ਅਰਪਨਾ ਕੌਰ ਦੀ ਪੇਂਟਿੰਗ: ਜ਼ਖ਼ਮ 84
-ਗੁਰਬਖਸ਼ ਸਿੰਘ ਸੋਢੀ
ਚਿੱਤਰਕਾਰ ਅਰਪਨਾ ਕੌਰ ਦਾ ਚਿੱਤਰ Ḕਵੂੰਡਸ ਆਫ 1984′ ਉਸ ਨੇ 1984 ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਸਿੱਖਾਂ ਦੇ ਕਤਲੇਆਮ ਦੇ ਪ੍ਰਸੰਗ ਵਿਚ ਬਣਾਇਆ ਸੀ। ਉਂਜ, ਇਸ ਪੇਂਟਿੰਗ ਵਿਚ ਭਰਿਆ ਸਿਆਹ ਰੰਗ ਇਤਨਾ ਜ਼ੋਰਦਾਰ ਹੋ ਕੇ ਉਭਰਿਆ ਕਿ ਇਸ ਤਰ੍ਹਾਂ ਦੇ ਹਰ ਦਰਦ ਨਾਲ ਇਸ ਦਾ ਨਾਤਾ ਸਦਾ-ਸਦਾ ਲਈ ਜੁੜ ਗਿਆ। ਹੁਣ ਇਹ ਪੇਂਟਿੰਗ ਇਕੱਲੇ ਸਿੱਖ ਕਤਲੇਆਮ ਦਾ ਦਰਦ ਹੀ ਬਿਆਨ ਨਹੀਂ ਕਰਦੀ, ਸਗੋਂ ਸੰਸਾਰ ਭਰ ਵਿਚ ਹੋਈਆਂ ਅਜਿਹੀ ਘਟਨਾਵਾਂ ਦੀ ਚੀਸ ਦਰਸ਼ਕ ਦੇ ਸੀਨੇ ਵਿਚ ਉਭਾਰਦੀ ਹੈ।
ਤ੍ਰਾਸਦੀ ਦੀ ਮਾਰ ਹੇਠ ਆਏ ਹਰ ਸੰਵੇਦਨਸ਼ੀਲ ਬੰਦੇ ਨੂੰ ਇਹ ਪੇਂਟਿੰਗ ਅਪੀਲ ਕਰਦੀ ਹੈ। ਇਸੇ ਕਰ ਕੇ ਇਸ ਪੇਂਟਿੰਗ ਦਾ ਮੁੱਲ, ਅਮੁੱਲ ਹੋ ਨਿਬੜਿਆ ਹੈ। ਇਸ ਤਰ੍ਹਾਂ ਦਾ ਮਾਣ-ਸਤਿਕਾਰ ਕਿਸੇ-ਕਿਸੇ ਦੀ ਕਿਰਤ ਦੇ ਹਿੱਸੇ ਆਉਂਦਾ ਹੈ। ਅਰਪਨਾ ਕੌਰ ਨੇ ਇਸ ਚਿੱਤਰ ਵਿਚ ਸੱਚ-ਮੁੱਚ ਦਰਦ ਨੂੰ ਜ਼ੁਬਾਨ ਦਿੱਤੀ ਹੈ।
ਅਰਪਨਾ ਕੌਰ ਨੇ ਵੱਖ-ਵੱਖ ਸਮਿਆਂ ਦੌਰਾਨ ਪੇਂਟਿੰਗ ਵਿਚ ਕਈ ਤਰ੍ਹਾਂ ਤੇ ਤਜਰਬੇ ਕੀਤੇ ਹਨ। ਉਹਦੀ ਮਾਂ ਅਜੀਤ ਕੌਰ ਪੰਜਾਬੀ ਦੀ ਚੋਟੀ ਦੀ ਲੇਖਕ ਹੈ, ਇਸ ਲਈ ਉਹਨੂੰ ਆਪਣੇ ਬਚਪਨ ਵਿਚ ਅਜਿਹੀਆਂ ਕਲਾਤਮਕ ਉਡਾਣਾਂ ਨਾਲ ਜੁੜਨ ਦਾ ਮੌਕਾ ਮਿਲਿਆ। ਫਿਰ ਉਸ ਲਈ ਚਿੱਤਰਕਾਰੀ ਦਾ ਰਾਹ ਖੁੱਲ੍ਹ ਗਿਆ। ਬਚਪਨ ਉਸ ਦਾ ਸ਼ਿਮਲਾ ਵਿਚ ਬੀਤਿਆ ਅਤੇ ਉਥੇ ਹੀ ਉਸ ਨੇ ਮੁੱਢਲੀ ਪੜ੍ਹਾਈ ਕੀਤੀ। ਸਿੱਟੇ ਵਜੋਂ ਕੁਦਰਤ ਦਾ ਵਰੋਸਾਇਆ ਆਲਾ-ਦੁਆਲਾ ਹੌਲੀ-ਹੌਲੀ ਉਸ ਦੇ ਜ਼ਿਹਨ ਵਿਚ ਉਤਰਦਾ ਗਿਆ ਅਤੇ ਉਹ ਰੰਗਾਂ ਵੱਲ ਖਿੱਚੀਂਦੀ ਚਲੀ ਗਈ। ਉਹ ਉਦੋਂ ਮਹਿਜ਼ 9 ਸਾਲ ਦੀ ਸੀ ਜਦੋਂ ਉਸ ਨੇ Ḕਮਾਂ ਅਤੇ ਧੀḔ ਨਾਮ ਦਾ ਚਿੱਤਰ ਬਣਾਇਆ। ਇਹ ਚਿੱਤਰ ਉਸ ਨੇ ਮਸ਼ਹੂਰ ਚਿੱਤਰਕਾਰਾ ਅੰਮ੍ਰਿਤਾ ਸ਼ੇਰਗਿੱਲ ਤੋਂ ਪ੍ਰਭਾਵਿਤ ਹੋ ਕੇ ਬਣਾਇਆ ਸੀ। ਇਸ ਤੋਂ ਬਾਅਦ ਉਸ ਦਾ ਰੰਗਾਂ ਨਾਲ ਅਜਿਹਾ ਰਿਸ਼ਤਾ ਬਣਿਆ ਕਿ ਰੰਗ ਹੀ ਉਸ ਦੀ ਜ਼ਿੰਦਗੀ ਦੇ ਅਰਥ ਹੋ ਨਿਬੜੇ। ਪਹਿਲਾਂ-ਪਹਿਲ ਜਦੋਂ ਉਹ ਰੰਗਾਂ ਦੀ ਦੁਨੀਆਂ ਅੰਦਰ ਦਾਖਲ ਹੋਈ ਸੀ, ਤਾਂ ਮਨ ਵਿਚ ਕਿਤੇ ਜਕ ਜਿਹੀ ਸੀ, ਉਸ ਦਾ ਭਰੋਸਾ ਨਹੀਂ ਸੀ ਬਣ ਰਿਹਾ, ਪਰ ਉਸ ਨੇ ਆਪਣਾ ਸਫਰ ਜਾਰੀ ਰੱਖਿਆ। ਫਿਰ 1974 ਵਿਚ ਜਦੋਂ ਦਿੱਲੀ ਵਿਚ ਉਸ ਨੇ ਜਰਮਨ ਸਫਾਰਤਖਾਨੇ ਵਜੋਂ ਲਾਈ ਨੁਮਾਇਸ਼ ਵੇਖੀ ਤਾਂ ਉਸ ਲਈ ਰਾਹ ਖੁੱਲ੍ਹ ਗਿਆ। ਇਸ ਨੁਮਾਇਸ਼ ਵਿਚ ਮਕਬੂਲ ਫਿਦਾ ਹੁਸੈਨ, ਜੇæ ਸਵਾਮੀਨਾਥਨ, ਪਰਮਜੀਤ ਸਿੰਘ ਅਤੇ ਕਈ ਹੋਰ ਚਿੱਤਰਕਾਰਾਂ ਦੇ ਚਿੱਤਰ ਰੱਖੇ ਗਏ ਸਨ। ਫਿਰ ਉਸ ਨੇ 1995 ਵਿਚ ਆਪਣੇ ਚਿੱਤਰਾਂ ਦੀ ਨੁਮਾਇਸ਼ ਲਾਈ। ਇਸ ਨੁਮਾਇਸ਼ ਵਿਚ ਵੱਡਾ ਯੋਗਦਾਨ ਪਰਿਵਾਰ ਦੇ ਜਾਣੂ ਭਵੇਸ਼ ḔਦਾḔ (ਸਾਨਿਆਲ) ਨੇ ਪਾਇਆ।
ਅਰਪਨਾ ਕੌਰ ਦੇ ਚਿੱਤਰਾਂ ਵਿਚ ਕੈਂਚੀ ਇਕ ਤਕੜੇ ਪ੍ਰਤੀਕ ਵਜੋਂ ਉਭਰਦਾ ਹੈ। ਇਹ ਪ੍ਰਤੀਕ ਉਸ ਨੇ ਆਪਣੇ ਚਿੱਤਰਾਂ ਵਿਚ 1988 ਤੋਂ ਬਾਅਦ ਵਰਤਣਾ ਸ਼ੁਰੂ ਕੀਤਾ ਸੀ। ਇਸ ਪ੍ਰਤੀਕ ਦੀ ਇੰਨੀ ਜ਼ਿਆਦਾ ਚਰਚਾ ਹੋਈ ਕਿ ਚਿੱਤਰਕਾਰ ਸਤੀਸ਼ ਗੁਜਰਾਲ ਨੇ ਉਸ ਨੂੰ ਕੈਂਚੀ ਕਹਿਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਬੁੱਧ, ਨਾਨਕ ਅਤੇ ਕਬੀਰ ਤੋਂ ਪ੍ਰੇਰਿਤ ਹੋ ਕੇ ਪੇਂਟਿੰਗਾਂ ਬਣਾਈਆਂ। ਉਸ ਨੇ ਆਪਣੇ ਦਾਦੇ ਦੀ ਯਾਦ ਵਿਚ ਇਕ ਪੇਂਟਿੰਗ ਬਣਾਈ ਜੋ 1947 ਦੀ ਵੰਡ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰ ਉਤੇ ਸਜਾ ਕੇ ਤੁਰ ਰਿਹਾ ਹੈ। ਇਸ ਚਿੱਤਰ ਵਿਚ ਦਾਦੇ ਦੇ ਪਿੱਛੇ ਇਕ ਮਗਰੀ ਵੀ ਲੱਗੀ ਹੋਈ ਹੈ ਜਿਸ ਵਿਚ ਉਸ ਦੌਰ ਦੀਆਂ ਯਾਦਾਂ ਵੀ ਨਾਲੋ-ਨਾਲ ਤੁਰ ਰਹੀਆਂ ਜਾਪਦੀਆਂ ਹਨ।