ਅਫਸਰਾਂ ਨੂੰ ਵਾਹਨਾਂ ‘ਤੇ ਲਾਲ ਬੱਤੀ ਦਾ ਭੁਸ ਪਿਆ

ਚੰਡੀਗੜ੍ਹ: ਪੰਜਾਬ ਵਿਚ ਵਾਹਨਾਂ ‘ਤੇ ਲਾਲ/ਨੀਲੀਆਂ ਬੱਤਿਆਂ ਲਾਉਣ ਰੁਝਾਨ ਲਾਗਾਤਾਰ ਵਧਦਾ ਜਾ ਰਿਹਾ ਹੈ। ਸੁਪਰੀਮ ਕੋਰਟ ਵੱਲੋਂ ਲਾਲ ਬੱਤੀ ਤੇ ਵਾਹਨਾਂ ਦੇ ਸ਼ੀਸ਼ਿਆਂ ‘ਤੇ ਕਾਲੀਆਂ ਫਿਲਮਾਂ ਬਾਰੇ ਸਖਤ ਹੁਕਮ ਜਾਰੀ ਕੀਤੇ ਹੋਏ ਹਨ ਪਰ ਅਣਅਧਿਕਾਰਤ ਵਿਅਕਤੀਆਂ ਵੱਲੋਂ ਲਾਲ ਤੇ ਬੱਤੀ ਦੇ ਇਲਾਵਾ ਗੱਡੀਆਂ ਦੇ ਸ਼ੀਸ਼ਿਆਂ ‘ਤੇ ਕਾਲੀਆਂ ਫਿਲਮਾਂ ਤੇ ਪਰਦੇ ਲਗਾਉਣ ਦਾ ਸਿਲਸਿਲਾ ਜਾਰੀ ਹੈ।

ਇਸ ਮਾਮਲੇ ਵਿਚ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਜਿਨ੍ਹਾਂ ਅਧਿਕਾਰੀਆਂ ਨੇ ਕਾਇਦੇ ਕਾਨੂੰਨਾਂ ਦੀ ਪਾਲਣਾ ਕਰਵਾਉਣੀ ਹੁੰਦੀ ਹੈ ਉਨ੍ਹਾਂ ਵਿਚੋਂ ਕਈ ਅਧਿਕਾਰੀ ਹੁਣ ਖ਼ੁਦ ਹੀ ਆਪਣੇ ਵਾਹਨਾਂ ‘ਤੇ ਨਾਜਾਇਜ਼ ਬੱਤੀਆਂ ਤੇ ਪਰਦੇ ਲਗਾ ਕੇ ਘੁੰਮ ਰਹੇ ਹਨ।
28 ਫਰਵਰੀ 2014 ਦੇ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਅੰਦਰ ਗਵਰਨਰ, ਮੁੱਖ ਮੰਤਰੀ, ਉਪ ਮੁੱਖ ਮੰਤਰੀ, ਕੈਬਨਿਟ ਮੰਤਰੀ, ਸਾਬਕਾ ਗਵਰਨਰ, ਸਾਬਕਾ ਮੁੱਖ ਮੰਤਰੀ, ਮਾਨਯੋਗ ਹਾਈਕੋਰਟ ਚੀਫ਼ ਜਸਟਿਸ ਤੇ ਜੱਜ ਸਾਹਿਬਾਨ, ਵਿਧਾਨ ਸਭਾ ਦਾ ਸਪੀਕਰ, ਸਟੇਟ ਪਲੈਨਿੰਗ ਬੋਰਡ ਪੰਜਾਬ ਦੇ ਉਪ ਚੇਅਰਮੈਨ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਫਲੈਸ਼ਰ ਵਾਲੀ ਲਾਲ ਰੰਗ ਦੀ ਬੱਤੀ ਆਪਣੇ ਵਾਹਨ ‘ਤੇ ਲਗਾ ਸਕਦਾ ਹੈ ਪਰ ਵੱਖ-ਵੱਖ ਹਲਕਿਆਂ ਅੰਦਰ ਸੱਤਾਧਾਰੀ ਗੱਠਜੋੜ ਦੇ ਹਾਰੇ ਹੋਏ ਕਈ ਆਗੂਆਂ/ਹਲਕਾ ਇੰਚਾਰਜਾਂ ਵੱਲੋਂ ਆਪਣੇ ਵਾਹਨਾਂ ‘ਤੇ ਲਾਲ ਬੱਤੀਆਂ ਲਾਈਆਂ ਹੋਈਆਂ ਹਨ। ਇਥੋਂ ਤੱਕ ਕਿ ਇਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਵੀ ਬੇਖੌਫ਼ ਬੱਤੀਆਂ ਲਗਾ ਕੇ ਘੁੰਮਦੇ ਹਨ। ਇਸੇ ਤਰ੍ਹਾਂ ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ ਦੇ ਚੇਅਰਮੈਨ ਵੀ ਆਪਣੀਆਂ ਸਰਕਾਰੀ, ਗੈਰ ਸਰਕਾਰੀ ਗੱਡੀਆਂ ‘ਤੇ ਬੱਤੀਆਂ ਲਗਾ ਕੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਜਿਨ੍ਹਾਂ ਨੂੰ ਰੋਕਣ ਲਈ ਨਾ ਤਾਂ ਕੋਈ ਅਧਿਕਾਰੀ ਹਿੰਮਤ ਕਰ ਰਿਹਾ ਹੈ ਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਇਸ ਬਾਰੇ ਗੰਭੀਰ ਹਨ।
17 ਅਪ੍ਰੈਲ 2014 ਦੇ ਨੋਟੀਫਿਕੇਸ਼ਨ ਮੁਤਾਬਕ ਮੁੱਖ ਪਾਰਲੀਮਾਨੀ ਸਕੱਤਰ, ਏæਡੀæਜੀæਪੀæ, ਜ਼ੋਨਲ ਆਈæਜੀæਪੀ, ਰੇਂਜ ਡੀæਆਈæਜੀ, ਡੀæਜੀæਪੀæ ਦੇ ਬਰਾਬਰ ਦੇ ਰੈਂਕ ਦੇ ਪੁਲਿਸ ਅਫ਼ਸਰ, ਜ਼ਿਲ੍ਹਾ ਤੇ ਸੈਸ਼ਨ ਜੱਜ, ਸਿਟੀ ਪੁਲਿਸ ਕਮਿਸ਼ਨਰ ਤੇ ਵੱਖ-ਵੱਖ ਪੁਲਿਸ ਜ਼ਿਲ੍ਹਿਆਂ ਦੇ ਮੁਖੀ ਆਪਣੇ ਵਾਹਨਾਂ ‘ਤੇ ਸੰਤਰੀ ਰੰਗ ਦੀ ਬੱਤੀ ਲਗਾ ਸਕਦੇ ਹਨ ਪਰ ਸੰਤਰੀ ਬੱਤੀ ਦੀ ਵੀ ਕਈ ਜੂਨੀਅਰ ਅਧਿਕਾਰੀਆਂ ਵੱਲੋਂ ਦੁਰਵਰਤੋਂ ਕੀਤੀ ਜਾ ਰਹੀ ਹੈ। ਨੋਟੀਫਿਕੇਸ਼ਨ ਵਿਚ ਇਹ ਸਪੱਸ਼ਟ ਤੌਰ ‘ਤੇ ਲਿਖਿਆ ਗਿਆ ਹੈ ਕਿ ਸਬੰਧਤ ਅਧਿਕਾਰੀ/ਵਿਅਕਤੀ ਦੇ ਗੱਡੀ ਵਿਚ ਸਵਾਰ ਨਾ ਹੋਣ ਕਾਰਨ ਇਸ ਬੱਤੀ ਨੂੰ ਢੱਕਣਾ ਜ਼ਰੂਰੀ ਹੈ ਪਰ ਇਸ ਦੇ ਉਲਟ ਸ਼ਾਇਦ ਹੀ ਕੋਈ ਆਗੂ/ਅਧਿਕਾਰੀ ਅਜਿਹਾ ਹੋਵੇਗਾ ਜਿਸ ਵੱਲੋਂ ਇਨ੍ਹਾਂ ਹੁਕਮਾਂ ਦੀ ਪਾਲਣਾ ਕੀਤੀ ਜਾਂਦੀ ਹੋਵੇ।
ਨੀਲੀ ਬੱਤੀ ਬਾਰੇ 12 ਅਪ੍ਰੈਲ 2006 ਦੇ ਨੋਟੀਫਿਕੇਸ਼ਨ ਮੁਤਾਬਕ ਵਧੀਕ ਜ਼ਿਲ੍ਹਾ ਮੈਜਿਸਟਰੇਟ, ਉਪ ਮੰਡਲ ਮੈਜਿਸਟਰੇਟ, ਐਗਜ਼ੀਕਿਉਟਿਵ ਮੈਜਿਸਟਰੇਟ ਤੇ ਮੈਜਿਸਟਰੇਟ ਦੀਆਂ ਸ਼ਕਤੀਆਂ ਵਾਲੇ ਹੋਰ ਅਧਿਕਾਰੀ, ਡੀæਐਸ਼ਪੀæ ਤੇ ਇਸ ਤੋਂ ਉੱਪਰ ਦੇ ਪੁਲਿਸ ਅਧਿਕਾਰੀ, ਵੱਖ-ਵੱਖ ਥਾਣਿਆਂ ਦੇ ਮੁਖੀ, ਟਰਾਂਸਪੋਰਟ ਵਿਭਾਗ ਨਾਲ ਸਬੰਧਤ ਏæਡੀæਟੀæਓæ ਤੋਂ ਉੱਪਰ ਦੇ ਅਧਿਕਾਰੀ ਤੇ ਕਮਰਸ਼ੀਅਲ ਵਿੰਗ ਵਿਚ ਟਰੈਫਿਕ ਮੈਨੇਜਰ ਤੇ ਇਸ ਤੋਂ ਉੱਪਰ ਅਹੁਦੇ ਦੇ ਅਧਿਕਾਰੀ, ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਅੰਦਰ ਈæਟੀæਓæ ਦੇ ਅਹੁਦੇ ਤੋਂ ਉੱਪਰ ਦੇ ਅਧਿਕਾਰੀ ਤੇ ਡਿਸਟ੍ਰਿਕ ਫੂਡ ਸਪਲਾਈ ਕੰਟਰੋਲਰ ਆਦਿ ਆਪਣੇ ਵਾਹਨਾਂ ‘ਤੇ ਨੀਲੀ ਬੱਤੀ ਲਗਾ ਸਕਦੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਵੱਖ-ਵੱਖ ਜ਼ਿਲ੍ਹਿਆਂ ਅੰਦਰ ਨੀਲੀ ਬੱਤੀ ਦੀ ਵਰਤੋਂ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਤਕਰੀਬਨ ਸਾਰੇ ਵਿਭਾਗਾਂ ਦੇ ਜ਼ਿਲ੍ਹਾ ਮੁਖੀਆਂ ਵੱਲੋਂ ਆਪਣੀਆਂ ਸਰਕਾਰੀ ਤੇ ਗੈਰ ਸਰਕਾਰੀ ਗੱਡੀਆਂ ‘ਤੇ ਸ਼ਰੇਆਮ ਨੀਲੀ ਬੱਤੀ ਦੀ ਵਰਤੋਂ ਕੀਤੀ ਜਾ ਰਹੀ ਹੈ। ਜ਼ਿਲ੍ਹਾ ਗੁਰਦਾਸਪੁਰ ਅੰਦਰ ਸਰਕਾਰੀ ਗੱਡੀਆਂ ‘ਤੇ ਵੱਡੇ ਪੱਧਰ ‘ਤੇ ਨੀਲੀਆਂ ਬੱਤੀਆਂ ਤੇ ਚਿੱਟੇ ਪਰਦਿਆਂ ਦੀ ਵਰਤੋਂ ਬਾਰੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾæ ਅਭਿਨਵ ਤ੍ਰਿਖਾ ਨੇ ਕਿਹਾ ਕਿ ਇਹ ਬਿਲਕੁਲ ਗੈਰ ਕਾਨੂੰਨੀ ਰੁਝਾਨ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜ਼ਿਲ੍ਹਾ ਟਰਾਂਸਪੋਰਟ ਅਫਸਰ ਡਾæ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਪਹਿਲਾਂ ਹੀ ਅਜਿਹੇ ਰੁਝਾਨ ਖਿਲਾਫ਼ ਕਾਰਵਾਈ ਆਰੰਭ ਕਰ ਚੁੱਕੇ ਹਨ।