ਪ੍ਰਿੰæ ਸਰਵਣ ਸਿੰਘ
ਵਰਲਡ ਕਬੱਡੀ ਲੀਗ ਨੇ ਮਿੱਟੀ ਦੀ ਖੇਡ ਕਬੱਡੀ ਨੂੰ ਮੈਟ ਦੀ ਖੇਡ ਬਣਾ ਕੇ ਟੀæਵੀæ ਦਾ ਸ਼ਿੰਗਾਰ ਬਣਾ ਦਿੱਤਾ ਹੈ। ਲੀਗ ਕਮਿਸ਼ਨਰ ਪਰਗਟ ਸਿੰਘ ਦੇ ਦੱਸਣ ਅਨੁਸਾਰ ਇਸ ਦੇ ਨਜ਼ਾਰੇ ਚਾਰ ਕਰੋੜ ਲੋਕਾਂ ਨੇ ਭਾਰਤ ਵਿਚ ਤੇ ਦੋ ਕਰੋੜ ਲੋਕਾਂ ਨੇ ਵਿਦੇਸ਼ਾਂ ਵਿਚ ਵੇਖੇ। ਕੌਡੀਆਂ ਦੀ ਕਬੱਡੀ ਹੁਣ ਕਰੋੜਾਂ ਦੀ ਹੋ ਗਈ ਹੈ। ਵਾਹਣਾਂ ਦੀ ਖੇਡ ਵਿਸ਼ਵ ਦੇ ਬਹੁਮੰਤਵੀ ਇਨਡੋਰ ਭਵਨਾਂ ਦੀ ਖੇਡ ਬਣ ਗਈ ਹੈ।
ਮੈਟ ਉਤੇ ਕਬੱਡੀ ਪਹਿਲੀ ਵਾਰ 1995 ਵਿਚ ਕੈਨੇਡਾ ਦੇ ਕੌਪਿਸ ਕੋਲੀਜ਼ੀਅਮ ਇਨਡੋਰ ਸਟੇਡੀਅਮ ਵਿਚ ਖੇਡੀ ਗਈ ਸੀ। ਮੈਂ ਉਸ ਮੈਟ ‘ਤੇ ਤੁਰ ਕੇ ਵੇਖਿਆ ਤਾਂ ਗਲੀਚੇ ਉਤੇ ਤੁਰਨ ਵਰਗਾ ਅਹਿਸਾਸ ਹੋਇਆ ਸੀ। ਉਥੇ ਮੈਂ ਮੈਚਾਂ ਦੀ ਕੁਮੈਂਟਰੀ ਕਰਨ ਗਿਆ ਸਾਂ। ਪਹਿਲੀ ਵਾਰ ਮੈਟ ਉਤੇ ਖੇਡਦਿਆਂ ਭਾਰਤੀ ਖਿਡਾਰੀਆਂ ਨਾਲੋਂ ਪਾਕਿਸਤਾਨੀ ਖਿਡਾਰੀ ਵਧੇਰੇ ਕੰਡਮ ਹੋਏ ਸਨ।
2009 ਵਿਚ ਕਬੱਡੀ ਟੋਰਾਂਟੋ ਦੇ ਸਕਾਈਡੋਮ ਵਿਚ ਪਹੁੰਚੀ ਜਿਸ ਦਾ ਇਕ ਦਿਨ ਦਾ ਕਿਰਾਇਆ ਇਕ ਕਰੋੜ ਰੁਪਏ ਸੀ। ਸਕਾਈਡੋਮ ਦੀ ਛੱਤ ਮੌਸਮ ਮੁਤਾਬਿਕ ਖੋਲ੍ਹੀ ਤੇ ਬੰਦ ਕਰ ਦਿੱਤੀ ਜਾਂਦੀ ਹੈ। ਉਥੇ ਕਬੱਡੀ ਮਸਨੂਈ ਘਾਹ ਉਤੇ ਖੇਡੀ ਗਈ। 9 ਅਗਸਤ 2014 ਨੂੰ ਵੇਵ ਵਰਲਡ ਕਬੱਡੀ ਲੀਗ ਦਾ ਆਗਾਜ਼ ਲੰਡਨ ਦੇ ਆਲੀਸ਼ਾਨ ਓ ਟੂ ਇਰੀਨਾ ਵਿਚ ਹੋਇਆ ਜੀਹਦੀ ਇਕ ਦਿਨ ਦੀ ਟਿਕਟ 40, 80, 110, 125 ਯੂਰੋ ਸੀ ਪਰ ਟਿਕਟਾਂ ਨਾਂਮਾਤਰ ਹੀ ਵਿਕੀਆਂ। ਅਕਸ਼ੈ ਕੁਮਾਰ, ਸੋਨਾਕਸ਼ੀ ਤੇ ਹੋਰ ਕਲਾਕਾਰ ਵੀ ਦਰਸ਼ਕਾਂ ਨੂੰ ਨਾ ਖਿੱਚ ਸਕੇ। ਲੰਡਨ ਤੋਂ ਬਰਮਿੰਘਮ ਦੇ ਐਲ ਜੀ ਇਰੀਨਾ ਵਿਚ ਹੁੰਦੀ ਹੋਈ ਇਹ ਲੀਗ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਚ ਪਹੁੰਚੀ। ਸਕੂਲੀ ਵਿਦਿਆਰਥੀ ਲਿਆ ਕੇ ਦਰਸ਼ਕ ਵਧਾਏ ਗਏ। ਫਿਰ ਇਸ ਦੇ ਮੈਚ ਲੁਧਿਆਣੇ, ਬਠਿੰਡੇ, ਜਲੰਧਰ, ਅੰਮ੍ਰਿਤਸਰ, ਭੂਪਾਲ ਤੇ ਮੋਹਾਲੀ ਦੇ ਲਾਈਟਾਂ ਵਾਲੇ ਹਾਕੀ ਸਟੇਡੀਅਮਾਂ ਵਿਚ ਹੁੰਦੇ ਗਏ। ਪਰ ਉਹ ਸਟੇਡੀਅਮ ਕਦੇ ਵੀ ਭਰ ਨਾ ਸਕੇ। ਲੀਗ ਦੌਰਾਨ ਕਈ ਤਲਖਖ ਤਜਰਬੇ ਹੋਏ, ਕਈ ਪ੍ਰੋਗਰਾਮ ਬਦਲੇ, ਕਈ ਸਮੱਸਿਆਵਾਂ ਆਈਆਂ, ਕਈ ਵਾਰ ਤਿਲ੍ਹਕਣਬਾਜ਼ੀ ਹੋਈ ਪਰ ਆਖਰ ਇਹ ਸਿਰੇ ਲੱਗ ਗਈ।
ਮੈਂ ਇਹ ਲੀਗ ਅਰੰਭ ਤੋਂ ਅੰਤ ਤਕ ਦੇਖੀ ਤੇ ਦੇਖੀ ਵੀ ਦੂਰਬੀਨ ‘ਚੋਂ। ਦੂਰਬੀਨ ਯਾਨਿ ਟੀæਵੀæ ਤੋਂ ਸਾਰਾ ਕੁਝ ਤਾਂ ਨਹੀਂ ਦਿਸਦਾ ਪਰ ਜੋ ਦਿਸਦਾ ਉਹ ਚੰਗੀ ਤਰ੍ਹਾਂ ਦਿਸਦੈ। ਦੇਖਣਯੋਗ ਦ੍ਰਿਸ਼ ਦੂਹਰੀ ਤੀਹਰੀ ਵਾਰ ਦਿਖਾ ਦਿੱਤੇ ਜਾਂਦੇ ਹਨ। ਸਟੇਡੀਅਮ ਵਿਚ ਬੈਠਿਆਂ ਨੂੰ ਦਿਸੇ ਨਾ ਦਿਸੇ ਪਰ ਟੀæਵੀæ ਤੋਂ ਵੇਖਣ ਵਾਲਿਆਂ ਨੂੰ ਬੜਾ ਨੇੜਿਓਂ ਦਿਸੀ ਜਾਂਦੈ। ਇਸ ਲੀਗ ਨੇ ਪਿੰਡਾਂ ਦੀ ਖੇਡ ਕਬੱਡੀ ਨੂੰ ਖੁੱਲ੍ਹੇ ਮੈਦਾਨਾਂ ਦੀ ਥਾਂ ਘਰਾਂ ‘ਚ ਟੀæਵੀæ ਦੀ ਪਟਰਾਣੀ ਬਣਾ ਦਿੱਤੈ। ਇਹੋ ਕਾਰਨ ਹੈ ਕਿ ਦਰਸ਼ਕ ਦਾਇਰੇ ਦੁਆਲੇ ਖੜ੍ਹ ਕੇ ਖੇਡ ਵੇਖਣ ਦੀ ਥਾਂ ਟੀæਵੀæ ਤੋਂ ਮੈਚ ਵੇਖਦੇ ਰਹੇ। ਮੈਦਾਨ ਵਿਚ ਕਬੱਡੀ ਦਰਸ਼ਕਾਂ ਦੀ ਘਾਟ ਪਹਿਲੀ ਵਾਰ ਰੜਕੀ। ਪਿੰਡਵਾਰ ਖੇਡੀ ਜਾਂਦੀ ਕਬੱਡੀ, ਜ਼ਿਲ੍ਹੇਵਾਰ, ਕਲੱਬਵਾਰ ਤੇ ਮੁਲਕਵਾਰ ਹੁੰਦੀ ਹੋਈ ਵਰਲਡ ਲੀਗ ਤਕ ਪੁੱਜ ਗਈ। ਟੀæਵੀæ ‘ਤੇ ਇਸ ਨੇ ਕਰੋੜਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਪਹਿਲੀ ਲੀਗ ਹੋਣ ਕਾਰਨ ਇਹ ਤਜਰਬਿਆਂ ‘ਚੋਂ ਲੰਘੀ। ਫਾਈਨਲ ਮੈਚ ਮੈਟ ‘ਤੇ ਪਈ ਤ੍ਰੇਲ ‘ਚ ਤਿਲ੍ਹਕਦਾ ਰਿਹਾ। ਖਿਡਾਰੀ ਡਿੱਗਦੇ ਢਹਿੰਦੇ ਰਹੇ। ਸਿਖਰਲੇ ਮੈਚ ਵਿਚ ਕਬੱਡੀਆਂ ਨਿਸਬਤਨ ਘੱਟ ਪਈਆਂ। ਮੈਚ ਹੇਠਾਂ ਉਤੇ ਹੁੰਦਾ ਰਿਹਾ। ਖਾਲਸਾ ਵਾਰੀਅਰਜ਼ ਬਨਾਮ ਯੂਨਾਈਟਿਡ ਸਿੰਘਜ਼ ਦੇ ਅੰਕ, 7-1, 18-11, 29-27, 36-36, 52-48, 53-53, 55-58 ਹੋਏ ਜਿਨ੍ਹਾਂ ਨਾਲ ਪਹਿਲਾਂ ਹਾਰ ਰਹੀ ਟੀਮ ਯੂਨਾਈਟਿਡ ਸਿੰਘਜ਼ ਅਖੀਰ ਵਿਚ ਜਿੱਤ ਗਈ। ਤਿਲ੍ਹਕਣ ਦਾ ਜਾਫੀਆਂ ਨੂੰ ਵਧੇਰੇ ਫਾਇਦਾ ਹੋਇਆ। ਮੈਚ ਦੀਆਂ 113 ਰੇਡਾਂ ਵਿਚ 33 ਜੱਫੇ ਲੱਗੇ। ਮਨਜੋਤ ਗਿੱਲ ਲੀਗ ਦਾ ਸਰਵੋਤਮ ਧਾਵੀ ਤੇ ਸੰਦੀਪ ਸੰਧੂ ਬੈਸਟ ਜਾਫੀ ਸਿੱਧ ਹੋਇਆ। ਮਨਜੋਤ ਦੀਆਂ 90æ53% ਰੇਡਾਂ ਸਫਲ ਰਹੀਆਂ ਜਦ ਕਿ ਸੰਦੀਪ ਦੇ 32æ15% ਜੱਫੇ ਕਾਮਯਾਬ ਰਹੇ।
ਮੈਟ ਦੀ ਤਿਲ੍ਹਕਣਬਾਜ਼ੀ ਤੇ ਸਿੰਥੈਟਿਕ ਰਗੜਾਂ ਕਾਰਨ ਖਿਡਾਰੀ ਵੱਡੀ ਗਿਣਤੀ ਵਿਚ ਕੰਡਮ ਹੋਏ। ਪੈਰਾਂ, ਗਿੱਟਿਆਂ, ਗੁੱਟਾਂ, ਕੂਹਣੀਆਂ, ਮੋਢਿਆਂ ਤੇ ਗੋਡਿਆਂ ‘ਤੇ ਬੰਨ੍ਹੀਆਂ ਪੱਟੀਆਂ ਨਾਲ ਇਓਂ ਲੱਗਦੇ ਰਹੇ ਜਿਵੇਂ ਜੰਗੇ ਮੈਦਾਨ ਦੇ ਘਾਇਲ ਜੁਆਨ ਹੋਣ! ਲੀਗ ਦੇ ਵੀਨੂੰ ਬਦਲੇ ਗਏ, ਤਰੀਕਾਂ ਬਦਲੀਆਂ, ਮੈਚ ਬਦਲੇ ਤੇ ਹੋਰ ਵੀ ਬਹੁਤ ਕੁਝ ਬਦਲਦਾ ਰਿਹਾ। ਕਮੀਆਂ ਪੇਸ਼ੀਆਂ ਦਾ ਪਤਾ ਲੱਗਦਾ ਗਿਆ। ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਾਢੇ ਤਿੰਨ ਮਹੀਨੇ ਚੱਲੀ ਲੀਗ 22 ਨਵੰਬਰ ਨੂੰ ਮੁੱਕੀ ਤਾਂ ਪ੍ਰਬੰਧਕਾਂ ਨੇ ਸੁਖ ਦਾ ਸਾਹ ਲਿਆ। ਤਜਰਬਾ ਸੀ, ਕੁਛ ਕਾਮਯਾਬ ਰਿਹਾ, ਕੁਛ ਨਾਕਾਮਯਾਬ।
ਇਸ ਲੀਗ ਨੇ ਕਬੱਡੀ ਦਾ ਕਾਫੀ ਕੁਝ ਸੁਆਰਿਆ ਪਰ ਅਜੇ ਹੋਰ ਬਹੁਤ ਕੁਝ ਸੁਆਰਨਾ ਬਾਕੀ ਹੈ। ਲੀਗ ਦਾ ਸਭ ਤੋਂ ਵੱਡਾ ਸੁਧਾਰ ਕਬੱਡੀ ਨੂੰ ਲਿਖਤੀ ਨਿਯਮਾਂ ਦੀ ਖੇਡ ਬਣਾਉਣਾ ਤੇ ਡਰੱਗ ਮੁਕਤ ਕਰਨ ਵੱਲ ਕਦਮ ਪੁੱਟਣਾ ਹੈ। ਪਹਿਲਾਂ ਵਰਲਡ ਕਬੱਡੀ ਕੱਪ ਤੇ ਹੁਣ ਵਰਲਡ ਕਬੱਡੀ ਲੀਗ ਵਿਚ ਡੋਪ ਟੈਸਟ ਕਰਾਉਣ ਤੇ ਡੋਪੀਆਂ ਨੂੰ ਬੈਨ ਕਰਨ ਨਾਲ ਸੁਖਬੀਰ ਸਿੰਘ ਬਾਦਲ ਤੇ ਪਰਗਟ ਸਿੰਘ ਹੋਰਾਂ ਨੇ ਕਬੱਡੀ ਦੇ ਖਰੇ ਖਿਡਾਰੀਆਂ ‘ਤੇ ਵੱਡਾ ਉਪਕਾਰ ਕੀਤਾ ਹੈ। ਜਿਨ੍ਹਾਂ ਨੂੰ ਡੋਪ ਟੈਸਟਾਂ ਵਿਚ ਫਸ ਜਾਣ ਦਾ ਡਰ ਸੀ ਉਹ ਲੀਗ ਵਿਚ ਖੇਡੇ ਹੀ ਨਹੀਂ। ਕਈਆਂ ਨੂੰ ਡਰੱਗੀ ਹੋਣ ਕਰਕੇ ਨਹੀਂ ਖਿਡਾਇਆ ਗਿਆ। ਡੋਪ ਟੈਸਟਾਂ ਵਿਚ 23 ਖਿਡਾਰੀ ਡਰੱਗੀ ਨਿਕਲੇ, ਸੰਭਵ ਹੈ ਕੁਝ ਹੋਰ ਵੀ ਨਿਕਲਣ।
ਲੀਗ ਸ਼ੁਰੂ ਕਰਨ ਵੇਲੇ ਇਸ ਦੀ ਵੈਬਸਾਈਟ ‘ਤੇ ਪ੍ਰਚਾਰਿਆ ਗਿਆ ਕਿ ਖਿਡਾਰੀਆਂ ਨੂੰ 15 ਕਰੋੜ ਰੁਪਏ ਫੀਸ ਦੇ ਮਿਲਣਗੇ। 4 ਕਰੋੜ ਦੇ ਇਨਾਮ ਹੋਣਗੇ। 4 ਮਹਾਂਦੀਪਾਂ ਦੇ 7 ਮੁਲਕਾਂ ਵਿਚ 94 ਮੈਚ ਖੇਡੇ ਜਾਣਗੇ। ਉਨ੍ਹਾਂ ਮੁਲਕਾਂ ਵਿਚ ਇੰਗਲੈਂਡ, ਬੈਲਜੀਅਮ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਪਾਕਿਸਤਾਨ ਤੇ ਭਾਰਤ ਸ਼ਾਮਲ ਸਨ। ਮੈਚ ਕਰਾਉਣ ਵਾਲੇ ਸ਼ਹਿਰਾਂ ਵਿਚ ਨਿਊ ਯਾਰਕ, ਟੋਰਾਂਟੋ, ਲੰਡਨ, ਸਿਡਨੀ ਤੇ ਲਾਹੌਰ ਆਦਿ 14 ਸ਼ਹਿਰ ਸਨ। ਪਰ ਉਸ ‘ਤੇ ਪੂਰਾ ਅਮਲ ਨਹੀਂ ਹੋ ਸਕਿਆ। ਲੀਗ ਦਾ ਕਾਰਪੋਰੇਟ ਦਫਤਰ ਗੁੜਗਾਓਂ ਤੇ ਰਜਿਸਟਰਡ ਦਫਤਰ ਚੰਡੀਗੜ੍ਹ ਵਿਚ ਸੀ। ਖਿਡਾਰੀਆਂ, ਕਬੱਡੀ ਕਲੱਬਾਂ ਤੇ ਅਕੈਡਮੀਆਂ ਨੂੰ ਉਨ੍ਹਾਂ ਦਫਤਰਾਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਸੀ। ਟਰਾਇਲ ਹੋਏ, ਡੋਪ ਟੈਸਟਾਂ ਲਈ ਖਿਡਾਰੀਆਂ ਨੇ ਫੀਸਾਂ ਭਰੀਆਂ, ਫਿਰ ਫੀਸਾਂ ਮੁੜਾਉਣ ਦੇ ਰੌਲੇ ਪਏ। ਭਗਵੰਤ ਮਾਨ ਵਰਗਿਆਂ ਨੂੰ ਦਖਲ ਦੇਣਾ ਪਿਆ।
ਮੇਰਾ ਸੁਝਾਅ ਸੀ, ਸਟੇਡੀਅਮ ਵਿਚਲੇ ਸਾਈਨ ਬੋਰਡਾਂ, ਬੈਨਰਾਂ ਤੇ ਹੋਰਡਿੰਗਾਂ ਉਤੇ ਪੰਜਾਬੀ ਅੱਖਰਾਂ ਨੂੰ ਯੋਗ ਥਾਂ ਦੇਣੀ ਚਾਹੀਦੀ ਹੈ। ਵਰਲਡ ਲੀਗ ਵਿਚ ਪੰਜਾਬੀ ਕਿਤੇ ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ਦੇ ਗਲਬੇ ਹੇਠ ਨਾ ਦੱਬੀ ਜਾਵੇ। ਮੈਚਾਂ ਦੀ ਕੁਮੈਂਟਰੀ ਪੰਜਾਬੀ, ਹਿੰਦੀ ਤੇ ਅੰਗਰੇਜ਼ੀ- ਤ੍ਰੈਭਾਸ਼ੀ ਹੋਵੇ। ਕਬੱਡੀ ਦੇ ਦਾਇਰੇ ਵਿਚ ਘੜਮੱਸ ਘਟਾਉਣ ਲਈ ਚਾਰ ਚਾਰ ਜਾਫੀ ਹੀ ਖੜ੍ਹਨ। ਰੇਡ ਪਾਉਣ ਵੇਲੇ ਹੀ ਰੇਡਰ ਅੰਦਰ ਆਵੇ। 40 ਮਿੰਟ ਦੇ ਮੈਚ ਦੀ ਥਾਂ 40 ਮਿੰਟ ਦਾ ਪਲੇਇੰਗ ਟਾਈਮ ਗਿਣਿਆ ਜਾਵੇ। ਰੈਫਰਲ ਸੀਮਤ ਹੋਣ ਤੇ ਘੱਟੋ ਘੱਟ 5 ਰੇਡਰਾਂ ਤੋਂ ਦੋ ਦੋ ਰੇਡਾਂ ਲਾਜ਼ਮੀ ਪੁਆਈਆਂ ਜਾਣ।
ਲੀਗ ਮੈਚਾਂ ਤੋਂ ਸਿੱਧ ਹੋ ਗਿਆ ਹੈ ਕਿ ਇਕ ਮੈਚ ਵਿਚ ਔਸਤਨ 60-60 ਰੇਡਾਂ ਪੈਂਦੀਆਂ ਹਨ। ਰੇਡ ਦਾ ਔਸਤ ਸਮਾਂ 20 ਸੈਕੰਡ ਆਇਆ ਹੈ। ਅਗਲੀ ਲੀਗ ਵਿਚ ਮੈਚਾਂ ਦੀਆਂ ਰੇਡਾਂ ਹੀ 60-60 ਕਰ ਦੇਣੀਆਂ ਚਾਹੀਦੀਆਂ ਹਨ ਤੇ ਰੇਡ ਦਾ ਸਮਾਂ 30 ਸੈਕੰਡ ਦੀ ਥਾਂ 25 ਸੈਕੰਡ ਕਰ ਦੇਣਾ ਚਾਹੀਦੈ। ਖਿਡਾਰੀ ਪਾਲੇ ਕੋਲ ਆ ਕੇ ਸਮਾਂ ਨਸ਼ਟ ਨਾ ਕਰਨ। ਚੇਨ ਟੁੱਟਣ, ਬੁਨੈਣ ‘ਚ ਸਹਿਵਨ ਉਂਗਲ ਅੜਕਣ ਤੇ ਢੇਰੀ ਉਪਰ ਦੀ ਹਵਾ ਵਿਚ ਲੰਘਣ ਦੇ ਨਿਯਮਾਂ ਨੂੰ ਹੋਰ ਸਪੱਸ਼ਟ ਕਰਨ ਦੀ ਲੋੜ ਹੈ। ਬੁਨੈਣਾਂ ਅੱਧੇ ਬਾਜੂ ਵਾਲੀਆਂ ਤੇ ਪੈਰੀਂ ਫਲੀਟ ਪਾਏ ਜਾਣ। ਕਬੱਡੀ ਨੈਸ਼ਨਲ ਸਟਾਈਲ ਵਿਚ ਪਹਿਲਾਂ ਹੀ ਫਲੀਟ ਪੈ ਚੁੱਕੇ ਹਨ। ਇਹਦੇ ਨਾਲ ਸਿੰਥੈਟਿਕ ਮੈਟ ਦੀਆਂ ਰਗੜਾਂ ਤੋਂ ਬਚਾਅ ਰਹੇਗਾ।
ਕਬੱਡੀ ਦੇ ਵਿਸ਼ਵ ਕੱਪਾਂ ਵਿਚ ਕਬੱਡੀ ਦੀ ਮਲਾਈ ਅਕਸ਼ੈ ਕੁਮਾਰ, ਸ਼ਾਹਰੁਖ਼ ਖਾਨ, ਪ੍ਰਿਯੰਕਾ ਚੋਪੜਾ, ਕੈਟਰੀਨਾ ਕੈਫ ਤੇ ਕੁਝ ਹੋਰ ਫਿਲਮੀ ਸਿਤਾਰਿਆਂ ਦੇ ਹਿੱਸੇ ਆਈ ਸੀ। ਬਠਿੰਡੇ ਤੇ ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ਵਿਚ ਨਾਚੀਆਂ ਵੱਲੋਂ ਵਿਖਾਏ ਅਰਧ ਨਗਨ ਨਾਚਾਂ ਦੀ ਨੁਕਤਾਚੀਨੀ ਵੀ ਹੋਈ ਸੀ। ਜਥੇਦਾਰਾਂ ਨੇ ਘੁਸਰ-ਮੁਸਰ ਕੀਤੀ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਬਜ਼ੁਰਗੀ ਦਾ ਵੀ ਖਿਆਲ ਨਹੀਂ ਰੱਖਿਆ ਗਿਆ!
ਮੇਰਾ ਕਹਿਣਾ ਸੀ, ਲੀਗ ਦੇ ਪ੍ਰਬੰਧਕ ਪੰਜਾਬ ਦੀ ਨਰੋਈ ਖੇਡ ਨਾਲ ਪੰਜਾਬ ਦੇ ਨਰੋਏ ਸਭਿਆਚਾਰ ਨੂੰ ਪੇਸ਼ ਕਰਨਗੇ ਤਾਂ ਪੰਜਾਬੀਆਂ ਦੀ ਵਧਾਈ ਦੇ ਪਾਤਰ ਹੋਣਗੇ। ਜੇਕਰ ਮਨੋਰੰਜਨ ਦੇ ਬਹਾਨੇ ਕਬੱਡੀ ਨਾਲ ਅਸ਼ਲੀਲ ਨਾਚ ਗਾਣਿਆਂ ਦਾ ਪ੍ਰਦਰਸ਼ਨ ਕਰਨਗੇ ਤਾਂ ਦੁਰ ਦੁਰ ਕਰਵਾਉਣਗੇ।
ਕਬੱਡੀ ਮੈਚ ਨਿਊ ਯਾਰਕ, ਟੋਰਾਂਟੋ ਤੇ ਡੁਬਈ ਵਿਚ ਵੀ ਹੋਣੇ ਸਨ ਜੋ ਕੱਟ ਦਿੱਤੇ ਗਏ। ਫਿਰ ਸਟਾਕਟਨ ਤੇ ਸੈਕਰਾਮੈਂਟੋ ਦੇ ਮੈਚਾਂ ‘ਤੇ ਵੀ ਲੀਕ ਫੇਰ ਦਿੱਤੀ। ਵੈਨਕੂਵਰ ਲਾਗੇ ਐਬਟਸਫੋਰਡ ਦੇ ਮੈਚ ਤਾਂ ਖੜ੍ਹੇ ਪੈਰ ਰੱਦ ਕੀਤੇ। ਮੈਂ ਖ਼ੁਦ ਟੋਰਾਂਟੋ ਤੋਂ ਵੈਨਕੂਵਰ ਪਹੁੰਚ ਗਿਆ ਸਾਂ। ਇਨਡੋਰ ਸਟੇਡੀਅਮ ਬੁੱਕ ਕਰਾਉਣ, ਮਸ਼ਹੂਰੀ ਕਰਨ ਤੇ ਹੋਰ ਕਈ ਤਰ੍ਹਾਂ ਦੇ ਖਰਚੇ ਡੇਢ ਲੱਖ ਡਾਲਰ ਤਕ ਪਹੁੰਚ ਗਏ ਸਨ। ਵੈਨਕੂਵਰ ਲਾਇਨਜ਼ ਦੇ ਪੁਰੇਵਾਲ ਭਰਾ ਅਤੇ ਸੰਗੀ ਸਾਥੀਆਂ ਨੂੰ ਡੇਢ ਲੱਖ ਡਾਲਰ ਦਾ ਰਗੜਾ ਲੱਗ ਗਿਆ। ਅਗਲੀ ਲੀਗ ਲਈ ਵੀਜ਼ਿਆਂ ਦੇ ਮਸਲੇ ਦਾ ਹੱਲ ਪਹਿਲਾਂ ਹੀ ਕਰ ਲੈਣਾ ਚਾਹੀਦੈ।
ਸੋਨੀ ਸਿਕਸ ਚੈਨਲ ਦੀ ਕੁਮੈਂਟਰੀ ਵਿਚ ਪੰਜਾਬੀ ਨੂੰ ਲਾਂਭੇ ਕਰਨਾ ਵਿਸਾਹਘਾਤ ਸੀ। ਕਬੱਡੀ ਖੇਡਣ ਵਾਲੇ ਪੰਜਾਬੀ ਹੋਣ, ਖਿਡਾਉਣ ਵਾਲੇ ਪੰਜਾਬੀ ਹੋਣ ਤੇ ਸਕਰੀਨ ਉਤੇ ਪੰਜਾਬੀ ਦਾ ਨਾਂ ਥੇਹ ਨਾ ਹੋਵੇ ਇਹ ਕੈਸੀ ਲੀਗ ਸੀ? ਮਾਰਕੀਟਿੰਗ ਲਈ ਹਿੰਦੀ ਜੰਮ ਜੰਮ ਵਰਤ ਲੈਂਦੇ, ਅੰਗਰੇਜ਼ੀ ਵੀ ਵਰਤ ਲੈਂਦੇ ਪਰ ਪੰਜਾਬੀਆਂ ਦੀ ਮਾਂ ਬੋਲੀ ਤੇ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਦੇ ਹੱਕ ਉਤੇ ਤਾਂ ਛਾਪਾ ਨਾ ਮਾਰਦੇ!
ਅੱਠਾਂ ਟੀਮਾਂ ਦੇ 180 ਖਿਡਾਰੀਆਂ ਵਿਚ ਮਾਈਕਲ ਲਤੀਫ ਨੂੰ ਛੱਡ ਕੇ ਸਾਰੇ ਖਿਡਾਰੀ ਪੰਜਾਬੀ ਸਨ। ਟੀਮਾਂ ਦੇ ਮਾਲਕ ਵੀ ਪੰਜਾਬੀ ਤੇ ਲੀਗ ਕਰਾਉਣ ਵਾਲੇ ਵੀ ਪੰਜਾਬੀ। ਵਧੇਰੇ ਮੈਚ ਵੀ ਲੁਧਿਆਣੇ, ਜਲੰਧਰ, ਅੰਮ੍ਰਿਤਸਰ, ਬਠਿੰਡੇ ਤੇ ਮੁਹਾਲੀ ਵਿਚ ਹੋਏ। ਪੰਜਾਬੀ ਜਿਹੜੀ ਸੌ ਤੋਂ ਵੱਧ ਦੇਸ਼ਾਂ ਵਿਚ ਵਸਦੇ ਚੌਦਾਂ ਕਰੋੜ ਪੰਜਾਬੀਆਂ ਦੀ ਮਾਂ ਬੋਲੀ ਹੈ, ਜਿਹੜੀ ਪੰਜਾਬ ਸਰਕਾਰ ਦੀ ਰਾਜ ਭਾਸ਼ਾ ਹੈ, ਉਹ ਵੇਵ ਕਬੱਡੀ ਲੀਗ ਵਿਚੋਂ ਅਲੋਪ ਕਿਉਂ ਹੋਈ? ਅਜਿਹਾ ‘ਪੰਜਾਬੀ ਸੂਬੇ’ ਵਿਚ ਹੋਇਆ। ਪੰਜਾਬੀ ਮਰੇਗੀ ਨਹੀਂ ਤਾਂ ਹੋਰ ਕੀ ਕਰੇਗੀ?