ਸ਼ਿਕਾਗੋ (ਬਿਊਰੋ): ਅਦਾਲਤ ਨੇ ਸਥਾਨਕ ਗੁਰਦੁਆਰਾ ਗੁਰਜੋਤਿ ਪ੍ਰਕਾਸ਼ ਦੀ ਪ੍ਰਬੰਧਕ ਸੰਸਥਾ ਗੁਰੂ ਨਾਨਕ ਸਿੱਖ ਮਿਸ਼ਨ ਦੀ ਜਾਇਦਾਦ ਦਾ ਤਬਾਦਲਾ ਕਰਨ ਜਾਂ ਇਸ ਉਪਰ ਲੀਅਨ ਪਾਉਣ ਸਬੰਧੀ 2010 ਅਤੇ 2011 ਦੌਰਾਨ ਮਕੈਨਰੀ ਕਾਉਂਟੀ (ਇਲੀਨਾਏ) ਦੇ ਵੱਖ ਵੱਖ ਵਿਭਾਗਾਂ ਵਿਚ ਦਰਜ ਕਰਵਾਏ ਗਏ ਸਾਰੇ ਇਕਰਾਰਨਾਮੇ ਰੱਦ ਕਰ ਦਿੱਤੇ ਅਤੇ ਜਾਇਦਾਦ ਰਿਸੀਵਰ ਦੇ ਸਪੁਰਦ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲੰਘੀ 11 ਨਵੰਬਰ ਨੂੰ ਇਸ ਗੁਰਦੁਆਰੇ ਦੀ ਇਮਾਰਤ ਨੂੰ ਅੱਗ ਲੱਗਣ ਕਰਕੇ ਇਮਾਰਤ ਨੂੰ ਵੱਡਾ ਨੁਕਸਾਨ ਪਹੁੰਚਿਆ ਸੀ।
ਮਕੈਨਰੀ ਕਾਉਂਟੀ (ਇਲੀਨਾਏ) ਦੇ 22ਵੇਂ ਜੁਡੀਸ਼ੀਅਲ ਸਰਕਟ ਦੀ ਸਰਕਟ ਕੋਰਟ ਨੇ 19 ਨਵੰਬਰ ਨੂੰ ਗੁਰੂ ਨਾਨਕ ਮਿਸ਼ਨ ਦੇ ਰਿਸੀਵਰ ਡੇਵਿਡ ਆਰ ਮਿਸੀਮਰ ਬਨਾਮ ਬਾਬਾ ਦਲਜੀਤ ਸਿੰਘ, ਜਸਪਾਲ ਕੌਰ ਰੰਧਾਵਾ, ਹਰਪ੍ਰੀਤ ਸਿੰਘ ਸੈਣੀ, ਗੁਰਦਿੱਤ ਸਿੰਘ ਸੈਣੀ ਅਤੇ ਗੁਰਮੀਤ ਸਿੰਘ ਭੋਲਾ ਕੇਸ ਵਿਚ ਸਭ ਧਿਰਾਂ ਦੀ ਸਹਿਮਤੀ ਨਾਲ ਕੁਝ ਹੁਕਮ ਸੁਣਾਏ ਹਨ। ਇਨ੍ਹਾਂ ਹੁਕਮਾਂ ਅਨੁਸਾਰ 14 ਅਕਤੂਬਰ 2011 ਨੂੰ ਮਕੈਨਰੀ ਕਾਉਂਟੀ ਰਿਕਾਰਡ ਆਫ ਡੀਡਸ ਪਾਸ ਦਰਜ ਕਰਵਾਇਆ ਗਿਆ ਵਾਰੰਟੀ ਇਕਰਾਰਨਾਮਾ ਨੰਬਰ 2011ਆਰ0041268 ਮੂਲੋਂ ਰੱਦ ਕਰ ਦਿਤਾ ਗਿਆ ਹੈ ਜਿਸ ਰਾਹੀਂ ਗੁਰੂ ਨਾਨਕ ਸਿੱਖ ਮਿਸ਼ਨ ਆਫ ਅਮੈਰਿਕਾ ਇੰਕæ ਦਾ ਟਾਈਟਲ (ਮਲਕੀਅਤ) ਜਸਪਾਲ ਕੌਰ ਰੰਧਾਵਾ ਅਤੇ ਬਾਬਾ ਦਲਜੀਤ ਸਿੰਘ ਦੇ ਨਾਂ ਕੀਤਾ ਗਿਆ ਸੀ।
ਅਦਾਲਤ ਨੇ ਮਕੈਨਰੀ ਕਾਉਂਟੀ ਰਿਕਾਰਡ ਆਫ ਡੀਡਸ ਪਾਸ 22 ਦਸੰਬਰ 2011 ਨੂੰ ਦਰਜ ਕਰਵਾਇਆ ਗਿਆ ਦਸਤਾਵੇਜ਼ ਨੰਬਰ 2011ਆਰ0052117 ਵੀ ਰੱਦ ਕਰ ਦਿਤਾ ਹੈ, ਜਿਸ ਰਾਹੀਂ ਬਾਬਾ ਦਲਜੀਤ ਸਿੰਘ ਅਤੇ ਜਸਪਾਲ ਕੌਰ ਨੇ ਸਬੰਧਤ ਜਾਇਦਾਦ ਦੀ ਮਲਕੀਅਤ ਹਰਪ੍ਰੀਤ ਸੈਣੀ ਦੇ ਨਾਂ ਕਰਨ ਲਈ ਕੁਇਟ ਕਲੇਮ (ਮਾਲਕੀ ਦਾ ਦਾਅਵਾ ਛੱਡਣਾ) ਇਕਰਾਰਨਾਮਾ ਦਰਜ ਕਰਵਾਇਆ ਸੀ।
ਅਦਾਲਤ ਦੇ ਹੁਕਮ ਅਨੁਸਾਰ ਗੁਰੂ ਨਾਨਕ ਸਿੱਖ ਮਿਸ਼ਨ ਆਫ ਅਮੈਰਿਕਾ ਇੰਕæ 217 ਵੈਸਟ ਸਟੇਟ ਰੋਡ, ਆਈਲੈਂਡ ਲੇਕ, ਇਲੀਨਾਏ ਸਥਿਤ ਜਾਇਦਾਦ ਦਾ ਮਾਲਕ ਹੈ। ਇਸ ਦਾ ਵੇਰਵਾ ਅਦਾਲਤ ਦੇ ਹੁਕਮ ਦੇ ਐਗਜ਼ੀਬਿਟ ਏ ਵਿਚ ਦਰਜ ਹੈ। ਅਦਾਲਤ ਨੇ ਹੁਕਮ ਕੀਤਾ ਹੈ ਕਿ ਦੱਸੀ ਗਈ ਇਹ ਜਾਇਦਾਦ ਮੁਦਾਇਲਾਂ ਦੀ ਥਾਂ ਗੁਰੂ ਨਾਨਕ ਸਿੱਖ ਮਿਸ਼ਨ ਦੇ ਰਿਸੀਵਰ ਡੇਵਿਡ ਆਰ ਮਿਸੀਮਰ ਦੇ ਸਪੁਰਦ ਕੀਤੀ ਜਾਂਦੀ ਹੈ।
ਅਦਾਲਤ ਨੇ ਆਪਣੇ ਹੁਕਮ ਰਾਹੀਂ ਮਕੈਨਰੀ ਕਾਉਂਟੀ ਰਿਕਾਰਡ ਆਫ ਡੀਡਸ ਪਾਸ ਦਰਜ ਕਰਵਾਏ ਗਏ ਦਸਤਾਵੇਜ਼ ਨੰਬਰ 2010ਆਰ0048554 ਅਤੇ 2010ਆਰ0048635 ਵੀ ਰੱਦ ਕਰ ਦਿੱਤੇ ਹਨ। 22 ਅਕਤੂਬਰ 2010 ਨੂੰ ਮਕੈਨਰੀ ਕਾਉਂਟੀ ਰਿਕਾਰਡ ਆਫ ਡੀਡਸ ਪਾਸ ਦਰਜ ਕਰਵਾਇਆ ਗਿਆ ਲੀਅਨ ਦਾ ਕਲੇਮ ਵੀ ਅਦਾਲਤ ਨੇ ਰੱਦ ਕਰਦਿਆਂ ਕਿਹਾ ਹੈ ਕਿ ਇਹ ਜਾਇਦਾਦ ਹੁਣ ਇਸ ਲੀਅਨ ਤੋਂ ਮੁਕਤ ਹੈ। ਅਦਾਲਤ ਨੇ ਸਬੰਧਤ ਜਾਇਦਾਦ ਉਪਰ ਬਾਬਾ ਦਲਜੀਤ ਸਿੰਘ, ਜਸਪਾਲ ਕੌਰ ਰੰਧਾਵਾ, ਹਰਪ੍ਰੀਤ ਸੈਣੀ, ਗੁਰਦਿੱਤ ਸਿੰਘ ਸੈਣੀ ਅਤੇ ਗੁਰਮੀਤ ਸਿੰਘ ਭੋਲਾ ਦੀ ਮਾਲਕੀ ਅਤੇ ਹੋਰ ਕਿਸੇ ਵੀ ਤਰ੍ਹਾਂ ਦਾ ਹਿਤ ਰੱਦ ਕਰਦਿਆਂ ਗੁਰੂ ਨਾਨਕ ਸਿੱਖ ਮਿਸ਼ਨ ਦੇ ਨਾਂ ਕਰ ਦਿੱਤੀ ਹੈ।
ਅਦਾਲਤ ਨੇ ਬਾਬਾ ਦਲਜੀਤ ਸਿੰਘ ਨੂੰ ਹੁਕਮ ਕੀਤਾ ਹੈ ਕਿ ਉਹ ਦਸਤਾਵੇਜ਼ 1010ਆਰ0048554 ਰਾਹੀਂ ਦਰਜ ਕੀਤੀ ਗਈ ਮਾਰਟਗੇਜ ਰੱਦ ਕਰਨਗੇ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਅਦਾਲਤ ਵਲੋਂ ਅਦਾਲਤੀ ਹੁਕਮਾਂ ਰਾਹੀਂ ਉਪਰੋਕਤ ਜਾਇਦਾਦ ਮਾਰਟਗੇਜ ਤੋਂ ਮੁਕਤ ਕੀਤੀ ਜਾਏਗੀ। ਇਸੇ ਤਰ੍ਹਾਂ ਹੀ ਅਦਾਲਤ ਨੇ ਗੁਰਮੀਤ ਸਿੰਘ ਭੋਲਾ ਨੂੰ ਵੀ ਹੁਕਮ ਕੀਤਾ ਹੈ ਕਿ ਉਹ ਦਸਤਾਵੇਜ ਨੰਬਰ 2010ਆਰ0048635 ਰਾਹੀਂ ਦਰਜ ਕਰਵਾਏ ਗਏ ਮਾਰਟਗੇਜ ਤੋਂ ਜਾਇਦਾਦ ਨੂੰ ਮੁਕਤ ਕਰੇ ਨਹੀਂ ਤਾਂ ਅਦਾਲਤ ਵਲੋਂ ਅਦਾਲਤੀ ਹੁਕਮਾਂ ਰਾਹੀਂ ਉਪਰੋਕਤ ਜਾਇਦਾਦ ਮਾਰਟਗੇਜ ਤੋਂ ਮੁਕਤ ਕੀਤੀ ਜਾਏਗੀ। ਹਰਪ੍ਰੀਤ ਸਿੰਘ ਸੈਣੀ ਨੂੰ ਅਦਾਲਤ ਨੇ ਹੁਕਮ ਕੀਤਾ ਹੈ ਕਿ ਉਹ ਗੁਰੂ ਨਾਨਕ ਸਿੱਖ ਮਿਸ਼ਨ ਆਫ ਅਮੈਰਿਕਾ ਦੇ ਗਾਰੰਟਰ ਵਜੋਂ ਸਬੰਧਤ ਜਾਇਦਾਦ ਦੇ ਸਬੰਧ ਵਿਚ ਗਾਰੰਟੀ ਵਜੋਂ ਕੁਇਟ ਕਲੇਮ ਇਕਰਾਰਨਾਮਾ ਦਰਜ ਕਰਵਾਏ। ਅਜਿਹਾ ਨਾ ਕਰਨ ‘ਤੇ ਅਦਾਲਤ ਵਲੋਂ ਅਦਾਲਤੀ ਹੁਕਮਾਂ ਰਾਹੀਂ ਉਪਰੋਕਤ ਇਕਰਾਰਨਾਮਾ ਕਰਵਾਇਆ ਜਾਏਗਾ।
ਇਸੇ ਤਰ੍ਹਾਂ ਅਦਾਲਤ ਨੇ ਮੁਦਾਇਲਾਂ ਗੁਰਦਿੱਤ ਸਿੰਘ ਸੈਣੀ ਨੂੰ ਹੁਕਮ ਕੀਤਾ ਹੈ ਕਿ ਉਹ ਦਸਤਾਵੇਜ਼ ਨੰਬਰ 2010ਆਰ0048553 ਰਾਹੀਂ ਦਰਜ ਕਰਵਾਇਆ ਗਿਆ ਲੀਅਨ ਦਾ ਦਾਅਵਾ ਵਾਪਸ ਲਵੇ, ਨਹੀਂ ਤਾਂ ਅਦਾਲਤ ਵਲੋਂ ਅਦਾਲਤੀ ਹੁਕਮਾਂ ਰਾਹੀਂ ਜਾਇਦਾਦ ਨੂੰ ਇਸ ਲੀਅਨ ਤੋਂ ਮੁਕਤ ਕੀਤਾ ਜਾਵੇਗਾ।
ਅਦਾਲਤ ਵਲੋਂ ਜਾਰੀ ਕੀਤੇ ਗਏ ਇਸ ਸਹਿਮਤੀ ਹੁਕਮ ਉਪਰ ਰਿਸੀਵਰ ਦੇ ਵਕੀਲ ਜੇਮਜ਼ ਏ ਚੈਂਪੀਅਨ, ਬਾਬਾ ਦਲਜੀਤ ਸਿੰਘ, ਜਸਪਾਲ ਕੌਰ ਰੰਧਾਵਾ; ਹਰਪ੍ਰੀਤ ਸੈਣੀ, ਗੁਰਦਿੱਤ ਸਿੰਘ ਸੈਣੀ ਅਤੇ ਗੁਰਮੀਤ ਸਿੰਘ ਭੋਲਾ ਦੇ ਵਕੀਲ ਰਿਸ਼ੀ ਅਗਰਵਾਲ; ਅਤੇ ਗੁਰੂ ਨਾਨਕ ਸਿੱਖ ਮਿਸ਼ਨ ਦੇ ਵਿਅਕਤੀਗਤ ਮੈਂਬਰਾਂ ਅਤੇ ਬੋਰਡ ਮੈਂਬਰਾਂ ਵਜੋਂ ਜਗਦੀਸ਼ ਸਿੰਘ, ਕੁਲਵਿੰਦਰ ਸੰਧੂ, ਮੱਖਣ ਸਿੰਘ ਕਲੇਰ, ਹਰਜੀਤ ਸਿੰਘ ਗਿੱਲ ਤੇ ਰਸ਼ਮਿੰਦਰ ਕੌਰ ਦੇ ਵਕੀਲ ਐਚæ ਸ਼ਾਨ ਕਿਮ ਦੇ ਸਹਿਮਤੀ ਵਜੋਂ ਦਸਤਖਤ ਹਨ।
ਜ਼ਿਕਰਯੋਗ ਹੈ ਕਿ ਗੁਰੂ ਨਾਨਕ ਸਿੱਖ ਮਿਸ਼ਨ ਦੇ ਪ੍ਰਬੰਧ ਅਤੇ ਇਸ ਦੀ ਜਾਇਦਾਦ ਨੂੰ ਲੈ ਕੇ ਪਿਛਲੇ ਪੰਜ-ਛੇ ਸਾਲਾਂ ਤੋਂ ਅਦਾਲਤਾਂ ਵਿਚ ਮੁਕੱਦਮੇਬਾਜ਼ੀ ਚਲ ਰਹੀ ਹੈ ਜਿਸ ਦੌਰਾਨ ਅਦਾਲਤ ਨੇ ਜਾਇਦਾਦ ਲਈ ਰਿਸੀਵਰ ਦੀ ਨਿਯੁਕਤੀ ਕਰ ਦਿਤੀ ਸੀ। ਲੰਘੀ 11 ਨਵੰਬਰ ਨੂੰ ਗੁਰਦੁਆਰਾ ਗੁਰਜੋਤਿ ਪ੍ਰਕਾਸ਼ ਦੀ ਇਮਾਰਤ ਨੂੰ ਅੱਗ ਲਗਣ ਦੀ ਘਟਨਾ ਤੋਂ ਇਕ ਦਿਨ ਬਾਅਦ 13 ਨਵੰਬਰ ਨੂੰ ਅਦਾਲਤ ਨੇ ਗੁਰਘਰ ਦੀ ਜਾਇਦਾਦ ਸਮੇਤ ਗੈਸਟ ਹਾਊਸ (ਜਿਥੇ ਬਾਬਾ ਦਲਜੀਤ ਸਿੰਘ ਦੀ ਰਿਹਾਇਸ਼ ਸੀ) ਦੀਆਂ ਚਾਬੀਆਂ ਰਿਸੀਵਰ ਨੂੰ ਦੇਣ ਦਾ ਹੁਕਮ ਕੀਤਾ ਸੀ। ਜਾਣਕਾਰੀ ਅਨੁਸਾਰ ਅਦਾਲਤ ਦੇ ਹੁਕਮਾਂ ਦੀ ਤਾਮੀਲ ਕਰ ਦਿਤੀ ਗਈ ਸੀ। ਇਸੇ ਦੌਰਾਨ ਅੱਗ ਲੱਗਣ ਦੀ ਇਸ ਘਟਨਾ ਦੀ ਜਾਂਚ ਵਖ ਵਖ ਏਜੰਸੀਆਂ ਵਲੋਂ ਜਾਰੀ ਹੈ।