ਚੰਡੀਗੜ੍ਹ: ਇਰਾਕ ਦੇ ਮੌਸੂਲ ਸ਼ਹਿਰ ਵਿਚ ਲੰਘੇ ਜੂਨ ਮਹੀਨੇ ਆਈæਐਸ਼ਆਈæਐਸ਼ ਅਤਿਵਾਦੀਆਂ ਵੱਲੋਂ ਅਗਵਾ ਕੀਤੇ ਪੰਜਾਬੀ ਕਾਮਿਆਂ ਦੀ ਹੋਣੀ ਬਾਰੇ ਭੰਬਲਭੂਸਾ ਬਰਕਰਾਰ ਹੈ। ਭਾਰਤ ਸਰਕਾਰ ਜਿਥੇ ਇਨ੍ਹਾਂ ਕਾਮਿਆਂ ਬਾਰੇ ਕੋਈ ਪੁਖਤਾ ਜਾਣਕਾਰੀ ਨਾ ਹੋਣ ਬਾਰੇ ਕਹਿ ਕੇ ਪੱਲਾ ਝਾੜ ਰਹੀ ਹੈ ਉਥੇ ਇਕ ਕੌਮੀ ਟੀæਵੀæ ਚੈਨਲ ਵੱਲੋਂ ਇਨ੍ਹਾਂ ਵਿਚੋਂ ਇਕ ਨੂੰ ਛੱਡ ਕੇ ਬਾਕੀ 39 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਨਾਲ ਨਾ ਸਿਰਫ ਇਨ੍ਹਾਂ ਦੇ ਪਰਿਵਾਰਾਂ ਵਿਚ ਹੀ ਚਿੰਤਾ ਤੇ ਸਹਿਮ ਛਾ ਗਿਆ ਸਗੋਂ ਕੌਮੀ ਪੱਧਰ ‘ਤੇ ਵੀ ਇਹ ਮਾਮਲਾ ਇਕ ਵਾਰ ਮੁੜ ਗਰਮਾ ਗਿਆ ਹੈ।
ਇਰਾਕ ਵਿਚ ਇਕ ਬੰਗਲਾਦੇਸ਼ੀ ਵੱਲੋਂ ਕੀਤੇ ਗਏ ਖ਼ੁਲਾਸੇ ਦੇ ਹਵਾਲੇ ਨਾਲ ਚੈਨਲ ਨੇ ਇਹ ਖ਼ਬਰ ਨਸ਼ਰ ਕੀਤੀ ਹੈ। ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਇਹ ਬੰਗਲਾਦੇਸ਼ੀ ਵੀ ਉਨ੍ਹਾਂ ਪੰਜਾਬੀਆਂ ਦੇ ਨਾਲ ਹੀ ਕੰਮ ਕਰਦਾ ਸੀ। ਚੈਨਲ ਮੁਤਾਬਕ ਬੰਗਲਾਦੇਸ਼ੀ ਨੂੰ ਇਕ ਨੌਜਵਾਨ ਹਰਜੀਤ ਸਿੰਘ ਨੇ ਇਹ ਜਾਣਕਾਰੀ ਦਿੱਤੀ ਸੀ। ਹਾਲਾਂਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਕਹਿਣਾ ਹੈ ਕਿ ਭਾਵੇਂ ਸਰਕਾਰ ਕੋਲ ਅਜੇ ਤੱਕ ਇਨ੍ਹਾਂ ਵਿਅਕਤੀਆਂ ਦੇ ਜ਼ਿੰਦਾ ਹੋਣ ਜਾਂ ਨਾ ਹੋਣ ਬਾਰੇ ਪੁਖ਼ਤਾ ਸਬੂਤ ਤਾਂ ਨਹੀਂ ਪਰ ਫਿਰ ਵੀ ਟੀæਵੀæ ਚੈਨਲ ਦੀ ਰਿਪੋਰਟ ਨੂੰ ਸਹੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਸ ਰਿਪੋਰਟ ਵਿਚ ਕਈ ਤੱਥ ਸਵੈ-ਵਿਰੋਧੀ ਹਨ। ਬੰਦੀਆਂ ਬਾਰੇ ਵਿਦੇਸ਼ ਮੰਤਰੀ ਦੇ ਬਿਆਨ ਤੋਂ ਪੀੜਤ ਪਰਿਵਾਰਾਂ ਨੂੰ ਕੋਈ ਰਾਹਤ ਨਹੀਂ ਮਿਲੀ। ਪਿਛਲੇ ਤਕਰੀਬਨ ਪੰਜ ਮਹੀਨਿਆਂ ਤੋਂ ਸਰਕਾਰ ਵੱਲ ਝਾਕ ਰਹੇ ਇਨ੍ਹਾਂ ਪਰਿਵਾਰਾਂ ਦੀ ਮੰਗ ਹੈ ਕਿ ਸਰਕਾਰ ਸਥਿਤੀ ਛੇਤੀ ਸਪਸ਼ਟ ਕਰੇ।
ਦੂਜੇ ਪਾਸੇ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਉਸੇ ਦਿਨ ਤੋਂ ਹੀ ਇਨ੍ਹਾਂ ਭਾਰਤੀ ਕਾਮਿਆਂ ਦੀ ਜਾਨ ਦੀ ਰਖਵਾਲੀ ਤੇ ਸੰਪਰਕ ਕਰਨ ਲਈ ਸਿਰਤੋੜ ਯਤਨ ਕਰ ਰਹੀ ਹੈ।
ਸਰਕਾਰ ਨੇ ਇਨ੍ਹਾਂ ਦਾ ਪਤਾ ਲਗਾਉਣ ਲਈ ਇਕ ਵਿਸ਼ੇਸ਼ ਅਧਿਕਾਰੀ ਵੀ ਇਰਾਕ ਭੇਜਿਆ ਸੀ ਜਿਸ ਨੇ ਇਨ੍ਹਾਂ ਦੇ ਜਿਊਂਦੇ ਹੋਣ ਬਾਰੇ ਸੰਦੇਸ਼ ਦਿੱਤਾ ਸੀ। ਟੀæਵੀ ਚੈਨਲ ਤੇ ਸਰਕਾਰ ਦੇ ਵਿਰੋਧਾਭਾਸੀ ਦਾਅਵਿਆਂ ਦੇ ਦਰਮਿਆਨ ਠੋਸ ਸਬੂਤਾਂ ਦੀ ਘਾਟ ਕਾਰਨ ਨਿਸ਼ਚੇ ਨਾਲ ਇਨ੍ਹਾਂ ਅਗਵਾ ਵਿਅਕਤੀਆਂ ਬਾਰੇ ਹਾਲੇ ਕੁਝ ਵੀ ਕਹਿਣਾ ਮੁਸ਼ਕਿਲ ਹੋ ਗਿਆ ਹੈ। ਟੀæਵੀæ ਚੈਨਲ ਵੱਲੋਂ ਇਕ ਵਿਅਕਤੀ ਵਿਸ਼ੇਸ਼ ਦੇ ਬਿਆਨ ਦੇ ਆਧਾਰ ‘ਤੇ ਨਸ਼ਰ ਕੀਤੀ ਗਈ ਖ਼ਬਰ ਨੇ ਅਗਵਾ ਵਿਅਕਤੀਆਂ ਦੇ ਘਰਾਂ ਵਿਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ, ਜਦੋਂਕਿ ਬਿਆਨਕਰਤਾ ਦੀ ਅਸਲੀਅਤ ਬਾਰੇ ਯਕੀਨੀ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ। ਛੇ ਮਹੀਨੇ ਬੀਤਣ ਦੇ ਬਾਵਜੂਦ ਇਨ੍ਹਾਂ ਅਗਵਾ ਕੀਤੇ ਗਏ ਭਾਰਤੀਆਂ ਦੀ ਰਿਹਾਈ ਤਾਂ ਕੀ, ਉਨ੍ਹਾਂ ਪ੍ਰਤੀ ਠੋਸ ਜਾਣਕਾਰੀ ਵੀ ਪ੍ਰਾਪਤ ਨਾ ਕਰ ਸਕਣ ਲਈ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ।
_________________________________________________
ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ
ਇਰਾਕੀ ਅਤਿਵਾਦੀਆਂ ਵੱਲੋਂ ਬੰਦੀ ਬਣਾਏ ਗਏ ਇਨ੍ਹਾਂ 40 ਵਿਅਕਤੀਆਂ ਵਿਚੋਂ ਬਹੁਤੇ ਪੰਜਾਬੀ ਹੋਣ ਦੇ ਬਾਵਜੂਦ ਸੂਬਾ ਸਰਕਾਰ ਨੇ ਵੀ ਇਨ੍ਹਾਂ ਪ੍ਰਤੀ ਖ਼ਾਮੋਸ਼ੀ ਧਾਰੀ ਹੋਈ ਹੈ। ਗ਼ੌਰਤਲਬ ਹੈ ਕਿ ਜਿਸ ਸਮੇਂ ਭਾਰਤੀ ਕਾਮਿਆਂ ਨੂੰ ਅਤਿਵਾਦੀਆਂ ਨੇ ਅਗਵਾ ਕੀਤਾ ਸੀ, ਉਸੇ ਸਮੇਂ ਹੀ ਉਨ੍ਹਾਂ ਕੇਰਲਾ ਦੀਆਂ ਕੁਝ ਨਰਸਾਂ ਨੂੰ ਵੀ ਅਗਵਾ ਕੀਤਾ ਸੀ ਪਰ ਉਥੋਂ ਦੀ ਸਰਕਾਰ ਨੇ ਆਪਣੇ ਯਤਨਾਂ ਨਾਲ ਤੇ ਕੇਂਦਰ ਸਰਕਾਰ ‘ਤੇ ਦਬਾਅ ਪਾ ਕੇ ਨਾ ਸਿਰਫ ਇਨ੍ਹਾਂ ਨਰਸਾਂ ਨੂੰ ਸਹੀ ਸਲਾਮਤ ਵਤਨ ਵਾਪਸ ਹੀ ਲਿਆਂਦਾ, ਬਲਕਿ ਉਨ੍ਹਾਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾਇਆ। ਪੰਜਾਬ ਸਰਕਾਰ ਇਸ ਪੱਖੋਂ ਅਸਫ਼ਲ ਰਹੀ ਹੈ ਕਿਉਂਕਿ ਉਹ ਛੇ ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਇਰਾਕ ਵਿਚ ਅਤਿਵਾਦੀਆਂ ਵੱਲੋਂ ਅਗਵਾ ਕੀਤੇ ਗਏ ਆਪਣੇ ਵਿਅਕਤੀਆਂ ਨੂੰ ਵਾਪਸ ਤਾਂ ਕੀ; ਉਨ੍ਹਾਂ ਦੀ ਹੋਣੀ ਬਾਰੇ ਸਪਸ਼ਟ ਤੇ ਠੋਸ ਸੂਚਨਾ ਵੀ ਪ੍ਰਾਪਤ ਨਹੀਂ ਕਰ ਸਕੀ। ਪਿੰਡ ਛਾਉਣੀ ਕਲਾਂ ਦਾ ਕਮਲਜੀਤ ਸਿੰਘ ਤੇ ਜੈਤਪੁਰ ਦਾ ਗੁਰਦੀਪ ਸਿੰਘ, ਉਨ੍ਹਾਂ ਭਾਰਤੀਆਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ 15 ਜੂਨ ਨੂੰ ਮੌਸੂਲ ਤੋਂ ਬੰਦੀ ਬਣਾ ਲਿਆ ਗਿਆ ਸੀ। ਇਸ ਪਿੱਛੋਂ ਇਨ੍ਹਾਂ ਦੀ ਪਰਿਵਾਰ ਨਾਲ ਕੋਈ ਗੱਲ ਨਹੀਂ ਹੋਈ। ਕਮਲਜੀਤ ਦੇ ਭਰਾ ਪਰਵਿੰਦਰ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਵਿਚ ਪੂਰੀ ਸੱਚਾਈ ਨਹੀਂ ਦੱਸ ਰਹੀ। ਉਸ ਨੇ ਦੱਸਿਆ ਕਿ ਜਦੋਂ ਇਕ ਟੀæਵੀæਚੈਨਲ ‘ਤੇ ਬੰਦੀ ਬਣਾਏ ਭਾਰਤੀਆਂ ਦੇ ਮਾਰੇ ਜਾਣ ਦੀ ਸ਼ੰਕਾ ਪ੍ਰਗਟਾਈ ਗਈ ਤਾਂ ਉਸ ਪਿੱਛੋਂ ਵਿਦੇਸ਼ ਮੰਤਰਾਲਾ ਹਰਕਤ ਵਿਚ ਆਇਆ ਤੇ ਰਾਤ ਡੇਢ ਵਜੇ ਉਸ ਨੂੰ ਫ਼ੋਨ ‘ਤੇ ਭਰੋਸਾ ਦਿੱਤਾ ਗਿਆ ਕਿ ਉਸ ਦਾ ਭਰਾ ਤੇ ਹੋਰ ਭਾਰਤੀ ਸਹੀ-ਸਲਾਮਤ ਹਨ। ਕਮਲਜੀਤ ਦੇ ਪਿਤਾ ਪ੍ਰੇਮ ਸਿੰਘ ਨੇ ਮੰਗ ਕੀਤੀ ਕਿ ਸਰਕਾਰ ਸਥਿਤੀ ਸਪਸ਼ਟ ਕਰੇ। ਪਿੰਡ ਜੈਤਪੁਰ ਦੇ ਗੁਰਦੀਪ ਸਿੰਘ ਦੇ ਪਰਿਵਾਰ ਦੀਆਂ ਵੀ ਨੀਂਦਾਂ ਉੱਡ ਗਈਆਂ ਹਨ। ਗੁਰਦੀਪ ਦੀ ਪਤਨੀ ਅਨੀਤਾ ਰਾਣੀ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਸੀ ਕਿ ਸਰਕਾਰ ਦੇ ਕਹੇ ਅਨੁਸਾਰ ਉਨ੍ਹਾਂ ਦੇ ਕਰੀਬੀ ਠੀਕ ਹੋਣਗੇ ਪਰ ਰਾਤ ਟੀæਵੀæ ਦੀ ਖ਼ਬਰ ਨੇ ਉਨ੍ਹਾਂ ਦਾ ਫ਼ਿਕਰ ਵਧਾ ਦਿੱਤਾ। ਉਸਨੇ ਮੰਗ ਕੀਤੀ ਕਿ ਸਰਕਾਰ ਛੇਤੀ ਤੋਂ ਛੇਤੀ ਸਬੂਤ ਪੇਸ਼ ਕਰੇ ਕਿ ਸਾਰੇ ਬੰਦੀ ਸਹੀ-ਸਲਾਮਤ ਹਨ।
____________________________________________
ਬੰਦੀਆਂ ਬਾਰੇ ਸਰਕਾਰ ਸਪਸ਼ਟੀਕਰਨ ਦੇਵੇ: ਕੈਪਟਨ
ਅੰਮ੍ਰਿਤਸਰ: ਲੋਕ ਸਭਾ ਵਿਚ ਕਾਂਗਰਸ ਧਿਰ ਦੇ ਉਪ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਇਰਾਕ ਵਿਚ ਇਸਲਾਮਿਕ ਸਟੇਟ ਵੱਖਵਾਦੀਆਂ ਵੱਲੋਂ ਬੰਧਕ ਬਣਾਏ ਭਾਰਤੀਆਂ ਦੇ ਮਾਮਲੇ ਵਿਚ ਸਰਕਾਰ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਕੈਪਟਨ ਨੇ ਕਿਹਾ ਹੈ ਕਿ ਪੀੜਤ ਪਰਿਵਾਰਾਂ ਵੱਲੋਂ ਅਜਿਹੀਆਂ ਰਿਪੋਰਟਾਂ ਤੋਂ ਉਭਰ ਪਾਉਣਾ ਬਹੁਤ ਮੁਸ਼ਕਿਲ ਤੇ ਦਰਦ ਭਰਿਆ ਹੈ। ਸਾਬਕਾ ਮੁੱਖ ਮੰਤਰੀ ਨੇ ਮਹੀਨਿਆਂ ਤੋਂ ਮਾਮਲੇ ਨੂੰ ਲੈ ਕੇ ਸਰਕਾਰ ਵੱਲੋਂ ਵਰਤੀ ਜਾ ਰਹੀ ਲਾਪਰਵਾਹੀ ਦੀ ਨਿੰਦਾ ਕੀਤੀ ਹੈ। ਹੈਰਾਨੀਜਨਕ ਹੈ ਕਿ ਅਸੀਂ ਬੰਧਕਾਂ ਦੀ ਹਾਲਤ ਬਾਰੇ ਜਾਣਕਾਰੀ ਲੈਣ ਲਈ ਹਾਲੇ ਵੀ ਮੀਡੀਆ ਰਿਪੋਰਟਾਂ ‘ਤੇ ਨਿਰਭਰ ਹਾਂ, ਜਦਕਿ ਸਾਡੀ ਸਰਕਾਰ ਪੂਰੀ ਤਰ੍ਹਾਂ ਅਨਜਾਣ ਬਣੀ ਹੋਈ ਹੈ।
__________________________________________
ਪੰਜਾਬੀਆਂ ਦੀ ਰਿਹਾਈ ਲਈ ਦ੍ਰਿੜ੍ਹ ਹਾਂ: ਬਾਦਲ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਇਰਾਕ ਵਿਚ ਫਸੇ 39 ਪੰਜਾਬੀਆਂ ਦੀ ਸੁਰੱਖਿਅਤ ਰਿਹਾਈ ਕਰਵਾਉਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹਨ। ਉਹ ਇਕ ਵਾਰੀ ਫਿਰ ਕੇਂਦਰ ਸਰਕਾਰ ਨਾਲ ਇਸ ਮੁੱਦੇ ‘ਤੇ ਗੱਲ ਕਰਨਗੇ। ਪਿਛਲੇ ਕੁਝ ਮਹੀਨਿਆਂ ਤੋਂ ਰਾਜ ਸਰਕਾਰ ਵਿਦੇਸ਼ ਮੰਤਰਾਲੇ ਕੋਲ ਲਗਾਤਾਰ ਇਹ ਮੁੱਦਾ ਉਠਾ ਰਹੀ ਹੈ। ਹੁਣ ਫੇਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਅਕਾਲੀ ਮੰਤਰੀਆਂ ਨੂੰ ਆਖਿਆ ਹੈ ਕਿ ਉਹ ਇਸ ਮਾਮਲੇ ‘ਤੇ ਕੇਂਦਰ ਸਰਕਾਰ ਨਾਲ ਲਗਾਤਾਰ ਸੰਪਰਕ ਰੱਖਣ ਅਤੇ ਬੰਦੀਆਂ ਦੀ ਰਿਹਾਈ ਲਈ ਹਰ ਸੰਭਵ ਕੋਸ਼ਿਸ਼ ਕਰਨ।