ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਆਂਟੀ ਸਟੋਰਾਂ ਵਾਲੀ ਤੁਰਦੀ ਨਹੀਂ, ਸਗੋਂ ਦੌੜਦੀ ਸੀ। ਮਾਪਿਆਂ ਨੇ ਉਹਦਾ ਨਾਂ ਤਾਂ ਜਸਵੀਰ ਕੌਰ ਰੱਖਿਆ ਸੀ ਪਰ ਉਹ ਅਮਰੀਕਾ ਆ ਕੇ ਜੈਸਿਕਾ ਹੋ ਗਈ ਸੀ। ਚੌਥੀ ਪੰਦਰੀ ਮੁੱਕਣ ਵਾਲੀ ਸੀ, ਪਰ ਆਂਟੀ ਖੁਦ ਨੂੰ ਬੱਤੀਆਂ ਦੀ ਹੀ ਸਮਝਦੀ ਸੀ। ਪੂਰੀ ਫਿੱਟ। ਜੇ ਕੋਈ ਪੁੱਛਦਾ, “ਤੁਸੀਂ ਇੰਡੀਆ ਪੰਜਾਬ ਤੋਂ ਹੋ”, ਤਾਂ ਆਂਟੀ ਨੱਕ ਮਰੋੜ ਕੇ ਆਖਦੀ, “ਨਹੀਂ, ਅਸੀਂ ਤਾਂ ਚੰਡੀਗੜ੍ਹ ਤੋਂ ਹਾਂ।” ਆਂਟੀ ਚੰਡੀਗੜ੍ਹ, ਅਮਰੀਕਾ ਆਉਣ ਤੋਂ ਕੁਝ ਮਹੀਨੇ ਪਹਿਲਾਂ ਹੀ ਗਈ ਸੀ। ਆਂਟੀ ਨੇ ਵਾਲ ਹੰਸ ਰਾਜ ਹੰਸ ਵਰਗੇ ਘੁੰਗਰਾਲੇ ਬਣਾਏ ਹੋਏ ਸਨ। ਉਮਰ ਦੇ ਲਿਹਾਜ਼ ਨਾਲ ਜੇ ਕੋਈ ਉਸ ਨੂੰ ਆਂਟੀ ਆਖਦਾ ਤਾਂ ਉਹ ਕਸੂਤਾ ਜਿਹਾ ਝਾਕਦੀ। ਜੇ ਕੋਈ ਜੈਸਿਕਾ ਆਖ ਬੁਲਾਉਂਦਾ ਤਾਂ ਦੰਦ ਕੱਢ ਕੇ ਹੱਸਦੀ-ਹੱਸਦੀ ‘ਹੈਲੋ’ ਆਖਦੀ। ਸੱਚæææਅੰਕਲ ਬਾਰੇ ਤਾਂ ਮੈਂ ਭੁੱਲ ਹੀ ਗਿਆæææਅੰਕਲ ਬਣਿਆ ਹੋਇਆ ਸੀ ਮਿੱਟੀ ਦਾ ਮਾਧੋ; ਜਿਵੇਂ ਅੰਕਲ ਆਂਟੀ ਹੋਵੇ, ਤੇ ਆਂਟੀ ਅੰਕਲ। ਵੈਸੇ ਉਹ ਹੰਢਿਆ ਬੰਦਾ ਸੀ ਪਰ ਘਰ ਦੇ ਹਾਲਾਤ ਨੇ ਉਸ ਨੂੰ ਬੱਸ ‘ਹਾਂ ਜੀ’ ਕਹਿਣ ਜੋਗਾ ਬਣਾ ਦਿੱਤਾ ਸੀ।
ਅੰਕਲ ਆਪਣੇ ਭਰਾਵਾਂ ਵਿਚੋਂ ਸਭ ਨਾਲੋਂ ਵੱਡਾ ਸੀ। ਚੁਸਤ-ਚਲਾਕੀ ਨਾਲ ਕਿਸੇ ਅਮੀਰ ਦੋਸਤ ਦੇ ਖੰਭਾਂ ਨਾਲ ਚੁੰਬੜ ਕੇ ਅਮਰੀਕਾ ਉਡ ਆਇਆ। ਉਸ ਦੋਸਤ ਨਾਲ ਹੀ ਰਹਿੰਦਾ ਉਹ ਬਹੁਤ ਕੁਝ ਸਿੱਖ ਗਿਆ ਸੀ। ਸਭ ਤੋਂ ਪਹਿਲਾਂ ਉਹਨੇ ਆਪਣੇ ਪੇਪਰ ਬਣਾਏ। ਥੋੜ੍ਹੀ-ਬਹੁਤੀ ਮਿਹਨਤ ਕੀਤੀ। ਫਰੀਵੇਅ ‘ਤੇ ਬੰਦ ਵਰਗਾ ਗੈਸ ਸਟੇਸ਼ਨ ਲੈ ਲਿਆ ਜੋ ਕਿਸੇ ਗੋਰੇ ਦਾ ਸੀ। ਗੋਰੇ ਦੀ ਐਸ਼ਪ੍ਰਸਤੀ ਨੇ ਗੈਸ ਸਟੇਸ਼ਨ ਦੀ ਬੰਦ ਵਰਗੀ ਹਾਲਤ ਕਰ ਦਿੱਤੀ ਸੀ, ਪਰ ਅੰਕਲ ਦੀ ਕਿਸਮਤ ਮਿੱਟੀ ਵਿਚ ਪਏ ਹੀਰੇ ਵਾਂਗ ਚਮਕ ਪਈ ਤੇ ਉਹ ਤਰੱਕੀ ਵਾਲੀ ਪੌੜ੍ਹੀ ਚੜ੍ਹਨ ਲੱਗ ਪਿਆ। ਤਿੰਨ ਸਾਲ ਵਿਚ ਉਹਨੇ ਡਾਲਰ ਕਮਾਏ ਨਹੀਂ, ਢੇਰ ਹੀ ਲਾ ਲਿਆ। ਫਿਰ ਇਕ ਗੈਸ ਸਟੇਸ਼ਨ ਹੋਰ ਖਰੀਦ ਲਿਆ। ਉਮਰ ਚੜ੍ਹ ਰਹੀ ਸੀ। ਫਿਰ ਉਹਨੇ ਸੋਚਿਆ, ਇੰਡੀਆ ਜਾ ਕੇ ਵਿਆਹ ਕਰਵਾ ਆਵੇ। ਪਿੰਡ ਜਾ ਕੇ ਜਸਵੀਰ ਕੌਰ ਨਾਲ ਵਿਆਹ ਕਰਵਾ ਲਿਆ ਜੋ ਬਹੁਤੀ ਪੜ੍ਹੀ ਹੋਈ ਨਹੀਂ ਸੀ, ਪਰ ਅਮੀਰ ਘਰ ਦੀ ਇਕੱਲੀ ਧੀ ਸੀ। ਅੰਕਲ ਦੇ ਮਾਪੇ ਦਾਜ ਦਾ ਟਰੱਕ ਲੈ ਕੇ ਖੁਸ਼ ਹੋ ਗਏ ਸਨ।
ਅੰਕਲ ਚਾਰ ਮਹੀਨੇ ਪਿੰਡ ਰਿਹਾ। ਵਾਪਸ ਆ ਕੇ ਉਸ ਨੇ ਆਪਣੇ ਅਮੀਰ ਦੋਸਤ ਨੂੰ ਵਿਆਹ ਲਈ ਇੰਡੀਆ ਭੇਜਿਆ। ਮਾੜੀ ਕਿਸਮਤ, ਦੋਸਤ ਇੰਡੀਆ ਪਹੁੰਚ ਕੇ ਐਕਸੀਡੈਂਟ ਵਿਚ ਮਾਰਿਆ ਗਿਆ। ਇੱਧਰ ਅੰਕਲ ਨੇ ਦੋਵੇਂ ਗੈਸ ਸਟੇਸ਼ਨ ਰੱਖ ਨਹੀਂ, ਸਗੋਂ ਨੱਪ ਹੀ ਲਏ। ਦੋਸਤ ਦੇ ਮਾਪਿਆਂ ਨੂੰ ਘਾਟਾ ਦਿਖਾ ਕੇ ਉਨ੍ਹਾਂ ਨਾਲੋਂ ਨਾਤਾ ਤੋੜ ਲਿਆ। ਫਿਰ ਕਈ ਸਾਲ ਆਂਟੀ ਦੇ ਪੇਪਰ ਨਹੀਂ ਭਰੇ। ਇੱਧਰ ਮੌਜ-ਮਸਤੀ ਕਰ ਛੱਡਦਾ। ਜਦੋਂ ਅੰਕਲ ਦਾ ਬਾਪੂ ਸੁਰਗਵਾਸ ਹੋਇਆ, ਤਾਂ ਪਿੰਡ ਗਿਆ ਦੋ ਮਹੀਨੇ ਰਹਿ ਕੇ ਵਾਪਸ ਆ ਗਿਆ। ਦੋਵੇਂ ਗੈਸ ਸਟੇਸ਼ਨਾਂ ਦੀ ਕਮਾਈ ਨੇ ਜਿਥੇ ਅੰਕਲ ਨੂੰ ਡਾਲਰਾਂ ਨਾਲ ਮਾਲੋ-ਮਾਲ ਕੀਤਾ, ਉਥੇ ਉਸ ਨੂੰ ਹਉਮੈ ਤੇ ਹੰਕਾਰ ਵੀ ਦੇ ਦਿੱਤਾ। ਅੰਕਲ ਛੋਟੇ-ਮੋਟੇ ਬੰਦੇ ਨਾਲ ਤਾਂ ਗੱਲ ਹੀ ਨਹੀਂ ਸੀ ਕਰਦਾ। ਹਮੇਸ਼ਾ ਮੈਂ ਤੇ ਮੇਰੀ ਪ੍ਰਾਪਰਟੀæææਮੈਂ ਆਹ ਕੀਤਾ ਤੇ ਮੈਂ ਅਹੁ ਕੀਤਾæææ।
ਖ਼ੈਰ! ਆਂਟੀ ਇੰਡੀਆ ਤੋਂ ਦੋ ਧੀਆਂ ਲੈ ਕੇ ਆ ਗਈ। ਅੰਕਲ ਦਾ ਮਹਿਲਾਂ ਵਰਗਾ ਘਰ, ਪਿੰਡ ਦੇ ਛੱਪੜ ਜਿੱਡਾ ਸਵਿਮਿੰਗ ਪੂਲ ਦੇਖ ਕੇ ਆਂਟੀ ਨੇ ਅੰਕਲ ਨੂੰ ਘੁੱਟ ਕੇ ਗਲਵਕੜੀ ਪਾਈ। ਆਂਟੀ ਦੇ ਆਉਣ ‘ਤੇ ਘਰ ਵਿਚ ਅਮੀਰ ਤੇ ਬਿਜਨਸ ਵਾਲੇ ਬੰਦਿਆਂ ਦੀ ਪਾਰਟੀ ਰੱਖੀ ਗਈ। ਆਂਟੀ ਨੇ ਆਈਆਂ ਜਨਾਨੀਆਂ ਨੂੰ ਦੇਖਿਆ ਕਿ ਇਹ ਤਾਂ ਪੰਜਾਬਣਾਂ ਲੱਗਦੀਆਂ ਹੀ ਨਹੀਂ ਸਨ। ਇਨ੍ਹਾਂ ਵਿਚੋਂ ਕਈਆਂ ਨੇ ਤਾਂ ਗਲਾਸੀ ਵੀ ਖੜਕਾਈ। ਨੱਚੀਆਂ-ਟੱਪੀਆਂ ਵੀ। ਅੰਗਰੇਜ਼ੀ ਬੋਲਣ। ਆਂਟੀ ਵਿਚਾਰੀ ਇੰਜ ਖੜ੍ਹੀ ਰਹੀ ਜਿਵੇਂ ਕਬੂਤਰੀਆਂ ਵਿਚ ਘੁੱਗੀ ਹੋਵੇ। ਜਿੱਦਾਂ ‘ਜੈਸੀ ਸੰਗਤ ਤੈਸੀ ਰੰਗਤ’ ਹੋ ਹੀ ਜਾਂਦੀ ਹੈ, ਆਂਟੀ ਵੀ ਥੋੜ੍ਹੇ ਸਮੇਂ ਬਾਅਦ ਬੌਬ ਕੱਟ ਕਰਵਾ ਆਈ। ਸੂਟ-ਸਲਵਾਰ ਛੱਡ ਕੇ ਜੀਨ ਤੇ ਟੌਪ ਪਹਿਨਣਾ ਸ਼ੁਰੂ ਕਰ ਦਿੱਤਾ। ਗੈਸ ਸਟੇਸ਼ਨਾਂ ‘ਤੇ ਜਾਣ ਲੱਗੀ ਤਾਂ ਜੈਸਿਕਾ ਬਣ ਗਈ। ਅੰਕਲ ਨੇ ਲਾਇਸੈਂਸ ਦਿਵਾ ਕੇ ਨਵੀਂ ਗੱਡੀ ਲੈ ਦਿੱਤੀ। ਦੋਵੇਂ ਧੀਆਂ ਸਕੂਲੇ ਪੜ੍ਹਨ ਲੱਗੀਆਂ। ਜਿਵੇਂ-ਜਿਵੇਂ ਆਂਟੀ ਅਮਰੀਕਾ ਘੁੰਮਦੀ ਗਈ, ਉਸ ਵਿਚੋਂ ਪੰਜਾਬਣ ਗੁੰਮਦੀ ਗਈ। ਫਿਰ ਇਕ ਦਿਨ ਆਂਟੀ ਪੂਰੀ ਅਮਰੀਕਨ ਬਣ ਗਈ ਜਦੋਂ ਉਹ ਸਿਟੀਜ਼ਨ ਦਾ ਪਾਸਪੋਰਟ ਲੈ ਆਈ। ਹਰ ਵੀਕ ਐਂਡ ‘ਤੇ ਕੋਈ ਨਾ ਕੋਈ ਪਾਰਟੀ ਹੁੰਦੀ, ਜਸ਼ਨ ਮਨਾਏ ਜਾਂਦੇ। ਪੰਜਾਬ ਨੂੰ ਚਾਰ ਗਾਲ੍ਹਾਂ ਕੱਢੀਆਂ ਜਾਂਦੀਆਂ ਤੇ ਅਮਰੀਕਾ ਨੂੰ ‘ਲਵ ਯੂ’ ਕਿਹਾ ਜਾਂਦਾ।
ਇਕ ਦਿਨ ਅੰਕਲ ਦੇ ਇਥੇ ਰਹਿੰਦੇ ਮਿੱਤਰ ਦੀ ਮਾਂ ਸੁਰਗਵਾਸ ਹੋ ਗਈ। ਅੰਕਲ ਨੂੰ ਉਸ ਦੇ ਸੰਸਕਾਰ ‘ਤੇ ਜਾਣਾ ਪਿਆ। ਉਥੇ ਮਾਂ ਲਈ ਹੋਈ ਸਪੀਚ ਨੇ ਉਹਨੂੰ ਆਪਣੀ ਮਾਂ ਯਾਦ ਕਰਵਾ ਦਿੱਤੀ। ਅੰਕਲ ਨੂੰ ਮਾਂ ਦੀ ਮਮਤਾ ਨੇ ਬਹੁਤ ਰੁਆਇਆ। ਦੂਜੇ ਦਿਨ ਹੀ ਉਹਨੇ ਆਪਣੀ ਮਾਂ ਦੇ ਪੇਪਰ ਭਰ ਦਿੱਤੇ। ਛੇ ਮਹੀਨਿਆਂ ਵਿਚ ਮਾਂ ਅਮਰੀਕਾ ਆ ਗਈ, ਪੁੱਤ ਤੇ ਪਰਿਵਾਰ ਨੂੰ ਦੇਖ ਕੇ ਖੁਸ਼ ਹੋਈ। ਮਾਂ ਨੇ ਆਂਟੀ ਦੇ ਵਾਲ ਦੇਖ ਕੇ ਪੁੱਛਿਆ, “ਕੁੜੇ ਤੇਰੇ ਵਾਲਾਂ ਨੂੰ ਕੀ ਹੋ ਗਿਆ।”
“ਬੀਜੀ ਇੱਥੇ ਵਾਲ ਰੱਖਣ ਦਾ ਰਿਵਾਜ ਨਹੀਂ। ‘ਜੈਸਾ ਦੇਸ, ਵੈਸਾ ਭੇਸ’ ਕਰਨਾ ਪੈਂਦਾ।” ਆਂਟੀ ਦਾ ਜਵਾਬ ਸੀ।
ਮਾਂ ਵਾਹਿਗੁਰੂ ਕਰਦੀ ਚੁੱਪ ਹੋ ਗਈ। ਫਿਰ ਕਿਤੇ ਆਂਟੀ ਨੇ ਅੰਕਲ ਨੂੰ ਅਵਾਜ਼ ਦਿੱਤੀ, “ਲੈਰੀ! ਗੱਲ ਸੁਣਿਓ ਇੱਧਰ ਆ ਕੇ।” ਮਾਂ ਵਿਚਾਰੀ ਹੈਰਾਨ ਕਿ ਆਹ ਲੈਰੀ ਕੌਣ ਹੋਇਆ? ਜਦੋਂ ਅੰਕਲ ਨੇ ਜਵਾਬ ਦਿੱਤਾ, “ਜੈਸਿਕਾ ਡਾਰਲਿੰਗ, ਮੈਂ ਹੁਣੇ ਆਇਆ”, ਮਾਂ ਹੈਰਾਨ ਹੋ ਗਈ ਕਿ ਮੇਰੇ ਲਖਵੀਰ ਸਿੰਘ ਨੂੰ ਇਨ੍ਹਾਂ ਨੇ ਵੱਢ ਕੇ ਲੈਰੀ ਬਣਾ ਦਿੱਤਾ ਹੈ। ਤੌਬਾ! ਤੌਬਾ! ਆਹ ਅਮਰੀਕਾ ਐ। ਜਿਥੇ ਤੀਵੀਆਂ ਆਪਣੇ ਬੰਦਿਆਂ ਦਾ ਨਾਮ ਲੈ ਕੇ ਬੁਲਾਉਂਦੀਆਂ ਹਨ। ਨਾ ਭਾਈ! ਸਾਡੇ ਕਿਹੜਾ ਮਨੁੱਖ ਨਹੀਂ ਸੀ। ਜਦੋਂ ਬੁਲਾਉਣਾ ਤਾਂ ਹਮੇਸ਼ਾ ਕਹਿਣਾ, ‘ਲੱਖੇ ਦੇ ਬਾਪੂ, ਗੱਲ ਸੁਣੀਂ।’ ਜੇ ਬਾਪੂ ਨੇ ਕੁਝ ਪੁੱਛਣਾ ਤਾਂ ਕਹਿਣਾ, ‘ਲੱਖੇ ਦੀ ਬੇਬੇ, ਆ ਕੇ ਗੱਲ ਸੁਣ।’
ਮਾਂ ਨੇ ਸ਼ਾਮ ਨੂੰ ਰਹਿਰਾਸ ਸਮੇਂ ਆਂਟੀ ਨੂੰ ਪੁੱਛਿਆ, “ਜਸਵੀਰ ਕੁੜੇ! ਮੈਨੂੰ ਗੁਟਕਾ ਦੇਈਂ, ਪਾਠ ਕਰ ਲਵਾਂ।” ਅੱਗਿਉਂ ਆਂਟੀ ਬੋਲੀ, “ਬੀਜੀ! ਮੇਰਾ ਨਾਂ ਜੈਸਿਕਾ ਹੈ, ਜਸਵੀਰ ਨਹੀਂ। ਬਾਕੀ ਗੱਲ, ਘਰ ਵਿਚ ਕੋਈ ਪਾਠ ਨਹੀਂ ਕਰਦਾ ਤੇ ਗੁਟਕਾ ਨਹੀਂ ਹੈ। ਉਪਰ ਕਮਰੇ ਵਿਚ ਬਾਬਿਆਂ ਦੀ ਫੋਟੋ ਲੱਗੀ ਹੈ। ਉਥੇ ਹੀ ਨਮਸਕਾਰ ਕਰ ਦੇਈਦੀ ਹੈ।” ਮਾਂ ਨੂੰ ਇੰਜ ਲੱਗਿਆ ਕਿ ਜਿਵੇਂ ਘਰ ਦੀ ਛੱਤ ਸਿਰ ‘ਤੇ ਡਿੱਗ ਪਈ ਹੋਵੇ। ਉਹ ਮਸਾਂ ਸੰਭਲੀ, ਤੇ ਆਂਟੀ ਜਾਂਦੀ ਹੋਈ ਬੋਲੀ, “ਬੀਜੀ! ਫਿਕਰ ਨਾ ਕਰਿਓ, ਮੈਂ ਕੱਲ੍ਹ ਖਰੀਦ ਕੇ ਲੈ ਆਵਾਂਗੀ।”
“ਤੂੰ ਐਸ ਵੇਲੇ ਕਿੱਧਰ ਨੂੰ ਚੱਲੀ?” ਮਾਂ ਨੇ ਆਂਟੀ ਨੂੰ ਪੁੱਛਿਆ।
“ਓ ਹੋ ਬੀਜੀ! ਤੁਹਾਨੂੰ ਹੁਣ ਸਭ ਕੁਝ ਦੱਸ ਕੇ ਜਾਣਾ ਪਊ। ਮੇਰੀ ਸਹੇਲੀ ਦੀ ਕੁੜੀ ਦਾ ਜਨਮ ਦਿਨ ਹੈ, ਉਥੇ ਚੱਲੀ ਹਾਂ।” ਆਂਟੀ ਨੇ ਕਹਿੰਦਿਆਂ ਗੱਡੀ ਸਟਾਰਟ ਕਰ ਲਈ ਤੇ ਮਾਂ ਸੋਫੇ ‘ਤੇ ਧੜੰਮ ਕਰ ਕੇ ਡਿੱਗ ਪਈ।
ਮਾਂ ਸੋਚਦੀ, ਮੇਰਾ ਸਿੱਕਾ ਤਾਂ ਖਰਾ ਸੀ, ਮੈਂ ਕਿਉਂ ਸਿੱਕੇ ਦਾ ਦੂਜਾ ਪਾਸਾ ਦੇਖ ਲਿਆ ਜਿੱਧਰ ਖੋਟਾ ਸੀ। ਮਨ ਨੂੰ ਤਸੱਲੀ ਤਾਂ ਸੀ ਕਿ ਸਿੱਕਾ ਖਰਾ ਹੈ; ਪਰ ਹੁਣ ਸਮਝ ਗਈ ਕਿ ਸਿੱਕਾ ਦੋਵਾਂ ਪਾਸਿਆਂ ਤੋਂ ਖੋਟਾ ਹੈ। ਮਾਂ ਨੇ ਵਾਪਸ ਪਿੰਡ ਮੁੜਨ ਦੀ ਸਲਾਹ ਬਣਾ ਲਈ। ਮਾਂ ਦਾ ਫੈਸਲਾ ਸੁਣ ਕੇ ਅੰਕਲ ਨੇ ਕਿਹਾ, “ਬੀਜੀ, ਗਰੀਨ ਕਾਰਡ ਆਉਣ ਵਾਲਾ ਹੈ, ਤੂੰ ਫਿਰ ਜਾ ਸਕਦੀ ਹੈਂ।” ਮਾਂ ਜ਼ਿੱਦ ਕਰ ਕੇ ਬੈਠ ਗਈ, ਪਰ ਗੱਲ ਫਿਰ ਵੀ ਨਾ ਬਣੀ।
ਆਂਟੀ ਦੀਆਂ ਦੋਵੇਂ ਧੀਆਂ ਮੁਟਿਆਰ ਹੋ ਗਈਆਂ ਸਨ। ਉਨ੍ਹਾਂ ਕੋਲ ਵੀ ਚੰਗੀਆਂ ਗੱਡੀਆਂ ਸਨ। ਆਂਟੀ ਅੰਕਲ ਨੇ ਕਦੇ ਧੀਆਂ ਨੂੰ ਰੋਕਿਆ-ਟੋਕਿਆ ਨਹੀਂ ਸੀ। ਇਕ ਦਿਨ ਮਾਂ ਇਕੱਲੀ ਘਰ ਸੀ, ਆਂਟੀ ਦੀ ਵੱਡੀ ਧੀ ਕਿਸੇ ਕਾਲੇ ਮੁੰਡੇ ਨਾਲ ਘਰ ਆਈ। ਮਾਂ ਨੇ ਪੁੱਛਿਆ, “ਆਹ ਕੌਣ ਐ?” ਕੁੜੀ ਬੋਲੀ, “ਬੀਜੀ, ਇਹ ਤੁਹਾਡਾ ਬਿਜਨਸ ਨਹੀਂ। ਇਹ ਮੇਰੀ ਲਾਈਫ ਹੈ। ਇਹ ਮੇਰਾ ਜਮਾਤੀ ਹੈ।” ਕੁੜੀ ਇਹ ਕਹਿੰਦੀ ਕਾਲੇ ਦੀ ਬਾਂਹ ਵਿਚ ਬਾਂਹ ਪਾ ਕੇ ਉਸ ਨੂੰ ਉਪਰਲੇ ਕਮਰੇ ਵਿਚ ਲੈ ਗਈ। ਮਾਂ ਵਿਚਾਰੀ ਤੜਫ ਕੇ ਰਹਿ ਗਈ। ਮਾਂ ਸੋਚਦੀ ਕਿ ਆਹ ਕਦਮ ਜੇ ਤੂੰ ਪਿੰਡ ਚੁੱਕਿਆ ਹੁੰਦਾ, ਤਾਂ ਤੇਰੇ ਦਾਦੇ ਨੇ ਕਹੀ ਨਾਲ ਵੱਢ ਕੇ ਟੋਟੇ ਕਰ ਦੇਣੇ ਸੀ। ਕੁੜੀ ਤੇ ਕਾਲਾ ਦੋਵੇਂ ਜਣੇ ਦੋ ਘੰਟੇ ਰਹਿ ਕੇ ਵਾਪਸ ਮੁੜ ਗਏ। ਰਾਤ ਨੂੰ ਪੁੱਤ-ਨੂੰਹ ਘਰ ਆਏ, ਤਾਂ ਮਾਂ ਨੇ ਉਨ੍ਹਾਂ ਦੀ ਪਿੱਠ ਪਿੱਛੇ ਹੋ ਰਹੇ ਧੀ ਦੇ ਕਾਰਨਾਮੇ ਸੁਣਾਏ। ਦੋਵੇਂ ਮੀਆਂ-ਬੀਵੀ ਹੱਸਦੇ ਹੋਏ ਬੋਲੇ, “ਬੀਜੀ, ਅਸੀਂ ਰੌਬਰਟ ਨੂੰ ਜਾਣਦੇ ਹਾਂ, ਬਹੁਤ ਚੰਗਾ ਮੁੰਡਾ ਏ। ਤੁਸੀਂ ਫਿਕਰ ਨਾ ਕਰੋ।” ਮਾਂ ਵਿਚਾਰੀ ਖਰਗੋਸ਼ ਵਾਂਗ ਆਪਣਾ ਆਪ ਇਕੱਠਾ ਕਰ ਕੇ ਬੈਠ ਗਈ।
ਮਾਂ ਦੇ ਕਈ ਵਾਰ ਕਹਿਣ ‘ਤੇ ਮਸਾਂ ਉਸ ਨੂੰ ਦੋ ਵਾਰ ਗੁਰਦੁਆਰੇ ਲਿਜਾਇਆ ਗਿਆ। ਪਾਰਟੀਆਂ ‘ਤੇ ਉਹ ਹਰ ਵੀਕਐਂਡ ਤੁਰੇ ਰਹਿੰਦੇ ਸੀ। ਇਕ ਰਾਤ ਮਾਂ ਨੂੰ ਪੱਕਾ ਯਕੀਨ ਹੋ ਗਿਆ ਕਿ ਜਸਵੀਰ ਕੌਰ ਸ਼ਰਾਬ ਵੀ ਪੀਂਦੀ ਹੈ ਤੇ ਦੋਵੇਂ ਕੁੜੀਆਂ ਵੀ। ਮਾਂ ਨੂੰ ਪੁੱਤ ਦਾ ਘਰ ਤਬਾਹੀ ਵੱਲ ਜਾਂਦਾ ਦਿਸਿਆ। ਮਾਂ ਦੀ ਕਿਸੇ ਰਿਸ਼ਤੇਦਾਰੀ ਵਿਚੋਂ ਕਿਸੇ ਨੇ ਪੁੱਛਿਆ ਕਿ ਲਖਵੀਰ ਦੀ ਵੱਡੀ ਕੁੜੀ ਦਾ ਰਿਸ਼ਤਾ ਸਾਡੇ ਵੱਲ ਕਰਵਾ ਦੇਵੋ। ਮਾਂ ਨੇ ਪੁੱਤ ਨਾਲ ਸਲਾਹ ਕੀਤੀ। ਪੁੱਤ ਬੋਲਿਆ, “ਬੀਜੀ, ਇਹ ਅਮਰੀਕਾ ਵਿਚ ਪਲੀਆਂ ਤੇ ਵੱਡੀਆਂ ਹੋਈਆਂ ਨੇ, ਇਨ੍ਹਾਂ ਨੂੰ ਪਿੰਡਾਂ ਵਾਲੇ ਮੁੰਡੇ ਪਸੰਦ ਨਹੀਂ ਆਉਣੇ। ਜੋ ਇਹ ਇੱਥੇ ਪਸੰਦ ਕਰਨਗੀਆਂ, ਆਪਾਂ ਉਥੇ ਕਰ ਦੇਵਾਂਗੇ।”
ਅੱਕ ਕੇ ਮਾਂ ਇੰਡੀਆ ਰਵਾਨਾ ਹੋ ਗਈ। ਆਂਟੀ ਤੇ ਕੁੜੀਆਂ ਨੇ ਅੰਕਲ ਨੂੰ ਅਖੀਰਲੇ ਕਿੱਲੇ ‘ਤੇ ਬੰਨ੍ਹਣਾ ਸ਼ੁਰੂ ਕਰ ਦਿੱਤਾ, ਯਾਨਿ ਉਸ ਦੀ ਪੁੱਛ-ਗਿੱਛ ਨਾਂ-ਮਾਤਰ ਰਹਿ ਗਈ। ਤੀਵੀਆਂ ਤੋਂ ਕਦੋਂ ਬਿਜਨਸ ਚੱਲੇ ਨੇ! ਆਂਟੀ ਦੇ ਇਕ ਗੈਸ ਸਟੇਸ਼ਨ ਦੀ ਗਿਣਤੀ ਘਟ ਗਈ, ਫਿਰ ਦੂਜੇ ਦੀ। ਆਂਟੀ ਅੰਕਲ ਦੀ ਕਮਾਈ ਰੌਬਰਟ ਤੇ ਪੀਟਰ ਹੋਰੀਂ ਛਕਣ ਲੱਗ ਪਏ। ਕੁੜੀਆਂ ਮੌਜ-ਮਸਤੀ ਕਰ ਛੱਡਦੀਆਂ। ਵਿਆਹ ਦੀ ਉਮਰ ਟੱਪਣ ਲੱਗੀ। ਅੰਕਲ ਦੇ ਇਕ ਮਿੱਤਰ ਦੀ ਧੀ ਨੇ ਗੋਰੇ ਨਾਲ ਵਿਆਹ ਕਰਵਾ ਲਿਆ। ਕਈਆਂ ਨੇ ਬੁਰਾ ਮਨਾਇਆ ਤੇ ਕਈਆਂ ਨੇ ਕਿਹਾæææਠੀਕ ਹੈ, ਜਿਥੇ ਕਿਸੇ ਦਾ ਦਿਲ ਮਿਲਦਾ ਹੈ, ਉਹ ਉਥੇ ਵਿਆਹ ਕਰਵਾ ਲਵੇ। ਨਾਲੇ ਗੁਰੂ ਨਾਨਕ ਦੀ ਬਾਣੀ ਕਹਿੰਦੀ ਹੈ- ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਵੋ।
“ਭਾਈ! ਗੱਲ ਤਾਂ ਤੁਹਾਡੀ ਠੀਕ ਹੈ। ਗੋਰੇ ਕਾਲੇ ਵੀ ਇਨਸਾਨ ਹਨ, ਪਰ ਸਾਡੇ ਰੀਤੀ-ਰਿਵਾਜ, ਸਭਿਅਤਾ ਇਨ੍ਹਾਂ ਨਾਲ ਮੇਲ ਨਹੀਂ ਖਾਂਦੀ। ਇਹ ਤਾਂ ਆਪਣੀ ਉਮਰ ਵਿਚ ਪੰਜ-ਸੱਤ ਵਿਆਹ ਕਰਵਾ ਕੇ ਤਲਾਕ ਦੇ ਦਿੰਦੇ ਹਨ। ਗੋਰੀ ਤੇ ਕਾਲੀ ਕੋਲੇ ਪੰਜ-ਸੱਤ ਪਤੀਆਂ ਦੇ ਰਲਵੇਂ-ਮਿਲਵੇਂ ਨਿਆਣੇ ਹੁੰਦੇ ਆ। ਇਹ ਕੱਪੜੇ ਘੱਟ ਬਦਲਦੇ ਆ, ਤੀਵੀਂ ਝੱਟ ਬਦਲ ਲੈਂਦੇ ਆ।” ਦੂਜਾ ਬੋਲਿਆ।
ਅੰਕਲ ਦੀ ਵੱਡੀ ਕੁੜੀ ਨੇ ਰੌਬਰਟ ਅਤੇ ਛੋਟੀ ਨੇ ਪੀਟਰ ਨਾਲ ਵਿਆਹ ਕਰਵਾ ਲਿਆ। ਗੁਰੂ ਦਾ ਸਿੰਘ ਅੰਕਲ ਚਰਚ ਜਾਣ ਲੱਗ ਪਿਆ। ਜਿਥੇ ਬੱਚਿਆਂ ਦੀ ਖੁਸ਼ੀ, ਉਥੇ ਮਾਪਿਆਂ ਦੇ ਵੀ ਚਾਅ ਹੁੰਦੇ ਹਨ। ਥੋੜ੍ਹਾ ਸਮਾਂ ਬੀਤਿਆ, ਅੰਕਲ ਕੋਲ ਹਾਈਵੇ ਵਾਲਾ ਗੈਸ ਸਟੇਸ਼ਨ ਹੀ ਰਹਿ ਗਿਆ। ਇਕ ਦਿਨ ਰੌਬਰਟ ਨੇ ਕੁੜੀ ਨੂੰ ਉਹ ਸਾਰੀਆਂ ਗਾਲ੍ਹਾਂ ਕੱਢ ਦਿੱਤੀਆਂ ਜੋ ਉਸ ਨੇ ਨਿੱਕੇ ਹੁੰਦਿਆਂ ਸਿੱਖੀਆਂ ਸਨ। ਫਿਰ ਗੱਲ ਤਲਾਕ ‘ਤੇ ਪਹੁੰਚ ਗਈ। ਕੁੜੀ ਦੇ ਮੋਢੇ ਨਿਆਣਾ ਟੰਗ ਕੇ ਰੌਬਰਟ ਫਿਰ ਕਿਸੇ ਅਮੀਰ ਬਾਪ ਦੀ ਬੇਟੀ ਲੱਭਣ ਲੱਗ ਪਿਆ। ਕੁੜੀ ਨਿਆਣਾ ਇਸ ਕਰ ਕੇ ਚੁੱਕਦੀ ਹੈ ਕਿ ਦਿਲ ਦਾ ਟੁਕੜਾ ਹੈ, ਪਰ ਆਂਟੀ ਨਫ਼ਰਤ ਕਰਦੀ ਹੈ। ਛੋਟੀ ਕੁੜੀ ਦਾ ਪੀਟਰ ਵੀ ਫਰਾਰ ਹੋ ਗਿਆæææਅਖੇ, ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ਕੱਲੀ! ਕੁੜੀਆਂ ਦਾ ਹੁਸਨ ਵੀ ਟਿੱਬਿਆਂ ਦੇ ਰੇਤੇ ਵਾਂਗ ਉਡ ਚੁੱਕਿਆ ਸੀ। ਆਂਟੀ-ਅੰਕਲ ਦੀ ਸ਼ਾਨੋ-ਸ਼ੌਕਤ ਵੀ ਪੱਛੋਂ ਦੇ ਬੁੱਲੇ ਵਾਂਗ ਲੰਘ ਚੁੱਕੀ ਸੀ। ਅੰਕਲ-ਆਂਟੀ ਉਸ ਮੋੜ ‘ਤੇ ਆ ਖੜ੍ਹੇ ਹੋਏ ਜਿਥੋਂ ਤੁਰੇ ਸਨ। ਵੀਹ ਸਾਲ ਦੀ ਐਸ਼ ਅਤੇ ਹਉਮੈ-ਹੰਕਾਰ ਦੀ ਅੱਖਾਂ ‘ਤੇ ਬੰਨ੍ਹੀ ਪੱਟੀ ਨੇ ਦੋਵਾਂ ਦਾ ਬੁਢਾਪਾ ਕੱਖਾਂ ਵਾਂਗ ਰੋਲ ਛੱਡਿਆ ਹੈ। ਧੀਆਂ ਦਾ ਘਰ ਵੀ ਨਾ ਵਸਾ ਹੋਇਆ, ਆਪਣਾ ਵੀ ਨਾ ਬਚਾ ਹੋਇਆ। ਜਿਹੜੀ ਆਂਟੀ ਜ਼ੁਲਫਾਂ ਕਾਲੀਆਂ ਕਰ ਕੇ ਦੌੜਦੀ ਸੀ, ਉਹ ਪੂਣੀ ਵਰਗੇ ਬੱਗੇ ਵਾਲਾਂ ਦੀ ਕੇਸਕੀ ਬੰਨ੍ਹ ਕੇ ਰੱਖਦੀ ਹੈ। ਲੋਕਾਂ ਨੂੰ ਪਾਗਲ ਕਹਿਣ ਵਾਲਾ ਅੰਕਲ ਹੁਣ ਪਾਗਲਾਂ ਵਾਂਗ ਹਰ ਇਕ ਅੱਗੇ ਹੱਥ ਜੋੜ ਕੇ ਫਤਹਿ ਬੁਲਾਉਂਦਾ ਹੈ। ‘ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਵੱਡਾ ਹੋ ਕੇ ਮਾਣ ਨਾ ਕਰੀਂæææ।’