‘ਪੰਜਾਬ ਟਾਈਮਜ਼’ ਦੇ 29 ਨਵੰਬਰ ਦੇ ਅੰਕ ਵਿਚ ਸ਼ ਗੁਰਦਿਆਲ ਸਿੰਘ ਬੱਲ ਦਾ ਲੇਖ ‘ਬਾਬਾ ਬਰਾੜ: ਸਾਕਾ ਨੀਲਾ ਤਾਰਾ ਤੋਂ ਸਾਈਂ ਮੀਆਂ ਮੀਰ ਤੱਕ’ ਪੜ੍ਹਿਆ, ਸਾਕਾ ਨੀਲਾ ਤਾਰਾ ਬਾਰੇ ਕਈ ਗੁੱਝੀਆਂ ਗੱਲਾਂ ਦਾ ਪਤਾ ਲੱਗਾ। ਬਾਬਾ ਬਰਾੜ ਦੀ ਇਹ ਗੱਲ ਸਹੀ ਹੈ ਕਿ ਰਾਗੀ-ਢਾਡੀ ਹਮੇਸ਼ਾ ਨਫਰਤ ਨਾਲ ਭਰੀਆਂ ਇਤਿਹਾਸਕ ਵੀਰ ਗਾਥਾਵਾਂ ਲੋਕਾਂ ਨੂੰ ਸੁਣਾਉਂਦੇ ਹਨ।
ਸਾਈਂ ਮੀਆਂ ਮੀਰ, ਮਰਦਾਨਾ, ਬਾਬਾ ਫਰੀਦ, ਬੁੱਧੂ ਸ਼ਾਹ ਤੇ ਨਵਾਬ ਮਲੇਰ ਕੋਟੀਏ ਜਿਨ੍ਹਾਂ ਨੇ ਇਨਸਾਨੀਅਤ ਨੂੰ ਪਹਿਲ ਦਿੱਤੀ, ਦਾ ਇਹ ਲੋਕ ਬਹੁਤ ਘੱਟ ਜ਼ਿਕਰ ਕਰਦੇ ਹਨ। ਅੱਜ ਲੋੜ ਹੈ, ਸਾਈਂ ਮੀਆਂ ਮੀਰ ਦੀ ਵਿਰਾਸਤ ਨੂੰ ਅੱਗੇ ਤੋਰਨ ਦੀ ਜਿਸ ਨਾਲ ਮਨੁੱਖਤਾ ਪ੍ਰੀਤ ਲੜੀ ਵਿਚ ਪ੍ਰੋਈ ਜਾ ਸਕੇ।
ਅਸਲ ਵਿਚ ਅੱਜ ਦਾ ਮੱਕਾਰ ਸਿਆਸਤਦਾਨ ਲੋਕਾਂ ਵਿਚ ਵੰਡੀਆਂ ਪਾ ਕੇ ਆਪਣੀ ਗੱਦੀ ਕਾਇਮ ਕਰ ਕੇ ਸ਼ੋਹਰਤ ਅਤੇ ਮਾਇਆ ਪ੍ਰਾਪਤ ਕਰਨੀ ਚਾਹੁੰਦਾ ਹੈ, ਲੋਕ ਭਾਵੇਂ ਪੈਣ ਢੱਠੇ ਖੂਹ ਵਿਚ। ਪ੍ਰੋæ ਪੂਰਨ ਸਿੰਘ ਨੇ ਲਿਖਿਆ ਸੀ- ਪੰਜਾਬ ਜੀਂਦਾ ਗੁਰਾਂ ਦੇ ਨਾਂ ‘ਤੇæææਗੁਰੂਆਂ, ਭਗਤਾਂ ਤੇ ਸੂਫੀ ਸੰਤਾਂ ਦੀ ਬਾਣੀ ਮਨੁੱਖ ਨੂੰ ਜੋੜਦੀ ਹੈ, ਤੋੜਦੀ ਨਹੀਂ। 1947 ਤੋਂ ਪਹਿਲਾਂ ਹਿੰਦੂ, ਸਿੱਖ, ਮੁਸਲਮਾਨ ਤੇ (ਅਖੌਤੀ) ਦਲਿਤ- ਭਰਾਵਾਂ ਵਾਂਗ ਮਿਲ ਕੇ ਰਹਿੰਦੇ ਸਨ। ਇਕ-ਦੂਜੇ ਦੇ ਦੁੱਖ-ਸੁੱਖ ਦੇ ਭਾਈਵਾਲ ਸਨ। ਸਿਆਸਤਦਾਨਾਂ ਨੇ ਮਜ਼੍ਹਬ ਦੇ ਨਾਂ ਉਤੇ ਮੁਲਕ ਦੇ ਦੋ ਟੁਕੜੇ ਕਰ ਦਿੱਤੇ ਜਿਸ ਵਿਚ ਦਸ ਲੱਖ ਪੰਜਾਬੀ ਮਾਰੇ ਗਏ, ਕਿਉਂਕਿ ਇਨ੍ਹਾਂ ਨੇ ਸਾਈਂ ਮੀਆਂ ਮੀਰ ਦੀ ਵਿਰਾਸਤ ਵਿਸਾਰ ਦਿੱਤੀ ਸੀ। ਦੋਹਾਂ ਪੰਜਾਬਾਂ ਵਿਚ ਧੀਆਂ ਮਾਪਿਆਂ ਤੋਂ ਵਿਛੋੜ ਦਿੱਤੀਆਂ ਗਈਆਂ।
ਬਾਬਾ ਨਾਨਕ, ਬਾਬਾ ਫਰੀਦ ਤੇ ਹੋਰ ਸੰਤਾਂ ਦੀ ਬਾਣੀ ਮਨੁੱਖਤਾ ਨੂੰ ਜੋੜਦੀ ਹੈ। ਬਾਬੂ ਰਜਬ ਅਲੀ ਸੱਚਾ ਪੰਜਾਬੀ ਸੀ ਜਿਸ ਨੇ ਸਿੱਖ ਇਤਿਹਾਸ ਨੂੰ ਆਪਣੀ ਕਵੀਸ਼ਰੀ ਰਾਹੀਂ ਕਲਮਬੰਦ ਕੀਤਾ ਹੈ। ਭਾਸ਼ਾ ਦਾ ਸਬੰਧ ਕਿਸੇ ਇਲਾਕੇ ਜਾਂ ਖਿੱਤੇ ਨਾਲ ਹੁੰਦਾ ਹੈ, ਮਜ਼੍ਹਬ ਨਾਲ ਨਹੀਂ। ਭਾਸ਼ਾ ਦੀ ਦੁਫੇੜ ਤੋਂ ਚੱਲੀ ਗੱਲ ਪੰਜਾਬ ਵਿਚ ਖਾੜਕੂ ਲਹਿਰ ਤੋਂ ਚੱਲ ਕੇ ਸਾਕਾ ਨੀਲਾ ਤਾਰਾ ਤੱਕ ਜਾ ਪਹੁੰਚੀ। ਸਿਆਸਤਦਾਨਾਂ ਦੀ ਆਪਸੀ ਖਹਿਬਾਜ਼ੀ ਅਤੇ ਸਰਕਾਰੀ ਏਜੰਸੀਆਂ ਰਾਹੀਂ ਪੰਜਾਬ ਦੇ ਦੋ ਵੱਡੇ ਫਿਰਕਿਆਂ ਵਿਚ ਨਫਰਤ ਦੇ ਬੀਜ, ਬੀਜ ਕੇ ਪੰਜਾਬੀ ਕੌਮ ਦਾ ਘਾਣ ਕਰਵਾਇਆ ਜੋ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਹੈ।
ਇਸ ਨਫਰਤ ਦਾ ਸਿੱਟਾ ਇਹ ਨਿਕਲਿਆ ਕਿ ਪੰਜਾਬ ਵਿਚ ਦੋ ਮੁੱਖ ਫਿਰਕਿਆਂ ਨੇ ਇਕ-ਦੂਜੇ ਦੇ ਨੁਕਸਾਨ ‘ਤੇ ਖੁਸ਼ੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੀਆਂ ਦੋ ਮਿਸਾਲਾਂ ਹਨ। ਦਰਬਾਰ ਸਾਹਿਬ ਉਤੇ ਹਮਲੇ ਤੋਂ ਬਾਅਦ ਇਕ ਫਿਰਕੇ ਦੇ ਲੋਕਾਂ ਨੇ ਲੱਡੂ ਵੰਡੇ ਅਤੇ ਫਿਰ ਇੰਦਰਾ ਗਾਂਧੀ ਦੀ ਮੌਤ ‘ਤੇ ਦੂਜੇ ਫ਼ਿਰਕੇ ਨੇ ਲੋਕਾਂ ਨੇ ਖੁਸ਼ੀਆਂ ਮਨਾਈਆਂ। ਇਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਇਕ ਗੱਲ ਕਰਨੀ ਹੈ। ਉਨ੍ਹਾਂ ਸਾਡੇ ਪਿੰਡ ਦੇ ਇਕ ਮੁੰਡੇ ਨੂੰ ਰਿਸ਼ਤਾ ਕਰਾਇਆ ਸੀ ਜੋ ਸ਼ਰੀਕੇ ਵਿਚੋਂ ਮੇਰਾ ਭਤੀਜਾ ਲਗਦਾ ਸੀ। ਮੁੰਡਾ ਉਨ੍ਹਾਂ ਦੇ ਬਹੁਤ ਨਜ਼ਦੀਕ ਸੀ ਅਤੇ ਉਸ ਦਾ ਵਿਆਹ ਵੀ ਦਰਬਾਰ ਸਾਹਿਬ ਕੰਪਲੈਕਸ ਵਿਚ ਹੋਇਆ ਸੀ। ਉਥੇ ਸੰਤਾਂ ਨੇ ਸੰਗਤ ਵਿਚ ਖਲੋ ਕੇ ਕਿਹਾ, ‘ਮੈਨੂੰ ਕੋਈ ਸਵਾਲ ਪੁੱਛੋ।’ ਮੈਂ ਪੁੱਛਿਆ, ‘ਪਿੰਡਾਂ ਦੀਆਂ ਸੱਥਾਂ ਵਿਚ ਗੱਲਾਂ ਹੁੰਦੀਆਂ ਨੇ ਕਿ ਕਾਂਗਰਸ ਨੇ ਅਕਾਲੀਆਂ ਨੂੰ ਫੇਲ੍ਹ ਕਰਨ ਵਾਸਤੇ, ਦਰਬਾਰ ਸਾਹਿਬ ਵਿਚ ਸੰਤ ਭਿੰਡਰਾਂਵਾਲੇ ਨੂੰ ਭੇਜਿਆ ਹੈ।’ ਉਨ੍ਹਾਂ ਦਾ ਜਵਾਬ ਤਾਂ ਡੇਢ ਘੰਟੇ ਦਾ ਸੀ, ਪਰ ਸੰਖੇਪ ਵਿਚ ਦੱਸਦਾ ਹਾਂ। ਉਨ੍ਹਾਂ ਕਿਹਾ, ‘ਮੈਂ ਕਦੀ ਕਾਂਗਰਸ ਦੇ ਕਿਸੇ ਚਪੜਾਸੀ ਨੂੰ ਵੀ ਨਹੀਂ ਮਿਲਿਆ, ਤੇ ਇਹ ਕਾਂਗਰਸ ਨਾਲ ਰਿਸ਼ਤੇਦਾਰੀਆਂ ਬਣਾ ਕੇ ਵੀ ਅਕਾਲੀ ਰਹਿੰਦੇ ਹਨ। ਮੇਰੇ ਜਥੇ ਦੇ ਸਿੰਘਾਂ ਦੇ ਹਥਿਆਰਾਂ ਦੇ ਲਾਈਸੈਂਸ ਕੈਂਸਲ ਹੋ ਰਹੇ ਹਨ, ਤੇ ਅਕਾਲੀਆਂ ਨੂੰ ਧੜਾ-ਧੜ ਦਿੱਤੇ ਜਾ ਰਹੇ ਹਨ। ਇਹ ਗਿਆਨੀ ਜ਼ੈਲ ਸਿੰਘ ਨੂੰ ਵੋਟਾਂ ਪਾ ਕੇ ਰਾਸ਼ਟਰਪਤੀ ਬਣਾਉਂਦੇ ਹਨ, ਤੇ ਫਿਰ ਪਾਰਟੀਆਂ ਵਿਚ ਸ਼ਾਮਲ ਹੁੰਦੇ ਹਨ। ਸਮਾਂ ਦੱਸੇਗਾ ਹੈ ਕਿ ਅਕਾਲੀ ਕੌਣ ਹੈ, ਤੇ ਕਾਂਗਰਸੀ ਕੌਣ ਹੈ?’
ਸਾਕਾ ਨੀਲਾ ਤਾਰਾ ਤੋਂ ਬਾਅਦ ਪੱਤਰਕਾਰ ਖੁਸ਼ਵੰਤ ਸਿੰਘ ਦਾ ਮੀਡੀਆ ਵਿਚ ਬਿਆਨ ਛਪਿਆ ਸੀ, ‘ਸੰਤ ਭਿੰਡਰਾਂਵਾਲਾ ਭਾਵੇਂ ਗਲਤ ਸੀ ਜਾਂ ਠੀਕ, ਸਰਕਾਰ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰ ਕੇ ਉਸ ਨੂੰ ਸ਼ਹੀਦ ਬਣਾ ਦਿੱਤਾ ਹੈ। ਇਹ ਇੰਦਰਾ ਸਰਕਾਰ ਦੀ ਬੱਜਰ ਗਲਤੀ ਹੈ।’ ਖੁਸ਼ਵੰਤ ਸਿੰਘ ਭਾਵੇਂ ਨਾਸਤਿਕ ਸੀ, ਪਰ ਉਸ ਨੇ ਦਰਬਾਰ ਸਾਹਿਬ ‘ਤੇ ਹਮਲੇ ਕਾਰਨ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਮਿਲਿਆ ਖਿਤਾਬ ਵੀ ਵਾਪਸ ਕਰ ਦਿੱਤਾ ਸੀ। ਸਾਡੇ ਅਖੌਤੀ ਲੀਡਰ ਜੋ ਕਹਿੰਦੇ ਸਨ ਕਿ ਪੁਲਿਸ ਜਾਂ ਫੌਜ ਦਾ ਦਰਬਾਰ ਸਾਹਿਬ ਕੰਪਲੈਕਸ ਵਿਚ ਦਾਖਲਾ ਸਾਡੀਆਂ ਲਾਸ਼ਾਂ ਤੋਂ ਲੰਘ ਕੇ ਹੋਵੇਗਾ, ਉਹ ਹੱਥ ਖੜ੍ਹੇ ਕਰ ਕੇ ਬੇਗੁਨਾਹ ਲੋਕਾਂ ਦੀਆਂ ਲਾਸ਼ਾਂ ਤੋਂ ਲੰਘ ਕੇ ਬਾਹਰ ਆ ਗਏ ਸਨ।
-ਜਸਵੰਤ ਸਿੰਘ ਸੰਧੂ ਘਰਿੰਡਾ
ਫੋਨ: 510-516-5971