ਭਲਾ ਕਰਨ ਜੋਗਾ ਨਾ ਰਿਹਾ ਪੰਜਾਬ ਦਾ ਭਲਾਈ ਵਿਭਾਗ

ਬਠਿੰਡਾ: ਪੰਜਾਬ ਸਰਕਾਰ ਦਾ ਭਲਾਈ ਵਿਭਾਗ ਹੁਣ ਆਮ ਲੋਕਾਂ ਦਾ ਭਲਾ ਕਰਨ ਜੋਗਾ ਨਹੀਂ ਰਿਹਾ। ਮਾਲੀ ਤੰਗੀ ਕਾਰਨ ਲੋਕ ਭਲਾਈ ਦੀਆਂ ਜ਼ਿਆਦਾਤਰ ਸਕੀਮਾਂ ਨੂੰ ਬਰੇਕਾਂ ਲੱਗ ਗਈਆਂ ਹਨ। ਇਥੋਂ ਤੱਕ ਕਿ ਸੂਬੇ ਵਿਚ ਤਕਰੀਬਨ ਦਸ ਹਜ਼ਾਰ ਧੀਆਂ ਪੰਜ ਮਹੀਨਿਆਂ ਤੋਂ ਸਰਕਾਰੀ ਸ਼ਗਨ ਦੀ ਉਡੀਕ ਵਿਚ ਹਨ। ਬੁਢਾਪਾ ਪੈਨਸ਼ਨ ਲੈਣ ਲਈ ਬਜ਼ੁਰਗਾਂ ਨੂੰ ਵਿਭਾਗ ਦੇ ਹਾੜੇ ਕੱਢਣੇ ਪੈ ਰਹੇ ਹਨ। ਸ਼ਗਨ ਸਕੀਮਾਂ ਤਹਿਤ ਪਹਿਲਾਂ ਹਰ ਮਹੀਨੇ ਰਕਮ ਜਾਰੀ ਹੋ ਰਹੀ ਸੀ ਪਰ ਹੁਣ ਮਾਲੀ ਅੜਚਨ ਖੜ੍ਹੀ ਹੋ ਗਈ ਹੈ। ਭਲਾਈ ਵਿਭਾਗ ਪੰਜਾਬ ਤਰਫ਼ੋਂ ਹੁਣ ਲਾਭਪਾਤਰੀਆਂ ਨੂੰ ਆਨਲਾਈਨ ਅਦਾਇਗੀ ਕੀਤੀ ਜਾਂਦੀ ਹੈ।

ਪੰਜਾਬ ਸਰਕਾਰ ਵੱਲੋਂ ਸ਼ਗਨ ਸਕੀਮ ਤਹਿਤ 15 ਹਜ਼ਾਰ ਰੁਪਏ ਦਿੱਤੇ ਜਾਂਦੇ ਹੈ। ਲਾਭਪਾਤਰੀ ਵਿਆਹ ਹੋਣ ਤੋਂ 30 ਦਿਨਾਂ ਮਗਰੋਂ ਇਸ ਸਕੀਮ ਤਹਿਤ ਅਪਲਾਈ ਕਰ ਸਕਦੇ ਹਨ। ਹਰ ਜ਼ਿਲ੍ਹੇ ਦੇ ਭਲਾਈ ਦਫ਼ਤਰ ਵੱਲੋਂ ਹਰ ਮਹੀਨੇ ਦੀ ਪੰਜ ਤਰੀਕ ਨੂੰ ਲਾਭਪਾਤਰੀਆਂ ਦੇ ਕੇਸ ਮੁੱਖ ਦਫ਼ਤਰ ਨੂੰ ਭੇਜੇ ਜਾਂਦੇ ਹਨ ਤੇ ਹਰ ਮਹੀਨੇ ਹੀ ਲਾਭਪਾਤਰੀਆਂ ਨੂੰ ਆਨਲਾਈਨ ਅਦਾਇਗੀ ਕੀਤੀ ਜਾਂਦੀ ਰਹੀ ਹੈ ਪਰ ਜੁਲਾਈ ਤੋਂ ਅਦਾਇਗੀ ਰੁਕ ਗਈ ਹੈ। ਭਲਾਈ ਵਿਭਾਗ ਪੰਜਾਬ ਕੋਲ ਹਰ ਮਹੀਨੇ ਤਕਰੀਬਨ ਤਿੰਨ ਤੋਂ ਚਾਰ ਹਜ਼ਾਰ ਲਾਭਪਾਤਰੀਆਂ ਦੇ ਕੇਸ ਸ਼ਗਨ ਸਕੀਮ ਤਹਿਤ ਪੁੱਜਦੇ ਹਨ। ਪੰਜਾਬ ਸਰਕਾਰ ਨੇ ਸਾਲ 2014-15 ਲਈ ਸ਼ਗਨ ਸਕੀਮ ਵਾਸਤੇ 90 ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜੋ ਕਿ 60 ਹਜ਼ਾਰ ਲਾਭਪਾਤਰੀਆਂ ਨੂੰ ਦਿੱਤਾ ਜਾਣਾ ਹੈ। ਭਲਾਈ ਵਿਭਾਗ ਪੰਜਾਬ ਵੱਲੋਂ ਇਕ ਅਪਰੈਲ 2013 ਤੋਂ 30 ਜੂਨ 2014 ਤੱਕ 20547 ਲਾਭਪਾਤਰੀਆਂ ਨੂੰ ਸ਼ਗਨ ਸਕੀਮ ਤਹਿਤ 30æ82 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ। ਹੁਣ ਪਹਿਲੀ ਜੁਲਾਈ ਤੋਂ 30 ਸਤੰਬਰ ਤੱਕ 7987 ਕੇਸ ਮੁੱਖ ਦਫ਼ਤਰ ਕੋਲ ਪੁੱਜੇ ਹਨ, ਜਿਨ੍ਹਾਂ ਦੀ ਰਾਸ਼ੀ ਖ਼ਜ਼ਾਨੇ ਵਿਚ ਫਸੀ ਹੋਈ ਹੈ।
ਸੂਤਰ ਦੱਸਦੇ ਹਨ ਕਿ 31 ਅਕਤੂਬਰ ਨੂੰ ਲਾਭਪਾਤਰੀਆਂ ਦੀ ਗਿਣਤੀ ਤਕਰੀਬਨ 10 ਹਜ਼ਾਰ ਹੋ ਗਈ ਹੈ, ਜਿਨ੍ਹਾਂ ਨੂੰ ਸ਼ਗਨ ਦੀ ਰਾਸ਼ੀ ਮਿਲੀ ਨਹੀਂ ਹੈ। ਬਕਾਏ ਕਲੀਅਰ ਕਰਨ ਵਾਸਤੇ ਤਕਰੀਬਨ 15 ਕਰੋੜ ਰੁਪਏ ਦੀ ਲੋੜ ਹੈ। ਬਠਿੰਡਾ ਜ਼ਿਲ੍ਹੇ ਵਿਚ 2014- 15 ਦੇ ਅਕਤੂਬਰ ਤੱਕ 1052 ਦਰਖਾਸਤਾਂ ਇਸ ਸਕੀਮ ਤਹਿਤ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ ਜੂਨ ਤੱਕ ਦੇ 414 ਕੇਸਾਂ ਵਿਚ ਸ਼ਗਨ ਸਕੀਮ ਦੀ ਅਦਾਇਗੀ ਹੋ ਚੁੱਕੀ ਹੈ। ਇਸ ਵੇਲੇ 636 ਲਾਭਪਾਤਰੀਆਂ ਨੂੰ ਅਦਾਇਗੀ ਨਹੀਂ ਹੋਈ ਹੈ ਤੇ ਇਹ ਧੀਆਂ ਸਰਕਾਰੀ ਸ਼ਗਨ ਨੂੰ ਉਡੀਕ ਰਹੀਆਂ ਹਨ। ਜ਼ਿਲ੍ਹਾ ਪਟਿਆਲਾ ਵਿਚ ਇਕ ਜੁਲਾਈ ਤੋਂ 31 ਅਕਤੂਬਰ ਤੱਕ 642 ਕੇਸ ਬਕਾਇਆ ਪਏ ਹਨ। ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਸਭ ਤੋਂ ਜ਼ਿਆਦਾ ਕੇਸ ਹਨ। ਬਠਿੰਡਾ ਦੇ ਪਿੰਡ ਵਿਰਕ ਕਲਾਂ ਦੇ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਲੜਕੀ ਵੀਰਪਾਲ ਕੌਰ ਦਾ ਵਿਆਹ ਚਾਰ ਜੁਲਾਈ ਨੂੰ ਹੋਇਆ ਸੀ ਪਰ ਹਾਲੇ ਤੱਕ ਸਰਕਾਰ ਨੇ ਸਰਕਾਰੀ ਸ਼ਗਨ ਨਹੀਂ ਭੇਜਿਆ ਹੈ। ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟਗੁਰੂ ਦੀ ਧੀ ਮਨਵੀਰ ਕੌਰ ਨੂੰ ਵਿਆਹ ਤੋਂ ਸਾਢੇ ਪੰਜ ਮਹੀਨਿਆਂ ਮਗਰੋਂ ਵੀ ਸਰਕਾਰੀ ਸ਼ਗਨ ਨਹੀਂ ਮਿਲਿਆ ਹੈ। ਉਸ ਦੀ ਦਾਦੀ ਰੌਸ਼ਨ ਕੌਰ ਨੂੰ ਚਾਰ ਮਹੀਨਿਆਂ ਤੋਂ ਬੁਢਾਪਾ ਪੈਨਸ਼ਨ ਨਹੀਂ ਮਿਲੀ ਹੈ। ਦਾਦੀ ਪੋਤਰੀ ਨੂੰ ਇਕੋ ਵੇਲੇ ਸਰਕਾਰੀ ਖ਼ਜ਼ਾਨੇ ਦੇ ਸੰਕਟ ਦਾ ਸੇਕ ਝੱਲਣਾ ਪੈ ਰਿਹਾ ਹੈ। ਪੋਤੀ ਸ਼ਗਨ ਸਕੀਮ ਦੀ ਉਡੀਕ ਵਿਚ ਹੈ ਤੇ ਦਾਦੀ ਬੁਢਾਪਾ ਪੈਨਸ਼ਨ ਦੀ। ਇਸੇ ਤਰ੍ਹਾਂ ਗੋਨਿਆਣਾ ਦੇ ਵਾਰਡ ਨੰਬਰ 11 ਦੀ ਕਰਨਵੀਰ ਕੌਰ ਨੂੰ ਵਿਆਹ ਤੋਂ ਚਾਰ ਮਹੀਨੇ ਮਗਰੋਂ ਵੀ ਸਰਕਾਰੀ ਸ਼ਗਨ ਨਹੀਂ ਮਿਲਿਆ ਹੈ। ਉਸ ਦੀ ਦਾਦੀ ਨਸੀਬ ਕੌਰ ਤੇ ਦਾਦਾ ਬਖਤੌਰ ਸਿੰਘ ਨੂੰ ਚਾਰ ਮਹੀਨਿਆਂ ਤੋਂ ਬੁਢਾਪਾ ਪੈਨਸ਼ਨ ਨਹੀਂ ਮਿਲੀ ਹੈ।
ਭਲਾਈ ਵਿਭਾਗ, ਪੰਜਾਬ ਦੇ ਡਾਇਰੈਕਟਰ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਸ਼ਗਨ ਸਕੀਮ ਦਾ ਜੂਨ 2014 ਤੱਕ ਸਾਰਾ ਬੈਕਲਾਗ ਕਲੀਅਰ ਹੋ ਚੁੱਕਿਆ ਹੈ ਤੇ ਹੁਣ ਵੀ ਸ਼ਗਨ ਸਕੀਮ ਪ੍ਰਕਿਰਿਆ ਅਧੀਨ ਹੈ। ਉਨ੍ਹਾਂ ਨੇ ਵਿੱਤ ਵਿਭਾਗ ਪੰਜਾਬ ਨੂੰ ਛੇਤੀ ਰਕਮ ਰਿਲੀਜ਼ ਕਰਨ ਵਾਸਤੇ ਆਖਿਆ ਹੈ। ਉਨ੍ਹਾਂ ਦੱਸਿਆ ਕਿ ਸਤੰਬਰ ਤੱਕ 7983 ਕੇਸ ਪੈਂਡਿੰਗ ਹਨ।
_________________
ਮਾਤਾ ਕੁਸ਼ੱਲਿਆ ਕਲਿਆਣ ਯੋਜਨਾ ਵੀ ਲੀਹੋਂ ਲੱਥੀ
ਸੰਗਰੂਰ: ਪੰਜਾਬ ਵਿਚ ਸੁਰੱਖਿਅਤ ਜਣੇਪੇ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਮਾਤਾ ਕੁਸ਼ੱਲਿਆ ਕਲਿਆਣ ਯੋਜਨਾ ਵੀ ਲੜਖੜਾ ਗਈ ਹੈ। ਨਤੀਜਣ ਇਸ ਯੋਜਨਾ ਤਹਿਤ ਸਰਕਾਰੀ ਹਸਪਤਾਲਾਂ ਵਿਚ ਜਣੇਪਾ ਕਰਵਾਉਣ ਉਪਰੰਤ ਮਿਲਣ ਵਾਲੀ ਇਕ ਹਜ਼ਾਰ ਦੀ ਰਾਸ਼ੀ ਨੂੰ ਉਡੀਕਣ ਵਾਲੀਆਂ ਔਰਤਾਂ ਦੀ ਗਿਣਤੀ ਲੱਖਾਂ ਵਿਚ ਪਹੁੰਚ ਗਈ ਹੈ। 31 ਮਾਰਚ 2014 ਤੋਂ ਬਾਅਦ ਪੰਜਾਬ ਦੇ ਹਸਪਤਾਲਾਂ ਵਿਚ ਇਸ ਯੋਜਨਾ ਤਹਿਤ ਕੋਈ ਫ਼ੰਡ ਨਹੀਂ ਪਹੁੰਚੇ। ਡਾæ ਜੀæਵੀæ ਸਿੰਘ ਸਹਾਇਕ ਡਾਇਰੈਕਟਰ ਐਮæਸੀæਐੱਚæ ਸਿਹਤ ਵਿਭਾਗ ਪੰਜਾਬ ਦਾ ਕਹਿਣਾ ਹੈ ਕਿ ਸੂਬੇ ਵਿਚ ਇਕ ਅਪ੍ਰੈਲ ਤੋਂ 30 ਸਤੰਬਰ 2014 ਤੱਕ ਕੁੱਲ 202477 ਜਣੇਪੇ ਹੋਏ ਜਿਨ੍ਹਾਂ ਵਿਚੋਂ 180703 ਪ੍ਰਵਾਨਿਤ ਹਸਪਤਾਲਾਂ ਵਿਚ ਹੋਏ ਹਨ। ਇਨ੍ਹਾਂ ਜਣੇਪਿਆਂ ਵਿਚੋਂ 101561 ਜਣੇਪੇ ਸਰਕਾਰੀ ਹਸਪਤਾਲਾਂ ਵਿਚ ਜਦਕਿ 79142 ਜਣੇਪੇ ਪ੍ਰਾਈਵੇਟ ਹਸਪਤਾਲਾਂ ਵਿਚ ਹੋਏ ਹਨ। ਸਰਕਾਰੀ ਹਸਪਤਾਲਾਂ ਵਿਚ ਜਣੇਪੇ ਤੋਂ ਬਾਅਦ ਔਰਤਾਂ ਨੂੰ ਮਾਤਾ ਕੁਸ਼ੱਲਿਆ ਕਲਿਆਣ ਯੋਜਨਾ ਤਹਿਤ 1000 ਰੁਪਏ ਮਿਲਣ ਵਾਲੀ ਰਾਸ਼ੀ ਨੂੰ ਜਾਰੀ ਕਰਨ ਵਿਚ ਸਰਕਾਰ ਤੋਂ ਫ਼ੰਡ ਨਾ ਆਉਣ ਕਾਰਨ ਸਮੱਸਿਆ ਆ ਰਹੀ ਹੈ। ਜ਼ਿਲ੍ਹਾ ਸੰਗਰੂਰ ਜਿਥੋਂ ਦੇ ਸਰਕਾਰੀ ਹਸਪਤਾਲਾਂ ਵਿਚ 1125 ਜਣੇਪੇ ਹਰ ਮਹੀਨੇ ਹੋ ਰਹੇ ਹਨ, ਉੱਥੇ 9000 ਔਰਤਾਂ ਸਕੀਮ ਤਹਿਤ ਮਿਲਣ ਵਾਲੀ 1000 ਰੁਪਏ ਦੀ ਰਾਸ਼ੀ ਨੂੰ ਉਡੀਕ ਰਹੀਆਂ ਹਨ। ਪੰਜਾਬ ਦੀਆਂ ਤਕਰੀਬਨ 1,40,000 ਔਰਤਾਂ ਜਿਨ੍ਹਾਂ ਆਪਣਾ ਜਣੇਪਾ ਸਰਕਾਰੀ ਹਸਪਤਾਲਾਂ ਵਿਚ ਕਰਵਾਇਆ ਹੈ, ਆਪਣੀ 1000 ਰੁਪਏ ਦੀ ਰਾਸ਼ੀ ਨੂੰ ਲੈਣ ਲਈ ਸਰਕਾਰੀ ਰਜਿਸਟਰਾਂ ਵਿਚ ਕਤਾਰ ਵਿਚ ਲੱਗੀਆਂ ਹਨ।