ਐਸ਼ ਅਸ਼ੋਕ ਭੌਰਾ
ਭਾਰਤੀ ਲੋਕਾਂ ਨੂੰ ਜਿਉਂਦਿਆਂ ਰੱਖਣ ਲਈ ਜਦੋਂ ਮਾਨਸੂਨ ਆਪਣਾ ਢਿੱਡ ਹਿੰਦ ਮਹਾਂਸਾਗਰ ਤੋਂ ਭਰ ਕੇ ਨਿਕਲਦੀ ਹੈ, ਤਦ ਕੇਰਲ ਦੇ ਮੁਹਾਰ ਲੋਕ ਵਾਇਲਨ ਲੈ ਇਸ ਬਖਸ਼ਿੰਦ ਪੌਣ ਦਾ ਰਾਹ ਰੋਕਣ ਲਈ ਪਹਾੜਾਂ ‘ਤੇ ਚੜ੍ਹ ਜਾਂਦੇ ਹਨ, ਤੇ ਉਦੋਂ ਤੱਕ ਵਾਇਲਨ ਲਗਾਤਾਰ ਵਜਾਉਂਦੇ ਹਨ ਜਦੋਂ ਤੱਕ ਇੰਦਰ ਦੇਵਤਾ ਪ੍ਰਸੰਨ ਹੋ ਕੇ ਰੱਜਵਾਂ ਮੀਂਹ ਨਹੀਂ ਪਾਉਂਦਾ। ਇਸ ਦੇ ਉਲਟ ਜ਼ਿੰਦਗੀ ਜਦੋਂ ਲੀਹ ਤੋਂ ਉਤਰ ਜਾਂਦੀ ਹੈ, ਤਾਂ ਲੱਖਾਂ ਪੂਜਾ-ਪਾਠ ਵੀ ਕਈ ਵਾਰ ਬੇਅਰਥ ਚਲੇ ਜਾਂਦੇ ਹਨ। ਉਦੋਂ ਰੱਬ ਨੇ ਲੜ ਤਾਂ ਕੀ ਫੜਾਉਣਾ ਹੁੰਦਾ ਹੈ, ਅੱਖਾਂ ਕੱਢ ਕੇ ਵਿਖਾਉਣ ਲੱਗ ਪੈਂਦਾ ਹੈ। ਅਜਿਹਾ ਕੁਝ ਹੀ ‘ਲੈ ਜਾ ਛੱਲੀਆਂ ਭੁਨਾ ਲਈਂ ਦਾਣੇ, ਵੇ ਮਿੱਤਰਾ ਦੂਰ ਦਿਆ’ ਆਦਿ ਅਮਰ ਗੀਤ ਗਾਉਣ ਵਾਲੇ ਚਾਂਦੀ ਰਾਮ ਚਾਂਦੀ ਦੀ ਜ਼ਿੰਦਗੀ ਵਿਚ ਹੋਇਆ। ਉਸ ਦੀ ਜ਼ਿੰਦਗੀ ਨੂੰ ਨੇੜੇ ਹੋ ਕੇ ਵੇਖਣ ਦਾ ਯਤਨ ਕਰੋਗੇ ਤਾਂ ਲੱਗੇਗਾ ਕਿ ਰੱਬ ਕਈ ਵਾਰ ਅਜਿਹੀਆਂ ਲੜਾਈਆਂ ਵਿਚ ਉਲਝਾ ਲੈਂਦਾ ਹੈ ਜਿਸ ਵਿਚ ਸਮਝੌਤੇ ਦੀ ਕੋਈ ਆਸ ਬਚਦੀ ਹੀ ਨਹੀਂ। ਚਾਂਦੀ ਰਾਮ ਦੀ ਗਾਇਕੀ ਦੀ ਵਿਆਖਿਆ ਵੱਲ ਮੈਂ ਇਸ ਕਰ ਕੇ ਨਹੀਂ ਜਾਵਾਂਗਾ ਕਿ ਇਹ ਨਾਂ ਹੀ ਆਪਣੇ ਆਪ ਵਿਚ ਇਕ ਯੁੱਗ ਦਾ ਮੁਕੰਮਲ ਦਸਤਾਵੇਜ਼ ਹੈ, ਤੇ ਹੋਇਆ ਭਾਵੇਂ ਇਹ ਲੀਰਾਂ-ਲੀਰਾਂ ਹੀ ਰਿਹਾ ਹੈ।
ਉਮਰ ਦੇ ਅੱਗੜ-ਪਿੱਛੜ ਹੋਣ ਕਾਰਨ ਭਾਵੇਂ ਮੈਂ ਉਹਦੇ ਗੀਤਾਂ ਦੀ ਗੱਲ ਤਾਂ ਵਰਤਮਾਨ ਯੁੱਗ ਵਿਚ ਵੀ ਚਲਦੀ ਵੇਖੀ ਹੈ ਪਰ ਚੜ੍ਹਾਈ ਨਹੀਂ ਵੇਖੀ। ਹਾਂ, ਉਹਦੀ ਢਹਿੰਦੀ ਕਲਾ ਵੱਲ ਉਤਰਦੀਆਂ ਪੌੜੀਆਂ ਦਾ ਹਰ ਪੌੜਾ ਉਖੜਿਆ ਜ਼ਰੂਰ ਵੇਖਿਆ ਹੈ। ਸ਼ਾਂਤੀ ਦੇਵੀ ਤੇ ਚਾਂਦੀ ਰਾਮ ਕਿਸੇ ਵਕਤ ਉਹ ਨਾਂ ਸਨ ਜਿਨ੍ਹਾਂ ਦਾ ਅਰਥ ਹੀ ‘ਜਿਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ, ਵੇ ਟਿਕਟਾਂ ਦੋ ਲੈ ਲਈਂ’ ਵਰਗੇ ਗੀਤਾਂ ਨਾਲ ਦੋ-ਗਾਣਾ ਗਾਇਕੀ ਤੇ ਇਕ ਸਮੇਂ ਦਾ ਸੰਪੂਰਨ ਰਾਗ ਸੀ। ਪਹਿਲਾਂ ਉਹਨੂੰ ਸ਼ਾਂਤੀ ਦੇ ਵਿਛੋੜੇ ਨੇ ਝੱਲਾ ਬਣਾਇਆ, ਤੇ ਜੋ ਪੱਲੇ ਬਚਦਾ ਸੀ, ਉਹ ਮਾੜੇ ਸਮੇਂ ਨੇ ਖਿਲਾਰ ਦਿੱਤਾ।
1987 ਵਿਚ ਚਾਂਦੀ ਰਾਮ ਨਾਲ ਮੇਰੀ ਪਹਿਲੀ ਮੁਲਾਕਾਤ ਲੁਧਿਆਣੇ ਕੁਲਦੀਪ ਮਾਣਕ ਦੇ ਦਫ਼ਤਰ ਵਿਚ ਹੋਈ। ਉਹ ਉਦੋਂ ਪਹਿਲਾਂ ਵਾਲਾ ਚਾਂਦੀ ਰਾਮ ਨਹੀਂ ਸੀ ਰਿਹਾ। ਸਾਧਾਰਨ ਕੁੜਤਾ-ਪਜਾਮਾ, ਸਿਰ ‘ਤੇ ਟੋਪੀ, ਪੈਰੀਂ ਧੌੜੀ ਦੀ ਜੁੱਤੀ, ਖੁੱਲ੍ਹੇ ਬਟਨਾਂ ਵਾਲੀ ਬਾਸਕਟ। ਮਾਣਕ ਨੇ ਤੁਆਰਫ਼ ਕਰਾਇਆ, “ਇਹ ਚਾਂਦੀ ਰਾਮ ਐ। ਵਕਤ ਨੂੰ ਨਾ ਪਛਾਣਨ ਕਰ ਕੇ ਬੌਂਦਲ ਗਿਐ। ਹੁਣੇ ਬੁੱਢੇ-ਵਾਰੇ ਹੋਰ ਵਿਆਹ ਕਰਵਾ ਲਿਐ। ਜੁਆਕ ਵੀ ਜੰਮ’ਤਾ।”
ਉਸ ਦੇ ਜਿਵੇਂ ਬੱਖੀ ਵਿਚ ਘਸੁੰਨ ਵੱਜ ਗਿਆ ਹੋਵੇ। ਆਖਣ ਲੱਗਾ, “ਮਾਣਕਾ, ਸਮਾਂ ਕਿਸੇ ਦਾ ਵੀ ਸਕਾ ਨਹੀਂ ਹੁੰਦਾ। ਕੱਟ ਲਊਂ ਜਿੱਦਾਂ ਦੀ ਪਈ ਐ, ਪਰ ਇਤਿਹਾਸ ਕਦੇ ਝੂਠ ਨਹੀਂ ਬੋਲੇਗਾ ਮਾਣਕਾ, ਕਿ ਤੂੰ ਚਾਂਦੀ ਰਾਮ ਨਾਲ ਢੋਲਕ ਵਜਾਈ ਐ।” ਤੇ ਫਿਰ ਦੋਵੇਂ ਜਣੇ ਆਪਣੇ ਹੱਸਣ ਦੇ ਅੰਦਾਜ਼ ਵਿਚ ਉਚੀ ਦੇਣੀ ਹੱਸ ਪਏ।
ਹਾਲਾਤ ਤਾਂ ਚੰਗੇ ਭਲਿਆਂ ਨੂੰ ਵੀ ਝਾੜ-ਝੰਬ ਦਿੰਦੇ ਨੇ, ਪਰ ਚਾਂਦੀ ਰਾਮ ਬਹੁਤਾ ਸਮਾਂ ਬੁਰੇ ਵਕਤ ਵਿਚ ਵੀ ਇਉਂ ਵਿਚਰਦਾ ਰਿਹਾ ਜਿਵੇਂ ਕੈਂਸਰ ਦਾ ਮਰੀਜ਼ ਹਸਪਤਾਲ ਦੇ ਵਾਰਡ ਵਿਚ ਪਿਆ ਵੀ ਹਾਲ-ਚਾਲ ਪੁੱਛਣ ਆਉਣ ਵਾਲੇ ਨੂੰ ਖੁਸ਼ੀ ਦਾ ਠਹਾਕਾ ਮਾਰ ਕੇ ਆਖੇ, “ਆਪਾਂ ਬਿਲਕੁਲ ਠੀਕ-ਠਾਕ ਹਾਂ।” ਊਂ ਉਹ ਹੌਲੀ-ਹੌਲੀ ਟੁੱਟ ਰਿਹਾ ਸੀ। ਹਾਂ, ਜੇ ਕੁਝ ਚੰਗਾ ਹੋ ਰਿਹਾ ਸੀ ਤਾਂ ਉਹ ਇਹ ਕਿ ਉਹਦੇ ਸ਼ਾਗਿਰਦ ਜਾਂ ਕੁਝ ਹੋਰ ਗਾਇਕ ਉਹਨੂੰ ਪ੍ਰੋਗਰਾਮ ‘ਤੇ ਨਾਲ ਲੈ ਕੇ ਜਾਂਦੇ ਸਨ। ਛੱਲੀਆਂ ਵਾਲੇ ਗੀਤ ਨਾਲ ਉਹ ਆਪ ਤੂੰਬੀ ਵਜਾ ਕੇ ਹਾਜ਼ਰੀ ਲਵਾ ਲੈਂਦਾ ਸੀ, ਲੋਕ ਚਾਰ ਪੈਸੇ ਅਦਬ ਨਾਲ ਦੇ ਦਿੰਦੇ ਸਨ ਤੇ ਲੁਧਿਆਣੇ ਮੁੜਦਿਆਂ ਗਾਇਕ ਉਹਦੀ ਝੋਲੀ ਵਿਚ ਪੰਜ-ਸੱਤ ਸੌ ਪਾ ਦਿੰਦਾ ਸੀ।
ਇਕ ਵਾਰ ਉਹ ਮੈਨੂੰ ਚਮਕੀਲੇ ਦੇ ਦਫ਼ਤਰ ਵਿਚ ਮਿਲ ਗਿਆ। ਉਹਦੇ ਨਾਲ ਜੁੜੀਆਂ ਕਹਾਣੀਆਂ ਫਰੋਲਣ ਦੀ ਸੋਚ ਨਾਲ ਮੈਂ ਕੁਝ ਸਵਾਲ ਕਰਨ ਲੱਗ ਪਿਆ।
“ਭਲਾ ਸ਼ਾਂਤੀ ਨਾਲ ਵਿਛੋੜਾ ਕਿਉਂ ਪਿਆ?”
“ਵਕਤ ਪਏ ‘ਤੇ ਪ੍ਰਛਾਵੇਂ ਵੀ ਮਿੱਤਰਾ ਸਾਥ ਦੇਣ ਤੋਂ ਹੱਥ ਖੜ੍ਹੇ ਕਰ ਜਾਂਦੇ ਆ। ਮੇਰੇ ‘ਤੇ ਕਤਲ ਦਾ ਨਾਜਾਇਜ਼ ਕੇਸ ਪੈ ਗਿਆ। ਸਿਰ ਤੋਂ ਪੈਰਾਂ ਤੱਕ ਉਲਝ ਗਿਆ। ਵਕੀਲਾਂ ਤੇ ਕਚਹਿਰੀਆਂ ਨੇ ਕਮਾਈ ਖਾ ਲਈ। ਮੈਂ ਤਾਂ ਬਰੀ ਹੋ ਗਿਆ ਪੰਜ-ਸੱਤ ਸਾਲ ਧੱਕੇ ਖਾ ਕੇ, ਪਰ ਜ਼ਿੰਦਗੀ ਔਕੜਾਂ ਤੇ ਮੁਸ਼ਕਿਲਾਂ ਨੇ ਕੈਦ ਕਰ ਲਈ।”
“ਕਹਿੰਦੇ ਗੰਨ ਕੋਲ ਹੁੰਦੀ ਸੀ ਤੇ ਗੋਰਖਾ ਰੱਖਿਆ ਹੁੰਦਾ ਸੀ?”
“ਇਹ ਕਿਹੜੀ ਵੱਡੀ ਗੱਲ ਸੀ।” ਤੇ ਉਹ ਹੱਸ ਕੇ ਅੱਗੇ ਬੋਲਿਆ, “ਸ਼ਾਂਤੀ ਵਰਗੀ ਸਨੁੱਖੀ ਗਾਇਕਾ ਲੋਕਾਂ ਵਿਚ ਲੈ ਕੇ ਜਾਣਾ ਸੌਖਾ ਸੀ ਕਿਤੇæææਦਾਰੂ ਨਾਲ ਭੂਤਰੇ ਜੱਟ ਅਖਾੜੇ ਵਿਚ ਕਾਬੂ ਕਿਥੇ ਆਉਂਦੇ ਨੇæææਤੀਵੀਂ ਦੀ ਹਿਫਾਜ਼ਤ ਲਈ ਅਸਲਾ ਰੱਖਣਾ ਪਿਆ ਤੇ ਸਾਲ ਕੁ ਰੋਟੀਆਂ ਪਕਾਉਣ ਲਈ ਗੋਰਖਾ ਰੱਖ ਲਿਆ। ਮੱਝ ਦੀ ਜੇਰ ਵਾਂਗ ਲੋਕੀਂ ਗੱਲਾਂ ਗੁੰਨੀ ਹੀ ਜਾਂਦੇ ਨੇ। ਨਾਲੇ ਭਲੇ ਦਿਨਾਂ ਵਿਚ ਕੋਈ ਕੀ ਨ੍ਹੀਂ ਕਰਦਾ।” ਤੇ ਨਾਲ ਹੀ ਹਉਕਾ ਭਰ ਕੇ ਕਹਿਣ ਲੱਗਾ, “ਵਿਧਵਾ ਨੂੰ ਵਿਆਹ ਕੇ ਦਿਨ ਚੇਤੇ ਨਹੀਂ ਕਰਾਈਦੇ ਮਿੱਤਰਾ।”
ਤੇ ਅਗਲਾ ਸਵਾਲ ਪੁੱਛ ਕੇ ਤਾਂ ਮੈਂ ਜਿਵੇਂ ਫਸ ਹੀ ਗਿਆ ਹੋਵਾਂ। ਮੈਂ ਪੁੱਛ ਬੈਠਾ, “ਦਸਾਂ ਦਾ ਨੋਟ ਬਾਲ ਕੇ ਸਿਗਰਟ ਲਾਉਣ ਦੀ ਕਹਾਣੀ ਕੀ ਐ?”
ਉਹ ਉਲਰ ਪਿਆ, “ਇਹ ਰੱਸੀ ਦਾ ਸੱਪ ਮੇਰੇ ਸਾਲੇ ਗੋਰਖੇ ਨੇ ਬਣਾਇਆ। ਮੈਂ ਕਿਤੇ ਬਾਦਸ਼ਾਹ ਸੀ ਜਿਹੜਾ ਨੋਟ ਜਾਲ ਕੇ ਸਿਗਰਟਾਂ ਸੁਲਗਾਉਂਦਾ? ਬਾਕੀ ਕਸਰ ਤੁਸੀਂ ਲੋਕਾਂ ਨੇ ਅਖ਼ਬਾਰਾਂ ‘ਚ ਲਿਖ-ਲੁਖ ਕੇ ਕਰ’ਤੀ ਪੂਰੀ।”
“ਫਿਰ ਸੱਚ ਕੀ ਸੀ?”
“ਸਹੁਰੀ ਦੀ ਕਿਤੇ ਬਿਜਲੀ ਚਲੇ ਗਈ। ਹਨ੍ਹੇਰੀ ਰਾਤ ਮੀਂਹ ਪਵੇ। ਮੈਂ ਨੌਕਰ ਨੂੰ ਭੇਜਿਆæææਠੰਢ ਬੜੀ ਆ, ਨਸ਼ਾ ਉਤਰਦਾ ਜਾ ਰਿਹੈ, ਜਾ ਕੇ ਅਧੀਆ ਫੜ ਲਿਆ। ਉਹਨੇ ਲਾਲਟਣ ਤਾਂ ਬਾਲ’ਤੀ, ਪਰ ਤੀਲਾਂ ਦੀ ਡੱਬੀ ਨਾਲੇ ਜੇਬ ਵਿਚ ਪਾ ਕੇ ਲੈ ਗਿਆ। ਮੈਨੂੰ ਸਿਗਰਟ ਦੀ ਤਲਬ ਜਾਗੀ। ਡੱਬੀ ਮੈਨੂੰ ਲੱਭੇ ਨਾ, ਤੇ ਮੈਂ ਇਕ ਪਾਸਿਓਂ ਲਾਲਟਣ ਦਾ ਲੱਕ ਚੁੱਕ ਕੇ ਦਸਾਂ ਦੇ ਨੋਟ ਨਾਲ ਸਿਗਰਟ ਲਾ ਲਈ, ਜਦ ਨੂੰ ਉਹ ਸਾਲਾ ਅੰਦਰ ਆ ਗਿਆ।”
“ਗੋਰਖੇ ਨੂੰ ਸਾਲੇ ਦੀ ਗਾਲ੍ਹ ਕਿਉਂ ਕੱਢ ਰਹੇ ਹੋ?”
“ਨਾਲੇ ਸੱਚ ਪੁੱਛਦੈਂ, ਹੁਣ ਸੁਣ ਵੀ ਲੈ। ਉਸ ਗੋਰਖੇ ਨੇ ਮੇਰੀ ਜੇਬ ਵਿਚੋਂ ਕਿਤੇ ਅੱਸੀ ਰੁਪਏ ਚੋਰੀ ਕਰ ਲਏ। ਚਾਲੀ ਰੁਪਏ ਸਹੁਰੇ ਦੀ ਤਨਖਾਹ ਸੀ, ਤੇ ਜਦੋਂ ਮੈਂ ਘਰੋਂ ਭਜਾਇਆ ਤਾਂ ਬਾਹਰ ਜਾ ਕੇ ਰੌਲੀ ਪਾ’ਤੀ, ਪਈ ਚਾਂਦੀ ਰਾਮ ਨੇ ਉਹ ਨੋਟ ਬਾਲ ਕੇ ਤਾਂ ਸਿਗਰਟਾਂ ਪੀ ਲਈਆਂ, ਨਾਂ ਮੇਰੇ ਲਾ’ਤੇ।æææਐਸ ਕਰ ਕੇ ਮੈਂ ਦਾਗੀ ਹੋ ਗਿਐਂ। ਈਰਖਾ ਕਰਨ ਵਾਲੇ ਭੜਾਸ ਕੱਢੀ ਜਾਂਦੇ ਨੇ ਕਿ ਨੋਟਾਂ ਨੂੰ ਅੱਗ ਲਾ ਕੇ ਸਿਗਰਟਾਂ ਫੂਕਣ ਵਾਲਾ ਹੁਣ ਆਪਣੀ ਜ਼ਿੰਦਗੀ ਤੰਗੀਆਂ-ਤੁਰਸ਼ੀਆਂ ਵਿਚ ਫੂਕ ਰਿਹੈ। ਨਾਲੇ ਬੰਦੇ ਦੀ ਜਦੋਂ ਚੜ੍ਹਾਈ ਹੁੰਦੀ ਐ, ਪੰਜਾਹ ਗੱਲਾਂ ਊਂ ਈ ਨਾਲ ਜੁੜ ਜਾਂਦੀਆਂ ਨੇ।”
ਨਰਿੰਦਰ ਬੀਬਾ ਤੇ ਚਾਂਦੀ ਰਾਮ ਨੇ ਥੋੜ੍ਹਾ ਜਿਹਾ ਅੱਗੜ-ਪਿੱਛੜ ਗਾਇਕੀ ਦੇ ਖੇਤਰ ਵਿਚ ਪ੍ਰਵੇਸ਼ ਕੀਤਾ ਸੀ, ਪਰ ਚੜ੍ਹਾਈ ਬੀਬਾ ਨਾਲੋਂ ਕਿਤੇ ਪਹਿਲਾਂ ਹੋ ਗਈ। ਪੂਰੇ ਦਸ ਸਾਲ ਚਾਂਦੀ ਤੇ ਸ਼ਾਂਤੀ ਮੰਜਿਆਂ ਵਾਲੇ ਸਪੀਕਰਾਂ ‘ਤੇ ਬਹੁਤ ਖੜਕੇ, ਪਰ ਜੇ ਪੰਜਾਬੀ ਗਾਇਕੀ ਦਾ ਵੱਟ-ਬੰਨਾ ਵੇਖੀਏ ਤਾਂ ਓਪਰੀਆਂ ਨਜ਼ਰਾਂ ਨਾਲ ਜਾਣਨ ਵਾਲੇ ਤਾਂ ਭਾਵੇਂ ਝੱਟ ਦੇਣੀ ਕਹਿ ਦੇਣ, ‘ਨਾ ਡੱਫਦਾ ਨਾ ਬਰਬਾਦ ਹੁੰਦਾ’æææਸਹੀ ਗੱਲ ਇਹ ਸੀ ਕਿ ਉਹਦੇ ਉਤੇ ਬਿਪਤਾ ਹਰੀਸ਼ ਚੰਦਰ ਨਾਲੋਂ ਵੀ ਵੱਡੀ ਪਈ। ਜਦੋਂ ਸ਼ਾਂਤੀ ਦੇਵੀ ਸਾਹ ਮੁੱਕਣ ਨਾਲ ਸ਼ਾਂਤ ਹੋਈ, ਤਾਂ ਗੁਰਬਤ ਦੀ ਅਸ਼ਾਂਤੀ ਉਹਦੇ ਵਿਹੜੇ ਆਣ ਵੜੀ। ਝੂਠੇ ਕੇਸ ਵਿਚੋਂ ਤਾਂ ਉਹ ਬਰੀ ਹੋ ਗਿਆ, ਪਰ ਹੋਇਆ ਹਾਈਕੋਰਟ ਵਿਚ ਜਾ ਕੇ। ਦਸਾਂ ਸਾਲਾਂ ਦੀ ਕਮਾਈ ਅੱਠਾਂ ਸਾਲਾਂ ਵਿਚ ਸਣੇ ਮੁਨਸ਼ੀ ਤੇ ਵਕੀਲ ਨਿਗਲ ਗਏ। ਫਿਰ ਤੂਫਾਨਾਂ ਨਾਲ ਉਖੜੇ ਦਰਖ਼ਤਾਂ ਦੀਆਂ ਜੜ੍ਹਾਂ ਔਖੀਆਂ ਹੀ ਹਰੀਆਂ ਹੁੰਦੀਆਂ ਹਨ!
ਮੈਨੂੰ ਯਾਦ ਹੈ ਕਿ 1988 ਦੀ ਵਿਸਾਖੀ ਤੋਂ ਅਗਲੇ ਦਿਨ ਮੈਂ ਉਹਨੂੰ ਮਿਲਣ ਗਿਆ, ‘ਅਜੀਤ’ ਵਿਚ ਛਪਦੇ ਆਪਣੇ ਹਫ਼ਤਾਵਾਰੀ ਕਾਲਮ ‘ਸੁਰ ਸੱਜਣਾਂ ਦੀ’ ਲਈ ਉਹਦੀ ਪਤਨੀ ਪੂਨਮ ਦੇਵੀ ਨਾਲ ਗੱਲਾਂ ਕਰਨ। ਗਲੀ ਨੰਬਰ ਤਾਂ ਮੈਨੂੰ ਯਾਦ ਨਹੀਂ, ਪਰ ਐਨਾ ਕੁ ਖਿਆਲ ਹੈ ਕਿ ਉਹ ਜੋਧੇਵਾਲ ਬਸਤੀ ਚੌਕ ਵਿਚ ਬੱਸ ਅੱਡੇ ਵੱਲ ਆਉਂਦਿਆਂ ਖੱਬੇ ਪਾਸੇ ਤੀਜੀ ਗਲੀ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਦੋ ਗੱਲਾਂ ਕਰ ਕੇ ਉਸ ਦਿਨ ਮੇਰੇ ਵੀ ਹੌਲ ਪਿਆ। ਪਹਿਲੀ ਗੱਲ ਤਾਂ ਇਹ ਸੀ ਕਿ ਮੈਂ ਉਸ ਨੂੰ ਮਹਿਲਾਂ ਵਿਚ ਰਹਿੰਦੇ ਨੂੰ ਨਹੀਂ ਸੀ ਵੇਖਿਆ, ਤੇ ਜਿਥੇ ਵੇਖਿਆ, ਉਹ ਰੇਹੀ ਖਾਧਾ ਤਿੰਨ ਖਣ ਦਾ ਕਮਰਾ ਸੀ। ਇਕ ਨੁਕਰੇ ਉਚੇ ਪਾਵਿਆਂ ਵਾਲਾ ਮੰਜਾ, ਇਕ ਬਾਰੀ ਖਾਦ ਵਾਲੇ ਬੋਰੇ ਨਾਲ ਬੰਦ ਕੀਤੀ ਹੋਈæææਧਾਹ ਨਿਕਲੀ ਕਿ ‘ਆਹ ਰਹਿ ਗਿਆ ਹੁਣ ਰਹਿੰਦ-ਖੂੰਹਦ ਚਾਂਦੀ ਰਾਮ।’ ਦੂਜੀ ਵੱਡੀ ਗੱਲ ਇਹ ਸੀ ਕਿ ਜਿਸ ਪੂਨਮ ਨਾਲ ਉਹ ਆਪਣੀ ਪਤਨੀ ਵਜੋਂ ਤੁਆਰਫ਼ ਕਰਵਾ ਰਿਹਾ ਸੀ, ਧੌਲੇ ਝਾਟੇ ਸਿਰ ਨਾਲ ਉਹ ਉਹਦੀ ਮਾਂ ਲਗਦੀ ਸੀ। ਉਹ ਆਪਣੇ ਆਪ ਨੂੰ ਗਾਉਣ ਦੀ ਸ਼ੌਕੀਨ ਤੇ ਅੰਮ੍ਰਿਤਸਰ ਤੋਂ ਦੱਸਦੀ ਸੀ, ਪਰ ਲਗਦੀ ਬਿਹਾਰ ਦੀ ਕਦੇਸੜ ਜਿਹੀ ਸੀ। ਹਨੇਰ ਸਾਈਂ ਦਾ, ਰੱਜ ਕੇ ਸਨੁੱਖੀ ਸ਼ਾਂਤੀ ਤੇ ਇਹ ਪੂਨਮ!æææਜਿਵੇਂ ਅੰਬ ਥਾਂ ਅੱਕ ਉਗ ਆਇਆ ਹੋਵੇ। ਦੁੱਖ ਦੀ ਤੀਜੀ ਵਿਥਿਆ ਇਹ ਸੀ ਕਿ ਉਹਨੇ ਮੇਰੇ ਨਾ ਚਾਹੁੰਦਿਆਂ ਵੀ ਹੇਠਾਂ ਇੱਟਾਂ ‘ਤੇ ਰੱਖੇ ਸਟੋਵ ਦਾ ਪੰਪ ਮਾਰ ਕੇ ਤੇਲ ਕੱਢਿਆ ਤੇ ਬਾਟੀ ‘ਚ ਚਾਹ ਧਰ ਦਿੱਤੀ। ਗੱਲਾਂ ਦੋ-ਤਿੰਨ ਘੰਟੇ ਦੋਹਾਂ ਨਾਲ ਬਹੁਤ ਹੋਈਆਂ, ਪਰ ਆਦਤ ਮੁਤਾਬਿਕ ਉਹਦਾ ਇਕ ਸੰਵਾਦ ਦੇਖੋ, “ਨਿੰਮ ‘ਤੇ ਕਰੇਲਾ ਜੀਹਨੇ ਅਸਲੀ ਰੂਪ ਵਿਚ ਚੜ੍ਹਦਾ ਵੇਖਣੈ, ਉਹ ਚਾਂਦੀ ਰਾਮ ਦੀ ਉਤਰਦੀ ਜ਼ਿੰਦਗੀ ਦੇਖੇ, ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਆਹ ਦਿਨ ਵੀ ਦੇਖਣੇ ਸਨ ਪਰ ਜੇ ਬਾਦਸ਼ਾਹਾਂ ਨਾਲ ਇੱਦਾਂ ਹੁੰਦਾ ਆਇਆ, ਤਾਂ ਮੈਂ ਵੀ ਕੱਟ ਲਵਾਂਗਾ।” ਉਹ ਅੰਦਰੋਂ ਜਿੰਨਾ ਕੁ ਝੂਰਦਾ ਸੀ, ਸੋਚਦਾ ਹਾਂ ਕਿ ਜੇ ਉਹ ਹੁਣ ਹੁੰਦਾ, ਤਾਂ ਸੱਦਾਮ ਹੁਸੈਨ ਤੇ ਗੱਦਾਫ਼ੀ ਦੀ ਹਾਲਤ ਦੇਖ ਕੇ ਉਹਨੇ ਹਉਕਾ ਲੈਣ ਦੀ ਥਾਂ ਖਿੜ-ਖੜਾ ਕੇ ਹੱਸ ਪਿਆ ਕਰਨਾ ਸੀ।
1990 ਵਿਚ ਬਹਿਰਾਮ ਲਾਗਿਓਂ ਨੂਰਪੁਰ ਪਿੰਡੋਂ ਸਰਦਾਰ ਮੁਹੰਮਦ ਦੇ ਮੇਲੇ ਤੋਂ ਮੈਂ, ਦਿਲਸ਼ਾਦ ਅਖ਼ਤਰ ਤੇ ਮਨਜੀਤ ਰਾਹੀ ਸ਼ਾਮ ਨੂੰ ਲੁਧਿਆਣੇ ਇਕੋ ਗੱਡੀ ਵਿਚ ਆਏ। ਅੱਠ ਕੁ ਵੱਜੇ ਹੋਣਗੇ, ਠੰਢ ਵੀ ਸੀ ਤੇ ਹਨੇਰਾ ਵੀ। ਪਾਰਕਿੰਗ ਵਿਚੋਂ ਦਿਲਸ਼ਾਦ ਨੇ ਸਕੂਟਰ ਚੁੱਕਣਾ ਸੀ, ਤੇ ਮੇਰਾ ਪੈਂਡਾ ਰਾਹੀ ਨਾਲ ਖੰਨੇ ਤੱਕ ਦਾ ਸੀ। ਕੁਲਦੀਪ ਪਾਰਸ ਦੇ ਦਫ਼ਤਰ ਅੱਗੇ ਜਦੋਂ ਅਸੀਂ ਉਹਨੂੰ ਲਾਹਿਆ, ਤਾਂ ਮੂਹਰੇ ਠੁਰ-ਠੁਰ ਕਰਦਾ ਚਾਂਦੀ ਰਾਮ ਟੱਕਰ ਪਿਆ। ਜਾਣਨ ਵਾਲੇ ਜਾਣਦੇ ਹਨ ਕਿ ਦਿਲਸ਼ਾਦ ਪੀ ਕੇ ਦਲੇਰ ਬਹੁਤ ਬਣ ਜਾਂਦਾ ਸੀ, ਊਂ ਵੀ ਮਾੜੀ ਜਿਹੀ ਗੱਲ ‘ਤੇ ਅੜੀਅਲ ਸੁਭਾਅ। ਅੜ ਗਿਆ, ਆਖੇ ਉਸਤਾਦ ਨੂੰ ਹੋਰ ਪਿਆਉਣੀ ਆਂ। ਉਹ ਬਥੇਰੇ ਤਰਲੇ ਕਰੇ ਕਿ ਦਿਲਸ਼ਾਦ, ਮੈਂ ਠੀਕ ਹਾਂ, ਡੂਢ ਪਊਆ ਪੀਤਾ ਹੋਇਐæææਪਰ ਕਿਥੇ?
ਬੱਸ ਅੱਡੇ ਸਾਹਮਣੇ ਮਾਲਵਾ ਢਾਬੇ ‘ਤੇ ਚਹੁੰਆਂ ਨੇ ਬੋਤਲ ਫਿਰ ਡੱਕਾਰ ਲਈ। ਦਿਲਸ਼ਾਦ ਲੁੜਕ ਗਿਆ, ਚਾਂਦੀ ਰਾਮ ਢੇਰੀ ਹੋ ਗਿਆ। ਥੋੜ੍ਹਾ ਠੀਕ ਮੈਂ ਹੀ ਸੀ। ਔਖਾ-ਸੌਖਾ ਹੋ ਕੇ ਚਾਂਦੀ ਰਾਮ ਨੂੰ ਚੁੱਕ ਕੇ ਅਲਗੋਜ਼ਿਆਂ ਵਾਲੇ ਤਾਰਾ ਚੰਦ ਕੋਲ ਚੰਨ ਸ਼ਾਹਕੋਟੀ ਦੇ ਦਫ਼ਤਰ ਲੰਮਾ ਪਾਇਆ। ਭਾਰ ਮਸਾਂ ਜੁਆਕ ਜਿੰਨਾ ਰਹਿ ਗਿਆ ਸੀ। ਅਗਲੇ ਦਿਨ ਮੈਂ ਦੁਪਹਿਰੇ ਜਦੋਂ ਖੰਨੇ ਤੋਂ ਮੁੜਿਆ, ਤਾਂ ਚਾਂਦੀ ਰਾਮ ਨੂੰ ਕੁਲਦੀਪ ਮਾਣਕ ਪੰਜਾਹ ਰੁਪਏ ਦੇ ਰਿਹਾ ਸੀ। ਉਹ ਮੈਂ ਉਹਦੇ ਖੀਸੇ ‘ਚ ਪਾ ਦਿੱਤੇ। ਚਮਨ ਦੇ ਢਾਬੇ ‘ਤੇ ਛੋਲਿਆਂ ਦੀ ਪੀਲੀ ਦਾਲ ਨਾਲ ਰੋਟੀ (ਜਿਹਦਾ ਉਹ ਸ਼ੌਂਕੀ ਬੜਾ ਸੀ) ਖੁਆਉਣ ਲੈ ਕੇ ਗਿਆ, ਤਾਂ ਅੜ ਗਿਆ ਕਿ ‘ਚੱਲ ਪਹਿਲਾਂ ਭਾਨ ਲਾਹ।’
ਮੈਂ ਖਿਝ ਕੇ ਕਿਹਾ, “ਹੁਣ ਤੂੰ ਦਿਨੇ ਵੀ ਪੀਣ ਲੱਗ ਪਿਐਂ?”
“ਥੋੜ੍ਹਾ ਚਿਰ ਠਹਿਰ, ਸਵੇਰੇ ਵੀ ਪੀਣੀ ਪੈਣੀ ਆਂ।”
“ਕਿਉਂ?”
“ਹਰਾਮਜਾਦੀ ਪੂਨਮ ‘ਕੱਲਾ ਛੱਡ ਕੇ ਚਲੀ ਗਈ, ਜੁਆਕ ਵੀ ਲੈ ਗਈ ਨਾਲੇ। ਹੁਣ ਕੀ ਲੈਣਾ ਜੀਅ ਕੇ?” ਤੇ ਉਹ ਧਾਹ ਮਾਰ ਕੇ ਰੋ ਪਿਆ।
ਫਿਰ ਅਗਲੇ ਵਰ੍ਹਿਆਂ ਵਿਚ ਸਾਡਾ ਮੋਹ ਵਧ ਗਿਆ।
1991 ਵਿਚ ਮੈਂ ਉਹਨੂੰ ਸ਼ੌਂਕੀ ਮੇਲੇ ‘ਤੇ ਸਨਮਾਨਿਤ ਕੀਤਾ, ਕੋਕੇ ਵਾਲੀ ਸਰਵਜੀਤ ਤੇ ਸੁਰਿੰਦਰ ਸ਼ਿੰਦੇ ਹੋਰਾਂ ਨਾਲ। ਸਨਮਾਨ ਰਾਸ਼ੀ ਵਿਚ ਮੈਂ ਉਹਨੂੰ ਇਕੱਲੇ ਨੂੰ ਇਕਵੰਜਾ ਸੌ ਦਿੱਤਾ। ਆਇਆ ਉਹ ਮਾਹਿਲਪੁਰ ਨੂੰ ਬੱਸੇ ਚੜ੍ਹ ਕੇ ਸੀ, ਤੇ ਗਿਆ ਜੱਸੋਵਾਲ ਦੀ ਗੱਡੀ ਵਿਚ। ਬਹਿਣ ਲੱਗਾ ਮੇਰੇ ਕੰਨ ਵਿਚ ਕਹਿਣ ਆਇਆ, “ਅਸ਼ੋਕ, ਸਨਮਾਨ ਤਾਂ ਦੇ’ਤਾæææ ਥੋੜ੍ਹਾ ਕਿਰਾਇਆ ਵੀ ਦੇ ਦੇ।” ਤੇ ਮੈਂ ਪੁੰਨ ਸਮਝ ਕੇ ਉਦਣ ਮੱਸਿਆ ਨਹਾਉਣ ਵਾਂਗ ਹਜ਼ਾਰ ਹੋਰ ਦੇ ਦਿੱਤਾ। ਜੱਸੋਵਾਲ ਦੇ ਚੇਲਿਆਂ ਨਾਲ ਫੁੱਲ ਹੋਈ ਗੱਡੀ ਵਿਚ ਜਦੋਂ ਧੱਕੇ ਨਾਲ ਚਾਂਦੀ ਰਾਮ ਤੋਂ ਬਹਿ ਕੇ ਬਾਰੀ ਨਾ ਬੰਦ ਹੋਵੇ ਤਾਂ ਘੁੱਟ ਲੱਗੀ ਦੇ ਰੌਂਅ ਵਿਚ ਉਹ ਹੇਠਾਂ ਉਤਰ ਕੇ ਮੇਰਾ ਹੱਥ ਚੁੰਮਦਿਆਂ ਢਿੱਲੇ ਜਿਹੇ ਲਲਕਾਰੇ ਵਿਚ ਕਹਿਣ ਲੱਗਾ, “ਲੈ ਹੁਣ ਨ੍ਹੀਂ ਮਰਦਾ ਅਸ਼ੋਕ ਚਾਂਦੀ ਰਾਮ ਛੇਤੀ ਕੀਤੇ।”
ਤੇ ਫਿਰ ਅਗਲੇ ਸਾਲਾਂ ਵਿਚ ਦਿਨ ਬਦਲ ਜਾਂਦੇ ਤਾਂ ਕੋਈ ਗੱਲ ਨਹੀਂ ਸੀ, ਪਰ ਰੱਜ ਕੇ ਬੁਰੇ ਆ ਗਏ। ਉਹ ਜੁੱਲ-ਗਧੌਲੀ ਚੁੱਕ ਕੇ ਮਾਣਕ ਦੇ ਦਫ਼ਤਰ ਦੀ ਉਪਰਲੀ ਮੰਜ਼ਿਲ ‘ਤੇ ਧੰਨੇ ਰੰਗੀਲੇ ਦੇ ਦਫ਼ਤਰ ਵਿਚ ਟਿਕ ਗਿਆ।
ਇਸ ਨਿਰਮੋਹੇ ਸੰਸਾਰ ਵਿਚ ਤਾਂ ਧੀਆਂ-ਪੁੱਤ ਅੱਖਾਂ ਘੁਮਾਉਣ ਲੱਗ ਪਏ ਹਨ ਤੇ ਉਹਦੇ ਚੇਲੇ-ਚਮਟੇ ਵੀ ਪਿੱਠ ਦੇਣ ਲੱਗ ਪਏ। ਮਾਣਕ ਉਹਨੂੰ ਸੌ ਦੋ ਸੌ ਦੇ ਦਿੰਦਾ ਸੀ, ਪਰ ਖਿਝ ਕੇ। ਸਦੀਕ ਬਹੁਤ ਘਟ ਗਿਆ, ਬੀਬਾ ਊਂ ਨਹੀਂ ਆਈ, ਯਮਲਾ ਆਪ ਮਰਨ ਕਿਨਾਰੇ ਸੀ। ਮੇਰੇ ਵਰਗੇ ਉਹਦੇ ਕਈ ਮਿੱਤਰ ਸਨ, ਹਿਤੈਸ਼ੀ ਸਨ, ਹਮਦਰਦ ਸਨ ਜਿਨ੍ਹਾਂ ਨੂੰ ਦੇਖ ਕੇ ਉਹਦੇ ਸਾਹ ਵਿਚ ਸਾਹ ਤਾਂ ਆ ਹੀ ਜਾਂਦਾ ਸੀ, ਪਰ ਉਹ ਉਦੋਂ ਵੀ ਉਠ ਕੇ ਬਹਿ ਜਾਂਦਾ ਜਦੋਂ ਡਾਕਟਰ ਕਹਿੰਦੇ ਸਨ, “ਹੁਣ ਨ੍ਹੀਂ ਉਠ ਹੋਣਾ ਇਹਦੇ ਤੋਂ।”
ਹੋਇਆ ਉਹਦੇ ਨਾਲ ਵੀ ਉਹੀ ਹੈ ਜੋ ਸਾਰਿਆਂ ਨਾਲ ਹੋਵੇਗਾ, ਹੁੰਦਾ ਆਇਆ ਹੈ। ਉਹਦੀ ਮੌਤ ਦੀ ਗੱਲ ਕਰ ਕੇ ਮੈਂ ਬਾਤ ਮੁਕਾਉਣੀ ਨਹੀਂ ਚਾਹੁੰਦਾ, ਪਰ ਉਹਦੀਆਂ ਕੁਝ ਗੱਲਾਂ ਚਰਖੇ ਦੇ ਹਰ ਗੇੜੇ ਵਾਂਗ ਮੇਰੇ ਜ਼ਿਹਨ ਵਿਚ ਵੀ ਯਾਦਾਂ ਦੀ ਗੂੰਜ ਬਣ ਕੇ ਰੌਲਾ ਪਾ ਰਹੀਆਂ ਹਨ।
ਪਰਮਿੰਦਰ ਸੰਧੂ ਨੇ ਇਕ ਵਾਰ ਉਹਦਾ ਸਨਮਾਨ ਕੀਤਾ, ਨਹਿਰੂ ਸਿਧਾਂਤ ਕੇਂਦਰ ਵਿਚ। ਆਸ਼ਾ ਸ਼ਰਮਾ ਉਦੋਂ ਨਵੀਂ-ਨਵੀਂ ਮੰਚ ਸੰਚਾਲਕਾ ਬਣੀ ਸੀ। ਸਟੇਜ ਚਲਾਉਂਦੀ ਨੇ ਚਾਂਦੀ ਰਾਮ ਬਾਰੇ ਸੋਹਣੇ ਅਲੰਕਾਰ ਬੋਲੇ। ਦੀਪਕ ਜੈਤੋਈ ਨਾਲ ਬੈਠਿਆਂ ਉਹ ਮੇਰੇ ਕੰਨ ਵਿਚ ਕਹਿਣ ਲੱਗਾ, “ਬੀਬਾ ਨੂੰ ਪਹਿਲੀ ਵਾਰ ਸੁਣ ਰਿਹਾਂ, ਨਵੀਂ-ਨਵੀਂ ਆਈ ਲਗਦੀ ਐ, ਤਦੇ ਛੱਲੀਆਂ ਦੀ ਗੱਲ ਕਰ ਰਹੀ ਹੈ ਵਾਰ-ਵਾਰ, ਪਰ ਇਹਨੂੰ ਇਹ ਨਹੀਂ ਪਤਾ ਕਿ ਦਾਣੇ ਭੁਨਾਉਣ ਲਈ ਛੱਲੀਆਂ ਦਾ ਰੌਲਾ ਤਾਂ ਪੈਂਦਾ ਰਹੇਗਾ, ਜੇ ਸਭ ਕੁਝ ਮੁੱਕਣ ਵਾਲਾ ਹੈ ਤਾਂ ਉਹ ਚਾਂਦੀ ਰਾਮ ਦਾ।”
ਇਕ ਗਾਇਕ ਨੂੰ ਮੈਂ ਬਲੂੰਗੜੇ ਵਾਂਗ ਸਿਰੇ ਲਾਉਣ ਲਈ ਚੁੱਕੀ ਫਿਰਦਾ ਰਿਹਾ, ਪਰ ਜਦੋਂ ਕਲਾ ਦਾ ਦਿਨ ਚੜ੍ਹਿਆ, ਉਹਨੇ ਅੱਖਾਂ ਭੈਂਗੀਆਂ ਕਰ ਲਈਆਂ। ਗਾਇਕੀ ਦਾ ਪਿੜ ਤਾਂ ਮੈਂ ਅਜਿਹੀਆਂ ਗੱਲਾਂ ਕਰ ਕੇ ਛੱਡਿਆ ਸੀ, ਪਰ ਜਦੋਂ ਹਟਕੋਰੇ ਲੈਂਦਿਆਂ ਆਖਰੀ ਘੜੀ ਵਿਚ ਉਹ ਰਣਜੀਤ ਮਣੀ ਦੇ ਦਫ਼ਤਰ ਮੂਹਰੇ ਟੱਕਰਿਆ ਤਾਂ ਕਹਿਣ ਲੱਗਾ, “ਅਸ਼ੋਕæææਭਵਿੱਖ ਵਿਚ ਇਹ ਨਾ-ਸ਼ੁਕਰਿਆਂ ਦੀ ਮੰਡੀ ਬਣੇਗੀ, ਛੱਡ ਦੇ ਇਹ ਰਾਹ।”
ਤੇ ਚਾਂਦੀ ਰਾਮ ਚਲੇ ਹੀ ਗਿਆ, ਫਿਰ ਜਿਵੇਂ ਕਈ ਵਾਰ ਮੱਥੇ ਨਾਲ ਵੀ ਮੱਥਾ ਨਹੀਂ ਟੇਕਿਆ ਜਾਂਦਾ।
___________________________
ਗੱਲ ਬਣੀ ਕਿ ਨਹੀਂ
ਜ਼ਿੰਦਾਬਾਦ ਤ੍ਰਿਸ਼ੂਲ
ਹੱਥੀਂ ਗੰਢਾਂ ਦੇ ਕੇ ਮੂੰਹ ਨਾਲ ਰਹੇ ਨੇ ਖੋਲ੍ਹ।
ਤਾਹੀਓਂ ਬੋਲੀ ਜਾਂਵਦੇ ਰੱਜ ਕੇ ਮੰਦੜੇ ਬੋਲ।
ਨਾਲਿਓਂ ਫੜ ਕੇ ਪੁੱਛਦੀ ਕੀ ਕਛਹਿਰਿਆ ਹਾਲ।
ਧੀਰਜ ਥੋੜ੍ਹਾ ਬੰਨ੍ਹ ਲੈ ਨਿੱਕਰ ਕਰੂ ਕਮਾਲ।
ਮਹਾਰਾਜੇ ਰਣਜੀਤ ਦੀ ਮਿਟ ਜੂ ਬਚਦੀ ਲੀਹ।
ਥੋਡੇ ‘ਤੇ ਹੀ ਖੇੜਨੀ ਹੁਣ ਥੋਡੇ ਕੋਲੋਂ ਪੀ।
ਬੇਇਤਫਾਕੀ ਨਾਲ ਬਣੀ ਸਾਂਝੇ ਘਰ ‘ਚ ਕੰਧ।
ਦਿਹਲੀ ਕਿੱਦਾਂ ਵੜੋਗੇ ਬੂਹੇ ਕਰ’ਤੇ ਬੰਦ।
ਫਿਰੂ ਲਲਕਾਰੇ ਮਾਰਦੀ ਥਾਣੇ ਦੇ ਵਿਚ ਭੇਡ।
ਕਾਬੂ ਕਿੱਥੇ ਆਵਣੀ ਹੁਣ ਭਗਵਾਂ ਬ੍ਰਿਗੇਡ।
ਸੁਪਨੇ ਲੰਮੇ ਰਾਜ ਦੇ ਲੱਗੇ ਹੋਵਣ ਗੁੱਲ।
ਸੋਹਣੇ ਨੈਣ-ਨਕਸ਼ ਸਨ ਮੋਟੇ ਹੋ ਗਏ ਬੁੱਲ੍ਹ।
ਆਈ ਕਦੇ ਵੀ ਸਮਝ ਨਾ ਸ਼ਕੁਨੀ ਦੀ ਏ ਚਾਲ।
ਮੁੱਛ ਵਿਚਾਰੀ ਕੀ ਖੜੂ ਜੇ ਨਾ ਰਹਿ ਗਿਆ ਵਾਲ।
ਢਾਈ ਦਰਿਆ ਨੇ ਵਿਲਕਦੇ ਢਿੱਡ ‘ਚ ਉਠਦੀ ਸੂਲ।
‘ਭੌਰੇ’ ਆਖਣ ਲੱਗ ਪਊ ਜ਼ਿੰਦਾਬਾਦ ਤ੍ਰਿਸ਼ੂਲ।