ਨਵਜੋਤ ਸਿੱਧੂ ਵਿਰੁਧ ਪੰਥਕ ਕਾਰਵਾਈ ਦੀ ਮੰਗ ਤੋਂ ਛਿੜਿਆ ਵਿਵਾਦ

ਅੰਮ੍ਰਿਤਸਰ: ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਗੁਰਬਾਣੀ ਦੀਆਂ ਤੁਕਾਂ ਨੂੰ ਤੋੜਣ ਮਰੋੜਣ ਦੇ ਦੋਸ਼ ਹੇਠ ਅਕਾਲ ਤਖ਼ਤ ‘ਤੇ ਤਲਬ ਕਰਨ ਤੇ ਉਸ ਖ਼ਿਲਾਫ਼ ਪੰਥਕ ਕਾਰਵਾਈ ਦੀ ਮੰਗ ਤੋਂ ਵਿਵਾਦ ਖੜਾ ਹੋ ਗਿਆ ਹੈ। ਇਸ ਮਾਮਲੇ ਵਿਚ ਸਿੱਖ ਧਾਰਮਿਕ ਆਗੂਆਂ ਦਾ ਮਤ ਹੈ ਕਿ ਕਿਸੇ ਵੀ ਪਤਿਤ ਸਿੱਖ ਨੂੰ ਅਕਾਲ ਤਖ਼ਤ ‘ਤੇ ਨਹੀਂ ਸੱਦਿਆ ਜਾ ਸਕਦਾ। ਜੇਕਰ ਅਜਿਹਾ ਕੀਤਾ ਗਿਆ ਤਾਂ ਇਹ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਹੋਵੇਗੀ।

ਦੂਜੇ ਪਾਸੇ ਸਹਿਜਧਾਰੀ ਸਿੱਖ ਪਾਰਟੀ ਦੇ ਮੁਖੀ ਡਾæ ਪਰਮਜੀਤ ਸਿੰਘ ਰਾਣੂੰ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਜੇਕਰ ਸ੍ਰੀ ਸਿੱਧੂ ਨੂੰ ਸਿੱਖ ਮੰਨ ਕੇ ਤਲਬ ਕੀਤਾ ਜਾਂਦਾ ਹੈ ਤਾਂ ਇਸ ਨਾਲ ਸਹਿਜਧਾਰੀ ਸਿੱਖਾਂ ਨੂੰ ਮਾਨਤਾ ਮਿਲੇਗੀ। ਉਨ੍ਹਾਂ ਆਖਿਆ ਕਿ ਸਿੱਧੂ ਸਿੱਖ ਪਰਿਵਾਰ ਵਿਚ ਪੈਦਾ ਹੋਏ ਹਨ ਪਰ ਉਨ੍ਹਾਂ ਅੰਮ੍ਰਿਤਪਾਨ ਨਹੀਂ ਕੀਤਾ ਹੈ, ਇਸ ਲਈ ਉਹ ਸਹਿਜਧਾਰੀ ਸਿੱਖ ਹਨ ਤੇ ਸਹਿਜਧਾਰੀ ਸਿੱਖ ਕਦੇ ਪਤਿਤ ਨਹੀਂ ਹੁੰਦਾ।
ਸ੍ਰੀ ਅਕਾਲ ਤਖ਼ਤ ਵੱਲੋਂ ਪ੍ਰਵਾਨਿਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਿਆਦਾ ਦੀ ਧਾਰਾ ਤਿੰਨ ਵਿਚ ਇਹ ਸਪੱਸ਼ਟ ਕਿਹਾ ਗਿਆ ਹੈ ਕਿ ਅਕਾਲ ਤਖ਼ਤ ਵਿਖੇ ਕਿਸੇ ਪਤਿਤ ਜਾਂ ਤਨਖਾਹੀਆ ਸਿੱਖ ਦੀ ਅਰਦਾਸ ਨਹੀਂ ਕੀਤੀ ਜਾ ਸਕਦੀ। ਇਥੇ ਸਿਰਫ ਸਿੱਖ ਵਿਅਕਤੀ ਦੀ ਹੀ ਅਰਦਾਸ ਹੋ ਸਕਦੀ ਹੈ। ਇਸੇ ਤਰ੍ਹਾਂ ਅਕਾਲ ਤਖ਼ਤ ਤੋਂ ਤਨਖਾਹ ਸੁਣਾਏ ਗਏ ਵਿਅਕਤੀ ਬਾਰੇ ਦਰਜ ਹੈ ਕਿ ਉਸ ਦੀ ਖਿਮਾ ਯਾਚਨਾ ਦੀ ਅਰਦਾਸ ਮਗਰੋਂ ਹੀ ਉਹ ਸੁਰਖਰੂ ਹੋ ਸਕਦਾ ਹੈ। ਸਿੱਖ ਵਿਦਵਾਨਾਂ ਦਾ ਕਹਿਣਾ ਕਿ ਜੇਕਰ ਪਤਿਤ ਸਿੱਖ ਅਰਦਾਸ ਨਹੀਂ ਕਰਵਾ ਸਕਦਾ ਤਾਂ ਤਨਖਾਹ ਲਾਉਣ ਮਗਰੋਂ ਉਸ ਦੀ ਖਿਮਾ ਯਾਚਨਾ ਦੀ ਅਰਦਾਸ ਕਿਵੇਂ ਹੋਵੇਗੀ। ਇਸ ਲਈ ਮੁੱਢਲੇ ਤੌਰ ‘ਤੇ ਪਤਿਤ ਸਿੱਖ ਨੂੰ ਅਕਾਲ ਤਖ਼ਤ ਵਿਖੇ ਨਾ ਤਲਬ ਕੀਤਾ ਜਾ ਸਕਦਾ ਹੈ ਤੇ ਨਾ ਹੀ ਤਨਖਾਹ ਲਾਈ ਜਾ ਸਕਦੀ ਹੈ।
ਇਸ ਬਾਰੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਕਿਸੇ ਵੀ ਪਤਿਤ ਸਿੱਖ ਨੂੰ ਕਾਰਵਾਈ ਲਈ ਅਕਾਲ ਤਖ਼ਤ ਸਾਹਿਬ ‘ਤੇ ਨਹੀਂ ਸੱਦਿਆ ਜਾ ਸਕਦਾ। ਉਨ੍ਹਾਂ ਆਖਿਆ ਕਿ ਜੇਕਰ ਕਿਸੇ ਪਤਿਤ ਵਿਅਕਤੀ ਨੂੰ ਪੰਥਕ ਕਾਰਵਾਈ ਦੀ ਸੁਣਵਾਈ ਹੇਠ ਸੱਦ ਲਿਆ ਜਾਵੇ ਤੇ ਉਹ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਸਾਹਿਬ ਨੂੰ ਮੰਨਣ ਤੋਂ ਇਨਕਾਰੀ ਹੋਵੇ ਤਾਂ ਇਸ ਨਾਲ ਤਖ਼ਤ ਦੀ ਸਥਿਤੀ ਹਾਸੋਹੀਣੀ ਬਣ ਜਾਵੇਗੀ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਮਾਮਲੇ ਦੀ ਸਿੱਖ ਵਿਦਵਾਨਾਂ ਦੀ ਕਮੇਟੀ ਬਣਾ ਕੇ ਜਾਂਚ ਕਰਾਉਣੀ ਚਾਹੀਦੀ ਹੈ। ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਆਖਿਆ ਕਿ ਜੇਕਰ ਕੋਈ ਵਿਅਕਤੀ ਦਸਤਾਰਧਾਰੀ ਹੈ, ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਸਮੇਤ 10 ਗੁਰੂਆਂ ਵਿਚ ਵਿਸ਼ਵਾਸ ਰੱਖਦਾ ਹੈ ਤਾਂ ਅਜਿਹੇ ਵਿਅਕਤੀ ਨੂੰ ਅਕਾਲ ਤਖ਼ਤ ‘ਤੇ ਤਲਬ ਕਰਕੇ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਪਤਿਤ ਦੀ ਪਰਿਭਾਸ਼ਾ ਬਾਰੇ ਆਖਿਆ ਕਿ ਜੋ ਵਿਅਕਤੀ ਅੰਮ੍ਰਿਤਪਾਨ ਕਰਕੇ ਭੰਗ ਕਰਦਾ ਹੈ ਉਹ ਪਤਿਤ ਹੈ। ਇਸ ਦੌਰਾਨ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਵੀ ਆਖਿਆ ਕਿ ਜੇਕਰ ਅਕਾਲ ਤਖ਼ਤ ਵੱਲੋਂ ਸ੍ਰੀ ਸਿੱਧੂ ਨੂੰ ਤਲਬ ਕੀਤਾ ਜਾਂਦਾ ਹੈ ਤਾਂ ਇਹ ਪਤਿਤ ਵਿਅਕਤੀਆਂ ਨੂੰ ਮਾਨਤਾ ਦੇਣ ਬਰਾਬਰ ਕਾਰਵਾਈ ਹੋਵੇਗੀ।
_____________________________________
ਅਕਾਲੀਆਂ ਹੱਥ ਆਇਆ ਸਿੱਧੂ ਨੂੰ ਘੇਰਨ ਦਾ ਮੌਕਾ
ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਦੇ ਮੂੰਹੋਂ ਗੁਰਬਾਣੀ ਦੇ ਗਲਤ ਉਚਾਰਨ ਦੇ ਮਾਮਲੇ ਨਾਲ ਅਕਾਲੀਆਂ ਨੂੰ ਕੁਝ ਸਮੇਂ ਲਈ ਸੁੱਖ ਦਾ ਸਾਹ ਮਿਲਿਆ ਹੈ। ਭਾਵੇਂ ਕਿਸੇ ਵੇਲੇ ਖੁਦ ਇਹ ਗ਼ਲਤੀ ਕਰਕੇ ਭੋਗ ਚੁੱਕੇ ਅਕਾਲੀ ਇਸ ਮੁੱਦੇ ਨੂੰ ਸਿੱਧਾ ਨਹੀਂ ਚੁੱਕ ਰਹੇ ਪਰ ਆਮ ਸਿੱਖਾਂ ਵੱਲੋਂ ਸਿੱਧੂ ਦੀ ਅਲੋਚਨਾ ‘ਤੇ ਕੱਛਾਂ ਜ਼ਰੂਰ ਵਜਾ ਰਹੇ ਹਨ। ਦੂਸਰੀ ਕਤਾਰ ਦੇ ਆਗੂ ਨਵਜੋਤ ਸਿੱਧੂ ਵਿਰੁੱਧ ਕਾਰਵਾਈ ਕਰਨ ਦੇ ਖੁੱਲ੍ਹੇਆਮ ਬਿਆਨ ਦਾਗ਼ ਰਹੇ ਹਨ। ਚੰਡੀਗੜ੍ਹ ਅਧਾਰਿਤ ਵਕੀਲਾਂ ਦੀ ਜਥੇਬੰਦੀ ‘ਲਾਇਰਜ਼ ਫਾਰ ਹਿਉਮੈਨਟੀ’ ਵੱਲੋਂ ਆਪਣੇ ਪ੍ਰਧਾਨ ਰਵਿੰਦਰ ਸਿੰਘ ਜੋਲੀ ਰਾਹੀਂ ਸਥਾਨਕ ਅਦਾਲਤ ਵਿਚ ਪਟੀਸ਼ਨ ਦਾਇਰ ਕਰਦਿਆਂ ਸਿੱਧੂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 295ਏ ਤੇ 298 ਤਹਿਤ ਕੇਸ ਦਰਜ ਕਰ ਉਨ੍ਹਾਂ ਨੂੰ ਜਾਣਬੁੱਝ ਕੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਏ ਜਾਣ ਦੇ ਦੋਸ਼ਾਂ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
______________________________________
ਨਿਮਾਣੇ ਸਿੱਖ ਵਜੋਂ ਪੇਸ਼ ਹੋ ਕੇ ਭੁੱਲ ਬਖ਼ਸ਼ਾਵਾਂਗੇ: ਸਿੱਧੂ
ਅੰਮ੍ਰਿਤਸਰ: ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਮੁੱਖ ਸੰਸਦੀ ਸਕੱਤਰ ਡਾæ ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਉਹ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਸਾਹਿਬਾਨ ਵਿਚ ਪੂਰਾ ਵਿਸ਼ਵਾਸ ਰੱਖਦੇ ਹਨ ਤੇ ਸਿੱਖ ਹਨ। ਜੇ ਉਨ੍ਹਾਂ ਦੇ ਪਤੀ ਦੇ ਸ਼ਬਦਾਂ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਅਕਾਲ ਤਖ਼ਤ ਵੱਲੋਂ ਸੱਦੇ ਜਾਣ ‘ਤੇ ਉਹ ਨਿਮਾਣੇ ਸਿੱਖ ਵਜੋਂ ਪੇਸ਼ ਹੋ ਕੇ ਭੁੱਲ ਬਖ਼ਸ਼ਾਉਣਗੇ। ਉਨ੍ਹਾਂ ਆਖਿਆ ਕਿ ਉਹ ਸਿੱਖ ਹਨ ਤੇ ਸਿੱਖ ਧਰਮ ਦਾ ਪੂਰਾ ਮਾਣ ਸਤਿਕਾਰ ਕਰਦੇ ਹਨ। ਜੇ ਕਿਤੇ ਬੋਲਦੇ ਸਮੇਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਉਹ ਭੁੱਲ ਬਖ਼ਸ਼ਾਉਣ ਲਈ ਤਿਆਰ ਹਨ।