ਵਿਰਾਸਤ -ਏ-ਖਾਲਸਾ ਭਾਗ ਦੂਜਾ

ਗੁਲਜ਼ਾਰ ਸਿੰਘ ਸੰਧੂ
ਪੰਜਾਬ ਦੇ ਸੈਰ-ਸਪਾਟਾ ਤੇ ਸਭਿਆਚਾਰ ਮੰਤਰੀ ਸੋਹਣ ਸਿੰਘ ਠੰਡਲ ਨੇ ਆਨੰਦਪੁਰ ਸਾਹਿਬ ਵਾਲੀ ਵਿਰਾਸਤ-ਏ-ਖਾਲਸਾ ਦੇ ਤਿੰਨ ਸਾਲ ਪੂਰੇ ਹੋਣ ‘ਤੇ ਇਸ ਦੇ ਦੂਜੇ ਭਾਗ ਦੀ ਉਸਾਰੀ ਦਾ ਐਲਾਨ ਕੀਤਾ ਹੈ। ਇਸ ਤੋਂ ਮਸਾਂ ਦੋ ਸਪਤਾਹ ਪਹਿਲਾਂ ਮੈਂ ਪਹਿਲੇ ਭਾਗ ਨੂੰ ਬੜੇ ਧਿਆਨ ਨਾਲ ਵੇਖ ਕੇ ਆਇਆ ਸਾਂ। ਮੇਰੇ ਵਿਚਾਰ ਅਨੁਸਾਰ ਇਥੇ ਲਿਖਤੀ ਸ਼ਬਦਾਂ ਦੀ ਭਰਮਾਰ ਲੋੜ ਤੋਂ ਵੱਧ ਹੈ। ਅਜਿਹੀਆਂ ਯਾਦਗਾਰਾਂ ਵਿਚ ਤਸਵੀਰਾਂ ਨੂੰ ਖੁਦ ਬੋਲਣਾ ਚਾਹੀਦਾ ਹੈ। ਜੇ ਦੂਜੇ ਭਾਗ ਵਿਚ ਸ਼ਬਦਾਂ ਦੀ ਥਾਂ ਤਸਵੀਰਾਂ ਵਲ ਵਧੇਰੇ ਧਿਆਨ ਦਿੱਤਾ ਜਾਵੇ ਤਾਂ ਚੰਗਾ ਹੈ।

ਇਲੈਕਟ੍ਰਾਨਿਕ ਮੀਡੀਆ ਦੀ ਵਰਤੋਂ ਰਾਹੀਂ ਆਪਣਾ ਸੰਦੇਸ਼ ਉਜਾਗਰ ਕਰਨਾ ਹੋਰ ਵੀ ਚੰਗਾ ਰਹੇਗਾ।
ਸ਼ ਠੰਡਲ ਦੇ ਦੱਸਣ ਅਨੁਸਾਰ ਇਥੇ ਹਰ ਰੋਜ਼ ਲਗਭਗ 7 ਹਜ਼ਾਰ ਦਰਸ਼ਕ ਆਉਂਦੇ ਹਨ ਅਤੇ ਤਿੰਨ ਸਾਲਾਂ ਵਿਚ 51 ਲੱਖ ਸੈਲਾਨੀਆਂ ਦੇ ਆਉਣ ਸਦਕਾ ਇਹ ਦੁਨੀਆਂ ਦੀਆਂ ਨਾਮੀ ਸੈਰ-ਸਪਾਟਾ ਥਾਂਵਾਂ ਵਿਚ ਸ਼ਾਮਲ ਹੋ ਗਈ ਹੈ। ਆਪਣੀ ਫੇਰੀ ਸਮੇਂ ਮੈਂ ਨੋਟ ਕੀਤਾ ਸੀ ਕਿ ਇਥੇ ਕੋਈ ਪਰਵੇਸ਼ ਟਿਕਟ ਨਹੀਂ ਲਗਦੀ। ਚੰਡੀਗੜ੍ਹ ਦੇ ਰਾਕ ਗਾਰਡਨ ਜਿੰਨੀ ਵੀ ਨਹੀਂ। ਦੂਜੇ ਭਾਗ ਦੀ ਉਸਾਰੀ ਦਾ ਕੰਮ ਵਿੱਢਣ ਤੋਂ ਪਹਿਲਾਂ ਇਸ ਵਿਰਾਸਤ ਨੂੰ ਵੇਖਣ ਵਾਲਿਆਂ ਲਈ ਦਾਖਲਾ ਟਿਕਟ ਲਾਉਣ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਬੱਸਾਂ ਗੱਡੀਆਂ ਦਾ ਕਿਰਾਇਆ ਭਰ ਕੇ ਅਤੇ ਆਪਣੀਆਂ ਕਾਰਾਂ ਦਾ ਪੈਟਰੋਲ ਫੂਕ ਕੇ ਇਥੇ ਪਹੁੰਚਣ ਵਾਲਿਆਂ ਨੂੰ ਦਾਖਲਾ ਟਿਕਟ ਲੈਣਾ ਕੋਈ ਔਖਾ ਨਹੀਂ। ਇਸ ਤਰ੍ਹਾਂ ਪ੍ਰਾਪਤ ਹੋਈ ਪੂੰਜੀ ਕੱਲ ਬਜ਼ੁਰਗਾਂ ਲਈ ਚਲ-ਕੁਰਸੀਆਂ ਦੀ ਸੁਵਿਧਾ ਅਤੇ ਪੇਸ਼ਾਬ ਘਰਾਂ ਦੀ ਸਾਂਭ ਸੰਭਾਲ ਉਤੇ ਲਗ ਸਕਦੀ ਹੈ। ਜੇ ਹੋਰ ਨਹੀਂ ਤਾਂ ਟਿਕਟਾਂ ਦੇ ਪੈਸੇ ਨਾਲ ਸੂਝਵਾਨ ਗਾਈਡਾਂ ਦੀ ਗਿਣਤੀ ਵਧਾ ਕੇ ਸੈਲਾਨੀਆਂ ਨੂੰ ਸਿੱਖ ਇਤਿਹਾਸ ਬਾਰੇ ਚੰਗੇਰੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਨਿਸਚੇ ਹੀ ਗਾਈਡਾਂ ਦੇ ਬੋਲ ਲਿਖੇ ਹੋਏ ਸ਼ਬਦਾਂ ਨੂੰ ਵਧੇਰੇ ਸਪਸ਼ਟ ਕਰ ਸਕਦੇ ਹਨ।
ਖੱਬੀਆਂ ਪਾਰਟੀਆਂ ਦੀ ਇਕਜੁਟਤਾ ਸਮੇਂ ਦੀ ਲੋੜ: ਪਿਛਲੇ ਕੁਝ ਸਾਲਾਂ ਤੋਂ ਭਾਰਤ ਦੀ ਲੋਕਰਾਜੀ ਧਾਰਨਾ ਕਾਫੀ ਡਾਵਾਂਡੋਲ ਰਹੀ ਹੈ। ਇਸ ਖੋਰੇ ਦੀ ਜ਼ਿੰਮੇਵਾਰੀ ਸਭ ਤੋਂ ਵੱਧ ਇਥੋਂ ਦੇ ਭਾਂਤ-ਸੁਭਾਂਤੇ ਹਿੰਦੂ ਸੰਗਠਨਾਂ ਦੇ ਸਿਰ ਪੈਂਦੀ ਹੈ। ਹੁਣ ਜਿਸ ਤਰ੍ਹਾਂ ਦਾ ਏਜੰਡਾ ਮੋਦੀ ਸਰਕਾਰ ਅਪਨਾ ਰਹੀ ਹੈ ਇਸ ਨਾਲ ਇਹ ਮਸਲੇ ਹੋਰ ਵੀ ਫਿਰਕੂ ਰੰਗਤ ਫੜਦੇ ਜਾਪਦੇ ਹਨ। ਅੱਜ ਜਿਹੜੀ ਤੇਜ਼ੀ ਨਾਲ ਵਿਦੇਸ਼ੀ ਪੂੰਜੀ ਲਈ ਦਰਵਾਜ਼ੇ ਖੋਲ੍ਹੇ ਜਾ ਰਹੇ ਹਨ, ਉਸ ਤੋਂ ਜਾਪਦਾ ਹੈ ਕਿ ਕੇਂਦਰ ਦੀ ਸਰਕਾਰ ਮਸਾਂ ਮਸਾਂ ਹੱਥ ਲੱਗੀ ਸੋਨੇ ਦੀ ਇਸ ਚਿੜੀਆ ਨੂੰ ਗਹਿਣੇ ਧਰਨ ਦੇ ਰਾਹ ਤੁਰ ਪਈ ਹੈ। ਕੇਂਦਰ ਦੀ ਇਸ ਧੱਕੇਸ਼ਾਹੀ ਨੇ ਦੇਸ਼ ਦੀਆਂ ਖੱਬੀਆਂ ਪਾਰਟੀਆਂ ਨੂੰ ਇਕ ਜੁੱਟ ਹੋਣ ਵਲ ਤੋਰਿਆ ਹੈ। ਜਿਸ ਕਿਸਮ ਦੇ ਹਾਲਾਤ ਹੁੰਦੇ ਜਾ ਰਹੇ ਹਨ ,ਕਾਂਗਰਸ ਪਾਰਟੀ ਨੂੰ ਵੀ ਆਪਣੀ ਚੌਧਰ ਤਿਆਗ ਕੇ ਖੱਬੀ ਸੋਚ ਵਾਲੀਆਂ ਪਾਰਟੀਆਂ ਦੇ ਮੋਢੇ ਨਾਲ ਮੋਢਾ ਡਾਹ ਕੇ ਹਾਂ-ਪੱਖੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਦੇਸ਼ ਦੀਆਂ ਨੀਂਹਾਂ ਧਰਮ ਨਿਰਪਖਤਾ ਨੇ ਮਜ਼ਬੂਤ ਕੀਤੀਆਂ ਹਨ। ਅਗਾਂਹ ਵਧੂ ਸੋਚ ਵਾਲੇ ਜਿੰਨੀ ਛੇਤੀ ਇਕ ਜੁਟ ਹੋਣਗੇ ਦੇਸ਼ ਦੀ ਸੁਰੱਖਿਆ ਤੇ ਵਿਕਾਸ ਲਈ ਓਨਾ ਹੀ ਚੰਗਾ ਹੈ।
ਵੇਖਣ ਨੂੰ ਜਾਪਦਾ ਹੈ ਕਿ ਫਿਰਕੂ ਦੈਂਤ ਦਾ ਸੁਹਾਗਾ ਬੜਾ ਭਾਰੀ ਹੈ। ਇਸ ਨੂੰ ਨੱਥ ਪਾਉਣੀ ਅਤਿਅੰਤ ਜ਼ਰੂਰੀ ਹੈ। ਲਵੀਂ ਜਾਗ੍ਰਤੀ ਨੂੰ ਸ਼ਕਤੀ ਦੇਣ ਵਿਚ ਕਿਸਾਨ ਜਥੇਬੰਦੀਆਂ ਦਾ ਭਰਵਾਂ ਯੋਗਦਾਨ ਮਿਲ ਸਕੇ ਤਾਂ ਹੋਰ ਵੀ ਚੰਗੀ ਗੱਲ ਹੈ। ਫਿਰਕੂ ਸੁਹਾਗੇ ਨੂੰ ਠੱਲ੍ਹ ਪਾਉਣ ਲਈ ਇਕ ਨਹੀਂ, ਅਨੇਕ ਜਥੇਬੰਦੀਆਂ ਦਾ ਇੱਕ ਜੁੱਟ ਹੋਣਾ ਸਮੇਂ ਦੀ ਲੋੜ ਹੈ।
ਨਕਲੀ ਡੇਰੇ ਤੇ ਆਸ਼ਰਮ: ਸੰਤ ਰਾਮਪਾਲ ਦੇ ਸਤਲੋਕ ਆਸ਼ਰਮ, ਬਰਵਾਲਾ ਵਿਚੋਂ ਬੇਹਿਸਾਬੇ ਅਸਲੇ ਤੇ ਮਾੜੇ ਕੰਮਾਂ ਨਾਲ ਸਬੰਧਤ ਹੋਰ ਸਮਗਰੀ ਤੋਂ ਆਮ ਜਨਤਾ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਅਜਿਹੇ ਆਸ਼ਰਮ ਭੋਲੇ-ਭਾਲੇ ਲੋਕਾਂ ਨੂੰ ਕਿਵੇਂ ਭੁਚਲਾ ਰਹੇ ਹਨ। ਰਾਮਪਾਲ ਨੇ ਖੁਦ ਵੀ ਇਥੇ ਗਲਤ ਕੰਮਾਂ ਦੀ ਹੋਂਦ ਮੰਨੀ ਹੈ ਭਾਵੇਂ ਇਸ ਦਾ ਭਾਂਡਾ ਆਪਣੇ ਸੇਵਾਦਾਰਾਂ ਤੇ ਕਮੇਟੀ ਮੈਂਬਰਾਂ ਦੇ ਸਿਰ ਭੰਨਿਆ ਹੈ।
ਜਿੱਥੋਂ ਤੱਕ ਗਲਤ ਕੰਮਾਂ ਦਾ ਸਬੰਧ ਹੈ, ਬਾਪੂ ਆਸਾ ਰਾਮ ਵਜੋਂ ਜਾਣਿਆ ਜਾਂਦਾ ਸਾਧ ਵੀ ਚਰਚਾ ਵਿਚ ਹੈ। ਇਹ ਸਭ ਕੁਝ ਕਾਨੂੰਨ ਦੇ ਘੇਰੇ ਵਿਚ ਆਉਂਦਿਆਂ ਦੇਰ ਲੱਗ ਸਕਦੀ ਹੈ। ਤਰਕਸ਼ੀਲਾਂ ਨੂੰ ਚਾਹੀਦਾ ਹੈ ਕਿ ਇਸ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਭੋਲੀ-ਭਾਲੀ ਜਨਤਾ ਨੂੰ ਸੁਚੇਤ ਕਰਨ। ਯੋਗ ਤੇ ਸਮਝਦਾਰ ਬੁੱਧੀਜੀਵੀਆਂ ਨੂੰ ਵੀ ਅਜਿਹੀਆਂ ਗੁੰਝਲਾਂ ਖੋਲ੍ਹਣ ਵਿਚ ਸਹਾਈ ਹੋਣਾ ਚਾਹੀਦਾ ਹੈ।
ਸੱਚੋ ਸੱਚ ਨਿਤਾਰਨ ਦੀ ਲੋੜ: ਪਿਛਲੇ ਕੁਝ ਸਮੇਂ ਤੋਂ ਵੱਡੇ ਘਰਾਂ ਵਿਚ ਕੰਮ ਕਰਨ ਵਾਲੀਆਂ ਕੁੜੀਆਂ, ਪਰਾਏ ਘਰ ਵਿਆਹ ਕੇ ਵਸੀਆਂ ਧੀਆਂ ਅਤੇ ਬਲਾਤਕਾਰ ਦਾ ਸ਼ਿਕਾਰ ਹੋਈਆਂ ਨਿਕਰਮਣ ਜਿੰਦਾਂ ਦੇ ਕਿੱਸੇ ਪੜ੍ਹ ਕੇ ਸਮਝ ਨਹੀਂ ਆਉਂਦੀ ਕਿ ਜ਼ਮਾਨਾ ਕਿਧਰ ਨੂੰ ਜਾ ਰਿਹਾ ਹੈ। ਮਾੜੀ ਗੱਲ ਇਹ ਕਿ ਸਾਡੀ ਜਨਤਾ ਉਨ੍ਹਾਂ ਦੇ ਭਲੇ ਲਈ ਘੜੇ ਕਾਨੂੰਨਾਂ ਵਿਚ ਵੀ ਚੋਰ ਮੋਰੀਆਂ ਲਭ ਲੈਂਦੀ ਹੈ। ਜਦੋਂ ਅਜਿਹੇ ਘਿਨਾਉਣੇ ਦੋਸ਼ਾਂ ਨਾਲ ਛੇਤੀ ਨਿਪਟਣ ਲਈ ਕਾਨੂੰਨ ਵਿਚ ਇਹ ਧਾਰਾ ਦਰਜ ਕੀਤੀ ਗਈ ਕਿ ਮਹਿਲਾ ਨੂੰ ਅਜਿਹਾ ਕੇਸ ਪਾਉਂਦੇ ਸਮੇਂ ਕਿਸੇ ਗਵਾਹੀ ਦੀ ਲੋੜ ਨਹੀਂ ਤਾਂ ਇਸ ਧਾਰਾ ਦੀ ਦੁਰਵਰਤੋਂ ਕਰਦਿਆਂ ਵੀ ਦੇਰ ਨਹੀਂ ਲੱਗੀ।
ਦਿੱਲੀ ਦੀ ਇਕ ਕਚਹਿਰੀ ਵਿਚ ਅਜਿਹਾ ਕੇਸ ਵੀ ਆਇਆ ਜਿੱਥੇ ਇਕ ਮਹਿਲਾ ਨੇ ਬਲਾਤਕਾਰ ਦਾ ਝੂਠਾ ਕੇਸ ਦਰਜ ਕਰਵਾ ਕੇ ਮਾਣਯੋਗ ਜੱਜ ਵਰਿੰਦਰ ਭੱਟ ਨੂੰ ਇਸ ਕੇਸ ਦੀ ਤਹਿ ਤੱਕ ਪਹੁੰਚਣ ਲਈ ਮਜਬੂਰ ਕਰ ਦਿੱਤਾ। ਬਲਾਤਕਾਰ ਦੀ ਸ਼ਿਕਾਰ ਮਹਿਲਾ ਦੇ ਮਾਣ ਸਨਮਾਨ ਦਾ ਪੂਰਾ ਧਿਆਨ ਰਖਦਿਆਂ ਮਾਣਯੋਗ ਜੱਜ ਨੂੰ ਇਹ ਫੈਸਲਾ ਦੇਣਾ ਪਿਆ ਕਿ ਝੂਠਾ ਕੇਸ ਪਾਉਣ ਵਾਲੀ ਮਹਿਲਾ ਉਤੇ ਵੀ ਕੇਸ ਜਾਰੀ ਰਹਿਣਾ ਚਾਹੀਦਾ ਹੈ। ਜੱਜ ਦੀ ਦਲੀਲ ਸੀ ਕਿ ਫੋਕੀ ਸ਼ਿਕਾਇਤ ਸਦਕਾ ਨਵੇਂ ਕਾਨੂੰਨ ਦੀ ਉਹ ਧਾਰਾ ਪਤਲੀ ਪੈ ਜਾਂਦੀ ਹੈ ਜਿਸ ਵਿਚ ਮਹਿਲਾ ਵਲੋਂ ਲਾਏ ਦੋਸ਼ ਨੂੰ ਕਿਸੇ ਪ੍ਰਕਾਰ ਦੀ ਗਵਾਹੀ ਤੋਂ ਬਿਨਾਂ ਵੀ ਮੰਨੇ ਜਾਣ ਦੇ ਆਦੇਸ਼ ਹਨ। ਜੱਜ ਨੇ ਆਪਣੇ ਫੈਸਲੇ ਵਿਚ ਠੋਕ ਕੇ ਕਿਹਾ ਹੈ ਕਿ ਇਸ ਤਰ੍ਹਾਂ ਦਾ ਝੂਠਾ ਦੋਸ਼ ਲਾਉਣ ਵਾਲੀਆਂ ਮਹਿਲਾਵਾਂ ਉਨ੍ਹਾਂ ਅਨੇਕਾਂ ਮਹਿਲਾਵਾਂ ਦੇ ਕੇਸਾਂ ਨੂੰ ਕਮਜ਼ੋਰ ਕਰ ਰਹੀਆਂ ਹਨ ਜਿਹੜੀਆਂ ਅਭੋਲ ਹੀ ਬਲਾਤਕਾਰ ਦਾ ਸ਼ਿਕਾਰ ਹੁੰਦੀਆਂ ਹਨ। ਜੱਜ ਦੇ ਇਸ ਫੈਸਲੇ ਨਾਲ ਝੂਠਾ ਕੇਸ ਪਾਉਣ ਵਾਲੀਆਂ ਮਹਿਲਾਵਾਂ ਨੂੰ ਕੰਨ ਹੋ ਜਾਣੇ ਚਾਹੀਦੇ ਹਨ।
ਅੰਤਿਕਾ: (ਟੀ ਐਨ ਰਾਜ਼)
ਯੋਗ ਆਸਨ ਔਰ ਪ੍ਰਾਣਾਯਾਮ ਹੀ ਕੇ ਜ਼ੋਰ ਪਰ
ਭਗਤਨੋ ਕੋ ਲੇ ਕੇ ਸਵਾਮੀ ਏਕ ਦਿਨ ਉੜ ਜਾਏਂਗੇ।
ਮੁਫਲਸੀ, ਬੇਰੋਜ਼ਗਾਰੀ, ਰੇਪ, ਰਿਸ਼ਵਤ ਕਤਲ ਸਭ
ਵਕਤ-ਏ-ਆਖਿਰ ਨਾਮ ਤੇਰੇ ਐ ਵਤਨ ਲਿਖ ਜਾਏਂਗੇ।