ਜਲੰਧਰ: ਲੁਧਿਆਣਾ ਵਿਚ ਖਾੜਕੂ ਲਹਿਰ ਸਮੇਂ 12 ਫਰਵਰੀ, 1987 ਨੂੰ ਪੰਜ ਕਰੋੜ ਰੁਪਏ ਤੋਂ ਵੱਧ ਦੀ ਡਕੈਤੀ ਮਾਮਲੇ ਵਿਚ 10 ਬਜ਼ੁਰਗ ਅਕਾਲੀ ਅਜੇ ਵੀ ਜੇਲ੍ਹਾਂ ਵਿਚ ਬੰਦ ਹਨ। ਤਕਰੀਬਨ 28 ਸਾਲ ਪਹਿਲਾਂ ਵਾਪਰੀ ਇਸ ਘਟਨਾ ਵਿਚ ਫਰਵਰੀ-ਮਾਰਚ 1988 ਵਿਚ ਉਕਤ 10 ਵਿਅਕਤੀਆਂ ਨੂੰ ਇਸ ਡਕੈਤੀ ਦਾ ਪੈਸਾ ਰੱਖਣ ਬਦਲੇ ਸਾਜ਼ਿਸ਼ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਸਾਰੇ ਜਣਿਆਂ ਦੀ ਨੌਂ ਮਈ, 1988 ਨੂੰ ਜ਼ਮਾਨਤ ਹੋ ਗਈ ਸੀ। ਇਸ ਤੋਂ ਬਾਅਦ ਇਹ ਮਾਮਲਾ ਪੂਰੇ 25 ਸਾਲ ਅਦਾਲਤੀ ਘੁੰਮਣਘੇਰੀਆਂ ਵਿਚ ਫਸਿਆ ਰਿਹਾ। ਨੌਜਵਾਨ ਅਵਸਥਾ ਵਾਲੇ ਇਹ ਵਿਅਕਤੀ ਅਦਾਲਤਾਂ ਦੇ ਗੇੜੇ ਕੱਢਦੇ ਬਜ਼ੁਰਗ ਅਵਸਥਾ ਵਿਚ ਜਾ ਪੁੱਜੇ, ਜਿਨ੍ਹਾਂ ਵਿਚੋਂ ਕੁਝ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਵੀ ਸ਼ਿਕਾਰ ਹੋ ਚੁੱਕੇ ਹਨ।
ਸੁਪਰੀਮ ਕੋਰਟ ਨੇ ਪਿੱਛੇ ਜਿਹੇ ਰਾਜੀਵ ਗਾਂਧੀ ਕਤਲ ਕਾਂਡ ਦੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਸੁਣਵਾਈ ਵਿਚ ਦੇਰੀ ਕਾਰਨ ਰੱਦ ਕਰ ਦਿੱਤੀ ਗਈ ਸੀ। ਜਿਸ ਪਿੱਛੋਂ ਮੰਗ ਉੱਠਣ ਲੱਗੀ ਹੈ ਕਿ 25 ਸਾਲ ਤੱਕ ਕਿਸੇ ਕੇਸ ਦੀ ਸੁਣਵਾਈ ਲਟਕਾਈ ਰੱਖਣੀ ਤੇ ਫਿਰ ਉਸ ਵਿਚ ਸਜ਼ਾ ਸੁਣਾਉਣੀ ਕਿਵੇਂ ਜਾਇਜ਼ ਹੈ। ਢੋਲੇਵਾਲ ਲੁਧਿਆਣਾ ਦੇ 70 ਸਾਲਾ ਬਜ਼ੁਰਗ ਭਾਈ ਮਾਨ ਸਿੰਘ ਦੀ ਦਿਲ ਦੀ ਬਾਈਪਾਸ ਸਰਜਰੀ ਹੋ ਚੁੱਕੀ ਹੈ। ਆਖ਼ਰ ਬੜੀ ਲੰਬੀ ਅਦਾਲਤੀ ਚਾਰਾਜੋਈ ਬਾਅਦ 20 ਨਵੰਬਰ 2012 ਨੂੰ ਉੱਘੇ ਖਾੜਕੂ ਆਗੂ ਭਾਈ ਦਲਜੀਤ ਸਿੰਘ ਬਿੱਟੂ, ਗੁਰਸ਼ਰਨ ਸਿੰਘ ਗਾਮਾ ਸਮੇਤ ਇਨ੍ਹਾਂ 10 ਵਿਅਕਤੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ। ਭਾਈ ਬਿੱਟੂ ਤੇ ਗਾਮਾ ਤਾਂ ਪਹਿਲਾਂ ਹੀ 10 ਸਾਲ ਤੋਂ ਵਧੇਰੇ ਸਮਾਂ ਜੇਲ੍ਹ ਵਿਚ ਰਹਿ ਚੁੱਕੇ ਸਨ। ਇਸ ਕਰਕੇ ਉਨ੍ਹਾਂ ਦੀ ਸਜ਼ਾ ਤਾਂ ਪੂਰੀ ਕਰ ਦਿੱਤੀ ਗਈ, ਬਾਕੀ 10 ਜਣੇ ਜੇਲ੍ਹ ਦੀਆਂ ਕਾਲ ਕੋਠੜੀਆਂ ਵਿਚ ਬੰਦ ਹਨ। ਇਨ੍ਹਾਂ ਦਸਾਂ ਵਿਚੋਂ ਬਹੁਤੇ ਬਜ਼ੁਰਗ ਉਹ ਹਨ ਜਿਨ੍ਹਾਂ ਨੇ ਧਰਮ ਯੁੱਧ ਮੋਰਚੇ ਵੇਲੇ ਵੀ ਜੇਲ੍ਹਾਂ ਕੱਟੀਆਂ ਹਨ। ਇਨ੍ਹਾਂ ਦੇ ਪਰਿਵਾਰਾਂ ਅੰਦਰ ਇਸ ਗੱਲੋਂ ਡਾਹਢਾ ਰੋਸ ਹੈ ਕਿ ਅਕਾਲੀ ਲੀਡਰਸ਼ਿਪ ਪੰਜਾਬ ਵਿਚ ਵਾਪਰੇ ਦੁਖਾਂਤ ਉੱਪਰ ਆਪਣੀਆਂ ਰੋਟੀਆਂ ਸੇਕ ਕੇ ਹਕੂਮਤਾਂ ਦਾ ਸੁਖ ਭੋਗ ਰਹੀ ਹੈ, ਪਰ ਇਸ ਦੁਖਾਂਤ ਦਾ ਸ਼ਿਕਾਰ ਹੋਣ ਵਾਲਿਆਂ ਦੀ ਕਿਸੇ ਨੇ ਬਾਂਹ ਨਹੀਂ ਫੜੀ।
ਟਾਡਾ ਅਦਾਲਤ ਵੱਲੋਂ ਸੁਣਾਈ ਸਜ਼ਾ ਵਿਰੁੱਧ ਇਸ ਸਮੇਂ ਸੁਪਰੀਮ ਕੋਰਟ ਵਿਚ ਕੇਸ ਦਾਇਰ ਕੀਤਾ ਹੋਇਆ ਹੈ, ਪਰ ਸਿਰਫ਼ 94 ਸਾਲ ਦੀ ਉਮਰ ਵਾਲੇ ਡਾæ ਆਸਾ ਸਿੰਘ ਨੂੰ ਸਿਹਤ ਦੇ ਆਧਾਰ ‘ਤੇ ਜ਼ਮਾਨਤ ਮਿਲੀ ਹੈ। 94 ਸਾਲਾ ਡਾæ ਆਸਾ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਵਡਾਲਾ ਮਾਹੀ ਦੇ ਵਸਨੀਕ ਹਨ। ਢੋਲੇਵਾਲ (ਲੁਧਿਆਣਾ) ਦੇ ਵਸਨੀਕ ਭਾਈ ਮਾਨ ਸਿੰਘ ਕਿਸੇ ਸਮੇਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਬੜੇ ਨਜ਼ਦੀਕੀ ਸਨ। ਉਹ ਦਿਲ ਦੀ ਬਿਮਾਰੀ ਤੋਂ ਪੀੜਤ ਤੇ ਕੇਂਦਰੀ ਜੇਲ੍ਹ ਲੁਧਿਆਣਾ ਵਿਚ ਬੰਦ ਹਨ। 76 ਸਾਲਾ ਅਵਤਾਰ ਸਿੰਘ ਜਲੰਧਰ ਨੇੜਲੇ ਪਿੰਡ ਕੁਰਾਲੀ ਦੇ ਵਸਨੀਕ ਤੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨਾਲ ਸਰਗਰਮ ਅਕਾਲੀ ਆਗੂਆਂ ਵਿਚ ਸ਼ਾਮਲ ਰਹੇ ਹਨ। ਜਲੰਧਰ ਦੇ ਹੀ ਪੱਤੜ ਕਲਾਂ ਦੇ ਭਾਈ ਮੋਹਨ ਸਿੰਘ (72) ਕੇਂਦਰੀ ਜੇਲ੍ਹ ਕਪੂਰਥਲਾ ਵਿਚ ਬੰਦ ਹਨ। ਹਰਭਜਨ ਸਿੰਘ ਸ਼ਰੀਂਹ ਪਹਿਲਾਂ ਅਕਾਲੀ ਆਗੂ ਤੇ ਫਿਰ ਬਹੁਜਨ ਸਮਾਜ ਪਾਰਟੀ ਵਿਚ ਸਰਗਰਮ ਰਹੇ, ਉਹ 84 ਨੂੰ ਢੁੱਕ ਚੁੱਕੇ ਹਨ ਤੇ ਕਪੂਰਥਲਾ ਜੇਲ੍ਹ ਵਿਚ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੱਕ ਰਾਜੂ ਸਿੰਘ ਦੇ 73 ਸਾਲਾ ਭਾਈ ਸੇਵਾ ਸਿੰਘ ਵੀ ਕਪੂਰਥਲਾ ਜੇਲ੍ਹ ਵਿਚ ਹਨ। ਉਨ੍ਹਾਂ ਦੀਆਂ ਦੋ ਭਤੀਜੀਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਨੂੰਹਾਂ ਹਨ। ਜਗਰਾਵਾਂ ਨੇੜਲੇ ਕੋਠੇ ਜੰਗ ਰੋਡ ਦੇ ਭਾਈ ਗੁਰਜੰਟ ਸਿੰਘ ਵੀ 72 ਸਾਲਾਂ ਨੂੰ ਟੱਪ ਚੁੱਕੇ ਹਨ ਤੇ ਉਹ ਇਸ ਵੇਲੇ ਨਾਭਾ ਜੇਲ੍ਹ ਵਿਚ ਬੰਦ ਹਨ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਲਤੋਂ ਕਲਾਂ ਦਾ 55 ਸਾਲਾ ਭਾਈ ਹਰਜਿੰਦਰ ਸਿੰਘ ਇਸ ਵੇਲੇ ਸਖ਼ਤ ਸੁਰੱਖਿਆ ਜੇਲ੍ਹ ਨਾਭਾ ਵਿਚ ਬੰਦ ਹੈ।
ਜਲੰਧਰ ਜ਼ਿਲ੍ਹੇ ਦੇ ਪਿੰਡ ਬਿਸਰਾਮਪੁਰ ਦਾ 66 ਸਾਲਾ ਭਾਈ ਸਰੂਪ ਸਿੰਘ ਤੇ ਜਲੰਧਰ ਜ਼ਿਲ੍ਹੇ ਦੇ ਹੀ ਪਿੰਡ ਟਾਹਲੀ ਦਾ 62 ਸਾਲਾ ਭਾਈ ਬਲਵਿੰਦਰ ਸਿੰਘ ਕੇਂਦਰੀ ਜੇਲ੍ਹ ਕਪੂਰਥਲਾ ਵਿਚ ਹੈ। ਵਰਨਣਯੋਗ ਹੈ ਕਿ ਇਨ੍ਹਾਂ ਸਾਰਿਆਂ ਉੱਪਰ ਡਕੈਤੀ ਵਿਚ ਸ਼ਾਮਲ ਹੋਣ ਦਾ ਕੋਈ ਦੋਸ਼ ਨਹੀਂ। ਇਨ੍ਹਾਂ ਸਾਰਿਆਂ ਕੋਲੋਂ ਡਕੈਤੀ ਵਾਲੀ ਰਕਮ ਵਿਚੋਂ 14 ਲੱਖ ਰੁਪਏ ਬਰਾਮਦ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਸੀ। ਭਾਈ ਮਾਨ ਸਿੰਘ ਦੇ ਪੁੱਤਰ ਜਸਪਾਲ ਸਿੰਘ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਹ ਮਾਮਲਾ ਪੰਜਾਬ ਸਰਕਾਰ ਕੋਲ ਉਠਾਇਆ ਜਾਵੇ।
___________________________________________
ਜਥੇਦਾਰ ਹੁਣ ਬੰਦੀ ਸਿੰਘਾਂ ਲਈ ਹੱਕਾਂ ਦਾ ਇਸਤੇਮਾਲ ਕਰਨ: ਖਾਲਸਾ
ਕੁਰੂਕਸ਼ੇਤਰ: ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਤੇ ਸਜ਼ਾ ਭੁਗਤ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਯਤਨ ਕਰ ਰਹੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਆਪਣੇ ਹੱਕਾਂ ਦਾ ਇਸਤੇਮਾਲ ਸਿੱਖ ਪੰਥ ਦੀ ਭਲਾਈ ਲਈ ਕਰਨਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਉਹ ਪੰਥ ਦੇ ਸਰਬ ਉੱਚ ਆਹੁਦੇ ‘ਤੇ ਬਿਰਾਜਮਾਨ ਹਨ। ਜੇਕਰ ਇਸ ਆਹੁਦੇ ‘ਤੇ ਰਹਿੰਦੇ ਹੋਏ ਵੀ ਉਨ੍ਹਾਂ ਨੇ ਕੌਮ ਦਾ ਭਲਾ ਨਾ ਕੀਤਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਮਾਫ਼ ਨਹੀਂ ਕਰਨਗੀਆਂ।
ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਪਾਤਸ਼ਾਹੀ 10ਵੀਂ ਵਿਚ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਦੱਸਿਆ ਕਿ ਉਹ 19 ਅਕਤੂਬਰ ਨੂੰ ਸਿੰਘ ਸਾਹਿਬ ਨੂੰ ਮਿਲੇ ਸਨ ਤੇ ਉਨ੍ਹਾਂ ਨੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਤੇ ਸਜ਼ਾ ਭੁਗਤ ਚੁੱਕੇ 101 ਸਿੱਖ ਕੈਦੀਆਂ ਦੀ ਸੂਚੀ ਸੌਂਪੀ ਸੀ।
ਸੂਚੀ ਵਿਚ ਸੱਤ ਅਜਿਹੇ ਸਿੱਖ ਕੈਦੀ ਹਨ, ਜੋ ਪਿਛਲੇ 20 ਤੋਂ 26 ਸਾਲਾਂ ਤੋਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ। ਇਨ੍ਹਾਂ ਵਿਚ ਕਈ ਤਾਂ ਸੁਣਾਈ ਸਜ਼ਾ ਤੋਂ ਵੀ 6-7 ਸਾਲ ਵੱਧ ਸਜ਼ਾ ਭੁਗਤ ਚੁੱਕੇ ਹਨ ਤੇ ਹੁਣ ਤੱਕ ਰਿਹਾਅ ਨਹੀਂ ਕੀਤੇ ਜਾ ਰਹੇ ਹਨ। ਭਾਈ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਭਾਈ ਵਰਿਆਮ ਸਿੰਘ ਬਰੇਲੀ (ਮੱਧ ਪ੍ਰਦੇਸ਼), ਭਾਈ ਗੁਰਦੀਪ ਸਿੰਘ ਖੈਰਾ (ਕਰਨਾਟਕ), ਭਾਈ ਲਾਲ ਸਿੰਘ ਨਾਭਾ ਜੇਲ੍ਹ (ਪੰਜਾਬ), ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਤੇ ਭਾਈ ਗੁਰਮੀਤ ਸਿੰਘ (ਸਾਰੇ ਬੁੜੈਲ ਜੇਲ੍ਹ) ਤੇ ਭਾਈ ਦਵਿੰਦਰ ਸਿੰਘ ਭੁੱਲਰ ਤਿਹਾੜ ਜੇਲ੍ਹ ਵਿਚ ਬੰਦ ਹਨ ਤੇ ਸੁਣਾਈ ਗਈ ਸਜ਼ਾ ਤੋਂ ਵੀ ਵੱਧ ਸਜ਼ਾ ਭੁਗਤ ਚੁੱਕੇ ਹਨ।
________________________
ਭਾਜਪਾ ਵੱਲੋਂ ਵੀ ਸੰਘਰਸ਼ ਦੀ ਹਮਾਇਤ
ਬਠਿੰਡਾ: ਭਾਜਪਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਵੱਲੋਂ ਵਿੱਢੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ। ਭਾਜਪਾ ਦੇ ਸੀਨੀਅਰ ਆਗੂ ਆਰਪੀ ਸਿੰਘ ਮੈਨੀ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਦੇ ਦੂਤ ਬਣ ਕੇ ਗੁਰਬਖ਼ਸ਼ ਸਿੰਘ ਖ਼ਾਲਸਾ ਦੇ ਸੰਘਰਸ਼ ਵਾਲੀ ਥਾਂ ‘ਤੇ ਪਹੁੰਚੇ ਤੇ ਉਨ੍ਹਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਵੱਖ-ਵੱਖ ਜੇਲਾਂ ਵਿਚ ਬੰਦੀ ਸਿੰਘਾਂ ਦੀ ਗਿਣਤੀ ਤੇ ਉਨ੍ਹਾਂ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ। ਸ੍ਰੀ ਮੈਨੀ ਨੇ ਕਿਹਾ ਕਿ ਭਾਜਪਾ ਸਿੱਖ ਮਸਲਿਆਂ ਨੂੰ ਪੂਰੀ ਤਰ੍ਹਾਂ ਹੱਲ ਕਰਾਉਣ ਦੀ ਸਥਿਤੀ ਵਿਚ ਹੈ, ਫਿਰ ਕਿਉਂ ਨਾ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਕਾਨੂੰਨ ਵੀ ਇਹ ਇਜਾਜ਼ਤ ਨਹੀਂ ਦਿੰਦਾ ਕਿ ਸਜ਼ਾ ਪੂਰੀ ਕਰ ਚੁੱਕੇ ਵਿਅਕਤੀਆਂ ਨੂੰ ਜੇਲ੍ਹ ਵਿਚ ਰੱਖਿਆ ਜਾਵੇ। ਇਸ ਲਈ ਸਜ਼ਾ ਪੂਰੀ ਕਰ ਚੁੱਕੇ ਵਿਅਕਤੀ ਜੇਲ੍ਹਾਂ ਵਿਚੋਂ ਰਿਹਾਅ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕਮਲ ਸ਼ਰਮਾ ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਧਿਆਨ ਵਿਚ ਲਿਆ ਕੇ ਹੱਲ ਕਰਵਾਇਆ ਜਾਵੇਗਾ।