ ਦੱਸ ਧੀਏ।”
“ਮਾੜਾ ਮੋਟਾ ਤਾਂ ਇਹ ਜ਼ਮਾਨਾ ਅੱਖਾਂ ਪਾੜ-ਪਾੜ ਗਰੀਬ ਦੀਆਂ ਧੀਆਂ ਵੱਲ ਵੇਖਦਾ ਹੀ ਰਹਿੰਦਾ; ਕਾਲਜ ਵਿਚ, ਬੱਸਾਂ-ਗੱਡੀਆਂ ਵਿਚ ਮੁੰਡੀਰ ਊਲ-ਜਲੂਲ ਬੋਲਦੀ ਪਰ ਮੈਂ ਅਣਸੁਣੀ ਕਰ ਦਿੰਦੀ। ਬਾਪ ਦੀ ਮਿਹਨਤ ਦਾ ਮੁੱਲ ਮੁੜਨ ਦੀ ਆਸ ਵਿਚ ਅੱਗੇ ਵਧਦੀ ਰਹੀ। ਕੋਈ ਮੈਨੂੰ ਸਾਹਿਬਾਂ ਕਹਿੰਦਾ, ਕੋਈ ਹੀਰ ਤੇ ਕੋਈ ਸ਼ੀਰੀਂ। ਦੋ ਕੁ ਸਾਲ ਪਹਿਲਾਂ ਇਸੇ ਕੁੱਕੀ ਨੇ ਨੱਥੂ ਲੁਹਾਰ ਦੀ ਧੀ ਨੂੰ ਹੱਥ ਪਾ ਲਿਆ। ਪੰਚਾਇਤ ਬੱਸ ਅੱਡੇ ਕੋਲ ਪਿੱਪਲ ਹੇਠਾਂ ਜੁੜੀ ਹੋਈ ਸੀ। ਮੈਂ ਬੱਸ ਵਿਚੋਂ ਉਤਰ ਕੇ ਦੋ ਪਲ ਉਥੇ ਰੁਕ ਕੇ ਸਾਰੀ ਗੱਲਬਾਤ ਸੁਣਨ ਲੱਗ ਪਈ। ਸਰਪੰਚ ਹਰੀ ਸਿੰਘ, ਲੰਬੜਦਾਰ ਹਰੀ ਸਿੰਘ ਦਾ ਪੱਖ ਲੈ ਰਿਹਾ ਸੀ, ਪਈ ਚਲੋ ਮਾਰੋ ਸਾਲੇ ਕੁੱਕੀ ਦੇ ਦੋ ਜੁੱਤੀਆਂæææ’ਗਾਹਾਂ ਨੂੰ ਨਾ ਕਰੇ ਕੁਛ। ਲੰਬੜਦਾਰ ਜਦੋਂ ਬੋਲਿਆ ਤਾਂ ਮੈਨੂੰ ਗੁੱਸਾ ਚੜ੍ਹ ਗਿਆ।”
“ਉਹ ਕੀ ਆਂਹਦਾ ਸੀ ਲੁੱਚਾ।”
“ਆਖਣ ਲੱਗਾæææਸਰਪੰਚ ਸਾਹਿਬ, ਵੱਡੇ ਘਰਾਂ ਦਾ ਮੁੰਡਾ ਸੱਥ ਵਿਚ ਦੋਸ਼ੀ ਬਣ ਕੇ ਬੈਠਾ ਹੋਵੇ, ਇੰਨਾ ਥੋੜ੍ਹਾ! ਜੁੱਤੀਆਂ ਦੀ ਕੀ ਕਸਰ ਰਹਿ ਗਈ?æææਮੈਥੋਂ ਰਿਹਾ ਨਾ ਗਿਆ, ਮੈਂ ਬੋਲ ਪਈ- ‘ਇਹਨੂੰ ਕਰੋ ਥਾਣੇ ਬੰਦ, ਫਿਰ ਪਤਾ ਲੱਗੂ ਮਾੜੇ ਦੀ ਧੀ ਨੂੰ ਹੱਥ ਕਿਵੇਂ ਪਾਈਦਾ।’æææਬੱਸ ਇਸ ਗੱਲ ਤੋਂ ਹੀ ਮੇਰਾ ਦੁਸ਼ਮਣ ਬਣ ਗਿਆ ਕੁੱਕੀ।”
“ਤੈਂ ਕਾਹਨੂੰ ਧੀਏ ਖੱਖਰ ਵਿਚ ਹੱਥ ਪਾਉਣਾ ਸੀ?”
“ਮੈਨੂੰ ਨਹੀਂ ਸੀ ਪਤਾ ਕਿ ਮੁਗਲਾਂ ਦਾ ਰਾਜ ਹਾਲੇ ਮੁੱਕਿਆ ਨਹੀਂ। ਗੱਲ ਦਾ ਤਾਂ ਉਥੇ ਨਿਬੇੜਾ ਹੋ ਗਿਆ, ਪਰ ਭੂਤਰਿਆ ਸਾਨ੍ਹ ਮੇਰੇ ਰਾਹਾਂ ਵਿਚ ਘੁੰਮਣ ਲੱਗ ਪਿਆ।”
“ਕੀ ਕਹਿੰਦਾ ਸੀ?”
“ਬੱਸ ਜਦੋਂ ਮੈਂ ਪੰਦਰਾਂ-ਵੀਹਾਂ ਦਿਨਾਂ ਬਾਅਦ ਪਿੰਡ ਆਉਣਾ, ਇਸ ਕੁੱਤੇ ਨੇ ਮੇਰਾ ਪਿੱਛਾ ਕਰਨਾ। ਜੋ ਮੂੰਹ ਆਉਣਾ, ਉਹ ਬੋਲਣਾ। ਮੈਂ ਆਪਣੇ ਮਾਂ-ਬਾਪ ਨੂੰ ਕਦੇ ਵੀ ਨਹੀਂ ਦੱਸਿਆ ਸੀ ਕੁਝ।”
“ਅੱਛਾ।”
“ਭੂਆ, ਇਕ ਦਿਨ ਮੈਂ ਪਿੰਡੋਂ ਬੱਸ ਚੜ੍ਹੀ, ਤਾਂ ਭੀੜ ਬਹੁਤ ਸੀ। ਇਹਨੇ ਕਾਗਜ਼ ਉਤੇ ਕੁਝ ਲਿਖ ਕੇ ਮੇਰੀ ਗੁੱਤ ਨਾਲ ਟੰਗ’ਤਾ। ਮੈਂ ਤਾਂ ਸਬਰ ਦਾ ਘੁੱਟ ਭਰ ਲਿਆ, ਪਰ ਉਸੇ ਬੱਸ ਵਿਚ ਸਾਡੇ ਗੁਆਂਢੀਆਂ ਦਾ ਮੁੰਡਾ ਸੀ ਕੈਲੇ ਦਾ ਦੀਪਾ। ਉਹ ਕਿਤੇ ਸ਼ਹਿਰ ਬਾਪੂ ਦੀ ਦੁਕਾਨ ਉਤੇ ਚਾਹ ਦਾ ਘੁੱਟ ਪੀਂਦਿਆਂ ਬਾਪੂ ਨੂੰ ਦੱਸ ਬੈਠਾ ਕਿ ਅੱਜ ਲੰਬੜਦਾਰਾਂ ਦੇ ਕੁੱਕੀ ਨੇ ਆਹ ਹਰਕਤ ਕੀਤੀ ਸੀ।”
“ਪਰਸਾ ਗੁੱਸੇ ਤਾਂ ਨ੍ਹੀਂ ਹੋਇਆ?”
“ਬਾਪ ਗਰੀਬ ਵੀ ਹੋਵੇ, ਧੀ ਤਾਂ ਧੀ ਹੁੰਦੀ ਐæææਉਹ ਮਾੜੀ ਕਿਸਮਤ ਨੂੰ ਸ਼ਾਮੀਂ ਲੰਬੜਾਂ ਦੇ ਘਰੇ ਉਲਾਂਭਾ ਦੇਣ ਚਲੇ ਗਿਆ। ਸਾਹਮਣੇ ਮੰਜੇ ‘ਤੇ ਹੋਰ ਲੁੱਚਿਆਂ ਨਾਲ ਬੈਠਾ ਹਰੀ ਸਿੰਘ ਦਾਰੂ ਪੀਵੇ।æææਅਖੇ, ਕਿਵੇਂ ਆਇਆਂ ਪਰਸਿਆ ਅੱਜ? ਲਾਉਣੀ ਘੁੱਟ?æææਬਾਪੂ ਸਰੀਫ਼ææਆਂਹਦਾ, ਮੈਂ ਤਾਂ ਪੀਂਦਾ ਨਹੀਂ, ਪਰ ਇਕ ਫਰਿਆਦ ਲੈ ਕੇ ਆਇਆਂ। ਉਹ ਹਿੜ-ਹਿੜ ਕਰਦਾ ਪੁੱਛਣ ਲੱਗਾæææਦੱਸ?æææਉਹਨੇ ਦੱਸਿਆ, ਥੋਡਾ ਕੁੱਕੀ ਮੇਰੀ ਧੀ ਰਾਣੋ ਨੂੰ ਤੰਗ-ਪ੍ਰੇਸ਼ਾਨ ਕਰਦਾ।”
“ਕੀ ਬੋਲਿਆ ਫਿਰ ਹਰੀ ਸਿੰਘ?”
“ਬੋਲਿਆ ਕਾਹਨੂੰ, ਭੌਂਕਿਆ। ਆਖਣ ਲੱਗਾ- ਜੁਆਨੀ ਆ, ਮੁੰਡੇ-ਖੁੰਡੇ ਆ, ਚਿਤ ਡੋਲ ਹੀ ਜਾਂਦਾ ਸੋਹਣੀਆਂ ਚੀਜ਼ਾਂ ਦੇਖ ਕੇ। ਨਾਲੇ ਵਿਆਹ ਦੇ ਉਹਨੂੰ, ਬੜਾ ਚੀਕਦੀ ਸੀ ਉਦਣ ਪੰਚਾਇਤ ਵਿਚ, ਥਾਣੇ ਦੇ ਡਰਾਵੇ ਦਿੰਦੀ ਸੀæææਸਾਨੂੰ ਤਾਂ ਤੇਰੀ ਭਾਨੋ ਵੀ ਬੜੀ ਜਚਦੀ ਆ।æææਤੇ ਉਧਰੋਂ ਕੁੱਕੀ ਨਸ਼ੇ ਵਿਚ ਆ ਗਿਆ ਬਾਹਰੋਂæææਭੁਆ, ਬਹੁਤ ਜ਼ਲੀਲ ਕਰ ਕੇ ਘਰੋਂ ਕੱਢਿਆ ਮੇਰੇ ਬਾਪ ਨੂੰ।”
“ਕਾਹਨੂੰ ਜਾਣਾ ਸੀ ਹੱਡਾ-ਰੋੜੀ ਦੇ ਕੁੱਤਿਆਂ ਕੋਲ?”
“ਮੈਂ ਬਥੇਰਾ ਖਿਝੀ ਬਾਪੂ ਨੂੰ, ਕਿ ਤੈਨੂੰ ਧੀ ਦੀ ਰਾਖੀ ਕਰਨ ਗਏ ਥਾਣੇਦਾਰ ਦੀ ਛਲਣੀ ਹੋਈ ਛਾਤੀ ਨਹੀਂ ਚੇਤੇ। ਗਰੀਬ ਲਈ ਤਾਂ ਹਰ ਯੁੱਗ ਵਿਚ ਇਕ ਪਲੜੇ ਵਾਲੀ ਹੀ ਇਨਸਾਫ ਦੀ ਤੱਕੜੀ ਹੁੰਦੀ ਐ। ਸਾਲ-ਛੇ ਮਹੀਨੇ ਇੰਤਜ਼ਾਰ ਕਰ ਲੈਂਦਾ, ਮੈਂ ਜੱਜ ਲੱਗ ਹੀ ਜਾਣਾ ਸੀ। ਫਿਰ ਦੱਸਦੀ, ਕਿ ਗਰੀਬ ਦੀ ਜ਼ੋਰੂ ਸਾਰਿਆਂ ਦੀ ਭਾਬੀ ਨਹੀਂ ਹੁੰਦੀ।”
“ਫਿਰ?”
“ਬੱਸ ਵਿਚ ਇਹ ਮੇਰੇ ਪਿੱਛੇ ਚੜ੍ਹ ਗਿਆ। ਪਿੰਡੋਂ ਹੀ ਧੁਰ ਤੱਕ ਮੇਰੇ ਨਾਲ ਗਿਆ। ਜਦੋਂ ਯੂਨੀਵਰਸਿਟੀ ਦੇ ਗੇਟ ਅੱਗੇ ਮੈਂ ਉਤਰਨ ਲੱਗੀ, ਤਾਂ ਮੇਰੀ ਛਾਤੀ ਉਤੇ ਹੱਥ ਮਾਰ ਕੇ ਕਹਿੰਦਾ- ਕਿੰਨਾ ਕੁ ਚਿਰ ਮਿਰਗਣੀ ਦਾ ਸ਼ਿਕਾਰ ਕਰਨ ਨੂੰ ਹੋਰ ਲੱਗ ਜੂ?”
“ਮਾਰਦੀ ਸਿਰ ਵਿਚ ਚੁੱਕ ਕੇ ਕੁਝæææਪਿੰਡ ਦੀਆਂ ਧੀਆਂ ਭੈਣਾਂ ਲਗਦੀਆਂ ਹੁੰਦੀਆਂ।”
“ਭੂਆ ਮੈਨੂੰ ਚੜ੍ਹ ਗਿਆ ਗੁੱਸਾ, ਮੈਂ ਮਾਰੀਆਂ ਕਿਤਾਬਾਂ ਵਗਾਹ ਕੇ। ਚੁਪੇੜਾਂ ਨਾਲ ਮੂੰਹ ਭੰਨ’ਤਾ, ਤੇ ਉਤੋਂ ਆ ਗਏ ਮੇਰੇ ਕੁਝ ਜਮਾਤੀ। ਉਨ੍ਹਾਂ ਕੀਤੀ ਫਿਰ ਛਿੱਤਰ ਪਰੇਡ ਪੂਰੀ।”
“ਚੰਗਾ ਕੀਤਾ।”
“ਕਾਹਨੂੰ ਭੂਆ! ਜਦੋਂ ਮੈਂ ਦਸ ਕੁ ਦਿਨਾਂ ਪਿੱਛੋਂ ਆਈ, ਸ਼ਹਿਰ ਬੱਸ ਉਤਰੀæææਕੰਜਰ ਪਹਿਲਾਂ ਹੀ ਕਿਸੇ ਹੋਰ ਮੁੰਡੇ ਨਾਲ ਇੰਤਜ਼ਾਰ ਕਰ ਰਿਹਾ ਸੀæææ।”
ਭੁੱਬਾਂ ਮਾਰਦੀ ਰਾਣੋ ਅੰਦਰੋਂ ਅੰਗੀਠੀ ਤੋਂ ਆਪਣੀ ਕਾਲਜ ਦੀ ਫੋਟੋ ਭੂਆ ਹੱਥ ਫੜਾ ਕੇ ਆਖਣ ਲੱਗੀ- “ਆਹ ਸੀ ਉਹ ਰਾਣੋ ਸੁਨੱਖੀ ਜੋ ਜੱਜ ਬਣਨਾ ਚਾਹੁੰਦੀ ਸੀæææਤੇ ਜਦੋਂ ਮੇਰੇ ਮੂੰਹ ‘ਤੇ ਤੇਜ਼ਾਬ ਸੁੱਟ ਕੇ ਦੌੜਿਆ ਤਾਂ ਆਹ ਵੇਖ ਮੇਰਾ ਚਿਹਰਾ ਜਿਹੜਾ ਵੇਖਣ ਲਈ ਤੂੰ ਕਾਹਲੀ ਸੀ।”
æææਤੇ ਜਿਉਂ ਹੀ ਭੂਆ ਨੇ ਤਸਵੀਰ ਵੇਖ ਕੇ ਰਾਣੋ ਦੇ ਅਸਲੀ ਚਿਹਰੇ ਉਤੇ ਨਿਗ੍ਹਾ ਮਾਰੀ, ਉਹ ਬੇਹੋਸ਼ ਹੋ ਕੇ ਹੇਠਾਂ ਜਾ ਪਈ ਸੀ।