ਪੰਜਾਬ ਦੀ ਪੈਰਵੀ ਲਈ ਯੂਨਾਈਟਿਡ ਅਕਾਲੀ ਦਲ ਦਾ ਐਲਾਨ

ਅੰਮ੍ਰਿਤਸਰ: ਯੂਨਾਈਟਿਡ ਸਿੱਖ ਮੂਵਮੈਂਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਦਲ ਵਜੋਂ ਨਵੀਂ ਸਿਆਸੀ ਪਾਰਟੀ ‘ਯੂਨਾਈਟਿਡ ਅਕਾਲੀ ਦਲ’ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵਿਚ ਸ਼ਾਮਲ ਗਰਮਖਿਆਲੀ ਆਗੂਆਂ ਨੇ ਖਾਲਿਸਤਾਨ ਦੀ ਮੰਗ ਛੱਡ ਦਿੱਤੀ ਹੈ ਤੇ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣਾ ਮੁੱਖ ਮੰਤਵ ਕਰਾਰ ਦਿੱਤਾ ਹੈ। ਇਸ ਸਿਆਸੀ ਪਾਰਟੀ ਦਾ ਦਾ ਕਨਵੀਨਰ ਭਾਈ ਮੋਹਕਮ ਸਿੰਘ ਤੇ ਸਕੱਤਰ ਗੁਰਦੀਪ ਸਿੰਘ ਬਠਿੰਡਾ ਨੂੰ ਬਣਾਇਆ ਗਿਆ। ਅਜੇ 25 ਮੈਂਬਰੀ ਤਾਲਮੇਲ ਕਮੇਟੀ ਬਣਾਈ ਗਈ ਹੈ ਤੇ ਇਕ ਮਹੀਨੇ ਵਿਚ ਜਥੇਬੰਦਕ ਢਾਂਚਾ ਐਲਾਨ ਦਿੱਤਾ ਜਾਵੇਗਾ।

ਪਾਰਟੀ ਦੇ ਕਨਵੀਨਰ ਮੋਹਕਮ ਸਿੰਘ ਨੇ ਕਿਹਾ ਕਿ ਪਹਿਲਾਂ ਇਹ ਗ਼ੈਰ ਸਿਆਸੀ ਸਮਾਜਿਕ ਜਥੇਬੰਦੀ ਸੀ ਤੇ ਹੁਣ ਸਿਆਸੀ ਪਾਰਟੀ ਬਣ ਗਈ ਹੈ। ਨਵੀਂ ਪਾਰਟੀ ਦੇ ਗਠਨ ਦਾ ਮੰਤਵ ਪੰਜਾਬ ਦੀਆਂ ਸਮੱਸਿਆਵਾਂ ਵਿਰੁੱਧ ਡਟਣਾ ਹੈ। ਨਵੀਂ ਪਾਰਟੀ ਵੱਲੋਂ ਜਥੇਬੰਦੀ ਦੇ ਵਿਸਥਾਰ ਲਈ ਹੋਰਨਾਂ ਜਥੇਬੰਦੀਆਂ ਨਾਲ ਵੀ ਤਾਲਮੇਲ ਕੀਤਾ ਜਾਵੇਗਾ ਤਾਂ ਜੋ ਯੂਨਾਈਟਿਡ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਬਾਰੇ ਵੱਖ ਵੱਖ ਅਕਾਲੀ ਦਲਾਂ ਦੇ ਆਗੂਆਂ ਨਾਲ ਗੱਲਬਾਤ ਹੋਈ ਹੈ ਤੇ ਸਾਰਿਆਂ ਨੇ ਹਾਂ-ਪੱਖੀ ਹੁੰਗਾਰਾ ਦਿੱਤਾ ਹੈ। ਇਨ੍ਹਾਂ ਜਥੇਬੰਦੀਆਂ ਨੂੰ ਸਮਾਗਮ ਵਿਚ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਵੱਖਰੇ ਸਿੱਖ ਰਾਜ ਦੀ ਮੰਗ ਤੋਂ ਪਿਛਾਂਹ ਹਟਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਏਜੰਡੇ ਵਿਚ ਇਹ ਮੰਗ ਸ਼ਾਮਲ ਨਹੀਂ ਹੈ। ਉਹ ਸਿਰਫ ਸੂਬੇ ਨੂੰ ਵਧੇਰੇ ਹੱਕ ਦੇਣ ਦੇ ਪੱਖ ਵਿਚ ਹਨ। ਮਿਉਂਸਿਪਲ ਕਮੇਟੀਆਂ ਦੀਆਂ ਚੋਣਾਂ ਲੜਨ ਬਾਰੇ ਉਨ੍ਹਾਂ ਆਖਿਆ ਕਿ ਅਜੇ ਇਨ੍ਹਾਂ ਚੋਣਾਂ ਵਿਚ ਹਿੱਸਾ ਲੈਣ ਦੀ ਸੰਭਾਵਨਾ ਨਹੀਂ ਹੈ ਪਰ ਉਹ ਚੰਗੇ ਉਮੀਦਵਾਰਾਂ ਨੂੰ ਸਮਰਥਨ ਦੇਣਗੇ। ਪਾਰਟੀ ਦੇ ਜਥੇਬੰਦਕ ਢਾਂਚੇ ਬਾਰੇ ਉਨ੍ਹਾਂ ਆਖਿਆ ਕਿ ਪੰਜਾਬ ਨੂੰ 40 ਹਿੱਸਿਆਂ ਵਿਚ ਵੰਡ ਕੇ ਜ਼ਿਲ੍ਹਾ ਪ੍ਰਧਾਨ ਤੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਤੇ ਅਹੁਦੇਦਾਰ ਬਣਾਏ ਜਾਣਗੇ। ਜਥੇਬੰਦੀ ਦੇ ਅਹੁਦੇਦਾਰਾਂ ਤੇ ਬਾਕੀ ਜਥੇਬੰਦਕ ਢਾਂਚੇ ਦਾ ਐਲਾਨ ਇਕ ਮਹੀਨੇ ਵਿਚ ਕਰ ਦਿੱਤਾ ਜਾਵੇਗਾ। ਇਸ ਦੀ 101 ਮੈਂਬਰੀ ਵਰਕਿੰਗ ਕਮੇਟੀ ਵੀ ਬਣਾਈ ਜਾਵੇਗੀ। ਜਨਵਰੀ ਵਿਚ ਚੰਡੀਗੜ੍ਹ ਵਿਚ ਪਾਰਟੀ ਦੀ ਮੀਟਿੰਗ ਹੋਵੇਗੀ, ਜਿਸ ਵਿਚ ਸਾਬਕਾ ਆਈæਏæਐਸ਼, ਸਾਬਕਾ ਆਈæਪੀæਐਸ਼ ਤੇ ਸਾਬਕਾ ਫ਼ੌਜ ਅਧਿਕਾਰੀ ਤੇ ਹੋਰ ਸ਼ਾਮਲ ਹੋਣਗੇ।
ਸਮਾਗਮ ਦੌਰਾਨ ਅੱਠ ਮਤੇ ਪਾਸ ਕੀਤੇ ਗਏ, ਜਿਸ ਰਾਹੀਂ ਕੇਂਦਰ ਸਰਕਾਰ ਕੋਲੋਂ ਉੱਤਰੀ ਭਾਰਤ ਵਿਚ ਖ਼ੁਦਮੁਖਤਿਆਰ ਖਿੱਤੇ ਦੀ ਮੰਗ ਕੀਤੀ ਗਈ। ਚੰਡੀਗੜ੍ਹ ਪੰਜਾਬ ਨੂੰ ਦੇਣ ਸਮੇਤ ਪੰਜਾਬੀ ਬੋਲਦੇ ਇਲਾਕੇ ਸ਼ਾਮਲ ਕਰਨ, ਦਰਿਆਈ ਪਾਣੀਆਂ ਦਾ ਹੱਕ ਤੇ ਡੈਮਾਂ ਦਾ ਪ੍ਰਬੰਧ ਵੀ ਪੰਜਾਬ ਦੇ ਹਵਾਲੇ ਕਰਨ ਦੀ ਮੰਗ ਕੀਤੀ ਗਈ। ਇਸ ਮਤੇ ਰਾਹੀਂ ਸੂਬੇ ਲਈ ਵਧੇਰੇ ਹੱਕਾਂ ਦੀ ਮੰਗ ਕੀਤੀ ਗਈ। ਇਕ ਮਤੇ ਰਾਹੀਂ ਜੇਲ੍ਹਾਂ ਵਿਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ, ਕਾਲੀ ਸੂਚੀ ਖਤਮ ਕਰਨ ਤੇ ਪੀੜਤ ਪਰਿਵਾਰਾਂ ਨੂੰ 10 ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਸਾਕਾ ਨੀਲਾ ਤਾਰਾ ਤੇ ਸਿੱਖ ਵਿਰੋਧੀ ਦੰਗਿਆਂ ਵਿਚ ਸਿੱਖ ਨਸਲਕੁਸ਼ੀ ਮੰਨਦੇ ਹੋਏ ਸੰਸਦ ਵਿਚ ਸਿੱਖ ਕੌਮ ਕੋਲੋਂ ਮੁਆਫ਼ੀ ਮੰਗਣ ਦਾ ਮਤਾ ਵੀ ਪਾਸ ਕੀਤਾ ਗਿਆ। ਇਕ ਮਤੇ ਰਾਹੀਂ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਨੂੰ ਕਿਸਾਨ ਵਿਰੋਧੀ ਦੱਸਿਆ ਗਿਆ।
ਇਕ ਹੋਰ ਮਤੇ ਰਾਹੀਂ ਸੂਬੇ ਦੇ ਹਿੰਦੂ ਭਾਈਚਾਰੇ ਕੋਲੋਂ ਸਹਿਯੋਗ ਦੀ ਮੰਗ ਕਰਦੇ ਹੋਏ ਐਲਾਨ ਕੀਤਾ ਕਿ ਪੰਜਾਬ ਸਮੁੱਚੇ ਪੰਜਾਬੀਆਂ ਦਾ ਹੈ। ਇਸ ਦੌਰਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਖ਼ਿਲਾਫ਼ ਝੂਠੇ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ ਗਈ ਤੇ ਗੁਰਦੁਆਰਾ ਜੰਡਾਲੀਸਰ ਦਾ ਪ੍ਰਬੰਧ ਮੁੜ ਉਨ੍ਹਾਂ ਨੂੰ ਸੌਂਪਣ ਲਈ ਮੰਗ ਕੀਤੀ ਗਈ। ਨਵੀਂ ਪਾਰਟੀ ਵਿਚ ਸ਼ਾਮਲ ਹੋਣ ਆਏ ਖਾਲਿਸਤਾਨ ਕਮਾਂਡੋ ਫੋਰਸ ਦੇ ਸਾਬਕਾ ਖਾੜਕੂ ਵੱਸਣ ਸਿੰਘ ਜਫਰਵਾਲ ਨੇ ਕਿਹਾ ਕਿ ਖਾਲਿਸਤਾਨ ਦੀ ਪ੍ਰਾਪਤੀ ਇਸ ਪਾਰਟੀ ਦਾ ਮੁੱਦਾ ਨਹੀਂ ਹੈ। ਇਸ ਵੇਲੇ ਪੰਜਾਬ ਤੇ ਪੰਜਾਬੀ ਨੌਜਵਾਨਾਂ ਦੀ ਬਿਹਤਰੀ ਪਾਰਟੀ ਦਾ ਮੰਤਵ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਹੁਕਮਰਾਨ ਭ੍ਰਿਸ਼ਟ ਹੋ ਚੁੱਕੇ ਹਨ ਤੇ ਸੂਬੇ ਦੀ ਵਧੇਰੇ ਆਮਦਨ ਵਾਲੇ ਸਾਰੇ ਸਰੋਤ ਆਪਣੇ ਪਰਿਵਾਰਾਂ ਕੋਲ ਰੱਖ ਲਏ ਹਨ।
_____________________________________________
ਯੂਨਾਈਟਿਡ ਅਕਾਲੀ ਦਲ ਤੋਂ ਕੋਈ ਖਤਰਾ ਨਹੀਂ: ਬਾਦਲ
ਅੰਮ੍ਰਿਤਸਰ: ਨਵੇਂ ਬਣੇ ਯੂਨਾਈਟਿਡ ਅਕਾਲੀ ਦਲ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਨਵੀਂ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫ਼ਰਕ ਨਹੀਂ ਪਵੇਗਾ, ਕਿਉਂਕਿ ਸੂਬੇ ਦੇ ਲੋਕਾਂ ਨੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਾਨਤਾ ਦਿੱਤੀ ਹੈ। ਹਰਿਮੰਦਰ ਸਾਹਿਬ ਵਿਖੇ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਬਣੇ ਅਕਾਲੀ ਦਲ ਵਾਂਗ ਹੋਰ ਵੀ ਕਈ ਅਕਾਲੀ ਦਲ ਹਨ ਪਰ ਸੂਬੇ ਦੇ ਲੋਕਾਂ ਨੇ ਇਨ੍ਹਾਂ ਨੂੰ ਮਾਨਤਾ ਨਹੀਂ ਦਿੱਤੀ। ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਕਸਵੱਟੀ ‘ਤੇ ਹਮੇਸ਼ਾ ਖਰਾ ਉਤਰਿਆ ਹੈ। ਇਸ ਲਈ ਅਜਿਹੀਆਂ ਜਥੇਬੰਦੀਆਂ ਪੰਜਾਬ ਦੀ ਰਾਜਨੀਤੀ ‘ਤੇ ਕੋਈ ਪ੍ਰਭਾਵ ਨਹੀਂ ਪਾ ਸਕਦੀਆਂ। ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਅਕਾਲੀ ਦਲ ਖ਼ਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਉਨ੍ਹਾਂ ਕਿਹਾ ਕਿ ਉਹ ਸ਼ ਸਿੱਧੂ ਦੇ ਕਿਸੇ ਬਿਆਨ ‘ਤੇ ਕੋਈ ਪ੍ਰਤੀਕਰਮ ਨਹੀਂ ਦੇਣਗੇ।
_______________________________________________
ਸਾਂਝੇ ਪੰਥਕ ਮੰਚ ਦੀ ਕਾਇਮੀ ਬਾਰੇ ਵੀ ਚਰਚਾ
ਚੰਡੀਗੜ੍ਹ: ਨਵੀਂ ਸਿਆਸੀ ਪਾਰਟੀ ‘ਯੂਨਾਈਟਿਡ ਅਕਾਲੀ ਦਲ’ ਦੇ ਐਲਾਨ ਪਿੱਛੋਂ ਵੱਖ-ਵੱਖ ਸਿੱਖ ਸੰਸਥਾਵਾਂ ਨੇ ਇਕ ਕਨਵੈਨਸ਼ਨ ਦੌਰਾਨ ਸਾਂਝਾ ਪੰਥਕ ਪਲੈਟਫਾਰਮ ਸਥਾਪਤ ਕਰਨ ਦਾ ਫੈਸਲਾ ਕੀਤਾ। ਕਨਵੈਨਸ਼ਨ ਨੇ ਮਤਾ ਪਾਸ ਕਰਕੇ ਸਿੱਖ ਪੰਥ ਵਿਚ ਪੈਦਾ ਹੋਏ ਖਲਾਅ ਨੂੰ ਪੂਰਨ ਲਈ ਸਾਂਝਾ ਪੰਥਕ ਪਲੈਟਫਾਰਮ ਬਣਾਉਣ ਵਾਸਤੇ ਸਾਬਕਾ ਆਈæਏæਐਸ਼ ਗੁਰਤੇਜ ਸਿੰਘ, ਡਾæ ਗੁਰਦਰਸ਼ਨ ਸਿੰਘ ਢਿੱਲੋਂ ਤੇ ਸਾਬਕਾ ਆਈæਪੀæਐਸ਼ ਸ਼ਸ਼ੀ ਕਾਂਤ ਨੂੰ ਵੱਖ-ਵੱਖ ਧਿਰਾਂ ਨਾਲ ਤਾਲਮੇਲ ਕਰਕੇ ਤਜਵੀਜ਼ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ। ਇਕ ਮਹੀਨੇ ਬਾਅਦ ਪੰਥਕ ਜਥੇਬੰਦੀਆਂ ਦੀ ਮੁੜ ਮੀਟਿੰਗ ਕਰਕੇ ਇਸ ਪੰਥਕ ਪਲੈਟਫਾਰਮ ਦੇ ਸਿਧਾਂਤ, ਟੀਚੇ ਤੇ ਸਰੂਪ ਮਿਥਣ ਦਾ ਫੈਸਲਾ ਲਿਆ ਜਾਵੇਗਾ। ਉਸੇ ਮੀਟਿੰਗ ਵਿਚ ਫੈਸਲਾ ਕੀਤਾ ਜਾਵੇਗਾ ਕਿ ਪੰਥਕ ਪਲੈਟਫਾਰਮ ਨੂੰ ਸਿਆਸੀ ਰੰਗਤ ਦੇਣੀ ਹੈ ਜਾਂ ਫਿਰ ਗ਼ੈਰ-ਸਿਆਸੀ ਢੰਗ ਨਾਲ ਪੰਥਕ ਮੁੱਦੇ ਉਭਾਰਨ ਦਾ ਪ੍ਰੋਗਰਾਮ ਉਲੀਕਣਾ ਹੈ। ਕਨਵੈਨਸ਼ਨ ਦੌਰਾਨ ਸਿੱਖ ਬੁੱਧੀਜੀਵੀਆਂ ਨੇ ਦੋਸ਼ ਲਾਇਆ ਕਿ ਜਿਥੇ ਬਾਦਲਾਂ ਨੇ ਪੰਥਕ ਮੁੱਦੇ ਛੱਡ ਕੇ ਸਮੁੱਚੀ ਸੱਤਾ ਆਪਣੇ ਪਰਿਵਾਰ ਦੇ ਹੱਥਾਂ ਵਿਚ ਸੌਂਪਣ ਦਾ ਟੀਚਾ ਮਿਥ ਲਿਆ ਹੈ, ਉਥੇ ਆਰæਐਸ਼ਐਸ਼ ਨੇ ਹੁਣ ਪੰਜਾਬ ਨੂੰ ਆਪਣਾ ਨਿਸ਼ਾਨਾ ਬਣਾ ਲਿਆ ਹੈ, ਜਿਸ ਕਾਰਨ ਸਿੱਖ ਕੌਮ ਦੋਧਾਰੀ ਖਤਰੇ ਵਿਚ ਘਿਰੀ ਪਈ ਹੈ।