‘ਪੰਜਾਬ ਟਾਈਮਜ਼’ ਦੇ 25 ਅਕਤੂਬਰ ਵਾਲੇ ਅੰਕ ਵਿਚ ਸ਼ ਮਝੈਲ ਸਿੰਘ ਸਰਾਂ ਦਾ ਦੀਵਾਲੀ ਬਾਰੇ ਲੇਖ ‘ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ’ ਪੜ੍ਹਿਆ। ਇਹ ਬੜਾ ਦੁਰਲੱਭ ਲੇਖ ਹੈ। ਲੇਖਕ ਨੇ ਜਿਸ ਬਾਕਮਾਲ ਜੁਗਤ, ਤਰਕਸ਼ੀਲਤਾ ਅਤੇ ਵਿਚਾਰਸ਼ੀਲਤਾ ਨਾਲ ਇਤਿਹਾਸ ਤੇ ਮਿਥਿਹਾਸ ਨੂੰ ਮੌਜੂਦਾ ਵਰਤਾਰੇ ਅਤੇ ਚਲਨ ਨਾਲ ਸੁਰ-ਤਾਲ ਕੀਤਾ ਹੈ, ਉਹ ਸਲਾਹੁਣਯੋਗ ਹੈ।
ਇਸ ਲੇਖ ਵਿਚੋਂ ਲਿਸ਼ਕਦੇ ਡੂੰਘੇ ਗਿਆਨ, ਖੋਜ, ਸੱਚਾਈ ਅਤੇ ਨਿਰਪੱਖਤਾ, ਪੜ੍ਹਨ-ਸੁਣਨ ਵਾਲੇ ਦੀ ਸੋਚ ਨੂੰ ਧੁਰ ਅੰਦਰ ਤੱਕ ਝੰਜੋੜਦੀ ਹੈ। ਗਿਆਨ ਪ੍ਰਾਪਤ ਕਰਨਾ ਅਤੇ ਫਿਰ ਗਿਆਨ ਵੰਡਣਾ ਨੇਕ ਤੇ ਉਤਮ ਬੰਦੇ ਦਾ ਗੁਣ ਤੇ ਪਵਿੱਤਰ ਕਾਰਜ ਹੈ।
ਲੇਖਕ ਨੇ ਤਰਕ ਨਾਲ ਆਖਿਆ ਹੈ ਕਿ ਹੋਸ਼ਮੰਦ ਹਿੰਦੂਆਂ, ਸਿੱਖਾਂ ਅਤੇ ਦਲਿਤਾਂ ਨੂੰ ਦੀਵਾਲੀ ਨਹੀਂ ਮਨਾਉਣੀ ਚਾਹੀਦੀ। ਰਾਮਰਾਜੀਏ ਅਤੇ ਇਨ੍ਹਾਂ ਦੇ ਜੋਟੀਦਾਰ ਜੇ ਮਨਾਉਂਦੇ ਹਨ ਤਾਂ ਮਨਾਈ ਜਾਣ; ਜਾਂ ਫਿਰ ਜਿਹੜੇ ਲੋਕ ਅੰਧ-ਵਿਸ਼ਵਾਸ ਤੇ ਭਰਮ-ਭੁਲੇਖਿਆਂ ਵਿਚ ਬੁਰੀ ਤਰ੍ਹਾਂ ਜਕੜੇ ਹੋਏ ਹਨ, ਉਹ ਮਨਾਈ ਜਾਣ। ਅਸਲ ਵਿਚ ਬਹੁ-ਗਿਣਤੀ ਲੋਕ ਚਾਹੇ ਉਹ ਕਿਸੇ ਵੀ ਧਰਮ, ਨਸਲ ਜਾਂ ਭਾਈਚਾਰੇ ਦੇ ਹੋਣ, ਲਕੀਰ ਦੇ ਫਕੀਰ ਹੁੰਦੇ ਹਨ। ਵੇਲਾ ਵਿਹਾ ਚੁੱਕੇ ਗਲੇ-ਸੜੇ ਰੀਤੀ-ਰਿਵਾਜ਼ਾਂ, ਕੁਰੀਤੀਆਂ ਅਤੇ ਪਰੰਪਰਾਵਾਂ ਨੇ ਸਾਡੇ ਮਨਾਂ ਵਿਚ ਇੰਨਾ ਡਰ-ਭੈਅ, ਵਹਿਮ-ਭਰਮ ਅਤੇ ਅੰਧ-ਵਿਸ਼ਵਾਸ ਭਰ ਛੱਡਿਆ ਹੈ ਕਿ ਅਸੀਂ ਕੋਈ ਦਲੀਲ, ਸਿਆਣਪ ਜਾਂ ਸੱਚਾਈ ਭਲਾਈ ਦੀ ਗੱਲ ਸੁਣਦੇ ਨਹੀਂ। ਜੇ ਕਿਤੇ ਸੁਣ ਵੀ ਲੈਂਦੇ ਹਾਂ, ਤਾਂ ਮੰਨਦੇ ਨਹੀਂ। ਜੇ ਮੰਨ ਵੀ ਲਈਏ, ਤਾਂ ਉਸ ‘ਤੇ ਅਮਲ ਨਹੀਂ ਕਰਦੇ।
ਇਕ ਪਾਸੇ ਤਾਂ ਕਹਿੰਦੇ ਹਨ ਕਿ ਦੀਵਾਲੀ ਹਿੰਦੂਆਂ ਦਾ ਪਵਿੱਤਰ ਤਿਉਹਾਰ ਹੈ ਪਰ ਉਸ ਦਿਨ ਆਤਿਸ਼ਬਾਜ਼ੀ ਚਲਾਉਣ ਅਤੇ ਦੀਵੇ-ਮੋਮਬੱਤੀਆਂ ਬਾਲਣ ਕਰ ਕੇ ਵਾਤਾਵਰਣ ਗੰਧਲਾ ਕੀਤਾ ਜਾਂਦਾ ਹੈ। ਦੀਵਾਲੀ ਮੌਕੇ ਹੁੰਦੇ ਜਾਨੀ ਤੇ ਮਾਲੀ ਨੁਕਸਾਨ ਬਾਰੇ ਕੋਈ ਨਹੀਂ ਸੋਚਦਾ।
ਅਗਲੀ ਵਿਚਾਰ-ਚਰਚਾ ਹੈ ਕਿ ਸਿੱਖਾਂ, ਦਲਿਤਾਂ ਅਤੇ ਔਰਤਾਂ ਨੂੰ ਦੀਵਾਲੀ ਦਾ ਤਿਉਹਾਰ ਨਹੀਂ ਮਨਾਉਣਾ ਚਾਹੀਦਾ। ਕਿਹੜਾ ਤਿਉਹਾਰ ਕਿਸ ਧਰਮ, ਜਾਤ ਜਾਂ ਫਿਰਕੇ ਨਾਲ ਸਬੰਧਤ ਹੈ, ਜਾਂ ਇਹ ਕਿਉਂ ਮਨਾਏ ਜਾਂਦੇ ਹਨ, ਬਹੁਤੇ ਲੋਕਾਂ ਜਾਂ ਆਮ ਲੋਕਾਂ ਨੂੰ ਇਸ ਦਾ ਕੁਝ ਪਤਾ ਨਹੀਂ ਹੁੰਦਾ। ਆਮ ਲੋਕਾਂ ਨੂੰ ਬੱਸ ਇੰਨਾ ਹੀ ਪਤਾ ਹੁੰਦਾ ਹੈ ਕਿ ਇਹ ਖੁਸ਼ੀ ਦਾ ਦਿਹਾੜਾ ਹੈ, ਜਿਵੇਂ ਲੇਖਕ ਨੂੰ ਵੀ ਪਹਿਲਾਂ ਦੀਵਾਲੀ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ। ਲੇਖਕ ਨੂੰ ਵੀ ਪਿਛਲੇ ਦਸ ਸਾਲਾਂ ਵਿਚ ਹੀ ਅਸਲੀ ਕਹਾਣੀ ਦੀ ਸਮਝ ਪਈ ਹੈ। ਅਸਲ ਵਿਚ ਪਹਿਲਾਂ ਸਾਰੇ ਧਰਮਾਂ, ਫਿਰਕਿਆਂ ਦੇ ਲੋਕ ਸਾਰੇ ਤਿਉਹਾਰ ਰਲ-ਮਿਲ ਕੇ ਮਨਾਉਂਦੇ ਸਨ ਪਰ ਹੁਣ ਫਿਰਕਾਪ੍ਰਸਤੀ ਜਿਹੜਾ ਰੂਪ ਅਖਤਿਆਰ ਕਰ ਰਹੀ ਹੈ, ਇਸ ਦੇ ਨਤੀਜੇ ਅਸੀਂ ਸਾਰੇ ਭੁਗਤ ਰਹੇ ਹਾਂ। ਫਿਰਕਾਪ੍ਰਸਤੀ ਦਾ ਜ਼ਹਿਰ ਫੈਲਾਉਣ ਵਿਚ ਆਮ ਬੰਦੇ ਦਾ ਕੋਈ ਕਸੂਰ ਨਹੀਂ। ਕੁਝ ਚਲਾਕ, ਮੱਕਾਰ, ਸ਼ੈਤਾਨ, ਫਿਤਨੇ ਅਤੇ ਸ਼ਾਤਰ ਲੋਕਾਂ ਨੂੰ ਆਪਣੇ ਮਤਲਬਾਂ ਖਾਤਰ ਅਮਨ-ਚੈਨ ਰਾਸ ਨਹੀਂ ਬੈਠਦਾ ਅਤੇ ਇਹ ਆਮ ਲੋਕਾਂ ਨੂੰ ਸੂਲੀ ‘ਤੇ ਟੰਗੀ ਰੱਖਦੇ ਹਨ। ਲੇਖਕ ਨੇ ਰਾਮ ਰਾਜ ਦੀ ਵੀ ਸੋਹਣੀ ਵਿਆਖਿਆ ਕੀਤੀ ਹੈ। ਇਸ ਬਾਰੇ ਸਭ ਨੂੰ ਸੋਚਣਾ ਚਾਹੀਦਾ ਹੈ।
ਸਿੱਖ ਦੀਵਾਲੀ ਕਿਉਂ ਮਨਾਉਂਦੇ ਹਨ? ਜੇ ਸਿੱਖਾਂ ਦੇ ਗੁਰੂ ਜੀ ਮੁਗਲ ਬਾਦਸ਼ਾਹ ਦੀ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਉਂਦੇ ਹਨ, ਤਾਂ ਕੁਦਰਤੀ ਹੈ ਕਿ ਇਸ ਦੀ ਖੁਸ਼ੀ ਹੋਵੇਗੀ ਹੀ। ਉਂਜ, ਇਸ ਬਾਰੇ ਵੀ ਲੇਖਕ ਨੇ ਤਰਕ ਸਹਿਤ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਠੀਕ ਹੈ ਕਿ ਜਿਨ੍ਹਾਂ ਪਹਾੜੀ ਰਾਜਿਆਂ ਨੂੰ ਗੁਰੂ ਜੀ ਨੇ ਛੁਡਵਾਇਆ, ਉਨ੍ਹਾਂ ਨੇ ਬਾਅਦ ਵਿਚ ਦਸਵੇਂ ਗੁਰੂ ਜੀ ਨੂੰ ਤੰਗ-ਪ੍ਰੇਸ਼ਾਨ ਕਰੀ ਰੱਖਿਆ। ਸਿੱਖ ਗੁਰੂ ਤਾਂ ਆਏ ਹੀ ਪਰਉਪਕਾਰ ਅਤੇ ਭਲਾ ਕਰਨ ਲਈ ਸਨ। ਉਨ੍ਹਾਂ ਕੋਲ ਜਿਹੜਾ ਵੀ ਕੋਈ ਦੁਖੀ-ਫਰਿਆਦੀ ਆਇਆ, ਉਨ੍ਹਾਂ ਨੇ ਉਸੇ ਦਾ ਭਲਾ ਕੀਤਾ।
ਹਾਂ, ਜੇ ਹੋ ਸਕਦਾ ਹੈ ਤਾਂ ਸਿੱਖ ਦੀਵਾਲੀ ਦਾ ਤਿਉਹਾਰ ਸਿੱਖੀ ਕਾਇਦੇ ਕਾਨੂੰਨ ਅਨੁਸਾਰ ਮਨਾਉਣ। ਜਿਵੇਂ ਗੁਰਬਾਣੀ ਵਿਚ ਵਾਰ-ਵਾਰ ਗਿਆਨ ਪ੍ਰਾਪਤੀ ਦੀ ਸਿੱਖਿਆ ਦਿੱਤੀ ਗਈ ਹੈ; ਭਾਵ ਗੁਰੂ ਜੀ ਚਾਹੁੰਦੇ ਹਨ ਕਿ ਸਿੱਖਾਂ ਨੂੰ ਬਾਹਰੀ ਦੀਵਿਆਂ ਦੀ ਥਾਂ ਆਪਣੇ ਮਨ-ਮਸਤਕ ਵਿਚ ਗਿਆਨ ਦਾ ਦੀਵਾ ਬਾਲਣਾ ਚਾਹੀਦਾ ਹੈ ਅਤੇ ਬਾਹਰੀ ਅਡੰਬਰ, ਵਿਖਾਵੇ ਅਤੇ ਨਕਲੀਪਣ ਛੱਡ ਕੇ ਹਕੀਕਤ ਵੱਲ ਪਰਤਣਾ ਚਾਹੀਦਾ ਹੈ। ਗੁਰੂ ਸਾਹਿਬਾਨ ਦੀ ਤਾਂ ਸਿੱਖਾਂ ਨੂੰ ਇਹੋ ਸਿੱਖਿਆ ਹੈ ਕਿ ਸਿੱਖਾਂ ਨੂੰ ਗਿਆਨਵਾਨ, ਸਿਆਣੇ ਤੇ ਇਨਸਾਫ-ਪਸੰਦ ਬਣਨਾ ਚਾਹੀਦਾ ਹੈ। ਜੇ ਸਿੱਖ ਗਿਆਨਵਾਨ ਹੋ ਜਾਣ ਤਾਂ ਇਨ੍ਹਾਂ ਨੂੰ ਮਹਾਨ ਗੁਰੂਆਂ ਨਾਲ ਸਬੰਧਤ ਤਿਉਹਾਰ ਅਤੇ ਹੋਰ ਸਿੱਖ ਇਤਿਹਾਸਕ ਦਿਹਾੜੇ ਮਨਾਉਣ ਦੀ ਜਾਚ ਵੀ ਆ ਜਾਵੇਗੀ।
-ਦਲਵਿੰਦਰ ਸਿੰਘ ਬੇਕਰਜ਼ਫ਼ੀਲਡ
ਫੋਨ: 661-834-9770