‘ਪੰਜਾਬ ਟਾਈਮਜ਼’ ਦੇ 29 ਨਵੰਬਰ ਦੇ ਅੰਕ ਵਿਚ ਛਪੇ ਲੇਖ Ḕਹਰਭਜਨ ਬਰਾੜ: ਸਾਕਾ ਨੀਲਾ ਤਾਰਾ ਤੋਂ ਸਾਈਂ ਮੀਆਂ ਮੀਰ ਤਕḔ ਵਿਚ 1979 ਦੀਆਂ ਗੁਰਦੁਆਰਾ ਚੋਣਾਂ ਸਮੇਂ ਕਾਮਰੇਡ ਅਮਰ ਸਿੰਘ ਅੱਚਰਵਾਲ ਵਲੋਂ ਅਕਾਲੀਆਂ ਦੇ ਲੋਹ ਪੁਰਸ਼ ਜਥੇਦਾਰ ਤਲਵੰਡੀ ਵਿਰੁਧ ਗਿਆਨੀ ਗੁਰਬਖਸ਼ ਸਿੰਘ ਨੂੰ ਖੜਾਏ ਜਾਣ ਦਾ ਜ਼ਿਕਰ ਪੜ੍ਹ ਕੇ ਮਨ Ḕਚ ਕਈ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਮੈਨੂੰ ਯਾਦ ਹੈ, ਸਾਡੇ ਪਿੰਡ ਵਾਲੇ ਬਘੇਰੇ ਹੋਰਾਂ ਦੀ ਚੱਕੀ ‘ਤੇ ਅਸੀਂ ਕਾਮਰੇਡ ਕੋਲੋਂ ਪੁਰਾਣੇ ਵੇਲਿਆਂ ਦੀਆਂ ਗੱਲਾਂ ਸੁਣ ਰਹੇ ਸਾਂ ਜਦੋਂ ਕਾਮਰੇਡ ਬਾਬੂ ਰਾਮ ਬੈਰਾਗੀ ਅਤੇ ਮੁੱਖ ਮੰਤਰੀ ਗੁਰਨਾਮ ਸਿੰਘ ਦਾ ਪੁੱਤਰ ਬਾਕੂ ਇਕੱਠੇ ਹੀ ਕਾਮਰੇਡ ਕੋਲ ਕਿਸੇ ਕੰਮ ਲਈ ਆ ਗਏ। ਕਾਮਰੇਡ ਬੈਰਾਗੀ ਉਦੋਂ ਰੂਪੋਸ਼ ਸੀ ਅਤੇ ਚੰਡੀਗੜ੍ਹ ਵਿਸ਼ੂ ਦੀ ਕੋਠੀ ਵਿਚ ਮਿੱਕੀ ਵਕੀਲ ਕੋਲ ਰਹਿੰਦਾ ਸੀ। ਵਿਸ਼ੂ ਦੂਨ ਸਕੂਲ ਵਿਚ ਸੰਜੇ ਗਾਂਧੀ ਦਾ ਜਮਾਤੀ ਸੀ ਅਤੇ ਮਿੱਕੀ ਵਕੀਲ ਵੀ ਉਥੇ ਹੀ ਉਨ੍ਹਾਂ ਨਾਲ ਪੜ੍ਹਦਾ ਰਿਹਾ ਸੀ। ਐਮਰਜੈਂਸੀ ਪਿਛੋਂ ਜਨਤਾ ਪਾਰਟੀ ਦੀ ਸਰਕਾਰ ਸੀ ਅਤੇ ਸੰਜੇ ਗਾਂਧੀ ਤੇ ਇੰਦਰਾ ਗਾਂਧੀ ਦੇ ਤੱਪੜ ਰੁਲੇ ਪਏ ਸਨ। ਪਿਛੋਂ ਸਾਨੂੰ ਪਤਾ ਲੱਗਾ ਕਿ ਕਾਮਰੇਡ ਨੂੰ ਅਕਾਲੀਆਂ ਵਿਰੁਧ ਲੜਾਉਣ ਲਈ ਬੈਰਾਗੀ ਅਤੇ ਮਿੱਕੀ ਨੂੰ ਵਿਸ਼ੂ ਅਤੇ ਸੰਜੇ ਗਾਂਧੀ ਨੇ ਹੀ ਭੇਜਿਆ ਸੀ। ਕਾਮਰੇਡ ਅੱਚਰਵਾਲ ਨੇ ਸਾਡੇ ਬੈਠਿਆਂ ਹੀ ਉਨ੍ਹਾਂ ਦੀ ਚਾਲ ਵਿਚ ਆਉਣ ਤੋਂ ਨਾਂਹ ਕਰ ਦਿਤੀ। ਫਿਰ ਬੈਰਾਗੀ ਅਤੇ ਮਿੱਕੀ ਨੇ ਅੱਚਰਵਾਲ ਦੇ ਕੱਟੜ ਕਾਂਗਰਸੀ ਮਦਨ ਲਾਲ ਬਾਣੀਏ, ਮਹੰਤ ਨਿਰਮਲ ਦੇ ਭਰਾ ਮਹੰਤ ਕੇਵਲ ਨੂੰ ਨਾਲ ਲੈ ਕੇ ਕਾਮਰੇਡ ਨੂੰ ਮਨਾਉਣ ਲਈ ਜ਼ੋਰ ਮਾਰਿਆ। ਕਾਮਰੇਡ ਨੇ ਉਨ੍ਹਾਂ ਦੀ ਵੀ ਨਾ ਮੰਨੀ। ਪਰ ਪਿਛੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਨੇਹਾ ਲਗਣ ‘ਤੇ ਕਾਮਰੇਡ ਜਥੇਦਾਰ ਤਲਵੰਡੀ ਵਿਰੁਧ ਡਟਣ ਲਈ ਤਿਆਰ ਹੋ ਗਿਆ। ਕਾਗਜ਼ ਭਰਨ ਵਾਲੇ ਦਿਨ ਨੱਥਾ ਸਿੰਘ ਨੇ ਗਵਾਹ ਦੇ ਤੌਰ ‘ਤੇ ਅੰਗੂਠਾ ਲਗਾਇਆ ਪਰ ਅਕਾਲੀਆਂ ਨੇ ਇਹ ਇਤਰਾਜ਼ ਲਾ ਕੇ ਕਾਗਜ਼ ਰੱਦ ਕਰਵਾ ਦਿਤੇ ਕਿ ਨੱਥਾ ਸਿੰਘ ਦਾ ਅੰਗੂਠਾ ਹੀ ਨਹੀਂ ਸੀ।
ਇਸ ਗੱਲੋਂ ਗੁੱਸੇ ਹੋ ਕੇ ਮਿੱਕੀ, ਮਦਨ ਬਾਣੀਆ ਅਤੇ ਮਹੰਤ ਕੇਵਲ ਸਾਰੇ ਹੀ ਅਕਾਲੀਆਂ ਦਾ ਬੇੜਾ ਗਰਕ ਕਰਨ ਲਈ ਬਿਆਸ ਹਲਕੇ ਵਿਚ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਵਿਰੁਧ ਟਕਸਾਲ ਦੇ ਉਮੀਦਵਾਰ ਭਾਈ ਅਮਰੀਕ ਸਿੰਘ ਦੀ ਮਦਦ ਕਰਨ ਲਈ ਚਲੇ ਗਏ ਸਨ। ਮੈਨੂੰ ਯਾਦ ਹੈ, ਉਦੋਂ ਉਨ੍ਹਾਂ ਦੇ ਨਾਲ ਗੁਰਚਰਨ ਸਿੰਘ ਮਰੜ ਵੀ ਸੀ। ਉਸ ਨੂੰ ਸਾਰੇ ਪੰਗਾ ਸਿੰਘ ਕਹਿੰਦੇ ਸਨ ਅਤੇ ਉਹ ਮਿੱਕੀ ਦੇ ਨਾਲ ਕਾਮਰੇਡ ਅੱਚਰਵਾਲ ਨੂੰ ਮਿਲਣ ਉਦੋਂ ਆਮ ਹੀ ਆਉਂਦਾ ਹੁੰਦਾ ਸੀ। ਕਾਮਰੇਡ ਨੇ ਪਿਛੋਂ ਦਸਿਆ ਸੀ ਕਿ ਉਹ ਸਾਰੇ ਬਿਆਸ ਹਲਕੇ ਵਿਚ ਜਾਣ ਤੋਂ ਪਹਿਲਾਂ ਜਗਜੀਤ ਸਿੰਘ ḔਟੁੰਡੇḔ ਨੂੰ ਲੈ ਕੇ ਸਰਦਾਰ ਸੁਖਜਿੰਦਰ ਸਿੰਘ ਕੋਲ ਵੀ ਗਏ ਸਨ। ਜਗਜੀਤ ਸਿੰਘ ਪਹਿਲਾਂ ਹੀ ਅਕਾਲੀਆਂ ਦਾ ਤਕੜਾ ਦੁਸ਼ਮਣ ਬਣਿਆ ਹੋਇਆ ਸੀ। ਪਿਛੋਂ ਪਤਾ ਲਗਾ ਕਿ ਪੂਰੇ ਪੰਜਾਬ ਵਿਚੋਂ ਕਈ ਥਾਂਵਾਂ ਤੋਂ ਕਾਂਗਰਸੀ ਆਗੂਆਂ ਨੇ ਬਿਆਸ ਹਲਕੇ ਵਿਚ ਪਹੁੰਚ ਕੇ ਅਕਾਲੀਆਂ ਨੂੰ ਹਰਾਉਣ ਲਈ ਸਾਰੀ ਤਾਕਤ ਝੋਕ ਰੱਖੀ ਸੀ। ਟੱਕਰ ਪ੍ਰਕਾਸ਼ ਸਿੰਘ ਬਾਦਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਬਣ ਗਈ ਸੀ ਅਤੇ ਕਾਂਗਰਸੀਆਂ ਨੇ ਟਕਸਾਲ ਨਾਲ ਮਿਲ ਕੇ ਬਾਦਲ ਦੀ ਬਾਂ ਬਾਂ ਕਰਵਾ ਦਿਤੀ ਸੀ।
ਚੋਣਾਂ ਪਿਛੋਂ ਕਾਮਰੇਡ ਅੱਚਰਵਾਲ ਨੇ ਮਿੱਕੀ ਵਕੀਲ ਅਤੇ ਬਾਕੂ ਦੀ ਸਲਾਹ ਨਾਲ ਜਥੇਦਾਰ ਤਲਵੰਡੀ ਵਿਰੁਧ ਚੋਣ ਪਟੀਸ਼ਨ ਠੋਕ ਦਿਤੀ ਸੀ ਅਤੇ ਮੁਕੱਦਮਾ ਸਾਲ-ਦੋ-ਸਾਲ ਲੰਮਾ ਚਲਾ ਗਿਆ ਸੀ। ਦੋ ਕੁ ਮਹੀਨੇ ਤਾਂ ਜਥੇਦਾਰ ਤਲਵੰਡੀ ਨੇ ਕੋਰਟ ਦੇ ਸੰਮਨ ਲੈਣ ਤੋਂ ਨਾਂਹ ਕਰੀ ਰੱਖੀ। ਅਖੀਰ ਮੈਂ (ਬਾਰਾ ਸਿੰਘ) ਬਘੇਰੇ ਦਾ ਭਰਾ ਬੁੱਘਰ, ਅਟਾਰੀ ਵਾਲਾ ਅਨੰਤਵੀਰ ਅਤੇ ਬਾਬੂ ਰਾਮ ਬੈਰਾਗੀ ਇਕੱਠਿਆਂ ਜਾ ਕੇ ਜਥੇਦਾਰ ਦੀ ਡਿਉੜੀ ਦੇ ਦਰਵਾਜ਼ੇ ਉਪਰ ਸੰਮਨ ਚਿਪਕਾ ਕੇ ਆਏ ਸਾਂ। ਉਦੋਂ ਤਕ ਅਕਾਲੀ ਆਪੋ ਵਿਚ ਲੜ ਕੇ ਸਰਕਾਰ ਆਪਣੀ ਦਾ ਭੱਠਾ ਆਪ ਹੀ ਬਿਠਾ ਚੁਕੇ ਸਨ ਅਤੇ ਇੰਦਰਾ ਗਾਂਧੀ ਵੀ ਦੁਬਾਰਾ ਤਾਕਤ ਵਿਚ ਆ ਚੁਕੀ ਸੀ। ਤਾਂ ਜਾ ਕੇ ਜਥੇਦਾਰ ਤਲਵੰਡੀ ਨੇ ਹਾਰ ਮੰਨੀ ਸੀ ਅਤੇ ਕਾਮਰੇਡ ਅੱਚਰਵਾਲ ਦੇ ਘਰ ਆ ਕੇ ਉਸ ਨਾਲ ਸੁਲਾਹ ਸਫਾਈ ਕੀਤੀ ਸੀ। 5-7 ਸਾਲਾਂ ਪਿਛੋਂ ਖਾੜਕੂਆਂ ਦੀ ਆਪ ਮੁਹਾਰੀ ਚੜ੍ਹਾਈ ਜਦੋਂ ਹੋਈ ਤਾਂ ਉਨ੍ਹਾਂ ਨੇ ਕਾਮਰੇਡਾਂ, ਕਾਂਗਰਸੀਆਂ ਅਤੇ ਪੁਰਾਣੇ ਅਕਾਲੀਆਂ-ਸਾਰਿਆਂ ਨੂੰ ਨਿਸ਼ਾਨੇ ‘ਤੇ ਜਦੋਂ ਧਰ ਲਿਆ ਤਾਂ ਕਾਮਰੇਡ ਕਈ ਵਾਰ ਸੰਤ ਭਿੰਡਰਾਂਵਾਲਿਆਂ ਨਾਲ ਆਪਣੀ ਮੁਲਾਕਾਤ ਦੀਆਂ ਗੱਲਾਂ ਕਰਕੇ ਹਸਦਾ ਹੁੰਦਾ ਸੀ ਕਿ ਉਨ੍ਹਾਂ ਕੋਲੋਂ ਕਾਮਰੇਡ ਬੈਰਾਗੀ ਅਤੇ ਮਿੱਕੀ ਹੋਰਾਂ ਨੇ ਕਿੱਡੀ ਵੱਡੀ ਗਲਤੀ ਉਦੋਂ ਕਰਵਾ ਦਿਤੀ ਸੀ। ਖਾੜਕੂਆਂ ਨੇ ਜਥੇਦਾਰ ਤਲਵੰਡੀ ਦੇ ਕਾਫਲੇ ‘ਤੇ ਹਮਲਾ ਕਰਕੇ ਉਸ ਦੇ ਕਈ ਸਾਥੀਆਂ ਨੂੰ ਪਹਿਲਾਂ ਮਾਰਿਆ। ਫਿਰ ਉਨ੍ਹਾਂ ਕਾਂਗਰਸੀ ਆਗੂ ਮਹੰਤ ਕੇਵਲ ਰਾਏਕੋਟ ਵਾਲੇ ਨੂੰ ਮਾਰਿਆ ਅਤੇ ਅਖੀਰ ਕਾਮਰੇਡ ਅੱਚਰਵਾਲ ਨੂੰ ਵੀ ਸ਼ਹੀਦ ਕਰ ਦਿਤਾ। ਕਾਮਰੇਡ ਦੇ ਪਿੰਡ ਉਮਰਪੁਰੇ ਵਾਲੇ ਵੱਡੇ ਭਣਵਈਏ ਭਾਨ ਦੇ ਘਰ ਨੂੰ ਅੱਗ ਲਗਾ ਕੇ ਸਾੜ ਦਿਤਾ ਅਤੇ ਪਿਛੋਂ ਨਿੱਕੀ ਭੈਣ ਦੇ ਮੁੰਡੇ ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ।
ਪਰ ਕਾਮਰੇਡ ਦੀਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਵੀ ਇਕ ਦੋ ਗੱਲਾਂ ਸਾਂਝੀਆਂ ਸਨ। ਪਹਿਲੀ ਗੱਲ, ਸੰਤਾਂ ਵਾਂਗ ਹੀ ਉਹ ਵੀ ਅਕਾਲੀਆਂ ਦੇ ਅਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਵਿਰੋਧੀ ਸਨ। ਦੂਸਰੀ, ਸੰਤ ਵਾਂਗ ਹੀ ਉਹ ਵੀ ਲਾਲਾ ਜਗਤ ਨਰਾਇਣ ਨੂੰ ਪੰਜਾਬ ਦਾ ਦੋਖੀ ਮੰਨਦੇ ਸਨ। ਸੰਤਾਂ ਦੇ ਕਹਿਣ ‘ਤੇ ਲਾਲਾ ਜਗਤ ਨਰਾਇਣ ਦੀ ਹੱਤਿਆ ਕਰਨ ਵਾਲਾ ਕਾਮਰੇਡ ਨਛੱਤਰ ਸਿੰਘ ਰੋਡੇ ਉਨ੍ਹਾਂ ਦਾ ਨੇੜਲਾ ਸਾਥੀ ਸੀ। ਨਛੱਤਰ ਲਾਲੇ ਵਾਲਾ ਕਾਂਡ ਕਰਨ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਮਿਲਦਾ ਰਿਹਾ ਸੀ ਅਤੇ ਸੰਗਰੂਰ ਜੇਲ੍ਹ ਵਿਚ ਸਜ਼ਾ ਕੱਟਣ ਸਮੇਂ ਵੀ ਉਸ ਦਾ ਕਾਮਰੇਡ ਨਾਲ ਸੰਪਰਕ ਬਣਿਆ ਰਿਹਾ ਸੀ। ਨਛੱਤਰ ਸੰਨ 70-71 ਵਿਚ ਕੋਕਰੀ ਕਲਾਂ ਵਾਲੇ ਜੈਲਦਾਰ ਨੂੰ ਮਾਰ ਕੇ ਭਗੌੜਾ ਹੋ ਗਿਆ ਸੀ ਅਤੇ 3-4 ਸਾਲ ਪਿਛੋਂ ਉਸ ਨੂੰ ਕੇਸ ਵਿਚੋਂ ਬਾਹਰ ਵੀ ਕਾਮਰੇਡ ਨੇ ਹੀ ਕਰਵਾਇਆ ਸੀ।
ਇਹ ਸਾਰਾ ਇਤਿਹਾਸ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਿਆ ਸੀ। ਕਾਮਰੇਡ ਅੱਚਰਵਾਲ ਨਕਸਲੀ ਲਹਿਰ ਦਾ ਮੋਹਰੀ ਸੀ, ਨਿਰਛਲ ਤੇ ਨਿਰਵੈਰ ਸੀ। ਆਮ ਲੋਕਾਂ ਦਾ ਸੱਚਾ ਮਦਦਗਾਰ ਸੀ ਅਤੇ ਸਭ ਪਾਰਟੀਆਂ ਦੇ ਲੋਕ ਉਸ ਦੀ ਇੱਜ਼ਤ ਕਰਦੇ ਸਨ।
-ਜਰਨੈਲ ਸਿੰਘ ਅੱਚਰਵਾਲ, ਕੈਨੇਡਾ
ਫੋਨ: 905-499-4766
ਨੋਟ: ਬਾਰਾ ਸਿੰਘ ਕਾਮਰੇਡ ਅੱਚਰਵਾਲ ਦੀ ਸੱਜੀ ਬਾਂਹ ਸੀ ਅਤੇ ਉਸ ਦੀ ਸ਼ਹੀਦੀ ਤੋਂ 2-4 ਮਹੀਨੇ ਪਿਛੋਂ ਕੈਨੇਡਾ ਦੇ ਸ਼ਹਿਰ ਵੈਨਕੂਵਰ ਆ ਵਸਿਆ ਸੀ। ਜਰਨੈਲ ਸਿੰਘ ਅੱਚਰਵਾਲ ਉਸ ਤੋਂ ਕਈ ਸਾਲ ਪਿਛੋਂ ਕੈਨੇਡਾ ਆਇਆ ਅਤੇ ਅੱਜ ਕੱਲ ਆਪਣੇ ਧੀ-ਪੁੱਤਰ ਕੋਲ ਟੋਰਾਂਟੋ ਰਹਿੰਦਾ ਹੈ। ਜਰਨੈਲ ਸਿੰਘ ਅੱਚਰਵਾਲ ਨੇ Ḕਗਦਰੀ ਯੋਧਾ: ਬਾਬਾ ਦੁਲਾ ਸਿੰਘ ਜਲਾਲਦੀਵਾਲḔ ਅਤੇ Ḕਸੰਗਰਾਮੀ ਪਿੰਡḔ ਸਮੇਤ ਚਾਰ ਚਰਚਿਤ ਕਿਤਾਬਾਂ ਲਿਖੀਆਂ ਹਨ। Ḕਸੰਗਰਾਮੀ ਪਿੰਡḔ ਵਿਚ ਉਸ ਨੇ ਅੱਚਰਵਾਲ, ਜਲਾਲਦੀਵਾਲ, ਤੋਰੜ, ਵਜੀਦ ਕੇ, ਹਠੂਰ ਅਤੇ ਕਾਲਸਾਂ ਆਦਿ ਆਸ-ਪਾਸ ਦੇ 9 ਪਿੰਡਾਂ ਦੇ ਸੰਗਰਾਮੀ ਯੋਧਿਆਂ ਦਾ ਇਤਿਹਾਸ ਦਰਜ ਕੀਤਾ ਹੈ। ਇਸ ਚਿੱਠੀ ਵਿਚ ਵਿਸ਼ੂ ਨਾਂ ਦੇ ਜਿਸ ਸਖਸ਼ ਦਾ ਜ਼ਿਕਰ ਹੈ, ਉਸ ਦਾ ਪੂਰਾ ਨਾਂ ਕੰਵਰ ਵਿਸ਼ਵਜੀਤ ਸਿੰਘ ਹੈ। ਕਾਮਰੇਡ ਬੈਰਾਗੀ ਰਾਹੀਂ ਪੰਜਾਬ ਅੰਦਰ ਆਪਣੇ ḔਰਸੂਖḔ ਦਾ ਪੱਤਾ ਖੇਡ ਕੇ ਉਸ ਨੇ ਸੰਜੇ ਗਾਂਧੀ ਦੇ ਦਰਬਾਰ ਵਿਚ ਆਪਣੀ ਝੂਠੀ ਪੈਂਠ ਬਣਾਈ ਅਤੇ ਦੋ ਵਾਰ ਰਾਜ ਸਭਾ ਦੀ ਮੈਂਬਰੀ ਦਾ ਸੁੱਖ ਭੋਗਿਆ। -ਸੰਪਾਦਕ