ਡਰੱਗ ਕੇਸ ਵਿਚ ਹੁਣ ਮਜੀਠੀਆ ਤੋਂ ਪੁੱਛ-ਗਿੱਛ ਦੀ ਵਾਰੀ?

ਚੰਡੀਗੜ੍ਹ: ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸਿੰਥੈਟਿਕ ਡਰੱਗ ਤਸਕਰੀ ਮਾਮਲੇ ਵਿਚ ਮੁੱਖ ਮੁਲਜ਼ਮ ਡੀæਐਸ਼ਪੀæ ਜਗਦੀਸ਼ ਭੋਲਾ ਵੱਲੋਂ ਦੱਸੇ ਤੇ ਗੋਰਾਇਆ ਦੇ ਵਪਾਰੀ ਚੁੰਨੀ ਲਾਲ ਗਾਬਾ ਦੀ ਡਾਇਰੀ ਵਿਚ ਜ਼ਿਕਰ ਕੀਤੇ ਸਿਆਸਤਦਾਨਾਂ ਤੋਂ ਪੁੱਛ-ਪੜਤਾਲ ਕਰ ਚੁੱਕਾ ਹੈ, ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ, ਮੁੱਖ ਪਾਰਲੀਮਾਨੀ ਸਕੱਤਰ ਅਵਿਨਾਸ਼ ਚੰਦਰ, ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਚੌਧਰੀ ਤੇ ਦਮਨਬੀਰ ਸਿੰਘ ਫਿਲੌਰ ਸ਼ਾਮਲ ਹਨ ਪਰ ਕਾਂਗਰਸ ਵੱਲੋਂ ਰੌਲਾ ਪਾਉਣ ਦੇ ਬਾਵਜੂਦ ਹਾਲੇ ਤੱਕ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਤਲਬ ਨਹੀਂ ਕੀਤਾ ਗਿਆ।

ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸੂਤਰਾਂ ਦਾ ਕਹਿਣਾ ਹੈ ਕਿ ਏਜੰਸੀ ਨੇ ਮਜੀਠੀਆ ਨੂੰ ਤਲਬ ਕਰਨ ਦੀ ਤਿਆਰੀ ਕਰ ਲਈ ਹੈ ਤੇ ਮੁਲਜ਼ਮਾਂ ਦੇ ਬਿਆਨ ਕਲਮਬੰਦ ਕਰਨ ਸਮੇਤ ਸਾਰੀਆਂ ਰਸਮੀ ਕਾਰਵਾਈਆਂ ਤਕਰੀਬਨ ਪੂਰੀਆਂ ਹਨ। ਇਸ ਬਾਰੇ ਵਿੱਤ ਮੰਤਰਾਲੇ ਤੋਂ ਹਰੀ ਝੰਡੀ ਮਿਲਣ ਦੀ ਉਡੀਕ ਹੈ। ਪਤਾ ਚੱਲਿਆ ਹੈ ਕਿ ਭਾਜਪਾ ਦੇ ਕਈ ਆਗੂਆਂ ਨਾਲ ਨੇੜਲੇ ਸਬੰਧਾਂ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਮਜੀਠੀਆ ਵਰਗੇ ਸੀਨੀਅਰ ਆਗੂ ਨੂੰ ਤਲਬ ਕਰਨ ਬਾਰੇ ਏਜੰਸੀ ਦੁਚਿੱਤੀ ਵਿਚ ਹੈ।
ਮੁਹਾਲੀ: ਕੌਮਾਂਤਰੀ ਨਸ਼ਾ ਤਸਕਰੀ ਦੇ ਮਾਮਲੇ ਵਿਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲਿਸ ਦੇ ਸਾਬਕਾ ਡੀæਐਸ਼ਪੀæ ਜਗਦੀਸ਼ ਸਿੰਘ ਉਰਫ ਭੋਲਾ ਐਸ਼ਏæਐਸ਼ ਨਗਰ ਦੀ ਅਦਾਲਤ ਵਿਚ ਪੇਸ਼ ਨਹੀਂ ਹੋਏ ਕਿਉਂਕਿ ਉਨ੍ਹਾਂ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਹੋਈ ਸੀ ਤੇ ਨਾਲ ਹੀ ਇਹ ਵੀ ਕਿਹਾ ਸੀ ਕਿ ਉਸ ਦੀ ਫਤਿਹਗੜ੍ਹ ਸਾਹਿਬ ਵਿਖੇ ਪੇਸ਼ੀ ਹੈ। ਜੱਜ ਨੇ ਅਰਜ਼ੀ ਮਨਜ਼ੂਰ ਕਰਦੇ ਹੋਏ ਭੋਲਾ ਦੇ ਬਾਕੀ ਸਾਥੀਆਂ ਦੀ ਵੀ ਅਗਲੀ ਪੇਸ਼ੀ 10 ਦਸੰਬਰ ਪਾ ਦਿੱਤੀ। ਪੇਸ਼ੀ ਦੌਰਾਨ ਬਲਜਿੰਦਰ ਸਿੰਘ ਸੋਨੂੰ, ਜਗਜੀਤ ਸਿੰਘ ਚਾਹਲ, ਸਤਿੰਦਰ ਧਾਮਾ ਤੋਂ ਇਲਾਵਾ ਹੋਰ ਵੀ ਅਦਾਲਤ ਵਿਚ ਪੇਸ਼ ਹੋਏ।
ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਨਸ਼ਿਆਂ ਦੀ ਤਸਕਰੀ ਨਾਲ ਜੁੜੇ ਪਰਵਾਸੀ ਭਾਰਤੀਆਂ ਨਾਲ ਸਬੰਧ ਹੋਣ ਦੇ ਦੋਸ਼ਾਂ ਨੂੰ ਨਿਰਆਧਾਰ ਤੇ ਮਨਘੜਤ ਦੱਸਿਆ। ਕੁਝ ਲੋਕ ਆਪਣੇ ਸਵਾਰਥਾਂ ਲਈ ਉਨ੍ਹਾਂ ਦਾ ਨਾਂ ਭੋਲਾ ਡਰੱਗ ਤਸਕਰ ਗਰੋਹ ਨਾਲ ਜੋੜ ਰਹੇ ਹਨ। ਉਨ੍ਹਾਂ ਕਿਹਾ ਕਿ ਕੀ ਪੰਜਾਬ ਨਾਲ ਸਬੰਧਤ ਪਰਵਾਸੀ ਭਾਰਤੀਆਂ ਨਾਲ ਜਾਣ-ਪਛਾਣ ਹੋਣਾ ਉਨ੍ਹਾਂ ਦਾ ਕੋਈ ਕਸੂਰ ਹੈ। ਤਸਕਰੀ ਵਿਚ ਸ਼ਾਮਲ ਪਰਵਾਸੀ ਭਾਰਤੀਆਂ ਦੇ ਉਨ੍ਹਾਂ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਬਾਰੇ ਸ੍ਰੀ ਮਜੀਠੀਆ ਨੇ ਸਪੱਸ਼ਟੀਕਰਨ ਦਿੱਤਾ ਕਿ ਸਮਾਗਮ ਵਿਚ ਉਨ੍ਹਾਂ ਦੇ ਹਲਕੇ ਮਜੀਠਾ ਤੋਂ ਆਮ ਆਦਮੀ, ਕੈਨੇਡਾ ਤੇ ਹੋਰ ਮੁਲਕਾਂ ਦੇ ਸਿਆਸਤਦਾਨ ਤੱਕ ਸ਼ਾਮਲ ਹੋਏ।
__________________________________________
ਮਜੀਠੀਆ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ: ਮਨਪ੍ਰੀਤ ਬਾਦਲ
ਰੂਪਨਗਰ: ਪੀਪਲਜ਼ ਪਾਰਟੀ ਆਫ ਪੰਜਾਬ (ਪੀæਪੀæਪੀæ) ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਵੱਲੋਂ ਤਫਤੀਸ਼ ਦੌਰਾਨ ਮਜੀਠੀਆ ਦਾ ਨਾਂ ਲਏ ਜਾਣ ਤੋਂ ਬਾਅਦ ਹੁਣ ਨੈਤਿਕਤਾ ਤੇ ਇਨਸਾਫ ਦਾ ਤਕਾਜ਼ਾ ਇਹ ਹੈ ਕਿ ਨਿਰਪੱਖ ਜਾਂਚ ਲਈ ਰਾਹ ਪੱਧਰਾ ਕਰਨ ਵਾਸਤੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ। ਸ੍ਰੀ ਮਜੀਠੀਆ ਦਾ ਨਾਂ ਸਭ ਤੋਂ ਪਹਿਲਾਂ ਨਸ਼ਾ ਤਸਕਰੀ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਜਗਦੀਸ਼ ਭੋਲਾ ਨੇ ਲਿਆ ਸੀ। ਉਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤੇ ਗਏ ਉਸ ਦੇ ਸਾਥੀਆਂ ਨੇ ਵੀ ਮਜੀਠੀਆ ਦੀ ਸ਼ਮੂਲੀਅਤ ਦਾ ਜ਼ਿਕਰ ਕੀਤਾ ਸੀ। ਸ਼ ਬਾਦਲ ਨੇ ਕਿਹਾ ਕਿ ਇਸ ਕੇਸ ਦੀ ਜਾਂਚ ਕਰ ਰਹੀ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰਾਜਨੀਤਕ ਦਬਾਅ ਕਾਰਨ ਮਜੀਠੀਆ ਨੂੰ ਤਲਬ ਕਰਨ ਲਈ ਪੈਰ ਪਿਛਾਂਹ ਖਿੱਚੇ ਜਾ ਰਹੇ ਹਨ।