ਰਾਮਪਾਲ ਦੇ ਡੇਰੇ ‘ਚੋਂ ਮਿਲੇ ਹਥਿਆਰਾਂ ਨੇ ਪੁਲਿਸ ਦੀ ਨੀਂਦ ਉਡਾਈ

ਚੰਡੀਗੜ੍ਹ: ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਦੀ ਗ੍ਰਿਫਤਾਰੀ ਪਿੱਛੋਂ ਆਸ਼ਰਮ ਵਿਚੋਂ ਮਿਲੇ ਵੱਡੀ ਗਿਣਤੀ ਹਥਿਆਰਾਂ ਨੇ ਪੁਲਿਸ ਦੀ ਨੀਂਦ ਉਡਾ ਦਿੱਤੀ ਹੈ। ਆਸ਼ਰਮ ਵਿਚੋਂ ਸ਼ਰਧਾਲੂਆਂ ਦੀਆਂ ਛੇ ਲਾਸ਼ਾਂ, ਵੱਡੀ ਗਿਣਤੀ ਵਿਚ ਹਥਿਆਰ, ਬੁਲੇਟਪਰੂਫ ਟਾਟਾ ਸਫਾਰੀ ਤੇ 82 ਮੋਟਰਸਾਈਕਲ ਬਰਾਮਦ ਹੋਣ ‘ਤੇ ਹਾਈਕੋਰਟ ਨੇ ਵੀ ਚਿੰਤਾ ਜਿਤਾਈ ਹੈ। ਅਦਾਲਤ ਨੇ ਕਿਹਾ ਹੈ ਕਿ ਆਸ਼ਰਮ ਵਿਚ ਇੰਨੇ ਵੱਡੇ ਪੱਧਰ ‘ਤੇ ਅਸਲੇ ਬਾਰੇ ਪੁਲਿਸ ਦਾ ਬੇਖਰ ਹੋਣਾ ਵੱਡੀ ਚਿੰਤਾ ਦਾ ਵਿਸ਼ਾ ਹੈ।

ਪੁਲਿਸ ਨੇ ਉਹ ਐਫਆਈਆਰ ਵੀ ਕੱਢ ਲਈ ਹੈ ਜਿਹੜੀ ਇਕ ਪੁਲਿਸ ਮੁਲਾਜ਼ਮ ਨੇ ਹੀ ਦਰਜ ਕਰਵਾਈ ਸੀ। ਰਾਮਪਾਲ ਖ਼ਿਲਾਫ਼ ਦਰਜ ਇਸ ਐਫਆਈਆਰ ਵਿਚ ਕਿਹਾ ਗਿਆ ਹੈ ਕਿ 18 ਨਵੰਬਰ ਨੂੰ ਦੁਪਹਿਰ 12æ10 ਵਜੇ ਜਦੋਂ ਪੁਲਿਸ ਮੁਲਾਜ਼ਮ ਗੈਰ- ਜ਼ਮਾਨਤੀ ਵਾਰੰਟ ਦੇਣ ਆਸ਼ਰਮ ਵੱਲ ਵਧੇ ਤਾਂ ਰਾਮਪਾਲ ਦੇ ਸ਼ਰਧਾਲੂਆਂ ਨੇ ਪਥਰਾਓ ਸ਼ੁਰੂ ਕਰ ਦਿੱਤਾ। ਇਸ ਮੌਕੇ ਤਕਰੀਬਨ 800 ਔਰਤਾਂ ਆਸ਼ਰਮ ਦੇ ਗੇਟ ਨੇੜੇ ਬੈਠੀਆਂ ਸਨ ਤੇ ਤਕਰੀਬਨ 1500 ਬੰਦੇ ਲਾਠੀਆਂ ਨਾਲ ਲੈਸ ਖੜ੍ਹੇ ਸਨ। ਇਨ੍ਹਾਂ ਕੋਲ ਅਗਨ-ਹਥਿਆਰ ਵੀ ਸਨ। ਇਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਉੱਤੇ ਪੈਟਰੋਲ ਬੰਬ ਸੁੱਟੇ ਤੇ ਗੋਲੀ ਵੀ ਚਲਾਈ। ਆਰਏਐਫ ਤੇ ਪੁਲਿਸ ਨੇ ਇਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਪਾਣੀ ਦੀ ਵਾਛੜ ਵੀ ਮਾਰੀ। ਇਨ੍ਹਾਂ ਨੇ ਬੱਚਿਆਂ ਅਤੇ ਔਰਤਾਂ ਨੂੰ ਬੰਦੀ ਬਣਾਇਆ ਹੋਇਆ ਸੀ।
ਪੁਲਿਸ ਨੇ ਰਾਮਪਾਲ ਤੇ ਉਸ ਦੇ ਸਾਥੀਆਂ ਵਿਰੁੱਧ ਦੇਸ਼ ਧ੍ਰੋਹ ਸਮੇਤ ਕਈ ਹੋਰ ਕੇਸ ਦਰਜ ਕੀਤੇ ਹਨ। ਪੁਲਿਸ ਨੇ ਉਸ ਦੇ ਭਰਾ, ਪੁੱਤਰ ਤੇ ਕੋਰ ਕਮੇਟੀ ਦੇ ਪੰਜ-ਛੇ ਮੈਂਬਰਾਂ ਸਮੇਤ 270 ਸ਼ਰਧਾਲੂਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਹੈ। ਰਾਮਪਾਲ ਨੂੰ ਗ੍ਰਿਫਤਾਰ ਕਰਨ ਲਈ ਚਲਾਏ ਗਏ ਅਪਰੇਸ਼ਨ ਦੀ ਵਿਸਤ੍ਰਿਤ ਰਿਪੋਰਟ ਅਦਾਲਤ ਨੇ ਹਰਿਆਣਾ ਦੇ ਪੁਲਿਸ ਮੁਖੀ ਤੋਂ ਮੰਗੀ ਹੈ। ਹਾਈਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਡੇਰਿਆਂ ਅੰਦਰ ਹਥਿਆਰਾਂ ਤੇ ਗੋਲੀ ਸਿੱਕੇ ਦੀ ਵਰਤੋਂ ‘ਤੇ ਵੀ ਚਿੰਤਾ ਜਤਾਈ। ਬੈਂਚ ਨੇ ਕਤਲ ਦੇ ਮਾਮਲੇ ਵਿਚ 2008 ਵਿਚ ਰਾਮਪਾਲ ਨੂੰ ਮਿਲੀ ਜ਼ਮਾਨਤ ਰੱਦ ਕਰ ਦਿੱਤੀ। ਹਰਿਆਣਾ ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟ ਜਨਰਲ ਬੀਆਰ ਮਹਾਜਨ ਨੇ ਰਾਮਪਾਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੀ ਹਾਈਕੋਰਟ ਵਿਚ ਪੇਸ਼ ਕਰਨ ਦੀ ਇਜਾਜ਼ਤ ਮੰਗੀ।
ਇਸ ਬਾਰੇ ਬਰਵਾਲਾ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਨੇ ਖੁੱਲ੍ਹੀ ਅਦਾਲਤ ਵਿਚ ਅਰਜ਼ੀ ਵੀ ਦਿੱਤੀ। ਅਦਾਲਤ ਵਿਚ ਜਦੋਂ ਰਾਮਪਾਲ ਨੂੰ ਪੇਸ਼ ਕੀਤਾ ਗਿਆ ਤਾਂ ਉਥੇ ਮੌਜੂਦ ਲੋਕਾਂ ਨੇ ‘ਸ਼ਰਮ ਕਰੋ, ਸ਼ਰਮ ਕਰੋ’ ਦੇ ਨਾਅਰੇ ਵੀ ਲਾਏ। ਹਾਲਾਂਕਿ ਰਾਮਪਾਲ ਨੇ ਆਸ਼ਰਮ ਵਿਚ ਬੰਕਰ ਹੋਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਅੰਦਰ ਸਭ ਕੁਝ ਠੀਕ ਠਾਕ ਸੀ। ਅਦਾਲਤ ਦੀ ਕਾਰਵਾਈ ਦੌਰਾਨ ਰਾਮਪਾਲ ਕਟਹਿਰੇ ਵਿਚ ਚੁੱਪਚਾਪ ਨੀਵੀਂ ਪਾਈ ਖੜ੍ਹਾ ਰਿਹਾ। ਉਸ ਨੇ ਵਕੀਲ ਐਸਕੇ ਗਰਗ ਨਰਵਾਣਾ ਨੇ ਬੈਂਚ ਮੂਹਰੇ ਪੇਸ਼ ਨਾ ਹੋਣ ਦਾ ਕਾਰਨ ਦੱਸਿਆ ਕਿ ਰਾਮਪਾਲ ਨੂੰ ਆਸ਼ਰਮ ਅੰਦਰ ਬੰਦੀ ਬਣਾਇਆ ਹੋਇਆ ਸੀ। ਰਾਮਪਾਲ ਨੂੰ ਸਾਊ ਬੰਦਾ ਕਰਾਰ ਦਿੰਦਿਆਂ ਸ੍ਰੀ ਨਰਵਾਣਾ ਨੇ ਉਸ ਦੇ ਨਕਸਲੀਆਂ ਨਾਲ ਸਬੰਧਾਂ ਤੋਂ ਇਨਕਾਰ ਕੀਤਾ। ਬੈਂਚ ਨੇ ਸਪਸ਼ਟ ਕੀਤਾ ਕਿ ਡੀਜੀਪੀ ਦੀ ਰਿਪੋਰਟ ਹਲਫਨਾਮੇ ਦੇ ਰੂਪ ਵਿਚ ਹੋਵੇ ਤੇ ਉਸ ਵਿਚ ਰਾਮਪਾਲ ਦੇ ਹਮਾਇਤੀਆਂ ਵੱਲੋਂ ਹਮਲਾ ਕਰਨ ਨਾਲ ਹੋਏ ਨੁਕਸਾਨ, ਅਪਰੇਸ਼ਨ ਵਿਚ ਜ਼ਖਮੀ ਹੋਣ ਵਾਲਿਆਂ, ਮ੍ਰਿਤਕਾਂ ਤੇ ਆਸ਼ਰਮ ਵਿਚੋਂ ਮਿਲੇ ਹਥਿਆਰਾਂ ਤੇ ਗੋਲੀ ਸਿੱਕੇ ਦਾ ਵਿਸਤ੍ਰਿਤ ਵੇਰਵਾ ਦਰਜ ਹੋਵੇ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਅਪਰੇਸ਼ਨ ਦੌਰਾਨ ਹੋਏ ਖਰਚੇ ਦੀ ਰਿਪੋਰਟ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਡਿਵੀਜ਼ਨ ਬੈਂਚ ਨੇ ਹਰਿਆਣਾ ਦੇ ਮੁੱਖ ਸਕੱਤਰ ਤੋਂ ਰਾਮਪਾਲ ਦੀਆਂ ਜਾਇਦਾਦਾਂ ਦੀ ਰਿਪੋਰਟ ਵੀ ਮੰਗੀ ਹੈ।
_________________________________________
ਹਾਈਕੋਰਟ ਨੇ ਡੇਰਿਆਂ ‘ਚ ਹਥਿਆਰਾਂ ਬਾਰੇ ਵੇਰਵੇ ਮੰਗੇ
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਡਿਵੀਜ਼ਨ ਬੈਂਚ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਡੇਰਿਆਂ ਵਿਚ ਹਥਿਆਰਾਂ ਤੇ ਗੋਲੀ-ਸਿੱਕੇ ਦੀ ਹੁੰਦੀ ਗੈਰ-ਕਾਨੂੰਨੀ ਵਰਤੋਂ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਬੈਂਚ ਨੇ ਐਡਵੋਕੇਟ ਜਨਰਲ ਬੀਆਰ ਮਹਾਜਨ ਨੂੰ ਹਰਿਆਣਾ ਦੇ ਹੋਰਨਾਂ ਡੇਰਿਆਂ ਤੇ ਆਸ਼ਰਮਾਂ ਵਿਚ ਗੈਰ-ਕਾਨੂੰਨੀ ਹਥਿਆਰਾਂ ਤੇ ਗੋਲੀ-ਸਿੱਕੇ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ। ਜੱਜਾਂ ਨੇ ਕਿਹਾ ਕਿ ਹੋਰਾਂ ਡੇਰਿਆਂ ਤੇ ਆਸ਼ਰਮਾਂ ਦੇ ਮੁਖੀਆਂ ਖ਼ਿਲਾਫ਼ ਚੱਲ ਰਹੇ ਕੇਸਾਂ ਤੇ ਗੈਰ-ਜ਼ਮਾਨਤੀ ਵਾਰੰਟਾਂ ਬਾਰੇ ਅਦਾਲਤ ਨੂੰ ਜਾਣਕਾਰੀ ਦਿੱਤੀ ਜਾਵੇ। ਅਦਾਲਤ ਦੇ ਸਹਿਯੋਗੀ ਅਨੁਪਮ ਗੁਪਤਾ ਨੇ ਕਿਹਾ ਕਿ ਧਾਰਮਿਕ ਅਸਥਾਨਾਂ ਵਿਚ ਸਤਲੋਕ ਆਸ਼ਰਮ ਵਰਗੇ ਹਾਲਾਤ ਪੈਦਾ ਹੋਣ ‘ਤੇ ਉਨ੍ਹਾਂ ਨਾਲ ਨਜਿੱਠਣ ਲਈ ਹਾਈਕੋਰਟ ਨੂੰ ਹੀ ਕੋਈ ਉਪਾਅ ਦੱਸਣਾ ਚਾਹੀਦਾ ਹੈ ਤੇ ਅਗਲੀ ਸੁਣਵਾਈ ਦੌਰਾਨ ਉਹ ਇਹ ਮਾਮਲਾ ਅਦਾਲਤ ਸਾਹਮਣੇ ਰੱਖਣਗੇ।
________________________________________
ਅਦਾਲਤੀ ਹੁਕਮਾਂ ਨੂੰ ਟਿੱਚ ਜਾਣਦਾ ਹੈ ਰਾਮਪਾਲ
ਸਮਰਾਲਾ: ਸੰਤ ਰਾਮਪਾਲ ਅਦਾਲਤਾਂ ਦੇ ਹੁਕਮਾਂ ਨੂੰ ਟਿੱਚ ਜਾਣਦਾ ਹੈ। ਉਸ ਨੂੰ ਸਮਰਾਲਾ ਅਦਾਲਤ ਨੇ ਪਹਿਲੀ ਜੂਨ ਨੂੰ ਪੇਸ਼ ਹੋਣ ‘ਤੇ ਭਗੌੜਾ ਕਰਾਰ ਦਿੱਤਾ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 28 ਨਵੰਬਰ ਨੂੰ ਹੋਣੀ ਹੈ। ਸੰਤ ਰਾਮਪਾਲ ਤੇ ਅੱਠ ਹੋਰਨਾਂ ਖ਼ਿਲਾਫ਼ ਪੰਜ ਜਨਵਰੀ 2013 ਨੂੰ ਸਮਰਾਲਾ ਪੁਲਿਸ ਸਟੇਸ਼ਨ ਵਿਚ ਧਾਰਾ 295 ਏ ਤੇ 120 ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ‘ਤੇ ਦੋਸ਼ ਹੈ ਕਿ ‘ਗਿਆਨ ਗੰਗਾ ਤੇ ਧਰਤੀ ਉਪਰ ਅਵਤਾਰ’ ਕਿਤਾਬਾਂ ਵਿਚ ਸਿੱਖ ਗੁਰੂਆਂ ਤੇ ਹੋਰਨਾਂ ਧਰਮਾਂ ਖ਼ਿਲਾਫ਼ ਟਿੱਪਣੀਆਂ ਕੀਤੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਮੈਂਬਰ ਸਰਬੰਸ ਸਿੰਘ ਮਣਕੀ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ ਤੇ ਨਿਸ਼ਕਾਮ ਸੇਵਾ ਕੇਂਦਰ ਦੇ ਪ੍ਰਧਾਨ ਪਰਮਜੀਤ ਸਿੰਘ ਖੜਕ ਸਮੇਤ ਕੁਝ ਵਿਅਕਤੀਆਂ ਦੇ ਬਿਆਨਾਂ ਦੇ ਆਧਾਰ ‘ਤੇ ਸਮਰਾਲਾ ਪੁਲਿਸ ਨੇ ਰਾਮਪਾਲ ਤੇ ਕਿਤਾਬਾਂ ਦੇ ਲੇਖਕ ਤੇ ਪ੍ਰਿੰਟਰ ਦਿੱਲੀ ਦੇ ਵਸਨੀਕ ਡਾਕਟਰ ਸੂਰਜਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲਿਸ ਨੇ ਇਸ ਮਾਮਲੇ ਵਿਚ ਹੋਰਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਪਰ ਸੰਤ ਰਾਮਪਾਲ ਤੇ ਸੂਰਜਪਾਲ ਅਦਾਲਤ ਵਿਚ ਪੇਸ਼ ਨਾ ਹੋਏ ਤੇ ਨਾ ਹੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ।