ਗੁਲਜ਼ਾਰ ਦਾ ਸ਼ਾਹਕਾਰ ‘ਲਿਬਾਸ’

ਫਿਲਮਸਾਜ਼ ਗੁਲਜ਼ਾਰ ਦੀ ਸ਼ਾਹਕਾਰ ਫਿਲਮ ḔਲਿਬਾਸḔ ਕੌਮਾਂਤਰੀ ਫਿਲਮ ਮੇਲੇ ਵਿਚ ਦਿਖਾਈ ਗਈ। ਇਹ ਫਿਲਮ 1988 ਵਿਚ ਬਣਾਈ ਗਈ ਸੀ, ਪਰ ਇਸ ਫਿਲਮ ਦੇ ਵਿਸ਼ੇ ਕਰ ਕੇ ਸੈਂਸਰ ਬੋਰਡ ਨੇ ਇਸ ਨੂੰ ਇਹ ਕਹਿ ਕੇ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਇਸ ਨਾਲ ਸਮਾਜ ਵਿਚ ਅਫਰਾ-ਤਫਰੀ ਵਾਲਾ ਮਾਹੌਲ ਬਣ ਸਕਦਾ ਹੈ। ਇਸ ਫਿਲਮ ਦੀ ਕਹਾਣੀ, ਗੁਲਜ਼ਾਰ ਦੀ ਆਪਣੀ ਲਿਖੀ ਕਹਾਣੀ ḔਸੀਮਾḔ ਉਤੇ ਆਧਾਰਤ ਹੈ।

ਇਹ ਕਹਾਣੀ ਅਜਿਹੀ ਕੁੜੀ ਦੀ ਕਹਾਣੀ ਹੈ ਜਿਸ ਦਾ ਪਤੀ ਥੀਏਟਰ ਕਰਦਾ ਹੈ। ਉਹ ਖੁਦ ਵੀ ਉਸੇ ਥੀਏਟਰ ਗਰੁਪ ਵਿਚ ਲੀਡ ਰੋਲ ਨਿਭਾਉਂਦੀ ਹੈ। ਉਸ ਦਾ ਪਤੀ ਆਪਣੇ ਕੰਮ ਵਿਚ ਇੰਨਾ ਜ਼ਿਆਦਾ ਗੁਆਚਿਆ ਰਹਿੰਦਾ ਹੈ ਕਿ ਉਸ ਦੀਆਂ ਉਡਾਣਾਂ ਵੱਲ ਕੋਈ ਧਿਆਨ ਨਹੀਂ ਦਿੰਦਾ। ਸਿੱਟੇ ਵਜੋਂ ਉਸ ਦਾ ਪਿਆਰ ਕਿਸੇ ਹੋਰ ਨਾਲ ਹੋ ਜਾਂਦਾ ਹੈ। ਸੈਂਸਰ ਬੋਰਡ ਨੇ ਵਿਆਹ ਤੋਂ ਬਾਹਰੇ ਇਨ੍ਹਾਂ ਸਬੰਧਾਂ ਨੂੰ ਆਧਾਰ ਮਿਥ ਕੇ ਹੀ ਫਿਲਮ ਉਤੇ ਰੋਕ ਲਾਈ ਸੀ। ਉਦੋਂ ਇਹ ਫਿਲਮ ਭਾਰਤ ਵਿਚ ਤਾਂ ਰਿਲੀਜ਼ ਨਹੀਂ ਸੀ ਹੋ ਸਕੀ ਪਰ ਵੱਖ-ਵੱਖ ਕੌਮਾਂਤਰੀ ਮੇਲਿਆਂ ਵਿਚ ਇਹ ਵੱਡੇ ਪੱਧਰ ਉਤੇ ਦਿਖਾਈ ਗਈ। ਫਿਲਮ ਆਲੋਚਕਾਂ ਅਤੇ ਆਮ ਦਰਸ਼ਕਾਂ ਨੇ ਇਸ ਦੀ ਬੜੀ ਪ੍ਰਸ਼ੰਸਾ ਕੀਤੀ ਸੀ। ਅੱਜ ਇਹ ਗੁਲਜ਼ਾਰ ਦੀਆਂ ਸ਼ਾਹਕਾਰ ਫਿਲਮਾਂ ਵਿਚ ਸ਼ਾਮਿਲ ਹੈ। ਫਿਲਮ ਵਿਚ ਸ਼ਬਾਨਾ ਆਜ਼ਮੀ, ਨਸੀਰੂਦੀਨ ਸ਼ਾਹ, ਰਾਜ ਬੱਬਰ, ਉਤਪਲ ਦੱਤ ਅਤੇ ਅਨੂ ਕਪੂਰ ਦੀਆਂ ਭੂਮਿਕਾਵਾਂ ਹਨ।
ਗੋਆ ਵਿਚ ਲੱਗੇ 45ਵੇਂ ਕੌਮਾਂਤਰੀ ਫਿਲਮ ਮੇਲੇ ਵਿਚ ਇਹ ਫਿਲਮ ਦਿਖਾਉਣ ਤੋਂ ਬਾਅਦ ਰੱਫੜ ਸ਼ੁਰੂ ਹੋ ਗਿਆ। ਫਿਲਮ ਦੇ ਨਿਰਮਾਤਾ ਵਿਕਾਸ ਮੋਹਨ ਨੇ ਇਤਰਾਜ਼ ਕੀਤਾ ਕਿ ਉਸ ਤੋਂ ਆਗਿਆ ਲੈਣ ਤੋਂ ਬਗ਼ੈਰ ਹੀ ਇਹ ਫਿਲਮ ਮੇਲੇ ਵਿਚ ਦਿਖਾ ਦਿੱਤੀ ਗਈ। ਉਸ ਨੇ ਮੇਲੇ ਦੇ ਡਾਇਰੈਕਟਰ ਸ਼ੰਕਰ ਮੋਹਨ ਅਤੇ ਸੂਚਨਾ ਤੇ ਪ੍ਰਸਾਰਨ ਵਿਭਾਗ ਦੇ ਸਕੱਤਰ ਵਿਮਲ ਜੁਲਕਾ ਨੂੰ ਨੋਟਿਸ ਜਾਰੀ ਕਰਦਿਆਂ ਮੁਆਫੀ ਮੰਗਣ ਲਈ ਕਿਹਾ। ਵਿਕਾਸ ਮੋਹਨ ਦਾ ਇਤਰਾਜ਼ ਸੀ ਕਿ ਇਹ ਫਿਲਮ ਮੇਲਿਆਂ ਵਿਚ ਦਿਖਾਉਣ ਦੀ ਆਗਿਆ ਇਸ ਕਰ ਕੇ ਦਿੱਤੀ ਗਈ ਸੀ ਕਿਉਂਕਿ ਇਸ ਤੋਂ ਕੋਈ ਵਪਾਰਕ ਲਾਭ ਨਹੀਂ ਹੁੰਦਾ, ਪਰ ਕੌਮਾਂਤਰੀ ਫਿਲਮ ਮੇਲੇ ਵਾਲਿਆਂ ਨੇ ਡੈਲੀਗੇਟਾਂ ਲਈ ਬੜੀਆਂ ਮਹਿੰਗੀਆਂ ਟਿਕਟਾਂ ਰੱਖੀਆਂ ਹੋਈਆਂ ਹਨ। ਜ਼ਾਹਿਰ ਹੈ ਕਿ ਉਹ ਇਸ ਮੇਲੇ ਤੋਂ ਕਮਾਈ ਕਰ ਰਹੇ ਹਨ। ਦੂਜੇ ਬੰਨੇ, ਫਿਲਮ ਮੇਲੇ ਦੇ ਡਾਇਰੈਕਟਰ ਸ਼ੰਕਰ ਮੋਹਨ ਦਾ ਕਹਿਣਾ ਹੈ ਕਿ ਇਸ ਕਾਨੂੰਨੀ ਨੋਟਿਸ ਦਾ ਕੋਈ ਮਤਲਬ ਨਹੀਂ ਹੈ ਅਤੇ ਨਾ ਹੀ ਉਹ ਮੁਆਫੀ ਮੰਗਣਗੇ। ਫਿਲਮ ḔਲਿਬਾਸḔ ਮੇਲੇ ਦੇ Ḕਇੰਡੀਅਨ ਪੈਨੋਰਮਾḔ ਵਰਗ ਵਿਚ ਦਿਖਾਈ ਗਈ ਹੈ। ਇਹ ਉਹ ਵਰਗ ਹੈ ਜਿਸ ਵਿਚ ਗੈਰ-ਵਪਾਰਕ ਤੌਰ ‘ਤੇ ਫਿਲਮਾਂ ਦਿਖਾਈਆਂ ਜਾ ਸਕਦੀਆਂ ਹਨ।
ਯਾਦ ਰਹੇ ਕਿ ਇਸ ਫਿਲਮ ਦੇ ਚਾਰ ਦੇ ਚਾਰ ਗੀਤ ਬੜੇ ਹਿੱਟ ਹੋਏ ਸਨ। ਇਹ ਸਾਰੇ ਗੀਤ ਗੁਲਜ਼ਾਰ ਨੇ ਹੀ ਲਿਖੇ ਸਨ ਅਤੇ ਇਨ੍ਹਾਂ ਲਈ ਸੰਗੀਤ ਆਰæਡੀæ ਬਰਮਨ ਨੇ ਤਿਆਰ ਕੀਤਾ ਸੀ। ਤਿੰਨ ਗੀਤ Ḕਸਿੱਲ੍ਹੀ ਹਵਾ ਛੂਹ ਗਈḔ, Ḕਕਿਆ ਬੁਰਾ ਹੈ ਕਿਆ ਭਲਾḔ ਤੇ Ḕਫਿਰ ਕਿਸੀ ਸ਼ਾਖ਼ ਨੇ’ ਲਤਾ ਮੰਗੇਸ਼ਕਰ ਨੇ ਗਾਏ ਅਤੇ ਚੌਥਾ ਗੀਤ Ḕਖਾਮੋਸ਼ ਸਾ ਅਫਸਾਨਾḔ ਲਤਾ ਮੰਗੇਸ਼ਕਰ ਅਤੇ ਸੁਰੇਸ਼ ਵਾਡਕਰ ਦੀ ਆਵਾਜ਼ ਵਿਚ ਰਿਕਾਰਡ ਕੀਤਾ ਗਿਆ ਸੀ। ਇਸ ਫਿਲਮ ਦਾ ਸੰਗੀਤ ਆਰæਡੀæ ਬਰਮਨ ਦੀ ਮੌਤ ਤੋਂ ਬਾਅਦ 1994 ਵਿਚ ਰਿਲੀਜ਼ ਹੋਇਆ ਸੀ।