ਸੰਤ, ਸਿਆਸਤ ਤੇ ਲੋਕ ਮਾਨਸਿਕਤਾ

ਗੁਰਚਰਨ ਸਿੰਘ ਨੂਰਪੁਰ
ਫੋਨ: 91-98550-51099
ਹਰਿਆਣਾ ਪੁਲਿਸ ਵੱਲੋਂ ਕਈ ਦਿਨਾਂ ਦੀ ਜਦੋ-ਜਹਿਦ ਤੋਂ ਬਾਅਦ ਆਖਰਕਾਰ ਸੰਤ ਰਾਮਪਾਲ ਨੂੰ ਫੜ ਲਿਆ ਗਿਆ। ਕੌਣ ਹੈ ਸੰਤ ਰਾਮਪਾਲ? ਬਹੁਤ ਸਾਰੇ ਲੋਕਾਂ ਲਈ ਸ਼ਾਇਦ ਅਜੇ ਵੀ ਇਹ ਬੁਝਾਰਤ ਹੋਵੇ! ਸਤਲੋਕ ਡੇਰੇ ਵਲੋਂ ਪ੍ਰਕਾਸ਼ਤ ਪੁਸਤਕ ‘ਹਰ ਆਏ ਹਰਿਆਣੇ ਕੋ’ ਅਨੁਸਾਰ ‘ਸੰਤ ਰਾਮਪਾਲ ਦਾ ਜਨਮ ਪਿੰਡ ਧਨਾਨਾ, ਜ਼ਿਲ੍ਹਾ ਸੋਨੀਪਤ, ਹਰਿਆਣਾ ਭਾਰਤ ਵਿਚ 8 ਸਤੰਬਰ 1951 ਨੂੰ ਜੱਟ ਕਿਸਾਨ ਪਰਿਵਾਰ ਵਿਚ ਹੋਇਆ।’ ਉਹ ਆਪਣੇ ਆਪ ਨੂੰ ਕਬੀਰ ਦਾ ਅਵਤਾਰ ਮੰਨਦਾ ਹੈ। ਉਹਦੀ ਇਸੇ ਕਿਤਾਬ ਅਨੁਸਾਰ ਉਹ ਭਗਵਾਨ ਦਾ ਰੂਪ ਹੈ। ਕਿਤਾਬ ‘ਹਰ ਆਏ ਹਰਿਆਣੇ ਕੋ’ ਦੇ ਪੰਨਾ 17 ਅਨੁਸਾਰ- ‘ਇਕ ਸਮੇਂ ਭਾਈ ਬਾਲਾ ਤਥਾ ਮਰਦਾਨਾ ਨੂੰ ਸਾਥ ਲੈ ਕੇ ਗੁਰੂ ਨਾਨਕ ਦੇਵ ਜੀ ਭਗਤ ਪ੍ਰਹਿਲਾਦ ਜੀ ਦੇ ਲੋਕ ਵਿਚ ਗਏ ਜੋ ਪ੍ਰਿਥਵੀ ਤੋਂ ਕਈ ਲੱਖ ਕੋਸ ਦੂਰ ਅੰਤਰਿਕਸ਼ ਵਿਚ ਹੈ। ਪ੍ਰਹਿਲਾਦ ਨੇ ਕਿਹਾ- ਹੇ ਨਾਨਕ, ਕਬੀਰ ਜੀ ਆਏ ਸਨ ਜਾਂ ਅੱਜ ਆਪ ਆਏ ਹੋ, ਇਕ ਹੋਰ (ਸੰਤ ਰਾਮਪਾਲ) ਆਏਗਾ ਜੋ ਆਪ ਦੋਵਾਂ ਜੈਸਾ ਹੀ ਮਹਾਂਪੁਰਖ ਹੋਵੇਗਾ। ਇਨ੍ਹਾਂ ਤਿੰਨਾਂ ਦੇ ਅਤਿਰਿਕਤ ਇਥੇ ਮੇਰੇ ਮਾਤ ਲੋਕ ‘ਤੇ ਕੋਈ ਨਹੀਂ ਆ ਸਕਦਾ। ਮਰਦਾਨੇ ਨੇ ਪੁੱਛਿਆ- ਹੇ ਪ੍ਰਹਿਲਾਦ ਕਬੀਰ ਜੀ ਜੁਲਾਹਾ ਸਨ, ਨਾਨਕ ਖੱਤਰੀ ਹਨ, ਉਹ ਤੀਜਾ ਕਿਸ ਵਰਣ ਜਾਤੀ ਤੋਂ, ਤਥਾ ਕਿਸ ਧਰਤੀ ਉਪਰ ਪ੍ਰਗਟ ਹੋਵੇਗਾ? ਪ੍ਰਹਿਲਾਦ ਨੇ ਕਿਹਾ- ਨਾਨਕ ਜੀ ਦੇ ਸੱਚਖੰਡ ਜਾਣ ਦੇ ਸੈਂਕੜੇ ਵਰਸ਼ ਪਿੱਛੋਂ ਉਹ ਉਥੇ ਜੱਟ ਵਰਣ ਵਿਚ ਜਨਮ ਲਵੇਗਾ, ਤਥਾ ਉਸ ਦਾ ਪ੍ਰਚਾਰ ਖੇਤਰ ਸ਼ਹਿਰ ਬਰਵਾਲਾ ਹੋਏਗਾ। ਸੰਤ ਰਾਮਪਾਲ ਦਾਸ ਜੀ ਮਹਾਰਾਜ ਉਹ ਹੀ ਅਵਤਾਰ ਹਨæææ।’ ਇਹ ਸਤਰਾਂ ਉਨ੍ਹਾਂ ਦੇ ਡੇਰੇ ਵੱਲੋਂ ਪ੍ਰਕਾਸ਼ਤ ਕਿਤਾਬ ਦੀਆਂ ਹਨ ਜਿਸ ‘ਤੇ ਲੇਖਕ ਦਾ ਨਾਮ ਨਹੀਂ ਹੈ ਅਤੇ ਵੱਡੀ ਤਾਦਾਦ ਵਿਚ ਲੋਕਾਂ ਨੂੰ ਮੁਫ਼ਤ ਵੰਡੀ ਜਾਂਦੀ ਹੈ। ਆਪਣੀ ਦੁਕਾਨਦਾਰੀ ਚਮਕਾਉਣ ਲਈ ਜਿਵੇਂ ਹਰ ਡੇਰੇ ਵੱਲੋਂ ਕਈ ਤਰ੍ਹਾਂ ਦੀਆਂ ਕਰਾਮਾਤੀ ਕਹਾਣੀਆਂ ਦਾ ਪ੍ਰਚਾਰ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਸੰਤ ਰਾਮਪਾਲ ਦੀ ਇਸ ਕਿਤਾਬ ਵਿਚ ਵੀ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਕਈ ਕਰਾਮਾਤਾਂ ਦਾ ਜ਼ਿਕਰ ਹੈ।
ਨਹਿਰ ਮਹਿਕਮੇ ਵਿਚ ਜੂਨੀਅਰ ਇੰਜਨੀਅਰ ਦੀ ਨੌਕਰੀ ਤੋਂ ਬਰਖਾਸਤ ਹੋਣ ਤੋਂ ਬਾਅਦ ਰਾਮਪਾਲ, ਸੰਤ ਬਣ ਗਿਆ ਅਤੇ ਲੋਕਾਂ ਨੂੰ ਭਵਜਲੋਂ ਪਾਰ ਕਰਨ ਦਾ ਕਾਰਜ ਕਰਨ ਲੱਗ ਪਿਆ। ਆਪਣੀਆਂ ਕਈ ਤਰ੍ਹਾਂ ਦੀਆਂ ਕਾਰਵਾਈਆਂ ਕਰ ਕੇ ਉਹ ਅਕਸਰ ਚਰਚਾ ਵਿਚ ਰਿਹਾ। ਸਤਲੋਕ ਆਸ਼ਰਮ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ (ਖ਼ਾਸ ਕਰ ਕੇ ਆਰੀਆ ਸਮਾਜ) ਨਾਲ ਉਸ ਦਾ ਅਕਸਰ ਟਕਰਾਅ ਰਿਹਾ ਹੈ। ਮਈ 2013 ਨੂੰ ਹੋਏ ਵਿਵਾਦ ਦੌਰਾਨ ਸਥਾਨਕ ਲੋਕਾਂ ਅਤੇ ਉਸ ਦੇ ਸਮਰਥਕਾਂ ਵਿਚ ਫਾਇਰਿੰਗ ਹੋਈ ਜਿਸ ਵਿਚ ਤਿੰਨ ਲੋਕ ਮਾਰੇ ਗਏ। 2006 ਵਿਚ ਇਸੇ ਤਰ੍ਹਾਂ ਦੇ ਹੋਏ ਖੂਨੀ ਟਕਰਾਅ ਵਿਚ ਇਕ ਨੌਜੁਆਨ ਦੀ ਮੌਤ ਹੋ ਗਈ ਅਤੇ ਰਾਮਪਾਲ ‘ਤੇ ਕਤਲ ਦਾ ਕੇਸ ਦਰਜ ਹੋਇਆ। ਉਸ ਨੂੰ 21 ਮਹੀਨੇ ਜੇਲ੍ਹ ਵਿਚ ਰਹਿਣਾ ਪਿਆ। ਉਹ ਹੁਣ ਜ਼ਮਾਨਤ ‘ਤੇ ਸੀ।
ਅਗਸਤ 2014 ਵਿਚ ਵੀਡੀਓ ਕਾਨਫਰੰਸ ਰਾਹੀਂ ਹੋਈ ਉਸ ਦੀ ਪੇਸ਼ੀ ਦੌਰਾਨ ਉਸ ਦੇ ਸਮਰਥਕਾਂ ਵੱਲੋਂ ਵਕੀਲਾਂ ਨਾਲ ਬਦਸਲੂਕੀ ਕਰਨ ਅਤੇ ਕੋਰਟ ਦੀ ਕਾਰਵਾਈ ਵਿਚ ਵਿਘਨ ਪਾਉਣ ਤੋਂ ਨਾਰਾਜ਼ ਹੋਏ ਵਕੀਲਾਂ ਨੇ ਉਨ੍ਹਾਂ ਦੀ ਜ਼ਮਾਨਤ ਰੱਦ ਕਰਨ ਦੀ ਅਰਜ਼ੀ ਦੇ ਦਿੱਤੀ ਜਿਸ ਦਾ ਨਤੀਜਾ 5 ਔਰਤਾਂ ਅਤੇ ਬੱਚੇ ਦੇ ਮਾਰੇ ਜਾਣ, ਸੈਂਕੜੇ ਪੁਲਿਸ ਮੁਲਾਜ਼ਮ ਅਤੇ ਹੋਰ ਲੋਕਾਂ ਦੇ ਜ਼ਖ਼ਮੀ ਹੋਣ, ਲੱਖਾਂ ਦੀ ਜਾਇਦਾਦ ਦੇ ਨੁਕਸਾਨ, ਪ੍ਰਸ਼ਾਸਨ ਦੀ ਖੱਜਲ-ਖੁਆਰੀ ਅਤੇ ਕਰੋੜਾਂ ਰੁਪਏ ਦਾ ਖਰਚ ਅਤੇ ਅੰਤ ਉਸ ਦੀ ਗ੍ਰਿਫਤਾਰੀ ਦੇ ਰੂਪ ਵਿਚ ਨਿਕਲਿਆ।
ਕੋਈ ਵੀ ਸੰਤ ਜਿਸ ਨੇ ਦੁਨੀਆਂ ਲਈ ਮਿਸਾਲ ਬਣਨਾ ਹੁੰਦਾ ਹੈ, ਸੰਤ ਜੋ ਦੂਜਿਆਂ ਲਈ ਰਾਹ-ਦਸੇਰਾ ਹੈ, ਉਸ ਉਤੇ ਜੇ ਕਤਲ ਦੇ ਕੇਸ ਦਰਜ ਹੁੰਦੇ ਹਨ, ਬਲਾਤਕਾਰ ਦੇ ਕੇਸ ਬਣਦੇ ਹਨ, ਲੋਕਾਂ ਤੋਂ ਜਬਰੀ ਜ਼ਮੀਨਾਂ ਖੋਹਣ/ਕਬਜ਼ੇ ਕਰਨ ਦੇ ਕੇਸ ਦਰਜ ਹੁੰਦੇ ਹਨ ਤਾਂ ਸਵਾਲ ਹੈ ਕਿ ਉਹ ਬੰਦਾ ਸੰਤ ਮਹਾਤਮਾ ਜਾਂ ਲੋਕਾਂ ਦਾ ਰਹਿਬਰ ਅਖਵਾਉਣ ਦੇ ਕਾਬਲ ਵੀ ਹੈ? ਜਵਾਬ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਪਿਛਲੇ 30-40 ਸਾਲਾਂ ਤੋਂ ਸੰਤ ਦੀ ਪਰਿਭਾਸ਼ਾ ਬਿਲਕੁਲ ਹੀ ਬਦਲ ਗਈ ਹੈ, ਪਰ ਲੋਕ-ਮਾਨਸਿਕਤਾ ਨਹੀਂ ਬਦਲੀ। ਪਹਿਲਾਂ ਸੰਤ ਉਹ ਬੰਦਾ ਹੁੰਦਾ ਸੀ ਜੋ ਮੋਹ-ਮਾਇਆ ਦਾ ਤਿਆਗ ਕਰ ਕੇ ਸੱਚ ਦੇ ਰਸਤੇ ‘ਤੇ ਚੱਲ ਪਵੇ। ਸੰਤ ਦਾ ਭਾਵ ਸੱਚਾਈ ਤੋਂ ਹੈ। ਸੰਸਾਰਕ ਵਸਤਾਂ ਤੋਂ ਨਿਰਲੇਪ ਰਹਿਣ ਕਰ ਕੇ ਆਮ ਲੋਕ ਅਜਿਹੇ ਬੰਦਿਆਂ ਨੂੰ ਸਾਧੂ-ਸੰਤ ਕਹਿ ਕੇ ਸਤਿਕਾਰ ਕਰਦੇ। 40 ਕੁ ਸਾਲਾਂ ਤੋਂ ਸੰਤ ਹੁਣ ਉਹ ਸੰਤ ਨਹੀਂ ਰਹੇ। ਇਹ ਹੁਣ ਲੋਕ-ਸ਼ਰਧਾ ਤੋਂ ਮੋਟੀਆਂ ਕਮਾਈਆਂ ਕਰਦੇ ਹਨ। ਇਹ ਹੁਣ ਮੋਹ-ਮਾਇਆ ਦੇ ਤਿਆਗੀ ਨਹੀਂ, ਬਲਕਿ ਮਾਇਆ ਇਕੱਠੀ ਕਰਨ ਵਿਚ ਹੋਰ ਸਭ ਵਰਗਾਂ ਤੋਂ ਅੱਗੇ ਹਨ, ਜ਼ਮੀਨਾਂ-ਜਾਇਦਾਦਾਂ ਖਰੀਦ ਰਹੇ ਹਨ। ਆਪਣੇ ਅਡੰਬਰੀ ਸੰਸਾਰ ਦਾ ਦਿਨ-ਰਾਤ ਫੈਲਾਅ ਕਰ ਰਹੇ ਹਨ। ਲੋਕ-ਸ਼ਰਧਾ ਨੂੰ ਵੋਟਾਂ ਵਿਚ ਤਬਦੀਲ ਕੀਤਾ ਜਾਣ ਲੱਗਿਆ ਹੈ ਜਿਸ ਸਦਕਾ ਸਾਧ-ਸੰਤ ਹੁਣ ਸਰਕਾਰਾਂ ਬਣਾਉਣ ਵਿਚ ਭੂਮਿਕਾ ਨਿਭਾਉਣ ਲੱਗੇ ਹਨ।
ਸਾਧਾਂ-ਸੰਤਾਂ ਅਤੇ ਡੇਰੇਦਾਰਾਂ ਦੀਆਂ ਸਿਆਸਤ ਵਿਚ ਭਿਆਲੀਆਂ ਅਤਿ ਮਾੜਾ ਰੁਝਾਨ ਹੈ ਜਿਸ ਦੇ ਆਉਣ ਵਾਲੇ ਸਮੇਂ ਦੌਰਾਨ ਗੰਭੀਰ ਸਿੱਟੇ ਨਿਕਲ ਸਕਦੇ ਹਨ। ਇਹ ਲੋਕਤੰਤਰ ਲਈ ਇਕ ਤਰ੍ਹਾਂ ਦੀ ਖ਼ਤਰੇ ਦੀ ਘੰਟੀ ਹੈ। ਅੱਜ ਹਕੀਕਤ ਇਹ ਹੈ ਕਿ ਸਰਕਾਰਾਂ ਅਜਿਹੇ ਡੇਰੇਦਾਰਾਂ ਨੂੰ ਇਕ ਤਰ੍ਹਾਂ ਨਾਲ ਪਾਲਦੀਆਂ ਹਨ। ਜਦੋਂ ਇਨ੍ਹਾਂ ਦੀਆਂ ਮਨਮਾਨੀਆਂ ਵਧ ਜਾਂਦੀਆਂ ਹਨ, ਤਾਂ ਫਿਰ ਇਸ ਦਾ ਸਿੱਟਾ ਸਤਲੋਕ ਵਿਚ ਵਾਪਰੇ ਘਟਨਾਕ੍ਰਮ ਦੇ ਰੂਪ ਵਿਚ ਨਿਕਲਦਾ ਹੈ। ਹਾਲਾਤ ਹੁਣ ਇਹ ਹਨ ਕਿ ਬਹੁਤ ਸਾਰੇ ਵਿਧਾਨ ਸਭਾ ਤੇ ਲੋਕ ਸਭਾ ਹਲਕਿਆਂ ਲਈ ਸਿਆਸੀ ਨੇਤਾ, ਪਹਿਲਾਂ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਪਾਰਟੀ ਆਗੂਆਂ ਕੋਲ ਪਹੁੰਚ ਕਰਦੇ ਹਨ ਅਤੇ ਟਿਕਟ ਲੈਣ ਤੋਂ ਬਾਅਦ ਵੋਟਾਂ ਲਈ ਕਿਸੇ ਡੇਰੇਦਾਰ ਦੀ ਸ਼ਰਨ ਵਿਚ ਜਾਂਦੇ ਹਨ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਬਹੁਤ ਸਾਰੀਆਂ ਥਾਂਵਾਂ ‘ਤੇ ਉਮੀਦਵਾਰਾਂ ਲਈ ਟਿਕਟਾਂ ਦੀ ਵੰਡ ਵੀ ਡੇਰੇਦਾਰ ਹੀ ਕਰਨ।
ਵਿਚਾਰਨ ਵਾਲੀ ਗੱਲ ਇਹ ਹੈ ਕਿ, ਕੀ ਲੋਕਾਂ ਦਾ ਸਿਆਸੀ ਭਵਿੱਖ ਹੁਣ ਡੇਰੇਦਾਰ ਤੈਅ ਕਰਨਗੇ। ਸ਼ਰਧਾ ਨੂੰ ਕਾਰੋਬਾਰ ਤਾਂ ਬਣਾ ਹੀ ਲਿਆ ਗਿਆ ਹੈ, ਹੁਣ ਇਸ ਨੂੰ ਸਿਆਸੀ ਤਾਕਤ ਵਜੋਂ ਵਰਤੇ ਜਾਣ ਦੀਆਂ ਉਦਾਹਰਨਾਂ ਵੀ ਸਾਹਮਣੇ ਆ ਰਹੀਆਂ ਹਨ। ਅੱਜ ਜਦੋਂ ਸਤਲੋਕ ਆਸ਼ਰਮ ਦੀਆਂ ਕਾਰਵਾਈਆਂ ਸਬੰਧੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਤਲੋਕ ਵਿਚ ਜੋ ਕੁਝ ਹੋ ਰਿਹਾ ਸੀ, ਉਸ ਸਬੰਧੀ ਸਰਕਾਰ ਸੁੱਤੀ ਕਿਉਂ ਰਹੀ? ਤਾਂ ਸਵਾਲ ਹੈ ਕਿ ਕੀ ਅਗਾਂਹ ਤੋਂ ਪੰਜਾਬ-ਹਰਿਆਣਾ ਅਤੇ ਹੋਰ ਸੂਬਿਆਂ ਵਿਚ ਲਗਾਤਾਰ ਵਧ ਰਹੇ ਡੇਰਾਵਾਦ ਦੀ ਹਰ ਪੱਖ ਤੋਂ ਪੜਤਾਲ ਕਰਨ ਦੀ ਸਰਕਾਰਾਂ ਜੁਰਅਤ ਕਰਨਗੀਆਂ? ਅੱਜ ਕਲ੍ਹ ਸਾਧਾਂ-ਸੰਤਾਂ ਦੀ ਸਮਾਜ ਵਿਚ ਭੂਮਿਕਾ ਤਾਂ ਪੂਰੀ ਤਰ੍ਹਾਂ ਬਦਲ ਗਈ ਹੈ, ਪਰ ਬਹੁ-ਗਿਣਤੀ ਲੋਕਾਂ ਦੀ ਮਾਨਸਿਕਤਾ ਅੱਜ ਵੀ ਉਥੇ ਦੀ ਉਥੇ ਖੜ੍ਹੀ ਹੈ। ਸਮਾਜ ਦੇ ਬਹੁ-ਗਿਣਤੀ ਲੋਕਾਂ ਦੀ ਮਾਨਸਿਕਤਾ ਕਿਥੇ ਖੜ੍ਹੀ ਹੈ, ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਇਕ ਨਾਬਾਲਗ ਲੜਕੀ ਨਾਲ ਛੇੜ-ਛਾੜ ਦੇ ਮਾਮਲੇ ਵਿਚ ਜੇਲ੍ਹ ਗਏ ਆਸਾ ਰਾਮ ਨੂੰ ਜਦੋਂ ਇਕ ਪੇਸ਼ੀ ਲਈ ਜੋਧਪੁਰ ਜੇਲ੍ਹ ਇਕ ਰਾਤ ਰੱਖਿਆ ਗਿਆ ਤਾਂ ਉਸ ਦੇ ਸ਼ਰਧਾਲੂ ਜੇਲ੍ਹ ਦੇ ਬਾਹਰ ਇਕੱਠੇ ਹੋ ਗਏ। ਉਹ ਜੇਲ੍ਹ ਦੀਆਂ ਕੰਧਾਂ ਨੂੰ ਹੀ ਫੁੱਲਾਂ ਦੀਆਂ ਮਾਲਾਵਾਂ ਪਹਿਨਾਉਣ ਅਤੇ ਧੂਫ ਦੇਣ ਲੱਗ ਪਏ। ਹੁਣ ਜਦੋਂ ਸੰਤ ਰਾਮਪਾਲ ਵਿਵਾਦ ਖੜ੍ਹਾ ਹੋਇਆ ਤਾਂ ਇਨ੍ਹਾਂ ਦੇ ਬਹੁਤ ਸਾਰੇ ਸੇਵਕ ਜਿਨ੍ਹਾਂ ਵਿਚ ਜ਼ਿਆਦਾਤਰ ਪੜ੍ਹੇ-ਲਿਖੇ ਲੋਕ ਸਨ, ਵੀ ਦਿੱਲੀ ਦੇ ਜੰਤਰ-ਮੰਤਰ ਮੈਦਾਨ ਵਿਚ ਪੁਲਿਸ ਕਾਰਵਾਈ ਖਿਲਾਫ਼ ਧਰਨਾ ਦੇਣ ਜਾ ਬੈਠੇ। ਉਹ ਭੁੱਲ ਗਏ ਕਿ ਸਾਧਾਂ-ਸੰਤਾਂ ਨੂੰ ਤਾਂ ਅਜਿਹੇ ਮਾਮਲਿਆਂ ਵਿਚ ਮਿਸਾਲ ਬਣਨਾ ਚਾਹੀਦਾ ਹੈ। ਸੰਤ ਰਾਮਪਾਲ ਬਿਮਾਰੀ ਦਾ ਬਹਾਨਾ ਬਣਾ ਕੇ ਕੋਰਟ ਵਿਚ ਪੇਸ਼ ਹੋਣ ਤੋਂ ਇਨਕਾਰ ਕਰਦਾ ਰਿਹਾ। ਜਦ ਗ੍ਰਿਫ਼ਤਾਰੀ ਤੋਂ ਬਾਅਦ ਡਾਕਟਰੀ ਹੋਈ ਤਾਂ ਉਹ ਬਿਲਕੁਲ ਠੀਕ ਸੀ। ਸੰਤ ਜਿਸ ਨੇ ਆਪ ਸੱਚ ਦੇ ਮਾਰਗ ‘ਤੇ ਚੱਲਣਾ ਹੁੰਦਾ ਹੈ, ਆਪ ਹੀ ਇੱਦਾਂ ਕਰਦਾ ਹੈ ਤਾਂ ਉਹ ਸੰਤ ਕਿਵੇਂ ਹੋ ਗਿਆ? ਸਾਡੇ ਸਮਾਜ ਦੀ ਬਹੁ-ਗਿਣਤੀ ਅੱਜ ਵੀ ਲੋਕਾਂ ਦੇ ਸਿਰੋਂ ਧਨਾਢ ਬਣੇ ਇਨ੍ਹਾਂ ਸਾਧਾਂ-ਸੰਤਾਂ ਤੋਂ ਆਪਣੇ ਘਰਾਂ ਦੀ ਗਰੀਬੀ ਕੰਗਾਲੀ ਤੋਂ ਨਿਜਾਤ ਲੋੜਦੀ ਹੈ। ਰੋਜ਼ਾਨਾ ਰੱਬ ਦੇ ਫਿਕਰ ਵਿਚ ਲੱਖਾਂ ਲਿਟਰ ਡੀਜ਼ਲ-ਪੈਟਰੋਲ ਫੂਕਿਆ ਜਾਂਦਾ ਹੈ। ਡੇਰਿਆਂ, ਧਰਮ ਸਥਾਨਾਂ ‘ਤੇ ਲੋਕਾਂ ਦੀਆਂ ਭੀੜਾਂ ਦੱਸਦੀਆਂ ਹਨ ਕਿ ਅਸੀਂ ਅੱਜ ਵੀ ਕਿਸੇ ਮੱਧ ਯੁਗ ਵਿਚ ਵਿਚਰ ਰਹੇ ਹਾਂ।
ਦਰਅਸਲ, ਸਾਡੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਭ੍ਰਿਸ਼ਟ ਸਿਸਟਮ ਦੀ ਦੇਣ ਹਨ। ਬਹੁ-ਗਿਣਤੀ ਲੋਕ ਅਤਿ ਮਾੜੀਆਂ ਜਿਉਣ ਹਾਲਾਤ ਵਿਚ ਦਿਨ-ਕਟੀ ਕਰ ਰਹੇ ਹਨ। ਜਿਸ ਸਮਾਜ ਵਿਚ ਲੋਕਾਂ ਦੇ ਜਿਉਣ ਹਾਲਾਤ ਨਿੱਘਰ ਜਾਂਦੇ ਹਨ, ਉਨ੍ਹਾਂ ਸਮਾਜਾਂ ਵਿਚ ਹਰ ਤਰ੍ਹਾਂ ਦੇ ਅੰਧ-ਵਿਸ਼ਵਾਸ ਵਧ ਜਾਂਦੇ ਹਨ। ਲੋਕਾਂ ਦੀ ਟੇਕ ਅਖੌਤੀ ਸਾਧਾਂ-ਸਿਆਣਿਆਂ, ਧਾਰਮਿਕ ਸਥਾਨਾਂ, ਡੇਰਿਆਂ ‘ਤੇ ਵਧ ਜਾਂਦੀ ਹੈ। ਇਹ ਵਰਤਾਰਾ ਭਾਰਤ ਵਿਚ ਦਿਨੋ-ਦਿਨ ਤੇਜ਼ੀ ਨਾਲ ਵਧ ਰਿਹਾ ਹੈ। ਅਜਿਹੇ ਹਾਲਾਤ ਭ੍ਰਿਸ਼ਟ ਹੋ ਚੁੱਕੀ ਰਾਜਨੀਤੀ ਅਤੇ ਅਖੌਤੀ ਡੇਰੇਦਾਰਾਂ ਦੇ ਬੜੇ ਅਨੁਕੂਲ ਹੁੰਦੇ ਹਨ। ਘਰੇਲੂ ਕਲੇਸ਼, ਮੁਸ਼ਕਿਲਾਂ, ਸਮੱਸਿਆਵਾਂ, ਬੇਰੁਜ਼ਗਾਰੀ, ਗ਼ਰੀਬੀ ਦੇ ਮੰਝਧਾਰ ਵਿਚ ਫਸੇ ਲੋਕ ਸਮਝਦੇ ਹਨ ਕਿ ਕਿਸੇ ਡੇਰੇ ਨਾਲ ਜੁੜ ਕੇ ਉਨ੍ਹਾਂ ਦੀ ਜ਼ਿੰਦਗੀ ਵਿਚ ਚਮਤਕਾਰ ਵਾਪਰੇਗਾ ਅਤੇ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਹੋ ਜਾਣਗੇ। ਮੁਸ਼ਕਿਲਾਂ ਤੇ ਸਮੱਸਿਆਵਾਂ ਵਿਚ ਘਿਰੇ ਲੋਕ ਆਪਣੀਆਂ ਮੁਸ਼ਕਿਲਾਂ ਸਮੱਸਿਆਵਾਂ ਨੂੰ ਕਿਸੇ ਗੈਬੀ ਤਾਕਤ ਦੀ ਕਰੋਪੀ ਸਮਝ ਕੇ ਸਿਸਟਮ ਵਿਰੁਧ ਕੋਈ ਬਹੁਤੀ ਪ੍ਰਤੀਕਿਰਿਆ ਪ੍ਰਗਟ ਨਹੀਂ ਕਰਦੇ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਡੇਰਿਆਂ, ਧਰਮ ਸਥਾਨਾਂ ਵਿਚ ਮੱਥੇ ਰਗੜਦੇ ਰਹਿੰਦੇ ਹਨ। ਅਜਿਹਾ ਕਰਦਿਆਂ ਸਾਧਾਂ-ਸੰਤਾਂ ਦੇ ਸ਼ਰਧਾਲੂਆਂ ਦੀ ਜ਼ਿੰਦਗੀ ਵਿਚ ਤਾਂ ਕੋਈ ਚਮਤਕਾਰ ਕਦੇ ਨਹੀਂ ਵਾਪਰਦਾ ਪਰ ਇਸ ਵਰਤਾਰੇ ਨਾਲ ਸਾਧ-ਸੰਤ ਜ਼ਰੂਰ ਅਮੀਰ ਹੋ ਰਹੇ ਹਨ।
ਅੱਜ ਤੱਕ ਦਾ ਮਨੁੱਖੀ ਵਿਕਾਸ ਮਨੁੱਖ ਦੀਆਂ ਲੱਖਾਂ ਪੀੜ੍ਹੀਆਂ ਦੀ ਹੱਥੀਂ ਕੀਤੀ ਅਤੇ ਦਿਮਾਗੀ ਮਿਹਨਤ ਦਾ ਸਿੱਟਾ ਹੈ। ਗੁਰੂ ਸਹਿਬਾਨ ਅਤੇ ਹੋਰ ਮਹਾਨ ਪੁਰਸ਼ਾਂ ਦੀਆਂ ਜੀਵਨੀਆਂ ਦਾ ਸਾਰ-ਤੱਤ ਇਹ ਹੈ ਕਿ ਧਰਤੀ ਦੇ ਲੋਕ ਸੰਘਰਸ਼ਸ਼ੀਲ ਬਣਨ, ਉਹ ਕਿਸੇ ਅਡੰਬਰੀ ਸੰਸਾਰ ਲਈ ਨਾ ਜਿਉਣ; ਬਲਕਿ ਇਸ ਧਰਤੀ ‘ਤੇ ਮਨੁੱਖ ਦੀਆਂ ਜਿਉਣ ਹਾਲਾਤ ਨੂੰ ਸੁਧਾਰਨ ਲਈ ਜੱਦੋ-ਜਹਿਦ ਕਰਨ ਅਤੇ ਆਪਣੇ ਸਮੇਂ ਦੇ ਉਨ੍ਹਾਂ ਬਾਬਰਾਂ ਜਾਬਰਾਂ ਖਿਲਾਫ਼ ਖੜ੍ਹੇ ਹੋਣ ਜਿਨ੍ਹਾਂ ਕਰ ਕੇ ਸਮਾਜ ਵਿਚ ਵੰਡੀਆਂ ਹਨ, ਅਮੀਰੀ ਗ਼ਰੀਬੀ ਦਾ ਪਾੜਾ ਹੈ, ਅਨਿਆਂ ਹੈ, ਅਨਪੜ੍ਹਤਾ ਅਤੇ ਜਹਾਲਤ ਹੈ।