ਹਰਿਆਣਾ ਦੇ ਕਸਬੇ ਬਰਵਾਲਾ ਵਿਚ ਸਤਲੋਕ ਆਸ਼ਰਮ ਵਾਲੀ ਘਟਨਾ ਨੇ ਇਕ ਵਾਰ ਫਿਰ ਡੇਰਿਆਂ ਬਾਰੇ ਚਰਚਾ ਛੇੜ ਦਿੱਤੀ ਹੈ। ਇਸ ਘਟਨਾ ਨੇ ਸਰਕਾਰੀ ਮਸ਼ੀਨਰੀ ਉਤੇ ਵੀ ਵੱਡਾ ਸਵਾਲੀਆ ਨਿਸ਼ਾਨ ਲਗਾਇਆ ਹੈ। ਇਹ ਮਸ਼ੀਨਰੀ ਆਮ ਲੋਕਾਂ ਦਾ ਕਚੂਮਰ ਕੱਢਣ ਲਈ ਤਾਂ ਪੂਰੇ ਲਾਮ-ਲਸ਼ਕਰ ਨਾਲ ਝੱਟ ਹੱਲਾ ਬੋਲ ਦਿੰਦੀ ਹੈ, ਪਰ ਡੇਰਾ ਮੁਖੀ ਰਾਮਪਾਲ ਦਾ ਅਦਾਲਤ ਨਾਲ ਟਕਰਾਅ ਸਾਹਮਣੇ ਆਉਣ ਦੇ ਬਾਵਜੂਦ, ਇਹਤਿਆਤ ਵਜੋਂ ਕੁਝ ਵੀ ਨਾ ਕੀਤਾ ਗਿਆ। ਨਤੀਜਾ ਇਹ ਨਿਕਲਿਆ ਕਿ ਛੇ ਬੇਕਸੂਰ ਜੀਅ ਮੌਤ ਦੇ ਮੂੰਹ ਜਾ ਪਏ। ਪ੍ਰਸ਼ਾਸਕੀ ਨਾ-ਅਹਿਲੀਅਤ ਦਾ ਇਕੋ-ਇਕ ਅਤੇ ਵੱਡਾ ਕਾਰਨ ਇਹੀ ਰਿਹਾ ਹੈ ਕਿ ਸਰਕਾਰ ਚਲਾ ਰਹੀਆਂ ਧਿਰਾਂ ਸਦਾ ਹੀ ਅਜਿਹੇ ਡੇਰਿਆਂ ਨਾਲ ਸਿੱਧੀ ਟੱਕਰ ਤੋਂ ਪਿਛੇ ਹਟਦੀਆਂ ਰਹੀਆਂ ਹਨ। ਅਸਲ ਵਿਚ ਇਹ ਸਿਆਸੀ ਧਿਰਾਂ ਇਨ੍ਹਾਂ ਡੇਰਿਆਂ ਅਤੇ ਇਨ੍ਹਾਂ ਦੇ ਸ਼ਰਧਾਲੂਆਂ ਨੂੰ ਵੋਟ-ਬੈਂਕ ਵਜੋਂ ਹੀ ਦੇਖਦੀਆਂ ਹਨ।
ਪਿਛਲੇ ਕੁਝ ਸਮੇਂ ਤੋਂ ਅਜਿਹੇ ਡੇਰਿਆਂ ਅਤੇ ਸਿਆਸੀ ਧਿਰਾਂ ਦੀ ਸਾਂਝ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਡੇਰਿਆਂ ਦੇ ਮੁਖੀ ਆਪਣੇ ਹਿਤਾਂ ਦੇ ਹਿਸਾਬ ਨਾਲ ਸਿਆਸੀ ਚਾਲਾਂ ਚਲਦੇ ਹਨ। ਇਸੇ ਕਰ ਕੇ ਸਿਆਸਤ ਵਿਚ ਅਜਿਹੇ ਡੇਰਿਆਂ ਦਾ ਅਸਰ ਲਗਾਤਾਰ ਵਧ ਰਿਹਾ ਹੈ। ਇਸੇ ਕਾਰਨ ਹੀ ਹਰਿਆਣਾ ਸਰਕਾਰ ਹੱਥ ਉਤੇ ਹੱਥ ਧਰੀ ਬੈਠੀ ਰਹੀ ਅਤੇ ਦੇਖਦਿਆਂ-ਦੇਖਦਿਆਂ ਕੁਝ ਦਿਨਾਂ ਵਿਚ ਹੀ ਡੇਰੇ ਵਿਚ ਇੰਨੇ ਸ਼ਰਧਾਲੂ ਆਣ ਵੜੇ ਕਿ ਮਗਰੋਂ ਇਸ ਲਸ਼ਕਰ ਨਾਲ ਨਜਿੱਠਣਾ ਔਖਾ ਹੋ ਗਿਆ। ਹੁਣ ਸਤਲੋਕ ਦੇ ਡੇਰੇ ਦਾ ਕਿਲ੍ਹਾ ਢਹਿਣ ਤੋਂ ਬਾਅਦ ਜਿਹੜੇ ਤੱਥ ਸਾਹਮਣੇ ਆ ਰਹੇ ਹਨ, ਉਹ ਬਹੁਤੇ ਹੈਰਾਨ ਕਰਨ ਵਾਲੇ ਨਹੀਂ ਹਨ। ਸਭ ਜਾਣਦੇ ਹਨ ਕਿ ਇਨ੍ਹਾਂ ਡੇਰਿਆਂ ਵਿਚ ਅੱਜ ਕੱਲ੍ਹ ਕੀ ਕੁਝ ਹੁੰਦਾ ਹੈ ਅਤੇ ਕਿਸ ਤਰ੍ਹਾਂ ਇਹ ਲੋਕਾਂ ਦਾ ਹਰ ਤਰ੍ਹਾਂ ਨਾਲ ਸ਼ੋਸ਼ਣ ਕਰਦੇ ਹਨ। ਇਨ੍ਹਾਂ ਡੇਰਿਆਂ ਵਿਚ ਲੋਕਾਂ ਦੇ ਮਾਨਸਿਕ ਸ਼ੋਸ਼ਣ ਦੇ ਮਾਮਲੇ ਉਤੇ ਵਾਹਵਾ ਹਿਲਜੁਲ ਹੋਈ ਹੈ। ਇਹ ਤੱਥ ਵੀ ਉਜਾਗਰ ਹੋਏ ਹਨ ਕਿ ਕਿਹੜੇ ਲੋਕ ਅਜਿਹੇ ਡੇਰਿਆਂ ਵੱਲ ਵਹੀਰਾਂ ਘੱਤ ਕੇ ਤੁਰੇ ਰਹਿੰਦੇ ਹਨ। ਪੰਜਾਬ ਤੇ ਹਰਿਆਣਾ ਵਿਚ ਹੀ ਨਹੀਂ, ਭਾਰਤ ਦੇ ਹਰ ਹਿੱਸੇ ਵਿਚ ਅਜਿਹੇ ਡੇਰਿਆਂ ਦੀ ਭਰਮਾਰ ਹੈ। ਅਸਲ ਵਿਚ ਜਿਉਂ-ਜਿਉਂ ਜ਼ਿੰਦਗੀ ਦੀਆਂ ਉਲਝਣਾਂ ਅਤੇ ਸਮੱਸਿਆਵਾਂ ਵਧ ਰਹੀਆਂ ਹਨ, ਅਜਿਹੇ ਡੇਰੇ ਵੀ ਖੂਬ ਵਧ-ਫੁੱਲ ਰਹੇ ਹਨ। ਨਿੱਤ ਦਿਨ ਪਹਾੜ ਬਣ ਕੇ ਟੱਕਰ ਰਹੀਆਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਲੱਭਣ ਵਿਚ ਭਾਰਤ ਦਾ ਸਮੁੱਚਾ ਢਾਂਚਾ ਨਾ-ਕਾਮਯਾਬ ਰਿਹਾ ਹੈ। ਹਰ ਖੇਤਰ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਏ ਇਸ ਢਾਂਚੇ ਨੇ ਆਮ ਲੋਕਾਂ ਨੂੰ ਵੀ ਫੇਲ੍ਹ ਕਰ ਕੇ ਰੱਖ ਦਿੱਤਾ ਹੈ। ਇਸ ਮਾਮਲੇ ‘ਤੇ ਆਮ ਲੋਕ ਬਿਲਕੁੱਲ ਨਿਆਸਰਾ ਹੋਇਆ ਪਿਆ ਹੈ। ਉਨ੍ਹਾਂ ਨੂੰ ਡੇਰਿਆਂ ਦੇ ਅੰਧ-ਵਿਸ਼ਵਾਸ ਦੀ ਦਲ-ਦਲ ਵਿਚੋਂ ਕੱਢਣ ਲਈ ਕਿਸੇ ਪਾਸੇ ਕੋਈ ਹਿਲਜੁਲ ਨਹੀਂ ਹੈ; ਹਿਲਜੁਲ ਤਾਂ ਇਕ ਪਾਸੇ ਰਹੀ, ਕੋਈ ਇਸ ਬਾਰੇ ਸੋਚ ਤੱਕ ਨਹੀਂ ਰਿਹਾ। ਇਹ ਸਿਤਮਜ਼ਰੀਫੀ ਹੀ ਗਿਣੀ ਜਾਣੀ ਚਾਹੀਦੀ ਹੈ ਕਿ ਸਮੁੱਚੇ ਢਾਂਚੇ ਵਿਚ ਸੁਧਾਰ ਲਈ ਸਿਆਸੀ ਪੱਧਰ ਉਤੇ ਸਰਗਰਮੀ ਦੀ ਲੋੜ ਹੀ ਨਹੀਂ ਸਮਝੀ ਜਾ ਰਹੀ। ਢਾਂਚੇ ਨੂੰ ਬਰਕਰਾਰ ਰੱਖਣ ਦੇ ਯਤਨ ਹੀ ਕੀਤੇ ਜਾ ਰਹੇ ਹਨ।
ਉਂਜ, ਇਸ ਤੋਂ ਵੀ ਵੱਡੀ ਸਿਤਮਜ਼ਰੀਫੀ ਇਕ ਹੋਰ ਹੋਈ ਹੈ। ਕੁਝ ਲੋਕਾਂ ਨੇ ਰਾਮਪਾਲ ਦਾ ਪੱਖ ਪੂਰਿਆ ਹੈ ਅਤੇ ਪੂਰਿਆ ਵੀ ਪੂਰੇ ਧੜੱਲੇ ਨਾਲ ਹੈ। ਇਨ੍ਹਾਂ ਲੋਕਾਂ ਨੇ ਰਾਮਪਾਲ ਨੂੰ ਉਸ ਸੂਰਮੇ ਵਜੋਂ ਪੇਸ਼ ਕੀਤਾ ਹੈ ਜਿਹੜਾ ਆਰæਐਸ਼ਐਸ਼ ਦੀ ਹਿੰਦੂਵਾਦੀ ਵਿਚਾਰਧਾਰਾ ਨਾਲ ਲੋਹਾ ਲੈ ਰਿਹਾ ਹੈ। ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਰਾਮਪਾਲ ਹਰਿਆਣੇ ਵਿਚ ਆਰੀਆ ਸਮਾਜੀਆਂ ਨੂੰ ਵੱਡੀ ਪੱਧਰ ਉਤੇ ਟੱਕਰ ਦੇ ਰਿਹਾ ਹੈ ਅਤੇ ਆਰੀਆ ਸਮਾਜ ਆਰæਐਸ਼ਐਸ਼ ਨਾਲ ਜੁੜੀ ਜਮਾਤ ਹੈ। ਯਾਦ ਰਹੇ ਕਿ ਰਾਮਪਾਲ ਆਪਣੇ ਆਪ ਨੂੰ ਸੰਤ ਕਬੀਰ ਦਾ ਅਵਤਾਰ ਦੱਸਦਾ ਹੈ ਅਤੇ ਆਪਣੇ ਡੇਰੇ ਨੂੰ ਵੀ ਕਬੀਰਪੰਥੀਆਂ ਦਾ ਡੇਰਾ ਕਹਿੰਦਾ ਹੈ; ਪਰ ਸਤਲੋਕ ਦਾ ਸੱਚ ਲੋਕਾਂ ਦੇ ਸਾਹਮਣੇ ਆ ਹੀ ਚੁੱਕਾ ਹੈ ਅਤੇ ਡੇਰੇ ਵੱਲੋਂ ਛਾਪੀਆਂ ਕਿਤਾਬਾਂ ਪੜ੍ਹ ਕੇ ਪਤਾ ਲੱਗ ਜਾਂਦਾ ਹੈ ਕਿ ਇਸ ਡੇਰੇ ਦਾ ਸੰਤ ਕਬੀਰ ਜਾਂ ਕਿਸੇ ਹੋਰ ਧਰਮ ਨਾਲ ਕਿੰਨਾ ਕੁ ਲਾਗਾ-ਦੇਗਾ ਹੈ। ਸਿਤਮਜ਼ਰੀਫੀ ਤਾਂ ਇਹ ਵੀ ਹੈ ਕਿ ਰਾਮਪਾਲ ਦੀ ਅਜਿਹੀ ਹਮਾਇਤ ਉਨ੍ਹਾਂ ਵਿਦਵਾਨਾਂ ਵੱਲੋਂ ਕੀਤੀ ਗਈ ਹੈ ਜਿਹੜੇ ਸਿਧਾਂਤਕ ਤੌਰ ‘ਤੇ ਡੇਰਾਵਾਦ ਦੇ ਖਿਲਾਫ ਬੋਲਦੇ ਥੱਕਦੇ ਨਹੀਂ ਹਨ। ਅਸਲ ਵਿਚ ਇਹ ਉਹ ਵਿਦਵਾਨ ਹਨ ਜਿਹੜੇ ਦੇਸ਼-ਵਿਦੇਸ਼ ਵਿਚ ਵਾਪਰਦੀ ਹਰ ਘਟਨਾ ਨੂੰ ਆਪਣੇ ਬਣਾਏ ਚੌਖਟੇ ਵਿਚ ਝੱਟ ਹੀ ਫਿੱਟ ਕਰ ਲੈਂਦੇ ਹਨ। ਇਸੇ ਕਰ ਕੇ ਰਾਮਪਾਲ ਦਾ ਡੇਰਾ ਵੀ ਉਨ੍ਹਾਂ ਨੂੰ ਹਿੰਦੂਤਵੀ ਤਾਕਤਾਂ ਖਿਲਾਫ ਮੋਰਚਾ ਬੰਨ੍ਹੀਂ ਬੈਠਾ ਨਜ਼ਰ ਆਉਣ ਲੱਗ ਪੈਂਦਾ ਹੈ। ਇਹ ਲੋਕ ਉਕਾ ਹੀ ਭੁੱਲ ਗਏ ਕਿ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਰਾਮਪਾਲ ਦੀਆਂ ਤਸਵੀਰਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨਾਲ ਵੀ ਬਥੇਰੀਆਂ ਧੁੰਮੀਆਂ ਸਨ। ਉਦੋਂ ਇਸ ਤੱਥ ਨੂੰ ਕਿਸੇ ਨੇ ਗੌਲਿਆ ਨਹੀਂ ਸੀ, ਕਿਉਂਕਿ ਸਾਰਿਆਂ ਲਈ ਹੁਣ ਇਹ ਰੁਟੀਨ ਦੀ ਕਾਰਵਾਈ ਬਣ ਗਈ ਹੋਈ ਹੈ। ਚੋਣਾਂ ਦੇ ਦਿਨੀਂ ਸਿਆਸੀ ਲੀਡਰ ਅਕਸਰ ਹੀ ਜਿਹੀਆਂ ਸਰਗਰਮੀਆਂ ਕਰਦੇ ਹਨ ਤਾਂ ਕਿ ਸ਼ਰਧਾਲੂਆਂ ਨੂੰ ਆਪਣੇ ਹੱਕ ਵਿਚ ਕੀਤਾ ਜਾ ਸਕੇ। ਇਹ ਸੱਚ ਹੈ ਕਿ ਡੇਰੇ ਬਾਰੇ ਜੋ ਕੁਝ ਮੀਡੀਆ ਵਿਚ ਆਇਆ ਹੈ, ਉਹ ਬਹੁਤਾ ਕਰ ਕੇ ਪੁਲਿਸ ਤੇ ਪ੍ਰਸ਼ਾਸਨ ਦਾ ਹੀ ਪੱਖ ਹੈ, ਪਰ ਇਨ੍ਹਾਂ ਤੱਥਾਂ ਤੋਂ ਤਾਂ ਕੋਈ ਇਨਕਾਰੀ ਨਹੀਂ ਕਿ ਰਾਮਪਾਲ ਨੇ ਆਪਣੇ ਸ਼ਰਧਾਲੂਆਂ ਅੰਦਰ ਅੰਧ-ਵਿਸ਼ਵਾਸ ਭਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਹ ਕੋਈ ਕਹੀਆਂ-ਸੁਣੀਆਂ ਗੱਲਾਂ ਨਹੀਂ, ਸਗੋਂ ਸਤਲੋਕ ਵਲੋਂ ਛਾਪੇ ਉਹ ਕਿਤਾਬਚੇ ਹਨ ਜਿਹੜੇ ਸ਼ਰਧਾਲੂਆਂ ਨੂੰ ਮੁਫਤ ਵਰਤਾਏ ਜਾਂਦੇ ਹਨ। ਅਪਵਾਦ ਤਾਂ ਖੈਰ ਹਰ ਖੇਤਰ ਵਿਚ ਹੁੰਦੇ ਹਨ, ਪਰ ਸਮਾਜ ਦਾ ਜਿੰਨਾ ਨੁਕਸਾਨ ਡੇਰੇ ਕਰ ਰਹੇ ਹਨ, ਉਹ ਬੇਹਿਸਾਬ ਹੈ। ਆਰæਐਸ਼ਐਸ਼ ਦੇ ਵਿਰੋਧ ਦੀ ਧੁਨ ਵਿਚ ਰਾਮਪਾਲ ਨੂੰ ਸੂਰਮਾ ਦੱਸਣ ਵਾਲਿਆਂ ਨੂੰ ਇਹ ਧਿਆਨ ਜ਼ਰੂਰ ਰੱਖ ਲੈਣਾ ਚਾਹੀਦਾ ਹੈ। ਅਜਿਹਾ ਨਾ ਕੀਤਾ ਤਾਂ ਸਾਰੀ ‘ਘਾਲ ਕਮਾਈ’ ਸਿਰ ਪਰਨੇ ਹੋ ਜਾਵੇਗੀ।