ਵਾਸ਼ਿੰਗਟਨ (ਬਿਊਰੋ): ਰਿਪਬਲਿਕਨ ਆਗੂਆਂ ਦੇ ਤਿੱਖੇ ਵਿਰੋਧ ਦੇ ਬਾਵਜੂਦ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਮੀਗਰੇਸ਼ਨ ਸੁਧਾਰਾਂ ਦਾ ਐਲਾਨ ਕੀਤਾ ਹੈ ਜਿਸ ਤਹਿਤ ਸਾਢੇ ਚਾਰ ਲੱਖ ਭਾਰਤੀਆਂ ਸਮੇਤ 50 ਲੱਖ ਗੈਰ-ਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਨਹੀਂ ਕੱਢਿਆ ਜਾਵੇਗਾ। ਇਸ ਕਦਮ ਨਾਲ ਐਚ-1ਬੀ ਵੀਜ਼ਾਧਾਰਕਾਂ ਸਮੇਤ ਹਜ਼ਾਰਾਂ ਭਾਰਤੀਆਂ ਨੂੰ ਕਾਨੂੰਨੀ ਤੌਰ ‘ਤੇ ਪੱਕੇ ਰਿਹਾਇਸ਼ੀ ਬਣਨ ਦਾ ਮੌਕਾ ਮਿਲ ਸਕਦਾ ਹੈ। ਯਾਦ ਰਹੇ ਕਿ ਹਾਲ ਹੀ ਵਿਚ ਹੋਈਆਂ ਚੋਣਾਂ ਤੋਂ ਬਾਅਦ ਸੈਨੇਟ ਅਤੇ ਨੁਮਾਇੰਦਾ ਸਦਨ (ਹਾਊਸ ਆਫ ਰੀਪ੍ਰੈਜ਼ੈਨਟੇਟਿਵ) ਵਿਚ ਰਿਪਬਲਿਕਨ ਪਾਰਟੀ ਦੀ ਬਹੁਮਤ ਹੈ ਅਤੇ ਸ੍ਰੀ ਓਬਾਮਾ ਵੱਲੋਂ ਜਿਹੜਾ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਗਿਆ ਹੈ, ਉਸ ਨੂੰ ਕਾਨੂੰਨ ਬਣਾਉਣ ਵਿਚ ਅੜਿੱਕੇ ਪੈ ਸਕਦੇ ਹਨ।
ਸ੍ਰੀ ਓਬਾਮਾ ਵਲੋਂ ਆਪਣੀਆਂ ਕਾਰਜਕਾਰੀ ਸ਼ਕਤੀਆਂ ਦੀ ਵਰਤੋਂ ਕਰਦਿਆਂ ਚੁੱਕੇ ਗਏ ਇਨ੍ਹਾਂ ਕਦਮਾਂ ਨਾਲ ਬਿਨਾਂ ਦਸਤਾਵੇਜ਼ਾਂ ਤੋਂ ਰਹਿ ਰਹੇ ਲਗਭਗ ਇਕ ਕਰੋੜ 12 ਲੱਖ ਗੈਰ-ਕਾਨੂੰਨੀ ਪਰਵਾਸੀਆਂ ਵਿਚੋਂ 50 ਲੱਖ ਨੂੰ ਲਾਭ ਮਿਲੇਗਾ। ਇਸ ਕਦਮ ਦਾ ਉਨ੍ਹਾਂ ਲੋਕਾਂ ਨੂੰ ਫਾਇਦਾ ਨਹੀਂ ਹੋਵੇਗਾ ਜਿਹੜੇ ਕੁਝ ਸਮਾਂ ਪਹਿਲਾਂ ਅਮਰੀਕਾ ਵਿਚ ਦਾਖਲ ਹੋਏ ਹਨ। ਭਵਿੱਖ ਵਿਚ ਅਮਰੀਕਾ ਵਿਚ ਗ਼ੈਰ-ਕਾਨੂੰਨੀ ਤੌਰ ‘ਤੇ ਦਾਖ਼ਲ ਹੋਣ ਵਾਲੇ ਲੋਕ ਵੀ ਇਸ ਲਾਭ ਤੋਂ ਵਾਂਝੇ ਰਹਿਣਗੇ। ਉਹ ਆਪਣੇ ਇਸ ਐਗਜ਼ੀਕਿਊਟਿਵ ਆਰਡਰ ਦੇ ਪ੍ਰਚਾਰ-ਪ੍ਰਸਾਰ ਲਈ ਵੱਖ-ਵੱਖ ਲੋਕਾਂ ਨੂੰ ਲਗਾਤਾਰ ਮਿਲ ਰਹੇ ਹਨ।
ਰਾਸ਼ਟਰਪਤੀ ਭਵਨ ਤੋਂ ਕੀਤੇ ਸੰਬੋਧਨ ਦੌਰਾਨ ਸ੍ਰੀ ਓਬਾਮਾ ਨੇ ਕਿਹਾ ਕਿ ਪਰਵਾਸ ਸੁਧਾਰਾਂ ਦੇ ਰਸਤੇ ਵਿਚ ਰਿਪਬਲਿਕਨਾਂ ਵੱਲੋਂ ਰੁਕਾਵਟਾਂ ਪਾਉਣ ਕਾਰਨ ਉਹ ਇਹ ਕਦਮ ਉਠਾ ਰਹੇ ਹਨ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਅਮਰੀਕਾ ਪਰਵਾਸੀਆਂ ਦਾ ਦੇਸ਼ ਹੈ ਅਤੇ ਇਸ ਦੇ ਨਾਲ ਇਹ ਨਿਯਮਾਂ ਵਾਲਾ ਦੇਸ਼ ਵੀ ਹੈ। ਬਿਨਾਂ ਯੋਗ ਦਸਤਾਵੇਜ਼ਾਂ ਦੇ ਰਹਿਣ ਵਾਲੇ ਜਿਹੜੇ ਲੋਕ ਪਰਵਾਸ ਨਿਯਮ ਤੋੜਦੇ ਹਨ, ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੀ ਜਾਣਾ ਚਾਹੀਦਾ ਹੈ, ਖਾਸਕਰ ਉਨ੍ਹਾਂ ਲੋਕਾਂ ਨੂੰ ਜੋ ਖਤਰਨਾਕ ਸਾਬਤ ਹੋ ਸਕਦੇ ਹਨ, ਪਰ ਇਹ ਵੀ ਸੱਚ ਹੈ ਕਿ ਅਮਰੀਕਾ ਸਦਾ ਹੀ ਨਿਆਸਰਿਆਂ ਦਾ ਆਸਰਾ ਬਣਿਆ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਇਹ ਆਸਰਾ ਦਿੱਤਾ ਹੀ ਜਾਣਾ ਚਾਹੀਦਾ ਹੈ ਜਿਹੜੇ ਇੰਨੇ ਸਾਲਾਂ ਤੋਂ ਪੂਰੀ ਇਮਾਨਦਾਰੀ ਨਾਲ ਅਮਰੀਕਾ ਦੀ ਆਰਥਿਕਤਾ ਵਿਚ ਆਪਣਾ ਯੋਗਦਾਨ ਪਾ ਰਹੇ ਹਨ।
‘ਨਿਊ ਰਿਸਰਚ ਸੈਂਟਰ’ ਦੀ ਰਿਪੋਰਟ ਮੁਤਾਬਕ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਪਰਵਾਸੀਆਂ ਦੀ ਇਹ ਗਿਣਤੀ 2012 ਦੇ ਅੰਕੜਿਆਂ ‘ਤੇ ਆਧਾਰਤ ਹੈ। 2012 ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਕੁੱਲ ਇਕ ਕਰੋੜ 12 ਲੱਖ ਲੋਕ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਨ। ਇਸ ਗਿਣਤੀ ਵਿਚ 2009 ਤੋਂ ਬਾਅਦ ਕੋਈ ਖਾਸ ਤਬਦੀਲੀ ਨਹੀਂ ਆਈ ਹੈ। ਨਿਊ ਹੈਂਪਸ਼ਾਇਰ ਵਿਚ ਗੈਰ-ਕਾਨੂੰਨੀ ਪਰਵਾਸੀਆਂ ਵਿਚ ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ ਹੈ। ਅਮਰੀਕਾ ਦੇ ਕੁੱਲ 50 ਸੂਬਿਆਂ ਵਿਚੋਂ ਤਕਰੀਬਨ 28 ਵਿਚ ਅਜਿਹੇ ਭਾਰਤੀ ਰਹਿ ਰਹੇ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪਰਵਾਸੀਆਂ ਦੇ ਮੈਕਸੀਕੋ ਵਾਲੇ ਪਾਸਿਓਂ ਹੋਣ ਵਾਲੇ ਗੈਰ-ਕਾਨੂੰਨੀ ਦਾਖਲੇ ਵਿਚ 2009 ਤੋਂ 2012 ਦਰਮਿਆਨ ਕਮੀ ਆਈ ਹੈ।
ਸ੍ਰੀ ਓਬਾਮਾ ਦੀ ਇਸ ਯੋਜਨਾ ਤਹਿਤ ਅਮਰੀਕੀ ਨਾਗਰਿਕਾਂ ਅਤੇ ਕਾਨੂੰਨੀ ਤੌਰ ‘ਤੇ ਪੱਕੇ ਨਿਵਾਸੀਆਂ ਦੇ ਮਾਤਾ-ਪਿਤਾ ਦੇਸ਼ ਵਿਚ ਅਸਥਾਈ ਤੌਰ ‘ਤੇ ਰਹਿ ਸਕਣਗੇ। ਉਨ੍ਹਾਂ ਵਲੋਂ ਐਲਾਨੇ ਗਏ ਇਹ ਸੁਧਾਰ ਉਨ੍ਹਾਂ ਲੋਕਾਂ ‘ਤੇ ਲਾਗੂ ਹੋਣਗੇ ਜੋ ਪਿਛਲੇ ਘੱਟੋ ਘੱਟ ਪੰਜ ਸਾਲਾਂ ਤੋਂ ਅਮਰੀਕਾ ਵਿਚ ਹਨ। ਅਜਿਹੀ ਵੀ ਉਮੀਦ ਹੈ ਕਿ ਇਸ ਨਾਲ ਉਨ੍ਹਾਂ ਭਾਰਤੀ ਤਕਨੀਕੀ ਮਾਹਿਰਾਂ ਨੂੰ ਮਦਦ ਮਿਲੇਗੀ ਜਿਨ੍ਹਾਂ ਨੂੰ ਜਾਇਜ਼ ਪੱਕਾ ਦਰਜਾ (ਐਲ਼ਪੀæਆਰæ) ਜਾਂ ਗ੍ਰੀਨ ਕਾਰਡ ਹਾਸਲ ਕਰਨ ਲਈ ਐਚ-1ਬੀ ਵੀਜ਼ੇ ਦੀ ਪ੍ਰੇਸ਼ਾਨੀ ਭਰੀ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ। ਇਸ ਕਦਮ ਨਾਲ ਉਨ੍ਹਾਂ ਮਾਹਰ ਕਾਰੀਗਰਾਂ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਨੂੰ ਕੰਮ ਕਰਨ ਦਾ ਹੱਕ ਮਿਲਦਾ ਹੈ ਜੋ ਫ਼ਿਲਹਾਲ ਜਾਇਜ਼ ਸਥਾਈ ਦਰਜਾ (ਐਲ਼ਪੀæਆਰæ) ਮਿਲਣ ਦੀ ਉਡੀਕ ਕਰ ਰਹੇ ਹਨ। ਸ੍ਰੀ ਓਬਾਮਾ ਨੇ ਕਿਹਾ, “ਅੱਜ ਸਾਡਾ ਇਮੀਗਰੇਸ਼ਨ ਸਿਸਟਮ ਬੁਰੀ ਤਰ੍ਹਾਂ ਤਿੜਕ ਚੁੱਕਾ ਹੈ। ਕਈ ਦਹਾਕਿਆਂ ਤੋਂ ਅਜਿਹਾ ਚੱਲ ਰਿਹਾ ਹੈ ਅਤੇ ਅਸੀਂ ਇਸ ਸਬੰਧੀ ਕੁਝ ਵੀ ਨਹੀਂ ਕੀਤਾ ਹੈ।” ਉਨ੍ਹਾਂ ਨੇ ਇਨ੍ਹਾਂ ਸੁਧਾਰਾਂ ਦਾ ਵਿਰੋਧ ਕਰਨ ਵਾਲਿਆਂ ਵਲੋਂ ਲਾਏ ਜਾ ਰਹੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਕਿ ਉਹ ਬਿਨਾਂ ਜਾਇਜ਼ ਦਸਤਾਵੇਜ਼ ਵਾਲੇ ਪਰਵਾਸੀਆਂ ਨੂੰ ਆਸਾਨੀ ਨਾਲ ਬਚ ਕੇ ਨਿਕਲਣ ਦੇ ਰਹੇ ਹਨ।
ਪਰਵਾਸੀਆਂ ਖਾਸ ਕਰ ਕੇ ਭਾਰਤੀਆਂ ਦੇ ਮੌਲਿਕ ਅਤੇ ਉਦਮੀ ਹੁਨਰ ਦੀ ਪ੍ਰਸੰਸਾ ਕਰਦਿਆਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਰਵਾਸੀ ਸੁਧਾਰਾਂ ਦੀ ਜ਼ੋਰਦਾਰ ਪੈਰਵੀ ਕਰਦਿਆਂ ਆਖਿਆ ਕਿ ਬਿਹਤਰੀਨ ਅਤੇ ਹੋਣਹਾਰ ਵਿਦਿਆਰਥੀਆਂ ਅਤੇ ਪ੍ਰੋਫੈਸ਼ਨਲਾਂ ਨੂੰ ਅਮਰੀਕਾ ਵਿੱਚ ਟਿਕੇ ਰਹਿਣ ਲਈ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਹੈ।
ਪਰਵਾਸੀ ਢਾਂਚੇ ਦੀਆਂ ਚੂਲਾਂ ਕੱਸਣ ਲਈ ਐਲਾਨ ਤੋਂ ਇਕ ਦਿਨ ਬਾਅਦ ਸ੍ਰੀ ਸ੍ਰੀ ਓਬਾਮਾ ਨੇ ਲਾਸ ਵੈਗਾਸ ਵਿੱਚ ਆਖਿਆ, “ਅਸੀਂ ਆਪਣੀਆਂ ਯੂਨੀਵਰਸਿਟੀਆਂ ਵਿਚ ਦੁਨੀਆਂ ਭਰ ਦੇ ਨੌਜਵਾਨਾਂ ਨੂੰ ਪੜ੍ਹਾਉਂਦੇ ਹਾਂ ਅਤੇ ਫਿਰ ਉਨ੍ਹਾਂ ਨੂੰ ਵਾਪਸ ਵਤਨ ਭੇਜ ਦਿੰਦੇ ਹਾਂ ਹਾਲਾਂਕਿ ਕਈ ਇੱਥੇ ਰਹਿ ਕੇ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਜਾਂ ਕੋਈ ਖਾਸ ਕਿਸਮ ਦਾ ਹੁਨਰ ਸਿਖਣਾ ਚਾਹੁੰਦੇ ਹਨ। ਅਸੀਂ ਉਨ੍ਹਾਂ ਨੂੰ ਵਾਪਸ ਭੇਜ ਦਿੰਦੇ ਹਾਂ ਜੋ ਪਿਛੋਂ ਸਾਡੇ ਹੀ ਸ਼ਰੀਕ ਬਣ ਜਾਂਦੇ ਹਨ। ਇਸ ਲਈ ਸਾਨੂੰ ਬਿਹਤਰੀਨ ਅਤੇ ਹੋਣਹਾਰ ਨੌਜਵਾਨਾਂ ਨੂੰ ਇੱਥੇ ਪੜ੍ਹਨ, ਟਿਕੇ ਰਹਿਣ ਅਤੇ ਨਿਵੇਸ਼ ਕਰਨ ਲਈ ਪ੍ਰੇਰਨਾ ਚਾਹੀਦਾ ਹੈ।”
________________________________________________________
ਪਰਵਾਸੀਆਂ ਦਾ ਦੇਸ਼ ਹੈ ਅਮਰੀਕਾ
ਅਮਰੀਕਾ ਵਿਚ ਪਰਵਾਸ ਦਾ ਆਪਣਾ ਇਤਿਹਾਸ ਹੈ। ਕੋਲੰਬਸ ਨੇ ਅਮਰੀਕਾ ਦੀ ਧਰਤੀ ‘ਤੇ ਤਕਰੀਬਨ ਸਵਾ ਚਾਰ ਕੁ ਸੌ ਸਾਲ ਪਹਿਲਾਂ ਪੈਰ ਪਾਏ ਸਨ। ਉਸ ਤੋਂ ਬਾਅਦ ਬਰਤਾਨੀਆ ਅਤੇ ਯੂਰਪ ਦੇ ਲੋਕਾਂ ਨੇ ਇਕ ਤਰ੍ਹਾਂ ਨਾਲ ਇਸ ਦੇਸ਼ ਵੱਲ ਵਹੀਰਾਂ ਘੱਤ ਲਈਆਂ। ਇਸ ਵਿਸ਼ਾਲ ਧਰਤੀ ‘ਤੇ ਵੱਡੀਆਂ-ਵੱਡੀਆਂ ਕਾਲੋਨੀਆਂ ਬਣ ਗਈਆਂ ਅਤੇ ਹੌਲੀ-ਹੌਲੀ ਸਟੇਟ ਬਣ ਗਏ। ਉਸ ਸਮੇਂ ਬਰਤਾਨੀਆ ਬਸਤੀਵਾਦੀ ਮੁਲਕ ਸੀ। ਹਰ ਥਾਂ ‘ਤੇ ਕਬਜ਼ੇ ਕਰ ਕੇ ਉਹ ਆਪਣੀਆਂ ਬਸਤੀਆਂ ਬਣਾ ਲੈਂਦਾ ਸੀ। ਅਮਰੀਕਾ ਵਿਚ ਬਹੁਤੀਆਂ ਬਸਤੀਆਂ ਬਰਤਾਨੀਆ ਦੀਆਂ ਹੀ ਸਨ। ਬਾਅਦ ਵਿਚ ਲੋਕਾਂ ਅੰਦਰ ਆਪਣੇ ਦੇਸ਼ ਅਮਰੀਕਾ ਦੀ ਭਾਵਨਾ ਪੈਦਾ ਹੋਣ ਨਾਲ ਉਨ੍ਹਾਂ ਇੰਗਲੈਂਡ ਵਿਰੁਧ ਸਖ਼ਤ ਲੜਾਈ ਲੜੀ। ਅਖ਼ੀਰ ਉਨ੍ਹਾਂ ਜਾਰਜ ਵਾਸ਼ਿੰਗਟਨ ਦੀ ਅਗਵਾਈ ਵਿਚ ਬਰਤਾਨਵੀ ਸਾਮਰਾਜ ਖ਼ਤਮ ਕਰ ਕੇ ਦੇਸ਼ ਵਿਚ ਗਣਤੰਤਰ ਕਾਇਮ ਕੀਤਾ। ਬਾਅਦ ਵਿਚ ਇਹ ਦੇਸ਼ ਹੋਰ ਵਿਸ਼ਾਲ ਹੁੰਦਾ ਗਿਆ। ਇਥੋਂ ਦੇ ਮੂਲ ਵਾਸੀ ਜਿਨ੍ਹਾਂ ਨੂੰ ਰੈਡ ਇੰਡੀਅਨ ਕਿਹਾ ਜਾਂਦਾ ਹੈ, ਕੁਝ ਕੁ ਲੱਖ ਹੀ ਰਹਿ ਗਏ ਹਨ। ਇਨ੍ਹਾਂ ਲਈ ਵੱਖਰੀਆਂ ਬਸਤੀਆਂ ਵੀ ਵਸਾਈਆਂ ਗਈਆਂ ਹਨ। ਅਮਰੀਕਾ ਲੰਮੇ ਸਮੇਂ ਤੱਕ ਸੰਭਾਵਨਾਵਾਂ ਭਰਪੂਰ ਦੇਸ਼ ਬਣਿਆ ਰਿਹਾ। ਇਸ ਲਈ ਦੁਨੀਆਂ ਭਰ ਦੇ ਲੋਕ ਰੁਜ਼ਗਾਰ ਦੀ ਭਾਲ ਵਿਚ ਕਿਸੇ ਨਾ ਕਿਸੇ ਰੂਪ ਵਿਚ ਇਥੇ ਦਾਖਲ ਹੋ ਕੇ ਵਸਦੇ ਰਹੇ। ਅੱਜ ਵੀ ਇਹ ਸਿਲਸਿਲਾ ਜਾਰੀ ਹੈ।