ਪਟਿਆਲਾ: ਪੰਜਾਬ ਪੁਲਿਸ ਦੀ ਮਦਦ ਨਾਲ ਫੜੇ ਜ਼ਿਲ੍ਹਾ ਲੁਧਿਆਣਾ ਦੇ ਹਰਜੀਤ ਸਿੰਘ ਨੂੰ ਯੂਪੀ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਖ਼ਿਲਾਫ਼ ਕੇਸ ਦਾ ਫ਼ੈਸਲਾ ਸੁਣਾਉਂਦਿਆਂ, ਸੀæਬੀæਆਈæ ਕੋਰਟ ਨੇ ਚਾਰ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇਨ੍ਹਾਂ ਵਿਚ ਤਿੰਨ ਅਧਿਕਾਰੀ ਯੂਪੀ ਪੁਲਿਸ ਦੇ ਹਨ, ਜਦੋਂਕਿ ਇਕ ਪੰਜਾਬ ਪੁਲਿਸ ਨਾਲ ਸਬੰਧਤ ਹੈ। ਸੀæਬੀæਆਈæ ਦੀ ਵਿਸ਼ੇਸ਼ ਅਦਾਲਤ ਵੱਲੋਂ ਸੁਣਾਈ ਸਜ਼ਾ ਦਾ ਸਾਹਮਣਾ ਕਰਨ ਵਾਲਿਆਂ ਵਿਚ ਯੂਪੀ ਦੇ ਐਸ਼ਪੀæ ਰਵਿੰਦਰ ਕੁਮਾਰ ਸਿੰਘ, ਇੰਸਪੈਕਟਰ ਬ੍ਰਿਜ ਲਾਲ ਤੇ ਓਂਕਾਰ ਸਿੰਘ ਸਮੇਤ ਪੰਜਾਬ ਪੁਲਿਸ ਦੇ ਸੇਵਾਮੁਕਤ ਸਬ ਇੰਸਪੈਕਟਰ ਹਰਿੰਦਰ ਸਿੰਘ ਦਾ ਨਾਂ ਸ਼ਾਮਲ ਹੈ। ਇਨ੍ਹਾਂ ਨੂੰ ਉਮਰ ਕੈਦ ਦੇ ਨਾਲ ਜੁਰਮਾਨਾ ਵੀ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਚੌਕੀ ਮਲੌਦ ਦੇ ਉਸ ਵੇਲੇ ਏæਐਸ਼ਆਈæ ਹਰਿੰਦਰ ਸਿੰਘ ਵੱਲੋਂ ਛੇ ਅਕਤੂਬਰ 1993 ਨੂੰ ਲੁਧਿਆਣਾ ਦੀ ਤਹਿਸੀਲ ਪਾਇਲ ਦੇ ਪਿੰਡ ਸਹਾਰਨ ਮਾਜਰਾ ਦੇ ਵਾਸੀ ਹਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਉਸਦੇ ਘਰੋਂ ਚੁੱਕਿਆ ਗਿਆ। ਇਸ ਤੋਂ ਬਾਅਦ ਉਸ ਨੂੰ ਯੂਪੀ ਪੁਲਿਸ ਦੇ ਇਨ੍ਹਾਂ ਅਧਿਕਾਰੀਆਂ ਹਵਾਲੇ ਕਰ ਦਿੱਤਾ ਗਿਆ। ਯੂਪੀ ਪੁਲਿਸ ਦਾ ਕਹਿਣਾ ਸੀ ਕਿ ਇਹ ਵਿਅਕਤੀ ਕਿਸੇ ਕੇਸ ਵਿਚ ਲੋੜੀਂਦਾ ਹੈ। ਹਰਜੀਤ ਨੂੰ 12-13 ਅਕਤੂਬਰ ਦੀ ਰਾਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸਦੀ ਮੌਤ ਪੁਲਿਸ ਮੁਕਾਬਲੇ ਵਿਚ ਹੋਈ ਦੱਸੀ ਗਈ। ਹਰਜੀਤ ਸਿੰਘ ਦੇ ਮਾਪਿਆਂ ਵੱਲੋਂ ਇਨਸਾਫ਼ ਲਈ ਦੁਹਾਈ ਪਾਈ ਗਈ ਤੇ ਅਦਾਲਤ ਨੇ ਮਾਮਲਾ ਸੀæਬੀæਆਈæ ਨੂੰ ਸੌਂਪ ਦਿੱਤਾ। ਡੇਢ ਦਹਾਕੇ ਦੀ ਅਦਾਲਤੀ ਕਾਰਵਾਈ ਮਗਰੋਂ ਇਨ੍ਹਾਂ ਚਾਰਾਂ ਨੂੰ ਉਮਰ ਕੈਦ ਦੀ ਸਜ਼ਾ ਸਮੇਤ ਹਜ਼ਾਰਾਂ ਰੁਪਏ ਜੁਰਮਾਨਾ ਕੀਤਾ ਗਿਆ ਹੈ। ਸੀਬੀਆਈ ਵੱਲੋਂ ਕੇਸ ਦੀ ਪੈਰਵੀ ਕਰਨ ਵਾਲੇ ਐਡਵੋਕੇਟ ਐਸ਼ਕੇ ਕਾਂਤੀਵਾਲ ਨੇ ਦੱਸਿਆ ਕਿ ਅਦਾਲਤੀ ਸੁਣਵਾਈ ਦੌਰਾਨ ਜਾਂਚ ਏਜੰਸੀ ਵੱਲੋਂ ਦੋਸ਼ੀਆਂ ਲਈ ਮੌਤ ਦੀ ਸਜ਼ਾ ਮੰਗੀ ਗਈ ਸੀ।